You’re viewing a text-only version of this website that uses less data. View the main version of the website including all images and videos.
ਬੁਲੀਮੀਆ ਨਾਲ ਜੂਝੀ ਫਾਤਿਮਾ ਸਨਾ ਸ਼ੇਖ਼, 'ਖਾਣੇ ਨਾਲ ਮੇਰਾ ਜ਼ਹਿਰੀਲਾ ਰਿਸ਼ਤਾ ਰਿਹਾ ਹੈ', ਜਾਣੋ ਕਿਵੇਂ ਇਹ ਨੌਜਵਾਨਾਂ ਵਿੱਚ ਵੱਧ ਰਿਹਾ ਹੈ
- ਲੇਖਕ, ਸੁਮਨਦੀਪ ਕੌਰ
- ਰੋਲ, ਬੀਬੀਸੀ ਪੱਤਰਕਾਰ
"ਭੋਜਨ ਮੇਰੇ ਲਈ ਆਰਾਮਦਾਇਕ ਜਗ੍ਹਾ ਬਣ ਗਿਆ ਸੀ। ਮੈਂ ਘੰਟਿਆਂ ਬੱਧੀ ਲਗਾਤਾਰ ਖਾ ਸਕਦੀ ਸੀ। ਮੈਨੂੰ ਆਪਣੇ ਆਪ ਨਾਲ ਨਫ਼ਰਤ ਹੁੰਦੀ ਸੀ ਕਿਉਂਕਿ ਮੇਰੇ ਕੋਲੋਂ ਕੰਟ੍ਰੋਲ ਨਹੀਂ ਹੁੰਦਾ ਸੀ ਅਤੇ ਮੈਂ ਬਲੂਮਿਕ ਹੋ ਗਈ ਸੀ।"
ਇਹ ਸ਼ਬਦ ਹਨ ਬੌਲੀਵੁੱਡ ਅਦਾਕਾਰਾ ਫਾਤਿਮਾ ਸਨਾ ਸ਼ੇਖ਼ ਦੇ, ਜਿਨ੍ਹਾਂ ਨੇ ਆਪਣੇ ਬਲੂਮਿਕ ਹੋਣ ਬਾਰੇ ਜਨਤਕ ਪਲੇਟਫਾਰਮ ਉੱਤੇ ਗੱਲ ਕੀਤੀ।
ਫਾਤਿਮਾ ਸਨਾ ਸ਼ੇਖ਼ ਨੇ ਰੀਆ ਚੱਕਰਬਰਤੀ ਦੇ ਇੱਕ ਪੌਡਕਾਸਟ ਵਿੱਚ ਖੁਲਾਸਾ ਕੀਤਾ ਸੀ ਕਿ ਉਹ ਦੰਗਲ ਫਿਲਮ ਤੋਂ ਬਾਅਦ ਬਲੂੀਮੀਆ ਨਾਲ ਜੂਝੇ ਹਨ। ਇੰਨਾਂ ਹੀ ਨਹੀਂ ਉਨ੍ਹਾਂ ਨੇ ਦੱਸਿਆ ਕਿ ਇੱਕ ਸਮਾਂ ਆਇਆ ਜਦੋਂ ਉਨ੍ਹਾਂ ਦਾ ਖ਼ੁਦ ਉੱਤੇ ਕੰਟ੍ਰੋਲ ਨਹੀਂ ਸੀ।
ਉਨ੍ਹਾਂ ਨੇ ਕਿਹਾ, "ਮੈਨੂੰ ਲੱਗਦਾ ਸੀ ਕਿ ਜੇ ਮੈਂ ਬਾਹਰ ਜਾਵਾਂਗੀ ਤਾਂ ਸਿਰਫ਼ ਖਾਵਾਂਗੀ। ਮੇਰਾ ਆਪਣੇ ਆਪ ਨਾਲ ਪਿਆਰ-ਨਫ਼ਰਤ ਵਾਲਾ ਰਿਸ਼ਤਾ ਰਿਹਾ ਹੈ। ਮੇਰਾ ਭੋਜਨ ਨਾਲ ਇੱਕ ਜ਼ਹਿਰੀਲਾ ਰਿਸ਼ਤਾ ਰਿਹਾ ਹੈ। ਮੈਂ ਦੰਗਲ ਵਿੱਚ ਭਾਰ ਵਧਾਇਆ ਕਿਉਂਕਿ ਮੈਨੂੰ ਕਰਨਾ ਪਿਆ।"
"ਮੈਂ ਤਿੰਨ ਘੰਟੇ ਸਿਖਲਾਈ ਲੈ ਰਹੀ ਸੀ, ਇਸ ਲਈ ਮੈਨੂੰ ਭਾਰ ਵਧਾਉਣ ਲਈ ਹਰ ਰੋਜ਼ 2,500-3,000 ਕੈਲੋਰੀਆਂ ਲੈਣੀ ਪੈਂਦੀ ਸੀ। ਜਦੋਂ ਫਿਲਮ ਖ਼ਤਮ ਹੋਈ, ਮੈਂ ਓਨੀ ਸਿਖਲਾਈ ਨਹੀਂ ਲੈ ਰਹੀ ਸੀ, ਪਰ ਮੇਰੇ ਕੋਲ ਅਜੇ ਵੀ 3,000 ਕੈਲੋਰੀਆਂ ਸਨ ਕਿਉਂਕਿ ਮੈਂ ਇਸਦੀ ਆਦੀ ਸੀ।"
ਉਨ੍ਹਾਂ ਨੇ ਅੱਗੇ ਕਿਹਾ, "ਮੈਂ ਸਿਹਤਮੰਦ ਨਹੀਂ ਸੀ ਅਤੇ ਨਾ ਹੀ ਕਸਰਤ ਕਰ ਰਹੀ ਸੀ। ਜ਼ਿਆਦਾ ਖਾਣਾ, ਮੁੱਦਾ ਨਹੀਂ ਹੈ। ਪਰ ਮੁੱਦਾ ਤੁਹਾਡੇ ਵਿੱਚ ਹੈ ਕਿਉਂਕਿ ਤੁਸੀਂ ਅਸੁਰੱਖਿਅਤ ਹੋ ਅਤੇ ਆਪਣੀਆਂ ਭਾਵਨਾਵਾਂ ਨੂੰ ਖਾ ਰਹੇ ਹੋ। ਜਦੋਂ ਤੁਸੀਂ ਖਾਂਦੇ ਹੋ ਤਾਂ ਤੁਸੀਂ ਸਿਰਫ਼ ਸੁੰਨ ਹੋਣਾ ਚਾਹੁੰਦੇ ਹੋ।"
"ਇਹ ਡੂਮਸਕਰੋਲਿੰਗ ਵਾਂਗ ਹੈ ਭਾਵ, ਮੋਬਾਇਲ 'ਤੇ ਵਾਰ–ਵਾਰ ਅਜਿਹੀਆਂ ਪੋਸਟਾਂ ਜਾਂ ਵੀਡੀਓਜ਼ ਵੇਖਦੇ ਰਹਿਣਾ ਜੋ ਸਰੀਰ ਦੀ ਸ਼ਕਲ, ਵਜ਼ਨ ਘਟਾਉਣ ਜਾਂ 'ਪਤਲਾ ਹੋਣ' 'ਤੇ ਜ਼ਿਆਦਾ ਜ਼ੋਰ ਦਿੰਦੀਆਂ ਹਨ। ਇਸਦੇ ਅੰਤ ਤੱਕ ਤੁਹਾਨੂੰ ਮਹਿਸੂਸ ਹੁੰਦੀ ਹੈ। ਹੁਣ ਵੀ ਮੈਂ ਹਰ ਟਾਈਮ ਖਾਣ ਬਾਰੇ ਹੀ ਸੋਚਦੀ ਹਾਂ।"
ਇਸ ਸਾਲ ਦੀ ਸ਼ੁਰੂਆਤ ਵਿੱਚ ਬ੍ਰਿਟੇਨ ਵਿੱਚ ਵੀ ਸੰਸਦਾਂ ਦੇ ਇੱਕ ਸਮੂਹ ਨੇ ਕਿਹਾ ਕਿ ਈਟਿੰਗ ਡਿਸਓਰਡ ਨੂੰ ਐਮਰਜੈਂਸੀ ਸਥਿਤੀ ਵਜੋਂ ਲਿਆ ਜਾਵੇ।
ਇਨ੍ਹਾਂ ਨੇ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਬੁਲੀਮੀਆ ਵਰਗੇ ਖਾਣ-ਪੀਣ ਸੰਬੰਧੀ ਵਿਕਾਰਾਂ ਵਿੱਚ "ਚਿੰਤਾਜਨਕ" ਵਾਧਾ ਹੁਣ ਇੱਕ "ਐਮਰਜੈਂਸੀ" ਬਣ ਗਿਆ ਹੈ।
ਪਰ ਅਸਲ ਵਿੱਚ ਇਹ ਬੁਲੀਮੀਆ ਕੀ ਹੁੰਦਾ ਹੈ, ਇਸ ਦੇ ਕੀ ਕੁਝ ਲੱਛਣ ਹੁੰਦੇ ਹਨ ਅਤੇ ਇਹ ਕਿਸ ਤਰ੍ਹਾਂ ਲੋਕਾਂ, ਖ਼ਾਸ ਨੌਜਵਾਨਾਂ ਨੂੰ ਪ੍ਰਭਾਵਿਤ ਕਰਦਾ ਹੈ। ਕੀ ਇਹ ਸਰੀਰਕ ਵਿਕਾਰ ਹੈ ਜਾਂ ਮਾਨਸਿਕ, ਇਸ ਬਾਰੇ ਜਾਣਨ ਲਈ ਅਸੀਂ ਇੱਥੇ ਕੁਝ ਮੈਡੀਕਲ ਮਾਹਰਾਂ ਨਾਲ ਗੱਲਬਾਤ ਕੀਤੀ।
ਬੁਲੀਮੀਆ ਨਰਵੋਸਾ ਕੀ ਹੁੰਦਾ ਹੈ
ਨੈਸ਼ਨਲ ਹੈਲਥ ਸਰਵਿਸ ਮੁਤਾਬਕ , ਬੁਲੀਮੀਆ (ਬੁਲੀਮੀਆ ਨਰਵੋਸਾ) ਇੱਕ ਖਾਣ-ਪੀਣ ਸੰਬੰਧੀ ਵਿਕਾਰ ਅਤੇ ਗੰਭੀਰ ਮਾਨਸਿਕ ਸਿਹਤ ਸਥਿਤੀ ਹੈ। ਇਹ ਕਿਸੇ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ ਅਤੇ ਇਲਾਜ ਵਿੱਚ ਸਮਾਂ ਲੱਗ ਸਕਦਾ ਹੈ।
ਇਸ ਬਾਰੇ ਦਿੱਲੀ ਦੇ ਏਮਜ਼ ਦੇ ਸੀਨੀਅਰ ਮਨੋਵਿਗਿਆਨੀ ਡਾ. ਟੀਨਾ ਗੁਪਤਾ ਕਹਿੰਦੇ ਹਨ ਕਿ ਇਸ ਵਿੱਚ ਵਿਅਕਤੀ ਬਿੰਜ ਈਟਿੰਗ ਕਰਦਾ ਹੈ ਭਾਵ ਬਹੁਤ ਘੱਟ ਸਮੇਂ ਬਹੁਤ ਜ਼ਿਆਦਾ ਖਾਣਾ ਅਤੇ ਖ਼ੁਦ ਉਤੇ ਕਾਬੂ ਨਾ ਰੱਖ ਸਕਣਾ।
ਉਹ ਦੱਸਦੇ ਹਨ, "ਇਹ ਆਮ ਤੌਰ 'ਤੇ ਜ਼ਿਆਦਾ ਖਾਣ ਅਤੇ ਡਾਇਟਿੰਗ ਨਾਲੋਂ ਵੱਖਰਾ ਹੁੰਦਾ ਹੈ ਕਿਉਂਕਿ ਇਸ ਵਿੱਚ ਬੰਦੇ ਉੱਤੇ ਕਾਬੂ ਹੀ ਨਹੀਂ ਰਹਿੰਦਾ। ਉਹ ਜ਼ਿਆਦਾ ਖਾਧੇ ਹੋਏ ਖਾਣੇ, ਨੂੰ ਫਿਰ ਉਲਟੀ ਰਾਹੀਂ, ਲੈਕਸੇਟਵਿਕ ਜਾਂ ਡਾਇਯੂਰੇਟਿਕ ਲੈ ਕੇ, ਲੰਬੇ ਸਮੇਂ ਤੱਕ ਖਾਣਾ ਨਾ ਖਾ ਕੇ ਅਤੇ ਬਹੁਤ ਜ਼ਿਆਦਾ ਕਸਰਤ ਕਰ ਕੇ ਇਸ ਦੇ ਨੁਕਸਾਨ ਦੀ ਭਰਪਾਈ ਕਰਦੇ ਹਨ।"
ਬੁਲੀਮੀਆ ਦੇ ਲੱਛਣ
ਡਾ. ਟੀਨਾ ਦਾ ਕਹਿਣਾ ਹੈ ਕਿ ਬੁਲੀਮੀਆ ਨੂੰ ਜਲਦੀ ਫੜ੍ਹਨਾ ਔਖਾ ਹੈ ਕਿਉਂਕਿ ਲੋਕ ਇਸ ਦੇ ਲੱਛਣ ਲੁਕਾਉਂਦੇ ਹਨ। ਇਸ ਦਾ ਸਭ ਮੁੱਖ ਲੱਛਣ ਇਹ ਹੁੰਦਾ ਹੈ ਕਿ ਪੀੜਤ ਖਾਣਾ ਖਾਣ ਤੋਂ ਤੁਰੰਤ ਬਾਅਦ ਉਲਟੀ ਕਰਨ ਲਈ ਬਾਥਰੂਮ ਚਲਾ ਜਾਂਦਾ ਹੈ।
ਪੀੜਤ ਪਰਜਿੰਗ ਕਰਦਾ ਹੈ, ਭਾਵ ਆਪਣੇ ਸਰੀਰ ਨੂੰ ਵਾਧੂ ਭੋਜਨ ਤੋਂ ਛੁਟਕਾਰਾ ਦਿਵਾਉਣ ਲਈ ਖ਼ੁਦ ਹੀ ਉਲਟੀ ਕਰਦਾ ਹੈ।
ਇਸ ਤੋਂ ਇਲਾਵਾ ਐੱਨਐੱਚਐੱਸ ਮੁਤਾਬਕ ਇਸ ਦੇ ਹੋਰ ਲੱਛਣ ਕੁਝ ਇਸ ਤਰ੍ਹਾਂ ਹੁੰਦੇ ਹਨ-
- ਵਜ਼ਨ ਵਧਣ ਦਾ ਡਰ ਅਤੇ ਵਾਰ-ਵਾਰ ਸ਼ੀਸ਼ੇ ਵਿੱਚ ਵੇਖ ਕੇ ਮੋਟਾਪੇ ਦਾ ਜ਼ਿਕਰ ਕਰਨਾ
- ਆਪਣੇ ਵਜ਼ਨ ਅਤੇ ਬੌਡੀ ਸ਼ੇਪ ਨੂੰ ਲੈ ਕੇ ਬਹੁਤ ਜ਼ਿਆਦਾ ਓਬਸੈਸਿੰਗ ਅਤੇ ਆਲੋਚਨਾਤਮਕ ਹੋਣਾ
- ਮੂਡ ਸਵਿੰਗ ਭਾਵ ਮੂਡ ਦਾ ਜਲਦੀ ਬਦਲਣਾ- ਬਹੁਤ ਜ਼ਿਆਦਾ ਚਿੜਚਿੜਾਪਨ, ਐਂਗਜ਼ਾਇਟੀ ਜਾਂ ਡਿਪ੍ਰੈਸ਼ਨ (ਤਣਾਅ) ਮਹਿਸੂਸ ਹੋਣਾ
- ਸ਼ਰਮਿੰਦਗੀ ਮਹਿਸੂਸ ਕਰਨਾ ਅਤੇ ਖਾਣ ਦੀਆਂ ਆਦਤਾਂ ਬਾਰੇ ਗੱਲ ਕਰਨਾ
- ਥਕਾਵਟ ਮਹਿਸੂਸ ਕਰਨਾ ਅਤੇ ਸੌਣ ਵਿੱਚ ਮੁਸ਼ਕਲ ਆਉਣਾ
- ਕਮਜ਼ੋਰੀ ਜਾਂ ਚੱਕਰ ਆਉਣਾ
- ਗਲੇ ਵਿੱਚ ਖਰਾਸ਼, ਫੁੱਲਣਾ ਜਾਂ ਪੇਟ ਵਿੱਚ ਦਰਦ
- ਸੁੱਜੀਆਂ ਗ੍ਰੰਥੀਆਂ ਕਾਰਨ ਤੁਹਾਡੇ ਚਿਹਰੇ ਦੇ ਪਾਸਿਆਂ ਅਤੇ ਕੰਨਾਂ ਦੇ ਹੇਠਾਂ ਸੋਜ
- ਅਨਿਯਮਿਤ ਜਾਂ ਮਾਹਵਾਰੀ ਦਾ ਬੰਦ ਹੋਣਾ
ਕਿਹੜੀਆਂ ਸਰੀਰਕ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ
ਡਾ. ਟੀਨਾ ਗੁਪਤਾ ਦਾ ਕਹਿਣਾ ਹੈ ਬੁਲੀਮੀਆ ਨਾਲ ਹੋਣ ਵਾਲੇ ਪੋਟਾਸ਼ੀਅਮ ਦੇ ਉਤਰਾਅ-ਚੜ੍ਹਾਅ ਕਾਰਨ ਦਿਲ ਸਬੰਧੀ ਬਿਮਾਰੀਆਂ ਹੋ ਸਕਦੀਆਂ ਹਨ।
"ਪਾਚਨ ਪ੍ਰਣਾਲੀ ਵਿੱਚ ਸਮੱਸਿਆਵਾਂ ਹੋ ਸਕਦੀਆਂ ਹਨ। ਇਹ ਪੇਟ ਵਿੱਚ ਪੁਰਾਣਾ ਦਰਦ, ਐਸਿਡ ਰਿਫਲਕਸ ਹੋ ਸਕਦਾ ਹੈ। ਬਹੁਤ ਘੱਟ ਮਾਮਲਿਆਂ ਵਿੱਚ, ਉਲਟੀਆਂ ਦੌਰਾਨ ਪੇਟ ਫਟ ਵੀ ਸਕਦਾ ਹੈ।"
ਇਸ ਤੋਂ ਇਲਾਵਾ ਉਨ੍ਹਾਂ ਦਾ ਕਹਿਣਾ ਹੈ, "ਦੰਦਾਂ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ ਕਿਉਂਕਿ ਲਗਾਤਾਰ ਉਲਟੀਆਂ ਕਰਨ ਨਾਲ, ਉਨ੍ਹਾਂ ਦੇ ਦੰਦਾਂ 'ਤੇ ਪੇਟ ਦੇ ਐਸਿਡ ਦਾ ਅਸਰ ਪੈਂਦਾ ਹੈ। ਇਸ ਲਈ ਦੰਦਾਂ ਦੇ ਸੜਨ ਅਤੇ ਮਸੂੜਿਆਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਐਨਾਮੇਲ ਖ਼ਰਾਬ ਹੋ ਸਕਦਾ ਹੈ। ਫਿਰ ਜਬਾੜੇ ਵਿੱਚ ਦਰਦ ਹੋ ਸਕਦਾ ਹੈ।"
"ਹਾਰਮੋਨਲ ਗੜਬੜੀ ਹੋ ਸਕਦੀ ਹੈ। ਔਰਤਾਂ ਦੀ ਮਾਹਵਾਰੀ ਅਨਿਯਮਿਤ ਹੋ ਸਕਦੀ ਹੈ ਜਾਂ ਬੰਦ ਹੋ ਸਕਦੀ ਹੈ। ਉਨ੍ਹਾਂ ਨੂੰ ਫਰਟੀਲਿਟੀ (ਜਣਨ) ਸਬੰਧੀ ਦਿੱਕਤਾਂ ਆ ਸਕਦੀਆਂ ਹਨ। ਡੀਹਾਈਡਰੇਸ਼ਨ ਜਾਂ ਡਾਇਟ ਦੀਆਂ ਗੋਲੀਆਂ, ਲੈਕਸੇਟਿਵਸ, ਡਾਇਯੂਰੇਟਿਕਸ ਦੀ ਵਰਤੋਂ ਨਾਲ ਵੀ ਗੁਰਦੇ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।"
"ਇਹ ਚਮੜੀ ਅਤੇ ਵਾਲਾਂ ਵਿੱਚ ਬਦਲਾਅ ਆ ਸਕਦਾ ਹੈ ਅਤੇ ਬੁਲੀਮੀਆ ਕਾਰਨ ਮਾਨਸਿਕ ਸਿਹਤ ਵੀ ਪ੍ਰਭਾਵਿਤ ਹੁੰਦੀ ਹੈ ਜਿਵੇਂ ਕਿ ਡਿਪਰੈਸ਼ਨ ਅਤੇ ਤਣਾਅ ਦਾ ਵਧਣਾ।"
ਬੁਲੀਮੀਆ ਦਾ ਪਤਾ ਕਿਵੇਂ ਲੱਗਦਾ ਹੈ?
ਨਿਊਟ੍ਰੀਸ਼ਨਿਸਟ ਅਮੀਸ਼ਾ ਗੁਲਾਟੀ ਕਹਿੰਦੇ ਹਨ ਕਿ ਇਸ ਦਾ ਪਤਾ ਲਗਾਉਣ ਲਈ ਕੋਈ ਟੈਸਟ ਨਹੀਂ ਹੈ ਪਰ ਪਰਿਵਾਰ ਜਾਂ ਦੋਸਤ ਮਰੀਜ਼ ਵਿੱਚ ਆਏ ਬਦਲਾਅ ਦੀ ਮਦਦ ਨਾਲ ਪਤਾ ਲਗਾ ਸਕਦੇ ਹਨ।
ਉਨ੍ਹਾਂ ਮੁਤਾਬਕ, "ਆਮ ਤੌਰ 'ਤੇ ਇਹ ਕਿਸ਼ੋਰ ਅਵਸਥਾ ਦੇ ਅਖ਼ੀਰ ਜਾਂ ਵੀਹਵਿਆਂ ਦੇ ਸ਼ੁਰੂ ਵਿੱਚ ਹੁੰਦਾ ਹੈ ਅਤੇ ਇਹ ਘੱਟ ਸਵੈ-ਮਾਣ, ਉਦਾਸੀ, ਸ਼ਰਮ, ਪਰਿਵਾਰਕ ਮੁੱਦਿਆਂ ਨਾਲ ਜੁੜਿਆ ਹੋਇਆ ਹੈ, ਇਸ ਲਈ ਅਕਸਰ ਇਸਦਾ ਨਿਦਾਨ ਇੱਕ ਬਾਲ ਰੋਗ ਮਾਹਰ ਡਾਕਟਰ ਜਾਂ ਇੱਕ ਥੈਰੇਪਿਸਟ ਰਾਹੀਂ ਲਗਾਇਆ ਜਾ ਸਕਦਾ ਹੈ।"
ਡਾ. ਟੀਨਾ ਗੁਪਤਾ ਦੱਸਦੇ ਹਨ ਕਿ ਬੁਲੀਮੀਆ ਦਾ ਪਤਾ ਵਿਅਕਤੀ ਦੇ ਵਿਵਹਾਰ ਸਬੰਧੀ ਆਈ ਤਬਦੀਲੀ ਤੋਂ ਪਤਾ ਲਗਾਇਆ ਜਾ ਸਕਦਾ ਹੈ।
ਕੀ ਇਸ ਦਾ ਇਲਾਜ ਹੈ?
ਉਹ ਸੁਝਾਉਂਦੇ ਹਨ, "ਇਸ ਲਈ ਮਰੀਜ਼ ਨਾਲ ਬੇਹੱਦ ਵਿਸਥਾਰ ਵਿੱਚ ਗੱਲਬਾਤ ਦੀ ਲੋੜ ਹੁੰਦੀ ਹੈ, ਜਿਸਨੂੰ ਅਸੀਂ ਕਲੀਨਿਕਲ ਇੰਟਰਵਿਊ ਕਹਿੰਦੇ ਹਾਂ। ਕਲੀਨਿਕਲ ਇੰਟਰਵਿਊ ਵਿੱਚ, ਡਾਕਟਰ ਮਰੀਜ਼ ਦੀਆਂ ਖਾਣ-ਪੀਣ ਦੀਆਂ ਆਦਤਾਂ, ਜ਼ਿਆਦਾ ਖਾਣ ਦੇ ਐਪੀਸੋਡਾਂ, ਜਦੋਂ ਵਿਅਕਤੀ ਕੰਟ੍ਰੋਲ ਗਵਾ ਲੈਂਦਾ ਹੈ ਤਾਂ ਕਿਵੇਂ ਮਹਿਸੂਸ ਹੁੰਦਾ ਹੈ, ਉਹ ਬਾਅਦ ਵਿੱਚ ਕੀ ਕਰਦੇ ਹਨ, ਕੀ ਉਨ੍ਹਾਂ ਨੂੰ ਕੁਝ ਸਰੀਰ ਦੀ ਬਣਾਵਟ ਨੂੰ ਲੈ ਕੇ ਚਿੰਤਾਵਾਂ ਹਨ, ਕੀ ਉਨ੍ਹਾਂ ਨੂੰ ਕੋਈ ਤਣਾਅ ਜਾਂ ਚਿੰਤਾ ਵੀ ਹੈ, ਪੁੱਛਦੇ ਹਾਂ।"
"ਇਸ ਰਾਹੀਂ ਅਸੀਂ ਵਿਵਹਾਰ ਦੇ ਮੁੱਖ ਪੈਟਰਨਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਸ ਵਿੱਚ ਬਹੁਤ ਜ਼ਿਆਦਾ ਖਾਣਾ ਅਤੇ ਉਸ ਨੂੰ ਕੱਢਣਾ ਸ਼ਾਮਲ ਹੈ। ਬਿੰਜ ਈਟਿੰਗ ਡਿਸਆਰਡਰ ਦੇ ਇਲਾਜ ਵਿੱਚ ਅਸੀਂ ਬਿੰਜ ਈਟਿੰਗ ਅਤੇ ਪਰਜਿੰਗ ਚੱਕਰ ਨੂੰ ਤੋੜਨ, ਭਾਵਨਾਤਮਕ ਤੰਦਰੁਸਤੀ ਨੂੰ ਬਿਹਤਰ ਬਣਾਉਣ ਅਤੇ ਮਰੀਜ਼ਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਠੀਕ ਕਰਨ ਵਿੱਚ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਾਂ।"
ਉਨ੍ਹਾਂ ਮੁਤਾਬਕ, ਇਸ ਲਈ ਇਲਾਜ ਬਹੁਪੱਖੀ ਹੋਵੇਗਾ। ਇਲਾਜ ਲਈ ਕਈ ਚੀਜ਼ਾਂ ਇਕੱਠੀਆਂ ਹੋਣੀਆਂ ਚਾਹੀਦੀਆਂ ਹਨ। ਖਾਣ ਸੰਬੰਧੀ ਵਿਕਾਰਾਂ (ਈਟਿੰਗ ਡਿਸਆਰਡਰ) ਲਈ ਬੋਧਾਤਮਕ ਵਿਵਹਾਰ (ਸਾਈਕੋਲੋਜੀਕਲ) ਥੈਰੇਪੀ ਜਾਂ ਮਨੋਵਿਗਿਆਨਕ (ਕੌਗਨੀਟਿਵ ਬਿਹੇਵੀਅਰ) ਥੈਰੇਪੀ ਦੇ ਰੂਪ ਵਿੱਚ ਗੱਲਬਾਤ (ਟੌਕਿੰਗ) ਥੈਰੇਪੀ ਦੀ ਵਰਤੋਂ ਕੀਤੀ ਜਾਂਦੀ ਹੈ।
"ਕਈ ਮਾਮਲਿਆਂ ਵਿੱਚ ਦਵਾਈ ਦੀ ਵੀ ਲੋੜ ਹੋ ਸਕਦੀ ਹੈ, ਐੱਸਐੱਸਆਰਆਈ (SSRIs) ਜਿਨ੍ਹਾਂ ਨੂੰ ਐਂਟੀਡਿਪ੍ਰੈਸੈਂਟਸ ਕਿਹਾ ਜਾਂਦਾ ਹੈ ਅਤੇ ਖ਼ਾਸ ਤੌਰ 'ਤੇ ਫਲੂਓਕਸੇਟਾਈਨ ਦੀ ਉੱਚ ਖੁਰਾਕ ਆਮ ਤੌਰ 'ਤੇ ਤੈਅ ਕੀਤੀ ਜਾਂਦੀ ਹੈ।"
ਕੁਝ ਡਾਕਟਰੀ ਟੈਸਟ ਅਤੇ ਨਿਗਰਾਨੀ ਦੀ ਲੋੜ ਹੋ ਸਕਦੀ ਹੈ। ਡਾਕਟਰ ਕੁਝ ਖੂਨ ਦੇ ਟੈਸਟ, ਦੰਦਾਂ ਦੀ ਜਾਂਚ, ਦਿਲ ਦੀ ਨਿਗਰਾਨੀ, ਆਦਿ ਲਈ ਕਹਿ ਸਕਦੇ ਹਨ।
ਕਈ ਵਾਰ ਗੰਭੀਰ ਮਾਮਲਿਆਂ ਵਿੱਚ, ਮਰੀਜ਼ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਉਣ ਵੀ ਲੋੜ ਵੀ ਪੈ ਸਕਦੀ ਹੈ।
ਠੀਕ ਹੋਣ ਵਿੱਚ ਕਿੰਨਾ ਸਮਾਂ ਲੱਗ ਸਕਦਾ ਹੈ?
ਡਾ. ਟੀਨਾ ਗੁਪਤਾ ਕਹਿੰਦੇ ਹਨ ਕਿ ਬੁਲੀਮੀਆ ਇੱਕ ਅਜਿਹੀ ਸਥਿਤੀ ਹੈ ਜਿਸ ਨੂੰ ਠੀਕ ਹੋਣ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ, ਆਮ ਤੌਰ 'ਤੇ ਦਵਾਈ ਅਤੇ ਥੈਰੇਪੀ ਦੀ ਮਦਦ ਨਾਲ, ਜੋ ਕਿ ਕੁਝ ਹਫ਼ਤਿਆਂ ਤੋਂ ਦੋ ਮਹੀਨਿਆਂ ਤੱਕ ਵੀ ਚੱਲ ਸਕਦੀ ਹੈ।
ਉਨ੍ਹਾਂ ਮੁਤਾਬਕ, "ਔਸਤਨ, ਰਿਕਵਰੀ ਲਈ ਨੌਂ ਮਹੀਨਿਆਂ ਤੋਂ ਬਾਰਾਂ ਮਹੀਨਿਆਂ ਤੱਕ ਦਾ ਸਮਾਂ ਮੰਨਿਆ ਜਾ ਸਕਦਾ ਹੈ। ਇਸ ਦਾ ਮੁੜ ਵਾਪਸ ਆਉਣਾ ਆਮ ਹੈ। ਬੁਲੀਮੀਆ ਵਾਲੇ ਤੀਹ ਤੋਂ ਪੰਜਾਹ ਫੀਸਦ ਲੋਕਾਂ ਨੂੰ ਰਿਕਵਰੀ ਦੌਰਾਨ ਕਿਸੇ ਨਾ ਕਿਸੇ ਤਰ੍ਹਾਂ ਮੁੜ ਉਸੇ ਸਥਿਤੀ ਵਿੱਚ ਵਾਪਸ ਜਾ ਸਕਦੇ ਹਨ।"
ਅਮੀਸ਼ਾ ਗੁਲਾਟੀ ਮੁਤਾਬਕ, ਜਦੋਂ ਐਂਗਜ਼ਾਇਟੀ, ਡਿਪ੍ਰੈਸ਼ਨ ਅਤੇ ਇਕੱਲੇਪਣ ਦਾ ਕੋਈ ਐਪੀਸੋਡ ਮੁੜ ਵਾਪਰ ਰਿਹਾ ਹੋਵੇ ਤਾਂ ਇਹ ਸੁਭਾਵੀ ਹੀ ਵਾਪਸ ਆ ਸਕਦਾ ਹੈ।
ਉਹ ਦੱਸਦੇ ਹਨ ਕਿ ਠੀਕ ਹੋਣਾ ਇਸ ਗੱਲ 'ਤੇ ਵੀ ਨਿਰਭਰ ਕਰਦਾ ਹੈ ਕਿ ਕੋਈ ਵਿਅਕਤੀ ਇਸ ਨਾਲ ਕਿੰਨੇ ਸਮੇਂ ਤੋਂ ਜੂਝ ਰਿਹਾ ਹੈ।
ਇਲਾਜ ਦੌਰਾਨ ਪਰਿਵਾਰ ਦੀ ਭੂਮਿਕਾ
ਬੁਲੀਮੀਆ ਤੋਂ ਠੀਕ ਹੋਣ ਵਿੱਚ ਪਰਿਵਾਰ ਅਤੇ ਦੋਸਤ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੂੰ ਘਰ ਵਿੱਚ ਇੱਕ ਸੁਰੱਖਿਅਤ ਅਤੇ ਸਹਿਜ ਮਾਹੌਲ ਬਣਾਉਣਾ ਚਾਹੀਦਾ ਹੈ ਜਿੱਥੇ ਉਹ ਵਿਅਕਤੀ ਨਾਲ ਆਰਾਮ ਨਾਲ ਅਤੇ ਪਿਆਰ ਨਾਲ ਗੱਲਬਾਤ ਕਰ ਸਕਣ। ਉਨ੍ਹਾਂ ਦੇ ਭਾਰ ਜਾਂ ਸਰੀਰ ਦੇ ਆਕਾਰ ਜਾਂ ਦਿੱਖ 'ਤੇ ਟਿੱਪਣੀ ਨਹੀਂ ਕਰਨੀ ਚਾਹੀਦੀ।
ਉਨ੍ਹਾਂ ਪ੍ਰਤੀ ਹਮਦਰਦੀ ਦਿਖਾਓ, ਧੀਰਜ ਦਿਖਾਓ, ਆਪ ਵੀ ਇਸ ਸਬੰਧੀ ਗਿਆਨ ਵਧਾਓ ਅਤੇ ਸਮਝੋ ਕਿ ਉਨ੍ਹਾਂ ਦੀ ਸਹਾਇਕ ਮਦਦ ਕਿਵੇਂ ਕਰਨੀ ਹੈ।
ਕੀ ਬੁਲੀਮੀਆ ਨੂੰ ਰੋਕਿਆ ਜਾ ਸਕਦਾ ਹੈ
ਨਿਊਟ੍ਰੀਸ਼ਨਿਸਟ ਅਮੀਸ਼ਾ ਗੁਲਾਟੀ ਦੱਸਦੇ ਹਨ ਕਿ ਸਕੂਲਾਂ ਅਤੇ ਕਾਲਜਾਂ ਵਿੱਚ ਕਿਸ਼ੋਰਾਂ ਲਈ ਇੱਕ ਸੁਰੱਖਿਅਤ ਵਾਤਾਵਰਣ ਮੁਹੱਈਆ ਕਰਵਾਉਣਾ ਚਾਹੀਦਾ ਹੈ। ਬੱਚਿਆਂ ਅਤੇ ਮਾਪਿਆਂ ਨੂੰ ਪੋਸ਼ਣ ਅਤੇ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਬਾਰੇ ਮਾਰਗਦਰਸ਼ਨ ਕਰਨਾ।
ਉਹ ਅੱਗੇ ਕਹਿੰਦੇ ਹਨ, "ਕਿਸ਼ੋਰਾਂ ਨੂੰ ਆਤਮ-ਵਿਸ਼ਵਾਸ ਪੈਦਾ ਕਰਨਾ ਅਤੇ ਸਰੀਰ ਦੀ ਸਕਾਰਾਤਮਕਤਾ ਬਾਰੇ ਉਤਸ਼ਾਹਿਤ ਕਰਨਾ, ਖਾ਼ਸ ਕਰਕੇ ਮਾਪਿਆਂ ਦੇ ਸਮਰਥਨ ਨਾਲ। ਕਿਸ਼ੋਰ ਸੋਸ਼ਲ ਮੀਡੀਆ ਅਤੇ ਟੀਵੀ ਤੋਂ ਵੱਧ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ, ਇਸ ਲਈ ਨਿਗਰਾਨੀ ਜ਼ਰੂਰੀ ਹੈ ਕਿਉਂਕਿ ਉਹ ਪਤਲੇ ਸਰੀਰ ਨੂੰ ਆਦਰਸ਼ ਸਰੀਰ ਸਮਝ ਸਕਦੇ ਹਨ।"
ਇਸ ਤੋਂ ਮਾਹਰ ਸੁਝਾਉਂਦੇ ਹਨ ਕਿ ਜੇਕਰ ਕਦੇ ਵੀ ਕਿਸੇ ਵੀ ਬਾਲਗ਼ ਜਾਂ ਕਿਸ਼ੋਰ ਵਿੱਚ ਬੁਲੀਮੀਆ ਦੇ ਸ਼ੁਰੂਆਤੀ ਲੱਛਣ ਨਜ਼ਰ ਆਉਣ ਦਾ ਪ੍ਰੋਫੈਸ਼ਨਲਿਸਟ ਦੀ ਮਦਦ ਲੈਣੀ ਚਾਹੀਦੀ ਹੈ।
ਇਸ ਤੋਂ ਇਲਾਵਾ ਡਾ. ਟੀਨਾ ਗੁਪਤਾ ਕਹਿੰਦੇ ਹਨ, "ਹਾਂ, ਬੁਲੀਮੀਆ ਵਿੱਚ ਠੀਕ ਹੋਣਾ ਸੰਭਵ ਹੈ ਜੇਕਰ ਵਿਅਕਤੀ ਨੂੰ ਸਹੀ ਸਮੇਂ 'ਤੇ ਸਹੀ ਮਦਦ ਮਿਲ ਸਕੇ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ