‘ਮਕਰਾਨ ਗਿਰੋਹ’ ਵਾਲੇ ਕੌਣ ਹਨ ਜੋ ਪਾਕਿਸਤਾਨ ਲਈ ਬਣ ਸਕਦੇ ਹਨ ਖ਼ਤਰਾ

    • ਲੇਖਕ, ਮੁਹੰਮਦ ਕਾਜ਼ਿਮ
    • ਰੋਲ, ਬੀਬੀਸੀ ਉਰਦੂ ਡੌਟ ਕੌਮ, ਕਵੇਟਾ, ਪਾਕਿਸਤਾਨ

ਪਾਕਿਸਤਾਨ ‘ਚ ਇੱਕ ਵਾਰ ਫਿਰ ਕੱਟੜਵਾਦ ਦਾ ਕਾਲਾ ਪਰਛਾਵਾਂ ਮੰਡਰਾਉਣ ਲੱਗਾ ਹੈ, ਭਾਵੇਂ ਉਹ ਬਨੂ ਕੈਂਟ ਦੀ ਘਟਨਾ ਹੋਵੇ ਜਾਂ ਫਿਰ ਕੁਝ ਦਿਨ ਪਹਿਲਾਂ ਪਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ‘ਚ ਵਾਪਰਿਆ ਆਤਮਘਾਤੀ ਹਮਲਾ।

ਇੰਨ੍ਹਾਂ ਘਟਨਾਵਾਂ ਤੋਂ ਸੰਕੇਤ ਮਿਲਦਾ ਹੈ ਕਿ ਕੱਟੜਪੰਥੀ ਤੱਤ ਇੱਕ ਵਾਰ ਫਿਰ ਯੋਜਨਾਬੱਧ ਕਾਰਵਾਈਆਂ ਨੂੰ ਅੰਜਾਮ ਦੇਣ ਲਈ ਲਾਮਬੰਦ ਹੋ ਰਹੇ ਹਨ।

ਇਸਲਾਮਾਬਾਦ ਵਿੱਚ ਹੋਏ ਆਤਮਘਾਤੀ ਧਮਾਕੇ ਤੋਂ ਬਾਅਦ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਨੇ ਨਾ ਸਿਰਫ਼ ਹਮਲੇ ਦੀ ਜ਼ਿੰਮੇਵਾਰੀ ਲਈ, ਸਗੋਂ ਦੇਸ਼ ਦੇ ਅਸ਼ਾਂਤ ਸੂਬੇ ਬਲੋਚਿਸਤਾਨ ਦੇ ਮਕਰਾਨ ਖੇਤਰ ਦੇ ਇੱਕ ਕੱਟੜਪੰਥੀ ਸਮੂਹ ਦੇ ਟੀਟੀਪੀ 'ਚ ਸ਼ਾਮਲ ਹੋਣ ਦਾ ਐਲਾਨ ਵੀ ਕੀਤਾ। 

ਮਕਰਾਨ ਬਲੋਚਿਸਤਾਨ ਦੇ ਉਨ੍ਹਾਂ ਖੇਤਰਾਂ 'ਚੋਂ ਇੱਕ ਹੈ ਜੋ ਪਹਿਲਾਂ ਤੋਂ ਹੀ ਬਲੋਚ ਅੱਤਵਾਦੀਆਂ ਦੀਆਂ ਕਾਰਵਾਈਆਂ ਤੋਂ ਪ੍ਰਭਾਵਿਤ ਹੈ। ਇਸੇ ਕਰਕੇ ਹੀ ਉੱਥੇ ਅਰਧ ਸੈਨਿਕ ਬਲਾਂ ਦੇ ਨਾਲ ਫੌਜ ਨੂੰ ਵੀ ਤਾਇਨਾਤ ਕੀਤਾ ਗਿਆ ਹੈ।

ਬੀਬੀਸੀ ਨੇ ਸੁਰੱਖਿਆ ਮਾਹਰਾਂ ਨਾਲ ਗੱਲਬਾਤ ਕਰਕੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਮਕਰਾਨ ਤੋਂ ਟੀਟੀਪੀ ‘ਚ ਸ਼ਾਮਲ ਹੋਣ ਵਾਲੇ ਲੋਕ ਕੌਣ ਹਨ ਅਤੇ ਮਕਰਾਨ ‘ਚ ਉਨ੍ਹਾਂ ਦੀਆਂ ਕਾਰਵਾਈਆਂ ਨਾਲ ਕੀ ਪ੍ਰਭਾਵ ਪੈ ਸਕਦਾ ਹੈ।

ਮਕਰਾਨ ਤੋਂ ਸ਼ਾਮਲ ਹੋਣ ਵਾਲੇ ਕੌਣ ਹਨ?

ਟੀਟੀਪੀ ਦੇ ਬੁਲਾਰੇ ਮੁਹੰਮਦ ਖ਼ੁਰਾਸਾਨੀ ਅਨੁਸਾਰ, ਬਲੋਚਿਸਤਾਨ ਦੇ ਮਕਰਾਨ ਡਿਵੀਜ਼ਨ ਦੇ ਕੱਟੜਪੰਥੀਆਂ ਨੇ ਟੀਟੀਪੀ ਮੁਖੀ ਅਬੂ ਮਨਸੂਰ ਅਸੀਮ ਮੁਫ਼ਤੀ ਨੂਰ ਵਲੀ ਅੱਗੇ ਪਰਵਾਸ ਅਤੇ ਜੇਹਾਦ ਦਾ ਸੰਕਲਪ ਲਿਆ ਹੈ।

ਮਕਰਾਨ ਤੋਂ ਸ਼ਾਮਲ ਹੋਣ ਵਾਲਿਆਂ ਬਾਰੇ ਟੀਟੀਪੀ ਵੱਲੋਂ ਜਾਰੀ ਇੱਕ ਬਿਆਨ ‘ਚ ਕਿਹਾ ਗਿਆ ਹੈ ਕਿ ਮਜ਼ਾਰ ਬਲੋਚ ਦੀ ਅਗਵਾਈ ‘ਚ ਸੰਕਲਪ ਲੈਣ ਵਾਲੇ ਇਸ ਸੰਗਠਨ ਦਾ ਅਤੀਤ ਸਕਾਰਾਤਮਕ ਰਿਹਾ ਹੈ।

ਇਸ ਸਬੰਧ ‘ਚ ਪਾਕਿਸਤਾਨ ‘ਚ ਸੁਰੱਖਿਆ ਮਾਮਲਿਆਂ ਦੇ ਮਾਹਰ ਅਤੇ ਪਾਕਿਸਤਾਨ ਇੰਸਟੀਚਿਊਟ ਆਫ਼ ਪੀਸ ਸਟੱਡੀਜ਼ ਦੇ ਡਾਇਰੈਕਟਰ ਮੁਹੰਮਦ ਆਮਿਰ ਰਾਣਾ ਨੇ ਬੀਬੀਸੀ ਨੂੰ ਦੱਸਿਆ, ‘'ਇਹ ਅਣਜਾਣ ਲੋਕ ਹਨ। ਟੀਟੀਪੀ ਨੇ ਜਿੰਨ੍ਹਾਂ ਲੋਕਾਂ ਦਾ ਜ਼ਿਕਰ ਕੀਤਾ ਹੈ, ਉਹ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ ‘ਚ ਸ਼ਾਮਲ ਨਹੀਂ ਰਹੇ ਹਨ।‘'

ਉਨ੍ਹਾਂ ਦਾ ਕਹਿਣਾ ਹੈ ਕਿ ਹਾਲਾਂਕਿ ਪਹਿਲਾਂ ਵੀ ਤਾਲਿਬਾਨ ਦਾ ਸਪੋਰਟ ਨੈੱਟਵਰਕ ਸੀ, ਪਰ ਇਹ ਇੰਨ੍ਹਾਂ ਨਾਲ ਰਸਮੀ ਤੌਰ ‘ਤੇ ਜੁੜੇ ਨਹੀਂ ਹਨ।

ਇਹ ਵੀ ਪੜ੍ਹੋ:

ਕਿੰਨ੍ਹਾਂ ਪ੍ਰਭਾਵੀ ਹੈ ਮਕਰਾਨ ਗਿਰੋਹ

ਬਲੋਚਿਸਤਾਨ ਦੇ ਸੀਨੀਅਰ ਵਿਸ਼ਲੇਸ਼ਕ ਸ਼ਹਿਜ਼ਾਦਾ ਜ਼ੁਲਫਿਕਾਰ ਨੇ ਬੀਬੀਸੀ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਇਹ ਮਸ਼ਹੂਰ ਲੋਕ ਨਹੀਂ ਹਨ।

ਉਨ੍ਹਾਂ ਅੱਗੇ ਕਿਹਾ ਕਿ ਮਕਰਾਨ ‘ਚ ਮਜ਼ਹਬੀ ਲੋਕ ਅਤੇ ਆਗੂ ਹਨ, ਪਰ ਮਕਰਾਨ ‘ਚ ਹੁਣ ਤੱਕ ਕਿਸੇ ਵੀ ਧਾਰਮਿਕ ਜਥੇਬੰਦੀ ਨੇ ਚੋਣ ਨਹੀਂ ਜਿੱਤੀ ਹੈ।

“ਕੁਝ ਵਿਸ਼ੇਸ਼ ਮਜ਼ਹਬੀ ਬਿਰਤੀ ਵਾਲੇ ਲੋਕ ਨਿੱਜੀ ਤੌਰ ‘ਤੇ ਚੋਣ ਜ਼ਰੂਰ ਜਿੱਤਦੇ ਰਹੇ ਹਨ, ਪਰ ਇੱਥੋਂ ਕਿਸੇ ਵੀ ਧਾਰਮਿਕ ਵਰਗ ਨੂੰ ਕੋਈ ਸਫਲਤਾ ਨਹੀਂ ਮਿਲੀ ਹੈ।”

ਜ਼ੁਲਫਿਕਾਰ ਨੇ ਅੱਗੇ ਕਿਹਾ, ‘‘ਭਵਿੱਖ ‘ਚ ਜੇਕਰ ਇਹ ਲੋਕ ਮਕਰਾਨ ਜਾਂ ਕਿਸੇ ਹੋਰ ਖੇਤਰ ‘ਚ ਕੋਈ ਵੀ ਕਾਰਵਾਈ ਕਰਦੇ ਹਨ ਤਾਂ ਉਸ ਤੋਂ ਪਤਾ ਲੱਗ ਜਾਵੇਗਾ ਕਿ ਇਹ ਸਮੂਹ ਕਿੰਨਾਂ ਕੁ ਪ੍ਰਭਾਵਸ਼ਾਲੀ ਹੈ, ਪਰ ਫਿਲਹਾਲ ਇਹ ਕੋਈ ਸੰਗਠਿਤ ਸਮੂਹ ਨਹੀਂ ਹੈ, ਹੋ ਸਕਦਾ ਹੈ ਕਿ ਕੁਝ ਲੋਕ ਹੋਣ ਜੋ ਆਪਣਾ ਵਿੰਗ ਬਣਾਉਣਾ ਚਾਹੁੰਦੇ ਹੋਣ।’'

ਸੰਘਰਸ਼ ਤੋਂ ਬਾਅਦ ਬਲੋਚਿਸਤਾਨ ‘ਚ ਜੋ ਅਸ਼ਾਂਤੀ ਦੀਆਂ ਜੋ ਘਟਨਾਵਾਂ ਵਾਪਰ ਰਹੀਆਂ ਹਨ, ਉਨ੍ਹਾਂ ‘ਚੋਂ ਕੁਝ ਘਟਨਾਵਾਂ ਦੀ ਜ਼ਿੰਮੇਵਾਰੀ ਹੋਰ ਕੱਟੜਪੰਥੀ ਸੰਗਠਨਾਂ ਦੀ ਤਰ੍ਹਾਂ, ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਵੀ ਸਵੀਕਾਰ ਕਰਦਾ ਰਿਹਾ ਹੈ।

ਪਰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਜਿੰਨ੍ਹਾਂ ਕਾਰਵਾਈਆਂ ਦੀ ਜ਼ਿੰਮੇਵਾਰੀ ਲੈਂਦਾ ਰਿਹਾ ਹੈ, ਉਹ ਕਵੇਟਾ ਜਾਂ ਬਲੋਚਿਸਤਾਨ ਦੇ ਪਸ਼ਤੂਨ ਇਲਾਕਿਆਂ ਤੱਕ ਹੀ ਸੀਮਤ ਰਹੀਆਂ ਹਨ।

ਹਾਲਾਂਕਿ ਤਹਿਰੀਕ-ਏ-ਤਾਲਿਬਾਨ ਵੱਲੋਂ ਇਹ ਕਿਹਾ ਗਿਆ ਹੈ ਕਿ ਮਕਰਾਨ ਡਿਵੀਜ਼ਨ ਤੋਂ ਪਹਿਲਾਂ ਰਖਸਾਨ ਡਿਵੀਜ਼ਨ ‘ਚ ਨੁਸ਼ਕੀ ਤੋਂ ਵੀ ਇੱਕ ਗੈਂਗ ਉਨ੍ਹਾਂ ‘ਚ ਸਾਮਲ ਹੋਇਆ ਸੀ, ਪਰ ਟੀਟੀਪੀ ਨੇ ਨੁਸ਼ਕੀ ਜਾਂ ਉਸ ਨਾਲ ਲੱਗਦੇ ਖੇਤਰਾਂ ‘ਚ ਕਿਸੇ ਵੀ ਘਟਨਾ ਦੀ ਜ਼ਿੰਮੇਵਾਰੀ ਨਹੀਂ ਚੁੱਕੀ ਹੈ।

ਮਕਰਾਨ ‘ਚ ਧਾਰਮਿਕ ਕੱਟੜਵਾਦ ਦਾ ਪਿਛੋਕੜ

ਸ਼ਹਿਜ਼ਾਦਾ ਜ਼ੁਲਫਿਕਾਰ ਦਾ ਕਹਿਣਾ ਹੈ ਕਿ ਮਕਰਾਨ ‘ਚ ਧਾਰਮਿਕ ਕੱਟੜਵਾਦ ਦਾ ਕੋਈ ਮਸ਼ਹੂਰ ਗਿਰੋਹ ਨਹੀਂ ਰਿਹਾ ਹੈ, ਪਰ ਕੁਝ ਅਜਿਹੇ ਲੋਕ ਜ਼ਰੂਰ ਸਨ ਜੋ ਨਿੱਜੀ ਸਕੂਲਾਂ ਦੇ ਖ਼ਿਲਾਫ ਸਨ।

ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਈਰਾਨੀ ਨਾਗਰਿਕਤਾ ਵਾਲੇ ਕੁਝ ਲੋਕ ਧਾਰਮਿਕ ਕੱਟੜਤਾ ਦੇ ਕਾਰਨ ਮਕਰਾਨ ਆਉਂਦੇ ਰਹੇ ਹਨ, ਜਿੰਨ੍ਹਾਂ ‘ਚ ਮੁੱਲਾ ਉਮਰ ਨਾਮ ਦਾ ਇੱਕ ਵਿਅਕਤੀ ਵੀ ਸ਼ਾਮਲ ਹੈ, ਜੋ ਕਿ ਕੁਝ ਸਮਾਂ ਪਹਿਲਾਂ ਕੇਚ ਜ਼ਿਲ੍ਹੇ ‘ਚ ਆਪਣੇ ਪੁੱਤਰਾਂ ਸਮੇਤ ਮਾਰੇ ਗਏ ਸਨ।

ਆਮਿਰ ਰਾਣਾ ਦਾ ਕਹਿਣਾ ਹੈ ਕਿ ਪਹਿਲਾਂ ਮਕਰਾਨ ‘ਚ ਇਸ ਤਰ੍ਹਾਂ ਦੀ ਕੋਈ ਵੱਡੀ ਗਤੀਵਿਧੀ ਨਹੀਂ ਸੀ।

ਉਨ੍ਹਾਂ ਕਿਹਾ ਕਿ “ਪੰਜਗੁਰ ‘ਚ ਕੁਝ ਅਜਿਹੇ ਸਮੂਹ ਸਨ, ਜੋ ਤਾਲਿਬਾਨ ਦਾ ਸਮਰਥਨ ਕਰਦੇ ਸਨ ਅਤੇ ਉਨ੍ਹਾਂ ਨੇ ਉਨ੍ਹਾ ਦੇ ਹੱਕ ‘ਚ ਕੁਝ ਗਤੀਵਿਧੀਆਂ ਨੂੰ ਅੰਜਾਮ ਵੀ ਦਿੱਤਾ ਸੀ। ਤਾਲਿਬਾਨ ‘ਚ ਸ਼ਾਮਲ ਹੋਣ ਵਾਲੇ ਇਹ ਉਹੀ ਲੋਕ ਹੋ ਸਕਦੇ ਹਨ।”

ਉਨ੍ਹਾਂ ਨੇ ਕਿਹਾ ਕਿ ਇਸ ਖੇਤਰ ‘ਚ ਈਰਾਨ ਦੇ ਕੱਟੜਪੰਥੀ ਸੰਗਠਨ ਜੈਸ਼-ਉਲ-ਅਦਲ ਦੇ ਲੋਕਾਂ ਦੇ ਤਾਲਿਬਾਨ ‘ਚ ਸ਼ਾਮਲ ਹੋਣ ਦੀ ਸੰਭਾਵਨਾ ਸੀ, ਪਰ ਉਨ੍ਹਾਂ ਨੇ ਅਜੇ ਤੱਕ ਅਜਿਹਾ ਨਹੀਂ ਕੀਤਾ ਹੈ ਅਤੇ ਉਹ ਸੁਤੰਤਰ ਤੌਰ ‘ਤੇ ਆਪਣੀਆ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਹਨ। ਜੇ ਤਾਲਿਬਾਨ ‘ਚ ਸ਼ਾਮਲ ਹੋਣ ਵਾਲਿਆਂ ਨੇ ਸੰਗਠਿਤ ਕਾਰਵਾਈ ਕੀਤੀ ਤਾਂ ਮਕਰਾਨ ‘ਤੇ ਪ੍ਰਭਾਵ ਪਵੇਗਾ।

ਬਲੋਚਿਸਤਾਨ ‘ਚ ਜਿੰਨ੍ਹੇ ਵੀ ਪਾਬੰਦੀਸ਼ੁਦਾ ਬਲੋਚ ਕੱਟੜਪੰਥੀ ਸੰਗਠਨ ਹਨ ਉਹ ਮਕਰਾਨ ਦੇ ਵੱਖ-ਵੱਖ ਇਲਕਿਆਂ ‘ਚ ਵਿਸ਼ੇਸ਼ ਧਾਰਮਿਕ ਪਿਛੋਕੜ ਦੇ ਲੋਕਾਂ ਦੇ ਖ਼ਿਲਾਫ ਕਾਰਵਾਈ ਵੀ ਕਰਦੇ ਰਹੇ ਹਨ।

ਇਸ ਸੰਦਰਭ ‘ਚ ਇੱਕ ਸਵਾਲ ‘ਤੇ ਆਮਿਰ ਰਾਣਾ ਨੇ ਕਿਹਾ ਕਿ “ਮਕਰਾਨ ‘ਚ ਕੱਟੜਪੰਥੀ ਸੰਗਠਨ ਬਲੋਚਿਸਤਾਨ ਲਿਬਰੇਸ਼ਨ ਫੋਰਸ (ਬੀਐਲਐਫ) ਅਤੇ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀਐਲਏ) ਧਾਰਮਿਕ ਪਿਛੋਕੜ ਵਾਲੇ ਕੁਝ ਤੱਤਾਂ ਦੇ ਖ਼ਿਲਾਫ਼ ਕਾਰਵਾਈ ਕਰਦੇ ਰਹੇ ਹਨ, ਪਰ ਅਜਿਹੇ ਲੋਕ ਸਨ ਜਿੰਨ੍ਹਾਂ ਨੂੰ ਇਹ ਡੈੱਥ ਸਕਵੈਡ ਕਹਿੰਦੇ ਸਨ।”

ਉਨ੍ਹਾਂ ਕਿਹਾ ਕਿ ਟੀਟੀਪੀ ਗੱਠਜੋੜ ਕਰਨ ਵਾਲਾ ਇਹ ਸਮੂਹ ਜੇਕਰ ‘ਡੈੱਥ ਸਕਵੈਡ’ ਨਹੀਂ ਹੈ ਤਾਂ ਬਲੋਚ ਕੱਟੜਪੰਥੀਆਂ ਅਤੇ ਉਨ੍ਹਾਂ ਵਿਚਾਲੇ ਸਹਿਯੋਗ ਦੀਆਂ ਸੰਭਾਵਨਾਵਾਂ ਹੋ ਸਕਦੀਆਂ ਹਨ।

ਇੱਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ ਦੁਨੀਆ ‘ਚ ਧਰਮ ਨਿਰਪੱਖਤਾ ਅਤੇ ਧਾਰਮਿਕ ਪਿਛੋਕੜ ਵਾਲੇ ਲੋਕਾਂ ਦਾ ਇਹ ਪਹਿਲਾ ਗੱਠਜੋੜ ਨਹੀਂ ਹੋਵੇਗਾ, ਬਲਕਿ ਇਸ ਤੋਂ ਪਹਿਲਾਂ ਵੀ ਈਰਾਨ ਅਤੇ ਦੁਨੀਆ ਦੇ ਹੋਰ ਹਿੱਸਿਆਂ ‘ਚ ਵਿਚਾਰਧਾਰਕ ਮਤਭੇਦਾਂ ਵਾਲੇ ਸਮੂਹਾਂ ਦਰਮਿਆਨ ਸਹਿਯੋਗ ਰਿਹਾ ਹੈ।

ਉਨ੍ਹਾਂ ਕਿਹਾ ਕਿ “ਹਾਲਾਂਕਿ ਉਨ੍ਹਾਂ ਦਰਮਿਆਨ ਵਿਚਾਰਧਾਰਕ ਮਤਭੇਦ ਹਨ ਪਰ ਉਨ੍ਹਾਂ ਵਿਚਾਲੇ ਏਕਤਾ ਦੇ ਮੌਕੇ ਵੱਧ ਸਕਦੇ ਹਨ। ਜਦੋਂ ਕਿਸੇ ਵੀ ਖੇਤਰ ‘ਚ ਦੋ ਜੰਗੀ ਸੰਸਥਾਵਾਂ ਹੁੰਦੀਆਂ ਹਨ ਤਾਂ ਕਦੇ ਨਾ ਕਦੇ ਉਨ੍ਹਾਂ ਦਾ ਕਾਰਜਸ਼ੀਲ ਤਾਲਮੇਲ ਵੱਧ ਹੀ ਜਾਂਦਾ ਹੈ। ਇੱਥੇ ਅਜਿਹੀਆਂ ਸੰਭਾਵਨਾਵਾਂ ਮੌਜੁਦ ਹਨ ਅਤੇ ਜੇ ਅਜਿਹਾ ਹੁੰਦਾ ਹੈ ਤਾਂ ਇਹ ਖ਼ਤਰਨਾਕ ਸਿੱਧ ਹੋਵੇਗਾ।”

ਰਾਸ਼ਟਰਵਾਦੀਆਂ ਦਾ ਗੜ੍ਹ ਮਕਰਾਨ

ਸ਼ਹਿਜ਼ਾਦਾ ਜ਼ੁਲਫਿਕਾਰ ਨੇ ਕਿਹਾ ਕਿ ਜੇ ਤਹਿਰੀਕ-ਏ-ਤਾਲਿਬਾਨ ਦਾ ਇਹ ਦਾਅਵਾ ਸਹੀ ਹੈ ਕਿ ਤਾਂ ਉਹ ਇਹ ਸਾਬਤ ਕਰਨਾ ਚਾਹੁੰਦਾ ਹੈ ਕਿ ਰਾਸ਼ਟਰਵਾਦੀਆਂ ਦਾ ਗੜ੍ਹ ਕਹੇ ਜਾਣ ਵਾਲੇ ਮਕਰਾਨ ‘ਚ ਵੀ ਉਨ੍ਹਾਂ ਦਾ ਪ੍ਰਭਾਵ ਹੈ ਅਤੇ ਉੱਥੋਂ ਵੀ ਲੋਕ ਇਸ ‘ਚ ਸ਼ਾਮਲ ਹੋ ਰਹੇ ਹਨ।

ਉਨ੍ਹਾਂ ਕਿਹਾ ਕਿ ਅਜੇ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਇਹ ਸਮੂਹ ਕਿੰਨ੍ਹਾਂ ਪ੍ਰਭਾਵੀ ਹੋਵੇਗਾ, ਪਰ ਜੇ ਇਹ ਸੰਗਠਿਤ ਹੋਇਆ ਅਤੇ ਇਸ ਨੇ ਕੋਈ ਕਾਰਵਾਈ ਕੀਤੀ ਤਾਂ ਮਕਰਾਨ ‘ਤੇ ਇਸ ਦਾ ਪ੍ਰਭਾਵ ਜ਼ਰੂਰ ਪਵੇਗਾ ਅਤੇ ਇਸ ਨਾਲ ਉਨ੍ਹਾਂ ਦਾ ਕੰਮ ਸੌਖਾ ਹੋ ਜਾਵੇਗਾ ਜੋ ਕਿ ਪਹਿਲਾਂ ਤੋਂ ਹੀ ਇਸ ਤਰ੍ਹਾਂ ਦੀ ਕਾਰਵਾਈ ਕਰ ਰਹੇ ਹਨ।

ਉਨ੍ਹਾਂ ਅੱਗੇ ਕਿਹਾ , “ਜੇਕਰ ਇਹ ਸੱਚਮੁੱਚ ਸਿਖਲਾਈ ਪ੍ਰਾਪਤ ਵਾਲੇ ਲੋਕ ਹਨ ਅਤੇ ਬਲੋਚ ਕੱਟੜਪੰਥੀਆਂ ਅਤੇ ਉਨ੍ਹਾਂ ਵਿਚਾਲੇ ਕੋਈ ਸਹਿਯੋਗ ਹੋਇਆ ਹੈ ਤਾਂ ਉਹ ਸਰਕਾਰ ਦੇ ਲਈ ਸਮੱਸਿਆ ਬਣ ਸਕਦੇ ਹਨ।”

“ਜੇਕਰ ਇਹ ਸਿਰਫ ਇੱਕ ਅਜਿਹਾ ਸਮੂਹ ਹੈ ਜਿਸ ਨੂੰ ਤਾਲਿਬਾਨ ਨੇ ਮੀਡੀਆ ਦਾ ਧਿਆਨ ਖਿੱਚਣ ਲਈ ਇਸਤੇਮਾਲ ਕੀਤਾ ਹੈ ਤਾਂ ਜੋ ਸਰਕਾਰ ਨੂੰ ਪਰੇਸ਼ਾਨ ਕੀਤਾ ਜਾ ਸਕੇ, ਤਾਂ ਇਸ ਦਾ ਕੋਈ ਅਸਰ ਨਹੀਂ ਹੋਵੇਗਾ।”

ਪ੍ਰਸ਼ਾਸਨਿਕ ਤੌਰ ‘ਤੇ ਮਕਰਾਨ ‘ਚ ਬਲੋਚਿਸਤਾਨ ਦੇ ਤਿੰਨ ਜ਼ਿਲ੍ਹੇ ਗਵਾਦਰ, ਕੇਚ ਅਤੇ ਪੰਜਗੁਰ ਸ਼ਾਮਲ ਹਨ। ਇੰਨ੍ਹਾਂ ਤਿੰਨੇ ਜ਼ਿਲ੍ਹਿਆਂ ਦੀ ਸਰਹੱਦ ਪੱਛਮ ‘ਚ ਈਰਾਨ ਨਾਲ ਲੱਗਦੀ ਹੈ।

ਮਕਰਾਨ ਬਲੋਚਿਸਤਾਨ ਦੇ ਉਨ੍ਹਾਂ ਇਲਾਕਿਆਂ ‘ਚੋਂ ਇੱਕ ਹੈ ਜਿੱਥੇ ਸਿਰਫ ਵੱਖ-ਵੱਖ ਬਲੋਚ ਕਬੀਲਿਆਂ ਦੇ ਲੋਕ ਰਹਿੰਦੇ ਹਨ।

ਇਹ ਡਿਵੀਜ਼ਨ ਬਲੋਚਿਸਤਾਨ ਦੇ ਉਨ੍ਹਾਂ ਇਲਾਕਿਆਂ ‘ਚੋਂ ਵੀ ਇੱਕ ਹੈ ਜਿੱਥੇ ਸਿੱਖਿਆ ਦਰ ਵੀ ਉੱਚੀ ਹੈ।

ਭਾਵੇਂ ਮਕਰਾਨ ‘ਚ ਰਹਿਣ ਵਾਲੇ ਲੋਕ ਬਲੋਚਿਸਤਾਨ ਦੇ ਵੱਖ-ਵੱਖ ਕਬੀਲਿਆਂ ‘ਚੋਂ ਹਨ, ਪਰ ਉੱਥੇ ਕਬਾਇਲੀ ਪ੍ਰਣਾਲੀ ਕਲਾਤ ਡਿਵੀਜ਼ਨ, ਸਬ ਡਿਵੀਜ਼ਨ, ਨਸੀਰਾਬਾਦ ਡਿਵੀਜ਼ਨ ਜਾਂ ਬਲੋਚਿਸਤਾਨ ਦੇ ਕੁਝ ਹੋਰ ਇਲਾਕਿਆ ਦੀ ਤਰ੍ਹਾਂ ਮਜ਼ਬੂਤ ਨਹੀਂ ਹੈ।

ਚੀਨ ਪਾਕਿਸਤਾਨ ਆਰਥਿਕ ਗਲਿਆਰੇ, ਸੀਪੀਈਸੀ ਦੇ ਮਹੱਤਵਪੂਰਨ ਪ੍ਰੋਜੈਕਟਾਂ ਦਾ ਕੇਂਦਰ ਗਵਾਦਰ ਨਾ ਸਿਰਫ ਮਕਰਾਨ ਡਿਵੀਜ਼ਨ ਦਾ ਹਿੱਸਾ ਹੈ, ਸਗੋਂ ਗਵਾਦਰ ਬੰਦਰਗਾਹ ਨੂੰ ਬਲੋਚਿਸਤਾਨ ਜਾਂ ਪਾਕਿਸਤਾਨ ਦੇ ਹੋਰ ਖੇਤਰਾਂ ਨਾਲ ਜੋੜਨ ਵਾਲੇ ਰਸਤੇ ਵੀ ਮਕਰਾਨ ਦੇ ਵੱਖ-ਵੱਖ ਖੇਤਰਾਂ ‘ਚੋਂ ਲੰਘਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)