ਜ਼ੀਰਾ ਸ਼ਰਾਬ ਫੈਕਟਰੀ ਮਾਮਲੇ 'ਚ ਆਈ ਸਰਕਾਰੀ ਰਿਪੋਰਟ, ਜ਼ਮੀਨੀ ਪਾਣੀ 'ਚ ਇਹ ਰਸਾਇਣ ਮਿਲੇ

- ਲੇਖਕ, ਗਗਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਅਧੀਨ ਪੈਂਦੇ ਪਿੰਡ ਮਨਸੂਰਵਾਲ ਕਲਾਂ 'ਚ ਲੱਗੀ ਇੱਕ ਸ਼ਰਾਬ ਫ਼ੈਕਟਰੀ ਖ਼ਿਲਾਫ਼ ਲੋਕਾਂ ਵੱਲੋਂ ਪਿਛਲੇ ਸਾਲ ਤੋਂ ਵਿਰੋਧ-ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਜ਼ਿਲ੍ਹਾ ਫ਼ਿਰੋਜ਼ਪੁਰ ਦੀ ਤਹਿਸੀਲ ਜ਼ੀਰਾ ਨਾਲ ਸਬੰਧਤ ਕਰੀਬ 40 ਪਿੰਡਾਂ ਦੇ ਲੋਕਾਂ ਤੋਂ ਇਲਾਵਾ ਵੱਖ-ਵੱਖ ਕਿਸਾਨ ਸੰਗਠਨਾਂ ਦੇ ਕਾਰਕੁਨ ਇਸ ਸ਼ਰਾਬ ਫ਼ੈਕਟਰੀ ਨੂੰ ਬੰਦ ਕਰਵਾਉਣ ਲਈ ਅੜੇ ਹੋਏ ਸਨ।
ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਫ਼ੈਕਟਰੀ ਦੇ ਪ੍ਰਦੂਸ਼ਣ ਕਾਰਨ ਜ਼ਮੀਨਦੋਜ਼ ਪਾਣੀ ਦੂਸ਼ਿਤ ਹੋ ਰਿਹਾ ਹੈ ਅਤੇ ਇਸ ਦਾ ਅਸਰ ਉਨ੍ਹਾਂ ਦੀ ਸਿਹਤ ਉੱਤੇ ਪੈ ਰਿਹਾ ਹੈ।
ਇਸ ਵਿੱਚ ਪੰਜਾਬ ਸਰਕਾਰ ਵਲੋਂ ਇੱਕ ਜਾਂਚ ਕਮੇਟੀ ਗਠਿਤ ਕੀਤੀ ਗਈ ਸੀ ਜਿਸ ਦੀ ਰਿਪੋਰਟ ਹੁਣ ਫ਼ਿਰੋਜ਼ਪੁਰ ਡਿਪਟੀ ਕਮਿਸ਼ਨਰ ਕੋਲ ਆ ਗਈ ਹੈ।
ਇਸ ਕਮੇਟੀ ਨੇ ਦੀ ਰਿਪੋਰਟ ਵਿੱਚ ਸਭ ਕੁਝ ਠੀਕ ਨਹੀਂ ਆਇਆ ਹੈ, ਜਿਵੇਂ ਕਿ ਪਿਛਲੀ ਕਮੇਟੀ ਦੇ ਰਿਪੋਰਟ ਵਿੱਚ ਆਇਆ ਸੀ।
ਪੰਜਾਬ ਸਰਕਾਰ ਦੀ ਜਾਂਚ ਕਮੇਟੀ

ਸਰਕਾਰ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਜਾਂਚ ਕਮੇਟੀ ਨੇ ਫ਼ਿਰੋਜ਼ਪੁਰ ਦੇ ਜ਼ੀਰਾ ਵਿੱਚ ਸ਼ਰਾਬ- ਫੈਕਟਰੀ ਮਾਲਬਰੋਸ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਤੋਂ ਇਕੱਤਰ ਕੀਤੇ ਪਾਣੀ ਅਤੇ ਮਿੱਟੀ ਦੇ ਨਮੂਨਿਆਂ ਵਿੱਚ ਵੱਖ-ਵੱਖ ਪ੍ਰਦੂਸ਼ਕਾਂ ਅਤੇ ਜ਼ਹਿਰੀਲੇ ਪਦਾਰਥਾਂ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਹੈ।
24 ਜੁਲਾਈ 2022 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੀ ਫ਼ੈਕਟਰੀ ਦੇ ਬਾਹਰ ਕਿਸਾਨਾਂ ਅਤੇ ਪਿੰਡ ਵਾਸੀਆਂ ਨੇ ਧਰਨਾ ਲਾਇਆ ਹੋਇਆ ਤੇ ਫ਼ੈਕਟਰੀ ਬੰਦ ਹੈ।
ਇਸ ਕਮੇਟੀ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਾਹਿਰ ਐੱਮ.ਐੱਸ ਭੱਟੀ, ਥਾਪਰ ਇੰਸਟੀਚਿਊਟ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਤੋਂ ਦਵਾਰਿਕਾ ਨਾਥ ਰਾਠਾ ਅਤੇ ਆਈਆਈਟੀ ਰੋਪੜ ਦੇ ਮਾਹਰ ਇੰਦਰਮਣੀ ਢੱਡਾ ਸ਼ਾਮਿਲ ਸਨ।
ਇਹ ਰਿਪੋਰਟ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਦੇ ਗ੍ਰਹਿ ਅਤੇ ਨਿਆਂ ਮਾਮਲੇ ਵਿਭਾਗ ਨੂੰ ਭੇਜੀ ਜਾਵੇਗੀ।

ਮਿੱਟੀ ਤੇ ਪਾਣੀ ਦੇ ਵੱਖ-ਵੱਖ ਨਮੂਨਿਆਂ ਦੀ ਜਾਂਚ
ਜਾਂਚ ਕਮੇਟੀ ਨੇ ਕੁੱਲ 13 ਨਮੂਨੇ ਇਕੱਠੇ ਕੀਤੇ ਜਿਨ੍ਹਾਂ ਵਿੱਚ 7 ਫ਼ੈਕਟਰੀ ਦੇ ਅੰਦਰੋਂ ਅਤੇ 6 ਫ਼ੈਕਟਰੀ ਦੇ ਬਾਹਰ 5 ਕਿਲੋਮੀਟਰ ਦੇ ਘੇਰੇ ਤੋਂ ਲਏ ਗਏ ਹਨ।
ਇਨ੍ਹਾਂ ਨਮੂਨਿਆਂ ਨੂੰ ਤਿੰਨ ਐੱਨਏਬੀਐੱਲ ਮਾਨਤਾ ਪ੍ਰਾਪਤ ਪ੍ਰਯੋਗਸ਼ਾਲਾਵਾਂ ਸੋਫ਼ੀਸਟਿਕੇਟਿਡ ਐਨਾਲਿਟੀਕਲ ਇੰਸਟਰੂਮੈਂਟੇਸ਼ਨ ਲੈਬਾਰਟਰੀਜ਼ ਸੋਸਾਇਟੀ, ਪਟਿਆਲਾ, ਸ਼੍ਰੀਰਾਮ ਇੰਸਟੀਚਿਊਟ ਆਫ਼ ਇੰਡਸਟਰੀਅਲ ਰਿਸਰਚ ਦਿੱਲੀ, ਸੀਐੱਸਆਈਆਰ ਇੰਡੀਅਨ ਇੰਸਟੀਚਿਊਟ ਆਫ਼ ਟੌਕਸੀਕੋਲੋਜੀ ਰਿਸਰਚ, ਲਖਨਊ, ਉੱਤਰ ਪ੍ਰਦੇਸ਼ ਨੂੰ ਭੇਜਿਆ ਗਿਆ ਸੀ।
ਕਮੇਟੀ ਨੇ ਬੋਰਵੈੱਲ ਤੋਂ 5 ਨਮੂਨੇ ਅਤੇ ਫ਼ੈਕਟਰੀ ਤੋਂ ਮਿੱਟੀ ਦੇ 2 ਨਮੂਨੇ ਇਕੱਠੇ ਕੀਤੇ ਜਦੋਂ ਕਿ 5 ਕਿਲੋਮੀਟਰ ਦੇ ਘੇਰੇ ਅੰਦਰ ਨੇੜਲੇ ਖੇਤਰਾਂ ਤੋਂ ਬੋਰਵੈੱਲ ਤੋਂ 6 ਨਮੂਨੇ ਇਕੱਠੇ ਕੀਤੇ ਗਏ ਸਨ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਦੋਂ ਟੀਮ ਨੂੰ ਸਾਈਟ ਦਾ ਦੌਰਾ ਕਰਨ ਲਈ ਭੇਜਿਆ ਗਿਆ ਸੀ ਉਦੋਂ ਮਾਲਬਰੋਸ ਇੰਡਸਟਰੀ ਪਿਛਲੇ ਕੁਝ ਮਹੀਨਿਆਂ ਤੋਂ ਬੰਦ ਪਈ ਸੀ ਤੇ ਉਥੇ ਕੋਈ ਵੀ ਉਦਯੋਗਿਕ ਗਤੀਵਿਧੀ ਨਹੀਂ ਹੋਈ ਸੀ।
ਇਸ ਲਈ ਮਾਲਬਰੋਜ਼ ਉਦਯੋਗ ਦੇ ਸਬੰਧ ਵਿੱਚ ਪਾਣੀ ਦੇ ਪ੍ਰਦੂਸ਼ਣ ਦੀ ਵਿਆਖਿਆ ਕਰਨਾ ਮੁਸ਼ਕਲ ਹੈ।
ਫ਼ਿਰ ਵੀ ਪਾਣੀ ਦੇ ਪ੍ਰਦੂਸ਼ਣ ਦਾ ਪਤਾ ਲਗਾਉਣ ਲਈ ਟੀਮ ਦੁਆਰਾ ਉਦਯੋਗ ਦੇ ਵਿਸ਼ੇਸ਼ ਮਾਪਦੰਡ ਮਾਪਣ ਦਾ ਸੁਝਾਅ ਦਿੱਤਾ ਗਿਆ ਸੀ ਤੇ ਐੱਨਏਬੀਐੱਲ ਮਾਨਤਾ ਪ੍ਰਾਪਤ ਪ੍ਰਯੋਗਸ਼ਾਲਾਵਾਂ ਦੀ ਚੋਣ ਸਾਂਝੇ ਮੋਰਚੇ ਨਾਲ ਸਲਾਹ-ਮਸ਼ਵਰਾ ਕਰਕੇ ਕੀਤੀ ਗਈ ਸੀ।

ਫ਼ੈਕਟਰੀ ਦੇ ਪਾਣੀ ਵਿੱਚ ਕੁਝ ਤੱਤ ਨਿਰਧਾਰਿਤ ਸੀਮਾਂ ਤੋਂ ਵੱਧ
ਪੰਜਾਬ ਸਰਕਾਰ ਵਲੋਂ ਗਠਿਤ ਕੀਤੀ ਕਮੇਟੀ ਨੇ ਪਾਇਆ ਕਿ ਜੋ ਪਾਣੀ ਦੇ ਨਮੂਨੇ ਮਾਲਬਰੋਸ ਫ਼ੈਕਟਰੀ ਵਿੱਚ ਲਏ ਗਏ ਸੀ, ਉਨ੍ਹਾਂ ਵਿੱਚ ਲੀਡ, ਕ੍ਰੋਮੀਅਮ, ਆਰਸੈਨਿਕ, ਪੌਲੀਕਲੋਰੀਨੇਟਿਡ ਬਾਈਫ਼ਿਨਾਈਲ, ਫ਼ੋਨੋਲਿਕ ਮਿਸ਼ਰਣ ਪਾਏ ਗਏ ਹਨ।
ਇਹ ਮਾਤਰਾਵਾਂ ਨਿਰਧਾਰਿਤ ਭਾਰਤੀ ਮਾਪਦੰਡਾਂ ਦੇ ਹਿਸਾਬ ਨਾਲ ਲਈਆਂ ਗਈਆਂ ਹਨ।
ਇਸ ਰਿਪੋਰਟ ਵਿੱਚ ਲਿਖਿਆ ਗਿਆ ਹੈ ਕਿ ਮਾਲਬਰੋਸ ਉਦਯੋਗ ਦੇ ਪਾਣੀ ਦੇ ਨਮੂਨੇ ਵਿੱਚ ਲੀਡ ਦੇ ਵਿੱਚ ਗਾੜ੍ਹੇਪਣ ਦੀ ਮਾਤਰਾ 0.26 ਪੀਪੀਐੱਮ ਪਾਈ ਗਈ ਜੋ ਕਿ 0.01 ਪੀਪੀਐੱਮ ਦੀ ਮਨਜ਼ੂਰ ਸੀਮਾ ਤੋਂ ਵੱਧ ਹੈ।
ਉਥੇ ਹੀ ਮਾਲਬਰੋਸ ਦੇ ਪਾਣੀ ਦੇ ਨਮੂਨੇ ਵਿੱਚ ਫਿਨੋਲਿਕ ਮਿਸ਼ਰਣਾਂ 0.16ਪੀਪੀਐੱਮ ਦਾ ਗਾੜ੍ਹਾਪਣ ਪਾਇਆ ਗਿਆ ਜੋ ਕਿ 0.002 ਪੀਪੀਐੱਮ ਦੀ ਮਨਜ਼ੂਰ ਸੀਮਾ ਤੋਂ ਵੱਧ ਹੈ।
ਰਿਪੋਰਟ ਮੁਤਾਬਕ ਫ਼ੈਕਟਰੀ ਵਿੱਚੋਂ ਲਏ ਪਾਣੀ ਦੇ ਨਮੂਨਿਆਂ ਵਿੱਚ ਕ੍ਰੋਮੀਅਮ ਤੇ ਪੌਲੀ ਕਲੋਰੀਨੇਟਿਡ ਬਾਈਫ਼ਿਨਾਇਲ ਦੇ ਵਿੱਚ ਗਾੜ੍ਹੇਪਣ ਦੀ ਮਾਤਰਾ ਪਾਈ ਗਈ ਜੋ ਕਿ ਮਨਜ਼ੂਰ ਸੀਮਾ ਤੋਂ ਵੱਧ ਹੈ।
ਕੈਂਸਰ ਦੇ ਮਾਹਿਰ ਡਾਕਟਰ ਮਨਜੀਤ ਸਿੰਘ ਜੌੜਾ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਜੇਕਰ ਪਾਣੀ ਵਿੱਚ ਲੀਡ ਤੱਤ ਦਾ ਗਾੜਾਪਣ ਨਿਰਧਾਰਤ ਮਾਤਰਾ ਤੋਂ ਜ਼ਿਆਦਾ ਹੁੰਦਾ ਹੈ ਤਾਂ ਉਸ ਨਾਲ ਵਿਅਕਤੀ ਨੂੰ ਪੇਟ ਦੀਆਂ ਆਮ ਤੇ ਗੰਭੀਰ ਬਿਮਾਰੀਆਂ ਲੱਗ ਸਕਦੀਆਂ ਹਨ।
ਜੌੜਾ ਨੇ ਕਿਹਾ, "ਇਸ ਤੋਂ ਇਲਾਵਾ ਇਸ ਨਾਲ ਹੱਡੀਆਂ ਤੇ ਦਿਮਾਗ਼ ਦੀਆਂ ਬਿਮਾਰੀਆਂ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ ਅਤੇ ਨਿਊਰੋ ਲੋਜੀਕਲ ਬਿਮਾਰੀਆਂ ਜਿਵੇਂ ਕਿ ਦਿਮਾਗ਼ ਦੀ ਯਾਦ ਸ਼ਕਤੀ ਤੇ ਆਦਿ ਅਸਰ ਹੋ ਸਕਦਾ ਹੈ।"
ਡਾਕਟਰ ਜੌੜਾ ਨੇ ਅੱਗੇ ਕਿਹਾ ਕਿ ਲੀਡ ਦੀ ਮਾਤਰਾ ਪਾਣੀ ਵਿੱਚ ਜ਼ਿਆਦਾ ਹੋਣ ਨਾਲ ਜਦੋਂ ਕਿਸੇ ਵਿਅਕਤੀ ਦੇ ਸਰੀਰ ਵਿੱਚ ਪਾਣੀ ਰਾਹੀਂ ਜਾਂਦੀ ਹੈ ਤਾਂ ਉਸ ਨਾਲ ਉਸ ਦੇ ਗੁਰਦਿਆਂ ਤੇ ਵੀ ਕਾਫੀ ਅਸਰ ਹੁੰਦਾ ਹੈ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਅਗਰ ਪਾਣੀ ਵਿੱਚ ਆਰਸੈਨਿਕ ਤੱਤ ਦਾ ਗਾੜਾਪਣ ਨਿਰਧਾਰਤ ਮਾਤਰਾ ਤੋਂ ਜ਼ਿਆਦਾ ਹੁੰਦਾ ਹੈ ਉਸ ਨਾਲ ਚਮੜੀ ਤੇ ਛਾਤੀ ਦੇ ਰੋਗ ਹੁੰਦੇ ਹਨ। ਇਸ ਤੱਤ ਨੂੰ ਛਾਤੀ ਦੇ ਕੈਂਸਰ ਹੋਣ ਦਾ ਇੱਕ ਕਾਰਨ ਵੀ ਮੰਨਿਆ ਜਾਂਦਾ ਹੈ।
ਮਿੱਟੀ ਬਾਰੇ ਰਿਪੋਰਟ
ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਮਲਬਰੋਜ਼ ਫ਼ੈਕਟਰੀ ਵਿੱਚ ਸੁਆਹ ਵਾਲਾ ਵੱਡਾ ਖੁਦਾਈ ਖੇਤਰ ਦੇਖਿਆ ਗਿਆ ਹੈ ਜੋ ਕਿ ਗੂਗਲ ਮੈਪ ਵਿੱਚ ਵੀ ਨਜ਼ਰ ਆਉਂਦਾ ਹੈ।
ਮਲਬੋਰਸ ਤੋਂ ਮਿੱਟੀ ਦੇ ਨਮੂਨੇ ਵਿੱਚ ਫੈਟੀ ਐਸਿਡ ਦੀ ਉੱਚ ਤਵੱਜੋ ਪਾਈ ਗਈ।
ਰਿਪੋਰਟ ਵਿੱਚ ਕਿਹਾ ਕਿ ਮਾਲਬਰੋਸ ਉਦਯੋਗ ਦੇ ਮਿੱਟੀ ਦੇ ਨਮੂਨਿਆਂ ਵਿੱਚ ਇਤਰਾਜ਼ਯੋਗ ਜ਼ਹਿਰੀਲੇ ਤੱਤਾਂ ਦਾ ਪੱਧਰ ਵੱਧ ਪਾਇਆ ਗਿਆ ਹੈ।
ਜਿਵੇਂ ਕਿ ਮੈਂਗਨੀਜ਼ 145000ਐੱਮਜੀ ਪ੍ਰਤੀ ਕਿੱਲੋ, ਕਾਪਰ 1062 ਐੱਮਜੀ ਪ੍ਰਤੀ ਕਿੱਲੋ ਅਤੇ ਲਿਡ 16.60 ਐੱਮਜੀ ਪ੍ਰਤੀ ਕਿੱਲੋ ਪਾਈ ਗਈ ਹੈ।
ਉੱਥੇ ਟੈਸਟ ਦੇ ਨਤੀਜਿਆਂ ਨੂੰ ਖੇਤਰ ਤੋਂ ਨਿਯੰਤਰਣ ਮਿੱਟੀ ਦੇ ਨਮੂਨਿਆਂ ਨਾਲ ਜੋੜਿਆ ਜਾ ਸਕਦਾ ਹੈ।
ਡੀਐੱਨਏ ਨੁਕਸਾਨ ਲਈ ਲਏ ਗਏ ਨਤੀਜੇ ਇੰਡੀਅਨ ਇੰਸਟੀਚਿਊਟ ਆਫ਼ ਟੌਕਸੀਕੋਲੋਜੀਕਲ ਰਿਸਰਚ ਸੈਂਟਰ, ਲਖਨਊ ਕੋਲ ਹਨ।

ਤਸਵੀਰ ਸਰੋਤ, surinder mann/bbc
ਕਮੇਟੀ ਦੀਆਂ ਟਿੱਪਣੀਆਂ
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਾਣੀ ਤੇ ਮਿੱਟੀ ਵਿੱਚ ਪਏ ਗਏ ਰਸਾਇਣਾਂ ਦਾ ਇਤਰਾਜ਼ਯੋਗ ਗਾੜ੍ਹੇਪਣ ਲਈ ਜ਼ਮੀਨੀ
ਪਾਣੀ ਵਿੱਚ ਸਮੇਂ ਦੇ ਬੀਤਣ ਨਾਲ ਜਾਂ ਜਦੋਂ ਹਾਲਾਤ ਅਨੁਕੂਲ ਹੋਣ ਤਾਂ ਉਸ ਵਿੱਚ ਸੁਧਾਰ ਕੀਤੇ ਜਾਣ।
ਫਿਰ ਵੀ, ਸੁਧਾਰ ਲਈ ਕਾਰਵਾਈ ਦੀ ਲੋੜ ਹੈ। ਮਾਲਬਰੋਸ ਇੰਡਸਟਰੀ ਦੁਆਰਾ ਬੋਰਵੈੱਲ ਦੇ ਵੇਰਵੇ ਪ੍ਰਦਾਨ ਨਹੀਂ ਕੀਤੇ ਗਏ ਹਨ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਈਥਾਨੌਲ ਉਦਯੋਗ ਦੀ ਨਿਰਮਾਣ ਪ੍ਰਕਿਰਿਆ ਅਤੇ ਕੱਚੇ ਮਾਲ ਦੀ ਖ਼ਪਤ ਬਾਰੇ ਸਮਝ ਦੀ ਅਣਹੋਂਦ ਵਿੱਚ ਜ਼ਹਿਰੀਲੇ ਤੱਤਾਂ ਦੇ ਸਰੋਤਾਂ ਦਾ ਪਤਾ ਨਹੀਂ ਲਗਾਇਆ ਜਾ ਸਕਿਆ।
ਇਸਦਾ ਪਤਾ ਲਗਾਉਣ ਲਈ ਇਸ ਵਿਸ਼ੇ ਦੀ ਮੁਹਾਰਤ ਵਾਲੇ ਮਾਹਿਰ ਤੋਂ ਜਾਂਚ ਕਰਵਾਉਣ ਦੀ ਲੋੜ ਹੈ।

ਪਹਿਲਾਂ ਵਾਲੀ ਕਮੇਟੀ ਦੀ ਕੀ ਸੀ ਰਿਪੋਰਟ
ਜ਼ੀਰਾ ਵਿੱਚ ਸ਼ਰਾਬ ਫੈਕਟਰੀ ਉੱਤੇ ਇਲਜ਼ਾਮ ਲੱਗੇ ਕਿ ਜ਼ਮੀਨੀ ਪਾਣੀ ਫੈਕਟਰੀ ਕਾਰਨ ਦੂਸ਼ਿਤ ਹੋ ਰਿਹਾ ਹੈ।
ਐੱਨਜੀਟੀ ਵੱਲੋਂ ਬਣਾਈ ਕਮੇਟੀ ਦੇ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਵੀ ਸਨ।
ਇਸ ਕਮੇਟੀ ਦੀ ਰਿਪੋਰਟ ਮੁਤਾਬਕ ਫੈਕਟਰੀ ਕਾਰਨ ਪਾਣੀ ਪ੍ਰਦੂਸ਼ਿਤ ਨਹੀਂ ਹੋਇਆ, ਇਸ ਰਿਪੋਰਟ ਨੂੰ ਪ੍ਰਦਰਸ਼ਨਕਾਰੀਆਂ ਨੇ ਨਕਾਰ ਦਿੱਤਾ ਸੀ।
ਐੱਨਜੀਟੀ ਦੀ ਤਿੰਨ ਮੈਂਬਰੀ ਨਿਗਰਾਨ ਕਮੇਟੀ, ਜਿਸ ਦੇ ਚੇਅਰਮੈਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੇਵਾ ਮੁਕਤ ਜੱਜ ਜਸਵੀਰ ਸਿੰਘ ਸਨ, ਨੇ ਪੂਰੇ ਮਾਮਲੇ ਦੀ ਪੜਤਾਲ ਕੀਤੀ।
ਕਮੇਟੀ ਵਿੱਚ ਪੰਜਾਬ ਦੇ ਸਾਬਕਾ ਪ੍ਰਮੁੱਖ ਸਕੱਤਰ ਐੱਸਸੀ ਅਗਰਵਾਲ ਨੂੰ ਸੀਨੀਅਰ ਮੈਂਬਰ ਅਤੇ ਰਾਜ ਸਭਾ ਮੈਂਬਰ ਅਤੇ ਵਾਤਾਵਰਨ ਪ੍ਰੇਮੀ ਬਲਵੀਰ ਸਿੰਘ ਸੀਚੇਵਾਲ ਨੂੰ ਵੀ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ।
ਤਿੰਨ ਮੈਂਬਰੀ ਕਮੇਟੀ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪਿੰਡ ਵਾਸੀਆਂ ਨੂੰ ਪੜਤਾਲ ਵਿੱਚ ਸ਼ਾਮਲ ਕੀਤਾ।

ਨਿਗਰਾਨ ਕਮੇਟੀ ਨੇ ਪਿਛਲੇ ਸਾਲ 18 ਅਗਸਤ 2022 ਨੂੰ ਫ਼ੈਕਟਰੀ ਅਤੇ ਆਸ ਪਾਸ ਦੇ ਪਿੰਡਾਂ ਦਾ ਦੌਰਾ ਕੀਤਾ।
ਇਸ ਮੌਕੇ ਉੱਤੇ ਜ਼ਿਲ੍ਹਾ ਪ੍ਰਸ਼ਾਸਨ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਆਸ ਪਾਸ ਦੇ ਪਿੰਡਾਂ ਦੀਆਂ ਪੰਚਾਇਤਾਂ ਦੇ ਨੁਮਾਇੰਦਿਆਂ ਨੂੰ ਵੀ ਬੁਲਾਇਆ ਗਿਆ।
ਕਮੇਟੀ ਨੇ ਪੰਚਾਇਤ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਫ਼ੈਕਟਰੀ ਦੇ ਅੰਦਰ ਅਤੇ ਬਾਹਰ ਤੋਂ ਪਾਣੀ, ਮਿੱਟੀ ਅਤੇ ਲੋਕਾਂ ਦੇ ਘਰਾਂ ਦੇ ਪਾਣੀ ਦੇ ਨਮੂਨੇ ਇਕੱਠੇ ਕੀਤੇ।
ਨੈਸ਼ਨਲ ਗਰੀਨ ਟ੍ਰਿਬਿਊਨਲ ਦੀ ਨਿਗਰਾਨ ਕਮੇਟੀ ਨੇ ਆਪਣੀ ਰਿਪੋਰਟ (ਜਿਸ ਦੀ ਕਾਪੀ ਬੀਬੀਸੀ ਕੋਲ ਹੈ) ਵਿੱਚ ਸਥਾਨਕ ਪ੍ਰਦੂਸ਼ਣ ਦਾ ਫ਼ੈਕਟਰੀ ਨਾਲ ਕੋਈ ਸਬੰਧ ਹੋਣ ਤੋਂ ਇਨਕਾਰ ਕੀਤਾ ਹੈ।
ਕਮੇਟੀ ਨੇ ਫ਼ੈਕਟਰੀ ਦੇ ਅੰਦਰ ਅਤੇ ਬਾਹਰ ਤੋਂ ਜ਼ਮੀਨਦੋਜ਼ ਪਾਣੀ ਦੇ ਸੈਂਪਲਾਂ ਦੀ ਦੇਸ਼ ਦੀਆਂ ਤਿੰਨ ਪ੍ਰਯੋਗਸ਼ਾਲਾਵਾਂ ਤੋਂ ਜਾਂਚ ਕਰਵਾਈ।
ਇਹ ਪ੍ਰਯੋਗਸ਼ਾਲਾਵਾਂ ਸਨ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪਟਿਆਲਾ, ਪੰਜਾਬ ਬਾਇਓ ਟੈਕਨਾਲੋਜੀ ਇਨਕਿਊਬੇਟਰ, ਮੁਹਾਲੀ ਅਤੇ ਸ਼੍ਰੀ ਰਾਮ ਇੰਸਟੀਚਿਊਟ ਫ਼ਾਰ ਇੰਡਸਟਰੀਅਲ ਰਿਸਰਚ,ਦਿੱਲੀ।
ਪ੍ਰਯੋਗਸ਼ਾਲਾਵਾਂ ਤੋਂ ਆਏ ਸੈਂਪਲਾਂ ਵਿੱਚ ਪਾਇਆ ਗਿਆ ਕਿ ਇੱਥੇ ਜ਼ਮੀਨਦੋਜ਼ ਪਾਣੀ ਪਲੀਤ ਹੈ, ਜਿਸ ਦਾ ਕਾਰਨ ਜ਼ਮੀਨਦੋਜ਼ ਮੂਲ ਮੂਤਰ ਦੀ ਗੰਦਗੀ ਹੈ, ਇਸ ਕਾਰਨ ਧਰਤੀ ਹੇਠਲੇ ਪਾਣੀ ਦੂਸ਼ਿਤ ਹੋ ਗਿਆ ਹੈ।
ਇਹਨਾਂ ਸੈਂਪਲਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਕੈਮੀਕਲ ਯੁਕਤ ਅੰਸ਼ ਨਹੀਂ ਪਾਏ ਗਏ।
ਜਾਂਚ ਵਿੱਚ ਇਹ ਨਹੀਂ ਪਾਇਆ ਗਿਆ ਕਿ ਫ਼ੈਕਟਰੀ ਦੇ ਗੰਦੇ ਪਾਣੀ ਕਾਰਨ ਜ਼ਮੀਨਦੋਜ਼ ਪਾਣੀ ਨੂੰ ਕੋਈ ਨੁਕਸਾਨ ਹੋ ਰਿਹਾ ਸੀ।
ਸਾਂਝਾ ਮੋਰਚਾ ਜ਼ੀਰਾ ਦਾ ਪੱਖ

ਸਾਂਝਾ ਮੋਰਚਾ ਜ਼ੀਰਾ ਦੇ ਮੈਂਬਰ ਰੋਮਨ ਬਰਾੜ ਨੇ ਕਿਹਾ ਕਿ ਮਾਹਿਰਾਂ ਦੀ ਕਮੇਟੀ ਨੇ ਸਾਡੇ ਸਟੈਂਡ ਨੂੰ ਸਹੀ ਠਹਿਰਾਇਆ ਹੈ ਅਤੇ ਹੁਣ ਪੰਜਾਬ ਸਰਕਾਰ ਨੂੰ ਫੈਕਟਰੀ ਨੂੰ ਬੰਦ ਕਰਨਾ ਚਾਹੀਦਾ ਹੈ ਅਤੇ ਮਾਲਕਾਂ ਖਿਲਾਫ਼ ਲੋੜੀਂਦੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ।
ਬੀਬੀਸੀ ਨੇ ਫ਼ੈਕਟਰੀ ਦੇ ਸੀਨੀਅਰ ਅਧਿਕਾਰੀ ਪਵਨ ਬਾਂਸਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਫੈਕਟਰੀ ਨੇ ਦਸੰਬਰ 2022 ਵਿੱਚ ਕੀ ਕਿਹਾ ਸੀ ਕਿ ਇਹ ਯੂਨਿਟ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਭਾਰਤ ਸਰਕਾਰ ਦੇ ਵਾਤਾਵਰਨ ਮੰਤਰਾਲੇ ਤੋਂ ਮਿਲੀ ਮਨਜ਼ੂਰੀ ਤੋਂ ਬਾਅਦ ਹੀ ਲਗਾਈ ਗਈ ਸੀ।

ਤਸਵੀਰ ਸਰੋਤ, surinder mann/bbc
2006 'ਚ ਲੱਗੀ ਸੀ ਫੈਕਟਰੀ
ਇਹ ਫੈਕਟਰੀ ਸਾਲ 2006 ਵਿੱਚ ਜ਼ੀਰਾ ਨੇੜਲੇ ਪਿੰਡ ਮਨਸੂਰਵਾਲ ਕਲਾਂ 'ਚ ਲਗਾਈ ਗਈ ਸੀ।
ਪ੍ਰਸਾਸ਼ਨਿਕ ਅਧਿਕਾਰੀਆਂ ਮੁਤਾਬਕ ਜਦੋਂ ਇਹ ਫੈਕਟਰੀ ਲਗਾਈ ਗਈ ਸੀ ਤਾਂ ਉਸ ਵੇਲੇ ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨਜੀਟੀ) ਤੇ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਆਸ-ਪਾਸ ਦੇ ਪਿੰਡਾਂ ਦੇ ਮੋਹਤਬਾਰ ਲੋਕਾਂ ਦੀ ਰਾਇ ਲੈ ਕੇ ਐੱਨਜੀਟੀ ਤੇ ਸਰਕਾਰ ਨੂੰ ਬਾਕਾਇਦਾ ਤੌਰ 'ਤੇ ਭੇਜੀ ਗਈ ਸੀ।
ਫੈਕਟਰੀ ਖਿਲਾਫ਼ ਮੁਜ਼ਾਹਰੇ ਤੋਂ ਬਾਅਦ ਫੈਕਟਰੀ ਨੇੜਲੇ ਪਿੰਡਾਂ ਦੇ ਲੋਕਾਂ ਨੇ 12 ਅਗਸਤ 2022 ਨੂੰ ਐੱਨਜੀਟੀ ਦੀ ਪੰਜਾਬ ਸਬੰਧੀ ਨਿਗਰਾਨ ਕਮੇਟੀ ਕੋਲ ਇਸ ਦੀ ਲਿਖਤੀ ਸ਼ਿਕਾਇਤ ਕੀਤੀ ਸੀ।













