ਕੀ ਬ੍ਰਿਟਿਸ਼ ਸਾਮਰਾਜ ਦੀ ਨਿਸ਼ਾਨੀ ਕਾਮਨਵੈਲਥ ਖੇਡਾਂ ਦਾ ਭਵਿੱਖ ਖ਼ਤਰੇ ਵਿੱਚ ਹੈ

    • ਲੇਖਕ, ਟਿਫੈਨੀ ਤਰਨਬੁਲ ਅਤੇ ਹੈਨਾਹ ਰਿਚੀ
    • ਰੋਲ, ਬੀਬੀਸੀ ਨਿਊਜ਼, ਸਿਡਨੀ

ਸੰਸਾਰ ਦੇ ਮੋਹਰੀ ਖੇਡ ਮਹਾਕੁੰਭਾਂ 'ਚ ਸ਼ੁਮਾਰ ਕਾਮਨਵੈਲਥ ਖੇਡਾਂ ਦੇ ਭਵਿੱਖ ਉੱਤੇ ਹੁਣ ਖ਼ਤਰੇ ਦੀ ਤਲਵਾਰ ਲਟਕ ਰਹੀ ਹੈ।

ਸਾਲ 1930 ਵਿੱਚ ਬ੍ਰਿਟਿਸ਼ ਸਾਮਰਾਜ ਦੀ ਚੜ੍ਹਤਲ ਦੇ ਦੌਰ ਵਿੱਚ ਸ਼ੁਰੂ ਹੋਈਆਂ ਇਨ੍ਹਾਂ ਖੇਡਾਂ ਦਾ 23ਵਾਂ ਅਧਿਆਏ ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਵਿੱਚ ਸ਼ੁਰੂ ਹੋਣਾ ਤੈਅ ਸੀ।

ਪਰ ਹੁਣ ਆਸਟ੍ਰੇਲੀਆਈ ਸੂਬੇ ਨੇ ਇਨ੍ਹਾਂ ਖੇਡਾਂ ਨੂੰ ਕਰਵਾਉਣ ਦੇ ਕਰਾਰ ਤੋਂ ਪੈਰ ਪਿੱਛੇ ਖਿੱਚ ਲਏ ਹਨ।

ਵਿਕਟੋਰੀਆ ਸੂਬੇ ਦੇ ਪ੍ਰੀਮਿਅਰ ਡੈਨੀਅਲ ਐਂਡਰਿਊਜ਼ ਨੇ ਕਰਾਰ ਤੋਂ ਪਿੱਛੇ ਹਟਣ ਦਾ ਕਾਰਨ ਖੇਡਾਂ 'ਤੇ ਹੋਣ ਵਾਲੇ ਭਾਰੀ ਖਰਚੇ ਨੂੰ ਦੱਸਿਆ ਹੈ, ਜੋ ਕਿ ਉਨ੍ਹਾਂ ਮੁਤਾਬਕ ਪਹਿਲਾਂ ਮਿੱਥੇ ਅਨੁਮਾਨ ਨਾਲੋਂ ਕਿਤੇ ਵਧ ਗਿਆ ਹੈ।

15 ਮਹੀਨੇ ਪਹਿਲਾਂ, ਡੈਨੀਅਲ ਐਡਰਿਊ ਨੇ ਆਸਟ੍ਰੇਲੀਆ ਦੇ ਸਟੇਡੀਅਮ 'ਚ ਪਹੁੰਚ ਕੇ ਇਹ ਐਲਾਨ ਕੀਤਾ ਸੀ ਕਿ ਵਿਕਟੋਰੀਆ ਸੂਬਾ 2026 ਦੀਆਂ ਕਾਮਨਵੈਲਥ ਖੇਡਾਂ ਦੀ ਮੇਜ਼ਬਾਨੀ ਕਰੇਗਾ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਸੀ, "ਇਹ ਖੇਡਾਂ ਸਭ ਤੋਂ ਵੱਖ ਹੋਣਗੀਆਂ।"

ਸੰਸਾਰ ਦੇ ਮੰਨੇ-ਪ੍ਰਮੰਨੇ ਖੇਡ ਮਾਹਿਰਾਂ ਦਾ ਕਹਿਣਾ ਕਿ ਇਹ ਫ਼ੈਸਲਾ ਕਾਮਨਵੈਲਥ ਖੇਡਾਂ ਦੇ ਅੰਤ ਦੀ ਸ਼ੁਰੂਆਤ ਹੋ ਸਕਦਾ ਹੈ। ਆਸਟ੍ਰੇਲੀਆ ਦੀ ਸਿਡਨੀ ਯੂਨੀਵਰਸਿਟੀ ਵਿੱਚ ਖੇਡ ਸਿੱਖਿਆ ਦੇ ਲੈਕਚਰਾਰ ਸਟੀਵ ਜੇਉਰਗਾਕਿਸ ਕਹਿੰਦੇ ਹਨ "ਇਸ ਨਾਲ ਕਾਮਲਵੈਲਥ ਖੇਡਾਂ ਦਾ ਅੰਤ ਹੋ ਸਕਦਾ ਹੈ।"

ਆਸਟ੍ਰੇਲੀਆ ਦੇ ਖੇਡ ਇਤਿਹਾਸਕਾਰ ਮੈਥਯੂ ਕਲਗਮੈਨ ਕਹਿੰਦੇ ਹਨ, "ਇਹ ਖੇਡਾਂ ਲਈ ਖ਼ਤਰੇ ਦੀ ਘੰਟੀ ਹੋ ਸਕਦੀ ਹੈ।"

ਅਜਿਹਾ ਕਿਉਂ ਹੋਇਆ

ਇਨ੍ਹਾਂ ਖੇਡਾਂ ਉੱਤੇ ਕੁੱਲ੍ਹ 260 ਕਰੋੜ ਆਸਟ੍ਰੇਲੀਆਈ ਡਾਲਰ ਦੀ ਲਾਗਤ ਆਉਣੀ ਸੀ, ਜਿਸ ਨੇ ਖੇਡਾਂ ਦੀ ਮੇਜ਼ਬਾਨੀ ਕਰਨ ਵਾਲੇ ਸ਼ਹਿਰਾਂ ਦੇ ਵਿਕਾਸ ਵਿੱਚ ਵੀ ਯੋਗਦਾਨ ਪਾਉਣਾ ਸੀ।

ਪੱਤਰਕਾਰਾਂ ਨੂੰ ਸੰਬੋਧਤ ਹੁੰਦਿਆਂ ਐਂਡਰਿਊ ਨੇ ਕਿਹਾ ਕਿ 12 ਦਿਨ ਚੱਲਣ ਵਾਲੀਆਂ ਇਨ੍ਹਾਂ ਖੇਡਾਂ ਦਾ ਸੰਭਾਵਤ ਖਰਚਾ ਹੁਣ ਵਧ ਕੇ 600 ਕਰੋੜ ਆਸਟ੍ਰੇਲੀਆਈ ਡਾਲਰ ਹੋ ਗਿਆ ਹੈ।

ਉਨ੍ਹਾਂ ਕਿਹਾ, "ਮੈਂ ਆਪਣੇ ਕਾਰਜਕਾਲ ਦੇ ਦੌਰਾਨ ਬਹੁਤ ਮੁਸ਼ਕਲ ਫ਼ੈਸਲੇ ਲਏ ਹਨ, ਇਹ ਫ਼ੈਸਲਾ ਉਨ੍ਹਾਂ ਵਿੱਚੋਂ ਹੀ ਇੱਕ ਹੈ।"

ਦੂਜੇ ਪਾਸੇ ਕਾਮਨਵੈਲਥ ਗੇਮਜ਼ ਫੈਡਰੇਸ਼ਨ ਦਾ ਕਹਿਣਾ ਕਿ ਵਿਕਟੋਰੀਆ ਨੇ ਇਹ ਫ਼ੈਸਲਾ ਉਨ੍ਹਾਂ ਨਾਲ ਸਲਾਹ ਕੀਤੇ ਬਗ਼ੈਰ ਲਿਆ ਹੈ ਅਤੇ ਅੰਦਾਜ਼ਨ ਖਰਚੇ ਉੱਤੇ ਵੀ ਸੁਆਲ ਚੁੱਕੇ ਹਨ।

ਸੰਸਥਾ ਨੇ ਵਿਕਟੋਰੀਆ ਰਾਜ ਦੇ "ਯੁਨੀਕ ਰੀਜਨਲ ਡਿਲੀਵਰੀ ਮਾਡਲ" ਨੂੰ ਵੱਧ ਖਰਚੇ ਦਾ ਮੁੱਖ ਕਾਰਨ ਦੱਸਿਆ।

ਕਾਮਨਵੈਲਥ ਗੇਮਸ ਫੈਡਰੇਸ਼ਨ ਦੇ ਆਸਟ੍ਰੇਲੀਅਨ ਚੈਪਟਰ, ਕਾਮਨਵੈਲਥ ਗੇਮਸ ਆਸਟ੍ਰੇਲੀਆ ਦਾ ਕਹਿਣਾ ਹੈ ਕਿ ਉਹ ਖੇਡਾਂ ਦੀ ਮੇਜ਼ਬਾਨੀ ਲਈ ਹੋਰ ਆਸਟ੍ਰੇਲੀਆਈ ਸੂਬਿਆਂ ਨੂੰ ਮਨਾ ਰਹੇ ਹਨ ਅਤੇ ਹੋਣ ਵਾਲੇ ਖ਼ਰਚੇ ਨੂੰ ਕਿਤੇ ਵਧਾ-ਚੜ੍ਹਾ ਕੇ ਦੱਸਿਆ ਜਾ ਰਿਹਾ ਹੈ।

ਕਾਮਨਵੈਲਥ ਗੇਮਸ ਫੈਡਰੇਸ਼ਨ ਨੇ ਆਪਣੇ ਬਿਆਨ ਵਿੱਚ ਕਿਹਾ, "ਅਸੀਂ ਸਾਡੇ ਕੋਲ ਮੌਜੂਦ ਬਦਲਾਂ ਬਾਰੇ ਸਲਾਹ ਲੈ ਰਹੇ ਸੀ ਅਤੇ ਇਸ ਬਾਰੇ ਵਚਨਬੱਧ ਹਾਂ ਕਿ ਅਸੀਂ 2026 ਲਈ ਉਪਾਅ ਲੱਭ ਰਹੇ ਹਾਂ ਜੋ ਕਿ ਖਿਡਾਰੀਆਂ ਅਤੇ ਕਾਮਨਵੈਲਥ ਖੇਡ ਲਹਿਰ ਦੇ ਹਿੱਤ ਵਿੱਚ ਹੋਵੇ।”

ਬ੍ਰਿਟੇਸ਼ ਝੰਡੇ ਦੇ ਹੇਠਾਂ ਖੇਡਿਆ ਭਾਰਤ

  • ਭਾਰਤ ਨੇ ਦੂਜੀਆਂ ਰਾਸ਼ਟਰ ਮੰਡਲ ਖੇਡਾਂ ਵਿੱਚ ਆਪਣੀ ਹਾਜ਼ਰੀ ਦਰਜ ਕਰਵਾਈ ਸੀ।
  • ਦੂਜੀਆਂ ਰਾਸ਼ਟਰ ਮੰਡਲ ਖੇਡਾਂ ਸਾਲ 1934 ਵਿੱਚ ਇੰਗਲੈਂਡ ਦੇ ਸ਼ਹਿਰ ਲੰਡਨ ਵਿੱਚ ਹੋਈਆਂ।
  • ਭਾਰਤ ਬ੍ਰਿਟੇਸ਼ ਝੰਡੇ ਦੇ ਹੇਠਾਂ ਖੇਡਿਆ ਸੀ ਕਿਉਂਕਿ ਉਦੋਂ ਭਾਰਤ ਵਿੱਚ ਅੰਗ੍ਰੇਜ਼ਾ ਦਾ ਸ਼ਾਸਨ ਸੀ।
  • ਉਸ ਵੇਲੇ ਭਾਰਤ ਨੇ ਸਿਰਫ਼ ਦੋ ਮੁਕਾਬਲਿਆਂ ਕੁਸ਼ਤੀ ਅਤੇ ਐਥਲੈਟਿਕਸ ਵਿੱਚ ਹਿੱਸਾ ਲਿਆ।
  • ਉਸ ਵੇਲੇ 17 ਦੇਸਾਂ ਵਿੱਚ ਭਾਰਤ ਨੇ ਇੱਕ ਤਾਂਬੇ ਦੇ ਤਗਮੇ ਨਾਲ ਆਪਣਾ ਖਾਤਾ ਖੋਲ੍ਹਿਆ ਸੀ।
  • ਭਾਰਤ ਨੂੰ ਇਹ ਤਗਮਾ ਕੁਸ਼ਤੀ ਦੇ 74 ਕਿੱਲੋ ਵਰਗ ਵਿੱਚ ਰਾਸ਼ੀਦ ਅਨਵਰ ਨੇ ਦੁਆਇਆ।

ਸਾਲ 2026 ਲਈ ਮੇਜ਼ਬਾਨ ਲੱਭਣ ਲਈ ਲੱਗੇ ਸਨ ਤਿੰਨ ਸਾਲ

2026 ਲਈ ਖੇਡਾਂ ਦਾ ਮੇਜ਼ਬਾਨ ਲੱਭਣਾ ਸ਼ੁਰੂ ਤੋਂ ਹੀ ਪ੍ਰਬੰਧਕਾਂ ਲਈ ਔਖਾ ਕੰਮ ਰਿਹਾ।

ਕਾਮਨਵੈਲਥ ਗੇਮਜ਼ ਫੈਡਰੇਸ਼ਨ ਨੇ ਖੇਡਾਂ ਲਈ ਮੇਜ਼ਬਾਨ ਸ਼ਹਿਰ ਦੀ ਚੋਣ 2019 ਵਿੱਚ ਕਰਨ ਦਾ ਟੀਚਾ ਮਿੱਥਿਆ ਸੀ, ਪਰ ਵੱਧ ਖਰਚੇ ਦੀ ਚਿੰਤਾ ਕਾਰਨ ਸਭ ਦਾਅਵੇਦਾਰ ਪਿੱਛੇ ਹਟ ਗਏ ਸਨ।

ਪ੍ਰਬੰਧਕ ਤਿੰਨ ਸਾਲਾਂ ਤੱਕ ਕੋਈ ਮੇਜ਼ਬਾਨ ਨਾ ਲੱਭ ਸਕੇ, ਜਿਸ ਤੋਂ ਬਾਅਦ ਵਿਕਟੋਰੀਆ ਦੇ ਪ੍ਰੀਮਿਅਰ ਐਂਡਿਰਿਊ ਨੇ ਮੇਜ਼ਬਾਨੀ ਕਰਨ ਦੀ ਹਾਮੀ ਭਰੀ।

ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਕਾਮਨਵੈਲਥ ਖੇਡਾਂ ਦੇ ਪ੍ਰਬੰਧਕਾਂ ਨੂੰ ਕੋਈ ਮੇਜ਼ਬਾਨ ਨਹੀਂ ਲੱਭ ਰਿਹਾ। 2022 ਦੀਆਂ ਖੇਡਾਂ ਲਈ ਮੇਜ਼ਬਾਨ ਲੱਭਣ ਮੌਕੇ ਵੀ ਅਜਿਹਾ ਹੀ ਹੋਇਆ ਸੀ।

ਉਸ ਮੌਕੇ ਡਰਬਨ ਖੇਡਾਂ ਦੀ ਮੇਜ਼ਬਾਨੀ ਕਰਨ ਵਾਲਾ ਅਫਰੀਕਾ ਦਾ ਪਹਿਲਾ ਸ਼ਹਿਰ ਬਣਨਾ ਤੈਅ ਸੀ, ਪਰ ਖਰਚ ਅਤੇ ਨਿਰਧਾਰਿਤ ਸਮੇਂ ਵਿੱਚ ਤਿਆਰੀਆਂ ਨਾ ਮੁਕੰਮਲ ਕਰਨ ਕਰਕੇ ਡਰਬਨ ਕੋਲੋਂ ਖੇਡਾਂ ਦੀ ਮੇਜ਼ਬਾਨੀ ਦੇ ਅਖ਼ਤਿਆਰ ਖੋਹ ਲਏ ਗਏ ਸਨ।

ਡਰਬਨ ਦੀ ਮੇਜ਼ਬਾਨੀ ਰੱਦ ਹੋਣ ਤੋਂ 9 ਮਹੀਨੇ ਬਾਅਦ, ਬ੍ਰਿਟਿਸ਼ ਸਰਕਾਰ ਅਤੇ ਬਰਮਿੰਘਮ ਸ਼ਹਿਰ ਨੇ ਅੱਗੇ ਆ ਕੇ 100 ਕਰੋੜ ਡਾਲਰ ਇਕੱਠੇ ਕਰਕੇ ਖੇਡਾਂ ਦੀ ਮੇਜ਼ਬਾਨੀ ਕੀਤੀ ਜਿਸ ਵਿੱਚ ਕਾਮਨਵੈਲਥ ਖੇਡਾਂ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦਰਸ਼ਕਾਂ ਨੇ ਹਿੱਸਾ ਲਿਆ।

ਹੁਣ ਪ੍ਰਬੰਧਕਾਂ ਕੋਲ ਨਵਾਂ ਮੇਜ਼ਬਾਨ ਲੱਭਣ ਲਈ ਸਿਰਫ਼ ਤਿੰਨ ਸਾਲ ਬਚੇ ਹਨ, ਇੰਨੇ ਥੋੜ੍ਹੇ ਸਮੇਂ ਵਿੱਚ ਅੰਤਰ-ਰਾਸ਼ਟਰੀ ਪੱਧਰ ਦਾ ਮੁਕਾਬਲਾ ਕਰਵਾਉਣਾ ਇੱਕ ਮੁਸ਼ਕਲ ਕੰਮ ਹੋਵੇਗਾ।

ਕਈ ਆਸਟ੍ਰੇਲੀਆਈ ਸੂਬੇ ਪਹਿਲਾਂ ਹੀ ਖੇਡਾਂ ਕਰਵਾਉਣ ਤੋਂ ਨਾਂਹ ਕਰ ਚੁੱਕੇ ਹਨ। ਵੈਸਟਰਨ ਆਸਟ੍ਰੇਲੀਆ ਦੇ ਪ੍ਰੀਮਿਅਰ ਰੋਜਰ ਕੁਕ ਨੇ ਕਾਮਨਵੈਲਥ ਖੇਡਾਂ ਨੂੰ "ਬੇਹੱਦ ਮਹਿੰਗੀ" ਦੱਸਿਆ ਤੇ ਕਿਹਾ ਕਿ "ਇਹ ਖੇਡਾਂ ਉਹ ਨਹੀਂ ਰਹੀਆਂ ਜੋ ਪਹਿਲਾਂ ਹੋਇਆ ਕਰਦੀਆਂ ਸਨ।

ਹਾਲਾਂਕਿ, ਨਿਊ ਸਾਊਥ ਵੇਲਸ ਨੂੰ ਉਪਲਬਧ ਬੁਨਿਆਦੀ ਢਾਂਚੇ ਦੇ ਲਿਹਾਜ਼ ਨਾਲ ਸਭ ਤੋਂ ਵਿਹਾਰਕ ਬਦਲ ਮੰਨਿਆ ਜਾ ਰਿਹਾ ਸੀ, ਇੱਥੋਂ ਦੇ ਪ੍ਰੀਮਿਅਰ ਕਰਿਸ ਮਿਨਸ ਨੇ ਕਿਹਾ, "ਕਾਮਨਵੈਲਥ ਖੇਡਾਂ ਦੀ ਮੇਜ਼ਬਾਨੀ ਕਰਨੀ ਬਹੁਤ ਚੰਗੀ ਹੋਵੇਗੀ। ਸਕੂਲ ਤੇ ਹਸਪਤਾਲ ਬਣਾਉਣੇ ਜ਼ਰੂਰੀ ਹਨ।"

ਆਸਟ੍ਰੇਲੀਆ ਦਾ ਆਖ਼ਰੀ ਮੇਜ਼ਬਾਨ ਸ਼ਹਿਰ, ਗੋਲਡ ਕੌਸਟ, ਜਿੱਥੇ 2018 ਵਿੱਚ ਖੇਡਾਂ ਹੋਈਆਂ ਸਨ, ਕਹਿੰਦੇ ਹਨ, "ਇੰਨਾ ਥੋੜ੍ਹਾ ਸਮਾਂ ਰਹਿੰਦਿਆਂ ਸ਼ਹਿਰ ਦਾ ਹੁਣ ਖੇਡਾਂ ਦੀ ਮੇਜ਼ਬਾਨੀ ਕਰਨਾ ਸੰਭਵ ਨਹੀਂ ਹੋਵੇਗਾ।"

ਜੇਕਰ ਇਹ ਸੰਭਵ ਵੀ ਹੋਵੇਗਾ ਤਾਂ ਬਹੁਤ ਘੱਟ ਦੇਸ਼ਾਂ ਕੋਲ ਖੇਡਾਂ ਕਰਵਾਉਣ ਲਈ ਸਰੋਤ ਹਨ।

ਪਿਛਲੇ 20 ਸਾਲਾਂ ਵਿੱਚ ਸਿਰਫ਼ ਇੱਕ ਵਾਰ ਹੀ ਖੇਡਾਂ ਯੂਕੇ ਅਤੇ ਆਸਟ੍ਰੇਲੀਆ ਤੋਂ ਬਾਹਰ ਹੋਈਆਂ ਹਨ, 2010 ਵਿੱਚ ਇਹ ਖੇਡਾਂ ਨਵੀਂ ਦਿੱਲੀ, ਭਾਰਤ ਵਿੱਚ ਕਰਵਾਈਆਂ ਗਈਆਂ ਸਨ।

ਦਿੱਲੀ ਵਿਖੇ ਹੋਈਆਂ ਖੇਡਾਂ ਦਾ ਅਨੁਮਾਨਤ ਖਰਚਾ 27 ਕਰੋੜ ਡਾਲਰ ਮਿੱਥਿਆ ਗਿਆ ਸੀ, ਪਰ ਭਾਰਤ ਨੇ ਇਨ੍ਹਾਂ ਖੇਡਾਂ ਉੱਤੇ 16 ਗੁਣਾ ਵੱਧ, 410 ਕਰੋੜ ਡਾਲਰ ਦਾ ਖਰਚਾ ਕੀਤਾ ਸੀ।

ਆਸਟ੍ਰੇਲੀਆ ਕਾਮਨਵੈਲਥ 'ਚ ਸ਼ਾਮਿਲ ਦੇਸ਼ਾਂ ਵਿਚਲੇ ਸਭ ਤੋਂ ਅਮੀਰ ਦੇਸ਼ਾਂ ਵਿੱਚੋਂ ਇੱਕ ਹੈ।

ਸਟੀਵ ਜੇਉਰਗਾਕਿਸ ਕਹਿੰਦੇ ਹਨ, "ਇਤਿਹਾਸਕ ਤੌਰ ਤੇ ਆਸਟ੍ਰੇਲੀਆਂ ਇਹਨਾਂ ਖੇਡਾਂ ਪ੍ਰਤੀ ਉਤਸ਼ਾਹ ਦਿਖਾਉਂਦਾ ਰਿਹਾ ਹੈ।"

"ਜੇ ਆਸਟ੍ਰੇਲੀਆ ਇਹਨਾਂ ਖੇਡਾਂ ਦੀ ਮੇਜ਼ਬਾਨੀ ਨਹੀਂ ਕਰ ਸਕਦਾ ਤਾਂ, ਤਾਂ ਬ੍ਰਿਟਿਸ਼ ਸਾਮਰਾਜ ਦੀਆਂ ਸਾਬਕਾ ਛੋਟੀਆਂ ਬਸਤੀਆਂ ਕੋਲ ਕੀ ਸੰਭਾਵਨਾ ਹੈ?"

ਇਨ੍ਹਾਂ ਖੇਡਾਂ ਦੀ ਘਟਦੀ ਲੋਕਪ੍ਰਿਅਤਾ

ਪਰ ਏਥੇ ਗੱਲ ਸਿਰਫ਼ ਖਰਚੇ ਦੀ ਨਹੀਂ ਹੈ।

ਵਿਕਟੋਰੀਆ ਦੇ ਇਸ ਫ਼ੈਸਲੇ ਦੇ ਅਲੋਚਕਾਂ ਦਾ ਕਹਿਣਾ ਹੈ ਕਿ ਵਿਕਟੋਰੀਆ ਸੂਬਾ ਅਜਿਹੇ ਖੇਡ ਮੁਕਾਬਲਿਆਂ ਉੱਤੇ ਬਹੁਤ ਖਰਚਾ ਕਰਦਾ ਹੈ, ਜਿਵੇਂ ਕਿ ਇਹ ਵੀਰਵਾਰ ਤੋਂ ਸ਼ੁਰੂ ਹੋਣ ਵਾਲੇ 'ਫੀਫਾ ਵੁਮੈਨ ਵਰਲਡ ਕੱਪ' ਲਈ ਮਿਲੀਅਨ ਡਾਲਰ ਖਰਚ ਕਰ ਰਿਹਾ ਹੈ।

ਐਂਡਰਿਊ ਨੇ ਇਸਦਾ ਅੰਦਾਜ਼ਾ ਲਗਾਉਂਦਿਆਂ ਇਸ ਗੱਲ ਉੱਤੇ ਜ਼ੋਰ ਪਾਇਆ ਕਿ, 2026 ਦੀਆਂ ਖੇਡਾਂ ਵਿੱਚ ਨਿਵੇਸ਼ ਕਰਨ ਦਾ ਬਾਕੀ ਖੇਡਾਂ ਜਿੰਨਾ ਫਾਇਦਾ ਨਹੀਂ ਹੋਇਆ।

ਉਨ੍ਹਾਂ ਨੇ ਕਿਹਾ, "ਇਸ ਵਿੱਚ ਬੱਸ ਖਰਚਾ ਹੋਵੇਗਾ ਕੋਈ ਆਮਦਨ ਨਹੀਂ।"

1930 ਵਿੱਚ ਸ਼ੁਰੂ ਹੋਈਆਂ ਇਨ੍ਹਾਂ ਖੇਡਾਂ ਵਿੱਚ ਸੰਸਾਰ ਦੇ ਕੁਲ 72 ਮੁਲਕ ਜਿਹੜੇ ਬ੍ਰਿਟਿਸ਼ ਕਾਮਨਵੈਲਥ ਦਾ ਹਿੱਸਾ ਹਨ, ਭਾਗ ਲੈਂਦੇ ਹਨ।

ਇਨ੍ਹਾਂ ਖੇਡਾਂ ਨੂੰ ਪਹਿਲਾਂ ਸਾਮਰਾਜੀ ਖੇਡਾਂ ਜਾ ਰਾਜ ਦੀਆਂ ਖੇਡਾਂ ਵੀ ਕਿਹਾ ਜਾਂਦਾ ਸੀ।

ਇਤਿਹਾਸਕਾਰਾਂ ਮੁਤਾਬਕ, ਇਹ ਖੇਡਾਂ ਬ੍ਰਿਟਿਸ਼ ਸਾਮਰਾਜ, ਜਿਸ ਵਿੱਚ ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਅਫਰੀਕਾ ਦੇ ਦੇਸ਼ ਸ਼ਾਮਲ ਸਨ, ਨੂੰ ਇਕੱਠਿਆਂ ਰੱਖਣ ਦਾ ਇੱਕ ਜ਼ਰੀਆ ਸਨ।

ਆਸਟ੍ਰੇਲੀਆਈ ਖੇਡ ਇਤਿਹਾਸਕਾਰ ਮੈਥਯੂ ਕਲਗਮੈਨ ਦਾ ਕਹਿਣਾ ਹੈ, "ਇਨ੍ਹਾਂ ਖੇਡਾਂ ਵਿੱਚ ਦਿਲਚਸਪੀ ਹੁਣ ਪਹਿਲਾਂ ਨਾਲੋਂ ਘਟ ਗਈ ਹੈ।"

ਉਨ੍ਹਾਂ ਨੇ ਕਿਹਾ, "ਕਿ ਇਹ ਵਰਤਾਰਾ 1990 ਨਾਲ ਵੀ ਮੇਲ ਨਹੀਂ ਖਾਂਦਾ, ਇਹ ਵਿਸ਼ਵ ਦੇ ਬਦਲ ਰਹੇ ਹਾਲਾਤਾਂ ਨੂੰ ਦਰਸਾਉਂਦਾ ਹੈ। ਹੁਣ ਲੋਕਾਂ ਦਾ ਇਨ੍ਹਾਂ ਖੇਡਾਂ ਦੇ ਮੁੱਢਲੇ ਉਦੇਸ਼ ਨਾਲ ਕੋਈ ਲੈਣਾ-ਦੇਣਾ ਨਹੀਂ ਰਿਹਾ।"

ਕਲਗਮੈਨ ਦਾ ਕਹਿਣਾ ਹੈ ਕਿ ਕਈ ਸਾਬਕਾ ਕਲੋਨੀਆਂ ਬ੍ਰਿਟੇਨ ਤੋਂ ਦੂਰੀ ਬਣਾ ਰਹੀਆਂ ਹਨ। ਉਨ੍ਹਾਂ ਕਿਹਾ ਕਿ 2023 ਦਾ ਆਸਟ੍ਰੇਲੀਆ 1938 ਦੇ ਆਸਟ੍ਰੇਲੀਆ ਤੋਂ ਬਹੁਤ ਵੱਖਰਾ ਹੈ।

1982 ਵਿੱਚ ਆਸਟ੍ਰੇਲੀਆ ਦੇ ਮੂਲ ਨਿਵਾਸੀਆਂ ਨੇ ਕਾਮਮਵੈਲਥ ਖੇਡਾਂ ਦਾ ਨਾਮ ਬਦਲਕੇ "ਸਟੋਲਨਵੈਲਥ ਗੇਮਜ਼" ਭਾਵ ਕਿ ਚੋਰੀ ਦੀ ਦੌਲਤ ਵਾਲੀਆਂ ਖੇਡਾਂ ਰੱਖ ਦਿੱਤਾ ਗਿਆ ਸੀ, ਜੋ ਕਿ ਅੱਜ ਵੀ ਪ੍ਰਚਲਿਤ ਹੈ।

ਕਲਗਮੈਨ ਨੇ ਕਿਹਾ ਕਿ ਇਹ ਬਹੁਤ ਸਹੀ ਨਾਂਅ ਹੈ ਕਿਉਂਕਿ ਇਨ੍ਹਾਂ ਥਾਵਾਂ ਤੋਂ ਦੌਲਤ ਕੱਢ ਕੇ ਬ੍ਰਿਟਿਸ਼ ਰਾਜ ਦੇ ਦਿਲ ਤੱਕ ਲੈ ਕੇ ਜਾਂਦੀ ਗਈ।

ਕਾਮਨਵੈਲਥ ਖੇਡ ਫੈਡਰੇਸ਼ਨ ਦੀ ਪ੍ਰਧਾਨ, ਲੂਈ ਮਾਰਟਿਨ ਨੇ ਕਿਹਾ, "ਇਹ ਦੱਸਣ ਦਾ ਕੋਈ ਸੌਖਾ ਤਰੀਕਾ ਨਹੀਂ ਹੈ ਕਿ ਕਾਮਲਵੈਲਥ ਖੇਡਾਂ ਦੇ ਇਤਿਹਾਸ ਦੀਆਂ ਜੜ੍ਹਾਂ ਬਸਤੀਵਾਦ ਨਾਲ ਜੁੜੀਆਂ ਹੋਈਆਂ ਹਨ।"

ਉਨ੍ਹਾਂ ਕਿਹਾ ਕਿ ਖੇਡਾਂ ਦਾ ਕੇਂਦਰ ਬ੍ਰਿਟਿਸ਼ ਸਾਮਰਾਜ ਦੇ ਦਬਦਬੇ ਤੋਂ ਹਟਾ ਕੇ ਵਿਸ਼ਵ ਸ਼ਾਂਤੀ ਵੱਲ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ।

ਇੱਕ 'ਰਣਨੀਤਕ' ਰੀਬਰਾਂਡ

ਕਾਮਲਵੈਲਥ ਖੇਡ ਫੈਡਰੇਸ਼ਨ ਜਾਣਦਾ ਹੈ ਕਿ ਇਹ ਖੇਡਾਂ ਦੇ ਬਚਾਅ ਦੀ ਲੜਾਈ ਵਿੱਚ ਹੈ।

ਇਸਦੇ ਪ੍ਰਧਾਨ, ਡੇਮ ਲੁਈਸ ਮਾਰਟਿਨ ਨੇ 2018 ਵਿੱਚ ਕਿਹਾ ਸੀ ਕਿ ਇਹ ਇੱਕ "ਹੋਂਦ ਦੇ ਸੰਕਟ" ਨਾਲ ਜੂਝ ਰਿਹਾ ਹੈ।

ਉਨ੍ਹਾਂ ਨੇ ਕਿਹਾ, "ਹਾਲ ਹੀ ਦੇ ਸਮੇਂ ਵਿੱਚ, ਸਾਡੀ ਫੈਡਰੇਸ਼ਨ ਨੇ ਸਾਡੇ ਪ੍ਰਭਾਵ ਅਤੇ ਅਰਥਾਂ ਨੂੰ ਵੇਖਣ ਲਈ ਬਹੁਤ ਆਤਮ-ਖੋਜ ਕੀਤੀ ਹੈ।

ਇਸ ਤੋਂ ਇਲਾਵਾ ਅਗਲੇ ਦਹਾਕੇ ਨੂੰ ਕਵਰ ਕਰਨ ਵਾਲੀ ਇੱਕ ਰਣਨੀਤਕ ਯੋਜਨਾ ਵਿੱਚ ਸੰਗਠਨ ਨੇ ਕਿਹਾ, "ਇਹ ਕਹਿਣ ਦਾ ਕੋਈ ਵੀ ਸੌਖਾ ਤਰੀਕਾ ਨਹੀਂ ਹੈ ਕਿ ਰਾਸ਼ਟਰਮੰਡਲ ਦਾ ਬਸਤੀਵਾਦੀ ਦੀਆਂ ਜੜ੍ਹਾਂ ਨਾਲ ਜੁੜਿਆ ਇੱਕ ਇਤਿਹਾਸ ਚੁਣੌਤੀਪੂਰਨ ਹੈ।"

"ਬ੍ਰਿਟਿਸ਼ ਸਾਮਰਾਜ ਦੀ ਅਗਵਾਈ ਤੋਂ ਵਿਸ਼ਵ ਸ਼ਾਂਤੀ ਵੱਲ ਧਿਆਨ ਕੇਂਦਰਿਤ ਕਰਨ ਲਈ ਕੰਮ ਪਹਿਲਾਂ ਤੋਂ ਹੀ ਸ਼ੁਰੂ ਹੋ ਗਿਆ ਹੈ।"

ਇਹ ਅਸਪੱਸ਼ਟ ਹੈ ਕਿ ਇਸਦਾ ਅਮਲੀ ਤੌਰ 'ਤੇ ਕੀ ਅਰਥ ਹੈ।

ਪਰ ਇਸ ਦੀ ਸਾਰਥਕਤਾ ਦੇ ਸਾਰੇ ਸਵਾਲਾਂ ਦੇ ਬਾਵਜੂਦ ਖੇਡਾਂ, ਮੁਕਾਬਲਾ ਦੇਣ ਵਾਲੇ ਅਥਲੀਟਾਂ ਲਈ ਡੂੰਘੀਆਂ ਮਹੱਤਵਪੂਰਨ ਰਹਿੰਦੀਆਂ ਹਨ।

ਨੈੱਟਬਾਲ ਵਰਗੀਆਂ ਕਈ ਖੇਡਾਂ ਲਈ, ਇਹ ਇੱਕ ਅਹਿਮ ਮੁਕਾਬਲਾ ਹੈ ਅਤੇ ਬਹੁਤ ਸਾਰੇ ਐਥਲੀਟਾਂ ਨੇ ਇਸ ਫ਼ੈਸਲੇ 'ਤੇ ਡੂੰਘੀ ਨਿਰਾਸ਼ਾ ਜ਼ਾਹਰ ਕੀਤੀ ਹੈ।

ਰੇਸ ਵਾਕਰ ਜੇਮਿਮਾ ਮੋਂਟਾਗ ਦਾ ਕਹਿਣਾ ਹੈ ਕਿ ਇਸ ਨੇ ਘਰੇਲੂ ਦਰਸ਼ਕਾਂ ਦੇ ਸਾਹਮਣੇ ਤੀਜਾ ਸੋਨ ਤਮਗਾ ਜਿੱਤਣ ਦਾ ਮੌਕਾ ਖੋਹ ਲਿਆ ਹੈ।

ਇਸ ਤੋਂ ਇਲਾਵਾ ਆਸਟ੍ਰੇਲੀਆਈ ਤੈਰਾਕ ਰੋਵਨ ਕ੍ਰੋਥਰਸ ਕਹਿੰਦੇ ਹਨ ਕਿ ਰੱਦ ਕਰਨਾ ਵਿਸ਼ੇਸ਼ ਤੌਰ 'ਤੇ ਅਪਾਹਜ ਲੋਕਾਂ ਲਈ ਦੁਖਦਾਈ ਹੈ।

ਰਾਸ਼ਟਰਮੰਡਲ ਖੇਡਾਂ ਇੱਕੋ ਇੱਕ ਅਜਿਹਾ ਪ੍ਰਮੁੱਖ ਕੌਮਾਂਤਰੀ ਮੁਕਾਬਲਾ ਹੈ ਜਿਸ ਵਿੱਚ ਯੋਗ ਸਰੀਰ ਵਾਲੇ ਐਥਲੀਟਾਂ ਦੇ ਨਾਲ-ਨਾਲ ਅਪਾਹਜਤਾ ਵਾਲੇ ਐਥਲੀਟ ਵੀ ਹਿੱਸਾ ਲੈਂਦੇ ਹਨ।

ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ, "(ਇਹ) ਅਪਾਹਜਾਂ ਵਿੱਚ ਖੇਡਾਂ ਲਈ ਜਾਗਰੂਕਤਾ ਪੈਦਾ ਕਰਨ ਦਾ ਇੱਕ ਵਧੀਆ ਮੌਕਾ ਹੈ। ਖੇਡਾਂ ਨੂੰ ਰੱਦ ਕਰਨਾ, ਸ਼ਮੂਲੀਅਤ ਦਾ ਮੌਕਾ ਖੋਹਣਾ ਹੋਵੇਗਾ।"

"ਕੁਝ ਐਥਲੀਟਾਂ ਲਈ, ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗਮੇ ਦਾ ਮਤਲਬ ਪੈਰਾਲੰਪਿਕ ਵਿੱਚ ਸੋਨੇ ਦੇ ਤਗਮੇ ਤੋਂ ਵੱਧ ਹੈ... ਮਾਨਤਾ ਅਤੇ ਬਰਾਬਰੀ ਦਾ ਮਤਲਬ ਪ੍ਰਾਪਤੀ ਤੋਂ ਵੱਧ ਹੋ ਸਕਦਾ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)