ਮੋਬਾਈਲ ਐਪਸ ਕਾਰਨ ਕੀ ਤੁਹਾਡੀ ਨਿੱਜੀ ਜਾਣਕਾਰੀ ਚੋਰੀ ਹੋ ਰਹੀ, ਕੀ ਫੋਨ ਗੱਲਾਂ ਵੀ ਸੁਣਦਾ, ਜਾਣੋ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ

    • ਲੇਖਕ, ਸ਼ੁਭ ਰਾਣਾ
    • ਰੋਲ, ਬੀਬੀਸੀ ਹਿੰਦੀ ਲਈ

ਭਾਰਤ ਸਰਕਾਰ ਨੇ ਹਾਲ ਹੀ ਵਿੱਚ ਇਹ ਨਿਰਦੇਸ਼ ਦਿੱਤਾ ਸੀ ਕਿ ਸੰਚਾਰ ਸਾਥੀ ਐਪ ਮਾਰਚ 2026 ਤੋਂ ਹਰ ਨਵੇਂ ਸਮਾਰਟਫੋਨ 'ਤੇ ਪਹਿਲਾਂ ਤੋਂ ਇੰਸਟਾਲ (ਪ੍ਰੀ-ਇੰਸਟਾਲ) ਹੋਵੇਗੀ। ਨਾਲ ਹੀ ਇੱਕ ਸਾਫਟਵੇਅਰ ਅਪਡੇਟ ਰਾਹੀਂ ਇਸਨੂੰ ਪੁਰਾਣੇ ਫੋਨਾਂ 'ਚ ਵੀ ਪਹੁੰਚਾਇਆ ਜਾਵੇਗਾ।

ਵਿਰੋਧੀ ਧਿਰ ਨੇ ਸੰਚਾਰ ਸਾਥੀ ਐਪ ਨੂੰ ਗੈਰ-ਸੰਵਿਧਾਨਕ ਅਤੇ ਨਾਗਰਿਕਾਂ ਦੀ ਨਿਗਰਾਨੀ ਦਾ ਟੂਲ ਕਿਹਾ, ਜਿਸ ਤੋਂ ਬਾਅਦ ਇਸ 'ਤੇ ਬਹਿਸ ਛਿੜ ਗਈ।

ਹਾਲਾਂਕਿ, ਕੇਂਦਰ ਸਰਕਾਰ ਨੇ ਸੰਚਾਰ ਸਾਥੀ ਐਪ ਨੂੰ ਲਾਜ਼ਮੀ ਤੌਰ 'ਤੇ ਪ੍ਰੀ-ਇੰਸਟਾਲ ਕਰਨ ਦੇ ਆਪਣੇ ਫੈਸਲੇ ਨੂੰ ਵਾਪਸ ਲੈ ਲਿਆ ਹੈ। ਸੰਚਾਰ ਮੰਤਰਾਲੇ ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕਰਕੇ ਇਸਦੀ ਜਾਣਕਾਰੀ ਦਿੱਤੀ ਹੈ।

ਪਰ ਕੀ ਤੁਹਾਡੇ ਮੋਬਾਈਲ ਫੋਨ 'ਤੇ ਅਜਿਹੀਆਂ ਐਪਸ ਹੋ ਸਕਦੀਆਂ ਹਨ ਜੋ ਅਸਲ ਵਿੱਚ ਤੁਹਾਡੀ ਨਿਗਰਾਨੀ ਕਰ ਰਹੀਆਂ ਹਨ ਅਤੇ ਤੁਹਾਡਾ ਨਿੱਜੀ ਡੇਟਾ ਚੋਰੀ ਕਰ ਰਹੀਆਂ ਹਨ? ਅਜਿਹੇ ਵਿੱਚ ਤੁਸੀਂ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਰੱਖ ਸਕਦੇ ਹੋ?

ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਲਈ ਬੀਬੀਸੀ ਨੇ ਕੁਝ ਸਾਈਬਰ ਸੁਰੱਖਿਆ ਮਾਹਰਾਂ ਨਾਲ ਗੱਲ ਕੀਤੀ।

ਐਪਸ ਸਾਡਾ ਡੇਟਾ ਕਿਵੇਂ ਲੈਂਦੀਆਂ ਹਨ?

ਸਾਈਬਰ ਮਾਹਰ ਅਤੇ ਸੁਪਰੀਮ ਕੋਰਟ ਦੇ ਵਕੀਲ ਵਿਰਾਗ ਗੁਪਤਾ ਕਹਿੰਦੇ ਹਨ, "ਐਪ ਸਾਡੇ ਡੇਟਾ ਨੂੰ ਸਿੱਧੇ ਅਤੇ ਅਸਿੱਧੇ ਤੌਰ 'ਤੇ ਦੋਵੇਂ ਤਰੀਕਿਆਂ ਨਾਲ ਇਕੱਠਾ ਕਰਦੀਆਂ ਹਨ। ਇਨ੍ਹਾਂ ਵਿੱਚ ਮੁੱਖ ਤੌਰ 'ਤੇ ਸਾਡੀ ਲੋਕੇਸ਼ਨ, ਸੰਪਰਕ ਸੂਚੀ (ਕੰਨਟੈਕਟ ਲਿਸਟ), ਕੈਮਰਾ, ਕਾਲ ਲੌਗਸ, ਫੋਟੋਆਂ, ਸਿਹਤ ਡੇਟਾ, ਸੁਨੇਹੇ ਅਤੇ ਮਾਈਕ੍ਰੋਫੋਨ ਸ਼ਾਮਲ ਹਨ।"

ਵਿਰਾਗ ਗੁਪਤਾ ਦੱਸਦੇ ਹਨ, "ਡਿਜੀਟਲ ਅਰਥਵਿਵਸਥਾ ਵਿੱਚ ਡੇਟਾ ਦੀ ਜਾਣਕਾਰੀ ਅਤੇ ਸ਼ੇਅਰਿੰਗ ਦੇ ਅਧਾਰ 'ਤੇ ਗਾਹਕ ਹੀ ਉਤਪਾਦ (ਪ੍ਰੋਡਕਟ) ਬਣ ਗਿਆ ਹੈ। ਇਸ ਲਈ, ਇਸ ਡੇਟਾ ਨੂੰ ਸਾਂਝਾ ਕਰਨਾ ਕੰਪਨੀਆਂ ਲਈ ਬਹੁਤ ਮਹੱਤਵਪੂਰਨ ਅਤੇ ਵਪਾਰਕ ਤੌਰ 'ਤੇ ਵੀ ਲਾਭਦਾਇਕ ਹੁੰਦਾ ਹੈ।"

ਐਪ ਇੰਸਟਾਲ ਕਰਦੇ ਸਮੇਂ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?

ਸਾਈਬਰ ਸੁਰੱਖਿਆ ਮਾਹਰ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਡਾਕਟਰ ਪਵਨ ਦੁੱਗਲ ਕਹਿੰਦੇ ਹਨ, "ਕਿਸੇ ਵੀ ਐਪ ਨੂੰ ਡਾਊਨਲੋਡ ਕਰਨ ਤੋਂ ਪਹਿਲਾਂ, ਤੁਹਾਨੂੰ ਇਸਦੇ ਨਿਯਮਾਂ ਅਤੇ ਸ਼ਰਤਾਂ ਦੇ ਨਾਲ-ਨਾਲ ਇਸਦੀ ਗੋਪਨੀਯਤਾ ਨੀਤੀ (ਪ੍ਰਾਈਵੇਸੀ ਪਾਲਿਸੀ) ਨੂੰ ਵੀ ਧਿਆਨ ਨਾਲ ਪੜ੍ਹਨਾ ਚਾਹੀਦਾ ਹੈ। ਇਹ ਦੇਖਣਾ ਮਹੱਤਵਪੂਰਨ ਹੈ ਕਿ ਤੁਸੀਂ ਜਿਸ ਐਪ ਨੂੰ ਇੰਸਟਾਲ ਕਰ ਰਹੇ ਹੋ ਉਹ ਤੁਹਾਡੇ ਡੇਟਾ ਨੂੰ ਕਿਵੇਂ ਸਟੋਰ ਅਤੇ ਵਰਤੋਂ ਕਰੇਗਾ। ਜਦੋਂ ਤੁਸੀਂ ਪੂਰੀ ਤਰ੍ਹਾਂ ਸੰਤੁਸ਼ਟ ਹੋ ਜਾਵੋ, ਸਿਰਫ਼ ਉਦੋਂ ਹੀ ਡਾਊਨਲੋਡ ਕਰੋ।"

ਡਾਕਟਰ ਪਵਨ ਦੁੱਗਲ ਦੱਸਦੇ ਹਨ ਕਿ ਕਿਸੇ ਐਪ ਨੂੰ ਇੰਸਟਾਲ ਕਰਨ ਤੋਂ ਪਹਿਲਾਂ ਇਸਨੂੰ ਜਾਣਨ ਦਾ ਇੱਕ ਵਧੀਆ ਤਰੀਕਾ ਹੈ ਗਾਹਕ ਸਮੀਖਿਆਵਾਂ (ਕਸਟਮਰ ਰੀਵਿਊ) ਪੜ੍ਹਨਾ। ਜੇਕਰ ਤੁਹਾਨੂੰ ਕੋਈ ਰੈੱਡ ਫਲੈਗ (ਖ਼ਤਰੇ ਦਾ ਸੰਕੇਤ) ਦਿਖਾਈ ਦਿੰਦਾ ਹੈ, ਤਾਂ ਇਸ ਤੋਂ ਦੂਰ ਹੀ ਰਹੋ।

ਇਸੇ ਬਾਰੇ ਵਿਰਾਗ ਗੁਪਤਾ ਕਹਿੰਦੇ ਹਨ, "ਗੂਗਲ ਅਤੇ ਐਪਲ ਪਲੇ ਸਟੋਰਾਂ 'ਤੇ ਅਧਿਕਾਰਤ ਤੌਰ 'ਤੇ ਮਨਜ਼ੂਰੀਸ਼ੁਦਾ ਐਪਾਂ ਨੂੰ ਹੀ ਡਾਊਨਲੋਡ ਕਰਨਾ ਚਾਹੀਦਾ ਹੈ। ਹਾਲਾਂਕਿ, ਬਹੁਤ ਸਾਰੀਆਂ ਐਪਾਂ ਲੋਕਾਂ ਦੇ ਫ਼ੋਨਾਂ 'ਤੇ ਪਹਿਲਾਂ ਤੋਂ ਇੰਸਟਾਲ ਹੁੰਦੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਹਟਾਉਣਾ ਮੁਸ਼ਕਲ ਹੋ ਜਾਂਦਾ ਹੈ।"

ਇਹ ਮੰਨਿਆ ਜਾਂਦਾ ਹੈ ਕਿ ਐਪਲੀਕੇਸ਼ਨਾਂ ਤੁਹਾਨੂੰ ਮੁਫ਼ਤ, ਵਿਸ਼ਵ ਪੱਧਰੀ ਸੇਵਾਵਾਂ ਪ੍ਰਦਾਨ ਕਰਦੀਆਂ ਹਨ। ਡਾਕਟਰ ਦੁੱਗਲ ਕਹਿੰਦੇ ਹਨ ਕਿ, "ਦੁਨੀਆਂ ਵਿੱਚ ਕੁਝ ਵੀ ਮੁਫ਼ਤ ਨਹੀਂ ਮਿਲਦਾ। ਐਪ ਤੁਹਾਡਾ ਡੇਟਾ ਇਕੱਠਾ ਕਰ ਮਾਨੀਟਾਈਜ਼ ਕਰਦੀਆਂ ਹਨ। ਐਪਲੀਕੇਸ਼ਨਾਂ ਪਰਮਿਸ਼ਨ ਲੈ ਕੇ ਤੁਹਾਡਾ ਡੇਟਾ ਪ੍ਰਾਪਤ ਕਰਦੀਆਂ ਹਨ। ਕਿਸੇ ਵੀ ਐਪ ਨੂੰ ਡਾਊਨਲੋਡ ਕਰਦੇ ਸਮੇਂ ਅੰਨ੍ਹੇਵਾਹ ਪਰਮਿਸ਼ਨਾਂ ਦੇਣ ਨਾਲ ਤੁਹਾਡਾ ਸਾਰਾ ਡੇਟਾ ਐਪ ਕੋਲ ਚਲਾ ਜਾਂਦਾ ਹੈ।"

ਦੋਵੇਂ ਮਾਹਰ ਇਸ ਗੱਲ ਨਾਲ ਸਹਿਮਤ ਹਨ ਕਿ ਐਪ ਇੰਸਟਾਲੇਸ਼ਨ ਦੌਰਾਨ ਪਰਮਿਸ਼ਨਾਂ ਦਿੰਦੇ ਸਮੇਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ, ਓਨੀ ਹੀ ਪਰਮਿਸ਼ਨ ਦਿਓ ਜਿੰਨੀ ਤੁਹਾਡੇ ਮਕਸਦ ਨੂੰ ਪੂਰਾ ਕਰਨ ਲਈ ਜ਼ਰੂਰੀ ਹੋਵੇ।

ਡੇਟਾ ਦਾ ਆਖਿਰ ਹੁੰਦਾ ਕੀ ਹੈ?

ਡਾਕਟਰ ਪਵਨ ਦੁੱਗਲ ਦੱਸਦੇ ਹਨ, "ਇੱਕ ਵਾਰ ਜਦੋਂ ਤੁਹਾਡਾ ਡੇਟਾ ਇਕੱਠਾ ਹੋ ਜਾਂਦਾ ਹੈ, ਤਾਂ ਤੁਹਾਡੀ ਪ੍ਰੋਫਾਈਲ ਬਣ ਜਾਂਦੀ ਹੈ। ਤੁਹਾਡੇ ਸ਼ੌਕ ਕੀ ਹਨ, ਤੁਸੀਂ ਕੀ ਖਾਣਾ, ਪੀਣਾ ਜਾਂ ਪਹਿਨਣਾ ਪਸੰਦ ਕਰਦੇ ਹੋ? ਪ੍ਰੋਫਾਈਲ ਤੋਂ ਸਭ ਕੁਝ ਸਮਝ ਲਿਆ ਜਾਂਦਾ ਹੈ।"

ਵਿਰਾਗ ਗੁਪਤਾ ਕਹਿੰਦੇ ਹਨ, "ਕੰਪਨੀਆਂ ਇਸ ਡੇਟਾ ਨੂੰ ਸਾਂਝਾ ਕਰਨ ਦੇ ਨਾਲ ਇਸਨੂੰ ਦੂਜੀਆਂ ਕੰਪਨੀਆਂ ਨੂੰ ਵੇਚਦੀਆਂ ਹਨ। ਇਸ ਡੇਟਾ ਦੇ ਆਧਾਰ 'ਤੇ ਇਸ਼ਤਿਹਾਰ ਅਤੇ ਮਾਰਕੀਟਿੰਗ ਕੰਪਨੀਆਂ ਦੇ ਕਾਰੋਬਾਰ 'ਚ ਸਟੀਕਤਾ ਨਾਲ ਵਾਧਾ ਵੀ ਹੁੰਦਾ ਹੈ।"

ਡਾਕਟਰ ਪਵਨ ਦੁੱਗਲ ਇਸੇ ਬਾਰੇ ਕਹਿੰਦੇ ਹਨ ਕਿ ਇਸ ਦੇ ਆਧਾਰ 'ਤੇ ਤੁਹਾਨੂੰ ਕਈ ਤਰ੍ਹਾਂ ਦੀਆਂ ਕਸਟਮਾਇਜ਼ਡ ਸਰਵਿਸਿਜ਼ ਦਿੱਤੀਆਂ ਜਾਂਦੀਆਂ ਹਨ। ਇਹ ਡੇਟਾ ਇਕੋਨਾਮੀ ਦਾ ਯੁੱਗ ਹੈ, ਜਿੱਥੇ ਡੇਟਾ ਹੀ ਕਰੰਸੀ (ਮੁਦਰਾ/ਧਨ) ਹੈ। ਜੇਕਰ ਤੁਸੀਂ ਸਾਵਧਾਨ ਨਹੀਂ ਹੋਏ, ਤਾਂ ਤੁਹਾਨੂੰ ਨਿਸ਼ਾਨਾ ਵੀ ਬਣਾਇਆ ਜਾ ਸਕਦਾ ਹੈ।

ਡਾਕਟਰ ਦੁੱਗਲ ਉਦਾਹਰਣ ਦਿੰਦੇ ਹਨ ਕਿ ਤੁਹਾਡਾ ਫ਼ੋਨ ਤੁਹਾਡੀ ਹਰ ਗੱਲ ਸੁਣਦਾ ਹੈ। "ਜੇ ਮੈਂ ਕਹਾਂ ਕਿ ਮੈਂ ਮੁੰਬਈ ਜਾਣਾ ਹੈ, ਤਾਂ ਮੈਨੂੰ ਮੁੰਬਈ ਨਾਲ ਸਬੰਧਤ ਆਫ਼ਰ ਮਿਲਣੇ ਸ਼ੁਰੂ ਹੋ ਜਾਣਗੇ। ਇਹ ਕਸਟਮਾਇਜ਼ਡ ਡੇਟਾ ਐਡਵਰਟਾਈਜ਼ਿੰਗ ਹੈ, ਜਿਸ ਵਿੱਚ ਡੇਟਾ ਕੱਚਾ ਮਾਲ ਹੈ। ਇਸ ਵਿੱਚ ਕੰਪਨੀਆਂ ਇੱਛੁਕ ਹੁੰਦੀਆਂ ਹਨ, ਜਿਸ ਦੇ ਬਦਲੇ ਤੁਹਾਨੂੰ ਕਸਟਮਾਇਜ਼ਡ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ ਅਤੇ ਤੁਹਾਡਾ ਡੇਟਾ ਲਿਆ ਜਾਂਦਾ ਹੈ। ਇਸ ਤਰ੍ਹਾਂ ਤੁਸੀਂ ਹੀ ਉਨ੍ਹਾਂ ਦੇ ਪ੍ਰੋਡਕਟ ਬਣ ਜਾਂਦੇ ਹੋ।"

ਕਿਵੇਂ ਪਤਾ ਲਗੇ ਕਿ ਤੁਹਾਡਾ ਡਾਟਾ ਚੋਰੀ ਹੋ ਰਿਹਾ ਹੈ?

ਤੁਹਾਡੇ ਫ਼ੋਨ ਵਿੱਚ ਡਾਟਾ ਚੋਰੀ ਤਾਂ ਨਹੀਂ ਹੋ ਰਿਹਾ, ਇਸ ਗੱਲ ਦਾ ਪਤਾ ਕਰਨ ਲਈ ਡਾਕਟਰ ਦੁੱਗਲ ਦੱਸਦੇ ਹਨ ਕਿ ਇਸਦਾ ਮੁਲਾਂਕਣ ਤੁਹਾਨੂੰ ਖ਼ੁਦ ਕਰਨਾ ਪਵੇਗਾ।

ਉਹ ਕਹਿੰਦੇ ਹਨ ਕਿ ਤੁਸੀਂ ਐਪ ਦੀ ਪਰਮਿਸ਼ਨ ਵਿੱਚ ਜਾਓ ਅਤੇ ਆਪਣੇ ਆਪ ਤੋਂ ਪੁੱਛੋ ਕਿ ਇਸ ਨੂੰ ਡਾਊਨਲੋਡ ਕਰਨ ਪਿੱਛੇ ਉਦੇਸ਼ ਕੀ ਹੈ, ਅਤੇ ਉਸ ਉਦੇਸ਼ ਦੇ ਮੱਦੇਨਜ਼ਰ ਐਪ ਦੀ ਪਰਮਿਸ਼ਨ ਨੂੰ ਰਿਵਿਊ ਕਰੋ, ਅਤੇ ਪੁੱਛੋ ਕਿ ਕੀ ਉਸ ਐਪ ਦੀ ਪਰਮਿਸ਼ਨ ਉਸ ਦੇ ਮੁੱਖ ਉਦੇਸ਼ ਨੂੰ ਪੂਰਾ ਕਰਨ ਲਈ ਜ਼ਰੂਰੀ ਹੈ। ਜੇ ਹਾਂ, ਤਾਂ ਉਸ ਪਰਮਿਸ਼ਨ ਨੂੰ ਬਰਕਰਾਰ ਰੱਖੋ ਅਤੇ ਜੇ ਨਹੀਂ ਤਾਂ ਉਸ ਪਰਮਿਸ਼ਨ ਨੂੰ ਹਟਾ ਦਿਉ।

ਸੁਪਰੀਮ ਕੋਰਟ ਦੇ ਵਕੀਲ ਵਿਰਾਗ ਗੁਪਤਾ ਡੇਟਾ ਸ਼ੇਅਰਿੰਗ ਦੇ ਕਾਨੂੰਨੀ ਪੱਖ ਉੱਤੇ ਜ਼ੋਰ ਦਿੰਦੇ ਹੋਏ ਕਹਿੰਦੇ ਹਨ, "ਹਾਲ ਹੀ ਵਿੱਚ ਭਾਰਤ ਦੇ ਰਾਸ਼ਟਰੀ ਕੰਪਨੀ ਕਾਨੂੰਨ ਅਪੀਲੀਅਤ ਨਿਆਂਆਧਿਕਰਣ (ਐਨਸੀਐਲਏਟੀ) ਨੇ ਫ਼ੇਸਬੁੱਕ ਅਤੇ ਵੱਟਸਐਪ ਕੰਪਨੀਆਂ ਵਿਚਕਾਰ ਡਾਟਾ ਸ਼ੇਅਰਿੰਗ ਨੂੰ ਅਪ੍ਰਤੱਖ ਮਨਜ਼ੂਰੀ ਦਿੰਦੇ ਹੋਏ ਜੁਰਮਾਨੇ ਨੂੰ ਬਰਕਰਾਰ ਰੱਖਿਆ ਹੈ। ਇਸ ਤਰ੍ਹਾਂ ਦੀ ਡੇਟਾ ਸ਼ੇਅਰਿੰਗ ਲਈ ਗਾਹਕਾਂ ਤੋਂ ਧੋਖਾਧੜੀ-ਭਰੇ ਤਰੀਕੇ ਨਾਲ ਮਨਜ਼ੂਰੀ ਲਈ ਜਾਂਦੀ ਹੈ, ਜਿਸਦੀ ਕਾਨੂੰਨੀ ਤੌਰ 'ਤੇ ਬਹੁਤ ਮਾਨਤਾ ਨਹੀਂ ਹੈ।"

ਭਾਰਤ ਵਿੱਚ ਪੁੱਟੂਸਵਾਮੀ ਮਾਮਲੇ ਵਿੱਚ ਸੁਪਰੀਮ ਕੋਰਟ ਦੇ 9 ਜੱਜਾਂ ਦੇ ਫ਼ੈਸਲੇ ਤੋਂ ਬਾਅਦ ਡਾਟਾ ਦੀ ਸੁਰੱਖਿਆ ਪ੍ਰਾਈਵੇਸੀ ਦੇ ਤਹਿਤ ਜੀਵਨ ਦਾ ਮੌਲਿਕ ਅਧਿਕਾਰ ਹੈ।

ਸੰਵਿਧਾਨ ਦੇ ਧਾਰਾ 141 ਅਨੁਸਾਰ ਸੁਪਰੀਮ ਕੋਰਟ ਦੇ ਫ਼ੈਸਲਿਆਂ ਨੂੰ ਕਾਨੂੰਨ ਦੀ ਤਰ੍ਹਾਂ ਮਾਨਤਾ ਮਿਲਦੀ ਹੈ। ਫ਼ੈਸਲੇ ਅਨੁਸਾਰ ਕਈ ਦੌਰਾਂ ਦੀ ਚਰਚਾ ਤੋਂ ਬਾਅਦ ਸੰਸਦ ਨੇ 2023 ਵਿੱਚ ਡੇਟਾ ਸੁਰੱਖਿਆ ਕਾਨੂੰਨ ਪਾਸ ਕੀਤਾ, ਪਰ ਅਜੇ ਤੱਕ ਇਸਨੂੰ ਲਾਗੂ ਨਹੀਂ ਕੀਤਾ ਗਿਆ ਹੈ।

ਇਨ੍ਹਾਂ 5 ਗੱਲਾਂ ਦਾ ਰੱਖੋ ਧਿਆਨ

ਡਾਕਟਰ ਦੁੱਗਲ ਮੁਤਾਬਕ ਡੇਟਾ ਦੀ ਸੁਰੱਖਿਆ ਲਈ ਇਨ੍ਹਾਂ ਗੱਲਾਂ ਦਾ ਖ਼ਿਆਲ ਰੱਖਣਾ ਜ਼ਰੂਰੀ ਹੈ—

  • ਸਾਇਬਰ ਸੁਰੱਖਿਆ ਨੂੰ ਜੀਵਨਸ਼ੈਲੀ ਦੇ ਰੂਪ ਵਿੱਚ ਅਪਣਾਓ। ਇਹ ਨਾ ਸੋਚੋ ਕਿ ਤੁਹਾਡੀ ਸੁਰੱਖਿਆ ਦੀ ਜ਼ਿੰਮੇਵਾਰੀ ਸਰਕਾਰ ਜਾਂ ਕੰਪਨੀਆਂ ਦੀ ਹੈ।
  • ਆਪਣੇ ਡੇਟਾ ਨੂੰ ਸ਼ੇਅਰ ਕਰਨ ਵਿੱਚ ਕੰਜੂਸੀ ਵਰਤੋ। ਡੇਟਾ ਨੂੰ ਲੋੜ ਮੁਤਾਬਕ ਹੀ ਸ਼ੇਅਰ ਕਰੋ।
  • ਆਪਣੇ ਡੇਟਾ ਦਾ ਬੈਕਅੱਪ ਰੱਖੋ। ਬੈਕਅੱਪ ਹੋਣ ਨਾਲ ਡੇਟਾ ਉੱਡਣ ਤੋਂ ਬਾਅਦ ਵੀ ਰਿਸਟੋਰ ਕਰ ਸਕੋਗੇ।
  • ਇੱਕ ਚੰਗਾ ਐਂਟੀਵਾਇਰਸ ਪ੍ਰੋਗਰਾਮ ਰੱਖੋ।
  • ਇੱਕ ਚੰਗਾ ਫਾਇਰਵਾਲ ਰੱਖੋ ਜੋ ਸੁਰੱਖਿਆ ਕਵਚ ਦੀ ਤਰ੍ਹਾਂ ਕੰਮ ਕਰਦਾ ਹੈ। ਫਾਇਰਵਾਲ ਤੁਹਾਡੇ ਡਿਵਾਈਸ 'ਤੇ ਹੋਣ ਵਾਲੇ ਹਮਲਿਆਂ ਨੂੰ ਰੋਕਦਾ ਹੈ ਅਤੇ 24*7 ਸਰਗਰਮ ਰਹਿੰਦਾ ਹੈ।
  • ਡਾਕਟਰ ਦੁੱਗਲ ਅਖੀਰ ਵਿੱਚ ਕਹਿੰਦੇ ਹਨ ਕਿ ਗਾਹਕਾਂ ਨੂੰ ਸਦਾ ਚੌਕਸ ਅਤੇ ਸੁਚੇਤ ਰਹਿਣਾ ਚਾਹੀਦਾ ਹੈ, ਜੇ ਤੁਸੀਂ ਆਪਣੀ ਸਾਇਬਰ ਸੁਰੱਖਿਆ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ, ਤਾਂ ਸਾਵਧਾਨੀ ਵਰਤਣਾ ਜ਼ਰੂਰੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)