ਕਰਨ ਥਾਪਰ ਨਾਲ ਜੁੜੇ ਫ਼ੇਕ ਨਿਊਜ਼ ਮਾਮਲੇ ਵਿੱਚ ਬੀਬੀਸੀ ਨੇ ਦਿੱਤਾ ਜਵਾਬ

"ਅਸੀਂ ਪੁਸ਼ਟੀ ਕਰਦੇ ਹਾਂ ਕਿ ਇਹ ਬੀਬੀਸੀ ਕੰਟੈਟ ਨਹੀਂ ਹੈ। ਅਸੀਂ ਸਭ ਲੋਕਾਂ ਨੂੰ ਇਹ ਸੁਚੇਤ ਕਰਦੇ ਹਾਂ ਕਿ ਉਹ ਲਿੰਕ ਅਤੇ ਯੂਆਰਐੱਲ ਚੈੱਕ ਕਰ ਲੈਣ ਤਾਂ ਕਿ ਯਕੀਨੀ ਬਣਾਇਆ ਜਾ ਸਕੇ ਕਿ ਉਨ੍ਹਾਂ ਨੂੰ ਭਰੋਸੇਯੋਗ ਸਰੋਤ ਤੋਂ ਖ਼ਬਰ ਮਿਲ ਰਹੀ ਹੈ।"
ਬੀਬੀਸੀ ਦੇ ਬੁਲਾਰੇ ਨੇ ਇੱਕ ਵੈੱਬ ਪੇਜ ਦੇ ਸਬੰਧ ਵਿੱਚ ਇਹ ਬਿਆਨ ਜਾਰੀ ਕੀਤਾ ਹੈ।
ਇਸ ਵੈੱਬ ਪੇਜ 'ਤੇ ਸੀਨੀਅਰ ਪੱਤਰਕਾਰ ਕਰਨ ਥਾਪਰ ਨੂੰ ਕਥਿਤ ਤੌਰ 'ਤੇ ਪੈਸੇ ਬਣਾਉਣ ਦੀ ਸਕੀਮ ਦਾ ਪ੍ਰਚਾਰ ਕਰਦੇ ਦਿਖਾਇਆ ਗਿਆ ਹੈ।
ਕਰਨ ਥਾਪਰ ਇਸ ਵੈੱਬ ਪੇਜ ਬਾਰੇ ਪਹਿਲਾਂ ਹੀ ਬਿਆਨ ਦੇ ਚੁੱਕੇ ਹਨ ਅਤੇ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾ ਚੁੱਕੇ ਹਨ।
ਕਰਨ ਥਾਪਰ ਨੇ ਇਸ ਨੂੰ 'ਝੂਠਾ ਅਤੇ ਜਾਅਲੀ' ਦੱਸਦੇ ਹੋਏ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਤਾਂ ਜੋ "ਇਸ ਮਾਣਹਾਨੀ ਅਤੇ ਮੰਦਭਾਗੀ ਪੋਸਟ ਨੂੰ ਵੈੱਬ ਪੇਜ ਤੋਂ ਹਟਾਇਆ ਜਾਵੇ।"

ਇਸ ਦੇ ਨਾਲ ਹੀ ਕਰਨ ਥਾਪਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਨੇ ਅਜਿਹਾ ਕੋਈ ਇੰਟਰਵਿਊ ਨਹੀਂ ਦਿੱਤਾ ਹੈ, ਜਿਸ ਤਰ੍ਹਾਂ ਵੈੱਬ ਪੇਜ 'ਤੇ ਜ਼ਿਕਰ ਕੀਤਾ ਗਿਆ ਹੈ।
ਉਨ੍ਹਾਂ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, “ਮੇਰੇ ਦੋਸਤਾਂ ਅਤੇ ਸ਼ੁਭਚਿੰਤਕਾਂ ਤੋਂ ਮੈਨੂੰ ਇਹ ਜਾਣਕਾਰੀ ਮਿਲੀ ਹੈ ਕਿ ਬੀਬੀਸੀ ਇੰਡੀਆ ਅਤੇ ਸਨ ਟੀਵੀ ਦੇ ਨਾਮ ਦੀ ਵਰਤੋਂ ਕਰਕੇ ਇੱਕ ਫ਼ੇਕ ਵੈੱਬ ਪੇਜ ਅਤੇ ਫ਼ੇਸਬੁੱਕ ਉੱਤੇ ਮੇਰੇ ਬਾਰੇ ਅਪਮਾਨਜਨਕ ਸਮੱਗਰੀ ਸਾਂਝੀ ਕੀਤੀ ਜਾ ਰਹੀ ਹੈ।"
ਉਨ੍ਹਾਂ ਨੇ ਕਿਹਾ, "octequiti.com 'ਤੇ ਦਿਖਾਏ ਗਏ ਇਸ ਵੈੱਬ ਪੇਜ ਵਿੱਚ ਮੇਰੇ ਅਤੇ ਸਨ ਟੀਵੀ ਦੀ ਪੂਜਿਤਾ ਦੇਵਰਾਜੂ ਵਿਚਕਾਰ ਕਥਿਤ ਗੱਲਬਾਤ ਬਾਰੇ ਦੱਸਦੇ ਹੋਏ ਇੱਕ ਪੈਸਾ ਬਣਾਉਣ ਦੀ ਧੋਖਾਧੜੀ ਵਾਲੀ ਵੈੱਬਸਾਈਟ ਨੂੰ ਇੱਕ ਕਲਿੱਕ ਬੇਟ ਦੇ ਕੈਪਸ਼ਨ ਨਾਲ ਪ੍ਰਚਾਰਿਆ ਗਿਆ ਹੈ।"
ਥਾਪਰ ਨੇ ਇਹ ਵੀ ਬਿਆਨ ਦਿੱਤਾ, "ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਜਾ ਰਹੀ ਅਪਮਾਨਜਨਕ ਅਤੇ ਖ਼ਤਰਨਾਕ ਸਮੱਗਰੀ ਝੂਠੀ ਅਤੇ ਫਰਜ਼ੀ ਹੈ।"
ਕਰਨ ਥਾਪਰ ਨੇ ਆਪਣੇ ਬਿਆਨ ਵਿੱਚ ਇਹ ਵੀ ਕਿਹਾ ਕਿ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਮੈਂ ਇਸ ਬਾਰੇ ਆਪਣੇ ਜਵਾਬ ਵਿੱਚ ਸਹੀ ਤੱਥ ਆਮ ਲੋਕਾਂ ਸਾਹਮਣੇ ਪੇਸ਼ ਕਰਨਾ ਜ਼ਰੂਰੀ ਸਮਝਦਾ ਹਾਂ।
“ਇਸ ਲਈ, ਸਭ ਤੋਂ ਪਹਿਲਾਂ ਮੈਂ ਇਸ ਅਪਮਾਨਜਨਕ ਸਮੱਗਰੀ ਦਾ ਖੰਡਨ ਕਰਦਾ ਹਾਂ ਜੋ ਕਿ ਝੂਠੀ ਅਤੇ ਮਨਘੜਤ ਹੈ। ਆਮ ਲੋਕਾਂ ਨੂੰ ਬੇਨਤੀ ਹੈ ਕਿ ਉਹ ਇਸ 'ਤੇ ਵਿਸ਼ਵਾਸ ਨਾ ਕਰਨ ਅਤੇ ਇਸ 'ਤੇ ਕੋਈ ਹੋਰ ਕਦਮ ਨਾ ਚੁੱਕਣ।”
ਕਰਨ ਥਾਪਰ ਨੇ ਕਿਹਾ, "ਮੈਂ ਪਹਿਲਾਂ ਹੀ ਫੇਸਬੁੱਕ ਨੂੰ ਇਸ ਸਮੱਗਰੀ ਬਾਰੇ ਸ਼ਿਕਾਇਤ ਕਰ ਦਿੱਤੀ ਹੈ ਅਤੇ ਇਸ ਬਾਰੇ ਬੀਬੀਸੀ ਇੰਡੀਆ ਅਤੇ ਸਨ ਟੀਵੀ ਨੂੰ ਵੀ ਸੂਚਿਤ ਕੀਤਾ ਹੈ ਅਤੇ ਉਨ੍ਹਾਂ ਨੂੰ ਇਸ ਨੂੰ ਹਟਾਵਾਉਣ ਲਈ ਫ਼ੌਰੀ ਤੌਰ ’ਤੇ ਢੁਕਵੀਂ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ।"
ਇਸ ਲਈ, ਸਭ ਤੋਂ ਪਹਿਲਾਂ ਮੈਂ ਇਸ ਅਪਮਾਨਜਨਕ ਸਮੱਗਰੀ ਦਾ ਖੰਡਨ ਕਰਦਾ ਹਾਂ ਜੋ ਕਿ ਝੂਠੀ ਅਤੇ ਮਨਘੜਤ ਹੈ। ਆਮ ਲੋਕਾਂ ਨੂੰ ਬੇਨਤੀ ਹੈ ਕਿ ਉਹ ਇਸ 'ਤੇ ਵਿਸ਼ਵਾਸ ਨਾ ਕਰਨ ਅਤੇ ਇਸ 'ਤੇ ਕੋਈ ਹੋਰ ਕਾਰਵਾਈ ਨਾ ਕਰਨ।
ਉਨ੍ਹਾਂ ਨੇ ਆਮ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਕਿਸੇ ਵੀ ਸਮੱਗਰੀ ਦੀ ਪ੍ਰਮਾਣਿਕਤਾ ਦੀ ਜਾਂਚ ਕਰਨ ਜਾਂ ਆਪਣੇ ਜੋਖਮ 'ਤੇ ਅਜਿਹਾ ਕਰਨ।
ਫ਼ਿਲਹਾਲ ਇਸ ਵੈੱਬਸਾਈਟ ਨੂੰ ਬਲਾਕ ਕਰ ਦਿੱਤਾ ਗਿਆ ਹੈ।
ਕਰਨ ਥਾਪਰ ਦਿ ਵਾਇਰ ਲਈ ਇੱਕ ਮਸ਼ਹੂਰ ਸ਼ੋਅ ਦੀ ਮੇਜ਼ਬਾਨੀ ਕਰਦੇ ਹਨ।












