ਇਸ ਗੁਰਦੁਆਰੇ ਨੂੰ 800 ਤੋਂ ਵੱਧ ਮਹਿਮਾਨਾਂ ਵਾਲੇ ਵਿਆਹਾਂ ਲਈ ਕਿਉਂ ਨਹੀਂ ਮਿਲ ਰਹੀ ਮਨਜ਼ੂਰੀ

ਤਸਵੀਰ ਸਰੋਤ, Getty Images
- ਲੇਖਕ, ਡੇਵਿਡ ਟੂਲੀ
- ਰੋਲ, ਐੱਲਡੀਆਰਐੱਸ ਰਿਪੋਰਟਰ, ਸ਼੍ਰੌਪਸ਼ਾਇਰ
ਯੂਕੇ ਵਿਚਲੇ ਇੱਕ ਗੁਰਦੁਆਰੇ ਵੱਲੋਂ ਸਥਾਨਕ ਕੌਂਸਲ ਕੋਲੋਂ ਵੱਧ ਤੋਂ ਵੱਧ 881 ਮਹਿਮਾਨਾਂ ਦੀ ਹਾਜ਼ਰੀ ਵਾਲੇ ਵਿਆਹ ਸਮਾਗਮ ਕਰਵਾਉਣ ਦੀ ਇਜਾਜ਼ਤ ਮੰਗੀ ਗਈ ਹੈ।
ਕੌਂਸਲ ਵੱਲੋਂ ਇਹ ਕਹਿੰਦਿਆਂ ਅਰਜ਼ੀ ਰੱਦ ਕਰ ਦਿੱਤੀ ਗਈ ਹੈ ਕਿ ਗੁਰਦੁਆਰੇ ਕੋਲ ਪਾਰਕਿੰਗ ਲਈ ਥਾਂ ਨਹੀਂ ਹੈ।
ਇਸ ਮਗਰੋਂ ਗੁਰਦੁਆਰੇ ਦਾ ਕਹਿਣਾ ਹੈ ਕਿ ਲਾੜੀਆਂ ਦੂਜੇ ਸ਼ਹਿਰਾਂ ਵਿੱਚ ਜਾ ਕੇ ਵਿਆਹ ਕਰਵਾਉਣ ਲਈ ਮਜਬੂਰ ਹਨ।
ਇਹ ਦਿੱਕਤ ਸ਼੍ਰੋਪਸ਼ਾਇਰ ਦੇ ਪ੍ਰਾਇਰਸਲੀ ਦੇ ਐਬੇ ਹਾਊਸ ਵਿੱਚ ਸਥਿਤ ਟੈਲਫੋਰਡ ਗੁਰਦੁਆਰੇ ਨੂੰ ਝੱਲਣੀ ਪੈ ਰਹੀ ਹੈ।
ਗੁਰਦੁਆਰੇ ਦਾ ਕਹਿਣਾ ਹੈ ਕਿ ਲੋਕਾਂ ਨੂੰ ਸ਼ਹਿਰ ਤੋਂ ਬਾਹਰ ਵਿਆਹ ਕਰਵਾਉਣ ਲਈ ਮਜਬੂਰ ਹੋਣਾ ਪੈਂਦਾ ਹੈ।

ਤਸਵੀਰ ਸਰੋਤ, Google
ਉਹ 800 ਤੋਂ ਵੱਧ ਮਹਿਮਾਨਾਂ ਨਾਲ ਵਿਆਹ ਕਰਵਾਉਣਾ ਚਾਹੁੰਦੇ ਸਨ, ਪਰ ਕੌਂਸਲ ਨੇ ਬੇਨਤੀ ਨੂੰ ਰੱਦ ਕਰ ਦਿੱਤਾ।
ਗੁਰਦੁਆਰੇ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਹਿਲਾਂ ਵੀ ਬਿਨ੍ਹਾਂ ਕਿਸੇ ਦਿੱਕਤ ਦੇ ਕਈ ਵਾਰ ਇਹੋ ਜਿਹੇ ਵੱਡੇ ਭੋਗ, ਵਿਆਹ ਸਣੇ ਕਈ ਹੋਰ ਸਮਾਗਮ ਕੀਤੇ ਹਨ।
ਗੁਰਦੁਆਰੇ ਵ੍ਹਾਈਟਚੈਪਲ ਵੇਅ 'ਤੇ ਹੈ। ਇਸ ਵੇਲੇ ਗੁਰਦੁਆਰੇ ਦੇ ਵਿੱਚ ਘੱਟ ਮਹਿਮਾਨਾਂ ਦੀ ਗਿਣਤੀ ਵਾਲੇ ਸਾਲ ਵਿੱਚ ਸਿਰਫ਼ ਪੰਜ ਵਿਆਹ ਕਰਵਾਉਣ ਦੀ ਇਜਾਜ਼ਤ ਹੈ।
ਹੁਣ, ਉਨ੍ਹਾਂ ਨੇ ਇੱਕ ਸਾਲ ਵਿੱਚ 30 ਵਿਆਹ ਕਰਵਾਉਣ ਦੀ ਇਜਾਜ਼ਤ ਮੰਗੀ ਹੈ, ਜਿਸ ਵਿੱਚ ਵੱਧ ਤੋਂ ਵੱਧ 881 ਮਹਿਮਾਨ ਹੋ ਸਕਦੇ ਹਨ।
ਕੌਂਸਲ ਦੀ ਹਾਈਵੇਅ ਟੀਮ ਪਾਰਕਿੰਗ ਬਾਰੇ ਚਿੰਤਤ ਹੈ।
ਉਨ੍ਹਾਂ ਨੇ ਕਿਹਾ ਕਿ ਜੇਕਰ ਗੁਰਦੁਆਰਾ ਵਾਧੂ ਪਾਰਕਿੰਗ ਦਾ ਪ੍ਰਬੰਧ ਕਰਨ ਦੀ ਯੋਜਨਾ ਲੈ ਕੇ ਆਉਂਦਾ ਹੈ ਤਾਂ ਉਨ੍ਹਾਂ ਦਾ ਫੈਸਲਾ ਬਦਲ ਸਕਦਾ ਹੈ।
ਗੁਰਦੁਆਰੇ ਨੇ ਕੌਂਸਲ ਪਲਾਨਰਜ਼ ਨੂੰ ਦੱਸਿਆ ਕਿ ਸੱਭਿਆਚਾਰਕ ਕਾਰਨਾਂ ਕਰਕੇ ਜੱਦੀ ਸ਼ਹਿਰ ਵਿੱਚ ਵਿਆਹ ਦੀ ਕੀ ਮੱਹਤਤਾ ਹੁੰਦੀ ਹੈ ।
ਗੁਰਦੁਆਰੇ ਦੇ ਇੱਕ ਬੁਲਾਰੇ ਨੇ ਕਿਹਾ, "ਸਾਡੀਆਂ ਕੁੜੀਆਂ ਨੂੰ ਵੁਲਵਰਹੈਂਪਟਨ ਜਾਂ ਬਰਮਿੰਘਮ ਵਿੱਚ ਵਿਆਹ ਕਰਵਾਉਣ ਲਈ ਮਜਬੂਰ ਹੋਣਾ ਪੈਂਦਾ ਹੈ ਜਿੱਥੇ ਦੇ ਗੁਰਦੁਆਰਿਆਂ 'ਤੇ ਅਜਿਹੀਆਂ ਕੋਈ ਪਾਬੰਦੀਆਂ ਨਹੀਂ ਹਨ।"
ਕੌਂਸਲ ਅਧਿਕਾਰੀਆਂ ਨੇ ਕਿਹਾ ਕਿ ਇੰਨੇ ਵੱਡੇ ਅਤੇ ਅਕਸਰ ਹੋਣ ਵਾਲੇ ਵਿਆਹਾਂ ਲਈ ਪਾਰਕਿੰਗ ਕਾਫ਼ੀ ਨਹੀਂ ਹੈ।
ਉਨ੍ਹਾਂ ਨੂੰ ਡਰ ਹੈ ਕਿ ਮਹਿਮਾਨਾਂ ਦੀਆਂ ਕਾਰਾਂ ਨੇੜਲੀਆਂ ਸੜਕਾਂ ਨੂੰ ਭਰ ਸਕਦੀਆਂ ਹਨ।

ਤਸਵੀਰ ਸਰੋਤ, Getty Images
ਗੁਰਦੁਆਰੇ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਵੱਡੇ ਸਮਾਗਮਾਂ ਲਈ ਪੀਡੀਐੱਸਏ ਅਤੇ ਲਰਨਿੰਗ ਕਮਿਊਨਿਟੀ ਟਰੱਸਟ ਦੀ ਮਲਕੀਅਤ ਵਾਲੇ ਨੇੜਲੇ ਕਾਰ ਪਾਰਕਿੰਗਜ਼ ਦੀ ਵਰਤੋਂ ਕਰਨ ਦੀ ਇਜਾਜ਼ਤ ਹੈ।
ਪਰ ਪੀਡੀਐਸਏ ਦੇ ਰੋਬਰਟ ਬੈੱਕ ਨੇ ਇਸ ਬਾਰੇ ਅਸਹਿਮਤੀ ਜਤਾਉਂਦਿਆਂ ਕਿਹਾ ਕਿ ਪਹਿਲਾਂ ਅਸਥਾਈ ਸਹਿਮਤੀ ਦਿੱਤੀ ਗਈ ਸੀ ਤੇ ਅੱਗੇ ਵੀ ਸੋਚਿਆ ਜਾ ਸਕਦਾ ਹੈ, ਪਰ ਉਨ੍ਹਾਂ ਦਾ ਆਪਣੀ ਕਾਰ ਪਾਰਕਿੰਗ ਨੂੰ ਹਰ ਵਾਰੀ ਗੁਰਦੁਆਰੇ ਵੱਲੋਂ ਵਰਤੇ ਜਾਣ ਦੀ ਇਜਾਜ਼ਤ ਦੇਣ ਦਾ ਇਰਾਦਾ ਨਹੀਂ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਜੇ ਹੋਰ ਵਿਆਹ ਹੋਣਗੇ ਤਾਂ ਉਨ੍ਹਾਂ ਦੇ ਪੀਡੀਐੱਸਏ ਸਟਾਫ਼ ਨੂੰ ਆਪਣੇ ਮੁੱਖ਼ ਦਫ਼ਤਰ ਪਹੁੰਚਣ ਵਿੱਚ ਮੁਸ਼ਕਲਾਂ ਆ ਸਕਦੀਆਂ ਹਨ।
ਹਾਈਵੇਅ ਵਿਭਾਗ ਨੇ ਕਿਹਾ ਹੈ ਕਿ "ਉਨ੍ਹਾਂ ਵੱਲੋਂ ਜੋ ਹੁਣ ਫਿਲਹਾਲ ਇਤਰਾਜ਼ ਜਤਾਇਆ ਗਿਆ ਹੈ, ਇਹ ਕਿਸੇ ਵੀ ਭਵਿੱਖ ਵਿੱਚ ਆਉਣ ਵਾਲੀ ਨਵੀਂ ਪਲਾਨਿੰਗ ਅਰਜ਼ੀ ਦੇ ਫੈਸਲੇ ਨਾਲ ਪੱਖਪਾਤ ਨਹੀਂ ਕਰੇਗਾ।"
ਇਹ ਖ਼ਬਰ ਸਥਾਨਕ ਲੋਕਤੰਤਰਿਕ ਰਿਪੋਰਟਿੰਗ ਸੇਵਾ ਵੱਲੋਂ ਇਕੱਠੀ ਕੀਤੀ ਗਈ ਹੈ, ਜੋ ਕਿ ਕੌਂਸਲਾਂ ਅਤੇ ਹੋਰ ਜਨਤਕ ਸੰਸਥਾਵਾਂ ਬਾਰੇ ਰਿਪੋਰਟਿੰਗ ਕਰਦੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












