You’re viewing a text-only version of this website that uses less data. View the main version of the website including all images and videos.
ਗੁਰਮੀਤ ਰਾਮ ਰਹੀਮ ’ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੇਸ ਦਰਜ ਹੋਇਆ, ਕੀ ਹੈ ਮਾਮਲਾ
ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਉੱਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਲੰਧਰ ਦੇਹਾਤੀ ਪੁਲਿਸ ਥਾਣੇ ਵਿੱਚ ਗੁਰੂ ਰਵਿਦਾਸ ਟਾਈਗਰ ਫੋਰਸ ਨਾਂ ਦੀ ਇੱਕ ਜਥੇਬੰਦੀ ਨੇ ਗੁਰਮੀਤ ਰਾਮ ਰਹੀਮ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ।
ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਗੁਰਮੀਤ ਰਾਮ ਰਹੀਮ ਨੇ 5 ਫਰਵਰੀ ਨੂੰ ਇੱਕ ਯੂਟਿਊਬ ਚੈਨਲ ਉੱਤੇ ਸਤਿਸੰਗ ਦੌਰਾਨ ਸਤਗੁਰੂ ਕਬੀਰ ਜੀ ਤੇ ਗੁਰੂ ਰਵਿਦਾਸ ਜੀ ਨਾਲ ਜੁੜੇ ਇਤਿਹਾਸ ਬਾਰੇ ਗ਼ਲਤ ਬਿਆਨੀ ਕੀਤੀ ਹੈ ਅਤੇ ਦੋਵੇਂ ਹਸਤੀਆਂ ਬਾਰੇ ਇਤਰਾਜ਼ਯੋਗ ਗੱਲਾਂ ਕੀਤੀਆਂ ਹਨ।
ਡੇਰਾ ਸੱਚਾ ਸੌਦਾ ਵੱਲੋਂ ਬਿਆਨ ਜਾਰੀ ਕਰਕੇ ਇਨ੍ਹਾਂ ਇਲਜ਼ਾਮਾਂ ਦਾ ਖੰਡਨ ਕੀਤਾ ਗਿਆ ਹੈ।
ਪੰਜਾਬ ਵਿੱਚ ਗੁਰਮੀਤ ਰਾਮ ਰਹੀਮ ਸਿੰਘ ਉੱਤੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਇਹ ਦੂਜੀ ਵਾਰ ਮਾਮਲਾ ਦਰਜ ਕੀਤਾ ਗਿਆ ਹੈ। ਸਾਲ 2007 ਵਿੱਚ ਵੀ ਉਨ੍ਹਾਂ ਉੱਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਗੁਰੂ ਰਵਿਦਾਸ ਟਾਈਗਰ ਫੋਰਸ ਦੇ ਪ੍ਰਧਾਨ ਜੱਸੀ ਤੱਲ੍ਹਨ ਨੇ ਕਿਹਾ, “ਗੁਰੂ ਰਵਿਦਾਸ ਤੇ ਸਤਿਗੁਰੂ ਕਬੀਰ ਜਿਨ੍ਹਾਂ ਨੂੰ ਪੂਰੇ ਦੇਸ ਵਿੱਚ ਕਈ ਲੋਕ ਮੰਨਦੇ ਹਨ, ਉਨ੍ਹਾਂ ਬਾਰੇ ਗੁਰਮੀਤ ਰਾਮ ਰਹੀਮ ਨੇ ਅਜਿਹੀ ਭਾਸ਼ਾ ਦੀ ਵਰਤੋਂ ਕਰਕੇ ਦੇਸ਼ ਦੇ ਮਾਹੌਲ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ।”
“ਇਸ ਨਾਲ ਐੱਸਸੀ ਭਾਈਚਾਰੇ ਵਿੱਚ ਰੋਸ ਦੀ ਲਹਿਰ ਹੈ ਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।”
ਪੁਲਿਸ ਨੇ ਗੁਰਮੀਤ ਰਾਮ ਰਹੀਮ ਖ਼ਿਲਾਫ਼ ਸੈਕਸ਼ਨ 295-ਏ ਤਹਿਤ 7 ਮਾਰਚ ਨੂੰ ਮਾਮਲਾ ਦਰਜ ਕਰ ਲਿਆ ਹੈ।
ਕੀ ਹੈ ਡੇਰੇ ਦਾ ਪੱਖ?
ਡੇਰਾ ਸੱਚਾ ਸੌਦਾ ਨੇ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਿਜ ਕੀਤਾ ਹੈ। ਉਨ੍ਹਾਂ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ, “ਡਾ. ਗੁਰਮੀਤ ਰਾਮ ਰਹੀਮ ਇੰਸਾ ਹਮੇਸ਼ਾ ਹੀ ਸਾਰੇ ਧਰਮਾਂ ਅਤੇ ਸਾਰੇ ਧਰਮਾਂ ਦੇ ਮਹਾਪੁਰਖਾਂ ਤੇ ਸੰਤਾਂ ਦਾ ਸਨਮਾਨ ਕਰਦੇ ਹਨ।”
ਡੇਰੇ ਦੀ ਪ੍ਰਬੰਧਕੀ ਸਮਿਤੀ ਨੇ ਕਿਹਾ, “ਗੁਰੂ ਜੀ ਅਕਸਰ ਹੀ ਸੰਤ ਕਬੀਰ ਜੀ, ਸੰਤ ਰਵਿਦਾਸ ਜੀ ਦੀ ਪਵਿੱਤਰ ਬਾਣੀ ਅਤੇ ਉਨ੍ਹਾਂ ਦੇ ਮਹਾਨ ਸੰਦੇਸ਼ਾਂ ਰਾਹੀਂ ਸਾਧ ਸੰਗਤ ਨੂੰ ਬੁਰਾਈਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਦਿੰਦੇ ਹਨ।”
“ਗੁਰੂ ਜੀ ਉੱਤੇ ਮਹਾਨ ਸੰਤਾਂ ਦੀ ਬੇਅਦਬੀ ਦਾ ਇਲਜ਼ਾਮ ਲਗਾਉਣਾ ਪੂਰੇ ਤਰੀਕੇ ਨਾਲ ਗ਼ਲਤ ਹੈ। ਸੰਤਾਂ, ਪੀਰ-ਫਕੀਰਾਂ, ਰਿਸ਼ੀ ਮੁੰਨੀਆਂ ਬਾਰੇ ਗ਼ਲਤ ਬੋਲਣਾ ਤਾਂ ਦੂਰ ਅਜਿਹਾ ਸੋਚਣਾ ਵੀ ਗੁਰੂ ਜੀ ਪਾਪ ਸਮਝਦੇ ਹਨ।”
“ਡੇਰਾ ਸੱਚਾ ਸੌਦਾ ਵਿੱਚ ਸਾਰੇ ਧਰਮਾਂ ਅਤੇ ਸਾਰੇ ਧਰਮਾਂ ਦੇ ਮਹਾਪੁਰਖਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ਕਰੋੜਾਂ ਸਾਧ ਸੰਗਤ ਇਸ ਦੀ ਗਵਾਹ ਹਨ।”
ਗੁਰਮੀਤ ਰਾਮ ਰਹੀਮ ਇਸ ਵੇਲੇ ਸਾਧਵੀ ਨਾਲ ਬਲਾਤਕਾਰ ਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਮਾਮਲੇ ਵਿੱਚ ਸਜ਼ਾ ਭੁਗਤ ਰਹੇ ਹਨ।
ਉਨ੍ਹਾਂ ਨੂੰ ਵਾਰ-ਵਾਰ ਹਰਿਆਣਾ ਸਰਕਾਰ ਵੱਲੋਂ ਪੈਰੋਲ ਉੱਤੇ ਛੱਡਿਆ ਜਾਂਦਾ ਰਿਹਾ ਹੈ, ਜਿਸ ਦੀ ਕਈਆਂ ਵੱਲੋਂ ਨਿਖੇਧੀ ਵੀ ਕੀਤੀ ਗਈ ਹੈ। ਇਸ ਬਾਰੇ ਹਰਿਆਣਾ ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੈਰੋਲ ਕਾਨੂੰਨੀ ਪ੍ਰਕਿਰਿਆ ਤਹਿਤ ਹੀ ਦਿੱਤੀ ਜਾ ਰਹੀ ਹੈ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)