ਯਾਰੀ ਟੁੱਟਣ ਦੇ ਨੁਕਸਾਨ ਤਾਂ ਸੁਣੇ ਹੋਣਗੇ, ਪਰ ਇਸ ਦਾ ਫਾਇਦਾ ਜਾਣ ਲਓ

ਕੀ ਦਿਲ ਅਤੇ ਰਿਸ਼ਤਿਆਂ ਦੇ ਟੁੱਟਣ ਦਾ ਸਾਨੂੰ ਫ਼ਾਇਦਾ ਵੀ ਹੋ ਸਕਦਾ ਹੈ?

ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਕਿਸ ਤਰ੍ਹਾਂ ਦਾ ਸਵਾਲ ਹੈ, ਕੀ ਕੋਈ ਰਿਸ਼ਤਾ ਟੁੱਟਣ 'ਤੇ ਚੰਗਾ ਮਹਿਸੂਸ ਕਰ ਸਕਦਾ ਹੈ? ਅਤੇ ਹੋ ਸਕਦਾ ਹੈ ਕਿ ਤੁਸੀਂ ਇਸ ਦੇ ਫਾਇਦਿਆਂ ਬਾਰੇ ਸ਼ਾਇਦ ਕਦੀ ਸੋਚਿਆ ਹੀ ਨਾ ਹੋਵੇ।

'ਦਿ ਬ੍ਰੇਕ-ਅੱਪ ਮੋਨੋਲੋਗਜ਼' ਕਿਤਾਬ ਦੀ ਲੇਖਿਕਾ ਰੋਜ਼ੀ ਵਿਲਬੀ ਦਾ ਮੰਨਣਾ ਹੈ ਕਿ ਰਿਸ਼ਤਾ ਟੁੱਟਣ ਦੇ ਕਈ ਫ਼ਾਇਦੇ ਹੁੰਦੇ ਹਨ।

ਰੋਜ਼ੀ ਵਿਲਬੀ ਪਹਿਲਾਂ ਇਸੇ ਨਾਮ ਹੇਠ ਆਪਣਾ ਪੋਡਕਾਸਟ ਪੇਸ਼ ਕਰਦੇ ਸਨ। ਬਾਅਦ ਵਿੱਚ ਉਨ੍ਹਾਂ ਨੇ ਇਸੇ ਸਿਰਲੇਖ ਹੇਠ ਇੱਕ ਕਿਤਾਬ ਲਿਖੀ।

ਇਸ ਕਿਤਾਬ ਵਿੱਚ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਕੀਤੀ ਹੈ। ਇਸ ਤੋਂ ਇਲਾਵਾ ਪੌਡਕਾਸਟ 'ਤੇ ਆਏ ਮਹਿਮਾਨਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਮਨੁੱਖੀ ਰਿਸ਼ਤਿਆਂ ਬਾਰੇ ਜੋ ਵੀ ਸਮਝਿਆ, ਉਸ ਨੂੰ ਆਪਣੀ ਪੁਸਤਕ ਵਿੱਚ ਥਾਂ ਦਿੱਤੀ ਹੈ।

ਇਸ ਕਿਤਾਬ ਨੂੰ ਲਿਖਣ ਲਈ ਉਨ੍ਹਾਂ ਨੇ ਕਈ ਥੈਰੇਪਿਸਟਾਂ, ਸਮਾਜ-ਵਿਗਿਆਨੀਆਂ ਅਤੇ ਵਿਗਿਆਨੀਆਂ ਨਾਲ ਵੀ ਗੱਲਬਾਤ ਕੀਤੀ ਹੈ। ਉਨ੍ਹਾਂ ਨੇ ਆਪਣੀ ਕਿਤਾਬ ਬਾਰੇ ਬੀਬੀਸੀ ਰੀਲਜ਼ ਨਾਲ ਗੱਲਬਾਤ ਕੀਤੀ।

ਰੋਜ਼ੀ ਵਿਲਬੀ ਬੀਬੀਸੀ ਰੀਲਜ਼ ਵਿੱਚ ਕਹਿੰਦੇ ਹਨ ਕਿ ਅਸੀਂ ਦਿਲ ਟੁੱਟਣ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ।

ਬੀਬੀਸੀ ਨਾਲ ਆਪਣਾ ਤਜ਼ਰਬਾ ਸਾਂਝਾ ਕਰਦੇ ਹੋਏ ਉਹ ਕਹਿੰਦੇ ਹਨ ਕਿ ਬ੍ਰੇਕਅੱਪ ਨੂੰ ਕਦੇ ਵੀ ਚੰਗਾ ਨਹੀਂ ਮੰਨਿਆ ਜਾਂਦਾ ਪਰ ਇਹ ਵੀ ਸੰਭਵ ਹੈ ਕਿ ਇਹ ਤੁਹਾਡੇ ਲਈ ਚੰਗਾ ਵੀ ਹੋ ਸਕਦਾ ਹੈ।

ਆਪਣੇ ਆਪ ਨੂੰ ਸਮਝਣ ਦਾ ਮੌਕਾ

ਰੋਜ਼ੀ ਵਿਲਬੀ ਦੇ ਮੁਤਾਬਕ, ਬ੍ਰੇਕ-ਅੱਪ ਸਾਨੂੰ ਮੁੜ ਵਿਚਾਰ ਕਰਨ ਅਤੇ ਇਸ ਬਾਰੇ ਸੋਚਣ ਦਾ ਮੌਕਾ ਦਿੰਦੇ ਹਨ ਕਿ ਸਾਨੂੰ ਆਪਣੇ ਰਿਸ਼ਤਿਆਂ ਪ੍ਰਤੀ ਕਿਸ ਤਰ੍ਹਾਂ ਦਾ ਇਨਸਾਨ ਹੋਣਾ ਚਾਹੀਦਾ ਹੈ ਜਾਂ ਇਹ ਸੋਚਣ ਸਮਝਣ ਦਾ ਕਿ ਸਾਨੂੰ ਕਿਸ ਤਰ੍ਹਾਂ ਦੇ ਵਿਅਕਤੀ ਨਾਲ ਰਿਸ਼ਤਾ ਰੱਖਣਾ ਚਾਹੀਦਾ ਹੈ।

ਕਦੇ-ਕਦੇ ਇਹ ਦਿਲ ਟੁੱਟਣ ਦੇ ਦਰਦਨਾਕ ਤਜ਼ਰਬੇ ਨਾਲ ਹੀ ਹੁੰਦਾ ਹੈ ਕਿ ਅਸੀਂ ਆਪਣੇ ਬਾਰੇ ਸੱਚੀ ਸਮਝ ਹਾਸਿਲ ਕਰ ਪਾਉਂਦੇ ਹਾਂ ਅਤੇ ਬਿਹਤਰ ਫ਼ੈਸਲੇ ਲੈਣ ਦੇ ਯੋਗ ਹੁੰਦੇ ਹਾਂ।

ਮਾਨਸਿਕ ਸਿਹਤ ਅਤੇ ਵਿਵਹਾਰ ਵਿਗਿਆਨ ਦੇ ਮਾਹਰ ਡਾਕਟਰ ਮਲਹੋਤਰਾ ਦਾ ਵੀ ਮੰਨਣਾ ਹੈ ਕਿ ਕਈ ਵਾਰ ਰਿਸ਼ਤੇ ਟੁੱਟਣ ਨਾਲ ਅਕਲ ਆਉਂਦੀ ਹੈ।

ਬੀਬੀਸੀ ਦੀ ਸਹਿਯੋਗੀ ਫਾਤਿਮਾ ਫਰਹੀਨ ਨਾਲ ਗੱਲ ਕਰਦੇ ਹੋਏ, ਡਾਕਟਰ ਮਲਹੋਤਰਾ ਕਹਿੰਦੇ ਹਨ, "ਕਈ ਵਾਰ ਬ੍ਰੇਕ-ਅੱਪ ਤੁਹਾਨੂੰ ਤੁਹਾਡੀਆਂ ਕਮੀਆਂ ਤੋਂ ਜਾਣੂ ਕਰਵਾਉਂਦੇ ਹਨ।

ਫ਼ਿਰ ਤੁਸੀਂ ਆਪਣੇ ਆਪ ਨੂੰ ਸੁਧਾਰਦੇ ਹੋ। ਇਹ ਤੁਹਾਡੇ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਬ੍ਰੇਕ-ਅੱਪ ਨੂੰ ਕਿਵੇਂ ਦੇਖਦੇ ਹੋ। ਜੇ ਤੁਸੀਂ ਦੂਜਿਆਂ ਵਿੱਚ ਗਲਤੀਆਂ ਲੱਭਦੇ ਰਹੋਗੇ, ਤਾਂ ਤੁਸੀਂ ਕਦੇ ਵੀ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਨਹੀਂ ਕਰੋਗੇ।"

ਹਰ ਕਿਸੇ ਦਾ ਤਜ਼ਰਬਾ ਅਲੱਗ ਹੁੰਦਾ ਹੈ

ਦਿੱਲੀ ਦੀ ਮਨੋਵਿਗਿਆਨੀ ਅਤੇ ਮੈਰਿਜ ਕਾਉਂਸਲਰ ਸ਼ਿਵਾਨੀ ਮਿਸ਼ਰੀ ਸਾਧੂ ਦਾ ਕਹਿਣਾ ਹੈ ਕਿ ਬ੍ਰੇਕਅੱਪ ਹਰ ਕਿਸੇ ਲਈ ਮੁਸ਼ਕਲ ਹੁੰਦਾ ਹੈ ਅਤੇ ਹਰ ਕਿਸੇ ਦਾ ਇਸ 'ਤੇ ਕਾਬੂ ਪਾਉਣ ਦਾ ਤਰੀਕਾ ਵੱਖਰਾ ਹੁੰਦਾ ਹੈ।

ਫ਼ਾਤਿਮਾ ਫ਼ਰਹੀਨ ਨਾਲ ਗੱਲ ਕਰਦੇ ਹੋਏ ਸ਼ਿਵਾਨੀ ਮਿਸ਼ਰੀ ਸਾਧੂ ਨੇ ਕਿਹਾ ਕਿ ਕਈ ਵਾਰ ਰਿਸ਼ਤਿਆਂ ਦਾ ਟੁੱਟਣਾ ਵੀ ਸਾਡੇ ਲਈ ਸਬਕ ਹੁੰਦਾ ਹੈ।

ਉਹ ਕਹਿੰਦੇ ਹਨ, "ਜਦੋਂ ਤੁਹਾਡਾ ਬ੍ਰੇਕ-ਅੱਪ ਹੁੰਦਾ ਹੈ, ਤਾਂ ਤੁਹਾਨੂੰ ਆਪਣੇ ਬਾਰੇ ਜਾਣਨ ਅਤੇ ਆਪਣੇ ਆਪ ਨੂੰ ਸੁਧਾਰਨ ਦਾ ਮੌਕਾ ਵੀ ਮਿਲਦਾ ਹੈ।"

"ਸਾਨੂੰ ਇਹ ਵੀ ਸਵੀਕਾਰ ਕਰਨਾ ਚਾਹੀਦਾ ਹੈ ਕਿ ਅਸੀਂ ਇਸ ਰਿਸ਼ਤੇ ਵਿੱਚ ਗ਼ਲਤ ਕੀ ਕੀਤਾ ਹੈ।"

ਦਿਲ ਟੁੱਟਣਾ ਅਤੇ ਨਸ਼ੇ ਦਾ ਆਦੀ ਹੋਣਾ

ਰੋਜ਼ੀ ਵਿਲਬੀ ਨੇ ਦਿਲ ਟੁੱਟਣ ਦੀ ਤੁਲਨਾ ਨਸ਼ੇ ਦੇ ਆਦੀ ਹੋਣ ਨਾਲ ਕੀਤੀ ਹੈ।

ਉਸ ਮੁਤਾਬਕ ਰਿਸ਼ਤਾ ਟੁੱਟਣ ਤੋਂ ਬਾਅਦ ਕਿਸੇ ਵਿਅਕਤੀ ਦਾ ਵਿਵਹਾਰ ਉਸੇ ਤਰ੍ਹਾਂ ਦਾ ਹੁੰਦਾ ਹੈ ਜਿਸ ਤਰ੍ਹਾਂ ਦਾ ਨਸ਼ੇ ਦੇ ਆਦੀ ਵਿਅਕਤੀ ਦਾ ਜਦੋਂ ਉਸ ਨੂੰ ਨਸ਼ਾ ਕਰਨ ਤੋਂ ਰੋਕਿਆ ਜਾਂਦਾ ਹੈ।

ਡਾਕਟਰ ਸਮੀਰ ਮਲਹੋਤਰਾ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਦਿਮਾਗ ਦੇ ਅੰਦਰ ਲਵ ਕੈਮੀਕਲ ਯਾਨੀ ਆਕਸੀਟੌਸਿਨ ਹਾਰਮੋਨ ਵਧਦਾ ਹੈ ਤਾਂ ਦੂਜੇ ਵਿਅਕਤੀ ਵੱਲ ਖਿੱਚ ਵਧ ਜਾਂਦੀ ਹੈ। ਇਹ ਕਿਸੇ ਵੀ ਤਰ੍ਹਾਂ ਦੇ ਪਿਆਰ ਵਿੱਚ ਦਿਖਾਈ ਦਿੰਦਾ ਹੈ।

ਉਹ ਕਹਿੰਦੇ ਹੈ, "ਕਈ ਵਾਰ ਦਿਮਾਗ ਦੇ ਅੰਦਰ ਡੋਪਾਮਾਈਨ ਰਿਵਾਰਡ ਪਾਥਵੇਅ ਸਰਗਰਮ ਹੋ ਜਾਂਦਾ ਹੈ। ਇਸ ਕਾਰਨ ਉਸ ਵਿਅਕਤੀ ਨੂੰ ਮਿਲਣ ਦੀ ਤੁਹਾਡੀ ਇੱਛਾ ਵਾਰ-ਵਾਰ ਵਧਣ ਲੱਗਦੀ ਹੈ।

“ਪਰ ਜੇ ਉਹ ਵਿਅਕਤੀ ਨਾ ਮਿਲੇ ਜਾਂ ਰਿਸ਼ਤਾ ਟੁੱਟ ਜਾਵੇ ਤਾਂ ਤੁਹਾਡੀ ਹਾਲਤ ਉਸ ਨਸ਼ੇੜੀ ਵਰਗੀ ਹੋ ਜਾਂਦੀ ਹੈ ਜਿਸ ਨੂੰ ਨਸ਼ਾ ਨਹੀਂ ਮਿਲਦਾ।”

ਡਾਕਟਰ ਸਮੀਰ ਮਲਹੋਤਰਾ ਮੁਤਾਬਕ ਨਸ਼ੇ 'ਚ ਡੋਪਾਮਾਈਨ ਰਿਵਾਰਡ ਪਾਥਵੇਅ ਵੀ ਸਰਗਰਮ ਹੋ ਜਾਂਦਾ ਹੈ।

ਕੀ ਫ਼ੌਰਨ ਨਵਾਂ ਰਿਸ਼ਤਾ ਬਣਾਉਣਾ ਚਾਹੀਦਾ ਹੈ?

ਰੋਜ਼ੀ ਵਿਲਬੀ ਦਾ ਕਹਿਣਾ ਹੈ ਕਿ ਰਿਸ਼ਤਿਆਂ ਨੂੰ ਬਣਾਈ ਰੱਖਣ ਲਈ ਕਾਫ਼ੀ ਮਿਹਨਤ ਕਰਨੀ ਪੈਂਦੀ ਹੈ। ਇਹ ਇੱਕ ਔਖਾ ਕੰਮ ਹੈ ਕਿਉਂਕਿ ਰਿਸ਼ਤੇ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਉਥਲ-ਪੁਥਲ ਪੈਦਾ ਕਰਦੇ ਹਨ।

ਤੁਹਾਨੂੰ ਇੱਕ ਹੋਰ ਵਿਅਕਤੀ ਅਤੇ ਉਸਦੇ ਚੰਗੇ ਅਤੇ ਮਾੜੇ ਵਿਵਹਾਰ ਨਾਲ ਨਜਿੱਠਣਾ ਪਵੇਗਾ।

ਬੀਬੀਸੀ ਰੀਲਜ਼ ਵਿੱਚ ਰੋਜ਼ੀ ਵਿਲਬੀ ਕਹਿੰਦੇ ਹਨ,"ਬ੍ਰੇਕਅੱਪ ਤੋਂ ਬਾਅਦ, ਕਿਸੇ ਹੋਰ ਰਿਸ਼ਤੇ ਵਿੱਚ ਵਾਪਸ ਆਉਣ ਤੋਂ ਪਹਿਲਾਂ ਸਮਾਂ ਕੱਢਣਾ ਅਤੇ ਆਪਣੇ ਬਾਰੇ ਸੋਚਣਾ ਮਹੱਤਵਪੂਰਨ ਹੈ।"

ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਇੱਕ ਸਾਧ ਬਣ ਜਾਓ ਅਤੇ ਸੈਕਸ ਤੋਂ ਪੂਰੀ ਤਰ੍ਹਾਂ ਦੂਰ ਰਹੋ।

ਆਪਣੇ ਆਪ ਨਾਲ ਰਿਸ਼ਤਾ ਜ਼ਰੂਰੀ ਹੈ

ਡਾਕਟਰ ਸਮੀਰ ਮਲਹੋਤਰਾ ਵੀ ਰੋਜ਼ੀ ਵਿਲਬੀ ਦੀ ਗੱਲ ਨੂੰ ਅੱਗੇ ਵਧਾਉਂਦੇ ਹਨ।

ਉਹ ਕਹਿੰਦੇ ਹਨ, ''ਕਈ ਵਾਰ ਲੋਕਾਂ ਨੂੰ ਲੱਗਦਾ ਹੈ ਕਿ ਜੇਕਰ ਇੱਕ ਰਿਸ਼ਤਾ ਟੁੱਟ ਜਾਵੇ ਤਾਂ ਜਲਦੀ ਹੀ ਦੂਜਾ ਰਿਸ਼ਤਾ ਬਣਾ ਲੈਣਾ ਚਾਹੀਦਾ ਹੈ। ਇਹ ਗ਼ਲਤ ਹੈ।"

“ਸਾਡਾ ਸਭ ਤੋਂ ਮਹੱਤਵਪੂਰਨ ਰਿਸ਼ਤਾ ਆਪਣੇ ਆਪ ਨਾਲ ਹੈ। ਇਸ ਇੱਚ ਕੁਝ ਨਿਯਮ, ਕੁਝ ਸੰਤੁਲਨ, ਕੁਝ ਅਨੁਸ਼ਾਸਨ ਹੋਣਾ ਚਾਹੀਦਾ ਹੈ।

ਡਾਕਟਰ ਮਲਹੋਤਰਾ ਮੁਤਾਬਕ ਤੁਹਾਨੂੰ ਆਪਣੀ ਊਰਜਾ ਨੂੰ ਕਿਸੇ ਰਚਨਾਤਮਕ ਸ਼ੌਕ ਜਾਂ ਰੁਚੀਆਂ ਵਿੱਚ ਲਗਾਉਣਾ ਚਾਹੀਦਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਆਪਣੇ ਆਪ ਨਾਲ ਰਿਸ਼ਤਾ ਸੁਧਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਆਪਣੀਆਂ ਕਮੀਆਂ ਨੂੰ ਸਮਝ ਕੇ ਉਨ੍ਹਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਡਾਕਟਰ ਮਲਹੋਤਰਾ ਦਾ ਕਹਿਣਾ ਹੈ ਕਿ ਨਾ ਤਾਂ ਸਾਨੂੰ ਕਿਸੇ ਨੂੰ ਸਟਾਕ ਕਰਨਾ ਚਾਹੀਦਾ ਹੈ (ਉਸ ਦੇ ਪਿੱਛਾ ਕਰਨਾ ਚਾਹੀਦਾ ਹੈ) ਅਤੇ ਨਾ ਹੀ ਸਾਨੂੰ ਨਿਰਾਸ਼ਾ ਵਿੱਚ ਕਿਸੇ ਨਵੇਂ ਇਨਸਾਨ ਨੂੰ ਫੜਨਾ ਚਾਹੀਦਾ ਹੈ ਕਿ ਸਾਨੂੰ ਰਿਸ਼ਤਾ ਦਿਖਾਉਣ ਲਈ ਕੋਈ ਨਾ ਕੋਈ ਚਾਹੀਦਾ ਹੀ ਹੈ।

ਉਹ ਕਹਿੰਦੇ ਹਨ, "ਜਦੋਂ ਵੀ ਅਸੀਂ ਰਿਸ਼ਤਿਆਂ ਦੀ ਗੱਲ ਕਰਦੇ ਹਾਂ, ਤਾਂ ਦੋ ਚੀਜ਼ਾਂ ਬਹੁਤ ਅਹਿਮ ਹੁੰਦੀਆਂ ਹਨ, ਇੱਕ ਸਿਹਤਮੰਦ ਰਿਸ਼ਤਾ ਅਤੇ ਦੂਜੀ ਸਿਹਤਮੰਦ ਦੂਰੀ।"

“ਜੇਕਰ ਇਸ ਨੂੰ ਸੌਖੇ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਰਿਸ਼ਤਿਆਂ ਨੂੰ ਜ਼ਿੰਦਾ ਰੱਖਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਲੋਕ ਇੱਕ ਦੂਜੇ ਨਾਲ ਜੁੜੇ ਰਹਿਣ ਪਰ ਇਸ ਦੇ ਨਾਲ ਹੀ ਉਨ੍ਹਾਂ ਨੂੰ ਕੁਝ ਦੂਰੀ ਵੀ ਬਣਾਈ ਰੱਖਣੀ ਚਾਹੀਦੀ ਹੈ ਕਿਉਂਕਿ ਹਰ ਵਿਅਕਤੀ ਨੂੰ ਲੋੜ ਮਹਿਸੂਸ ਹੁੰਦੀ ਹੈ ਕਿ ਉਸ ਦੀ ਥੋੜ੍ਹੀ ਬਹੁਤ ਨਿੱਜੀ ਸਪੇਸ ਹੋਵੇ।"

ਲੋਕਾਂ ਦੀ ਰਾਇ ਬਦਲਦੀ ਹੈ

ਸ਼ਿਵਾਨੀ ਮਿਸ਼ਰੀ ਸਾਧੂ ਦਾ ਮੰਨਣਾ ਹੈ ਕਿ ਭਾਰਤ ਵਿੱਚ ਵੀ ਬ੍ਰੇਕਅੱਪ ਨੂੰ ਲੈ ਕੇ ਲੋਕਾਂ ਦੀ ਰਾਇ ਬਦਲਣੀ ਸ਼ੁਰੂ ਹੋ ਗਈ ਹੈ।

ਮਾਹਰਾਂ ਦਾ ਕਹਿਣਾ ਹੈ ਕਿ ਹੁਣ ਲੋਕ ਇਹ ਸਮਝਣ ਲੱਗ ਪਏ ਹਨ ਕਿ ਜ਼ਹਿਰੀਲੇ ਰਿਸ਼ਤੇ ਵਿੱਚ ਰਹਿਣ ਨਾਲ ਉਨ੍ਹਾਂ ਦੀ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਸਿਹਤ ਖ਼ਰਾਬ ਹੋਣ ਲੱਗਦੀ ਹੈ।

ਹਾਲਾਂਕਿ ਭਾਰਤ ਦੀ ਸਥਿਤੀ ਅਜੇ ਵੀ ਅਜਿਹੀ ਹੀ ਹੈ ਕਿ ਇਸ ਤਰ੍ਹਾਂ ਦੇ ਰਿਸ਼ਤੇ ਵਿੱਚੋਂ ਬਾਹਰ ਨਿਕਲਣਾ ਥੋੜ੍ਹਾ ਮੁਸ਼ਕਿਲ ਹੁੰਦਾ ਹੈ।

ਬ੍ਰੇਕਅੱਪ ਤੋਂ ਬਾਅਦ ਦੀ ਸਥਿਤੀ ਬਾਰੇ ਗੱਲ ਕਰਦੇ ਹੋਏ ਪੂਜਾ ਸ਼ਿਵਮ ਜੇਤਲੀ ਕਹਿੰਦੇ ਹਨ ਕਿ ਕਿ ਤੁਸੀਂ ਵੱਖ-ਵੱਖ ਲੋਕਾਂ ਨੂੰ ਮਿਲ ਸਕਦੇ ਹੋ, ਸਿਹਤਮੰਦ ਆਦਤਾਂ ਅਪਣਾ ਸਕਦੇ ਹੋ, ਆਪਣੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਜੀਣਾ ਸਿੱਖ ਸਕਦੇ ਹੋ ਅਤੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਤੁਹਾਨੂੰ ਤੁਹਾਡੀ ਅਹਿਮੀਅਤ ਸਮਝਣ ਆਉਣ ਲੱਗਦੀ ਹੈ।

ਆਪਣੀ ਗੱਲ ਨੂੰ ਮੁਕੰਮਲ ਕਰਦਿਆਂ ਸ਼ਿਵਾਨੀ ਮਿਸ਼ਰੀ ਸਾਧੂ ਕਹਿੰਦੀ ਹੈ, "ਤੁਸੀਂ ਬ੍ਰੇਕਅੱਪ ਤੋਂ ਬਾਅਦ ਆਪਣੇ-ਆਪ ਵਿੱਚ ਖੁਸ਼ ਰਹਿ ਸਕਦੇ ਹੋ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)