ਕੈਲਾਸ਼ ਪੁਰੀ: ਕੌਣ ਸੀ 'ਹਮਰਾਜ਼ ਮਾਸੀ' ਵਜੋਂ ਜਾਣੀ ਜਾਂਦੀ ਪੰਜਾਬਣ, ਜੋ ਆਜ਼ਾਦੀ ਮਗਰੋਂ ਔਰਤਾਂ ਦੀਆਂ ਸਮੱਸਿਆਵਾਂ ਦੇ ਹੱਲ ਦਾ ਜ਼ਰੀਆ ਬਣੀ

    • ਲੇਖਕ, ਨਵਦੀਪ ਕੌਰ ਗਰੇਵਾਲ
    • ਰੋਲ, ਬੀਬੀਸੀ ਸਹਿਯੋਗੀ

ਘਰੇਲੂ ਹਿੰਸਾ ਜਾਂ ਪਤੀ-ਪਤਨੀ ਵਿਚਕਾਰ ਭਾਵਨਾਤਮਕ ਤੇ ਸਰੀਰਕ ਰਿਸ਼ਤਿਆਂ ਬਾਰੇ ਅੱਜ ਵੀ ਔਰਤਾਂ ਦੱਬੀ ਆਵਾਜ਼ ਵਿੱਚ ਗੱਲ ਕਰਦੀਆਂ ਹਨ। 50-60 ਦੇ ਦਹਾਕੇ ਵਿੱਚ ਤਾਂ ਇਨ੍ਹਾਂ ਵਿਸ਼ਿਆਂ ਬਾਰੇ ਜਨਤਕ ਤੌਰ 'ਤੇ ਗੱਲ ਕਰਨਾ ਕੋਈ ਮੁਸੀਬਤ ਸਹੇੜਣ ਤੋਂ ਘੱਟ ਨਹੀਂ ਸੀ।

ਪਰ ਉਸ ਦੌਰ ਵਿੱਚ ਇੱਕ ਪੰਜਾਬਣ ਨੇ ਪਤੀ-ਪਤਨੀ ਦੇ ਰਿਸ਼ਤਿਆਂ ਬਾਰੇ ਬੇਬਾਕੀ ਨਾਲ ਲਿਖਿਆ ਅਤੇ ਅਨੇਕਾਂ ਔਰਤਾਂ ਲਈ ਉਨ੍ਹਾਂ ਦੀਆਂ ਬੰਦ ਕਮਰੇ ਪਿਛਲੀਆਂ ਸਮੱਸਿਆਵਾਂ ਸਾਂਝੀਆਂ ਕਰਨ ਅਤੇ ਸਲਾਹ ਲੈਣ ਦਾ ਜ਼ਰੀਆ ਬਣੀ।

ਗੱਲ ਕਰ ਰਹੇ ਹਾਂ ਲੇਖਿਕਾ ਕੈਲਾਸ਼ ਪੁਰੀ ਬਾਰੇ, ਜਿਨ੍ਹਾਂ ਨੂੰ 50ਵਿਆਂ- 60ਵਿਆਂ ਦੌਰਾਨ 'ਹਮਰਾਜ਼ ਮਾਸੀ' ਵਜੋਂ ਵੀ ਜਾਣਿਆ ਜਾਣ ਲੱਗਾ ਸੀ।

ਛੋਟੀ ਉਮਰ ਵਿੱਚ ਵਿਆਹ ਅਤੇ ਪਰਵਾਸ

ਕੈਲਾਸ਼ ਪੁਰੀ ਦਾ ਜਨਮ ਸਰਦਾਰ ਸੋਹਨ ਸਿੰਘ ਪੁਰੀ ਦੇ ਘਰ ਅਣ-ਵੰਡੇ ਪੰਜਾਬ ਦੇ ਰਾਵਲਪਿੰਡੀ ਵਿੱਚ ਹੋਇਆ ਸੀ। 14-15 ਸਾਲ ਦੀ ਉਮਰ ਤੱਕ ਮੁੱਢਲੀ ਸਕੂਲੀ ਪੜ੍ਹਾਈ ਮਗਰੋਂ ਕੈਲਾਸ਼ ਪੁਰੀ ਦਾ ਸਕੂਲ ਛੁੱਟ ਗਿਆ ਅਤੇ 1943 ਵਿੱਚ ਬਨਸਪਤੀ ਵਿਗਿਆਨੀ ਡਾ. ਗੋਪਾਲ ਪੁਰੀ ਨਾਲ ਵਿਆਹ ਹੋ ਗਿਆ।

ਛੋਟੀ ਉਮਰ ਵਿੱਚ ਵਿਆਹੀ ਗਈ ਕੈਲਾਸ਼, ਪਤੀ ਦੀ ਨੌਕਰੀ ਕਾਰਨ ਯੂਕੇ, ਅਫ਼ਰੀਕਾ ਅਤੇ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਰਹੀ।

ਯੂਕੇ ਵਿੱਚ ਰਹਿੰਦਿਆਂ ਕੈਲਾਸ਼ ਨੂੰ ਅਕਸਰ ਅੰਗਰੇਜ਼ੀ ਭਾਸ਼ਾ ਨਾ ਆਉਣ ਕਰਕੇ ਪਤੀ ਦੇ ਮਹਿਮਾਨਾਂ ਨਾਲ ਸੰਵਾਦ ਕਰਨ ਵਿੱਚ ਦਿੱਕਤ ਆਉਂਦੀ ਸੀ। ਪਰ ਹੌਲੀ-ਹੌਲੀ ਉਹ ਉੱਥੋਂ ਦੇ ਸੱਭਿਆਚਾਰ ਵਿੱਚ ਰਚ-ਮਿਚ ਗਏ।

ਕੈਲਾਸ਼ ਨੂੰ ਲਿਖਣ ਦਾ ਸ਼ੌਂਕ ਸੀ ਅਤੇ ਪਤੀ ਦੀ ਹੱਲਾਸ਼ੇਰੀ ਨੇ ਇਸ ਸ਼ੌਂਕ ਨੂੰ ਬਲ ਦਿੱਤਾ। ਉਨ੍ਹਾਂ ਨੇ ਭਾਰਤੀ ਖਾਣਾ ਪਕਾਉਣ ਦੀਆਂ ਵਿਧੀਆਂ, ਘਰ-ਸ਼ਿੰਗਾਰ ਅਤੇ ਘਰੇਲੂ ਬਾਗ਼ਵਾਨੀ ਬਾਰੇ ਲਿਖਣ ਤੋਂ ਸ਼ੁਰੂਆਤ ਕੀਤੀ।

ਹੌਲੀ-ਹੌਲੀ ਕੈਲਾਸ਼ ਪੁਰੀ ਨੇ ਦੇਸ-ਪ੍ਰਦੇਸ ਅਤੇ ਕੌਮੀ ਏਕਤਾ ਸਮੇਤ ਕਈ ਅਖ਼ਬਾਰਾਂ ਅਤੇ ਰਸਾਲਿਆਂ ਲਈ ਲਿਖਣਾ ਵੀ ਸ਼ੁਰੂ ਕਰ ਦਿੱਤਾ।

ਔਰਤਾਂ ਲਈ ਕੱਢੇ ਰਸਾਲੇ 'ਸੁਭਾਗਵਤੀ' ਨੇ ਦਿੱਤੀ ਵਿਲੱਖਣ ਪਛਾਣ

ਆਪਣੀ ਸਵੈ-ਜੀਵਨੀ 'ਪੂਲ ਆਫ ਲਾਈਫ' ਵਿੱਚ ਕੈਲਾਸ਼ ਪੁਰੀ ਨੇ ਲਿਖਿਆ ਹੈ ਕਿ ਪ੍ਰੋਫੈਸਰ ਮੋਹਨ ਸਿੰਘ ਅਤੇ ਗੁਰਬਖਸ਼ ਸਿੰਘ ਪ੍ਰੀਤਲੜੀ ਹੁਰਾਂ ਦੇ ਰਸਾਲਿਆਂ ਲਈ ਲੇਖ ਲਿਖਦਿਆਂ ਉਨ੍ਹਾਂ ਤੋਂ ਮਿਲੀ ਹੱਲਾਸ਼ੇਰੀ ਅਤੇ ਪਾਠਕਾਂ ਦੇ ਖਤਾਂ ਤੋਂ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਔਰਤ ਪਾਠਕਾਂ ਲਈ ਕੁਝ ਖ਼ਾਸ ਕੀਤੇ ਜਾਣ ਦੀ ਲੋੜ ਹੈ। ਕਿਉਂਕਿ ਰਸਾਲਿਆਂ, ਅਖ਼ਬਾਰਾਂ ਦੇ ਸੰਪਾਦਕਾਂ ਰਾਹੀਂ ਕੈਲਾਸ਼ ਕੋਲ ਔਰਤਾਂ ਦੇ ਜੋ ਖ਼ਤ ਪਹੁੰਚਦੇ ਸਨ, ਉਨ੍ਹਾਂ ਵਿੱਚ ਸਰੀਰਕ ਰਿਸ਼ਤਿਆਂ ਸਣੇ ਔਰਤਾਂ ਦੇ ਕਈ ਮਸਲਿਆਂ ਬਾਰੇ ਸਵਾਲ ਹੁੰਦੇ ਸਨ।

1950ਵਿਆਂ ਵਿੱਚ ਕੈਲਾਸ਼ ਆਪਣੇ ਪਤੀ ਦੀ ਨੌਕਰੀ ਕਾਰਨ ਪੂਣੇ ਰਹਿ ਰਹੇ ਸਨ। ਇਸੇ ਦੌਰਾਨ 1956 ਵਿੱਚ ਕੈਲਾਸ਼ ਪੁਰੀ ਨੇ ਖ਼ਾਸ ਔਰਤਾਂ ਲਈ ਇੱਕ ਪੰਜਾਬੀ ਮੈਗਜ਼ੀਨ ਸ਼ੁਰੂ ਕੀਤਾ, ਜਿਸ ਦਾ ਨਾਮ 'ਸੁਭਾਗਵਤੀ' ਰੱਖਿਆ ਗਿਆ।

ਇਹ ਮੈਗਜ਼ੀਨ ਉਸ ਵੇਲੇ ਔਰਤਾਂ ਦੀ ਪਹਿਲੀ ਪਸੰਦ ਬਣ ਗਿਆ। ਪਰ ਕਿਉਂਕਿ ਮੈਗਜ਼ੀਨ ਵਿੱਚ ਰਸੋਈ, ਘਰ ਸ਼ਿੰਗਾਰ ਤੇ ਬਾਗ਼ਵਾਨੀ ਤੋਂ ਇਲਾਵਾ ਘਰੇਲੂ ਹਿੰਸਾ, ਦਾਜ, ਸਰੀਰਕ ਸਬੰਧਾਂ, ਗਰਭ- ਨਿਰੋਧਨ, ਪਰਿਵਾਰ-ਆਯੋਜਨ ਜਿਹੇ ਵਿਸ਼ਿਆਂ ਬਾਰੇ ਖੁੱਲ੍ਹ ਕੇ ਲਿਖਿਆ ਹੁੰਦਾ ਸੀ, ਇਸ ਮੈਗਜ਼ੀਨ ਦਾ ਵਿਰੋਧ ਵੀ ਹੋਇਆ।

ਸਵੈ-ਜੀਵਨੀ ਵਿੱਚ ਕੈਲਾਸ਼ ਪੁਰੀ ਨੇ ਲਿਖਿਆ ਹੈ ਕਿ ਕਈ ਮਰਦ ਜਾਂ ਪਰਿਵਾਰ ਦੇ ਵੱਡੇ ਨਹੀਂ ਚਾਹੁੰਦੇ ਸਨ ਕਿ ਇਹ ਮੈਗਜ਼ੀਨ ਉਨ੍ਹਾਂ ਦੇ ਘਰਾਂ ਦੀਆਂ ਔਰਤਾਂ ਤੱਕ ਪਹੁੰਚੇ।

ਵਾਦ-ਵਿਵਾਦ ਵਿਚਾਲੇ ਇਹ ਮੈਗਜ਼ੀਨ ਕਈ ਸਾਲ ਚੱਲਿਆ। ਇਸ ਤੋਂ ਬਾਅਦ ਕੈਲਾਸ਼ ਪੁਰੀ ਨੇ ਇਸੇ ਤਰਜ਼ 'ਤੇ ਮੈਗਜ਼ੀਨ ਰੂਪਵਤੀ ਵੀ ਕਈ ਸਾਲ ਛਾਪਿਆ।

ਹਮਰਾਜ਼ ਮਾਸੀ

ਕੈਲਾਸ਼ ਪੁਰੀ ਦੀ ਪਛਾਣ 'ਹਮਰਾਜ਼ ਮਾਸੀ' ਅਤੇ ਇੱਕ ਸੈਕਸਾਲਜਿਸਟ ਵਜੋਂ ਹੋਣ ਲੱਗ ਗਈ ਜੋ ਅਸਾਨ ਭਾਸ਼ਾ ਵਿੱਚ ਔਰਤਾਂ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਦੱਸਦੇ ਸਨ।

ਚੁੱਪ-ਚਾਪ ਸਭ ਸਹਿਣ ਕਰਨ ਵਾਲੀਆਂ ਔਰਤਾਂ ਨੂੰ ਕੈਲਾਸ਼ ਪੁਰੀ ਜ਼ਰੀਏ ਅਜਿਹੀ ਸਹੇਲੀ ਮਿਲ ਗਈ ਸੀ ਜਿਸ ਨਾਲ ਉਹ ਖੁੱਲ੍ਹ ਕੇ ਗੱਲ ਕਰ ਸਕਦੀਆਂ ਸੀ। ਸਵੈ-ਜੀਵਨੀ ਵਿੱਚ ਕੈਲਾਸ਼ ਪੁਰੀ ਨੇ ਲਿਖਿਆ ਹੈ ਕਿ ਉਨ੍ਹਾਂ ਦੀ ਸਲਾਹ ਕਾਮ-ਸੂਤਰਾ 'ਤੇ ਅਧਾਰਿਤ ਹੁੰਦੀ ਸੀ।

ਕਈ ਪਰਿਵਾਰ ਆਪਣੇ ਬੱਚਿਆਂ ਦੇ ਵਿਆਹੁਤਾ ਜੀਵਨ ਦੀਆਂ ਸਮੱਸਿਆਵਾਂ ਬਾਰੇ ਸਲਾਹ ਲੈਣ ਲਈ ਨਿੱਜੀ ਤੌਰ 'ਤੇ ਵੀ ਉਨ੍ਹਾਂ ਨੂੰ ਮਿਲਣ ਲੱਗੇ ਸੀ।

ਕੈਲਾਸ਼ ਪੁਰੀ ਨੇ ਤਕਰੀਬਨ 40 ਕਿਤਾਬਾਂ ਲਿਖੀਆਂ। ਉਨ੍ਹਾਂ ਨੇ ਨਾਵਲ, ਕਹਾਣੀਆਂ ਅਤੇ ਕਵਿਤਾਵਾਂ ਤੋਂ ਇਲਾਵਾ ਸਰੀਰਕ ਸਬੰਧਾਂ ਬਾਰੇ ਦਸ ਕਿਤਾਬਾਂ ਲਿਖਿਆਂ ਜਿਨ੍ਹਾਂ ਵਿੱਚੋਂ ਅੱਠ ਪੰਜਾਬੀ ਵਿੱਚ ਅਤੇ ਇੱਕ-ਇੱਕ ਹਿੰਦੀ ਅਤੇ ਉਰਦੂ ਵਿੱਚ ਛਪੀ।

ਸੇਜ ਵਿਗਿਆਨ ਸਾਹਿਤ ਲਿਖਣ ਵਾਲੀ ਕੈਲਾਸ਼ ਪੁਰੀ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਅਜਿਹੇ ਸੰਜੀਦਾ ਤਰੀਕੇ ਨਾਲ ਇਨ੍ਹਾਂ ਮਸਲਿਆਂ ਬਾਰੇ ਲਿਖਿਆ ਹੈ ਕਿ ਪੜ੍ਹਨ ਵਾਲੇ ਨੂੰ ਸ਼ਰਮਿੰਦਗੀ ਮਹਿਸੂਸ ਨਹੀਂ ਹੁੰਦੀ।

ਕੈਲਾਸ਼ ਪੁਰੀ ਦੀਆਂ ਕਿਤਾਬਾਂ ਵਿੱਚ ਸਰੀਰਕ ਸਬੰਧਾਂ ਬਾਰੇ ਗਲਤਫ਼ਹਿਮੀਆਂ ਦੂਰ ਕੀਤੇ ਜਾਣ, ਸਮੱਸਿਆਵਾਂ ਦਾ ਹੱਲ ਅਤੇ ਰਿਸ਼ਤੇ ਸੁਖਾਵੇ ਤੇ ਅਨੰਦਮਈ ਬਣਾਉਣ ਦੇ ਹੱਲ ਦੱਸੇ ਜਾਣ ਦਾ ਦਾਅਵਾ ਕੀਤਾ ਜਾਂਦਾ ਹੈ।

ਕੈਲਾਸ਼ ਪੁਰੀ ਭਾਰਤੀ ਪਕਵਾਨਾਂ ਦੇ ਵੀ ਮਾਹਿਰ ਸਨ। 1970 ਵਿੱਚ ਉਹ ਮਾਰਕਸ ਐਂਡ ਸਪੈਂਸਰ ਵਿੱਚ ਭਾਰਤੀ ਖਾਣੇ ਦੀ ਪਹਿਲੀ ਸਲਾਹਕਾਰ ਵੀ ਬਣੇ।

ਉਨ੍ਹਾਂ ਨੂੰ ਯੂਕੇ ਵਿੱਚ ਦੱਖਣ-ਏਸ਼ੀਆਈ ਔਰਤਾਂ ਦੀ ਅਵਾਜ਼ ਵਜੋਂ ਵੀ ਪਛਾਣ ਮਿਲੀ। ਕੈਲਾਸ਼ ਪੁਰੀ ਨੂੰ ਉਨ੍ਹਾਂ ਦੀ ਲੇਖਣੀ ਸਦਕਾ ਪੰਜਾਬ ਦੇ ਭਾਸ਼ਾ ਵਿਭਾਗ ਅਤੇ ਭਾਈ ਮੋਹਨ ਸਿੰਘ ਵੈਦ ਸਾਹਿਤਕ ਐਵਾਰਡ ਸਮੇਤ ਕਈ ਸਨਮਾਨਾਂ ਨਾਲ ਨਵਾਜ਼ਿਆ ਗਿਆ।

ਯੂਕੇ ਵਿੱਚ ਸਾਲ 2017 'ਚ ਉਨ੍ਹਾਂ ਦਾ ਦੇਹਾਂਤ ਹੋ ਗਿਆ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)