ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀਸੀ ਦੀ ਆਰਐੱਸਐੱਸ ਮੁਖੀ ਨਾਲ ਵਾਇਰਲ ਵੀਡੀਓ ਦਾ ਕੀ ਹੈ ਮਾਮਲਾ, ਐੱਸਜੀਪੀਸੀ ਨੂੰ ਕੀ ਇਤਰਾਜ਼ ਹੈ

ਤਸਵੀਰ ਸਰੋਤ, Getty Images/GNDU
- ਲੇਖਕ, ਅਵਤਾਰ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਦੀ ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਨੂੰ ਕਥਿਤ ਤੌਰ ਉੱਤੇ ਸੰਬੋਧਨ ਕਰਦਿਆਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ।
ਇਸ ਮਗਰੋਂ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਨੂੰ ਅਕਾਲ ਤਖ਼ਤ ਦੇ ਜਥੇਦਾਰ ਦੇ ਸੇਵਾ ਨਿਯਮਾਂ ਸਬੰਧੀ ਬਣਾਈ ਕਮੇਟੀ 'ਚੋਂ ਹਟਾ ਦਿੱਤਾ ਹੈ।
ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਕਰਮਜੀਤ ਸਿੰਘ ਵੱਲੋਂ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਕਰਕੇ ਕਮੇਟੀ ਨੇ ਉਨ੍ਹਾਂ ਨੂੰ ਇਸ ਕਮੇਟੀ 'ਚੋਂ ਹਟਾਇਆ ਹੈ।
ਕਾਂਗਰਸ ਵਿਧਾਇਕ ਪ੍ਰਗਟ ਸਿੰਘ ਨੇ ਆਪਣੇ ਐਕਸ ਖਾਤੇ ਉਪਰ ਵੀਡੀਓ ਸ਼ੇਅਰ ਕਰਦਿਆਂ ਇਲਜ਼ਾਮ ਲਗਾਇਆ ਅਤੇ ਲਿਖਿਆ ਕਿ, 'ਇਹ ਦਿਖਾਉਂਦਾ ਹੈ ਕਿ ਕਿਸ ਤਰ੍ਹਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਆਰ.ਐੱਸ.ਐੱਸ. ਨੂੰ ਸਿੱਖਿਆ 'ਤੇ ਪੂਰੀ ਤਰ੍ਹਾਂ ਕਬਜ਼ਾ ਕਰਨ ਵਿੱਚ ਮਦਦ ਕਰ ਰਹੀ ਹੈ, ਜਿਸ ਵਿੱਚ ਯੂਨੀਵਰਸਿਟੀਆਂ ਵੀ ਸ਼ਾਮਿਲ ਹਨ।'
ਦੂਜੇ ਪਾਸੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਇੱਕ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਅੰਮ੍ਰਿਤਾ ਯੂਨੀਵਰਸਿਟੀ, ਕੋਚੀ ਵੱਲੋਂ ਇਹ ਸਮਾਗਮ ਕਰਵਾਇਆ ਗਿਆ ਸੀ। ਇਸ ਦੇ ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨਾਂ ਅਤੇ ਹੋਰ ਲੋਕਾਂ ਨੂੰ ਸੱਦਾ ਪੱਤਰ ਦਿੱਤਾ ਗਿਆ ਸੀ। ਇਸ ਵਿੱਚ ਜੀ.ਐੱਨ.ਡੀ.ਯੂ. ਦੇ ਵੀਸੀ ਦੀ ਕੋਈ ਭੂਮਿਕਾ ਨਹੀਂ ਹੈ।
ਵੀਡੀਓ 'ਚ ਕੀ ਦਿਖਾਈ ਦੇ ਰਿਹਾ ਹੈ?

ਤਸਵੀਰ ਸਰੋਤ, Pargat Singh/X
ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਇੱਕ ਸਮਾਗਮ ਦੀ ਸਟੇਜ ਉਪਰ ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਬੈਠੇ ਹਨ। ਉਨ੍ਹਾਂ ਦੇ ਨਾਲ ਕੁਝ ਹੋਰ ਮਹਿਮਾਨ ਵੀ ਸਟੇਜ ਉੱਤੇ ਹਨ।
ਇਹ ਸਮਾਗਮ ਕੋਚੀ ਦੀ ਅੰਮ੍ਰਿਤਾ ਯੂਨੀਵਰਸਿਟੀ ਵਿਖੇ ਇੰਡੀਅਨ ਐਜੁਕੇਸ਼ਨ ਸੋਸਾਇਟੀ ਵੱਲੋਂ 28 ਜੁਲਾਈ ਨੂੰ ਕਰਵਾਇਆ ਗਿਆ ਸੀ।
ਸਟੇਜ ਦੇ ਹੇਠਾਂ ਹਾਲ ਵਿੱਚ ਖੜ੍ਹੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਉਹਨਾਂ ਨੂੰ ਮਾਈਕ 'ਤੇ ਬੋਲ ਕੇ ਕੁਝ ਜਾਣਕਾਰੀ ਦੇ ਰਹੇ ਹਨ।
ਵੀਡੀਓ ਵਿੱਚ ਸੁਣਾਈ ਦੇ ਰਿਹਾ ਹੈ ਕਿ ਡਾ. ਕਰਮਜੀਤ ਸਿੰਘ ਪ੍ਰੀ-ਪੀਐੱਚਡੀ ਕੋਰਸ ਵਿੱਚ 'ਭਾਰਤੀ ਗਿਆਨ ਪ੍ਰੰਪਰਾ' ਦਾ ਕੋਰਸ ਸ਼ੁਰੂ ਕਰਨ, ਰਿਗਵੇਦ ਤੇ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ਬਾਰੇ ਇੱਕ ਚੇਅਰ ਸਖਾਪਿਤ ਕਰਨ ਦੇ ਯਤਨ ਦੇ ਨਾਲ-ਨਾਲ ਹੋਰ ਕੰਮਾਂ ਬਾਰੇ ਦੱਸ ਰਹੇ ਹਨ।
'ਸਿੱਖ ਧਰਮ ਦੀ ਮਰਿਆਦਾ ਵੱਖ ਹੈ'
ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਮੁਤਾਬਕ ਸੰਗਤਾਂ ਵੱਲੋਂ ਪੁੱਜ ਰਹੇ ਇਤਰਾਜ਼ਾਂ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਡਾ. ਕਰਮਜੀਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਬੰਧੀ ਸੇਵਾ ਨਿਯਮਾਂ ਬਾਰੇ ਬਣਾਈ ਕਮੇਟੀ ਤੋਂ ਹਟਾਇਆ ਹੈ।
ਪ੍ਰਤਾਪ ਸਿੰਘ ਨੇ ਕਿਹਾ, ''ਸਿੱਖ ਧਰਮ ਦੀ ਮਰਿਆਦਾ ਵੱਖ ਹੈ। ਹਰ ਧਰਮ ਦੀ ਮਰਿਆਦਾ ਵੱਖੋ-ਵੱਖ ਹੁੰਦੀ ਹੈ, ਚਾਹੇ ਉਹ ਹਿੰਦੂ ਧਰਮ ਹੋਵੇ, ਮੁਸਲਿਮ ਜਾਂ ਇਸਾਈ ਧਰਮ ਹੋਵੇ। ਸਿੱਖ ਧਰਮ ਦੀਆਂ ਪ੍ਰੰਪਰਾਵਾਂ ਅਤੇ ਮਰਿਆਦਾ ਵੱਖਰੀ ਹੈ। ਕਿਸੇ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਉਹ ਸਿੱਖ ਧਰਮ ਦੀਆਂ ਪ੍ਰੰਪਰਾਵਾਂ ਨੂੰ ਛੁਟਿਆਵੇ। ਉਹਨਾਂ ਬਾਰੇ ਇਸ ਕਰਕੇ ਫੈਸਲਾ ਲਿਆ ਗਿਆ ਹੈ ਕਿਉਂਕਿ ਉਹਨਾਂ ਨੇ ਸਿੱਖ ਧਰਮ ਦੀਆਂ ਪ੍ਰੰਪਰਾਵਾਂ ਨੂੰ ਸਹੀ ਢੰਗ ਨਾਲ ਪੇਸ਼ ਨਹੀਂ ਕੀਤਾ।''
ਉਨ੍ਹਾਂ ਕਿਹਾ, ''ਪ੍ਰਧਾਨ ਜੀ (ਹਰਜਿੰਦਰ ਸਿੰਘ ਧਾਮੀ) ਨੇ ਇਹ ਵੀਡੀਓ ਸੁਣੀ ਹੈ ਅਤੇ ਇਸ ਉਪਰ ਐਕਸ਼ਨ ਲਿਆ ਹੈ।''

ਯੂਨੀਵਰਸਿਟੀ ਨੇ ਕੀ ਸਫ਼ਾਈ ਦਿੱਤੀ ?
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਇਸ ਚਾਸਲਰ ਡਾ. ਕਰਮਜੀਤ ਸਿੰਘ ਨਾਲ ਫੋਨ ਤੇ ਮੈਸਜ ਰਾਹੀਂ ਪੱਖ ਜਾਨਣ ਦੀ ਕੋਸ਼ਿਸ ਕੀਤੀ ਗਈ ਪਰ ਉਹਨਾਂ ਕੋਈ ਜਵਾਬ ਨਹੀਂ ਦਿੱਤਾ।
ਹਾਲਾਂਕਿ, ਯੂਨੀਵਰਸਿਟੀ ਦੇ ਲੋਕ ਸੰਪਰਕ ਵਿਭਾਗ ਨੇ ਇੱਕ ਅਧਿਕਾਰਤ ਬਿਆਨ ਮੁਤਾਬਕ ਅੰਮ੍ਰਿਤਾ ਯੂਨੀਵਰਸਿਟੀ, ਕੋਚੀ ਵਿੱਚ ਹੋਈ ਵਾਈਸ-ਚਾਂਸਲਰਾਂ ਦੀ ਮੀਟਿੰਗ ਬਾਰੇ ਬੇਬੁਨਿਆਦ ਅਟਕਲਾਂ ਫੈਲਾਈਆਂ ਜਾ ਰਹੀਆਂ ਹਨ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਪੀਆਰ ਪ੍ਰਵੀਨ ਪੁਰੀ ਅਨੁਸਾਰ ਵਾਈਸ-ਚਾਂਸਲਰ ਡਾ. ਕਰਮਜੀਤ ਸਿੰਘ ਨੇ ਇੰਡੀਅਨ ਐਜੁਕੇਸ਼ਨ ਸੋਸਾਇਟੀ ਦੇ ਅਧਿਕਾਰਤ ਸੱਦੇ 'ਤੇ ਅੰਮ੍ਰਿਤਾ ਯੂਨੀਵਰਸਿਟੀ, ਕੋਚੀ ਵਿਖੇ ਮੀਟਿੰਗ ਵਿੱਚ ਸ਼ਿਰਕਤ ਕੀਤੀ।
ਇਸ ਮੀਟਿੰਗ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਮੌਜੂਦ ਸਨ।
ਸਮਾਗਮ ਦੌਰਾਨ, ਉਨ੍ਹਾਂ ਨੇ ਯੂਨੀਵਰਸਿਟੀ ਵੱਲੋਂ ਕੀਤੇ ਗਏ ਮਹੱਤਵਪੂਰਨ ਪ੍ਰੋਜੈਕਟਾਂ ਬਾਰੇ ਵੇਰਵੇ ਸਾਂਝੇ ਕੀਤੇ, ਜਿਸ ਵਿੱਚ ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਲਈ ਡਿਜੀਟਾਈਜ਼ੇਸ਼ਨ ਵਿੱਚ ਪਹਿਲਕਦਮੀ, ਵਾਤਾਵਰਣ ਮੁਹਿੰਮਾਂ ਅਤੇ ਸਿੱਖ ਚੇਤਨਾ ਫੈਲਾਉਣ ਦੇ ਯਤਨ ਸ਼ਾਮਲ ਹਨ।

ਤਸਵੀਰ ਸਰੋਤ, Ravinder Singh Robin
ਮਾਹਰ ਕਿਵੇਂ ਦੇਖਦੇ ਹਨ?
ਸਿੱਖ ਮਾਮਲਿਆਂ ਦੇ ਜਾਣਕਾਰ ਅਤੇ ਸੀਨੀਅਰ ਪੱਤਰਕਾਰ ਜਸਪਾਲ ਸਿੱਧੂ ਕਹਿੰਦੇ ਹਨ ਕਿ ਇਸ ਮਾਮਲੇ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਵਧਾ-ਚੜਾਅ ਕੇ ਪੇਸ਼ ਕੀਤਾ ਜਾ ਰਿਹਾ ਹੈ।
ਜਸਪਾਲ ਸਿੱਧੂ ਮੁਤਾਬਕ, ''ਆਰ.ਐੱਸ.ਐੱਸ. ਭਾਜਪਾ ਦੀ ਮਾਂ ਸੰਸਥਾ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਲੰਮੇ ਸਮੇਂ ਤੱਕ ਸਿਆਸੀ ਗਠਬੰਧਨ ਰਿਹਾ ਹੈ। ਸ਼੍ਰੋਮਣੀ ਕਮੇਟੀ ਨੂੰ ਅਕਾਲੀ ਦਲ ਚਲਾਉਂਦਾ ਹੈ। ਮੋਹਨ ਭਾਗਵਤ ਅਤੇ ਪ੍ਰਕਾਸ਼ ਸਿੰਘ ਬਾਦਲ ਦੀਆਂ ਵੀ ਬਹੁਤ ਸਾਰੀਆਂ ਤਸਵੀਰਾਂ ਮਿਲ ਜਾਣਗੀਆਂ। ਡਾ. ਕਰਮਜੀਤ ਸਿੰਘ ਨੂੰ 34 ਮੈਂਬਰਾਂ ਦੀ ਸੂਚੀ ਵਿੱਚੋਂ ਕੱਢਣਾ ਸ਼੍ਰੋਮਣੀ ਕਮੇਟੀ ਦਾ ਸਿਰਫ਼ ਇੱਕ ਦਿਖਾਵਾ ਹੈ।''
ਉਹ ਅੱਗੇ ਕਹਿੰਦੇ ਹਨ, ''ਇਸ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਆਰ.ਐੱਸ.ਐੱਸ. ਦਾ ਸਿੱਖਿਆ ਸੰਸਥਾਵਾਂ ਉਪਰ ਪ੍ਰਭਾਵ ਹੈ। ਦੂਜੇ ਪਾਸੇ ਸ੍ਰੋਮਣੀ ਅਕਾਲੀ ਦਲ ਦਾ ਵੀ ਸ਼੍ਰੋਮਣੀ ਕਮੇਟੀ ਉਪਰ ਪ੍ਰਭਾਵ ਹੈ ਜਿਸ ਅਨੁਸਾਰ ਫੈਸਲੇ ਲਏ ਜਾਂਦੇ ਹਨ।''
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












