ਇਟਲੀ: ਪੰਜਾਬੀ ਖੇਤ ਮਜ਼ਦੂਰ ਦੀ ਕੰਮ ਦੌਰਾਨ ਵੱਢੀ ਗਈ ਬਾਂਹ ਨਾਲ ਘਰ ਦੇ ਬਾਹਰ ਛੱਡ ਕੇ ਗਏ ਖੇਤ ਮਾਲਕ, ਕੀ ਹੈ ਪੂਰਾ ਮਾਮਲਾ

ਤਸਵੀਰ ਸਰੋਤ, Getty Images
ਇਟਲੀ ਵਿੱਚ ਇੱਕ ਭਿਆਨਕ ਹਾਦਸੇ ਦੌਰਾਨ ਇੱਕ ਭਾਰਤੀ ਖੇਤ ਮਜ਼ਦੂਰ ਦੀ ਮੌਤ ਹੋ ਗਈ ਹੈ। ਹਾਦਸੇ ਵਿੱਚ ਉਸਦੀ ਸੱਜੀ ਬਾਂਹ ਮਸ਼ੀਨ ਵਿੱਚ ਆਉਣ ਕਾਰਨ ਬੁਰੀ ਤਰ੍ਹਾਂ ਕੱਟੀ ਗਈ ਸੀ।
ਮ੍ਰਿਤਕ ਦਾ ਨਾਂ ਸਤਨਾਮ ਸਿੰਘ ਦੱਸਿਆ ਜਾ ਰਿਹਾ ਹੈ। ਖ਼ਬਰ ਏਜੰਸੀ ਰੌਇਟਰਜ਼ ਅਨੁਸਾਰ ਸਤਨਾਮ ਸਿੰਘ ਰਾਜਧਾਨੀ ਰੋਮ ਤੋਂ ਦੱਖਣ ਵੱਲ ਐਗਰੋ ਪੋਂਟੀਨੋ ਦੇ ਪੇਂਡੂ ਇਲਾਕੇ ਵਿੱਚ ਖਰਬੂਜ਼ਿਆਂ ਦੇ ਗਰੀਨ ਹਾਊਸ ਵਿੱਚ ਕੰਮ ਦੌਰਾਨ ਜ਼ਖਮੀ ਹੋ ਗਏ ਸਨ।
ਦੋ ਦਿਨ ਬਾਅਦ 19 ਜੂਨ ਨੂੰ ਉਨ੍ਹਾਂ ਦੀ ਮੌਤ ਰੋਮ ਦੇ ਹਸਪਤਾਲ ਵਿੱਚ ਹੋ ਗਈ ਸੀ। ਐਗਰੋ ਪੋਂਟੀਨੋ ਰੋਮ ਦਾ ਇੱਕ ਪੇਂਡੂ ਇਲਾਕਾ ਹੈ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਭਾਰਤ ਪਰਵਾਸੀ ਮਜ਼ਦੂਰ ਰਹਿੰਦੇ ਹਨ।
ਇਸ ਘਟਨਾ ਨੇ ਇਟਲੀ ਵਿੱਚ ਭਾਰਤੀ ਕਾਮਿਆਂ ਦੀ ਤਰਸਯੋਗ ਹਾਲਤ ਨੂੰ ਸੁਰਖੀਆਂ ਵਿੱਚ ਲਿਆਂਦਾ ਹੈ। ਖ਼ਬਰ ਏਜੰਸੀ ਰੌਇਟਰਜ਼ ਮੁਤਾਬਕ ਟਰੇਡ ਯੂਨੀਅਨਾਂ ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਅਕਸਰ ਗੈਰ-ਕਨੂੰਨੀ ਤਰੀਕੇ ਨਾਲ ਭਰਤੀ ਕੀਤਾ ਜਾਂਦਾ ਹੈ।
ਕੀ ਹੋਇਆ ਸੀ?
ਮੀਡੀਆ ਰਿਪੋਰਟਾਂ ਮੁਤਾਬਕ ਸਤਨਾਮ ਸਿੰਘ ਖੇਤ ਵਿੱਚ ਕੰਮ ਕਰਦੇ ਦੌਰਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਉਨ੍ਹਾਂ ਦੀ ਸੱਜੀ ਬਾਂਹ ਵੱਢੀ ਗਈ ਅਤੇ ਲੱਤਾਂ ਮਿੱਧੀਆਂ ਗਈਆਂ।
ਘਟਨਾ ਤੋਂ ਬਾਅਦ ਖੇਤ ਮਾਲਕ ਏਨਟੋਨਿਲੋ ਲੋਵਾਟੋ ਨੇ ਸਤਨਾਮ ਸਿੰਘ ਨੂੰ ਜ਼ਖਮੀ ਹਾਲਤ ਪਤਨੀ ਦੇ ਨਾਲ ਹੀ ਵੈਨ ਵਿੱਚ ਲੱਦਿਆ ਅਤੇ ਲ ਤੜਫਦੇ ਹੋਏ ਉਨ੍ਹਾਂ ਦੇ ਘਰ ਦੇ ਬਾਹਰ ਸੜਕ ਉੱਤੇ ਛੱਡ ਦਿੱਤਾ ਉਨ੍ਹਾਂ ਦੀ ਬਾਂਹ ਕੋਲ ਹੀ ਇੱਕ ਫਲਾਂ ਦੀ ਕਰੇਟ ਵਿੱਚ ਰੱਖੀ ਹੋਈ ਸੀ।
ਇੱਕ ਗੁਆਂਢੀ ਨੇ ਆਰਏਆਈ ਪਬਲਿਕ ਟੈਲੀਵਿਜ਼ਨ ਨੂੰ ਦੱਸਿਆ “ਅਸੀਂ ਬਾਹਰੋਂ ਚੀਕਾਂ ਦੀ ਅਵਾਜ਼ ਸੁਣੀ, ਸਤਨਾਮ ਦੇ ਪਤਨੀ ਨੇ ਮੈਨੂੰ ਕਿਹਾ ਐਂਬੂਲੈਂਸ ਬੁਲਾਓ, ਐਂਬੂਲੈਂਸ ਬੁਲਾਓ।
ਹਾਲਾਂਕਿ ਸਤਨਾਮ ਸਿੰਘ ਤੱਕ ਇਸ ਤੋਂ ਬਾਅਦ ਮੈਡੀਕਲ ਸਹਾਇਤਾ ਪਹੁੰਚਣ ਵਿੱਚ ਡੇਢ ਘੰਟੇ ਤੋਂ ਜ਼ਿਆਦਾ ਦਾ ਸਮਾਂ ਲੱਗਿਆ।

ਤਸਵੀਰ ਸਰੋਤ, Getty Images
ਪੁਲਿਸ ਮੁਤਾਬਕ ਸਤਨਾਮ ਸਿੰਘ ਦੀ ਪਤਨੀ ਤੇ ਪਰਿਵਾਰ ਨੇ ਕਾਲ ਕੀਤੀ ਸੀ ਤੇ ਇਸ ਮਗਰੋਂ ਏਅਰ ਐਂਬੁਲੈਂਸ ਨੂੰ ਭੇਜਿਆ ਗਿਆ ਸੀ। ਜਿੱਥੇ ਬੁੱਧਵਾਰ ਨੂੰ ਉਨ੍ਹਾਂ ਦੀ ਮੌਤ ਹੋ ਗਈ।
ਕੇਸ ਦੇ ਮੁੱਖ ਪ੍ਰੋਸੀਕਿਊਟਰ ਫੈਲਕੋ ਨੇ ਖ਼ਬਰ ਏਜੰਸੀ ਰੌਇਟਰਜ਼ ਨੂੰ ਦੱਸਿਆ ਕਿ ਲੋਵਾਟੋ ਦੇ ਪੁੱਤਰ, ਜਿਸ ਨੇ ਕਥਿਤ ਤੌਰ ਉੱਤੇ ਸਤਨਾਮ ਸਿੰਘ ਨੂੰ ਉਨ੍ਹਾਂ ਦੇ ਘਰ ਦੇ ਬਾਹਰ ਛੱਡਿਆ, ਖਿਲਾਫ਼ ਜਾਂਚ ਕੀਤੀ ਜਾ ਰਹੀ ਹੈ। ਉਸ ਉੱਤੇ ਕਤਲ ਅਤੇ ਕਿਸੇ ਖ਼ਤਰੇ ਵਿੱਚ ਪਏ ਵਿਅਕਤੀ ਦੀ ਮਦਦ ਕਰਨ ਤੋਂ ਅਸਫ਼ਲ ਰਹਿਣ ਦੇ ਇਲਜ਼ਾਮ ਹਨ।
ਪੁਲਿਸ ਦੇ ਬੁਲਾਰੇ ਨੇ ਖ਼ਬਰ ਏਜੰਸੀ ਏਐੱਫਪੀ ਨੂੰ ਦੱਸਿਆ, “ਪੀੜਤ ਨੂੰ ਏਅਰ ਐਂਬੁਲੈਂਸ ਜ਼ਰੀਏ ਰੋਮ ਦੇ ਹਸਪਤਾਲ ਵਿੱਚ ਪਹੁੰਚਾਇਆ ਗਿਆ ਸੀ ਪਰ ਫਿਰ ਉਨ੍ਹਾਂ ਦੀ ਮੌਤ ਹੋ ਗਈ।”
ਇਟਲੀ ਦੀ ਲੇਬਰ ਮੰਤਰੀ ਮੈਰੀਨਾ ਕੈਲਡੀਰੋਨੇ ਨੇ ਇਟਲੀ ਦੀ ਸੰਸਦ ਵਿੱਚ ਦੱਸਿਆ, “ਜੋ ਭਾਰਤੀ ਖੇਤ ਮਜ਼ਦੂਰ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਇਆ ਸੀ, ਉਸ ਨੂੰ ਲੈਟੀਨਾ ਦੇ ਇਲਾਕੇ ਵਿੱਚ ਛੱਡ ਦਿੱਤਾ ਗਿਆ ਸੀ।”
“ਇਹ ਪੂਰੇ ਤਰੀਕੇ ਨਾਲ ਬੇਰਹਿਮੀ ਦਾ ਕਾਰਾ ਸੀ। ਪ੍ਰਸ਼ਾਸਨ ਮਾਮਲੇ ਦੀ ਜਾਂਚ ਕਰ ਰਿਹਾ ਹੈ ਤੇ ਉਮੀਦ ਹੈ ਕਿ ਜੋ ਵੀ ਇਸ ਮਾਮਲੇ ਵਿੱਚ ਦੋਸ਼ੀ ਹਨ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇਗੀ।”
ਇਟਲੀ ਵਿੱਚ ਭਾਰਤੀ ਸਫ਼ਾਰਤਖਾਨੇ ਵੱਲੋਂ ਬਿਆਨ ਜਾਰੀ ਕਰਕੇ ਦੁਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਤੇ ਪੀੜਤ ਪਰਿਵਾਰ ਨੂੰ ਹਰ ਸੰਭਵ ਮਦਦ ਪਹੁੰਚਾਉਣ ਦਾ ਭਰੋਸਾ ਦਿੱਤਾ ਗਿਆ ਹੈ।
ਸਤਨਾਮ ਸਿੰਘ ਕਰੀਬ 30 ਸਾਲ ਦੇ ਸਨ ਅਤੇ ਬਿਨਾਂ ਦਸਤਾਵੇਜ਼ ਦੇ ਕਰੀਬ ਦੋ ਸਾਲ ਤੋਂ ਇਟਲੀ ਵਿੱਚ ਰਹਿ ਰਹੇ ਸਨ।
ਇਟਲੀ ਵਿੱਚ ਭਾਰਤੀ ਅੰਬੈਸੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ "ਇੱਕ ਭਾਰਤੀ ਦੀ ਮੌਤ ਦਾ ਡੂੰਘਾ ਦੁੱਖ ਹੈ" ਅਤੇ ਉਹ ਸਥਾਕਨ ਪ੍ਰਸ਼ਾਸਨ ਦੇ ਸੰਪਰਕ ਵਿੱਚ ਹਨ।
ਇਟਲੀ ਦੀ ਪ੍ਰਧਾਨ ਮੰਤਰੀ ਨੇ ਜਤਾਇਆ ਦੁਖ

ਤਸਵੀਰ ਸਰੋਤ, Reuters
ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੈਲੋਨੀ ਨੇ ਘਟਨਾ ਉੱਤੇ ਮੰਗਲਵਾਰ ਦੀ ਕੈਬਨਿਟ ਮੀਟਿੰਗ ਵਿੱਚ ਦੁਖ ਦਾ ਪ੍ਰਗਟਾਵਾ ਕੀਤਾ ਸੀ।
ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਉਨ੍ਹਾਂ ਨੇ ਕਿਹਾ, “ਇਹ ਅਣਮਨੁੱਖੀ ਕੰਮ ਹਨ, ਜੋ ਇਤਲਾਵੀ ਲੋਕਾਂ ਦੇ ਨਹੀਂ ਹਨ। ਮੈਂ ਉਮੀਦ ਕਰਦੀ ਹਾਂ ਕਿ ਇਸ ਵਹਿਸ਼ਤ ਨੂੰ ਸਖ਼ਤ ਸਜ਼ਾ ਮਿਲੇਗੀ।”
ਇਟਲੀ ਦਾ ਲਾਜ਼ੀਓ ਸੂਬੇ, ਐਗਰੋ ਪੋਨਟੀਨੋ ਵੀ ਜਿਸ ਦੇ ਅੰਦਰ ਆਉਂਦਾ ਹੈ, ਨੇ ਸਤਨਾਮ ਸਿੰਘ ਦੀਆਂ ਅੰਤਿਮ ਰਸਮਾਂ ਦਾ ਖ਼ਰਚਾ ਚੁੱਕਣ ਦੀ ਪੇਸ਼ਕਸ਼ ਕੀਤੀ ਹੈ।
ਖੇਤੀਬਾੜੀ ਮੰਤਰੀ ਫ੍ਰਾਂਸਿਸਕੋ ਲੋਲੋਬ੍ਰਿਜਡਾ ਨੇ ਸਤਨਾਮ ਸਿੰਘ ਦੀ ਮੌਤ ਬਾਰੇ ਕਿਹਾ, “ਸਰਕਾਰ ਕੰਮ ਦੌਰਾਨ ਕਿਸੇ ਵੀ ਕਿਸਮ ਦੇ ਸ਼ੋਸ਼ਣ ਦਾ ਮੁਕਾਬਲਾ ਕਰਨ ਵਿੱਚ ਸਾਰੇ ਮੋਰਚਿਆਂ ਉੱਤੇ ਮੋਹਰੀ ਹੈ।”

ਤਸਵੀਰ ਸਰੋਤ, Getty Images
ਖੇਤ ਮਾਲਿਕ ਦਾ ਕੀ ਕਹਿਣਾ ਹੈ
ਇਸ ਮਾਮਲੇ ਵਿੱਚ ਸਤਨਾਮ ਸਿੰਘ ਨੂੰ ਜਿਸ ਤਰੀਕੇ ਨਾਲ ਉਨ੍ਹਾਂ ਦੇ ਘਰ ਦੇ ਬਾਹਰ ਛੱਡਿਆ ਗਿਆ, ਉਸ ਉੱਤੇ ਗੰਭੀਰ ਸਵਾਲ ਚੁੱਕੇ ਜਾ ਰਹੇ ਹਨ।
ਖੇਤਮਾਲਕ ਰੈਂਜ਼ੋ ਲੋਵਾਟੋ ਨੇ ਘਟਨਾ ਉੱਤੇ ਅਫ਼ਸੋਸ ਪ੍ਰਗਟ ਕੀਤਾ ਹੈ ਪਰ ਕਿਹਾ ਹੈ ਕਿ ਸਤਨਾਮ ਸਿੰਘ ਨੂੰ ਸੁਚੇਤ ਕੀਤਾ ਗਿਆ ਸੀ ਕਿ ਉਹ ਮਸ਼ੀਨ ਕੋਲ ਨਾ ਜਾਣ, ਜਿਸ ਨੇ ਉਨ੍ਹਾਂ ਨੂੰ ਜ਼ਖਮੀ ਕੀਤਾ।
ਖੇਤ ਮਾਲਕ ਨੇ ਆਰਏਆਈ ਨੂੰ ਦੱਸਿਆ, “ਕਾਮੇ ਨੇ ਇਹ ਆਪਣੇ ਤਰੀਕੇ ਨਾਲ ਕੀਤਾ, ਬਦਕਿਸਮਤੀ ਨਾਲ ਇਹ ਲਾਪਰਵਾਹੀ ਸੀ।”
ਮੁਲਜ਼ਮ ਦੇ ਪਰਿਵਾਰ ਦੇ ਵਕੀਲ ਨੇ ਰੌਇਟਰਜ਼ ਨੂੰ ਦੱਸਿਆ,“ਉਹ ਘਟਨਾ ਤੋਂ ਇੱਕ ਘੰਟੇ ਦੇ ਅੰਦਰ ਹੀ ਪੁਲਿਸ ਕੋਲ ਪੇਸ਼ ਹੋ ਗਿਆ ਜਿਵੇਂ ਕਿ ਕੋਈ ਨੇਕ ਵਿਅਕਤੀ ਕਰੇਗਾ।”
ਵਕੀਲ ਮੁਤਾਬਕ ਉਨ੍ਹਾਂ ਮੁਲਜ਼ਮ ਆਪਣਾ ਬਚਾਅ ਕਰਨ ਲਈ ਰਸਮੀ ਤੌਰ ਉੱਤੇ ਇਲਜ਼ਾਮ ਲਾਏ ਜਾਣ ਦੀ ਉਡੀਕ ਕਰ ਰਿਹਾ ਸੀ।
ਵਕੀਲ ਵਲੇਰੀਓ ਰੀਗੀ ਨੂੰ ਜਦੋਂ ਸਤਨਾਮ ਸਿੰਘ ਨੂੰ ਬਿਨਾਂ ਮਦਦ ਤੋਂ ਘਰ ਦੇ ਬਾਰ ਛੱਡ ਦਿੱਤੇ ਜਾਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, “ਤੁਸੀਂ ਸੁਣਵਾਈ ਦੌਰਾਨ ਦੇਖੋਗੇ ਕਿ ਮਦਦ ਲੋਕ ਜਿੰਨਾ ਸੋਚਦੇ ਹਨ, ਉਸ ਤੋਂ ਬਹੁਤ ਜਲਦੀ ਮੰਗਵਾ ਲਈ ਗਈ ਸੀ।”
ਜਿਸ ਇਲਾਕੇ ਵਿੱਚ ਸਤਨਾਮ ਸਿੰਘ ਕੰਮ ਕਰ ਰਹੇ ਸਨ ਉਹ ਇੱਕ ਖੇਤੀ ਪ੍ਰਧਾਨ ਇਲਾਕਾ ਹੈ। ਇਸ ਇਲਾਕੇ ਵਿੱਚ ਪੰਜਾਬੀਆਂ ਅਤੇ ਸਿੱਖਾਂ ਦੀ ਚੋਖੀ ਅਬਾਦੀ ਹੈ ਜਿਨ੍ਹਾਂ ਵਿੱਚੋਂ ਜ਼ਿਆਦਾਕਰ ਖੇਤ ਮਜ਼ਦੂਰੀ ਕਰਦੇ ਹਨ।
ਭਾਰਤੀ ਭਾਈਚਾਰੇ ਵਿੱਚ ਸੋਗ ਦੀ ਲਹਿਰ
ਨੌਰਥ ਇਟਲੀ ਦੀ ਇੰਡੀਅਨ ਸਿੱਖ ਕਮਿਊਨਿਟੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਨੇ ਦੱਸਿਆ ਕਿ, ਸਤਨਾਮ ਸਿੰਘ ਖੇਤੀਬਾੜੀ ਦ ਕੰਮ ਕਰਦਾ ਸੀ ਤੇ ਉਸ ਦੀ ਕੰਮ ̛ਤੇ ਹੀ ਬਾਂਹ ਕੱਟੀ ਗਈ ਜਿੱਥੇ ਮਾਲਕ ਨੇ ਸਮਾਜਿਕ ਜ਼ਿੰਮੇਵਾਰੀਆਂ ਤੋਂ ਭੱਜਦਿਆਂ ਸਤਨਾਮ ਨੂੰ ਡਾਕਟਰ ਤੱਕ ਨਹੀਂ ਪਹੁੰਚਾਇਆ। ਜਦੋਂ ਸਤਨਾਮ ਸਿੰਘ ਦੇ ਆਂਢ-ਗੁਆਂਢ ਵਾਲੇ ਉਸ ਨੂੰ ਹਸਪਤਾਲ ਲੈ ਜਾ ਰਹੇ ਸਨ ਤਾਂ ਉਸ ਦੀ ਮੌਤ ਹੋ ਗਈ।
ਉਨ੍ਹਾਂ ਕਿਹਾ, “ਭਾਰਤੀ ਭਾਈਚਾਰੇ ਵਿੱਚ ਦੁੱਖ਼ ਦੀ ਲਹਿਰ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕੱਲ਼ ਸ਼ਾਮ ਨੂੰ ਲੈਤੀਨਾ ਪਹੁੰਚੀਏ।”
ਉਨ੍ਹਾਂ ਦੱਸਿਆ ਕਿ ਹਾਲੇ ਤੱਕ ਇਹ ਪੁਖ਼ਤਾ ਨਹੀਂ ਕਿ ਉਹ ਪੰਜਾਬ ਵਿੱਚ ਕਿੱਥੋਂ ਸਨ।
ਪੰਜਾਬ ਤੋਂ ਜਾਣ ਵਾਲੇ ਜ਼ਿਆਦਾਤਰ ਇਟਲੀ ਦੇ ਨੌਰਥ ਦੇ ਇਲਾਕਿਆਂ ਵਿੱਚ ਰਹਿੰਦੇ ਹਨ ਤੇ ਉਹ ਡੇਅਰੀ ਫ਼ਾਰਮਿੰਗ ਦੇ ਕੰਮਾਂ ਨਾਲ ਜੁੜੇ ਹੋਏ ਹਨ।
ਉਨ੍ਹਾਂ ਦੱਸਿਆ ਕਿ ਰੋਮ ਵਾਲੇ ਪਾਸੇ ਲੋਕ ਖੇਤੀਬਾੜੀ ਦਾ ਕੰਮ ਕਰਦੇ ਹਨ। ਜੋ ਕਿ ਸਖ਼ਤ ਮਿਹਨਤ ਵਾਲਾ ਕੰਮ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ, “ਇਟਾਲੀਅਨ ਸਰਕਾਰ ਬਹੁਤ ਚੰਗੀ ਹੈ। ਸਾਨੂੰ ਆਸ ਹੈ ਕਿ ਇਸ ਮਾਮਲੇ ਵਿੱਚ ਭਾਰਤੀ ਅੰਬੈਸੀ ਸਖ਼ਤ ਕਾਰਵਾਈ ਕਰੇਗੀ। ਇਟਲੀ ਸਰਕਾਰ ਦਾ ਵੀ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇਗੀ।”
ਇਸ ਘਟਨਾ ਤੋਂ 17 ਜੂਨ ਦੀ ਹੈ ਇਸ ਤੋਂ ਬਾਅਦ ਭਾਰਤੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ।
ਖੇਤ ਕਾਮਿਆਂ ਦੀ ‘ਗੈਰ-ਕਾਨੂੰਨੀ ਭਰਤੀ’

ਕੁਝ ਸਿਆਸਤਦਾਨਾਂ ਅਤੇ ਟਰੇਡ ਯੂਨੀਅਨਾਂ ਨੇ ਇਸ ਪਿਛਲੇ ਇੱਕ ਵੱਡੇ ਵਰਤਾਰੇ ਵੱਲ ਧਿਆਨ ਦਵਾਇਆ ਹੈ। ਜਿਸ ਤਹਿਤ ਗੈਰ ਕਾਨੂੰਨੀ ਗੈਂਗਮਾਸਟਰ ਪ੍ਰਣਾਲੀ ਅਧੀਨ ਪਰਵਾਸੀ ਕਾਮਿਆਂ ਨੂੰ ਆਗਰੋ ਪੁਨਟੀਨੋ ਅਤੇ ਇਟਲੀ ਦੇ ਹੋਰ ਹਿੱਸਿਆਂ ਵਿੱਚ ਕੰਮ ਉੱਤੇ ਰੱਖਿਆ ਜਾਂਦਾ ਹੈ। ਇਸ ਪ੍ਰਣਾਲੀ ਨੂੰ “ਕੈਪੋਰਾਲੋਟੋ” ਕਿਹਾ ਜਾਂਦਾ ਹੈ।
ਰਿਗੀ ਨੇ ਇਨ੍ਹਾਂ ਰਿਪੋਰਟਾਂ ਉੱਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਸਤਨਾਮ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੂੰ ਗੈਰ ਕਾਨੂੰਨ ਰੂਪ ਵਿੱਚ ਕੰਮ ਉੱਤੇ ਰੱਖਿਆ ਗਿਆ ਸੀ। ਸਤਨਾਮ ਸਿੰਘ ਦੇ ਕੰਮ ਦੀਆਂ ਸ਼ਰਤਾਂ ਅਸਪਸ਼ਟ ਹਨ।
ਮਾਰੀਆ ਗਰੇਜ਼ੀਆ ਗੈਬਰਿਆਲੀ ਜੋ ਕਿ ਇਟਲੀ ਦੀ ਸਭ ਤੋਂ ਵੱਡੀ ਟਰੇਡ ਯੂਨੀਅਨ ਨਾਲ ਜੁੜੇ ਹਨ, ਉਨ੍ਹਾਂ ਨੇ ਇਸ ਨੂੰ “ਦਰਿੰਦਗੀ ਦੀ ਲਾਮਿਸਾਲ ਘਟਨਾ” ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਖੇਤ ਮਜ਼ਦੂਰ, ਖੇਤ ਮਾਲਕਾਂ ਕੋਲ ਗੁਲਾਮਾਂ ਵਰਗੀਆਂ ਸਥਿਤੀਆਂ ਵਿੱਚ ਕੰਮ ਕਰ ਰਹੇ ਹਨ।
ਮਾਰੀਆ ਨੇ ਇੱਕ ਬਿਆਨ ਵਿੱਚ ਕਿਹਾ,“ਖੇਤਾਂ ਵਿੱਚ ਸ਼ੋਸ਼ਣ ਦਾ ਨਤੀਜਾ ਅਕਸਰ ਭੁੱਖਮਰੀ ਅਤੇ ਕੰਮ ਦੇ ਅਣਮਨੁੱਖੀ ਹਾਲਾਤ, ਮਨੋਵਿਗਿਆਨਕ ਅਤੇ ਸਰੀਰਕ ਹਿੰਸਾ ਵਿੱਚ ਨਿਕਲਦਾ ਹੈ।”
ਨੈਸ਼ਨਲ ਸਟੈਟਿਸਟਿਕਸ ਆਫ਼ਿਸ ਦੇ ਸਾਲ 2021 ਦੇ ਡੇਟਾ ਮੁਤਾਬਕ ਇਟਲੀ ਦੇ ਕਰੀਬ 11% ਕਾਮੇ ਗੈਰ ਕਾਨੂੰਨੀ ਰੂਪ ਵਿੱਚ ਭਰਤੀ ਕੀਤੇ ਗਏ ਸਨ ਜਦਕਿ ਖੇਤੀ ਖੇਤਰ ਵਿੱਚ 23%।
ਖੇਤ ਮਜ਼ਦੂਰਾਂ ਦਾ ਸ਼ੋਸ਼ਣ ਭਾਵੇਂ ਉਹ ਇਟਲੀ ਦੇ ਦੇਸੀ ਮਜ਼ਦੂਰ ਹੋਣ ਤੇ ਭਾਵੇਂ ਪਰਵਾਸੀ ਆਮ ਵਰਤਾਰਾ ਹੈ।
ਪੂਰੇ ਦੇਸ ਵਿੱਚ ਹਜ਼ਾਰਾਂ ਲੋਕ ਖੇਤਾਂ, ਅੰਗੂਰਾਂ ਦੇ ਬਾਗ਼ਾਂ ਅਤੇ ਗਰੀਨ ਹਾਊਸ ਵਿੱਚਮ ਮਜ਼ਦੂਰੀ ਕਰਦੇ ਹਨ। ਇਨ੍ਹਾਂ ਲੋਕਾਂ ਨੂੰ ਅਕਸਰ ਹੀ ਕੰਮ ਦੀਆਂ ਘਟੀਆ ਸਥਿਤੀਆਂ ਵਿੱਚ ਬਿਨਾਂ ਕਿਸੇ ਲਿਖਾ-ਪੜ੍ਹੀ ਦੇ ਕੰਮ ਕਰਨਾ ਪੈਂਦਾ ਹੈ।
ਮਜ਼ਦੂਰਾਂ ਨੂੰ ਅਕਸਰ ਖੇਤ ਮਾਲਕਾਂ ਨੂੰ ਲਿਆਉਣ-ਲਿਜਾਣ ਦਾ ਖਰਚਾ ਵੀ ਦੇਣਾ ਪੈਂਦਾ ਹੈ। ਜ਼ਿਆਦਾਤਰ ਵਿਲੋਕਿੱਤਰੀਆਂ ਬਣੀਆਂ ਝੁੱਗੀਆਂ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਕੋਲ ਹਸਪਤਾਲ ਜਾਂ ਸਕੂਲ ਤੱਕ ਪਹੁੰਚ ਦਾ ਕੋਈ ਸਾਧਨ ਨਹੀਂ ਹੈ।
ਖੇਤ ਮਜ਼ਦੂਰਾਂ ਦੇ ਸ਼ੋਸ਼ਣ ਨੂੰ ਖ਼ਤਮ ਕਰਨਾ ਸਰਕਾਰ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ।
ਸਾਲ 2018 ਵਿੱਚ ਦੋ ਵੱਖ-ਵੱਖ ਸੜਕ ਹਾਦਸਿਆਂ ਵਿੱਚ 16 ਖੇਤ ਮਜ਼ਦੂਰਾਂ ਦਾ ਮੌਤ ਹੋ ਗਈ ਸੀ।
ਦੋਵਾਂ ਕੇਸਾਂ ਵਿੱਚ ਟਮਾਟਰ ਲਿਜਾ ਰਹੀਆਂ ਵੈਨਾਂ ਮਜ਼ਦੂਰਾਂ ਨੂੰ ਦਿਹਾੜੀ ਤੋਂ ਬਾਅਦ ਘਰ ਵਾਪਸ ਛੱਡਣ ਜਾ ਰਹੀਆ ਲਾਰੀਆਂ ਨਾਲ ਟਕਰਾ ਗਈਆਂ ਸਨ। ਹਾਦਸਿਆਂ ਤੋਂ ਬਾਅਦ ਅਫਰੀਕੀ ਪਰਵਾਸੀਆਂ ਨੇ ਦੋ ਦਿਨਾਂ ਦੀ ਹੜਤਾਲ ਕਰਕੇ ਖੇਤ ਮਜ਼ਦੂਰਾਂ ਦੀ ਮਾੜੀ ਸਥਿਤੀ ਵੱਲ ਧਿਆਨ ਖਿੱਚਿਆ ਸੀ।
ਇਸੇ ਮਹੀਨੇ ਦੋ ਜਣਿਆਂ ਨੂੰ ਪੁਗਲੀਆ ਤੋਂ “ਕੈਪੋਰਾਲੋਟੋ” ਤਹਿਤ ਘੱਟ ਉਜਰਤ ਉੱਤੇ ਲੋਕਾਂ ਨੂੰ ਨੌਕਰੀ ਉੱਤੇ ਰੱਖਣ ਅਤੇ ਕਈ ਦਰਜਣ ਮਜ਼ਦੂਰਾਂ ਦੇ ਸ਼ੋਸ਼ਣ ਦੇ ਇਲਜ਼ਾਮ ਵਿੱਚ ਫੜਿਆ ਗਿਆ ਸੀ।












