You’re viewing a text-only version of this website that uses less data. View the main version of the website including all images and videos.
ਕੀ ਤੁਸੀਂ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹੋ? ਉਹ 10 ਗੱਲਾਂ ਜਿੰਨਾਂ ਦਾ ਧਿਆਨ ਰੱਖਣ ਦੀ ਲੋੜ ਹੈ
- ਲੇਖਕ, ਨਾਗੇਂਦਰ ਸਾਈਂ ਕੁੰਟਵਰਮ
- ਰੋਲ, ਬੀਬੀਸੀ ਲਈ
ਕ੍ਰੈਡਿਟ ਕਾਰਡ ਨੂੰ 20ਵੀਂ ਸਦੀ ਦੇ ਅੰਤ ਵਿੱਚ ਆਈ ਆਰਥਿਕ ਕ੍ਰਾਂਤੀ ਕਿਹਾ ਜਾ ਸਕਦਾ ਹੈ। ਕ੍ਰੈਡਿਟ ਕਾਰਡ, ਜਿਸ ਨੂੰ ਪਲਾਸਟਿਕ ਮਨੀ ਵੀ ਕਿਹਾ ਜਾਂਦਾ ਹੈ, ਅਸਲ ਵਿੱਚ ਇੱਕ ਹਥਿਆਰ ਵਾਂਗ ਹੁੰਦਾ ਹੈ। ਜੇਕਰ ਤੁਸੀਂ ਇਸ ਨੂੰ ਸਹੀ ਢੰਗ ਨਾਲ ਨਹੀਂ ਵਰਤ ਰਹੇ, ਤਾਂ ਇਹ ਨੁਕਸਾਨ ਕਰ ਸਕਦਾ ਹੈ।
ਪਹਿਲੀ ਵਾਰ ਕ੍ਰੈਡਿਟ ਕਾਰਡ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਬਹੁਤ ਸਾਵਧਾਨ ਰਹਿਣਾ ਚਾਹੀਦਾ ਹੈ।
ਤੁਸੀਂ ਇਸ ਕਾਰਡ ਦੀ ਵਰਤੋਂ ਕਿਵੇਂ ਕਰਦੇ ਹੋ ਅਤੇ ਪੈਸੇ ਕਿਵੇਂ ਵਾਪਸ ਕਰਦੇ ਹੋ, ਇਸਦੀ ਨਿਯਮਿਤ ਤੌਰ 'ਤੇ ਨਿਗਰਾਨੀ ਕੀਤੀ ਜਾਂਦੀ ਹੈ।
ਇਸ ਆਧਾਰ 'ਤੇ ਬੈਂਕ ਅਤੇ ਵਿੱਤੀ ਸੰਸਥਾਵਾਂ ਤੁਹਾਨੂੰ ਅਗਲੇ ਸਮੇਂ ਦੌਰਾਨ ਕਰਜ਼ੇ ਪ੍ਰਦਾਨ ਕਰਦੀਆਂ ਹਨ, ਜਿਸ ਵਿੱਚ ਹੋਮ ਲੋਨ ਵੀ ਸ਼ਾਮਲ ਹੈ। ਇਸ ਲਈ ਪਹਿਲੀ ਵਾਰ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਸਮੇਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਨਹੀਂ ਤਾਂ, ਤੁਹਾਨੂੰ ਭਵਿੱਖ ਵਿੱਚ ਕਰਜ਼ਾ ਲੈਣ ਸਮੇਂ ਮੁਸ਼ਕਿਲ ਹੋ ਸਕਦੀ ਹੈ।
ਕ੍ਰੈਡਿਟ ਕਾਰਡ ਕੋਈ ਜਾਲ ਨਹੀਂ ਹੈ, ਜਿਸ ਵਿੱਚ ਤੁਸੀਂ ਫਸਦੇ ਚੱਲੇ ਜਾਓਗੇ।
ਸਾਡੇ ਵਿੱਚੋਂ ਬਹੁਤ ਸਾਰੇ ਲੋਕ ਕਰਜ਼ੇ ਨੂੰ ਇੱਕ ਵੱਡੇ ਖ਼ਤਰੇ ਵਜੋਂ ਦੇਖਦੇ ਹਨ। ਬਹੁਤ ਸਾਰੇ ਲੋਕ ਪੁੱਛਦੇ ਹਨ ਕਿ ਕੀ ਸਾਨੂੰ ਕਰਜ਼ਾ ਲੈਣਾ ਚਾਹੀਦਾ ਹੈ, ਪਰ ਅੱਜ ਦੇ ਸਮੇਂ ਦੌਰਾਨ ਦੁਨੀਆ ਕਰਜ਼ੇ ਤੋਂ ਬਿਨ੍ਹਾਂ ਨਹੀਂ ਚੱਲ ਸਕਦੀ।
ਹਾਲਾਂਕਿ, ਜੇ ਅਸੀਂ ਇਹ ਪਹਿਲਾ ਤਹਿ ਕਰ ਲਿਆ ਹੈ ਕਿ ਸਾਨੂੰ ਜ਼ਰੂਰਤ ਕਿਸ ਚੀਜ਼ ਦੀ ਹੈ, ਤਾਂ ਕੋਈ ਸਮੱਸਿਆ ਨਹੀਂ ਹੋਵੇਗੀ, ਪਰ ਜੇਕਰ ਅਸੀਂ ਸੋਚੀਏ ਕਿ ਅਸੀਂ 40-50 ਦਿਨਾਂ ਲਈ ਬਿਨਾਂ ਵਿਆਜ ਦੇ ਕਰਜ਼ਾ ਲੈ ਸਕਦੇ ਹਾਂ, ਤਾਂ ਅਸੀਂ ਗਲਤ ਰਾਹ 'ਤੇ ਹਨ।
1. ਫੈਸਲਾ ਕਰੋ ਕਿ ਤੁਸੀਂ ਕ੍ਰੈਡਿਟ ਕਾਰਡ ਕਿਸ ਲਈ ਚਾਹੁੰਦੇ ਹੋ
ਐਮਰਜੈਂਸੀ ਲਈ ਕਰਜ਼ਾ ਲੈਣ ਦੀ ਬਜਾਏ, ਤੁਸੀਂ ਕ੍ਰੈਡਿਟ ਕਾਰਡ ਨੂੰ 'ਸਟੈਂਡਬਾਈ ਵਿਕਲਪ' ਵਜੋਂ ਵਰਤ ਸਕਦੇ ਹੋ। ਕ੍ਰੈਡਿਟ ਕਾਰਡ ਨੂੰ ਆਪਣੀਆਂ ਵਿੱਤੀ ਜ਼ਰੂਰਤਾਂ ਲਈ ਵਰਤ ਸਕਦੇ ਹੋ।
ਕ੍ਰੈਡਿਟ ਕਾਰਡ ਜਾਰੀ ਕਰਨ ਵਾਲੀਆਂ ਵਿੱਤੀ ਸੰਸਥਾਵਾਂ ਦੁਆਰਾ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਪੈਸੇ ਵਾਪਸ ਕਰਨ 'ਤੇ ਤੁਹਾਨੂੰ ਕੋਈ ਜੁਰਮਾਨਾ ਨਹੀਂ ਦੇਣਾ ਪੈਂਦਾ।
ਜਦੋਂ ਤੁਸੀਂ ਸਮੇਂ ਸਿਰ ਪੈਸੇ ਵਾਪਸ ਕਰਦੇ ਹੋ ਤਾਂ ਤੁਸੀਂ ਰਿਵਾਡ ਪੁਆਇੰਟ ਅਤੇ ਔਫਰਸ ਕਮਾ ਸਕਦੇ ਹੋ। ਹਾਲਾਂਕਿ, ਜੇਕਰ ਤੁਸੀਂ ਬੇਲੋੜਾ ਖਰਚ ਕਰੋਗੇ ਤਾਂ ਫਿਰ ਤੁਸੀਂ ਕਰਜ਼ ਦੇ ਜਾਲ ਵਿੱਚ ਫਸਦੇ ਚੱਲੇ ਜਾਓਗੇ।
ਸਾਨੂੰ ਕਿਸੇ ਚੀਜ਼ ਦੀ ਲੋੜ ਹੋਵੇ ਜਾਂ ਨਹੀਂ, ਜੇਕਰ ਕੋਈ ਚੀਜ਼ 100 ਰੁਪਏ ਦੀ ਛੋਟ 'ਤੇ ਮਿਲ ਰਹੀ ਹੋਵੇ, ਤਾਂ ਅਸੀਂ ਖਰੀਦਣ ਲਈ ਕਾਹਲੇ ਹੋ ਜਾਂਦੇ ਹਾਂ। ਸਾਨੂੰ ਬੇਲੋੜੀਆਂ ਚੀਜ਼ਾਂ ਸਿਰਫ਼ ਇਸ ਲਈ ਨਹੀਂ ਖਰੀਦਣੀਆਂ ਚਾਹੀਦੀਆਂ ਕਿਉਂਕਿ ਸਾਡੇ ਕੋਲ ਕ੍ਰੈਡਿਟ ਕਾਰਡ ਹੈ। ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੀ ਚੀਜ਼ ਜ਼ਰੂਰੀ ਹੈ ਅਤੇ ਕਿਹੜੀ ਲਗਜ਼ਰੀ ਹੈ।
2. ਤੁਹਾਡੇ ਲਈ ਕਿਹੜਾ ਕਾਰਡ ਸਹੀ ਹੈ?
ਭਾਵੇਂ ਤੁਸੀਂ ਕੀਮਤ, ਫੀਸ, ਔਫਸਰ ਜਾਂ ਕੌ-ਬ੍ਰਾਂਡਿਡ ਕਾਰਡਾਂ ਦੇ ਆਧਾਰ 'ਤੇ ਕ੍ਰੈਡਿਟ ਕਾਰਡ ਖਰੀਦਦੇ ਹੋ, ਸਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਕਿਹੜੇ ਕਾਰਡ ਸਾਡੀਆਂ ਜ਼ਰੂਰਤਾਂ ਲਈ ਸਭ ਤੋਂ ਵਧੀਆ ਹਨ।
ਕੁਝ ਬੈਂਕਾਂ ਵੱਲੋਂ ਕ੍ਰੈਡਿਟ ਕਾਰਡ 'ਤੇ ਸਾਲਾਨਾ ਫੀਸ ਚਾਰਜ ਨਹੀਂ ਕੀਤੀ ਜਾਂਦੀ। ਕੁਝ ਬੈਂਕ ਕ੍ਰੈਡਿਟ ਕਾਰਡ ਦੀ ਇੱਕ ਨਿਸ਼ਚਿਤ ਮਾਤਰਾ ਦੀ ਵਰਤੋਂ ਤੋਂ ਬਾਅਦ ਸਾਲਾਨਾ ਫੀਸ ਮੁਆਫ ਕਰ ਦਿੰਦੇ ਹਨ। ਕੁਝ ਬੈਂਕ ਕ੍ਰੈਡਿਟ ਕਾਰਡ ਦੀ ਵਰਤੋਂ ਕਿੰਨੀ ਵਾਰ ਕੀਤੀ ਗਈ ਹੈ, ਇਸ ਦੀ ਪਰਵਾਹ ਕੀਤੇ ਬਿਨਾਂ ਸਾਲਾਨਾ ਫੀਸ ਚਾਰਜ ਕਰਦੇ ਹਨ।
ਤੁਹਾਨੂੰ ਸਾਰੀਆਂ ਫੀਸਾਂ ਬਾਰੇ ਪਹਿਲਾਂ ਹੀ ਜਾਣਕਾਰੀ ਹੋਣੀ ਚਾਹੀਦੀ ਹੈ। ਭਾਵੇਂ ਕਿ ਕੁਝ ਕੰਪਨੀਆਂ ਵੱਲੋਂ ਸਾਲਾਨਾ ਫੀਸ ਚਾਰਜ ਕੀਤੀ ਜਾਂਦੀ ਹੈ ਪਰ ਇੰਨ੍ਹਾਂ ਕ੍ਰੈਡਿਟ ਕਾਰਡਾਂ 'ਤੇ ਅਕਸਰ ਰਿਵਾਡ ਪੁਆਇੰਟ ਅਤੇ ਔਫਰਸ ਦਿੱਤੇ ਜਾਂਦੇ ਹਨ। ਇਸ ਗੱਲ ਦਾ ਧਿਆਨ ਰੱਖੋ ਕਿ ਕਾਰਡ ਦੀ ਕਿਸ ਹੱਦ ਤੱਕ ਵਰਤੋਂ ਕਰਨੀ ਹੈ।
ਈ-ਕਾਮਰਸ ਕੰਪਨੀਆਂ ਵੱਲੋਂ ਵੀ ਕੌ-ਬ੍ਰਾਂਡਿਡ ਕਾਰਡ ਦਿੱਤੇ ਜਾਂਦੇ ਹਨ। ਇਹ ਉਨ੍ਹਾਂ ਗਾਹਕਾਂ ਨੂੰ ਵਧੇਰੇ ਦਿੱਤੇ ਜਾਂਦੇ ਹਨ ਜੋ ਕਿ ਬਹੁਤ ਸਾਰੀ ਸ਼ੋਪਿੰਗ ਕਰਦੇ ਹਨ, ਇਸ ਨਾਲ ਉਹ ਸ਼ੋਪਿੰਗ ਵੇਲੇ ਔਫਰ ਅਤੇ ਛੁਟ ਹਾਸਲ ਕਰ ਸਕਦੇ ਹਨ। ਏਅਰਲਾਈਨਾਂ ਅਤੇ ਹੋਰ ਆਵਾਜਾਈ ਆਧਾਰਿਤ ਕੰਪਨੀਆਂ ਵੱਲੋਂ ਵਧੇਰੇ ਯਾਤਰਾ ਕਰਨ ਵਾਲੇ ਗਾਹਕਾਂ ਲਈ ਕੌ-ਬ੍ਰਾਂਡਿਡ ਕ੍ਰੈਡਿਟ ਕਾਰਡ ਔਫਰ ਕਰਦੀਆਂ ਹਨ। ਇਹ ਕਾਰਡ ਯਾਤਰਾਂ ਲਈ ਰਿਵਾਰਡ ਪਾਇੰਟ ਅਤੇ ਔਫ਼ਰਸ ਦਿੰਦੇ ਹਨ ਜਿਨ੍ਹਾਂ ਨਾਲ ਬਚਤ ਕੀਤੀ ਜਾ ਸਕਦੀ ਹੈ।
3. ਇੱਕ ਕਾਰਡ ਨਾਲ ਜੁੜੇ ਰਹੋ
ਆਪਣਾ ਪਹਿਲਾ ਕ੍ਰੈਡਿਟ ਕਾਰਡ ਲੈਣ ਤੋਂ ਬਾਅਦ ਤੁਹਾਡੀ 'ਕ੍ਰੈਡਿਟ ਹਿਸਟਰੀ' ਬਣਨ ਵਿੱਚ ਥੋੜ੍ਹਾ ਸਮਾਂ ਲੱਗਦਾ ਹੈ। ਇਸ ਲਈ ਘੱਟੋ-ਘੱਟ ਇੱਕ ਸਾਲ ਇੰਤਜ਼ਾਰ ਕਰੋ। ਇਸ ਸਮੇਂ ਦੌਰਾਨ ਹੋਰ ਕੰਪਨੀਆਂ ਤੋਂ ਕ੍ਰੈਡਿਟ ਕਾਰਡ ਨਾ ਖਰੀਦੋ। ਕਿਉਂਕਿ ਇੱਕ ਵਾਰ ਜਦੋਂ ਤੁਸੀਂ ਇਸ ਦੀ ਆਦਤ ਪਾ ਲੈਂਦੇ ਹੋ, ਤਾਂ ਇਸ ਤੋਂ ਛੁਟਕਾਰਾ ਪਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ।
ਇਸ ਲਈ ਸਿਰਫ਼ ਇੱਕ ਕਾਰਡ ਨਾਲ ਜੁੜੇ ਰਹੋ। ਜੇਕਰ ਤੁਹਾਨੂੰ ਸਮੇਂ ਸਿਰ ਭੁਗਤਾਨ ਕਰਨ ਦੀ ਆਦਤ ਹੈ ਤਾਂ ਬੈਂਕ ਖੁਦ ਹੀ ਤੁਹਾਡੀ ਕ੍ਰੈਡਿਟ ਸੀਮਾ ਵਧਾ ਦੇਣਗੇ।
4. ਆਪਣੀ ਕ੍ਰੈਡਿਟ ਸੀਮਾ ਦੀ ਪੂਰੀ ਵਰਤੋਂ ਨਾ ਕਰੋ
ਜੇਕਰ ਬੈਂਕ ਤੁਹਾਨੂੰ 100 ਰੁਪਏ ਦੀ ਕ੍ਰੈਡਿਟ ਸੀਮਾ ਵਾਲਾ ਕਾਰਡ ਦਿੰਦਾ ਹੈ, ਤਾਂ ਤੁਹਾਨੂੰ ਵੱਧ ਤੋਂ ਵੱਧ 20 ਤੋਂ 30 ਰੁਪਏ ਤੱਕ ਹੀ ਵਰਤੋਂ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਇਸ ਤੋਂ ਵੱਧ ਵਰਤੋਂ ਕਰਦੇ ਹੋ, ਤਾਂ ਤੁਹਾਡਾ ਕ੍ਰੈਡਿਟ ਸਕੋਰ ਘੱਟਣਾ ਸ਼ੁਰੂ ਹੋ ਜਾਂਦਾ ਹੈ।
5. ਪੂਰੀ ਰਕਮ ਦਾ ਭੁਗਤਾਨ ਕਰੋ
ਕ੍ਰੈਡਿਟ ਕਾਰਡ ਦੀ ਘੱਟੋ-ਘੱਟ ਬਕਾਇਆ ਭਰਨ ਦੀ ਵਿਸ਼ੇਸ਼ਤਾ ਵੀ ਬਹੁਤ ਸਾਰੇ ਲੋਕਾਂ ਨੂੰ ਆਕਰਸ਼ਿਤ ਕਰਦੀ ਹੈ।
ਜੇਕਰ ਅਸੀਂ ਇੱਕ ਨਿਸ਼ਚਿਤ ਸਮੇਂ ਦੇ ਅੰਦਰ ਪੈਸੇ ਦਾ ਪੂਰਾ ਭੁਗਤਾਨ ਕਰਨ ਵਿੱਚ ਅਸਮਰੱਥ ਹਾਂ, ਤਾਂ ਅਸੀਂ ਘੱਟੋ-ਘੱਟ ਬਕਾਇਆ ਵਾਪਸ ਕਰ ਸਕਦੇ ਹਾਂ।
ਇਸ ਤਰ੍ਹਾਂ, ਘੱਟੋ-ਘੱਟ ਬਕਾਇਆ ਦਾ ਭੁਗਤਾਨ ਕਰਨ ਨਾਲ ਤੁਹਾਡੇ ਕ੍ਰੈਡਿਟ ਸਕੋਰ 'ਤੇ ਕੋਈ ਪ੍ਰਭਾਵ ਨਹੀਂ ਪਵੇਗਾ।
ਘੱਟੋ-ਘੱਟ ਬਕਾਇਆ ਤੁਹਾਡੀ ਕ੍ਰੈਡਿਟ ਸੀਮਾ ਦੇ 5 ਤੋਂ 10% ਦੇ ਅਨੁਸਾਰ ਗਿਣਿਆ ਜਾਂਦਾ ਹੈ। ਉਦਾਹਰਣ ਵਜੋਂ, ਜੇਕਰ ਤੁਹਾਡੀ ਕ੍ਰੈਡਿਟ ਸੀਮਾ 50,000 ਰੁਪਏ ਹੈ, ਤਾਂ ਤੁਹਾਡਾ ਘੱਟੋ-ਘੱਟ ਬਕਾਇਆ 2,500 ਰੁਪਏ ਦੋ ਕਰੀਬ ਮੰਨਿਆ ਜਾ ਸਕਦਾ ਹੈ ।
ਪਰ ਜ਼ਿਆਦਾਤਰ ਲੋਕ ਲੰਬੇ ਸਮੇਂ ਲਈ ਇਨ੍ਹਾਂ ਛੋਟੇ ਬਕਾਏ ਦਾ ਭੁਗਤਾਨ ਕਰਦੇ ਹਨ, ਜਿਸ ਨਾਲ ਪੂਰੀ ਅਦਾਇਗੀ ਵਿੱਚ ਦੇਰੀ ਹੁੰਦੀ ਹੈ ਅਤੇ ਫਿਰ ਉਨ੍ਹਾਂ ਦੇ ਕ੍ਰੈਡਿਟ ਸਕੋਰ ਨੂੰ 'ਤੇ ਅਸਰ ਪੈਂਦਾ ਹੈ।
ਇਸ ਲਈ ਆਪਣੇ ਕਰਜ਼ੇ ਦੀ ਪੂਰੀ ਅਦਾਇਗੀ ਨਿਰਧਾਰਤ ਮਿਤੀ (ਬਿਲਿੰਗ ਚੱਕਰ) 'ਤੇ ਕਰਨ ਦੀ ਕੋਸ਼ਿਸ਼ ਕਰੋ। ਜੇਕਰ ਨਹੀਂ, ਤਾਂ ਪਤਾ ਕਰੋ ਕਿ ਕੀ ਤੁਹਾਡੇ ਬੈਂਕ ਕੋਈ ਕਿਸ਼ਤ ਭੁਗਤਾਨ (ਈਐੱਮਆਈ) ਸਕੀਮ ਹੈ ਅਤੇ ਪੈਸੇ ਕਿਸ਼ਤਾਂ ਵਿੱਚ ਵਾਪਸ ਕਰੋ। ਇਹ ਕਰਜ਼ੇ 'ਤੇ ਵਿਆਜ ਦੇ ਬੋਝ ਨੂੰ ਘਟਾਉਣ ਵਿੱਚ ਮਦਦ ਕਰੇਗਾ।
6. ਵਿਆਜ ਦਰ ਵੇਖੋ
ਤੁਸੀਂ ਆਪਣੇ ਬਿਲਿੰਗ ਚੱਕਰ ਦੇ ਆਧਾਰ 'ਤੇ ਆਪਣੀਆਂ ਖਰੀਦਾਂ ਨੂੰ ਤਹਿ ਕਰ ਸਕਦੇ ਹੋ।
ਬਿਲਿੰਗ ਮਿਤੀ ਅਤੇ ਮੁੜ ਅਦਾਇਗੀ ਮਿਤੀ ਦੇ ਵਿਚਕਾਰ 40 ਤੋਂ 50 ਦਿਨਾਂ ਦਾ ਗ੍ਰੇਸ ਪੀਰੀਅਡ ਹੁੰਦਾ ਹੈ, ਇਸ ਲਈ ਜਦੋਂ ਤੁਸੀਂ ਬਿਲਿੰਗ ਚੱਕਰ ਦੇ ਸ਼ੁਰੂ ਵਿੱਚ ਆਪਣੇ ਕਾਰਡ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਵਿਆਜ-ਮੁਕਤ ਕ੍ਰੈਡਿਟ ਦੇ ਵਧੇਰੇ ਦਿਨ ਮਿਲ ਜਾਂਦੇ ਹਨ।
ਇਸ ਤੋਂ ਇਲਾਵਾ ਕੰਪਨੀਆਂ ਦੁਆਰਾ ਨਿਰਧਾਰਤ ਵਾਧੂ ਕਾਰਡ ਫੀਸਾਂ ਅਤੇ ਦੇਰ ਨਾਲ ਭੁਗਤਾਨ ਕਰਨ ਲਈ ਵਸੂਲੇ ਜਾਣ ਵਾਲੇ ਜੁਰਮਾਨਿਆਂ 'ਤੇ ਵੀ ਧਿਆਨ ਰੱਖੋ।
ਇਹ ਵੀ ਧਿਆਨ ਰੱਖੋ ਕਿ ਸਰਕਾਰੀ ਬੈਂਕਾਂ ਦੁਆਰਾ ਜਾਰੀ ਕੀਤੇ ਜਾਂਦੇ ਕ੍ਰੈਡਿਟ ਕਾਰਡਾਂ ਲਈ ਵਿਆਜ ਦਰਾਂ, ਪ੍ਰੋਸੈਸਿੰਗ ਫੀਸ ਅਤੇ ਦੇਰ ਨਾਲ ਭੁਗਤਾਨ ਕਰਨ ਲਈ ਫੀਸਾਂ ਪ੍ਰਾਈਵੇਟ ਵਿੱਤੀ ਸੰਸਥਾਵਾਂ ਦੁਆਰਾ ਵਸੂਲੀਆਂ ਜਾਣ ਵਾਲੀਆਂ ਫੀਸਾਂ ਨਾਲੋਂ ਘੱਟ ਹੁੰਦੀਆਂ ਹਨ।
ਏਅਰਪੋਰਟ ਲਾਉਂਜ ਅਤੇ ਮੁਫਤ ਟਿਕਟਾਂ ਦੀ ਸੁਵਿਧਾ
ਗਾਹਕਾਂ ਨੂੰ ਵਿਆਜ-ਮੁਕਤ ਕਰਜ਼ੇ ਪ੍ਰਦਾਨ ਕਰਨ ਤੋਂ ਇਲਾਵਾ, ਇਹ ਕੰਪਨੀਆਂ ਕਈ ਤਰ੍ਹਾਂ ਦੇ ਉਤਸ਼ਾਹ ਵੀ ਦਿੰਦੀਆਂ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਏਅਰਪੋਰਟ ਲਾਉਂਜ ਅਤੇ ਮੁਫਤ ਉਡਾਣ ਟਿਕਟਾਂ ਹਨ।
ਕੰਪਨੀਆਂ ਵੱਲੋਂ ਵਰਤੋਂ ਦੇ ਆਧਾਰ 'ਤੇ ਮੁਫਤ ਘਰੇਲੂ ਉਡਾਣ ਟਿਕਟਾਂ ਵੀ ਦਿੱਤੀਆਂ ਜਾਂਦੀਆਂ ਹਨ।
ਕੁਝ ਏਅਰਲਾਈਨਾਂ ਸਾਲ ਵਿੱਚ ਦੋ ਤੋਂ ਛੇ ਵਾਰ ਘਰੇਲੂ ਹਵਾਈ ਅੱਡਿਆਂ 'ਤੇ ਮੁਫਤ ਲਾਉਂਜ ਦੀ ਸੁਵਿਧਾ ਦਿੰਦੀਆਂ ਹਨ। ਇਸ ਤੋਂ ਇਲਾਵਾ ਤੁਸੀਂ ਰਿਵਾਡ ਪੁਆਇੰਟਾਂ ਦੀ ਵਰਤੋਂ ਕਰਕੇ ਖਰੀਦਦਾਰੀ ਕੂਪਨ ਨੂੰ ਵੀ ਹਾਸਲ ਕਰ ਸਕਦੇ ਹੋ।
7. ਜਿਸ ਚੀਜ਼ ਦੀ ਤੁਹਾਨੂੰ ਲੋੜ ਨਹੀਂ ਹੈ ਉਸ ਨੂੰ ਨਾ ਸੁੱਟੋ
ਇੱਕ ਵਾਰ ਕ੍ਰੈਡਿਟ ਕਾਰਡ ਖਰੀਦਣ ਉਪੰਰਤ ਤੁਹਾਨੂੰ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਆਰਬੀਆਈ ਦੇ ਨਿਯਮਾਂ ਅਨੁਸਾਰ ਜੇਕਰ ਤੁਹਾਡਾ ਕਾਰਡ ਇੱਕ ਸਾਲ ਤੱਕ ਨਹੀਂ ਵਰਤਿਆ ਜਾਂਦਾ ਹੈ, ਤਾਂ ਇਸਨੂੰ ਡੀਐਕਟੀਵੇਟ ਕਰ ਦਿੱਤਾ ਜਾਂਦਾ ਹੈ।
ਇਸ ਲਈ ਹਰ ਦੋ ਜਾਂ ਤਿੰਨ ਮਹੀਨਿਆਂ ਵਿੱਚ ਘੱਟੋ-ਘੱਟ ਇੱਕ ਵਾਰ ਆਪਣੇ ਕਾਰਡ ਦੀ ਵਰਤੋਂ ਜ਼ਰੂਰ ਕਰੋ। ਆਪਣੇ ਬਿਲ ਦਾ ਸਮੇਂ-ਸਿਰ ਭੁਗਤਾਨ ਕਰੋ।
ਜੇਕਰ ਤੁਸੀਂ ਆਪਣੇ ਕਾਰਡ ਦੀ ਵਰਤੋਂ ਨਹੀਂ ਕਰਦੇ ਤਾਂ ਕੁਝ ਬੈਂਕ ਸਾਲਾਨਾ ਜੁਰਮਾਨਾ ਵਸੂਲਦੇ ਹਨ।
ਜੇਕਰ ਤੁਸੀਂ ਆਪਣੇ ਕਾਰਡ ਦੀ ਵਰਤੋਂ ਨਹੀਂ ਕਰ ਰਹੇ ਹੋ, ਤਾਂ ਮੋਬਾਇਲ ਐਪਲੀਕੇਸ਼ਨ ਦੀ ਵਰਤੋਂ ਕਰਕੇ ਸਾਰੇ ਲੈਣ-ਦੇਣ ਬੰਦ ਕਰ ਦੇਣਾ ਸਹੀਂ ਹੋਵੇਗਾ। ਇਸ ਨਾਲ ਕਾਰਡ ਦੀ ਦੁਰਵਰਤੋਂ ਹੋਣ ਦੀ ਸੰਭਾਵਨਾ ਘੱਟ ਜਾਵੇਗੀ।
8. ਯਾਦ ਰੱਖੋ ਕਿ ਇਹ ਇੱਕ ਕਰਜ਼ਾ ਹੈ
ਜੇਕਰ ਅਸੀਂ ਕਰਜ਼ਾ ਲੈਂਦੇ ਹਾਂ, ਤਾਂ ਸਾਨੂੰ ਵਿਆਜ ਦੇਣਾ ਪੈਂਦਾ ਹੈ। ਸਾਨੂੰ ਸਮੇਂ-ਸਿਰੇ ਕਰਜ਼ਾ ਵਾਪਸ ਕਰਨਾ ਹੁੰਦਾ ਹੈ, ਨਹੀਂ ਤਾਂ ਵਿਆਜ ਦਰ ਵਧ ਸਕਦੀ ਹੈ। ਕ੍ਰੈਡਿਟ ਕਾਰਡ ਦੀ ਵਿਆਜ ਦਰ 36 - 48% ਤੱਕ ਵੀ ਹੋ ਸਕਦੀ ਹੈ।
ਦੇਰੀ ਨਾਲ ਅਦਾਇਗੀ ਕਰਨ ਨਾਲ ਟੈਕਸ, ਜੁਰਮਾਨੇ ਆਦਿ ਵੀ ਵਧ ਸਕਦੇ ਹਨ। ਜੇਕਰ ਤੁਸੀਂ ਆਪਣਾ ਕਰਜ਼ਾ ਸਮੇਂ ਸਿਰ ਨਹੀਂ ਮੋੜਦੇ, ਤਾਂ ਤੁਹਾਡਾ ਕ੍ਰੈਡਿਟ ਸਕੋਰ ਬਹੁਤ ਜਲਦੀ ਘੱਟ ਸਕਦਾ ਹੈ।
9. ਪਹਿਲਾ ਕ੍ਰੈਡਿਟ ਕਾਰਡ ਮਹੱਤਵਪੂਰਨ ਹੈ
ਪਹਿਲਾ ਕ੍ਰੈਡਿਟ ਕਾਰਡ ਕ੍ਰੈਡਿਟ ਸਕੋਰ ਵਿੱਚ ਇੱਕ ਵੱਡੀ ਭੂਮਿਕਾ ਨਿਭਾਉਂਦਾ ਹੈ। ਜੇਕਰ ਤੁਹਾਨੂੰ ਆਪਣਾ ਕਾਰਡ ਰੱਦ ਕਰਨ ਦੀ ਲੋੜ ਹੈ, ਤਾਂ ਤੁਸੀਂ ਆਪਣੇ ਖਰੀਦੇ ਪਹਿਲੇ ਕਾਰਡ ਨੂੰ ਬੰਦ ਕਰਨ ਦੀ ਬਜਾਏ ਇੱਕ ਨਵਾਂ ਕਾਰਡ ਬੰਦ ਕਰਵਾ ਸਕਦੇ ਹੋ।
ਤੁਹਾਡਾ ਪਹਿਲਾ ਕ੍ਰੈਡਿਟ ਕਾਰਡ ਜਾਂ ਪਹਿਲਾ ਕਰਜ਼ਾ ਤੁਹਾਡੇ ਸਮੁੱਚੀ ਕ੍ਰੈਡਿਟ ਹਿਸਟਰੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਅਤੇ ਇਸ 'ਤੇ ਹੀ ਤੁਹਾਡਾ ਕ੍ਰੈਡਿਟ ਸਕੋਰ ਅਧਾਰਤ ਹੁੰਦਾ ਹੈ।
ਜੇਕਰ ਤੁਸੀਂ ਕ੍ਰੈਡਿਟ ਕਾਰਡ ਸਹੀ ਤਰੀਕੇ ਨਾਲ ਨਹੀਂ ਵਰਤਦੇ ਹੋ, ਤਾਂ ਕੱਲ੍ਹ ਨੂੰ ਹੋਮ ਲੋਨ, ਕਾਰ ਲੋਨ, ਪਰਸਨਲ ਲੋਨ ਜਾਂ ਗੋਲਡ ਲੋਨ ਲੈਣਾ ਮੁਸ਼ਕਲ ਹੋ ਸਕਦਾ ਹੈ।
10. ਹੋਰ ਮਹੱਤਵਪੂਰਨ ਗੱਲਾਂ
ਪੈਸੇ ਵਾਪਸ ਕਰਨ ਲਈ ਇੱਕ ਰੀਮਾਈਂਡਰ ਸੈਟ ਕਰੋ। ਇਸ ਵਿੱਚ ਕਰੇਡ ਵਰਗੀਆਂ ਐਪਲੀਕੇਸ਼ਨਾਂ ਮਦਦ ਕਰ ਸਕਦੀਆਂ ਹਨ।
ਆਪਣੇ ਸਾਰੇ ਵਿੱਤੀ ਲੈਣ-ਦੇਣ ਨੂੰ ਨਿਯਮਤ ਕਰੋ ਕਿ ਉਹ ਤੁਹਾਡੇ ਬੈਂਕ ਖਾਤੇ ਤੋਂ ਆਪਣੇ ਆਪ ਟ੍ਰਾਂਸਫਰ ਹੋ ਜਾਣ।
ਦੇਰ ਨਾਲ ਭੁਗਤਾਨ ਕਰਨ ਤੋਂ ਬਚੋ। ਹਰੇਕ ਵਾਰ ਘੱਟੋ-ਘੱਟ ਬਕਾਇਆ ਭੁਗਤਾਨ ਕਰਕੇ ਕਰਜ਼ੇ ਦੇ ਜਾਲ ਵਿੱਚ ਨਾ ਫਸੋ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ