ਕੀ ਅਸੀਂ ਸੌਣ ਤੋਂ ਪਹਿਲਾਂ ਜੋ ਸੋਚਦੇ ਹਾਂ ਉਸ ਦਾ ਸਾਡੀ ਨੀਂਦ ਉੱਤੇੇ ਕੋਈ ਅਸਰ ਪੈਂਦਾ ਹੈ?

    • ਲੇਖਕ, ਮੇਲਿੰਡਾ ਜੈਕਸਨ ਅਤੇ ਹੈਲੀ ਮੀਕਲੀਮ
    • ਰੋਲ, ਦਿ ਕਨਵਰਸੇਸ਼ਨ

ਤੁਸੀਂ ਬਿਸਤਰੇ ਉੱਤੇ ਸੌਣ ਦੀ ਕੋਸ਼ਿਸ਼ ਕਰ ਰਹੇ ਹੋ, ਪਰ ਤੁਹਾਡੇ ਵਿਚਾਰ ਨਹੀਂ ਰੁਕਣ ਦਾ ਨਾਮ ਨਹੀਂ ਲੈ ਰਹੇ।

ਤੁਹਾਡਾ ਦਿਮਾਗ ਅਗਲੇ ਦਿਨ ਦੀ ਵਿਉਂਤਬੰਧੀ ਕਰਨ ਵਿੱਚ ਰੁੱਝਿਆ ਹੋਇਆ ਹੈ। ਕੁਝ ਗੱਲਾਂ ਉੱਤੇ ਪਛਤਾਵਾ ਕਰਦਾ ਹੈ /ਉਨ੍ਹਾਂ ਦੀ ਜੁਗਾਲੀ ਕਰਦਾ ਹੈ ("ਮੈਂ ਇਹ ਜਾਂ ਉਹ ਕਿਉਂ ਕਿਹਾ?"), ਜਾਂ ਕੋਈ ਹੋਰ ਅਜਿਹੀ ਚੀਜ਼ ਬਾਰੇ ਸੋਚਣ ਲੱਗੇਗਾ ਜਿਸ ਦੀ ਉਸ ਸਮੇਂ ਕੋਈ ਤੁਕ ਨਹੀਂ ਹੁੰਦੀ ("ਮੇਰਾ ਜਨਮ ਸਰਟੀਫਿਕੇਟ ਕਿੱਥੇ ਹੈ?")।

ਸੋਸ਼ਲ ਮੀਡੀਆ ਉੱਤੇ ਬਹੁਤ ਸਾਰੇ ਲੋਕ ਛੇਤੀ ਸੌਣ ਦੇ ਤਰੀਕੇ ਸਾਂਝੇ ਕਰਦੇ ਰਹਿੰਦੇ ਹਨ। ਕੁਝ ਲੋਕ ਕਹਿੰਦੇ ਹਨ ਕਿ ਕੋਈ ਅਜਿਹੀ ਕਹਾਣੀ ਘੜ ਲਓ ਜਿਸਦੇ ਤੁਸੀਂ ਹੀ ਕੇਂਦਰੀ ਪਾਤਰ ਹੋ। ਇਸ ਨਾਲ ਤੁਹਾਨੂੰ ਜਲਦੀ ਸੌਣ ਵਿੱਚ ਮਦਦ ਮਿਲ ਸਕਦੀ ਹੈ।

ਖੋਜ ਇਸ ਬਾਰੇ ਕੀ ਕਹਿੰਦੀ ਹੈ? ਕੀ ਅਸੀਂ ਸੌਣ ਤੋਂ ਪਹਿਲਾਂ ਜੋ ਸੋਚਦੇ ਹਾਂ ਉਸ ਦਾ ਸਾਡੀ ਨੀਂਦ ਉੱਤੇੇ ਕੋਈ ਅਸਰ ਪੈਂਦਾ ਹੈ?

ਸੋਚ ਦਾ ਨੀਂਦ ਉੱਤੇ ਅਸਰ

ਇਹ ਪਤਾ ਚਲਦਾ ਹੈ ਕਿ ਜੋ ਲੋਕ ਚੰਗੀ ਨੀਂਦ ਸੌਂਦੇੇ ਹਨ ਅਤੇ ਜਿਨ੍ਹਾਂ ਲੋਕਾਂ ਦੀ ਨੀਂਦ ਦੀ ਕੱਚੀ ਜਾਂ ਕਹਿ ਲਓ ਮਾੜੀ ਹੁੰਦੀ ਹੈ, ਸੌਣ ਤੋਂ ਪਹਿਲਾਂ ਦੋਵਾਂ ਦੀ ਸੋਚ ਦੇ ਵਿਸ਼ੇ ਵੱਖੋ-ਵੱਖਰੇ ਹੁੰਦੇ ਹਨ।

ਚੰਗੀ ਨੀਂਦ ਸੌਣ ਵਾਲੇ ਲੋਕਾਂ ਨੂੰ ਸੌਂਦੇ ਸਮੇਂ (ਲੋਕਾਂ ਅਤੇ ਵਸਤੂਆਂ ਦੀ ਕਲਪਨਾ ਕਰਦੇ ਹਨ, ਮਹਿਸੂਸ ਕਰਦੇ ਅਤੇ ਸੁਪਨੇ ਵਰਗੇ ਅਨੁਭਵ ਕਰਦੇ) ਜ਼ਿਆਦਾਤਰ ਲੋਕ ਇੰਝ ਕਲਪਨਾ ਕਰਦੇ ਹਨ ਕਿ ਉਹ ਕਿਸੇ ਦ੍ਰਿਸ਼ ਨੂੰ ਆਪਣੇ ਸਾਹਮਣੇ ਵਾਪਰਦਾ ਦੇਖ ਰਹੇ ਹਨ।

ਉੁਨ੍ਹਾਂ ਦੇ ਵਿਚਾਰਾਂ ਵਿੱਚ ਤਰਤੀਬ ਦੀ ਕਮੀ ਹੁੰਦੀ ਅਤੇ ਵਧੇਰੇ ਭਰਮ ਸਿਰਜਣ ਵਾਲੇ ਹੋ ਸਕਦੇ ਹਨ, ਜਿਵੇਂ ਕਿ ਕਲਪਨਾ ਕਰਨਾ ਕਿ ਉਹ ਅਸਲ ਵਿੱਚ ਕਿਸੇ ਘਟਨਾ ਨੂੰ ਜਿਉਂ ਰਹੇ ਹਨ। ਉਸ ਵਿੱਚ ਸ਼ਾਮਲ ਹਨ।

ਇਨਸੌਮਨੀਆ ਵਾਲੇ ਲੋਕਾਂ ਲਈ, ਸੌਣ ਤੋਂ ਪਹਿਲਾਂ ਦੇ ਵਿਚਾਰਾਂ ਵਿੱਚ ਦ੍ਰਿਸ਼ਾਂ ਦੀ ਕਮੀ ਹੁੰਦੀ ਹੈ ਯੋਜਨਾਬੰਦੀ ਅਤੇ ਸਮੱਸਿਆ ਹੱਲ ਕਰਨ ਬਾਰੇੇ ਜ਼ਿਆਦਾ ਸੋਚਦੇੇ ਹਨ।

ਇਹ ਵਿਚਾਰ ਆਮ ਤੌਰ 'ਤੇ ਉਨ੍ਹਾਂ ਲੋਕਾਂ ਦੇ ਮੁਕਾਬਲੇ ਘੱਟ ਸੁਹਾਵਣੇ ਅਤੇ ਘੱਟ ਬੇਤਰਤੀਬੇ ਹੁੰਦੇ ਹਨ ਜੋ ਚੰਗੀ ਨੀਂਦ ਲੈਂਦੇ ਹਨ।

ਇਨਸੌਮਨੀਆ ਵਾਲੇ ਲੋਕ ਜਦੋਂ ਸੌਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਨੀਂਦ ਬਾਰੇ ਤਣਾਅ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਇਹ ਚਿੰਤਾ ਉਨ੍ਹਾਂ ਨੂੰ ਇੱਕ ਘੁੰਮਣਘੇਰੀ ਵੱਲ ਲੈ ਜਾਂਦੀ ਹੈ। ਜਦੋਂ ਉਹ ਨੀਂਦ ਦੀ ਫਿਕਰ ਕਰਦੇ ਹਨ ਤਾਂ ਉਹ ਹੋਰ ਵੀ ਜ਼ਿਆਦਾ ਜਾਗਦੇ ਹਨ।

ਇਨਸੌਮਨੀਆ ਵਾਲੇ ਲੋਕ ਅਕਸਰ ਚਿੰਤਾ ਕਰਨ, ਯੋਜਨਾ ਬਣਾਉਣ, ਜਾਂ ਸੌਣ ਵੇਲੇ ਹੋਰ ਮਹੱਤਵਪੂਰਣ ਚੀਜ਼ਾਂ ਬਾਰੇ ਸੋਚਣ, ਜਾਂ ਵਾਤਾਵਰਣ ਵਿੱਚ ਸਮੱਸਿਆਵਾਂ ਜਾਂ ਰੌਲੇ-ਰੱਪੇ ਵੱਲ ਧਿਆਨ ਟਿਕਣ ਦਾ ਜ਼ਿਕਰ ਕਰਦੇ ਹਨ, ਅਤੇ ਨੀਂਦ ਨਾ ਆਉਣ ਉਨ੍ਹਾਂ ਲਈ ਇੱਕ ਆਮ ਗੱਲ਼ ਹੁੰਦੀ ਹੈੈ।

ਬਦਕਿਸਮਤੀ ਨਾਲ, ਇਹ ਸਾਰੀ ਮਾਨਸਿਕ ਦੌੜਭੱਜ ਤੁਹਾਨੂੰ ਸੌਣ ਤੋਂ ਰੋਕ ਸਕਦੀ ਹੈ।

ਇੱਕ ਅਧਿਐਨ ਮੁਤਾਬਕ ਜੋ ਲੋਕ ਆਮ ਤੌਰ 'ਤੇ ਚੰਗੀ ਤਰ੍ਹਾਂ ਸੌਂਦੇ ਹਨ, ਜੇਕਰ ਉਹ ਸੌਣ ਵੇਲੇ ਕਿਸੇ ਚੀਜ਼ ਬਾਰੇ ਤਣਾਅ ਵਿੱਚ ਹੁੰਦੇ ਹਨ (ਜਿਵੇਂ ਕਿ ਅਗਲੀ ਸਵੇਰ ਨੂੰ ਭਾਸ਼ਣ ਦੇਣਾ) ਉਨ੍ਹਾਂ ਨੂੰ ਵੀ ਸੌਣ ਵਿੱਚ ਮੁਸ਼ਕਲ ਹੋ ਸਕਦੀ ਹੈ।

ਸੌਣ ਵੇਲੇ ਹਲਕਾਫੁਲਕਾ ਤਣਾਅ ਵੀ ਉਸ ਰਾਤ ਦੀ ਨੀਂਦ ਉੱਤੇ ਅਸਰ ਕਰ ਸਕਦਾ ਹੈ।

ਲਗਾਤਾਰ ਟੀਵੀ ਦੇਖਦੇ ਰਹਿਣਾ

400 ਨੌਜਵਾਨ ਬਾਲਗਾਂ ਉੱਪਰ ਕੀਤੇ ਗਏ ਇੱਕ ਹੋਰ ਅਧਿਐਨ ਵਿੱਚ ਇਹ ਪਤਾ ਲਾਇਆ ਗਿਆ ਕਿ ਦੇਰ ਤੱਕ ਅਤੇ ਲਗਾਤਾਰ ਟੀਵੀ ਦੇਖਣ ਨਾਲ ਨੀਂਦ ਉੱਤੇ ਕੀ ਫਰਕ ਪੈਂਦਾ ਹੈ।

ਸਾਇੰਸਦਾਨਾਂ ਨੇ ਦੇਖਿਆ ਕਿ ਬਹੁਤ ਜ਼ਿਆਦਾ ਟੀਵੀ ਦੇਖਣ ਦਾ ਸੰਬੰਧ ਮਾੜੀ ਨੀਂਦ ਵਧੇਰੇ ਥਕਾਵਟ, ਅਤੇ ਇਨਸੌਮਨੀਆ ਦੇ ਲੱਛਣਾਂ ਨਾਲ ਦੇਖਿਆ ਗਿਆ ਹੈ।

"ਗਿਆਨਾਤਮਿਕ ਉਤਸ਼ਾਹ" (ਕਾਗਨਿਟਿਵ ਅਰਾਊਜ਼ਲ) ਜਾਂ ਮਾਨਸਿਕ ਸਰਗਰਮੀ, ਇੱਕ ਦਿਲਚਸਪ ਬਿਰਤਾਂਤ ਅਤੇ ਪਾਤਰਾਂ ਨਾਲ ਇੱਕਮਿਕਤਾ ਮਹਿਸੂਸ ਕਰਨਾ ਵੀ ਇਸ ਵਿੱਚ ਭੂਮਿਕਾ ਨਿਭਾ ਸਕਦਾ ਹੈ।

ਖ਼ੁਸ਼ਖ਼ਬਰੀ ਇਹ ਹੈ ਕਿ ਅਜਿਹੀਆਂ ਤਕਨੀਕਾਂ ਮੌਜੂਦ ਹਨ ਜੋ ਤੁਸੀਂ ਸੌਣ ਤੋਂ ਪਹਿਲਾਂ ਆਪਣੇ ਵਿਚਾਰਾਂ ਦੀ ਸ਼ੈਲੀ ਅਤੇ ਸਮੱਗਰੀ ਨੂੰ ਬਦਲਣ ਲਈ ਵਰਤ ਸਕਦੇ ਹੋ।

ਇਹ ਰਾਤ ਦੇ ਸਮੇਂ ਦੇ ਗਿਆਨਾਤਮਿਕ ਉਤਸ਼ਾਹ ਨੂੰ ਘਟਾਉਣ ਜਾਂ ਅਣਚਾਹੇ ਵਿਚਾਰਾਂ ਨੂੰ ਵਧੇਰੇ ਅਨੰਦਦਾਇਕ ਵਿਚਾਰਾਂ ਨਾਲ ਬਦਲਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ। ਇਹਨਾਂ ਤਕਨੀਕਾਂ ਨੂੰ "ਕਾਗਨਿਟਿਵ ਰੀਫੋਕਸਿੰਗ" ਕਿਹਾ ਜਾਂਦਾ ਹੈ।

ਕਾਗਨਿਟਿਵ ਰੀਫੋਕਸਿੰਗ

ਕਾਗਨਿਟਿਵ ਰੀਫੋਕਸਿੰਗ ਦੀ ਵਿਧੀ ਅਮਰੀਕੀ ਮਨੋਵਿਗਿਆਨੀ ਅਤੇ ਖੋਜੀ ਲੇਸ ਗੇਲਿਸ ਨੇ ਵਿਕਸਿਤ ਕੀਤੀ ਹੈ। ਇਸ ਵਿਧੀ ਵਿੱਚ ਸੌਣ ਤੋਂ ਪਹਿਲਾਂ ਆਪਣੇ ਆਪ ਨੂੰ ਅਨੰਦਮਈ ਵਿਚਾਰਾਂ ਵਿੱਚ ਲਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈੈ।

ਇਹ ਸੋਸ਼ਲ ਮੀਡੀਆ ਉਪਭੋਗਤਾਵਾਂ ਦੁਆਰਾ ਪੋਸਟ ਕੀਤੇ "ਮਨਘੜਤ ਦ੍ਰਿਸ਼ਾਂ" ਦੀ ਕਲਪਨਾ ਵਰਗਾ ਹੈ, ਪਰ ਇਸ ਵਿਧੀ ਵਿੱਚ ਤੁਸੀਂ ਜੋ ਸੋਚੋ ਉਹ ਬਹੁਤਾ ਦਿਲਚਸਪ ਨਹੀਂ ਹੋਣਾ ਚਾਹੀਦਾ।

ਸੌਣ ਤੋਂ ਪਹਿਲਾਂ ਤੈਅ ਕਰ ਲਓ ਕਿ ਜਦੋਂ ਤੁਸੀਂ ਸੌਂਣ ਦੀ ਉਮੀਦ ਵਿੱਚ, ਲੇਟਦੇ ਹੋ ਤਾਂ ਤੁਸੀਂ ਕਿਸ ਬਾਰੇ ਸੋਚੋਂਗੇ।

ਤੁਹਾਨੂੰ ਸਰੀਰਕ ਜਾਂ ਭਾਵਨਾਤਮਕ ਤੌਰ ਤੇ ਉਤੇਜਿਤ ਹੋਏ ਬਿਨਾਂਂ, ਕਿਸੇ ਅਜਿਹੇ ਵਿਸ਼ੇ ਬਾਰੇ ਸੋਚੋ ਜੋ ਤੁਹਾਡੀ ਦਿਲਚਸਪੀ ਨੂੰ ਪਕੜ ਕੇ ਰੱਖ ਸਕੇ। ਧਿਆਨ ਰਹੇ ਕਿ ਵਿਸ਼ਾ-ਵਸਤੂ ਵਿੱਚ ਕੁਝ ਵੀ ਡਰਾਉਣਾ, ਰੋਮਾਂਚਕ ਜਾਂ ਤਣਾਅਪੂਰਨ ਨਾ ਹੋਵੇ।

ਉਦਾਹਰਨ ਲਈ, ਜੇਕਰ ਤੁਸੀਂ ਘਰਾਂ ਦੀ ਅੰਦਰੂਨੀ ਸਜਾਵਟ ਦੇ ਕੰਮਕਾਰ ਵਿੱਚ ਹੋ, ਤਾਂ ਤੁਸੀਂ ਆਪਣੇ ਘਰ ਦੇ ਕਿਸੇ ਕਮਰੇ ਨੂੰ ਮੁੜ ਡਿਜ਼ਾਈਨ ਕਰਨ ਬਾਰੇ ਸੋਚ ਸਕਦੇ ਹੋ। ਜੇਕਰ ਤੁਸੀਂ ਇੱਕ ਫੁੱਟਬਾਲ ਪ੍ਰੇਮੀ ਹੋ, ਤਾਂ ਤੁਸੀਂ ਆਪਣੇ ਦਿਮਾਗ ਵਿੱਚ ਗੇਮ ਦੇ ਇੱਕ ਹਿੱਸੇ ਨੂੰ ਦੁਹਰਾ ਸਕਦੇ ਹੋ ਜਾਂ ਇੱਕ ਗੇਮ ਪਲਾਨ ਦੀ ਕਲਪਨਾ ਕਰ ਸਕਦੇ ਹੋ।

ਇੱਕ ਸੰਗੀਤ ਪ੍ਰਸ਼ੰਸਕ ਮਾਨਸਿਕ ਤੌਰ 'ਤੇ ਆਪਣੀ ਮਨਪਸੰਦ ਐਲਬਮ ਦੇ ਬੋਲ ਸੁਣ ਸਕਦਾ ਹੈ। ਕੋਈ ਵਿਅਕਤੀ ਜੋ ਬੁਣਨਾ ਪਸੰਦ ਕਰਦਾ ਹੈ, ਉਹ ਕਿਸੇ ਬੁਣਤੀ ਦੇ ਕਿਸੇ ਨਵੇਂ ਨਮੂਨੇ ਦੀ ਕਲਪਨਾ ਕਰ ਸਕਦਾ ਹੈ।

ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕੀ ਚੁਣਦੇ ਹੋ, ਬਸ ਵਿਸ਼ਾ ਅਜਿਹਾ ਹੋਵੇ ਜੋ ਤੁਹਾਡੇ ਅਤੇ ਤੁਹਾਡੀਆਂ ਦਿਲਚਸਪੀਆਂ ਦੇ ਅਨੁਕੂਲ ਹੋਵੇ। ਕੰਮ ਨੂੰ ਬਹੁਤ ਜ਼ਿਆਦਾ ਉਤੇਜਿਤ ਕਰਨ ਵਾਲਾ ਨਾ ਹੋਵੇਂ ਪਰ ਮਜ਼ੇਦਾਰ ਅਤੇ ਖੁਸ਼ੀ ਦੇਣ ਵਾਲਾ ਹੋਣਾ ਚਾਹੀਦਾ ਹੈ।

ਕਾਗਨਿਟਿਵ ਰੀਫੋਕਸਿੰਗ ਰਾਮਬਾਣੀ ਹੱਲ ਨਹੀਂ ਹੈ, ਪਰ ਇਹ ਮਦਦ ਕਰ ਸਕਦਾ ਹੈ।

ਇਨਸੌਮਨੀਆ ਵਾਲੇ ਲੋਕਾਂ ਦੇ ਇੱਕ ਅਧਿਐਨ ਵਿੱਚ ਦੇਖਿਆ ਗਿਆ ਕਿ ਜਿਨ੍ਹਾਂ ਲੋਕਾਂ ਨੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਉਨ੍ਹਾਂ ਨੇ ਕੰਟਰੋਲਡ ਸਮੂਹ (ਜਿਨ੍ਹਾਂ ਨੇ ਅਜਿਹਾ ਨਹੀਂ ਕੀਤਾ) ਦੇ ਮੁਕਾਬਲੇ ਇਨਸੌਮਨੀਆ ਦੇ ਲੱਛਣਾਂ ਵਿੱਚ ਮਹੱਤਵਪੂਰਨ ਸੁਧਾਰ ਦਾ ਅਨੁਭਵ ਕੀਤਾ।

ਧਿਆਨ ਲਾਉਣਾ ਅਤੇ ਮਾਈਂਡਫੁਲਨੈਸ

ਇਕ ਹੋਰ ਪ੍ਰਾਚੀਨ ਤਕਨੀਕ ਹੈ ਧਿਆਨ ਲਾਉਣਾ ਅਤੇ ਮਾਈਂਡਫੁਲਨੈਸ।

ਧਿਆਨ ਦਾ ਅਭਿਆਸ ਸਾਡੀ ਸਵੈ-ਜਾਗਰੂਕਤਾ ਨੂੰ ਵਧਾ ਸਕਦਾ ਹੈ ਅਤੇ ਸਾਨੂੰ ਸਾਡੇ ਵਿਚਾਰਾਂ ਬਾਰੇ ਵਧੇਰੇ ਜਾਗਰੂਕ ਕਰ ਸਕਦਾ ਹੈ। ਇਹ ਸਾਨੂੰ ਨਕਾਰਤਮਕ ਵਿਚਾਰਾਂ ਉੱਪਰ ਸੋਚਦੇ ਰਹਿਣ (ਰੁਮੀਨੇਟਿਵ ਥਿੰਕਿੰਗ) ਤੋਂ ਖੁਦ ਨੂੰ ਰੋਕਣ ਵਿੱਚ ਮਦਦ ਕਰ ਸਕਦਾ ਹੈ। ਅਕਸਰ, ਜਦੋਂ ਅਸੀਂ ਵਿਚਾਰਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਸਥਿਤੀ ਵਿਗੜ ਸਕਦੀ ਹੈ।

ਇਸ ਅਭਿਆਸ ਵਿੱਚ ਸਿਖਲਾਈ ਸਾਨੂੰ ਇਹ ਪਛਾਣਨ ਵਿੱਚ ਮਦਦ ਕਰ ਸਕਦੀ ਹੈ ਕਿ ਕਦੋਂ ਅਸੀਂ ਨਕਾਰਤਮਕ ਵਿਚਾਰਾਂ ਦੀ ਘੁੰਮਣਘੇਰੀ ਵਿੱਚ ਦਾਖਲ ਹੁੰਦੇ ਹਾਂ। ਜਿਵੇਂ ਕੋਈ ਬੇਲਾਗ ਖੜ੍ਹਾ ਕਿਸੇ ਘਟਨਾ ਨੂੰ ਵਾਪਰਦੇ ਦੇਖ ਰਿਹਾ ਹੋਵੇ। ਇਸੇ ਤਰ੍ਹਾਂ ਅਸੀਂ ਆਪਣੇ ਵਿਚਾਰਾਂ ਦੇ ਦਰਸ਼ਕ ਬਣ ਜਾਂਦੇ ਹਾਂ।

ਇਸ ਦੇ ਉਲਟ ਜੇ ਅਸੀਂ ਚੱਲ ਰਹੇ ਵਿਚਾਰਾਂ ਵਿੱਚ ਦਖਲ ਦੇ ਕੇ ਉਨ੍ਹਾਂ ਨੂੰ ਦੱਬਣ ਜਾਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰੀਏ ਤਾਂ ਅਸੀਂ ਉਸ ਵਿੱਚ ਗਰਕਦੇ ਚਲੇ ਜਾਂਦੇ ਹਾਂ।

ਆਪਣੇ ਵਿਚਾਰਾਂ ਨੂੰ ਨਿਰਣਾ ਕੀਤੇ ਬਿਨਾਂ, ਉਨ੍ਹਾਂ ਨੂੰ ਵੇਖਣ ਦੀ ਕੋਸ਼ਿਸ਼ ਕਰੋ। ਤੁਸੀਂ ਆਪਣੇ ਵਿਚਾਰਾਂ ਨੂੰ "ਹੈਲੋ" ਵੀ ਕਹਿ ਸਕਦੇ ਹੋ ਅਤੇ ਉਹਨਾਂ ਨੂੰ ਲੰਘਣ ਅਤੇ ਜਾਣ ਦਿਓ। ਉਹਨਾਂ ਨੂੰ ਬਣੇੇ ਰਹਿਣ ਦਿਓ ਅਤੇ ਦੇਖੋ ਕਿ ਉਹ ਕੀ ਹਨ: ਉਹ ਸਿਰਫ਼ ਵਿਚਾਰ ਹਨ, ਹੋਰ ਕੁਝ ਨਹੀਂ।

ਉਪਰੋਕਤ ਖੋਜ ਨੇ ਦਿਖਾਇਆ ਹੈ ਕਿ ਮਾਈਂਡਫੁਲਨੈਸ ਅਧਾਰਤ ਥੈਰੇਪੀਆਂ ਇਨਸੌਮਨੀਆ ਵਿੱਚ ਮਦਦ ਕਰ ਸਕਦੀਆਂ ਹਨ।

ਇਹ ਵਿਧੀਆਂ ਮਾਨਸਿਕ ਸਮੱਸਿਆਵਾਂ ਜਿਵੇਂ ਕਿ ਬਾਈਪੋਲਰ ਡਿਸਆਰਡਰ, ਕਿਸੇ ਚੀਜ਼ ਬਾਰੇ ਇੰਨਾ ਸੋਚੀ ਜਾਣਾ ਕਿ ਤੁਹਾਡੀ ਮਜਬੂਰੀ ਬਣ ਜਾਵੇ ( ਔਬਸੈਸਿਵ-ਕੰਪਲਸਿਵ- ਡਿਸਆਰਡਰ) ਅਤੇ ਸ਼ਾਈਜ਼ੋਫਰੀਨੀਆ ਵਾਲੇ ਲੋਕਾਂ ਨੂੰ ਵਧੇਰੇ ਨੀਂਦ ਵਿੱਚ ਵੀ ਮਦਦ ਕਰ ਸਕਦੀਆ ਹਨ।

ਸੌਣ ਤੋਂ ਪਹਿਲਾਂ ਮਨ ਸ਼ਾਂਤ ਕਰਨ ਦੇ ਉਪਾਅ

ਤੁਹਾਡੇ ਉੱਠਦਿਆਂ ਹੀ ਚੰਗੀ ਨੀਂਦ ਦੀ ਸ਼ੁਰੂਆਤ ਹੋ ਜਾਂਦੀ ਹੈ। ਆਪਣੇ ਆਪ ਨੂੰ ਰਾਤ ਦੀ ਚੰਗੀ ਨੀਂਦ ਦੇਣ ਦਾ ਸਭ ਤੋਂ ਵਧੀਆ ਮੌਕਾ ਦੇਣ ਲਈ, ਹਰ ਰੋਜ਼ ਇੱਕ ਤੈਅ ਸਮੇਂ 'ਤੇ ਸੌਣਾ ਅਤੇ ਜਾਗਣਾ ਸ਼ੁਰੂ ਕਰੋ। ਹਰ ਰੋਜ਼ ਸਵੇਰ ਦੇ ਸੂਰਜ ਦੇ ਸਨਮੁੱਖ ਹੋਵੋ। ਪਿਛਲੀ ਰਾਤ ਤੁਸੀਂ ਚੰਗੀ ਤਰ੍ਹਾਂ ਸੁੱਤੇ ਸੀ ਜਾਂ ਨਹੀਂ, ਸਵੇਰ ਦਾ ਸੂਰਜ ਜ਼ਰੂਰ ਦੇਖੋ।

ਇਕਸਾਰ ਸੌਣ ਦਾ ਸਮਾਂ ਰੱਖੋ, ਰਾਤ ​​ਨੂੰ ਤਕਨਾਲੋਜੀ ਦੀ ਵਰਤੋਂ ਨੂੰ ਸੀਮਤ ਕਰੋ ਅਤੇ ਦਿਨ ਵਿਚ ਨਿਯਮਿਤ ਤੌਰ 'ਤੇ ਕਸਰਤ ਕਰੋ।

ਜੇ ਸੌਣ ਲਈ ਜਾਂਦੇ ਸਮੇਂ ਤੁਹਾਡਾ ਦਿਮਾਗ ਰੁੱਝਿਆ ਹੋਇਆ ਹੈ, ਕਾਗਨਿਟਿਵ ਰੀਫੋਕਸਿੰਗ ਦਾ ਅਭਿਆਸ ਕਰਨ ਦੀ ਕੋਸ਼ਿਸ਼ ਕਰੋ।

ਕਿਸੇ "ਮਨਘੜਤ ਦ੍ਰਿਸ਼" ਬਾਰੇ ਸੋਚੋ ਜਿਸ ਵਿੱਚ ਤੁਹਾਡਾ ਮਨ ਲੱਗੇ ਪਰ ਤੁਹਾਨੂੰ ਉਤੇਜਿਤ ਨਾ ਕਰੇ।

ਜਦੋਂ ਤੁਸੀਂ ਸੌਂ ਜਾਂਦੇ ਸਮੇਂ ਉਸ ਬਾਰੇ ਸੋਚਣ ਦਾ ਅਭਿਆਸ ਕਰੋ।

ਤੁਸੀਂ ਇਹ ਵੀ ਅਜ਼ਮਾ ਕੇ ਦੇਖ ਸਕਦੇ ਹੋ:

  • ਸੌਣ ਅਤੇ ਜਾਗਣ ਦਾ ਇਕਸਾਰ ਰੁਟੀਨ ਬਣਾਈ ਰੱਖੋ, ਤਾਂ ਜੋ ਤੁਹਾਡਾ ਦਿਮਾਗ ਆਰਾਮ ਕਰ ਸਕੇ
  • ਦਿਨ ਵਿੱਚ ਕਿਸੇ ਸਮੇਂ ਆਪਣੀਆਂ ਚਿੰਤਾਵਾਂ ਨੂੰ ਲਿਖੋ (ਤਾਂ ਜੋ ਤੁਸੀਂ ਸੌਣ ਵੇਲੇ ਉਹਨਾਂ ਬਾਰੇ ਨਾ ਸੋਚੋ)
  • ਵਧੇਰੇ ਦਿਆਲੂ ਬਣੋ (ਸੌਣ ਵੇਲੇ ਆਪਣੀਆਂ ਕਲਪਿਤ ਘਾਟਾਂ ਲਈ ਖੁਦ ਨੂੰ ਕੋਸੋ ਨਾ)

* ਮੇਲਿੰਡਾ ਜੈਕਸਨ ਟਰਨਰ ਇੰਸਟੀਚਿਊਟ ਫਾਰ ਬਰੇਨ ਐਂਡ ਮੈਂਟਲ ਹੈਲਥ, ਸਕੂਲ ਆਫ ਸਾਈਕੋਲੋਜੀਕਲ ਸਾਇੰਸਿਜ਼, ਮੋਨਾਸ਼ ਯੂਨੀਵਰਸਿਟੀ, ਆਸਟ੍ਰੇਲੀਆ ਵਿੱਚ ਐਸੋਸੀਏਟ ਪ੍ਰੋਫੈਸਰ ਹਨ। ਹੈਲੀ ਮੀਕਲੀਮ, ਮੈਲਬੌਰਨ ਯੂਨੀਵਰਸਿਟੀ, ਆਸਟ੍ਰੇਲੀਆ ਵਿੱਚ ਮਨੋਵਿਗਿਆਨੀ ਅਤੇ ਨੀਂਦ ਖੋਜਕਰਤਾ ਹਨ।

*ਇਹ ਲੇਖ ਦਿ ਕਨਵਰਸੇਸ਼ਨ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ ਅਤੇ ਇੱਥੇ ਇੱਕ ਕਰੀਏਟਿਵ ਕਾਮਨਜ਼ ਲਾਇਸੰਸ ਦੇ ਤਹਿਤ ਦੁਬਾਰਾ ਤਿਆਰ ਕੀਤਾ ਗਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)