ਪੰਜਾਬ ਰੈਜੀਮੈਂਟ ਦਾ ਇਤਿਹਾਸ: ਫ਼ਰਾਂਸ ਦੇ ਕੌਮੀ ਦਿਹਾੜੇ ਮੌਕੇ ਭਾਰਤ ਦੀ ਅਗਵਾਈ ਕੀਤੀ ਤੇ ਜਿਸ 'ਤੇ 'ਬਾਰਡਰ' ਫਿਲਮ ਬਣੀ ਸੀ

    • ਲੇਖਕ, ਮਨਦੀਪ ਸਿੰਘ ਬਾਜਵਾ
    • ਰੋਲ, ਫ਼ੌਜੀ ਇਤਿਹਾਸ ਦੇ ਜਾਣਕਾਰ

ਫ਼ਰਾਂਸ ਦੇ ਕੌਮੀ ਦਿਹਾੜੇ ਦੇ ਜਸ਼ਨਾਂ ਦੇ ਸੰਬੰਧ ਵਿੱਚ ਭਾਰਤੀ ਫ਼ੌਜ ਦੇ ਤਿੰਨਾਂ ਬਲਾਂ ਦੇ ਸਿਪਾਹੀਆਂ ਨੇ ਰਾਜਧਾਨੀ ਪੈਰਿਸ ਦੇ ਚੈਂਪਸ ਐੱਲੀਸੀ ਵਿੱਚ ਪਰੇਡ ਕੀਤੀ।

ਇਸ ਦੌਰਾਨ ਭਾਰਤੀ ਜਵਾਨਾਂ ਦਾ ਸਾਥ ਭਾਰਤੀ ਫ਼ੌਜ ਦੇ ਇੱਕ ਬੈਂਡ ਦਸਤੇ ਨੇ ਵੀ ਦਿੱਤਾ।

ਜਿਸ ਪਰੇਡ ਵਿੱਚ ਭਾਰਤੀ ਫ਼ੌਜੀਆਂ ਨੇ ਹਿੱਸਾ ਲਿਆ ਉਸ ਨੂੰ ‘ਬੈਸਟਾਈਲ ਡੇ’ ਪਰੇਡ ਵਜੋਂ ਜਾਣਿਆ ਜਾਂਦਾ ਹੈ।

ਉੱਪਰ ਅਕਾਸ਼ ਵਿੱਚ ਭਾਰਤੀ ਹਵਾਈ ਫ਼ੌਜ ਦੇ ਰਾਫ਼ੇਲ ਲੜਾਕੂ ਜਹਾਜ਼ਾਂ ਦੀ ਟੁਕੜੀ ਨੇ ਫ਼ਰਾਂਸ ਦੇ ਆਜ਼ਾਦੀ, ਬਰਾਬਰੀ ਤੇ ਭਾਈਚਾਰਾ ਜੋ ਕਿ ਲੋਕਤੰਤਰ ਦੀ ਬੁਨਿਆਦ ਹਨ, ਨੂੰ ਦਿਲਕਸ਼ ਸਲੂਟ ਦਿੱਤਾ।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੇ ਤੇ ਇਨ੍ਹਾਂ ਪਲਾਂ ਨੂੰ ਯਾਦਗਾਰੀ ਦੱਸਿਆ ਹੈ।

ਉਨ੍ਹਾਂ ਤੋਂ ਪਹਿਲਾਂ ਸਾਲ 2009 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਸਨ।

ਉਸ ਸਮੇਂ ਤਿੰਨਾਂ ਫ਼ੌਜਾਂ ਦੇ ਦਸਤਿਆਂ ਤੋਂ ਇਲਾਵਾ ਮਰਾਠਾ ਲਾਈਟ ਇਨਫ਼ੈਂਟਰੀ ਦਾ ਦਸਤਾ ਵੀ ਇਸ ਪਰੇਡ ਦਾ ਹਿੱਸਾ ਬਣਿਆ ਸੀ।

ਇਸ ਟੁਕੜੀ ਦੀ ਨੁਮਾਇੰਦਗੀ ਪੰਜਾਬ ਰੈਜੀਮੈਂਟ ਦੇ ਇੱਕ ਦਸਤੇ ਨੇ ਕੀਤੀ।

ਬੇਸ਼ੱਕ ਫ਼ਰਾਂਸੀਸੀ ਵੀ ਬਰਤਾਨੀਆਂ ਵਾਂਗ ਭਾਰਤ ਵਿੱਚ ਇੱਕ ਬਸਤੀਵਾਦੀ ਤਾਕਤ ਰਹੇ ਹਨ। ਫ਼ਰਾਂਸ ਨਾਲ ਭਾਰਤੀ ਫ਼ੌਜ ਦਾ ਰਿਸ਼ਤਾ ਇੱਕ ਸਦੀ ਤੋਂ ਪੁਰਾਣਾ ਹੈ।

ਫ਼ਰਾਂਸੀਸੀ ਭਾਰਤੀਆਂ ਦੇ ਅਹਿਸਾਨਮੰਦ ਕਿਉਂ

ਭਾਰਤੀ ਜਵਾਨਾਂ ਨੇ ਫ਼ਰਾਂਸ ਦੀ ਦੋਵਾਂ ਵਿਸ਼ਵ ਯੁੱਧਾਂ ਵਿੱਚ ਰਾਖੀ ਕੀਤੀ ਹੈ।

ਫ਼ਰਾਂਸ ਦੀ ਧਰਤੀ ਲਈ ਆਪਣਾ ਖੂਨ ਵਹਾਇਆ ਹੈ। ਇਸ ਲਈ ਭਾਰਤੀ ਜਵਾਨਾਂ ਦਾ ਉੱਥੇ ਆਪਣੇ ਰਵਾਇਤੀ ਰੋਹਬ ਨਾਲ ਸਿਰ ਉੱਚਾ ਕਰਕੇ ਬੈਸਟਾਈਲ ਡੇ ਪਰੇਡ ਕਰਨਾ ਬਣਦਾ ਵੀ ਹੈ।

ਪਹਿਲੇ ਵਿਸ਼ਵ ਯੁੱਧ ਦੌਰਾਨ 1914 ਵਿੱਚ ਜਦੋਂ ਪੱਛਮੀ ਮੋਰਚੇ ਉੱਤੇ ਜਰਮਨੀ ਦੇ ਵਿਰੁੱਧ ਲਾਮਬੰਧੀ ਹੋ ਰਹੀ ਸੀ ਤਾਂ ਜਰਮਨੀ ਦੀ ਵਿਸ਼ਾਲ ਇੰਪੀਰੀਅਲ ਆਰਮੀ ਦੇ ਸਾਹਮਣੇ ਬਰਤਾਨਵੀ ਫ਼ੌਜ ਕਾਫ਼ੀ ਛੋਟੀ ਸਾਬਤ ਹੋ ਰਹੀ ਸੀ।

ਅਜਿਹੇ ਸਮੇਂ ਬਰਤਾਨੀਆ ਵੱਲੋਂ ਭਾਰਤ ਦੀ ਜਨਤਾ ਅਤੇ ਆਗੂਆਂ ਨੂੰ ਮਦਦ ਦੀ ਅਪੀਲ ਕੀਤੀ ਗਈ।

ਇਸ ਦੇ ਨਤੀਜੇ ਵਜੋਂ ਸਤੰਬਰ 1914 ਵਿੱਚ ਭਾਰਤ ਤੋਂ ਦੋ ਡਵੀਜ਼ਨਾਂ ਦੀ ਇੱਕ ਭਾਰਤੀ ਕੋਰ ਅਤੇ ਦੋ ਘੋੜਸਵਾਰ ਡਵੀਜ਼ਨਾਂ ਦੀ ਇੱਕ ਭਾਰਤੀ ਕੈਵਲਰੀ ਕੋਰ ਰਵਾਨਾ ਹੋਈ।

ਭਾਰਤੀ ਫ਼ੌਜੀਆਂ ਨੇ ਬੜੀ ਬਹਾਦਰੀ ਨਾਲ ਬ੍ਰਿਟਿਸ਼ ਫ਼ੌਜ ਦੀ ਕਮੀ ਨੂੰ ਪੂਰਾ ਕੀਤਾ। ਈਪਰਾ ਦੀਆਂ ਲੜਾਈਆਂ ਅਤੇ ਲਾ ਬੈਸੀ ਦੀਆਂ ਲੜਾਈਆਂ ਵਿੱਚ ਹਿੱਸਾ ਲਿਆ ਅਤੇ ਮਾਰਚ 1915 ਵਿੱਚ ਲੜੀ ਗਈ ਲਾ ਸ਼ੈਪਲ ਦੀ ਲੜਾਈ ਵਿੱਚ ਅੱਗੇ ਹੋ ਕੇ ਅਗਵਾਈ ਕੀਤੀ।

ਪੱਛਮੀ ਮੋਰਚੇ ’ਤੇ ਲੜਨ ਵਾਲੇ ਇੱਕ ਲੱਖ ਤੀਹ ਹਜ਼ਾਰ ਭਾਰਤੀ ਫ਼ੌਜੀਆਂ ਵਿੱਚੋਂ 9,000 ਜਵਾਨਾਂ ਦੀ ਜਾਨ ਗਈ ਸੀ।

1915 ਦੇ ਸ਼ੁਰੂ ਵਿੱਚ ਕਿਚਨਰਜ਼ ਨਿਊ ਆਰਮੀ ਦੇ ਬਰਤਾਨਵੀ ਦਸਤੇ ਮੁਹਈਆ ਕਰਵਾਏ ਜਾ ਰਹੇ ਸਨ।

ਇਹ ਸੋਚਿਆ ਗਿਆ ਸੀ ਕਿ ਜੰਗੀ ਪੈਂਤੜੇ ਤੋਂ ਭਾਰਤੀ ਫ਼ੌਜ ਭਾਰਤ ਦੇ ਨਜ਼ਦੀਕ ਪੱਛਮੀ ਏਸ਼ੀਆ ਵਿੱਚ ਜ਼ਿਆਦਾ ਉਪਯੋਗੀ ਰਹੇਗੀ, ਜਿਵੇਂ ਕਿ ਮਿਸਰ, ਫ਼ਲਸਤੀਨ ਅਤੇ ਇਰਾਕ।

ਇਸ ਤੋਂ ਇਲਾਵਾ ਭਾਰਤੀ ਫ਼ੌਜੀਆਂ ਦਾ ਮਨੋਬਲ ਬਹੁਤ ਜ਼ਿਆਦਾ ਜਾਨੀ ਨੁਕਸਾਨ ਅਤੇ ਠੰਢੇ ਸਲ੍ਹਾਬੇ ਮੌਸਮ ਕਾਰਨ ਕਾਫ਼ੀ ਡਿੱਗਿਆ ਹੋਇਆ ਸੀ।

ਭਾਰਤੀ ਫ਼ੌਜੀਆਂ ਦੀਆਂ ਚਿੱਠੀਆਂ ਦੀ ਸੈਂਸਰਸ਼ਿਪ

ਬਰਤਾਨੀਆ ਨੇ ਭਾਰਤੀ ਫ਼ੌਜੀਆਂ ਦੀਆਂ ਚਿੱਠੀਆਂ ਦੀ ਸੈਂਸਰਸ਼ਿਪ ਤੋਂ ਇਹ ਭੇਤ ਵੀ ਉਜਾਗਰ ਹੋਇਆ ਕਿ ਉਹ ਫ਼ਰਾਂਸ ਦੇ ਲੋਕਾਂ ਨਾਲ ਖ਼ਾਸ ਕਰ ਬੀਬੀਆਂ ਨਾਲ ਮੇਲ-ਜੋਲ ਕਾਰਨ ਸੁਤੰਤਰਤਾ, ਬਰਾਬਰੀ ਅਤੇ ਭਾਈਚਾਰੇ ਵਰਗੇ ਗੁਣ ਗ੍ਰਹਿਣ ਕਰ ਰਹੇ ਸਨ।

ਇਹ ਵਿਚਾਰ ਭਾਰਤ ਵਿੱਚ ਹਕੂਮਤ ਕਰ ਰਹੀ ਬਸਤੀਵਾਦੀ ਬ੍ਰਿਟਸ਼ ਸਰਕਾਰ ਲਈ ਮੂਲੋਂ ਹੀ ਖ਼ਤਰਨਾਕ ਸਨ।

ਇਨ੍ਹਾਂ ਕਾਰਨਾਂ ਕਰਕੇ ਭਾਰਤੀ ਟੁਕੜੀਆਂ ਨੂੰ ਅਕਤੂਬਰ 1915 ਵਿੱਚ ਉੱਥੋਂ ਹਟਾ ਕੇ ਇਰਾਕ ਭੇਜ ਦਿੱਤਾ ਗਿਆ।

ਹਾਲਾਂਕਿ ਘੋੜਸਵਾਰ ਦਸਤਿਆਂ ਨੂੰ ਇਸ ਉਮੀਦ ਵਿੱਚ ਉੱਥੇ ਤੈਨਾਤ ਰੱਖਿਆ ਗਿਆ ਕਿ ਮੋਰਚਿਆਂ ਦੀ ਲੜਾਈ ਤੋਂ ਬਾਅਦ ਜ਼ਮੀਨੀ ਲੜਾਈ ਵਿੱਚ ਇਹ ਦਸਤੇ ਸਹਾਈ ਸਿੱਧ ਹੋਣਗੇ। ਹਾਲਾਂਕਿ ਅਜਿਹਾ ਹੋਇਆ ਨਹੀਂ।

ਸਗੋਂ ਭਾਰਤੀ ਘੋੜਸਵਾਰ ਦਸਤਿਆਂ ਦੇ ਫ਼ੌਜੀਆਂ ਨੇ ਕਈ ਮੌਕਿਆਂ ਤੇ ਫੌਜੀਆਂ ਦੀ ਭੂਮਿਕਾ ਨਿਭਾਈ ਅਤੇ ਅਗਲੇਰੇ ਮੋਰਚਿਆਂ ਵਿੱਚ ਸੈਨਿਕਾਂ ਦੀ ਲੋੜ ਦੀ ਪੂਰਤੀ ਕੀਤੀ।

ਫ਼ਰਾਂਸ ਤੋਂ ਹਟਾ ਕੇ ਮਿਸਰ ਭੇਜੇ ਜਾਣ ਅਤੇ ਫ਼ਲਸਤੀਨ ਦੇ ਜੇਤੂ ਮੋਰਚੇ ਵਿੱਚ ਭੇਜੇ ਜਾਣ ਤੋਂ ਪਹਿਲਾਂ ਭਾਰਤੀ ਘੋੜਸਵਾਰ ਫ਼ੌਜੀਆਂ ਨੇ ਸੋਮ ਦੀ ਲੜਾਈ, ਬੈਜ਼ਿਨਟਿਨ, ਫਲਰਸ-ਕੋਰਸਲੈਟ, ਹਿੰਡਨਬਰਗ-ਲਾਈਨ ’ਤੇ ਹਮਲੇ ਵਿੱਚ ਹਿੱਸਾ ਲਿਆ।

ਭਾਵੇਂ ਕਿ ਭਾਰਤੀ ਫ਼ੌਜੀ ਪੱਛਮੀ ਮੋਰਚੇ ’ਤੇ ਫੈਸਲਾਕੁੰਨ ਜਿੱਤ ਦੇਖਣ ਲਈ ਉੱਥੇ ਮੌਜੂਦ ਨਹੀਂ ਸਨ ਪਰ ਉਹ ਆਪਣੀ ਸੇਵਾ ਅਤੇ ਬਲਿਦਾਨ ਦੀਆਂ ਜੰਗੀ ਸਮਾਰਕਾਂ, ਕਬਰਿਸਤਾਨਾਂ ਦੇ ਰੂਪ ਵਿੱਚ ਆਪਣੀਆਂ ਕਈ ਨਿਸ਼ਾਨੀਆਂ ਛੱਡ ਦਿੱਤੀਆਂ ਸਨ।

ਇਹ ਯਾਦਗਾਰਾਂ ਫ਼ਰਾਂਸ ਦੇ ਲੋਕਾਂ ਨੂੰ ਉਨ੍ਹਾਂ ਦੀ ਅਜ਼ਾਦੀ ਲਈ ਭਾਰਤੀਆਂ ਦੇ ਡੁੱਲ੍ਹੇ ਖੂਨ ਦੀ ਯਾਦ ਦੁਆਉਂਦੀਆਂ ਹਨ। ਫ਼ਰਾਂਸ ਦੇ ਲੋਕ ਭਾਰਤੀਆਂ ਦੇ ਇਸ ਬਲਿਦਾਨ ਲਈ ਅੱਜ ਵੀ ਅਹਿਸਾਨਮੰਦ ਹਨ।

ਪਹਿਲੇ ਦੇ ਮੁਕਾਬਲੇ ਦੂਜੇ ਵਿਸ਼ਵ ਯੁੱਧ ਵਿਸ਼ਵ ਯੁੱਧ ਵਿੱਚ ਫ਼ਰਾਂਸ ਦੀ ਰਾਖੀ ਵਿੱਚ ਭਾਰਤੀਆਂ ਦਾ ਯੋਗਦਾਨ ਥੋੜ੍ਹਾ ਰਿਹਾ ਹੈ।

ਇਸਦੇ ਪਿੱਛੇ ਇੱਕ ਕਾਰਨ ਭਾਰਤ ਵਿੱਚ ਤੇਜ਼ ਹੋ ਚੁੱਕੀ ਅਜ਼ਾਦੀ ਦੀ ਲੜਾਈ ਸੀ।

ਇਸ ਕਾਰਨ 1930ਵਿਆਂ ਦੇ ਦੌਰਾਨ ਬਰਤਾਨੀਆ ਨੇ ਅਹਿਮ ਰਣਨੀਤਕ ਵਾਲੀਆਂ ਥਾਵਾਂ ਤੋਂ ਭਾਰਤੀ ਫ਼ੌਜੀਆਂ ਨੂੰ ਦੂਰ ਰੱਖਣਾ ਅਤੇ ਯੂਰਪ ਵਿੱਚ ਨੌਕਰੀ ਵਿੱਚੋਂ ਵੀ ਛਾਟਣਾ ਸ਼ੁਰੂ ਕਰ ਦਿੱਤਾ ਸੀ।

ਇਸ ਅਰਸੇ ਦੇ ਦੌਰਾਨ ਬ੍ਰਿਟਿਸ਼ ਆਰਮੀ ਦਾ ਬਹੁਤ ਹੱਦ ਤੱਕ ਆਧੁਨਿਕੀਕਰਨ/ਮਸ਼ੀਨੀਕਰਨ ਵੀ ਹੋ ਚੁੱਕਿਆ ਸੀ।

ਫਿਰ ਵੀ 1939 ਵਿੱਚ ਉਨ੍ਹਾਂ ਨੂੰ ਫ਼ਰਾਂਸ ਵਿੱਚ ਢੋਆ-ਢੁਆਈ ਲਈ ਪਸ਼ੂਆਂ ਦੀ ਲੋੜ ਮਹਿਸੂਸ ਹੋਈ। ਇਸ ਵਾਰ ਫ਼ਿਰ ਭਾਰਤ ਵੱਲ ਨਿਗ੍ਹਾ ਕੀਤੀ ਗਈ ਤੇ ਬੁਲਾਇਆ ਗਿਆ।

ਇੱਕ ਵਾਰ ਖੱਚਰਾਂ ’ਤੇ ਅਧਾਰਿਤ ਚਾਰ ਪਸ਼ੂ ਟਰਾਂਸਪੋਰਟ ਕੰਪਨੀਆਂ, ਪਸ਼ੂ ਅਤੇ ਸਧਾਰਨ ਹਸਪਤਾਲ, ਕੁਮਕ ਅਤੇ ਰੀਮਾਊਂਟ ਡੀਪੂ (ਫ਼ੌਜ ਲਈ ਘੋੜਿਆਂ ਨੂੰ ਤਿਆਰ ਕਰਨ ਵਾਲੇ) ਭਾਰਤ ਤੋਂ 1939 ਦੇ ਅਖੀਰਲੇ ਮਹੀਨੇ ਵਿੱਚ ਭੇਜੇ ਗਏ।

ਇਨ੍ਹਾਂ ਨੇ ਫ਼ਰਾਂਸ ਦੀ ਲੜਾਈ ਵਿੱਚ ਸੇਵਾ ਕੀਤੀ। ਇੱਕ ਕੰਪਨੀ ਨੂੰ ਜਰਮਨਾਂ ਨੇ ਫੜ ਲਿਆ ਸੀ। ਦੂਜੀ ਕੰਪਨੀ ਨੂੰ ਕੱਢ ਬਰਤਾਨੀਆ ਲੈ ਆਇਆ ਗਿਆ।

ਉੱਥੇ ਉਨ੍ਹਾਂ ਨੇ ਦੋ ਕੁ ਸਾਲ ਨਾਰਵੇ ਦੀ ਮੁਹਿੰਮ ਦੀ ਤਿਆਰੀ ਦੇ ਮੱਦੇ ਨਜ਼ਰ ਆਪਣੀ ਸੇਵਾ ਜਾਰੀ ਰੱਖੀ।

ਸਾਲ 1944 ਵਿੱਚ ਉਨ੍ਹਾਂ ਨੂੰ ਵਤਨ ਵਾਪਸ ਭੇਜ ਦਿੱਤਾ ਗਿਆ ਅਤੇ ਖੱਚਰਾਂ ਨੂੰ ਬਰ੍ਹਮਾ ਮੁਹਿੰਮ ਉੱਤੇ ਭੇਜ ਦਿੱਤਾ ਗਿਆ।

ਪੰਜਾਬੀ ਤੋਂ ਪੰਜਾਬ ਰੈਜੀਮੈਂਟ

  • ਫ਼ਰਾਂਸ ’ਚ ਪਰੇਡ ਦਾ ਹਿੱਸਾ ਲੈਣ ਵਾਲੀ ਟੁਕੜੀ ਦੀ ਨੁਮਾਇੰਦਗੀ ਪੰਜਾਬ ਰੈਜੀਮੈਂਟ ਦੇ ਇੱਕ ਦਸਤੇ ਨੇ ਕੀਤੀ।
  • ਇਹ ਫ਼ੌਜ ਦਾ ਸਭ ਤੋਂ ਪੁਰਾਣਾ ਰੈਜੀਮੈਂਟ ਹੈ। ਇਸ ਦੀ ਪਹਿਲੀ ਬਟਾਲੀਅਨ (ਹੁਣ ਪਹਿਲੀ ਪੈਰਾ ਸਪੈਸ਼ਲ ਫੋਰਸਜ਼) ਦਾ ਇਤਿਹਾਸ 1761 ਤੱਕ ਜਾਂਦਾ ਹੈ।
  • ਇਸਦੀ ਸਥਾਪਨਾ ਦਾ ਸਿਰਾ ਮਦਰਾਸ ਆਰਮੀ ਆਫ਼ ਯੋਰ ਨਾਲ ਜੁੜਦਾ ਹੈ,ਜਿਸ ਦੇ ਝੰਡੇ ਹੇਠ ਹੀ ਇਸ ਨੇ ਸਭ ਤੋਂ ਜ਼ਿਆਦਾ ਜੰਗੀ ਸਨਮਾਨ ਹਾਸਲ ਕੀਤੇ ਸਨ।
  • ਰੈਜੀਮੈਂਟਾਂ ਵਿੱਚ ਸੁਧਾਰ ਕੀਤਾ ਗਿਆ ਤੇ 1903 ਦੇ ਕੈਚਨਰ ਸੁਧਾਰਾਂ ਦੇ ਤਹਿਤ ਪੰਜਾਬੀ ਰੈਜੀਮੈਂਟਾਂ ਨੂੰ ਬਦਲ ਕੇ ਵੱਖਰੀ ਪਛਾਣ ਦਿੱਤੀ ਗਈ
  • ਇਨ੍ਹਾਂ ਵਿੱਚੋਂ ਹੀ 69ਵੀਂ ਪੰਜਾਬੀ ਰੈਜੀਮੈਂਟ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਪੱਛਮੀ ਮੋਰਚੇ ਉੱਤੇ ਲੜਾਈ ਲੜੀ।
  • ਇਸ ਤੋਂ ਪਹਿਲਾਂ ਉਨ੍ਹੀਂਵੀਂ ਸਦੀ ਵਿੱਚ ਉਹ ਫਰਾਂਸੀਸੀ ਫ਼ੌਜੀਆਂ ਦੇ ਮੋਢੇ-ਨਾਲ ਮੋਢਾ ਜੋੜ ਕੇ ਗੈਲੀਪੋਲੀ ਵਿੱਚ ਲੜਾਈ ਲੜ ਚੁੱਕੇ ਸੀ।
  • ਪਹਿਲੇ ਵਿਸ਼ਵ ਯੁੱਧ ਤੋਂ ਸਿੱਖੇ ਸਬਕਾਂ ’ਤੇ ਅਮਲ ਕਰਦਿਆਂ ਸਾਲ 1922 ਦੇ ਭਾਰਤੀ ਫ਼ੌਜ ਦੇ ਮਹਾਂ ਪੁਨਰਗਠਨ ਦੌਰਾਨ 67ਵੀਂ, 72ਵੀਂ, 74ਵੀਂ, 87ਵੀਂ ਅਤੇ ਦੂਜੀ 67ਵੀਂ ਅਤੇ 69ਵੀਂ ਪੰਜਾਬੀ ਰੈਜੀਮੈਂਟਾਂ ਨੂੰ ਮਿਲਾ ਕੇ ਦੂਜੀ ਪੰਜਾਬ ਰੈਜੀਮੈਂਟ ਬਣਾ ਦਿੱਤਾ ਗਿਆ ਸੀ।

ਪਰੇਡ ਵਿੱਚ ਪੰਜਾਬ ਰੈਜੀਮੈਂਟ ਦੀ ਟੌਹਰ

ਫ਼ੌਜ ਦੀ ਨੁਮਾਇੰਦਗੀ ਪੰਜਾਬ ਰੈਜੀਮੈਂਟ ਦੇ ਇੱਕ ਦਸਤੇ ਨੇ ਕੀਤੀ। ਇਹ ਫ਼ੌਜ ਦਾ ਸਭ ਤੋਂ ਪੁਰਾਣਾ ਰੈਜੀਮੈਂਟ ਹੈ। ਇਸ ਦੀ ਪਹਿਲੀ ਬਟਾਲੀਅਨ (ਹੁਣ ਪਹਿਲੀ ਪੈਰਾ ਸਪੈਸ਼ਲ ਫੋਰਸਜ਼) ਦਾ ਇਤਿਹਾਸ 1761 ਤੱਕ ਜਾਂਦਾ ਹੈ।

ਇਸਦੀ ਸਥਾਪਨਾ ਦਾ ਸਿਰਾ ਮਦਰਾਸ ਆਰਮੀ ਆਫ਼ ਯੋਰ ਨਾਲ ਜੁੜਦਾ ਹੈ, ਜਿਸ ਦੇ ਝੰਡੇ ਹੇਠ ਹੀ ਇਸ ਨੇ ਸਭ ਤੋਂ ਜ਼ਿਆਦਾ ਜੰਗੀ ਸਨਮਾਨ ਹਾਸਲ ਕੀਤੇ ਸਨ।

ਸਮੇਂ ਨਾਲ ਬਰਤਾਨੀਆ ਦੀ ਭਰਤੀ ਨੀਤੀਆਂ ਵਿੱਚ ਬਦਲਾਅ ਆਏ ਅਤੇ ਭਾਰਤ ਦੇ ਉੱਤਰੀ ਇਲਾਕਿਆਂ ਵੱਲ ਜ਼ਿਆਦਾ ਧਿਆਨ ਦਿੱਤਾ ਜਾਣ ਲੱਗਿਆ। ਇਸ ਕਾਰਨ ਇਨ੍ਹਾਂ ਰੈਜੀਮੈਂਟਾਂ ਨੂੰ 1903 ਦੇ ਕੈਚਨਰ ਸੁਧਾਰਾਂ ਦੇ ਤਹਿਤ ਪੰਜਾਬ ਰੈਜੀਮੈਂਟਾਂ ਵਿੱਚ ਬਦਲ ਦਿੱਤਾ ਗਿਆ।

ਇਨ੍ਹਾਂ ਵਿੱਚੋਂ ਹੀ 69ਵੀਂ ਪੰਜਾਬੀ ਰੈਜੀਮੈਂਟ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਪੱਛਮੀ ਮੋਰਚੇ ਉੱਤੇ ਲੜਾਈ ਲੜੀ, ਅਤੇ ਰੂਸ ਦੀ ਲੜਾਈ ਲਈ ਜੰਗੀ ਸਨਮਾਨ ਅਤੇ ਫਲੈਂਡਰਜ਼ (ਬੈਲਜੀਅਮ) ਲਈ ਥਿਏਟਰ ਸਨਮਾਨ ਜਿੱਤਿਆ।

ਇਸ ਤੋਂ ਪਹਿਲਾਂ ਉਨ੍ਹੀਂਵੀਂ ਸਦੀ ਵਿੱਚ ਉਹ ਫਰਾਂਸੀਸੀ ਫ਼ੌਜੀਆਂ ਦੇ ਮੋਢੇ-ਨਾਲ ਮੋਢਾ ਜੋੜ ਕੇ ਗੈਲੀਪੋਲੀ ਵਿੱਚ ਲੜਾਈ ਲੜ ਚੁੱਕੇ ਸੀ।

ਉਨ੍ਹੀਂਵੀਂ ਸਦੀ ਦੌਰਾਨ ਪੰਜਾਬੀ ਰੈਜੀਮੈਂਟ ਨੇ ਵਿਦੇਸ਼ੀ ਮੁਹਿੰਮਾਂ ਵਿੱਚ ਧਾਰਮਿਕ ਅਤੇ ਜਾਤ ਦੇ ਬੰਧਨਾਂ ਨੂੰ ਦਰਕਿਨਾਰ ਕਰਕੇ ਲੜਨ ਵਿੱਚ ਵਾਹਵਾ ਜੋਸ਼ ਦਿਖਾਇਆ ਸੀ।

ਉਨ੍ਹਾਂ ਦੀ ਸੇਵਾ ਨੂੰ ਪਛਾਣ ਦਿੰਦੇ ਹੋਏ ,ਉਨ੍ਹਾਂ ਨੂੰ ਗੈਲੀ ਬੈਜ਼ ਨਾਲ ਸਨਮਾਨਿਆ ਗਿਆ, ਜੋ ਕਿ ਅਜੋਕੀ ਪੰਜਾਬ ਰੈਜੀਮੈਂਟ ਦਾ ਕਰੈਸਟ (ਚਿੰਨ੍ਹ) ਹੈ।

ਪੰਜਾਬੀ ਰੈਜੀਮੈਂਟ ਤੋਂ ਪੰਜਾਬ ਕਿਵੇਂ ਬਣੀ?

ਪਹਿਲੇ ਵਿਸ਼ਵ ਯੁੱਧ ਤੋਂ ਸਿੱਖੇ ਸਬਕਾਂ ’ਤੇ ਅਮਲ ਕਰਦਿਆਂ ਸਾਲ 1922 ਦੇ ਭਾਰਤੀ ਫ਼ੌਜ ਦੇ ਮਹਾਂ ਪੁਨਰਗਠਨ ਦੌਰਾਨ 67ਵੀਂ, 72ਵੀਂ, 74ਵੀਂ, 87ਵੀਂ ਅਤੇ ਦੂਜੀ 67ਵੀਂ ਅਤੇ 69ਵੀਂ ਪੰਜਾਬੀ ਰੈਜੀਮੈਂਟਾਂ ਨੂੰ ਮਿਲਾ ਕੇ ਦੂਜੀ ਪੰਜਾਬੀ ਰੈਜੀਮੈਂਟ ਬਣਾ ਦਿੱਤਾ ਗਿਆ ਸੀ।

ਦੂਜੇ ਵਿਸ਼ਵ ਯੁੱਧ ਦੌਰਾਨ ਉੱਤਰੀ ਅਤੇ ਪੂਰਬੀ ਅਫਰੀਕਾ, ਇਟਲੀ ਅਤੇ ਬਰ੍ਹਮਾ ਵਿੱਚ ਲੜਦਿਆਂ ਰੈਜੀਮੈਂਟ ਨੇ ਵੱਡੀ ਸੰਖਿਆ ਵਿੱਚ ਜੰਗੀ ਅਤੇ ਥਿਏਟਰ ਸਨਮਾਨ ਹਾਸਲ ਕੀਤੇ।

ਅਜ਼ਾਦੀ ਸਮੇਂ ਪੰਜਾਬੀ ਰੈਜੀਮੈਂਟ ਭਾਰਤ ਨੂੰ ਦੇ ਦਿੱਤੀ ਗਈ ਅਤੇ ਇਸ ਨੂੰ ਪੰਜਾਬ ਰੈਜੀਮੈਂਟ ਬਣਾ ਦਿੱਤਾ ਗਿਆ।

ਹਾਲਾਂਕਿ ਇਸ ਨੇ ਫ਼ਰਜ਼ ਪ੍ਰਤੀ ਆਪਣੀ ਤਨਦੇਹੀ ਅਤੇ ਪੇਸ਼ੇ ਪ੍ਰਤੀ ਉੱਚੇ ਮਾਨਕਾਂ ਨੂੰ ਕਦੇ ਨਵੀਂ ਨਹੀਂ ਹੋਣ ਦਿੱਤਾ।

ਅਜ਼ਾਦੀ ਤੋਂ ਬਾਅਦ ਇਸ ਨੇ ਆਪਣੇ ਨਾਮ ਜ਼ੋਜੀਲਾ, ਬੁਰਕੀ, ਕਾਲੀਧਾਰ,ਬੇਦੋਰੀ, ਨਾਂਗੀ ਟੇਕਰੀ, ਬਰਾਚਿਲ ਪਾਸ, ਲੌਂਗੇਵਾਲਾ ਅਤੇ ਗਰੀਬਪੁਰ ਦੀਆਂ ਲੜਾਈਆਂ ਦੇ ਸਨਮਾਨ ਕੀਤੇ ਹਨ।

ਲੌਂਗੇਵਾਲਾ ਬਾਰਡਰ ਉੱਤੇ ਪੰਜਾਬ ਰੈਂਜਮੈਂਟ ਵਲੋਂ ਲੜੀ ਲੜਾਈ ਉੱਤੇ ਹੀ ਬਾਲੀਵੁੱਡ ਦੀ ਬਾਰਡਰ ਫਿਲਮ ਬਣੀ ਸੀ। ਜਿਸ ਵਿੱਚ ਮਰਹੂਮ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦੀ ਲੀਡਰਸ਼ਿਪ ਨੂੰ ਦਿਖਾਇਆ ਗਿਆ ਸੀ।

ਪਰੇਡ ਵਿੱਚ ਭਾਰਤ ਵੱਲੋਂ ਹੋਰ ਕੀ ਸੀ

ਅਜ਼ਾਦੀ ਤੋਂ ਬਾਅਦ ਭਾਰਤ ਨੇ ਫ਼ਰਾਂਸ ਨਾਲ਼ ਜੰਗੀ ਉਪਕਰਣਾਂ ਬਾਰੇ ਰਣਨੀਤਿਕ ਰਿਸ਼ਤਾ ਕਾਇਮ ਕੀਤਾ।

ਸਭ ਤੋਂ ਪਹਿਲਾਂ 1950 ਵਿਆਂ ਵਿੱਚ ਭਾਰਤ ਨੇ ਹੋਰ ਹਥਿਆਰਾਂ ਦੇ ਨਾਲ਼ ਫ਼ਰਾਂਸ ਤੋਂ ਔਰੇਗਨ ਇੰਟਰਸੈਪਟਰ ਖ਼ਰੀਦੇ, ਜਿਨ੍ਹਾਂ ਨੇ ਏਐੱਮਐੱਕਸ-13 ਟੈਂਕਾਂ ਸਮੇਤ ਭਾਰਤੀ ਮੁਹਿੰਮਾਂ ਦੌਰਾਨ ਚੰਗੀ ਕਾਰਗੁਜ਼ਾਰੀ ਦਿਖਾਈ ਹੈ।

ਮਿਸਤਰ ਲੜਾਕੂ- ਬੰਬਾਰ ਅਤੇ ਮਿਰਾਜ-2000 ਬਹੁ-ਮੰਤਵੀ ਲੜਾਕੇ ਜਹਾਜ਼ ਵੀ ਭਾਰਤ ਨੇ ਫ਼ਰਾਂਸ ਤੋਂ ਹੀ ਹਾਸਲ ਕੀਤੇ ਹਨ।

ਇਹ ਰਿਸ਼ਤਾ ਅਜੋਕੇ ਸਮੇਂ ਵਿੱਚ ਵੀ ਰਫ਼ਾਲ ਜਹਾਜ਼ਾਂ ਅਤੇ ਸਕੌਰਪੀਅਨ ਪਣਡੁਬੀਆਂ ਦੇ ਸਦਕਾ ਜਾਰੀ ਹੈ।

ਅੱਜ ਦੀ ਪਰੇਡ ਵਿੱਚ ਸ਼ਾਮਲ ਦਸਤਿਆਂ ਵਿੱਚ ਭਾਰਤੀ ਫ਼ੌਜ ਦੇ ਤਿੰਨਾਂ ਅੰਗਾਂ ਦੇ ਸੈਨਿਕ ਆਪਣੀ ਪੂਰੀ ਰਵਾਇਤੀ ਸੱਜਧੱਜ ਵਾਲ਼ੀਆਂ ਵਰਦੀਆਂ ਪਾ ਕੇ ਸ਼ਾਮਲ ਹੋਏ।

ਰਫ਼ਾਲ ਤੋਂ ਪਹਿਲਾਂ ਫ਼ਰਾਂਸ ਤੋਂ ਕੀ ਕੁਝ ਭਾਰਤ ਪਹੁੰਚਿਆ

ਭਾਰਤੀ ਹਵਾਈ ਫ਼ੌਜ ਦੇ 17 ਅਤੇ 101 ਸਕੁਐਡਰਨਾਂ ਨੇ ਅੱਜ ਫ਼ਰਾਂਸ ਦੇ ਬਣੇ ਰਫ਼ਾਲ ਜਹਾਜ਼ਾਂ ਨੂੰ ਪੈਰਿਸ ਦੇ ਅੰਬਰਾਂ ਦੀ ਸੈਰ ਕਰਵਾਈ।

ਭਾਰਤੀ ਜਲ ਸੈਨਾ ਦੇ ਮਾਰਚਿੰਗ ਦਸਤਾ ਆਈਐਨਐਸ ਇੰਡੀਆ (ਭਾਰਤੀ ਜਲ ਸੈਨਾ ਦੀ ਦਿੱਲੀ ਇਕਾਈ) ਤੋਂ ਲਿਆ ਗਿਆ ਸੀ।

ਜਦਕਿ ਭਾਰਤੀ ਹਵਾਈ ਫ਼ੌਜ ਦਾ ਮਾਰਚਿੰਗ ਦਸਤਾ ਸਮਾਗਮਾਂ ਲਈ ਪਾਲਮ ਏਅਰਫ਼ੋਰਸ ਸਟੇਸ਼ਨ ਹਵਾਈ ਅੱਡੇ ’ਤੇ ਰੱਖੀ ਗਈ ਵਿਸ਼ੇਸ਼ ਟੁਕੜੀ ਵਿੱਚੋਂ ਲਿਆ ਗਿਆ ਸੀ।

ਰਾਜਪੂਤਾਨਾ ਰਾਈਫ਼ਲਜ਼ ਰੈਜੀਮੈਂਟਲ ਸੈਂਟਰ ਦੇ ਬੈਂਡ ਦਸਤੇ ਨੇ ਬੈਸਟਾਈਲ ਡੇ ਪਰੇਡ ਵਿੱਚ ਭਾਰਤੀ ਸ਼ਮੂਲੀਅਤ ਨੂੰ ਮੁਕੰਮਲ ਕੀਤਾ।

ਦਸਤੇ ਨੇ ‘ਸਾਰੇ ਜਹਾਂ ਸੇ ਅੱਛਾ’ ਤੋਂ ਇਲਾਵਾ ‘ਕਦਮ ਕਦਮ ਬੜ੍ਹਾਏ ਜਾ’ ਜੋ ਕਿ ਭਾਰਤੀ ਫ਼ੌਜ ਦੀ ਮਾਰਚਿੰਗ ਧੁਨੀ ਹੈ ਵਜਾਈ ਗਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)