'ਮੱਛਰ ਲਿਆਓ, ਜ਼ਿੰਦਾ ਜਾਂ ਮਰੇ ਅਤੇ ਪਾਓ ਇਨਾਮ', ਡੇਂਗੂ ਦੇ ਫੈਲਾਅ ਨੂੰ ਰੋਕਣ ਲਈ ਪ੍ਰਸ਼ਾਸਨ ਦੀ ਪਹਿਲ

    • ਲੇਖਕ, ਵਿਰਮਾ ਸਿਮੋਨੇਟਾ ਅਤੇ ਜੋਏਲ ਡੂਨਟੋ
    • ਰੋਲ, ਬੀਬੀਸੀ ਪੱਤਰਕਾਰ

ਫ਼ਿਲੀਪੀਨਜ਼ ਦੇ ਇੱਕ ਇਲਾਕੇ ਵਿੱਚ ਅਧਿਕਾਰੀ ਡੇਂਗੂ ਦੇ ਫ਼ੈਲਾਅ ਨੂੰ ਰੋਕਣ ਲਈ ਜੇ ਕੋਈ ਮੱਛਰਾਂ ਨੂੰ ਫੜਨ ਵਿੱਚ ਮਦਦਗਾਰ ਸਾਬਤ ਹੁੰਦਾ ਹੈ ਤਾਂ ਉਸ ਨੂੰ ਨਕਦ ਇਨਾਮ ਦੇਣਗੇ।

ਇਹ ਇਲਾਕਾ ਸਭ ਤੋਂ ਸੰਘਣੀ ਆਬਾਦੀ ਵਾਲੇ ਸ਼ਹਿਰੀ ਕੇਂਦਰਾਂ ਵਿੱਚੋਂ ਇੱਕ ਹੈ।

ਕੇਂਦਰੀ ਮਨੀਲਾ ਵਿੱਚ ਬਾਰਾਂਗੇ ਐਡੀਸ਼ਨ ਹਿੱਲਜ਼ ਦੇ ਪਿੰਡ ਦੇ ਮੁਖੀ, ਕਾਰਲੀਟੋ ਸਰਨਲ ਨੇ ਹਰ ਪੰਜ ਮੱਛਰਾਂ ਲਈ ਇੱਕ ਪੇਸੋ (ਦੋ ਯੂਐੱਸ ਸੈਂਟ ਤੋਂ ਘੱਟ) ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।

ਉਨ੍ਹਾਂ ਦੇ ਇਸ ਕਦਮ ਦੀ ਸੋਸ਼ਲ ਮੀਡੀਆ 'ਤੇ ਨਿੰਦਾ ਹੋ ਰਹੀ ਹੈ, ਪਰ ਸਰਨਲ ਨੇ ਇਸ ਨੂੰ ਭਾਈਚਾਰੇ ਦੀ ਸਿਹਤ ਲਈ ਇੱਕ ਜ਼ਰੂਰੀ ਕਰਦਮ ਦੱਸਿਆ ਹੈ।

ਇਹ ਕਦਮ ਫ਼ਿਲੀਪੀਨਜ਼ ਵਿੱਚ ਡੇਂਗੂ ਦੇ ਮਾਮਲਿਆਂ ਵਿੱਚ ਹਾਲ ਹੀ ਵਿੱਚ ਹੋਏ ਵਾਧੇ ਤੋਂ ਬਾਅਦ ਲਿਆ ਗਿਆ ਹੈ। ਡੇਂਗੂ ਦਾ ਮੁੱਖ ਕਾਰਨ ਮੱਛਰ ਹਨ।

ਘੱਟੋ-ਘੱਟ ਇੱਕ ਮਹੀਨੇ ਤੱਕ ਚਲਣ ਵਾਲੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਸਰਨਲ ਦੇ ਗੁਆਂਢ ਵਿੱਚ ਦੋ ਵਿਦਿਆਰਥੀਆਂ ਦੀ ਬਿਮਾਰੀ ਨਾਲ ਮੌਤ ਹੋਣ ਤੋਂ ਬਾਅਦ ਕੀਤੀ ਗਈ ਸੀ।

ਸਰਨਲ ਨੇ ਦੱਸਿਆ ਕਿ ਇਹ ਇਨਾਮ ਸਾਰੇ ਮੱਛਰਾਂ... ਮਰੇ ਜਾਂ ਜ਼ਿੰਦਾ ਬਾਰੇ ਦੱਸਣ ਉੱਤੇ ਦਿੱਤਾ ਜਾਵੇਗਾ।

ਅਲਟਰਾਵਾਇਲਟ ਰੋਸ਼ਨੀ ਦੀ ਵਰਤੋਂ ਕਰਕੇ ਜਿਉਂਦੇ ਮੱਛਰਾਂ ਨੂੰ ਖ਼ਤਮ ਕੀਤਾ ਜਾਵੇਗਾ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕੁੱਲ 21 ਲੋਕ ਪਹਿਲਾਂ ਹੀ ਆਪਣੇ ਇਨਾਮ ਦਾ ਦਾਅਵਾ ਕਰ ਚੁੱਕੇ ਹਨ, ਇਹ ਲੋਕ ਹੁਣ ਤੱਕ ਕੁੱਲ 700 ਮੱਛਰ ਅਤੇ ਲਾਰਵਾ ਲਿਆਏ ਹਨ।

ਮਜ਼ਾਕ ਵੀ ਉਡਿਆ ਅਤੇ ਸ਼ਲਾਘਾ ਵੀ ਹੋਈ

ਮੰਗਲਵਾਰ ਨੂੰ ਦੇਰੀ ਨਾਲ ਐਲਾਨ ਕੀਤੇ ਜਾਣ ਤੋਂ ਬਾਅਦ ਬਾਉਂਟੀ ਨੇ ਤੇਜ਼ੀ ਨਾਲ ਮਜ਼ਾਕ ਉਡਾਇਆ।

ਸੋਸ਼ਲ ਮੀਡੀਆ ਉੱਤੇ ਹੋਈ ਇੱਕ ਟਿੱਪਣੀ ਵਿੱਚ ਕਿਹਾ ਗਿਆ, "ਮੱਛਰ ਦੀ ਖੇਤੀ ਹੋ ਰਹੀ ਹੈ।"

ਇੱਕ ਹੋਰ ਨੇ ਲਿਖਿਆ, "ਜੇ ਮੱਛਰ ਦਾ ਸਿਰਫ਼ ਇੱਕ ਖੰਭ ਹੋਵੇਗਾ ਤਾਂ ਕੀ ਉਸ ਨੂੰ ਰੱਦ ਕਰ ਦਿੱਤਾ ਜਾਵੇਗਾ?"

ਫ਼ਿਲੀਪੀਨਜ਼ ਦੇ ਸਿਹਤ ਵਿਭਾਗ (ਡੀਓਐੱਚ) ਨੇ ਬੀਬੀਸੀ ਨੂੰ ਦੱਸਿਆ ਕਿ ਉਹ ਡੇਂਗੂ ਨਾਲ ਲੜਨ ਲਈ ਸਥਾਨਕ ਸਰਕਾਰਾਂ ਦੇ ਅਧਿਕਾਰੀਆਂ ਦੇ ਚੰਗੇ ਇਰਾਦਿਆਂ ਦੀ ਸ਼ਲਾਘਾ ਕਰਦਾ ਹੈ।

ਹਾਲਾਂਕਿ, ਜਦੋਂ ਇਹ ਪੁੱਛਿਆ ਗਿਆ ਕਿ ਕੀ ਨਕਦੀ ਦੇ ਬਦਲੇ ਮੱਛਰਾਂ ਨੂੰ ਫੜਨਾ ਡੇਂਗੂ ਨੂੰ ਰੋਕਣ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਹੈ ਤਾਂ ਉਨ੍ਹਾਂ ਨੇ ਇਸ ਉੱਤੇ ਹੋਰ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਇਸ ਵਿੱਚ ਕਿਹਾ ਗਿਆ ਹੈ, "ਅਸੀਂ ਸਾਰੇ ਸਬੰਧਤ ਲੋਕਾਂ ਨੂੰ ਸਬੂਤ-ਆਧਾਰਿਤ ਕੋਸ਼ਿਸ਼ਾਂ ਲਈ ਆਪਣੇ ਇਲਾਕੇ ਵਿੱਚ ਸਥਾਨਕ ਸਿਹਤ ਅਧਿਕਾਰੀਆਂ ਜਾਂ ਡੀਓਐੱਚ ਖੇਤਰੀ ਦਫ਼ਤਰ ਨਾਲ ਸਲਾਹ ਅਤੇ ਤਾਲਮੇਲ ਕਰਨ ਲਈ ਬੇਨਤੀ ਕਰਦੇ ਹਾਂ।"

ਸਰਨਲ ਨੇ ਕਿਹਾ ਕਿ ਉਹ ਜਾਣਦੇ ਸਨ ਕਿ ਸੋਸ਼ਲ ਮੀਡੀਆ 'ਤੇ ਇਨਾਮ ਵਾਲੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਵੇਗਾ।

ਉਨ੍ਹਾਂ ਨੇ ਕਿਹਾ, "ਇਹ ਸਭ ਤੋਂ ਵੱਡੇ ਅਤੇ ਸਭ ਤੋਂ ਸੰਘਣੇ ਇਲਾਕਿਆਂ ਵਿੱਚੋਂ ਇੱਕ ਹੈ। ਸਾਨੂੰ ਸਥਾਨਕ ਸਰਕਾਰ ਦੀ ਮਦਦ ਲਈ ਕੁਝ ਕਰਨਾ ਪਏਗਾ।"

ਉਨ੍ਹਾਂ ਨੇ ਧਿਆਨ ਦਿਵਾਇਆ ਕਿ ਸਥਾਨਕ ਸਿਹਤ ਅਧਿਕਾਰੀਆਂ ਨੇ ਹਾਲ ਹੀ ਵਿੱਚ ਡੇਂਗੂ ਲਾਗ਼ ਤੋਂ ਪ੍ਰਭਾਵਿਤ 44 ਮਾਮਲੇ ਦਰਜ ਕੀਤੇ ਹਨ।

ਬਾਰਾਂਗੇ ਐਡੀਸ਼ਨ ਹਿੱਲਜ਼ ਤਕਰੀਬਨ 70,000 ਲੋਕ ਰਹਿੰਦੇ ਹਨ। ਇਹ ਰਾਜਧਾਨੀ, ਮੈਟਰੋ ਮਨੀਲਾ ਦੇ ਕੇਂਦਰ ਵਿੱਚ ਇੱਕ 162 ਹੈਕਟੇਅਰ ਵਿੱਚ ਘਿਰਿਆ ਹੋਇਆ ਹੈ।

ਸਰਨਲ ਨੇ ਕਿਹਾ ਕਿ ਇਨਾਮ ਦਾ ਮਕਸਦ ਮੌਜੂਦਾ ਉਪਾਵਾਂ ਜਿਵੇਂ ਕਿ ਗਲੀਆਂ ਦੀ ਸਫ਼ਾਈ ਅਤੇ ਡੇਂਗੂ ਫ਼ੈਲਾਉਣ ਵਾਲੇ ਮੱਛਰਾਂ ਦੀ ਰਿਹਾਇਸ਼ ਖੜੇ ਪਾਣੀ ਦੀਆਂ ਥਾਵਾਂ ਦੀ ਸਫ਼ਾਈ ਕਰਨਾ ਸ਼ਾਮਲ ਹੈ।

ਗਰਮ ਤੇ ਸ਼ਹਿਰੀ ਇਲਾਕਿਆਂ ਵਿੱਚ ਡੇਂਗੂ ਦਾ ਵਧੇਰੇ ਫ਼ੈਲਾਅ

ਡੇਂਗੂ ਗਰਮ ਦੇਸ਼ਾਂ ਵਿੱਚ ਫ਼ੈਲਦਾ ਹੈ ਅਤੇ ਇਸ ਦਾ ਪ੍ਰਕੋਪ ਅਕਸਰ ਸ਼ਹਿਰੀ ਇਲਾਕਿਆਂ ਵਿੱਚ ਵਧੇਰੇ ਹੁੰਦਾ ਹੈ ਜਿੱਥੇ ਸਾਫ਼-ਸਫ਼ਾਈ ਦੀ ਘਾਟ ਹੋਵੇ। ਅਜਿਹੀਆਂ ਥਾਵਾਂ ਉੱਤੇ ਮੱਛਰਾਂ ਤੇਜ਼ੀ ਨਾਲ ਵੱਧਦੇ ਹਨ।

ਗੰਭੀਰ ਮਾਮਲਿਆਂ ਵਿੱਚ ਡੇਂਗੂ ਅੰਦਰੂਨੀ ਖੂਨ ਵਹਿਣ ਦਾ ਕਾਰਨ ਬਣਦਾ ਹੈ ਜਿਸ ਨਾਲ ਮੌਤ ਹੋ ਸਕਦੀ ਹੈ।

ਇਸ ਦੇ ਲੱਛਣਾਂ ਵਿੱਚ ਸਿਰਦਰਦ, ਉਲਟੀ ਆਉਣਾ, ਜੋੜਾਂ ਅਤੇ ਮਾਸਪੇਸ਼ੀਆਂ ਵਿੱਚ ਦਰਦ ਸ਼ਾਮਲ ਹਨ।

ਫ਼ਿਲੀਪੀਨਜ਼ ਦੇ ਅਧਿਕਾਰੀਆਂ ਨੇ ਹਾਲ ਹੀ ਵਿੱਚ ਮੌਸਮੀ ਬਾਰਸ਼ਾਂ ਕਾਰਨ ਦੇਸ਼ ਭਰ ਵਿੱਚ ਡੇਂਗੂ ਦੇ ਮਾਮਲਿਆਂ ਵਿੱਚ ਵਾਧਾ ਦਰਸਾਇਆ ਹੈ।

ਡੀਓਐੱਚ ਨੇ ਦੱਸਿਆ 1 ਫ਼ਰਵਰੀ ਨੂੰ 28,234 ਮਾਮਲੇ ਦਰਜ ਕੀਤੇ ਗਏ, ਜੋ ਪਿਛਲੇ ਸਾਲ ਨਾਲੋਂ 40 ਫ਼ੀਸਦ ਤੋਂ ਵੱਧ ਹਨ।

ਵਿਭਾਗ ਨੇ ਲੋਕਾਂ ਨੂੰ ਆਪਣੇ ਆਲੇ-ਦੁਆਲੇ ਦੀ ਸਫ਼ਾਈ ਰੱਖਣ, ਮੱਛਰ ਪੈਦਾ ਕਰਨ ਵਾਲੀਆਂ ਸੰਭਾਵਿਤ ਥਾਵਾਂ ਜਿਵੇਂ ਕਿ ਪੁਰਾਣੇ ਪਏ ਟਾਇਰਾਂ ਨੂੰ ਨਸ਼ਟ ਕਰਨ, ਲੰਬੀਆਂ ਬਾਹਾਂ ਵਾਲੀਆਂ ਕਮੀਜ਼ਾਂ ਅਤੇ ਟਰਾਊਜ਼ਰ ਪਹਿਨਣ ਅਤੇ ਮੱਛਰਾਂ ਤੋਂ ਬਚਾਅ ਲਈ ਦਵਾਈ ਲਗਾਉਣ ਦੀ ਸਲਾਹ ਦਿੱਤੀ ਹੈ।

ਡੇਂਗੂ ਤੋਂ ਇਲਾਵਾ, ਡੀਓਐੱਚ ਨੇ ਕਿਹਾ ਕਿ ਬਾਰਸ਼ਾਂ ਨੇ ਇਨਫ਼ਲੂਐਂਜ਼ਾ ਵਰਗੀਆਂ ਬਿਮਾਰੀਆਂ ਅਤੇ ਲੈਪਟੋਸਪਾਇਰੋਸਿਸ ਦੇ ਮਾਮਲਿਆਂ ਵਿੱਚ ਵੀ ਵਾਧਾ ਕੀਤਾ ਹੈ। ਇਹ ਚੂਹਿਆਂ ਤੋਂ ਪੈਦਾ ਹੋਣ ਵਾਲੀ ਬਿਮਾਰੀ ਹੋ ਜੋ ਲੋਕਾਂ ਨੂੰ ਹੜ੍ਹ ਦੇ ਪਾਣੀ ਵਿੱਚ ਘੁੰਮਣ ਵੇਲੇ ਹੁੰਦੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)