ਕਰਨ ਔਜਲਾ: ਲੁਧਿਆਣਾ ਦੇ ਘੁਰਾਲਾ ਤੋਂ ਬੌਲੀਵੁੱਡ ਤੱਕ ਦਾ ਸਫ਼ਰ, ਦਿਲਜੀਤ ਨੂੰ ਗਾਣੇ ਦੇਣ ਵਾਲਾ ਕਿਵੇਂ ਬਣਿਆ 'ਸੁਪਰਸਟਾਰ'

ਤਸਵੀਰ ਸਰੋਤ, Getty Images
- ਲੇਖਕ, ਤਨੀਸ਼ਾ ਚੌਹਾਨ
- ਰੋਲ, ਬੀਬੀਸੀ ਪੱਤਰਕਾਰ
9 ਸਾਲਾਂ ਦੀ ਉਮਰ ਵਿੱਚ ਪਿਤਾ ਦਾ ਸਾਇਆ ਸਿਰ ਤੋਂ ਉੱਠਿਆ ਤੇ 14 ਸਾਲਾਂ ਦੀ ਉਮਰ 'ਚ ਮਾਂ ਦੀ 'ਛਾਂ' ਵੀ ਚਲੀ ਗਈ। ਇਕੱਲੇਪਣ ਨਾਲ ਲੜਦਿਆਂ ਲਿਖਣਾ ਸ਼ੁਰੂ ਕਰ ਦਿੱਤਾ। ਕੈਨੇਡਾ ਜਾ ਕੇ ਪੰਜਾਬੀ ਗਾਇਕਾਂ ਕੋਲ ਆਪਣੇ ਲਿਖੇ ਗੀਤ ਗਾਉਣ ਲਈ ਕਹਿਣਾ।
ਪੈਸਿਆਂ ਦੀ ਕੋਈ ਦਰਕਾਰ ਨਹੀਂ ਸੀ, ਬਸ ਇੱਕ ਦਿਲੀ ਇੱਛਾ ਕਿ ਕੋਈ ਉਸ ਦਾ ਲਿਖਿਆ ਗਾਣਾ ਗਾ ਦੇਵੇ ਤੇ ਉਸ ਵਿੱਚ 'ਪਿੰਡ ਘੁਰਾਲਾ' ਦਾ ਨਾਮ ਆ ਜਾਵੇ।
ਗੀਤਕਾਰੀ ਤੋਂ ਬਾਅਦ ਖੁਦ ਗਾਉਣ ਦਾ ਅਜਿਹਾ ਸਿਲਸਿਲਾ ਤੁਰਿਆ ਕਿ ਲੋਕ ਉਸ ਨੂੰ "ਗੀਤਾਂ ਦੀ ਮਸ਼ੀਨ" ਕਹਿਣ ਲੱਗੇ।
26 ਸਾਲਾਂ ਦੀ ਉਮਰ ਵਿੱਚ ਇਹ ਸ਼ਖ਼ਸ 'ਸੁਪਰਸਟਾਰ' ਬਣ ਗਿਆ ਹੈ ਪਰ ਅੱਜ ਵੀ ਉਸ ਨੂੰ ਜਾਣਨ ਵਾਲੇ ਕਹਿੰਦੇ ਹਨ ਕਿ ਉਸ ਵਰਗਾ 'ਨਿਮਾਣਾ' ਕੋਈ ਨਹੀਂ।
ਇਥੇ ਅਸੀਂ ਗੱਲ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਘੁਰਾਲਾ ਦੇ ਨੌਜਵਾਨ ਤੇ ਮਸ਼ਹੂਰ ਪੰਜਾਬੀ ਗਾਇਕ ਜਸਕਰਨ ਸਿੰਘ ਔਜਲਾ ਉਰਫ਼ ਕਰਨ ਔਜਲਾ ਦੀ ਕਰ ਰਹੇ ਹਾਂ।

ਉਹ ਗਾਇਕ ਜਿਸ ਨੇ ਪੰਜਾਬੀ ਸੰਗੀਤ ਜਗਤ ਵਿੱਚ ਆਪਣੇ ਤਾਂ ਕਈ ਸੁਪਰਹਿੱਟ ਗੀਤ ਪਾਏ ਹੀ, ਸਗੋਂ ਪੰਜਾਬ ਦੇ ਉੱਘੇ ਗਾਇਕ ਦਿਲਜੀਤ ਦੁਸਾਂਝ ਨੇ ਵੀ ਉਨ੍ਹਾਂ ਦੇ ਲਿਖੇ ਗੀਤ ਗਾਏ ਤੇ ਸਟੇਜਾਂ ਤੋਂ ਮਕਬੂਲੀਅਤ ਹਾਸਲ ਕੀਤੀ।
ਇਸ ਰਿਪੋਰਟ ਵਿੱਚ ਕਰਨ ਔਜਲਾ ਦੀ ਨਿੱਜੀ ਜ਼ਿੰਦਗੀ, ਲਿਖਾਰੀ ਤੋਂ ਗਾਇਕ ਤੇ ਪੰਜਾਬ ਤੋਂ ਬੌਲੀਵੁੱਡ ਤੱਕ ਛਾਉਣ ਬਾਰੇ ਗੱਲ ਕਰਾਂਗੇ।
ਕਰਨ ਔਜਲਾ ਦੇ ਬਚਪਨ ਦੀਆਂ 'ਕੌੜੀਆਂ' ਯਾਦਾਂ
ਕਰਨ ਔਜਲਾ ਅਕਸਰ ਮੀਡੀਆ ਤੋਂ ਦੂਰੀ ਬਣਾ ਕੇ ਰੱਖਦੇ ਹਨ। ਉਨ੍ਹਾਂ ਦੇ ਗਿਣੇ-ਚੁਣੇ ਇੰਟਰਵਿਊ ਹੀ ਹਨ। ਕੁਝ ਪੌਡਕਾਸਟ ਉਨ੍ਹਾਂ ਨੇ ਜ਼ਰੂਰ ਕੀਤੇ ਹਨ, ਜਿਨ੍ਹਾਂ ਵਿੱਚ ਉਹ ਦਿਲ ਖੋਲ੍ਹ ਕੇ ਬਚਪਨ ਦੀਆਂ 'ਕੌੜੀਆਂ' ਯਾਦਾਂ ਯਾਦ ਕਰਦੇ ਨਜ਼ਰ ਆਏ ਅਤੇ ਉਨ੍ਹਾਂ ਵਿੱਚ ਇੱਕ ਜ਼ਿੰਮੇਵਾਰ ਭਰਾ ਵੀ ਨਜ਼ਰ ਆਇਆ, ਜਿਸ ਲਈ ਉਸ ਦੀਆਂ ਭੈਣਾਂ ਹੀ ਮਾਂ ਬਰਾਬਰ ਹਨ।
1997 'ਚ ਲੁਧਿਆਣਾ ਨੇੜੇ ਪੈਂਦੇ ਘੁਰਾਲਾ ਵਿੱਚ ਜਨਮੇ ਕਰਨ ਔਜਲਾ ਦੋ ਭੈਣਾਂ ਦੇ ਇਕਲੌਤੇ ਭਰਾ ਹਨ, ਜਿਨ੍ਹਾਂ 'ਤੇ ਪੂਰਾ ਪਰਿਵਾਰ ਜਾਨ ਛਿੜਕਦਾ ਹੈ।
2006 ਵਿੱਚ ਕਰਨ ਦੇ ਪਿਤਾ ਦੀ ਮੌਤ ਹੋ ਗਈ, ਫਿਰ ਮਾਂ ਨੂੰ ਕੈਂਸਰ ਹੋ ਗਿਆ ਅਤੇ 2011 ਵਿੱਚ ਉਹ ਚਲ ਵਸੇ। ਇਸ ਸਮੇਂ ਤੱਕ ਇੱਕ ਭੈਣ ਪਹਿਲਾਂ ਹੀ ਕੈਨੇਡਾ ਵਿੱਚ ਵਿਆਹੀ ਜਾ ਚੁੱਕੀ ਸੀ।

ਤਸਵੀਰ ਸਰੋਤ, karanaujla/instagram
ਘਰ ਵਿੱਚ ਬਾਕੀ ਬਚੇ ਕਰਨ ਅਤੇ ਉਨ੍ਹਾਂ ਦੀ ਭੈਣ। ਫਿਰ ਦੂਜੀ ਭੈਣ ਦਾ ਵੀ ਵਿਆਹ ਹੋ ਗਿਆ।
ਇਸ ਮਗਰੋਂ ਆਪਣੇ ਚਾਚੇ ਦੇ ਪਰਿਵਾਰ ਨਾਲ ਕਰਨ ਇਕੱਲੇ ਰਹਿ ਗਏ।
ਆਪਣੇ ਇੱਕ ਇੰਟਰਵਿਊ ਵਿੱਚ ਕਰਨ ਦੱਸਦੇ ਹਨ ਕਿ ਇਕੱਲੇਪਣ ਨੇ ਉਨ੍ਹਾਂ ਨੂੰ ਘੇਰ ਲਿਆ ਸੀ। ਘਰੋਂ ਬਾਹਰ ਨਿਕਲਣ ਦਾ ਹੌਂਸਲਾ ਵੀ ਨਹੀਂ ਸੀ ਹੁੰਦਾ। 14 ਸਾਲ ਦੀ ਛੋਟੀ ਉਮਰੇ ਵਧੇਰੇ ਬੋਝ ਉਨ੍ਹਾਂ ਨੇ ਆਪਣੇ ਦਿਲ 'ਤੇ ਪਾ ਲਿਆ। ਉਨ੍ਹਾਂ ਨੂੰ ਇੰਝ ਜਾਪਦਾ ਸੀ ਕਿ ਲੋਕ ਤਰਸ ਨਾਲ ਇਸ ਬੱਚੇ ਨੂੰ ਦੇਖਦੇ ਹਨ, ਜੋ ਉਨ੍ਹਾਂ ਤੋਂ ਬਰਦਾਸ਼ਤ ਨਹੀਂ ਹੁੰਦਾ ਸੀ।
ਇਸੇ ਦੌਰਾਨ ਕਰਨ ਨੇ ਲਿਖਣਾ ਸ਼ੁਰੂ ਕੀਤਾ। ਜਦੋਂ ਮਨ ਘਬਰਾਉਂਦਾ, ਉਹ ਲਿਖਣਾ ਸ਼ੁਰੂ ਕਰ ਦਿੰਦੇ। ਫਿਰ ਜਦੋਂ ਦੋਸਤਾਂ ਨੇ ਕਿਹਾ ਕਿ ਉਹ ਚੰਗਾ ਲਿਖਦੇ ਹਨ ਤਾਂ ਉਨ੍ਹਾਂ ਅੰਦਰ ਇੱਕ ਆਸ ਜਾਗੀ।
'ਕਰਨ ਘੁਰਾਲੇ ਵਾਲਾ'
ਕਰਨ ਔਜਲਾ ਨੇ 14 ਸਾਲ ਦੀ ਛੋਟੀ ਜਿਹੀ ਉਮਰ ਵਿੱਚ ਹੀ ਗਾਣੇ ਲਿਖਣੇ ਸ਼ੂਰੂ ਕਰ ਦਿੱਤੇ।
ਫਿਰ ਉਹ ਆਪਣੀਆਂ ਭੈਣਾਂ ਕੋਲ ਕੈਨੇਡਾ ਚਲੇ ਗਏ। ਉੱਥੇ ਇੱਕ ਆਸ ਜਿਹੀ ਬੱਝੀ ਕਿ ਨਾਮੀ ਗਾਇਕ ਉਨ੍ਹਾਂ ਦੇ ਲਿਖੇ ਗਾਣੇ ਗਾਉਣ।
ਜਦੋਂ ਮੌਕਾ ਮਿਲਦਾ ਤਾਂ ਆਪਣਾ ਗਾਣਾ ਗਾਇਕਾਂ ਨੂੰ ਦੇ ਦਿੰਦੇ। ਉਸ ਬਦਲੇ ਕੁਝ ਨਾ ਮੰਗਦੇ, ਪੈਸੇ ਵੀ ਨਹੀਂ।
ਉਨ੍ਹਾਂ ਨੇ 2014 ਦੌਰਾਨ "ਸੈੱਲ ਫੋਨ" ਗੀਤ ਵੀ ਗਾਇਆ।

ਤਸਵੀਰ ਸਰੋਤ, karanaujla/instagram
ਨੈੱਟਫਲਿਕਸ ਦੇ "ਦਿ ਗਰੇਟ ਇੰਡੀਅਨ ਕਪਿਲ ਸ਼ੋਅ" ਵਿੱਚ ਕਪਿਲ ਸ਼ਰਮਾ ਨੇ ਖੁਲਾਸਾ ਕੀਤਾ ਸੀ ਕਿ ਕਰਨ ਔਜਲਾ ਨੇ ਕੈਨੇਡਾ ਵਿੱਚ ਸਭ ਤੋਂ ਪਹਿਲਾਂ ਆਪਣਾ ਪੰਜਾਬੀ ਗੀਤ "ਪ੍ਰੋਪਰਟੀ ਆਫ਼ ਪੰਜਾਬ" ਰਿਕਾਰਡ ਕੀਤਾ ਸੀ। ਇਸੇ ਸ਼ੋਅ ਵਿੱਚ ਕਰਨ ਔਜਲਾ ਨੇ ਵੀ ਪੁਸ਼ਟੀ ਕੀਤੀ ਸੀ ਅਤੇ ਕਿਹਾ ਸੀ ਕਿ ਇਸ ਬਾਰੇ ਇਸ ਤੋਂ ਪਹਿਲਾਂ ਕਿਸੇ ਨੂੰ ਨਹੀਂ ਪਤਾ ਸੀ।
ਕਰਨ ਔਜਲਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਵਿੱਚ ਕਈ ਗੀਤ ਪੰਜਾਬੀ ਗਾਇਕ ਐਲੀ ਮਾਂਗਟ ਲਈ ਵੀ ਲਿਖੇ ਤੇ ਉਨ੍ਹਾਂ ਦੇ ਗੀਤਾਂ ਵਿੱਚ ਰੈਪ ਵੀ ਕੀਤਾ।
ਇਸ ਤੋਂ ਇਲਾਵਾ ਕਰਨ ਔਜਲਾ ਦੇ ਲਿਖੇ ਗੀਤ ਜੱਸੀ ਗਿੱਲ, ਦਿਲਪ੍ਰੀਤ ਢਿੱਲੋਂ, ਜੈਜ਼ ਧੰਮੀ ਵਰਗੇ ਗਾਇਕਾਂ ਨੇ ਵੀ ਗਾਏ।
ਇਸ ਸੂਚੀ ਵਿੱਚ ਦਿਲਜੀਤ ਦੁਸਾਂਝ ਦਾ ਨਾਮ ਵੀ ਸ਼ਾਮਿਲ ਹੈ, ਜਿਨ੍ਹਾਂ ਦੀ ਸੁਪਰਹਿੱਟ ਐਲਬਮ G.O.A.T (Greatest of All Time) ਦਾ ਟਾਈਟਲ ਗਾਣਾ ਕਰਨ ਔਜਲਾ ਨੇ ਲਿਖਿਆ। ਇਸ ਗਾਣੇ ਦੇ ਬੋਲ ਹਰ ਕਿਸੇ ਦੇ ਜ਼ਹਿਨ ਵਿੱਚ ਬੈਠ ਗਏ, ਜੋ ਇਸ ਤਰ੍ਹਾਂ ਹਨ –
ਡਾਇਮੰਡਾਂ ਦੇ ਨਾਲ ਤੋਲਦਾਂ
ਜਿੰਨਾ ਤੇਰਾ ਭਾਰ ਗੋਰੀਏ
ਗੱਭਰੂ ਤਾਂ ਵੈਰੀ ਨੂੰ ਵੀ ਮਿੱਠਾ ਬੋਲਦਾ
ਨੀਂ ਤੂੰ ਤਾਂ ਫਿਰ ਜੱਟ ਦਾ ਪਿਆਰ ਗੋਰੀਏ
ਦੇਖ ਬੌਲੀਵੁੱਡ ਵਿੱਚ ਜਿੰਨੇ ਖ਼ਾਨ ਨੇ
ਉਨ੍ਹਾਂ ਵਿੱਚ ਬਹਿੰਦਾ ਸਰਦਾਰ ਗੋਰੀਏ
ਗੱਭਰੂ ਤਾਂ ਵੈਰੀ ਨੂੰ ਵੀ ਮਿੱਠਾ ਬੋਲਦਾ
ਨੀਂ ਤੂੰ ਤਾਂ ਫਿਰ ਜੱਟ ਦਾ ਪਿਆਰ ਗੋਰੀਏ...
ਕਾਮਯਾਬੀ ਦਾ ਦੌਰ

ਤਸਵੀਰ ਸਰੋਤ, Getty Images
'ਕਰਨ ਘੁਰਾਲੇ ਵਾਲਾ' ਦੇ ਚਰਚੇ ਕਦੋਂ ਬੌਲੀਵੁੱਡ ਤੱਕ ਪਹੁੰਚ ਗਏ, ਪਤਾ ਹੀ ਨਾ ਲੱਗਿਆ।
ਲਿਖਣ ਤੋਂ ਬਾਅਦ ਕਰਨ ਨੇ ਖ਼ੁਦ ਗਾਣਾ ਸ਼ੁਰੂ ਕਰ ਦਿੱਤਾ ਅਤੇ ਕਈ ਹਿੱਟ ਗਾਣੇ ਦਿੱਤੇ।
ਉਨ੍ਹਾਂ ਦੇ ਸੁਪਰਹਿੱਟ ਗੀਤਾਂ ਵਿੱਚ ਡੌਂਨਟ ਲੁੱਕ, ਔਨ ਟੌਪ ਤੇ 52 ਬਾਰਜ਼ ਖੂਬ ਹਿੱਟ ਹੋਏ।
ਫਿਰ ਇਹ 'ਗੀਤਾਂ ਦੀ ਮਸ਼ੀਨ' ਕਦੇ ਰੁਕੀ ਨਹੀਂ।
'ਅਡਮਾਇਰਿੰਗ ਯੂ' ਹੋਵੇ ਜਾਂ 'ਵ੍ਹਾਟ' ਜਾਂ 'ਫਿਰ ਚੁੰਨੀ ਮੇਰੀ ਰੰਗ ਦੇ ਲਲਾਰੀਆ ਵਾਲਾ 'ਸੋਫਟਲੀ' ਗਾਣਾ', ਹਰ ਗਾਣਾ ਹਿੱਟ ਰਿਹਾ।
ਕਰਨ ਔਜਲਾ ਵੱਲੋਂ ਗੀਤਾਂ ਵਿੱਚ ਕੀਤਾ ਜਾਂਦਾ ਰੈਪ ਵੀ ਫੈਨਜ਼ ਨੂੰ ਖੂਬ ਪਸੰਦ ਆਉਂਦਾ ਹੈ, ਜਿਨ੍ਹਾਂ ਉਪਰ ਕਾਫ਼ੀ ਰੀਲਾਂ ਵੀ ਬਣੀਆਂ।
ਇੰਸਟਾਗ੍ਰਾਮ ਰੀਲਜ਼ ਉੱਤੇ ਤਾਂ ਇਹ ਗਾਣੇ ਛਾਏ ਹੀ ਰਹੇ। ਦਰਸ਼ਕਾਂ ਤੋਂ ਲੈ ਕੇ ਬੌਲੀਵੁੱਡ ਸਿਤਾਰੇ ਵੀ ਕਈ ਵਾਰ ਇਨ੍ਹਾਂ ਗਾਣਿਆਂ ਉੱਤੇ ਥਿਰਕਦੇ ਨਜ਼ਰ ਆਏ।
ਉਨ੍ਹਾਂ ਦੇ ਗਾਣਿਆਂ ਵਿੱਚ ਗਲੈਮਰ ਵੀ ਦਿਖਾਈ ਦਿੰਦਾ ਹੈ ਤੇ ਲਗਜ਼ਰੀ ਲਾਈਫ ਸਟਾਈਲ ਵੀ।
ਆਪਣੇ ਸ਼ੁਰੂਆਤੀ ਦੌਰ ਵਿੱਚ ਕਰਨ ਔਜਲਾ ਨੇ ਮਿਊਜ਼ਿਕ ਵੀਡੀਓ ਡਾਇਰੈਕਟਰ ਸੁੱਖ ਸੰਘੇੜਾ ਨਾਲ ਕਾਫੀ ਕੰਮ ਕੀਤਾ।

ਤਸਵੀਰ ਸਰੋਤ, vickykaushal09/instagram
ਸੁੱਖ ਸੰਘੇੜਾ ਉਸ ਵੇਲੇ ਨੂੰ ਯਾਦ ਕਰਦੇ ਹੋਏ ਦੱਸਦੇ ਹਨ ਕਿ ਕਰਨ ਹਮੇਸ਼ਾ ਮੌਕਿਆਂ ਦੀ ਤਲਾਸ਼ ਵਿੱਚ ਰਹਿੰਦੇ ਹਨ ਅਤੇ ਸਭ ਦਾ ਸਤਿਕਾਰ ਕਰਦੇ ਸਨ। ਉਹ ਗੁਰਸੇਵਕ ਢਿੱਲੋਂ ਅਤੇ ਅਮਨ ਯਾਰ ਨਾਲ ਉਨ੍ਹਾਂ ਨੂੰ ਮਿਲਣ ਆਏ ਸਨ। ਇੱਥੇ ਉਹ ਜੈਜ਼ੀ ਬੀ ਵਰਗੇ ਕਈ ਵੱਡੇ ਸਿਤਾਰਿਆਂ ਨੂੰ ਮਿਲੇ।
ਇੱਕ ਇੰਟਰਵਿਊ ਵਿੱਚ ਕਰਨ ਔਜਲਾ ਦੱਸਦੇ ਹਨ ਕਿ ਕਿਵੇਂ ਇੱਕ ਵਾਰ ਪਹਿਲਾਂ ਉਹ ਵੈਨਕੂਵਰ ਸਥਿਤ ਰੌਜਰਜ਼ ਐਰੀਨਾ ਵਿੱਚ ਕਿਸੇ ਦੇ ਨਾਲ ਸ਼ੋਅ ਲਗਾਉਣ ਗਏ ਸਨ ਪਰ ਫਿਰ ਕਿਵੇਂ ਉਨ੍ਹਾਂ ਦਾ ਇੰਡੈਪੈਡਿੰਟ ਸ਼ੋਅ ਸੋਲਡ ਆਊਟ ਹੋਇਆ।
ਬਿੱਲਬੋਰਡ ਚਾਰਟਸ ਹੋਵੇ ਜਾਂ ਸਪੌਟੇਫਾਇ, ਕਰਨ ਔਜਲਾ ਛਾਂਦੇ ਹੀ ਰਹੇ।
ਫਿਰ ਵਿੱਕੀ ਕੌਸ਼ਲ ਸਟਾਰਰ ਫਿਲਮ "ਬੈਡ ਨਿਊਜ਼" ਵਿੱਚ ਉਨ੍ਹਾਂ ਦਾ ਲਿਖਿਆ ਤੇ ਗਾਇਆ ਗਾਣਾ 'ਤੌਬਾ ਤੌਬਾ' ਛਾ ਗਿਆ। ਵਿੱਕੀ ਕੌਸ਼ਲ ਦੇ ਡਾਂਸ ਮੂਵਜ਼ ਦੀ ਚਰਚਾ ਤਾਂ ਰਹੀ ਹੀ, ਕਰਨ ਔਜਲਾ ਦਾ ਵੀ ਖ਼ੂਬ ਬੋਲਬਾਲਾ ਰਿਹਾ।
ਕਰਨ ਔਜਲਾ ਦਾ ਹਾਲ ਹੀ ਵਿੱਚ ਨੌਰਾ ਫਤੇਹੀ ਨਾਲ ਆਇਆ ਗਾਣਾ 'ਆਏ ਹਾਏ' ਵੀ ਖ਼ੂਬ ਟਰੈਂਡ ਕੀਤਾ।
ਜੀਵਨ ਸਾਥਣ ਨੇ ਨਿਭਾਇਆ ਸਾਥ
ਜਦੋਂ ਸਾਲ 2014 ਵਿੱਚ ਕਰਨ ਔਜਲਾ ਕੈਨੇਡਾ ਗਏ ਤਾਂ ਉਨ੍ਹਾਂ ਦੀ ਮੁਲਾਕਾਤ ਪਲਕ ਅਹੂਜਾ ਨਾਲ ਹੋਈ। ਕਰਨ ਦੱਸਦੇ ਹਨ ਕਿ ਪਲਕ ਨਾਲ ਉਨ੍ਹਾਂ ਨੇ ਹਮੇਸ਼ਾ ਹੀ ਬਹੁਤ ਸੁਖਦ ਮਹਿਸੂਸ ਕੀਤਾ ਅਤੇ ਪਲਕ ਨੇ ਉਨ੍ਹਾਂ ਨੂੰ ਮਾਨਸਿਕ ਤਣਾਅ 'ਚੋਂ ਕੱਢਣ ਵਿੱਚ ਵੀ ਕਾਫੀ ਮਦਦ ਕੀਤੀ।
ਕਰਨ ਔਜਲਾ ਤੇ ਪਲਕ ਦਾ 10 ਸਾਲਾਂ ਦਾ ਪਿਆਰ ਉਦੋਂ ਪਰਵਾਨ ਚੜ੍ਹਿਆ, ਜਦੋਂ ਦੋਹਾਂ ਨੇ ਵਿਆਹ ਕਰਨ ਦਾ ਫ਼ੈਸਲਾ ਕੀਤਾ।
2 ਮਾਰਚ 2023 ਨੂੰ ਕਰਨ ਔਜਲਾ ਅਤੇ ਪਲਕ ਅਹੂਜਾ ਦਾ ਵਿਆਹ ਹੋਇਆ।
ਰਣਵੀਰ ਅਲਾਹਾਬਾਦੀਆ ਨਾਲ ਕੀਤੀ ਪੌਡਕਾਸਟ ਵਿੱਚ ਕਰਨ ਔਜਲਾ ਨੇ ਆਪਣੇ ਪਲਕ ਨਾਲ ਰਿਸ਼ਤੇ ਬਾਰੇ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਵਿਆਹ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਵਿੱਚ ਕਿੰਨਾ ਸਾਕਾਰਾਤਮਕ ਬਦਲਾਅ ਆਇਆ ਹੈ।
ਉਨ੍ਹਾਂ ਕਿਹਾ, "ਜਦੋਂ ਉਹ ਮੇਰੇ ਨਾਲ ਹੁੰਦੇ ਹਨ ਤਾਂ ਮੈਨੂੰ ਲੱਗਦਾ ਹੈ ਕਿ ਮੈਂ ਕਿਸੇ ਨਾਲ ਵੀ ਹਾਂ ਅਤੇ ਇਕੱਲਾ ਵੀ। ਮੈਂ ਉਸ ਨਾਲ ਬਹੁਤ ਰੀਅਲ ਹੁੰਦਾ ਹੈ।"
ਉਨ੍ਹਾਂ ਨੇ ਉਨ੍ਹਾਂ ਟਰੋਲਰਜ਼ ਬਾਰੇ ਵੀ ਗੱਲ ਕੀਤੀ, ਜੋ ਹਮੇਸ਼ਾ ਉਨ੍ਹਾਂ ਦੀ ਪਤਨੀ ਨੂੰ ਉਨ੍ਹਾਂ ਦੇ ਮੋਟਾਪੇ ਕਾਰਨ ਟਰੋਲ ਕਰਦੇ ਸਨ।
ਕਰਨ ਕਹਿੰਦੇ ਹਨ ਕਿ ਮੈਨੂੰ ਉਨ੍ਹਾਂ ਲੋਕਾਂ 'ਤੇ ਤਰਸ ਆਉਂਦਾ ਹੈ, ਜੋ ਜ਼ਿੰਦਗੀ ਦੇ ਅਸਲ ਮਤਲਬ ਨੂੰ ਸਮਝ ਨਹੀਂ ਸਕੇ ਅਤੇ ਅਜਿਹੀਆਂ ਟਿੱਪਣੀਆਂ ਕਰਦੇ ਹਨ।
ਪਰ ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਤਨੀ ਨੂੰ ਇਨ੍ਹਾਂ ਟਰੋਲਰਜ਼ ਦਾ ਕੋਈ ਵੀ ਫਰਕ ਨਹੀਂ ਪੈਂਦਾ।
ਸਿੱਧੂ ਮੂਸੇਵਾਲਾ ਨਾਲ ਜੁੜਿਆ ਮਸਲਾ

ਤਸਵੀਰ ਸਰੋਤ, karanaujla/instagram
ਸਿੱਧੂ ਮੂਸੇਵਾਲਾ ਦੀ ਮੌਤ ਦੌਰਾਨ ਕਰਨ ਔਜਲਾ ਵੀ ਚਰਚਾ ਵਿੱਚ ਆਏ ਸਨ। ਉਨ੍ਹਾਂ ਨੇ ਸਾਲ 2023 ਵਿੱਚ 'ਫਿਲਮ ਕੰਪੈਨਿਅਨ' ਨੂੰ ਦਿੱਤੇ ਇੰਟਰਵਿਊ ਵਿੱਚ ਇਸ ਗੱਲ ਬਾਰੇ ਚਰਚਾ ਕਰਦੇ ਦੱਸਿਆ ਕਿ ਸਿੱਧੂ ਨਾਲ ਉਨ੍ਹਾਂ ਦੇ ਜੋ ਵੀ ਮੱਤਭੇਦ ਸਨ, ਉਨ੍ਹਾਂ ਨੇ ਆਪਸ ਵਿੱਚ ਸੁਲਝਾਅ ਲਏ ਸਨ ਅਤੇ ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਉਹ ਉਨ੍ਹਾਂ ਦੀ ਮੌਤ ਤੋਂ ਪਹਿਲਾਂ ਸਭ ਆਪਸ ਵਿੱਚ ਸੁਲਝਾਅ ਸਕੇ ਸਨ।
ਉਨ੍ਹਾਂ ਕਿਹਾ ਕਿ ਜੋ ਵੀ ਸਿੱਧੂ ਮੂਸੇਵਾਲਾ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਹੋਇਆ, ਉਸ ਨਾਲ ਉਨ੍ਹਾਂ ਦਾ ਜ਼ਿੰਦਗੀ ਨੂੰ ਵੇਖਣ ਦਾ ਨਜ਼ਰੀਆ ਹੀ ਬਦਲ ਗਿਆ।
ਉਨ੍ਹਾਂ ਦੱਸਿਆ ਕਿ 29 ਮਈ ਤੋਂ ਬਾਅਦ ਉਨ੍ਹਾਂ ਨੇ ਸਿੱਧੂ ਦੇ ਮਾਪਿਆਂ ਨਾਲ ਗੱਲ ਕੀਤੀ ਅਤੇ ਕਿਹਾ ਕਿ "ਮੈਂ ਤੁਹਾਡੇ ਪੁੱਤ ਵਾਂਗ ਹਾਂ ਜਦੋਂ ਵੀ ਕਦੇ ਜ਼ਰੂਰਤ ਪਈ, ਮੈਂ ਜ਼ਰੂਰ ਖੜ੍ਹਾ ਹੋਵਾਂਗਾ।"
ਇਸ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਉਸ ਵੇਲੇ ਕਾਫੀ ਪੋਸਟਾਂ ਸਾਂਝੀਆਂ ਹੋਈਆਂ ਸੀ, ਜਿਸ ਵਿੱਚ ਸਿੱਧੂ ਦੇ ਫੈਨਜ਼ ਉਨ੍ਹਾਂ ਦੀ ਮੌਤ ਤੋਂ ਬਾਅਦ ਚਾਹੁੰਦੇ ਸਨ ਕਿ ਕਰਨ ਔਜਲਾ ਸਿੱਧੂ ਦੇ ਮਾਤਾ-ਪਿਤਾ ਨੂੰ ਆਪਣੇ ਮਾਤਾ-ਪਿਤਾ ਸਮਝੇ। ਇਸ ਨਾਲ ਮਾਂ-ਪਿਉ ਨੂੰ ਪੁੱਤ ਅਤੇ ਇੱਕ ਪੁੱਤ ਨੂੰ ਮਾਂ-ਪਿਉ ਮਿਲ ਜਾਣਗੇ।
ਸਟਾਰਡਮ ਦਾ ਦੌਰ

ਤਸਵੀਰ ਸਰੋਤ, karanaujla/instagram
14 ਸਾਲਾਂ ਦੀ ਛੋਟੀ ਜਿਹੀ ਉਮਰ ਵਿੱਚ ਹੀ ਭਾਵੇਂ ਕਰਨ ਔਜਲਾ ਆਪਣੇ ਮਾਂ-ਪਿਉਂ ਦੇ ਪਿਆਰ ਤੋਂ ਵਾਂਝੇ ਹੋ ਗਏ ਸਨ ਪਰ 27 ਸਾਲ ਦੀ ਛੋਟੀ ਜਿਹੀ ਉਮਰ ਵਿੱਚ ਹੀ ਕਰਨ ਔਜਲਾ ਨੇ ਕਾਮਯਾਬੀ ਦੀ ਨਵੀਂ ਇਬਾਰਤ ਲਿਖ ਲਈ ਹੈ।
ਉਨ੍ਹਾਂ ਦਾ ਗੀਤ ਵੀਨਿੰਗ ਸਪੀਚ ਵੀ ਹਿੱਟ ਰਿਹਾ, ਜਿਸ ਦੀ ਵੀਡੀਓ ਵਿੱਚ ਉਹ ਆਪਣੇ ਪਿਤਾ ਦੀ ਕਮੀਜ਼ ਪਾ ਕੇ ਦਿਖਾਈ ਦਿੱਤੇ ਸਨ।
ਕਰਨ ਔਜਲਾ ਇਕਲੌਤੇ ਪੰਜਾਬੀ ਕਲਾਕਾਰ ਹਨ, ਜਿਨ੍ਹਾਂ ਨੂੰ 'ਜੂਨੋ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ। ਬਾਦਸ਼ਾਹ ਅਤੇ ਡਿਵਾਇਨ ਜਿਹੇ ਰੈਪਰਸ ਨਾਲ ਉਨ੍ਹਾਂ ਦੇ ਗਾਣੇ ਆ ਚੁੱਕੇ ਹਨ ਤੇ ਦਿਲਜੀਤ ਉਨ੍ਹਾਂ ਦੇ ਲਿਖੇ ਗਾਣੇ ਗਾ ਚੁੱਕੇ ਹਨ।
ਸੁੱਖ ਸੰਘੇੜਾ ਕਹਿੰਦੇ ਹਨ ਕਿ ਕਰਨ ਹਮੇਸ਼ਾ ਨਿਮਾਣੇ ਹੋ ਕੇ ਰਹੇ ਹਨ ਅਤੇ ਇਹ ਹੀ ਉਨ੍ਹਾਂ ਦੀ ਖ਼ਾਸੀਅਤ ਹੈ। ਕਰਨ ਔਜਲਾ ਦਾ ਗ੍ਰਾਫ ਹਰ ਦਿਨ ਵੱਧਦਾ ਹੀ ਜਾ ਰਿਹਾ ਹੈ ਅਤੇ ਅੱਗੇ ਭਵਿੱਖ ਹੋਰ ਵੀ ਸੁਨਹਿਰਾ ਦਿਖਾਈ ਦੇ ਰਿਹਾ ਹੈ।
ਕਰਨ ਔਜਲਾ ਇਸ ਵੇਲੇ ਆਪਣੇ 'It's All A Dream' ਟੂਰ 'ਤੇ ਹਨ। ਭਾਰਤ ਤੋਂ ਬਾਅਦ ਉਹ ਯੂਕੇ, ਆਸਟਰੇਲੀਆ ਅਤੇ ਕੈਨੇਡਾ ਵਿੱਚ ਕੌਨਸਰਟ ਕਰਨਗੇ। ਇੰਡੀਆ ਵਿੱਚ ਉਨ੍ਹਾਂ ਦੇ ਸ਼ੋਅ ਸੋਲਡ ਆਊਟ ਰਹੇ ਹਨ।
(ਇਸ ਲੇਖ ਦੇ ਕਈ ਹਿੱਸੇ ਉਨ੍ਹਾਂ ਵੱਲੋਂ ਫਿਲਮ ਕੰਪੈਨਿਅਨ, ਦਿ ਰਣਵੀਰ ਸ਼ੋਅ, ਚਾਅ ਵਿਦ ਟੀ ਨੂੰ ਦਿੱਤੇ ਗਏ ਇੰਟਰਵਿਊਜ਼ ਵਿੱਚ ਉਨ੍ਹਾਂ ਵੱਲੋਂ ਖ਼ੁਦ ਸੁਣਾਏ ਗਏ ਕਿੱਸਿਆ 'ਚੋਂ ਲਏ ਗਏ ਹਨ)
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












