'ਵੰਦੇ ਮਾਤਰਮ' ਨੂੰ ਲੈ ਕੇ ਕੀ ਹੈ ਵਿਰੋਧੀ ਧਿਰ ਅਤੇ ਸਰਕਾਰ ਵਿਚਾਲੇ ਵਿਵਾਦ, 'ਵੰਦੇ ਮਾਤਰਮ' ਬਾਰੇ ਕਿਹੜੇ ਇਤਰਾਜ਼ ਪ੍ਰਗਟ ਹੋਏ ਸੀ

ਤਸਵੀਰ ਸਰੋਤ, Prakash Singh/Bloomberg via Getty Images
'ਵੰਦੇ ਮਾਤਰਮ' ਦੇ 150 ਸਾਲ ਪੂਰੇ ਹੋਣ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿੱਚ ਸੋਮਵਾਰ ਨੂੰ ਇਸ ਗੀਤ 'ਤੇ ਚਰਚਾ ਦੀ ਸ਼ੁਰੂਆਤ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ, "ਜਦੋਂ ਵੰਦੇ ਮਾਤਰਮ ਦੇ 50 ਸਾਲ ਹੋਏ ਤਾਂ ਦੇਸ਼ ਗ਼ੁਲਾਮੀ ਵਿੱਚ ਜੀਣ ਲਈ ਮਜਬੂਰ ਸੀ। ਜਦੋਂ ਇਸ ਦੇ 100 ਸਾਲ ਹੋਏ ਦੇਸ਼ ਐਮਰਜੈਂਸੀ ਦੀਆਂ ਜੰਜੀਰਾਂ ਵਿੱਚ ਜਕੜਿਆ ਹੋਇਆ ਸੀ। ਉਦੋਂ ਭਾਰਤ ਦੇ ਸੰਵਿਧਾਨ ਦਾ ਗਲ਼ਾ ਘੁੱਟ ਦਿੱਤਾ ਗਿਆ ਸੀ।"
ਉਨ੍ਹਾਂ ਨੇ ਕਿਹਾ, "ਇਸ ਦੇ 150 ਸਾਲ ਉਸ ਮਹਾਨ ਅਧਿਆਇ ਦੀ ਸ਼ਾਨ ਨੂੰ ਬਹਾਲ ਕਰਨ ਦਾ ਇੱਕ ਮੌਕਾ ਹੈ।"
ਪੀਐੱਮ ਮੋਦੀ ਨੇ ਕਿਹਾ, "ਇਹ ਗੀਤ ਅਜਿਹੇ ਸਮੇਂ ਵਿੱਚ ਲਿਖਿਆ ਗਿਆ ਜਦੋਂ 1857 ਦੀ ਸੁਤੰਤਰਤਾ ਸੰਗ੍ਰਾਮ ਤੋਂ ਬਾਅਦ ਅੰਗਰੇਜ਼ ਸਲਤਨਤ ਬੌਖ਼ਲਾਈ ਹੋਈ ਸੀ। ਭਾਰਤ ਕਈ ਤਰ੍ਹਾਂ ਦੇ ਦਬਾਅ ਹੇਠ ਸੀ, ਕਈ ਤਰ੍ਹਾਂ ਦੇ ਅੱਤਿਆਚਾਰਾਂ ਦਾ ਸ਼ਿਕਾਰ ਹੋ ਰਿਹਾ ਸੀ ਅਤੇ ਭਾਰਤ ਦੇ ਲੋਕਾਂ ਨੂੰ ਅੰਗਰੇਜ਼ਾਂ ਦੁਆਰਾ ਮਜਬੂਰ ਕੀਤਾ ਜਾ ਰਿਹਾ ਸੀ।"
'ਵੰਦੇ ਮਾਤਰਮ' ਨੂੰ ਲੈ ਕੇ ਲੰਬੇ ਸਮੇਂ ਤੋਂ ਸੱਤਾ ਧਿਰ ਅਤੇ ਵਿਰੋਧ ਵਿਚਾਲੇ ਵਿਵਾਦ ਚੱਲ ਰਿਹਾ ਹੈ।
ਇਸੇ ਕਰਕੇ ਸੰਸਦ ਦੇ ਦੋਵਾਂ ਸਦਨਾਂ ਵਿੱਚ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਵਿਚਾਲੇ ਤਿੱਖੀ ਬਿਆਨਬਾਜ਼ੀ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਭਾਰਤੀ ਜਨਤਾ ਪਾਰਟੀ ਨੇ ਕਾਂਗਰਸ 'ਤੇ ਆਜ਼ਾਦੀ ਸੰਗਰਾਮ ਅੰਦੋਲਨ ਦੌਰਾਨ ਇਸ ਗੀਤ ਦੇ ਕੁਝ ਅਹਿਮ ਹਿੱਸੇ ਨੂੰ ਹਟਾ ਦਿੱਤਾ ਸੀ ਤਾਂ ਉੱਥੇ ਕਾਂਗਰਸ ਨੇ ਇਨ੍ਹਾਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ।
ਇਸ ਦੇ ਨਾਲ ਹੀ ਭਾਜਪਾ ਦੇ ਕਈ ਆਗੂ ਮੰਗ ਕਰ ਰਹੇ ਹਨ ਕਿ ਇਸ ਗਾਣੇ ਨੂੰ ਵਿਦਿਅਕ ਸੰਸਥਾਵਾਂ ਵਿੱਚ ਲਾਜ਼ਮੀ ਕਰ ਦੇਣਾ ਚਾਹੀਦਾ ਹੈ।
ਸਮਾਜਵਾਦੀ ਪਾਰਟੀ ਸਣੇ ਕਈ ਵਿਰੋਧੀ ਦਲ ਇਸ ਦਾ ਇਹ ਕਹਿੰਦਿਆਂ ਹੋਇਆ ਵਿਰੋਧ ਕਰ ਰਹੇ ਹਨ ਕਿ ਜਬਰਨ ਇਸ ਨੂੰ ਨਹੀਂ ਥੋਪਿਆ ਜਾਣਾ ਚਾਹੀਦਾ।
ਇਹ ਗੀਤ 1875 ਵਿੱਚ ਬੰਕਿਮ ਚੰਦਰ ਚੈਟਰਜੀ ਨੇ ਬੰਗਾਲੀ ਅਤੇ ਸੰਸਕ੍ਰਿਤ ਵਿੱਚ ਲਿਖਿਆ ਸੀ।
ਬੰਕਿਮ ਨੇ ਬਾਅਦ ਵਿੱਚ ਇਸ ਗੀਤ ਨੂੰ ਆਪਣੀ ਮਸ਼ਹੂਰ ਪਰ ਵਿਵਾਦਪੂਰਨ ਰਚਨਾ, 'ਆਨੰਦਮਠ' (1885) ਵਿੱਚ ਜੋੜ ਦਿੱਤਾ।
ਰਬਿੰਦਰਨਾਥ ਟੈਗੋਰ ਨੇ ਬਾਅਦ ਵਿੱਚ ਇਸ ਦੇ ਲਈ ਇੱਕ ਧੁੰਨ ਬਣਾਈ।
ਵਿਵਾਦ ਕੀ ਹੈ?

ਤਸਵੀਰ ਸਰੋਤ, Raj K Raj/Hindustan Times via Getty Images
7 ਨਵੰਬਰ ਨੂੰ 'ਵੰਦੇ ਮਾਤਰਮ' ਦੀ 150ਵੀਂ ਵਰ੍ਹੇਗੰਢ ਨਾਲ ਸਬੰਧਤ ਸਮਾਗਮਾਂ ਦਾ ਉਦਘਾਟਨ ਕਰਦੇ ਹੋਏ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਲਜ਼ਾਮ ਲਗਾਇਆ ਕਿ ਕਾਂਗਰਸ ਪਾਰਟੀ ਨੇ 1937 ਦੇ ਫੈਜ਼ਾਬਾਦ ਸੈਸ਼ਨ ਤੋਂ ਪਹਿਲਾਂ 'ਵੰਦੇ ਮਾਤਰਮ ਦੇ ਕੁਝ ਅਹਿਮ ਹਿੱਸੇ ਹਟਾ ਦਿੱਤੇ ਸਨ।'
ਉਨ੍ਹਾਂ ਉਦੋਂ ਕਿਹਾ, "1937 ਵਿੱਚ ਵੰਦੇ ਮਾਤਰਮ ਦੀਆਂ ਕੁਝ ਅਹਿਮ ਪੰਕਤੀਆਂ, ਜੋ ਇਸਦੀ ਆਤਮਾ ਦਾ ਇੱਕ ਹਿੱਸਾ ਸਨ, ਨੂੰ ਹਟਾ ਦਿੱਤਾ ਗਿਆ ਸੀ। ਵੰਦੇ ਮਾਤਰਮ ਨੂੰ ਤੋੜ ਦਿੱਤਾ ਗਿਆ ਸੀ। ਇਹ ਬੇਇਨਸਾਫ਼ੀ ਕਿਉਂ ਕੀਤੀ ਗਈ? ਇਸ ਨੇ ਵੰਡ ਦੇ ਬੀਜ ਬੀਜੇ।"
ਭਾਜਪਾ ਬੁਲਾਰੇ ਸੰਬਿਤ ਪਾਤਰਾ ਨੇ ਵੀ ਇਲਜ਼ਾਮ ਲਗਾਇਆ, ਕਿ ਨਹਿਰੂ ਜੀ 'ਵੰਦੇ ਮਾਤਰਮ' ਨੂੰ ਲੈ ਕੇ 'ਸਹਿਜ' ਨਹੀਂ ਸਨ।
ਇਨ੍ਹਾਂ ਇਲਜ਼ਾਮਾਂ ਦੇ ਜਵਾਬ ਵਿੱਚ ਕਾਂਗਰਸ ਬੁਲਾਰੇ ਜੈਰਾਮ ਰਮੇਸ਼ ਨੇ ਵੰਦੇ ਮਾਤਰਮ 'ਤੇ ਸਬਿਆਸਾਚੀ ਭੱਟਾਚਾਰੀਆ ਦੀ ਲਿਖੀ ਇੱਕ ਕਿਤਾਬ ਦਾ ਹਵਾਲਾ ਦਿੰਦੇ ਹੋਏ, ਐਕਸ 'ਤੇ ਪੋਸਟ ਕੀਤਾ, "ਕਾਂਗਰਸ ਵਰਕਿੰਗ ਕਮੇਟੀ ਦੀ 1937 ਵਿੱਚ ਹੋਈ ਮੀਟਿੰਗ ਤੋਂ ਤਿੰਨ ਦਿਨ ਪਹਿਲਾਂ, ਖ਼ੁਦ ਗੁਰੂਦੇਵ ਰਬਿੰਦਰਨਾਥ ਟੈਗੋਰ ਨੇ ਨਹਿਰੂ ਜੀ ਨੂੰ ਇਸ ਬਾਰੇ ਖ਼ਤ ਲਿਖਿਆ ਸੀ।"
"ਵੰਦੇ ਮਾਤਰਮ ਨਾਲ ਉਹ ਖ਼ੁਦ ਜੁੜੇ ਹੋਏ ਸਨ ਅਤੇ ਉਨ੍ਹਾਂ ਨੇ ਸੁਝਾਅ ਦਿੱਤਾ ਸੀ ਕਿ ਗੀਤ ਦੇ ਪਹਿਲੇ ਦੋ ਪੈਰਿਆਂ ਨੂੰ ਅਪਣਾਉਣਾ ਚਾਹੀਦਾ ਹੈ ਤੇ ਮੀਟਿੰਗ ਵਿੱਚ ਲਿਆ ਗਿਆ ਫ਼ੈਸਲਾ ਉਨ੍ਹਾਂ ਦੇ ਖ਼ਤ ਤੋਂ ਪ੍ਰਭਾਵਿਤ ਸੀ। ਹੁਣ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰੂਦੇਵ ਰਬਿੰਦਰਨਾਥ ਟੈਗੋਰ 'ਤੇ ਫੁੱਟ ਪਾਊ ਵਿਚਾਰਧਾਰਾ ਰੱਖਣ ਦਾ ਇਲਜ਼ਾਮ ਲਗਾ ਰਹੇ ਹਨ।"
ਯੋਗੀ ਸਰਕਾਰ ਦਾ ਫ਼ੈਸਲਾ ਅਤੇ ਉਸ ਦਾ ਵਿਰੋਧ

ਤਸਵੀਰ ਸਰੋਤ, Sunil Ghosh/Hindustan Times via Getty Images)
ਇਸ ਤੋਂ ਇਲਾਵਾ 10 ਨਵੰਬਰ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਸਕੂਲਾਂ, ਕਾਲਜਾਂ ਅਤੇ ਵਿਦਿਅਕ ਸੰਸਥਾਵਾਂ ਵਿੱਚ 'ਵੰਦੇ ਮਾਤਰਮ' ਗਾਉਣਾ ਲਾਜ਼ਮੀ ਕਰ ਦੇਵੇਗੀ।
11 ਨਵੰਬਰ ਨੂੰ, ਬਾਰਾਬੰਕੀ ਜ਼ਿਲ੍ਹੇ ਵਿੱਚ ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ਮਨਾਉਣ ਲਈ ਇੱਕ ਪ੍ਰੋਗਰਾਮ ਦੌਰਾਨ, ਉਨ੍ਹਾਂ ਕਿਹਾ, "ਜੋ ਵੀ ਵੰਦੇ ਮਾਤਰਮ ਦਾ ਵਿਰੋਧ ਕਰ ਰਿਹਾ ਹੈ, ਉਹ ਭਾਰਤ ਮਾਤਾ ਦਾ ਵਿਰੋਧ ਕਰ ਰਿਹਾ ਹੈ।"
ਉਨ੍ਹਾਂ ਅੱਗੇ ਕਿਹਾ, "ਅੱਜ ਵੀ ਕੁਝ ਲੋਕ ਹਨ ਜੋ ਰਹਿਣਗੇ ਹਿੰਦੁਸਤਾਨ ਵਿੱਚ, ਖਾਣਗੇ ਹਿੰਦੁਸਤਾਨ ਵਿੱਚ, ਪਰ ਵੰਦੇ ਮਾਤਰਮ ਨਹੀਂ ਗਾਉਣਗੇ।"
ਜਿਸ ਦੇ ਜਵਾਬ ਵਿੱਚ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ 13 ਨਵੰਬਰ ਨੂੰ ਬਰੇਲੀ ਵਿੱਚ ਕਿਹਾ, "ਮੁੱਖ ਮੰਤਰੀ ਜੀ ਦੀ ਕੁਰਸੀ ਜਦੋਂ ਹਿੱਲਣ ਲੱਗਦੀ ਹੈ ਤਾਂ ਉਹ ਫਿਰਕੂ ਹੋ ਜਾਂਦੇ ਹਨ।"

ਉਨ੍ਹਾਂ ਕਿਹਾ, "ਅਸੀਂ ਅੱਜ ਇਹ ਬਹਿਸ ਕਰ ਰਹੇ ਹਾਂ, ਕੀ ਸੰਵਿਧਾਨ ਦੇ ਨਿਰਮਾਤਾਵਾਂ ਨੇ ਉਸ ਸਮੇਂ ਇਸ 'ਤੇ ਬਹਿਸ ਨਹੀਂ ਕੀਤੀ ਸੀ? ਇਸੇ ਲਈ ਰਾਸ਼ਟਰ ਗਾਣ ਅਤੇ ਰਾਸ਼ਟਰੀ ਗੀਤ ਦਿੱਤਾ। ਜੇਕਰ ਇਹ ਗਾਣਾ ਜ਼ਰੂਰੀ ਹੁੰਦਾ ਤਾਂ ਕਿਉਂ ਲਾਜ਼ਮੀ ਨਹੀਂ ਕੀਤਾ ਗਿਆ? ਉਨ੍ਹਾਂ ਨੇ ਲੋਕਾਂ ਦੀ ਚੋਣ ਲਈ ਛੱਡ ਦਿੱਤਾ ਸੀ।"
ਅਖਿਲੇਸ਼ ਯਾਦਵ ਨੇ ਇਹ ਵੀ ਕਿਹਾ, "ਭਾਜਪਾ ਮੈਂਬਰਾਂ ਨੂੰ ਕਈ ਵਾਰ ਪੁੱਛਿਆ ਗਿਆ ਕਿ ਰਾਸ਼ਟਰ ਗਾਣ ਅਤੇ ਰਾਸ਼ਟਰੀ ਗੀਤ ਕੀ ਹਨ, ਪਰ ਉਹ ਨਹੀਂ ਜਾਣਦੇ ਸਨ। ਭਾਜਪਾ ਮੈਂਬਰ ਰਾਸ਼ਟਰੀ ਗੀਤ ਗਾ ਨਹੀਂ ਸਕੇ।"
ਇਸ ਗੀਤ ਨੂੰ ਸਕੂਲਾਂ ਵਿੱਚ ਲਾਜ਼ਮੀ ਕੀਤੇ ਜਾਣ ਦੇ ਐਲਾਨ ਨਾਲ ਮੁਸਲਮਾਨ ਆਗੂਆਂ ਨੇ ਵੀ ਇਤਰਾਜ਼ ਜਤਾਇਆ ਹੈ।
ਸੰਭਲ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਜ਼ਿਆ-ਉਰ-ਰਹਿਮਾਨ ਬਰਕ ਨੇ ਮੀਡੀਆ ਨੂੰ ਦੱਸਿਆ ਕਿ ਕਿਸੇ ਨੂੰ ਵੀ ਇਹ ਗੀਤ ਗਾਉਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਸੰਵਿਧਾਨ ਸਾਰਿਆਂ ਨੂੰ ਆਜ਼ਾਦੀ ਦਿੰਦਾ ਹੈ।
ਸੰਭਲ ਤੋਂ ਸਮਾਜਵਾਦੀ ਪਾਰਟੀ ਦੇ ਵਿਧਾਇਕ ਇਕਬਾਲ ਮਹਿਮੂਦ ਨੇ ਬੀਬੀਸੀ ਨੂੰ ਦੱਸਿਆ, "ਹਾਲਾਂਕਿ, ਅਸੀਂ ਰਾਸ਼ਟਰ ਗਾਣ ਦਾ ਸਤਿਕਾਰ ਕਰਦੇ ਹਾਂ ਅਤੇ ਗਾਉਂਦੇ ਹਾਂ, ਅਸੀਂ ਨਾ ਤਾਂ ਵੰਦੇ ਮਾਤਰਮ ਦਾ ਸਮਰਥਨ ਕਰਦੇ ਹਾਂ ਅਤੇ ਨਾ ਹੀ ਵਿਰੋਧ ਕਰਦੇ ਹਾਂ।"
'ਵੰਦੇ ਮਾਤਰਮ' ਦਾ ਇਤਿਹਾਸ ਕੀ ਹੈ?

ਤਸਵੀਰ ਸਰੋਤ, Twitter@RailMinIndia
ਬੰਕਿਮ ਚੰਦਰ ਚੈਟਰਜੀ (1838-1894) ਪਹਿਲੇ ਹਿੰਦੁਸਤਾਨੀ ਸਨ ਜਿਨ੍ਹਾਂ ਨੂੰ ਇੰਗਲੈਂਡ ਦੀ ਰਾਣੀ ਨੇ ਭਾਰਤੀ ਕਲੋਨੀਆਂ 'ਤੇ ਕਬਜ਼ਾ ਕਰਨ ਤੋਂ ਬਾਅਦ 1858 ਵਿੱਚ ਡਿਪਟੀ ਕੁਲੈਕਟਰ ਦੇ ਅਹੁਦੇ ਉੱਤੇ ਨਿਯੁਕਤ ਕੀਤਾ ਸੀ।
ਉਹ 1891 ਵਿੱਚ ਸੇਵਾਮੁਕਤ ਹੋਏ ਅਤੇ ਬ੍ਰਿਟਿਸ਼ ਸ਼ਾਸਕਾਂ ਨੇ ਉਨ੍ਹਾਂ ਨੂੰ 'ਰਾਏ ਬਹਾਦਰ' ਸਣੇ ਕਈ ਉਪਾਧੀਆਂ ਨਾਲ ਸਨਮਾਨਿਤ ਕੀਤਾ।
ਇਹ ਗੀਤ ਉਨ੍ਹਾਂ ਨੇ 1875 ਵਿੱਚ ਲਿਖਿਆ ਜੋ ਬਾਂਗਲਾ ਅਤੇ ਸੰਸਕ੍ਰਿਤ ਵਿੱਚ ਹੈ। ਇਹ ਗੀਤ ਬੰਕਿਮ ਨੇ ਮਸ਼ਹੂਰ ਪਰ ਵਿਵਾਦਪੂਰਨ ਰਚਨਾ, "ਆਨੰਦਮਠ" (1885) ਵਿੱਚ ਜੋੜ ਦਿੱਤਾ।
ਇਸ ਗੀਤ ਨਾਲ ਜੁੜਿਆ ਇੱਕ ਰੋਚਕ ਸੱਚ ਇਹ ਹੈ ਕਿ ਇਸ ਵਿੱਚ ਜਿਨ੍ਹਾਂ ਪ੍ਰਤੀਕਾਂ ਅਤੇ ਜਿਨ੍ਹਾਂ ਦ੍ਰਿਸ਼ਾਂ ਦਾ ਜ਼ਿਕਰ ਹੈ ਉਹ ਸਭ ਬੰਗਾਲ ਦੀ ਧਰਤੀ ਨਾਲ ਹੀ ਸਬੰਧਿਤ ਹਨ।
ਇਸ ਗੀਤ ਵਿੱਚ ਬੰਕਿਮ ਨੇ ਸੱਤ ਕਰੋੜ ਜਨਤਾ ਦਾ ਜ਼ਿਕਰ ਕੀਤਾ ਹੈ ਜੋ ਉਸ ਸਮੇਂ ਬੰਗਾਲ ਪ੍ਰਾਂਤ (ਜਿਸ ਵਿੱਚ ਓਡੀਸ਼ਾ-ਬਿਹਾਰ ਸ਼ਾਮਲ ਸਨ) ਦੀ ਕੁੱਲ ਆਬਾਦੀ ਸੀ। ਇਸੇ ਤਰ੍ਹਾਂ ਜਦੋਂ ਅਰਬਿੰਦੋ ਘੋਸ਼ ਨੇ ਇਸਦਾ ਅਨੁਵਾਦ ਕੀਤਾ, ਤਾਂ ਉਨ੍ਹਾਂ ਇਸਨੂੰ 'ਬੰਗਾਲ ਦਾ ਰਾਸ਼ਟਰੀ ਗੀਤ' ਸਿਰਲੇਖ ਦਿੱਤਾ।
ਰਬਿੰਦਰਨਾਥ ਟੈਗੋਰ ਨੇ ਵੀ ਇਸ ਗੀਤ ਲਈ ਇੱਕ ਸੁੰਦਰ ਧੁੰਨ ਬਣਾਈ ਸੀ।
ਬੰਗਾਲ ਦੀ ਵੰਡ ਨੇ ਸੱਚਮੁੱਚ ਇਸ ਗੀਤ ਨੂੰ ਬੰਗਾਲ ਦਾ ਰਾਸ਼ਟਰੀ ਗੀਤ ਬਣਾ ਦਿੱਤਾ। 1905 ਵਿੱਚ ਬ੍ਰਿਟਿਸ਼ ਸਰਕਾਰ ਵੱਲੋਂ ਬੰਗਾਲ ਦੀ ਵੰਡ ਵਿਰੁੱਧ ਜਨਤਕ ਗੁੱਸੇ ਨੇ ਇਸ ਗੀਤ ਨੂੰ, ਖ਼ਾਸ ਕਰਕੇ ਇਸ ਦੇ ਮੁਖੜੇ ਨੂੰ ਅੰਗਰੇਜ਼ਾਂ ਵਿਰੁੱਧ ਇੱਕ ਹਥਿਆਰ ਵਿੱਚ ਬਦਲ ਦਿੱਤਾ।
ਆਜ਼ਾਦੀ ਅੰਦੋਲਨ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਨੇ ਫਿਰ ਬ੍ਰਿਟਿਸ਼ ਸ਼ਾਸਨ ਦੇ ਵਿਰੁੱਧ ਆਪਣੇ ਵਿਰੋਧ ਪ੍ਰਦਰਸ਼ਨਾਂ ਵਿੱਚ ਇਸ ਗੀਤ ਦੀ ਵਿਆਪਕ ਵਰਤੋਂ ਕੀਤੀ। ਇਸ ਵਿੱਚ ਹਿੰਦੂ ਅਤੇ ਮੁਸਲਮਾਨ ਦੋਵੇਂ ਸ਼ਾਮਲ ਸਨ।

ਤਸਵੀਰ ਸਰੋਤ, Sonu Mehta/Hindustan Times via Getty Images
'ਵੰਦੇ ਮਾਤਰਮ' ਦਾ ਨਾਅਰਾ ਉਸ ਵੇਲੇ ਪੂਰੇ ਬੰਗਾਲ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਿਆ ਜਦੋਂ ਬਾਰੀਸਾਲ (ਹੁਣ ਬੰਗਲਾਦੇਸ਼ ਵਿੱਚ) ਵਿੱਚ ਕਿਸਾਨ ਆਗੂ ਐੱਮ. ਰਸੂਲ ਦੀ ਪ੍ਰਧਾਨਗੀ ਹੇਠ ਹੋ ਰਹੇ ਬੰਗਾਲ ਕਾਂਗਰਸ ਦੇ ਸੂਬਾਈ ਸੈਸ਼ਨ 'ਤੇ ਅੰਗਰੇਜ਼ ਫੌਜ ਨੇ 'ਵੰਦੇ ਮਾਤਰਮ' ਗਾਉਣ ਲਈ ਬੇਰਹਿਮੀ ਨਾਲ ਹਮਲਾ ਕੀਤਾ। ਰਾਤੋ-ਰਾਤ ਇਹ ਨਾ ਸਿਰਫ਼ ਬੰਗਾਲ ਵਿੱਚ ਸਗੋਂ ਪੂਰੇ ਦੇਸ਼ ਵਿੱਚ ਗੂੰਜਣ ਲੱਗਾ।
ਭਗਤ ਸਿੰਘ, ਸੁਖਦੇਵ, ਰਾਜਗੁਰੂ, ਰਾਮਪ੍ਰਸਾਦ ਬਿਸਮਿਲ ਅਤੇ ਅਸ਼ਫਾਕਉੱਲ੍ਹਾ ਖ਼ਾਨ ਵਰਗੇ ਆਜ਼ਾਦੀ ਘੁਲਾਟੀਆਂ ਨੇ ਵੀ 'ਵੰਦੇ ਮਾਤਰਮ' ਗਾਇਆ।
ਇਹ ਨਾਅਰਾ 'ਇਨਕਲਾਬ ਜ਼ਿੰਦਾਬਾਦ' ਵਾਂਗ ਹੀ ਸਾਂਝਾ ਰਾਸ਼ਟਰਵਾਦ ਦਾ ਮੰਤਰ ਬਣ ਗਿਆ। 20ਵੀਂ ਸਦੀ ਦੇ ਦੂਜੇ ਦਹਾਕੇ ਤੱਕ, ਅੰਗਰੇਜ਼ ਵਿਰੋਧੀ ਰਾਸ਼ਟਰੀ ਅੰਦੋਲਨ ਦੇਸ਼ ਵਿਆਪੀ ਹੋ ਗਿਆ ਸੀ।
ਕਾਂਗਰਸ, ਜਿਸ ਦੀ ਅਗਵਾਈ ਵਿੱਚ ਆਜ਼ਾਦੀ ਅੰਦੋਲਨ ਚੱਲ ਰਿਹਾ ਸੀ, ਉਸ ਨੇ ਵੰਦੇ ਮਾਤਰਮ 'ਤੇ ਵੰਡ ਨੂੰ ਰੋਕਣ ਦੇ ਗਾਂਧੀ, ਨਹਿਰੂ, ਅਬੁਲ ਕਲਾਮ ਆਜ਼ਾਦ ਅਤੇ ਸੁਭਾਸ਼ ਚੰਦਰ ਬੋਸ ਨੂੰ ਲੈ ਕੇ 1937 ਵਿੱਚ ਇੱਕ ਕਮੇਟੀ ਬਣਾਈ ਜਿਸ ਨੇ ਇਸ ਗੀਤ 'ਤੇ ਇਤਰਾਜ਼ ਸੱਦੇ।
ਸਭ ਤੋਂ ਵੱਡਾ ਇਤਰਾਜ਼ ਇਹ ਸੀ ਕਿ ਇਹ ਗੀਤ ਭਾਰਤੀ ਧਰਮ ਵਿਸ਼ੇਸ਼ ਦੇ ਹਿਸਾਬ ਨਾਲ ਭਾਰਤੀ ਰਾਸ਼ਟਰਵਾਦ ਨੂੰ ਪਰਿਭਾਸ਼ਿਤ ਕਰਦਾ ਸੀ। ਇਹ ਸਵਾਲ ਸਿਰਫ਼ ਮੁਸਲਮਾਨ ਸੰਗਠਨਾਂ ਨੇ ਹੀ ਨਹੀਂ ਸਗੋਂ ਸਿੱਖ, ਜੈਨ, ਈਸਾਈ ਅਤੇ ਬੋਧੀ ਸੰਗਠਨਾਂ ਨੇ ਵੀ ਚੁੱਕੇ।
ਇਸ ਦਾ ਹੱਲ ਇਹ ਕੱਢਿਆ ਗਿਆ ਕਿ ਇਸ ਗੀਤ ਦੇ ਸਿਰਫ਼ ਪਹਿਲੇ ਦੋ ਪੈਰੇ ਗਾਏ ਜਾਣਗੇ, ਜਿਨ੍ਹਾਂ ਦਾ ਕੋਈ ਧਾਰਮਿਕ ਪਹਿਲੂ ਨਹੀਂ ਹੈ।
ਹਾਲਾਂਕਿ, ਆਰਐੱਸਐੱਸ ਅਤੇ ਹਿੰਦੂ ਮਹਾਂਸਭਾ ਨੇ ਪੂਰੇ ਗੀਤ ਨੂੰ ਅਪਣਾਉਣ ਦੀ ਮੰਗ ਕੀਤੀ। ਉੱਥੇ ਹੀ ਮੁਸਲਮਾਨ ਲੀਗ ਨੇ ਪੂਰੇ ਗੀਤ ਦਾ ਵਿਰੋਧ ਕੀਤਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












