You’re viewing a text-only version of this website that uses less data. View the main version of the website including all images and videos.
ਪਤੀ ਦੇ ਕਤਲ ਦੀ ਹਰ ਘਟਨਾ 'ਟ੍ਰੈਂਡ' ਕਿਉਂ ਬਣ ਜਾਂਦੀ ਹੈ? ਕੀ ਵਾਕਈ ਮਰਦ ਹੁਣ ਡਰ ਦੇ ਸਾਏ ਹੇਠ ਹਨ - ਬਲੌਗ
- ਲੇਖਕ, ਨਾਸਿਰੂਦੀਨ
- ਰੋਲ, ਬੀਬੀਸੀ ਪੱਤਰਕਾਰ
ਅੱਜਕੱਲ੍ਹ ਅਕਸਰ ਇਹ ਸੁਣਨ ਨੂੰ ਮਿਲ ਰਿਹਾ ਹੈ ਕਿ ਔਰਤਾਂ ਦੇ ਹੱਥੋਂ ਮਰਦਾਂ ਦੀ ਜਾਨ ਖ਼ਤਰੇ ਵਿੱਚ ਹੈ। ਖ਼ਾਸ ਤੌਰ 'ਤੇ ਇਹ ਚਰਚਾ ਉਦੋਂ ਛਿੜ ਜਾਂਦੀ ਹੈ ਜਦੋਂ ਕਿਸੇ ਆਦਮੀ ਦੀ ਪਤਨੀ ਜਾਂ ਸਾਥੀ ਦੇ ਕਤਲ ਵਿੱਚ ਸ਼ਾਮਲ ਹੋਣ ਦਾ ਸ਼ੱਕ ਹੁੰਦਾ ਹੈ।
ਪਿਛਲੇ ਕੁਝ ਮਹੀਨਿਆਂ ਵਿੱਚ ਅਜਿਹੀਆਂ ਬਹੁਤ ਸਾਰੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਇਹ ਕੁਝ ਹੀ ਸਮੇਂ ਵਿੱਚ ਸਾਰੇ ਮੀਡੀਆ ਅਤੇ ਸੋਸ਼ਲ ਮੀਡੀਆ 'ਤੇ ਫ਼ੈਲ ਗਈਆਂ।
ਅਜਿਹੀਆਂ ਖ਼ਬਰਾਂ ਤੋਂ ਬਾਅਦ ਮਾਹੌਲ ਕੁਝ ਇਸ ਤਰ੍ਹਾਂ ਬਣ ਜਾਂਦਾ ਹੈ ਜਿਵੇਂ ਹਰ ਔਰਤ, ਹਰ ਜਗ੍ਹਾ, ਆਪਣੇ ਪਤੀ ਜਾਂ ਸਾਥੀ ਦਾ ਕਤਲ ਕਰਨ ਦੀ ਸੋਚ ਰਹੀ ਹੋਵੇ।
ਕੁਝ ਘਟਨਾਵਾਂ ਯਾਦ ਕਰੋ। ਇੱਕ ਆਦਮੀ ਦੀ ਲਾਸ਼ ਨੀਲੇ ਡਰੱਮ ਵਿੱਚ ਮਿਲੀ ਸੀ। ਫਿਰ ਵਿਆਹ ਤੋਂ ਕੁਝ ਦਿਨ ਬਾਅਦ ਹੀ ਕਿਸੇ ਖ਼ਾਸ ਜਗ੍ਹਾ 'ਤੇ ਲਿਜਾ ਕੇ ਕਿਸੇ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਸੀ।
ਜਾਂ ਕਿਤੇ ਇਹ ਦਾਅਵਾ ਕੀਤਾ ਗਿਆ ਸੀ ਕਿ ਵਿਆਹ ਤੋਂ ਬਾਅਦ ਪਹਿਲੀ ਰਾਤ ਹੀ ਇੱਕ ਆਦਮੀ ਨੂੰ ਉਸਦੀ ਪਤਨੀ ਨੇ ਚਾਕੂ ਨਾਲ ਧਮਕਾ ਦਿੱਤਾ।
ਇਸ ਤੋਂ ਬਾਅਦ, ਇਨ੍ਹਾਂ ਘਟਨਾਵਾਂ ਨੂੰ ਵੱਖ-ਵੱਖ ਖ਼ਾਸ ਸਿਰਲੇਖਾਂ ਨਾਲ ਪਾਠਕਾਂ ਦੇ ਸਾਹਮਣੇ ਪੇਸ਼ ਕੀਤਾ ਗਿਆ।
ਸੋਸ਼ਲ ਮੀਡੀਆ 'ਤੇ ਦਰਜਨਾਂ ਪੋਸਟਾਂ ਅਤੇ ਵੀਡੀਓਜ਼ ਦਿਖਾਈ ਦਿੱਤੇ। ਇਹ ਵੀਡੀਓਜ਼ ਘਟਨਾਵਾਂ ਦੀ ਗੰਭੀਰਤਾ ਨੂੰ ਨਹੀਂ ਸਨ ਦਰਸਾਉਂਦੇ ਬਲਕਿ ਮਜ਼ਾਕੀਆ ਤਰੀਕੇ ਨਾਲ ਪੇਸ਼ ਕੀਤੇ ਗਏ ਸਨ।
ਨੀਲਾ ਡਰੱਮ ਤਾਂ ਜਿਵੇਂ ਪਤੀ ਨੂੰ ਡਰਾਉਣ ਵਾਲੀ ਚੀਜ਼ ਹੀ ਬਣ ਗਿਆ। ਇਸ ਨੂੰ ਦਿਖਾਉਣ ਲਈ ਕਈ ਵੀਡੀਓ ਅਤੇ ਪੋਸਟਾਂ ਸਾਹਮਣੇ ਆਈਆਂ।
ਇੰਨਾ ਹੀ ਨਹੀਂ, ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਹਰ ਪਤਨੀ ਧਮਕੀ ਦੇ ਰਹੀ ਹੈ ਅਤੇ ਹਰ ਪਤੀ ਡਰਿਆ-ਸਹਿਮਿਆ ਹੋਇਆ ਹੈ।
ਭਾਵੇਂ ਕੋਈ ਵੀ ਇਨ੍ਹਾਂ ਤੋਂ ਨਹੀਂ ਡਰਦਾ ਸੀ, ਪਰ ਉਹ ਹੱਸਦੇ ਜ਼ਰੂਰ ਸਨ...ਕਿਉਂਕਿ ਇਹ ਮਹਿਜ਼ ਲਤੀਫ਼ੇ ਸਨ। ਇਸੇ ਲਈ ਇਨ੍ਹਾਂ 'ਤੇ ਗੰਭੀਰ ਚਰਚਾ ਕਰਨ ਦੀ ਬਜਾਇ, ਸਤਹੀ ਜਿਹੀ ਚਰਚਾ ਛਿੜੀ ਰਹੀ।
ਇੰਨਾ ਹੀ ਨਹੀਂ, ਇੰਝ ਲੱਗ ਰਿਹਾ ਸੀ ਜਿਵੇਂ ਔਰਤਾਂ ਖ਼ਿਲਾਫ਼ ਬੋਲਣ ਦਾ ਕੋਈ ਮਜ਼ਬੂਤ ਆਧਾਰ ਮਿਲ ਗਿਆ ਹੋਵੇ। ਕੁਝ ਲੋਕ ਇਸ ਸੁਰ ਵਿੱਚ ਗੱਲ ਕਰਦੇ ਦੇਖੇ ਗਏ, ਦੇਖੋ ਅਸੀਂ ਕਹਿੰਦੇ ਸੀ ਨਾ...ਔਰਤਾਂ ਅਜਿਹੀਆਂ ਹੁੰਦੀਆਂ ਹਨ।
ਪਰ ਕੀ ਮਾਮਲਾ ਇੰਨਾ ਸੌਖਾ ਹੈ? ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨਸੀਆਰਬੀ) ਅਤੇ ਹੋਰ ਸਰੋਤਾਂ ਦੇ ਅੰਕੜੇ ਦਰਸਾਉਂਦੇ ਹਨ ਕਿ ਹਰ ਉਮਰ ਵਿੱਚ ਔਰਤਾਂ ਨੂੰ ਔਰਤਾਂ ਹੋਣ ਕਰਕੇ ਹਿੰਸਾ ਦਾ ਸਾਹਮਣਾ ਕਰਦੀਆਂ ਰਹੀਆਂ ਹਨ। ਕੀ ਇਹ ਮਰਦਾਂ ਨਾਲ ਹੁੰਦਾ ਹੈ? ਨਹੀਂ, ਹੁੰਦਾ ਨਾ?
ਇਸ ਤੋਂ ਇੱਕ ਗੱਲ ਹੋਰ ਸਪੱਸ਼ਟ ਹੋ ਜਾਂਦੀ ਹੈ। ਔਰਤਾਂ ਵਿਰੁੱਧ ਹਿੰਸਾ ਸਾਡੇ ਘਰਾਂ, ਪਰਿਵਾਰਾਂ ਅਤੇ ਸਮਾਜ ਵਿੱਚ ਆਮ ਹੋ ਗਈ ਹੈ।
ਇਸੇ ਕਰਕੇ ਅਸੀਂ ਇਸਨੂੰ ਉਦੋਂ ਤੱਕ ਨਹੀਂ ਦੇਖਦੇ ਜਦੋਂ ਤੱਕ ਇਸ ਵਿੱਚ ਕੁਝ ਅਸਾਧਾਰਨ ਜਾਂ ਖ਼ਾਸ ਨਾ ਹੋ ਜਾਵੇ। ਕੁਝ ਭਿਆਨਕ ਨਾ ਹੋ ਜਾਵੇ।
ਪਰ ਕਿਉਂਕਿ ਮਰਦਾਂ ਵਿਰੁੱਧ ਹਿੰਸਾ ਆਮ ਨਹੀਂ ਹੈ, ਇਸ ਲਈ ਹਰ ਘਟਨਾ, ਵੱਡੀ ਜਾਂ ਛੋਟੀ ਹਰ ਘਟਨਾ ਨੂੰ ਇੱਕ ਵੱਡੀ ਗੱਲ ਵਜੋਂ ਪੇਸ਼ ਕੀਤਾ ਜਾਂਦਾ ਹੈ। ਜਿਵੇਂ ਕਿ ਮਰਦ ਜਾਤੀ ਦਾ ਵਜੂਦ ਹੀ ਖ਼ਤਰੇ ਵਿੱਚ ਪੈ ਗਿਆ ਹੋਵੇ।
ਹਾਂ, ਔਰਤਾਂ ਵੀ ਹਿੰਸਾ ਕਰਦੀਆਂ ਹਨ
ਇਸ ਸੱਚਾਈ ਨੂੰ ਸਵੀਕਾਰ ਕਰਨ ਤੋਂ ਕੌਣ ਝਿਜਕੇਗਾ ਕਿ ਔਰਤਾਂ ਵੀ ਹਿੰਸਾ ਕਰਦੀਆਂ ਹਨ?
ਔਰਤਾਂ ਨੂੰ ਉਨ੍ਹਾਂ ਹੀ ਵਿਚਾਰਾਂ, ਕਦਰਾਂ-ਕੀਮਤਾਂ ਅਤੇ ਸਮਾਜਿਕ ਮਿਆਰਾਂ ਵਿੱਚ ਪਾਲਿਆ ਜਾਂਦਾ ਹੈ ਜੋ ਮਰਦਾਂ ਦੀ ਸੱਤਾ ਜਾਂ ਪਿਤਰਸੱਤਾ 'ਤੇ ਅਧਾਰਤ ਹਨ।
ਸੱਤਾ ਅਤੇ ਤਾਕਤ ਦੇ ਮਾਪਦੰਡ ਇੱਕ ਖ਼ਾਸ ਕਿਸਮ ਦੀ ਹਿੰਸਕ ਮਰਦਾਨਗੀ ਨੂੰ ਜਨਮ ਦਿੰਦੇ ਹਨ। ਜਦੋਂ ਇਹ ਹਿੰਸਕ ਅਤੇ ਜ਼ਹਿਰੀਲੀ ਮਰਦਾਨਗੀ ਚਾਰੇ ਪਾਸੇ ਫ਼ੈਲੀ ਹੋਈ ਹੈ, ਤਾਂ ਔਰਤਾਂ ਲਈ ਇਸ ਤੋਂ ਬਚਣਾ ਕਿਵੇਂ ਸੰਭਵ ਹੈ?
ਕਿਸੇ ਨੂੰ ਹਰ ਤਰ੍ਹਾਂ ਨਾਲ ਕਾਬੂ ਵਿੱਚ ਰੱਖਣਾ, ਗਾਲ੍ਹਾਂ ਕੱਢਣਾ ਜਾਂ ਕੁੱਟਣਾ ਜਾਂ ਦਬਾਉਣਾ ਜਾਂ ਕਿਸੇ ਨੂੰ ਆਪਣੇ ਤੋਂ ਨੀਵਾਂ ਸਮਝਣਾ ਜਾਂ ਕਤਲ ਕਰ ਦੇਣਾ... ਇਹ ਜ਼ਹਿਰੀਲੀ ਮਰਦਾਨਗੀ ਦੀਆਂ ਕੁਝ ਨਿਸ਼ਾਨੀਆਂ ਹਨ।
ਮਰਦ ਇੰਨਾ ਦੇ ਸਹਾਰੇ ਹੀ ਸਦੀਆਂ ਤੋਂ ਆਪਣਾ ਸਿਸਟਮ ਚਲਾਉਂਦੇ ਰਹੇ ਹਨ। ਯਾਨੀ ਇਹ ਸੱਤਾ ਅਤੇ ਤਾਕਤ ਦੀਆਂ ਨਿਸ਼ਾਨੀਆਂ ਹਨ।
ਕਈ ਔਰਤਾਂ ਇਸਨੂੰ ਸਹੀ ਜਾਂ ਇੱਕੋ ਇੱਕ ਰਾਹ ਸਮਝਦੀਆਂ ਹਨ ਅਤੇ ਇਸ ਸੱਤਾ ਅਤੇ ਤਾਕਤ ਦੀ ਵਰਤੋਂ ਕਰਦੀਆਂ ਹਨ। ਉਹ ਹਿੰਸਾ ਦੇ ਵੱਖ-ਵੱਖ ਰੂਪਾਂ ਦਾ ਵੀ ਸਹਾਰਾ ਲੈਂਦੀਆਂ ਹਨ।
ਔਰਤਾਂ ਅਤੇ ਮਰਦਾਂ ਵਿਰੁੱਧ ਹੋਣ ਵਾਲੀ ਹਿੰਸਾ
ਪਰ ਕੀ ਦੋਵਾਂ ਦੀ ਹਿੰਸਾ ਨੂੰ ਇੱਕੋ ਪੈਮਾਨੇ 'ਤੇ ਤੋਲਿਆ ਜਾ ਸਕਦਾ ਹੈ?
ਬਿਲਕੁਲ ਨਹੀਂ। ਹਿੰਸਾ ਦੀ ਜੜ੍ਹ ਵਿੱਚ ਗ਼ੈਰ-ਬਰਾਬਰੀ, ਵਿਤਕਰਾ, ਸੱਤਾ ਅਤੇ ਤਾਕਤ ਦਾ ਵਿਚਾਰ ਹੈ।
ਇਸਨੇ ਹਿੰਸਾ ਦੀ ਇੱਕ ਪੂਰੀ ਪ੍ਰਣਾਲੀ ਬਣਾਈ ਹੋਈ ਹੈ। ਇਹ ਪ੍ਰਣਾਲੀ ਹਿੰਸਾ ਦੇ ਵੱਖ-ਵੱਖ ਰੂਪਾਂ ਨੂੰ ਜਾਇਜ਼ ਜਾਂ ਆਮ ਬਣਾਉਂਦੀ ਹੈ।
ਇਸੇ ਲਈ ਸਾਨੂੰ ਔਰਤਾਂ ਖ਼ਿਲਾਫ਼ ਹਿੰਸਾ ਨੂੰ ਸੌਖਿਆਂ ਨਜ਼ਰ ਨਹੀਂ ਆਉਂਦੀ। ਸਾਨੂੰ ਅਕਸਰ ਇਸਨੂੰ ਗ਼ਲਤ ਮੰਨਣਾ ਥੋੜ੍ਹਾ ਔਖਾ ਲੱਗਦਾ ਹੈ। ਇਸ ਲਈ ਇਸਨੂੰ ਵਾਰ-ਵਾਰ ਦਿਖਾਉਣਾ ਪੈਂਦਾ ਹੈ। ਇਹ ਦੱਸਣਾ ਪੈਂਦਾ ਹੈ ਕਿ ਇਹ ਕਾਨੂੰਨ ਦੀਆਂ ਨਜ਼ਰਾਂ ਵਿੱਚ ਗ਼ਲਤ ਹੈ।
ਦੂਜੇ ਪਾਸੇ ਔਰਤਾਂ ਵੱਲੋਂ ਕੀਤੀ ਜਾਣ ਵਾਲੀ ਜ਼ਿਆਦਾਤਰ ਹਿੰਸਾ ਦੇ ਮਾਮਲੇ ਵਿੱਚ ਅਜਿਹਾ ਨਹੀਂ ਹੁੰਦਾ। ਇਹ ਤਤਕਾਲੀ ਕਾਰਨਾਂ ਜਾਂ ਨਿੱਜੀ ਹਿੱਤ ਦੀ ਖ਼ੁਆਇਸ਼ ਜ਼ਿਆਦਾ ਹੁੰਦੀ ਹੈ। ਇੰਨਾ ਹੀ ਨਹੀਂ, ਕਈ ਵਾਰ ਇਹ ਪਿਤਰਸੱਤਾ ਦੀ ਪ੍ਰਣਾਲੀ ਤੋਂ ਪੈਦਾ ਹੋਣ ਵਾਲੇ ਹਾਲਾਤ ਦਾ ਨਤੀਜਾ ਵੀ ਹੁੰਦਾ ਹੈ।
ਇੰਨਾ ਹੀ ਨਹੀਂ, ਘਾਤਕ ਹਿੰਸਾ ਅਤੇ ਅਪਰਾਧ ਦੀਆਂ ਅਜਿਹੀਆਂ ਘਟਨਾਵਾਂ ਵਿੱਚ ਅਕਸਰ ਉਸ ਦੇ ਨਾਲ ਇੱਕ ਜਾਂ ਵੱਧ ਸਹਿਯੋਗੀ ਮਰਦ ਹੁੰਦੇ ਹਨ। ਯਾਨੀ ਜ਼ਿਆਦਾਤਰ ਹਿੰਸਕ ਜਾਂ ਘਾਤਕ ਘਟਨਾਵਾਂ ਮਰਦਾਂ ਦੀ ਸਰਗਰਮ ਮਦਦ ਤੋਂ ਬਿਨ੍ਹਾਂ ਨਹੀਂ ਵਾਪਰਦੀਆਂ।
ਇਹ ਵੀ ਸੰਭਵ ਹੈ, ਆਦਮੀ ਹੀ ਪ੍ਰੇਰਨਾ ਦਾ ਸਰੋਤ ਹੁੰਦੇ ਹੋਣ।
ਇੱਥੇ ਇਹ ਸਪੱਸ਼ਟ ਕਰਨਾ ਜ਼ਰੂਰੀ ਹੈ ਕਿ ਇਹ ਔਰਤਾਂ ਖ਼ਿਲਾਫ਼ ਹਿੰਸਾ ਨੂੰ ਜਾਇਜ਼ ਠਹਿਰਾਉਣ ਲਈ ਨਹੀਂ ਕਿਹਾ ਜਾ ਰਿਹਾ ਹੈ, ਸਗੋਂ ਇਸਨੂੰ ਸਮਝਣ ਲਈ ਕਿਹਾ ਜਾ ਰਿਹਾ ਹੈ।
ਔਰਤਾਂ ਵੱਲੋਂ ਕੀਤੀ ਹਿੰਸਾ ਕਿਸ ਤਰ੍ਹਾਂ ਦੀ ਹੈ?
ਇਹ ਇੱਕ ਅਜਿਹਾ ਨੁਕਤਾ ਹੈ ਜਿਸਨੂੰ ਵਾਰ-ਵਾਰ ਦੁਹਰਾਉਣ ਦੀ ਲੋੜ ਹੈ ਕਿ ਕਿਸੇ ਵੀ ਵਿਅਕਤੀ ਖ਼ਿਲਾਫ਼ ਹਿੰਸਾ, ਕਿਸੇ ਵੀ ਰੂਪ ਵਿੱਚ... ਜਾਇਜ਼ ਨਹੀਂ ਠਹਿਰਾਈ ਜਾ ਸਕਦੀ। ਪਰ ਜਦੋਂ ਅਸੀਂ ਹਿੰਸਾ ਨੂੰ ਔਰਤਾਂ ਵੱਲੋਂ ਕੀਤੀ ਹਿੰਸਾ ਜਾਂ ਮਰਦਾਂ ਵੱਲੋਂ ਕੀਤੀ ਹਿੰਸਾ ਵਜੋਂ ਦੇਖਦੇ ਹਾਂ, ਤਾਂ ਇਸਦੀ ਜਾਂਚ ਕਰਨੀ ਪਵੇਗੀ।
ਉਦਾਹਰਣ ਵਜੋਂ, ਔਰਤਾਂ ਵੱਲੋਂ ਖ਼ਿਲਾਫ਼ ਹਿੰਸਾ ਦੀਆਂ ਹਾਲੀਆ ਖ਼ਬਰਾਂ ਵਿੱਚ, ਇੱਕ ਤੀਜੇ ਵਿਅਕਤੀ ਦਾ ਵਾਰ-ਵਾਰ ਜ਼ਿਕਰ ਆਉਂਦਾ ਹੈ। ਮੀਡੀਆ ਵਿੱਚ, ਉਸ ਤੀਜੇ ਵਿਅਕਤੀ ਦੀ ਪਛਾਣ 'ਪ੍ਰੇਮੀ' ਵਜੋਂ ਕੀਤੀ ਜਾਂਦੀ ਹੈ।
ਇੱਥੇ ਇਹ ਸਵਾਲ ਉੱਠਣਾ ਸੁਭਾਵਿਕ ਹੈ ਕਿ ਕੀ ਇਹ ਮੁੱਦਾ ਔਰਤ ਦੇ ਆਪਣੇ ਜੀਵਨ ਸਾਥੀ ਦੀ ਚੋਣ ਕਰਨ ਦੇ ਅਧਿਕਾਰ ਨਾਲ ਤਾਂ ਸਬੰਧਿਤ ਨਹੀਂ ਹੈ? ਕੀ ਇਹ ਵਿਆਹੁਤਾ ਜੀਵਨ ਵਿੱਚ ਜਾਨਲੇਵਾ ਹਿੰਸਾ ਦਾ ਸਬੰਧ ਇਸ ਨਾਲ ਵੀ ਹੋ ਸਕਦਾ ਹੈ?
ਸਾਡਾ ਪਰਿਵਾਰ ਜਾਂ ਸਮਾਜ ਆਮ ਤੌਰ 'ਤੇ ਔਰਤ ਦੇ ਆਪਣੇ ਜੀਵਨ ਸਾਥੀ ਦੀ ਚੋਣ ਕਰਨ ਦੇ ਅਧਿਕਾਰ ਨੂੰ ਸਵੀਕਾਰ ਨਹੀਂ ਕਰਦਾ।
ਇਹ ਚਾਹੁੰਦਾ ਹੈ ਕਿ ਇੱਕ ਔਰਤ ਉਸ ਆਦਮੀ ਨੂੰ ਚੁਣੇ ਜੋ ਉਸਦਾ ਪਰਿਵਾਰ ਉਸ ਲਈ ਚੁਣਦਾ ਹੈ। ਇਸ ਨਾਲ ਅਕਸਰ ਅਜੋੜ ਜੋੜੇ ਬਣ ਜਾਂਦੇ ਹਨ।
ਔਰਤਾਂ ਇਸ ਜ਼ਬਰਦਸਤੀ ਦੇ ਫ਼ੈਸਲੇ ਦੇ ਵਿਰੁੱਧ ਮਜ਼ਬੂਤੀ ਨਾਲ ਖੜ੍ਹੇ ਹੋਣ ਵਿੱਚ ਅਸਮਰੱਥ ਹੁੰਦੀਆਂ ਹਨ।
ਨਤੀਜੇ ਵਜੋਂ, ਇਸਦਾ ਪ੍ਰਭਾਵ ਹਿੰਸਕ ਅਤੇ ਜਾਨਲੇਵਾ ਵਿਛੋੜੇ ਦੇ ਰੂਪ ਵਿੱਚ ਦਿਖਾਈ ਦਿੰਦਾ ਹੈ। ਇਹ ਅਪਰਾਧਿਕ ਹਿੰਸਾ ਨਿੱਜੀ ਹੈ।
ਦੂਜੇ ਪਾਸੇ, ਇਹ ਯਾਦ ਦਿਵਾਉਣਾ ਅਹਿਮ ਹੈ ਕਿ ਔਰਤਾਂ ਵੱਲੋਂ ਆਪਣੇ ਪਤੀਆਂ ਜਾਂ ਸਾਥੀਆਂ ਵਿਰੁੱਧ ਹਿੰਸਾ ਅਤੇ ਔਰਤਾਂ ਵਿਰੁੱਧ ਹਿੰਸਾ ਵਿੱਚ ਬਹੁਤ ਵੱਡਾ ਫ਼ਰਕ ਹੈ।
ਔਰਤਾਂ ਵਿਰੁੱਧ ਜ਼ਿਆਦਾਤਰ ਹਿੰਸਾ ਉਨ੍ਹਾਂ ਦੇ ਔਰਤਾਂ ਹੋਣ ਕਰਕੇ ਹੁੰਦੀ ਹੈ। ਇਹ ਇੱਕ ਸੂਖਮ ਪਰ ਮਹੱਤਵਪੂਰਨ ਅੰਤਰ ਹੈ।
ਉਦਾਹਰਣ ਵਜੋਂ, ਮਾਦਾ ਭਰੂਣ ਦਾ ਗਰਭਪਾਤ ਉਨ੍ਹਾਂ ਨੂੰ ਪੜ੍ਹਾਈ ਤੋਂ ਰੋਕਣਾ, ਬਲਾਤਕਾਰ, ਦਾਜ ਲਈ ਕਤਲ... ਹਿੰਸਾ ਦਾ ਇਹ ਰੂਪ ਸਿਰਫ਼ ਔਰਤਾਂ ਖ਼ਿਲਾਫ਼ ਹੈ। ਇਹ ਮੁੰਡਿਆਂ ਜਾਂ ਮਰਦਾਂ ਵਿਰੁੱਧ ਨਹੀਂ ਹੈ। ਜੇਕਰ ਇਸ ਅੰਤਰ ਨੂੰ ਸਮਝਿਆ ਨਹੀਂ ਜਾਂਦਾ, ਤਾਂ ਇਸਦਾ ਇਲਾਜ ਵੀ ਸਹੀ ਨਹੀਂ ਹੋ ਸਕਦਾ।
ਤਾਂ ਅਸੀਂ ਇਸ ਹਿੰਸਾ ਨੂੰ ਕਿਵੇਂ ਰੋਕ ਸਕਦੇ ਹਾਂ?
ਹਰ ਤਰ੍ਹਾਂ ਦੀ ਹਿੰਸਾ ਅਸਹਿਣਯੋਗ ਹੈ। ਇਹ ਇੱਕ ਅਪਰਾਧ ਹੈ। ਜੇਕਰ ਇੱਕ ਮਰਦ ਵੱਲੋਂ ਇੱਕ ਔਰਤ ਖ਼ਿਲਾਫ਼ ਹਿੰਸਾ ਗ਼ਲਤ ਹੈ, ਤਾਂ ਇੱਕ ਔਰਤ ਦੁਆਰਾ ਇੱਕ ਮਰਦ ਵਿਰੁੱਧ ਹਿੰਸਾ ਵੀ ਗ਼ਲਤ ਹੈ। ਇਸੇ ਲਈ ਔਰਤਾਂ ਦੇ ਮੁੱਦਿਆਂ 'ਤੇ ਕੰਮ ਕਰਨ ਵਾਲਾ ਹਰ ਕੋਈ ਹਿੰਸਾ-ਮੁਕਤ ਸਮਾਜ ਦੀ ਹਾਮੀ ਭਰਦਾ ਹੈ।
ਇੱਕ ਕਿਸਮ ਦੀ ਹਿੰਸਾ ਲਈ 'ਨਾਂਹ' ਅਤੇ ਦੂਜੀ ਕਿਸਮ ਦੀ ਹਿੰਸਾ ਲਈ 'ਹਾਂ' ਕਹਿਣ ਦੀ ਕੋਈ ਗੁੰਜਾਇਸ਼ ਨਹੀਂ ਹੈ। ਇਸ ਲਈ ਜੇਕਰ ਕੋਈ ਸੋਚਦਾ ਹੈ ਕਿ ਨਾਰੀਵਾਦੀ ਕਿਸੇ ਨਾ ਕਿਸੇ ਰੂਪ ਵਿੱਚ ਔਰਤਾਂ ਵੱਲੋਂ ਕੀਤੀ ਜਾਂਦੀ ਹਿੰਸਾ ਦਾ ਸਮਰਥਨ ਕਰਦੇ ਹਨ, ਤਾਂ ਉਹ ਗ਼ਲਤ ਸੋਚ ਰਿਹਾ ਹੈ।
ਹਿੰਸਾ ਦੀ ਜੜ੍ਹ ਨੂੰ ਪਛਾਣੋ: ਦੂਜੇ ਪਾਸੇ, ਅਸੀਂ ਦੇਖਦੇ ਹਾਂ ਕਿ ਸਮਾਜ ਨੇ ਔਰਤਾਂ ਵਿਰੁੱਧ ਹਿੰਸਾ ਦੇ ਹੱਕ ਵਿੱਚ ਬਹੁਤ ਸਾਰੀਆਂ ਦਲੀਲਾਂ ਦਿੱਤੀਆਂ ਹਨ। ਇਸਦੀ ਵਰਤੋਂ ਸਮੇਂ-ਸਮੇਂ 'ਤੇ ਅਤੇ ਘਟਨਾ-ਦਰ-ਘਟਨਾ ਕੀਤੀ ਜਾਂਦੀ ਹੈ।
ਉਨ੍ਹਾਂ ਲਈ ਇੱਕ ਔਰਤ ਹੋਣਾ ਖ਼ੁਦ ਉਨ੍ਹਾਂ ਵਿਰੁੱਧ ਹਿੰਸਾ ਦਾ ਕਾਰਨ ਬਣ ਜਾਂਦਾ ਹੈ। ਇਸ ਲਈ ਪਹਿਲਾ ਕਦਮ ਹਿੰਸਾ ਦੀ ਜੜ੍ਹ ਨੂੰ ਲੱਭਣਾ ਹੈ।
ਔਰਤਾਂ ਦੀ ਵੀ ਹੋਂਦ ਹੈ: ਔਰਤਾਂ ਨੂੰ ਸੁਤੰਤਰ ਸ਼ਖ਼ਸੀਅਤ ਮੰਨਿਆ ਜਾਣਾ ਚਾਹੀਦਾ ਹੈ ਅਤੇ ਇਸ ਨੂੰ ਸਵੀਕਾਰ ਕਰਨਾ ਸਿਖਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੂੰ ਜ਼ਿੰਦਗੀ ਦੇ ਚੰਗੇ ਜਾਂ ਮਾੜੇ ਫ਼ੈਸਲੇ ਲੈਣ ਦਿੱਤੇ ਜਾਣ ਅਤੇ ਉਨ੍ਹਾਂ ਫ਼ੈਸਲਿਆਂ ਦੀ ਇੱਜ਼ਤ ਕੀਤੀ ਜਾਵੇ। ਭਾਵੇਂ ਉਹ ਫ਼ੈਸਲਾ ਆਪਣੇ ਸਾਥੀ ਦੀ ਚੋਣ ਬਾਰੇ ਹੀ ਕਿਉਂ ਨਾ ਹੋਵੇ।
ਔਰਤਾਂ ਹਿੰਸਾ ਦਾ ਸਹਾਰਾ ਨਾ ਲੈਣ: ਔਰਤਾਂ ਨੂੰ ਵੀ ਇਹ ਸਮਝਣ ਦੀ ਲੋੜ ਹੈ ਕਿ ਜੇਕਰ ਉਨ੍ਹਾਂ ਵਿਰੁੱਧ ਕੁਝ ਹੋ ਰਿਹਾ ਹੈ, ਤਾਂ ਉਨ੍ਹਾਂ ਨੂੰ ਬੋਲਣਾ ਚਾਹੀਦਾ ਹੈ, ਇਨਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਆਪਣੀ ਜ਼ਿੰਦਗੀ ਬਾਰੇ ਫ਼ੈਸਲਾ ਲੈਣ ਦਾ ਅਧਿਕਾਰ ਹੈ... ਪਰ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਲਈ ਕਿਸੇ ਦੀ ਜਾਨ ਲੈਣ ਦਾ ਅਧਿਕਾਰ ਨਹੀਂ ਹੈ।
ਇਹ ਇੱਕ ਅਪਰਾਧ ਹੈ। ਅਪਰਾਧ ਲਈ ਸਜ਼ਾ ਹੈ। ਉਹ ਅਪਰਾਧ ਕਰਕੇ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਨਹੀਂ ਬਣਾ ਸਕਦੀਆਂ। ਇਸ ਲਈ ਉਨ੍ਹਾਂ ਨੂੰ ਹਿੰਸਾ ਨੂੰ ਰੱਦ ਕਰਨਾ ਚਾਹੀਦਾ ਹੈ।
ਹਰ ਤਰ੍ਹਾਂ ਦੀ ਹਿੰਸਾ ਵਿਰੁੱਧ ਆਵਾਜ਼: ਜੇਕਰ ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਵਿੱਚ ਬਲਾਤਕਾਰ ਦੀ ਘਟਨਾ ਜਾਂ ਦਿੱਲੀ ਵਿੱਚ ਚੱਲਦੀ ਬੱਸ ਵਿੱਚ ਸਮੂਹਿਕ ਬਲਾਤਕਾਰ ਦੀ ਘਟਨਾ ਨਾ ਹੁੰਦੀ, ਤਾਂ ਕੀ ਅਸੀਂ ਅੱਜ ਔਰਤਾਂ ਵਿਰੁੱਧ ਹੋਣ ਵਾਲੀ ਹਰ ਹਿੰਸਾ ਬਾਰੇ ਇੰਨਾ ਰੌਲਾ ਪਾਉਂਦੇ? ਬਿਲਕੁਲ ਨਹੀਂ।
ਜੇਕਰ ਅਸੀਂ ਸੱਚਮੁੱਚ ਹਿੰਸਾ ਦੇ ਖ਼ਿਲਾਫ਼ ਹਾਂ, ਤਾਂ ਸਾਨੂੰ ਹਰ ਤਰ੍ਹਾਂ ਦੀ ਹਿੰਸਾ ਵਿਰੁੱਧ ਉਸੇ ਸ਼ਿੱਦਤ ਨਾਲ ਆਪਣੀ ਆਵਾਜ਼ ਚੁੱਕਣੀ ਚਾਹੀਦੀ ਹੈ।
ਅੰਕੜੇ ਇਕੱਠੇ ਕੀਤੇ ਜਾਣ: ਮਰਦਾਂ ਵਿਰੁੱਧ ਉਨ੍ਹਾਂ ਦੀਆਂ ਪਤਨੀਆਂ ਵੱਲੋਂ ਕੀਤੀ ਗਈ ਹਿੰਸਾ ਨੂੰ ਵੱਖਰੇ ਤੌਰ 'ਤੇ ਦਰਜ ਕੀਤਾ ਜਾਣਾ ਚਾਹੀਦਾ ਹੈ। ਇਹ ਇਸ ਸੱਚਾਈ ਨੂੰ ਸਮਝਣ ਵਿੱਚ ਮਦਦ ਕਰੇਗਾ ਕਿ ਅਸਲ ਵਿੱਚ ਸਮੂਹਿਕ ਤੌਰ 'ਤੇ ਹਿੰਸਾ ਦੇ ਡਰ ਹੇਠ ਕਿਸਦੀਆਂ ਜ਼ਿੰਦਗੀਆਂ ਹਨ।
ਅਤੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਔਰਤਾਂ ਨੂੰ ਹਿੰਸਾ ਦੇ ਹਰ ਰੂਪ ਨੂੰ ਰੱਦ ਕਰਨਾ ਚਾਹੀਦਾ ਹੈ।
ਹਿੰਸਾ ਦੀ ਵਰਤੋਂ ਕਰਕੇ ਹਿੰਸਾ-ਮੁਕਤ ਅਤੇ ਬਰਾਬਰੀ ਵਾਲਾ ਸਮਾਜ ਨਹੀਂ ਬਣਾਇਆ ਜਾ ਸਕਦਾ।
ਨਹੀਂ ਤਾਂ, ਇਹ ਮਰਦ-ਪ੍ਰਧਾਨ ਸਮਾਜ ਨਾ ਸਿਰਫ਼ ਉਨ੍ਹਾਂ ਖ਼ਿਲਾਫ਼ ਵਿਆਪਕ ਹਿੰਸਾ ਨੂੰ ਨਜ਼ਰਅੰਦਾਜ਼ ਕਰੇਗਾ, ਸਗੋਂ ਇਸਦੇ ਵਿਰੁੱਧ ਇੱਕ ਮਾਹੌਲ ਵੀ ਬਣਾਏਗਾ ਅਤੇ ਇਹ ਅਜਿਹਾ ਕਰ ਰਿਹਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ