You’re viewing a text-only version of this website that uses less data. View the main version of the website including all images and videos.
ਪੇਰੂ 'ਚ ਵਿਗਿਆਨੀਆਂ ਨੇ ਗੋਲ ਸਿਰ ਵਾਲੀ ਮੱਛੀ, ਤੈਰਨ ਵਾਲੇ ਚੂਹੇ ਸਮੇਤ 26 ਨਵੀਆਂ ਪ੍ਰਜਾਤੀਆਂ ਲੱਭੀਆਂ ਹਨ, ਕੀ ਹੈ ਖ਼ਾਸੀਅਤ ?
- ਲੇਖਕ, ਐਲੇਕਸ ਲੋਫਟਸ
- ਰੋਲ, ਬੀਬੀਸੀ ਨਿਊਜ਼
ਪੇਰੂ ਵਿੱਚ ਮਾਹਿਰਾਂ ਨੇ 27 ਨਵੀਆਂ ਪ੍ਰਜਾਤੀਆਂ ਖੋਜੀਆਂ ਗਈਆਂ ਹਨ। ਇਨ੍ਹਾਂ 'ਚ ਤੈਰਨ ਦੀ ਸਮਰੱਥਾ ਰੱਖਣ ਵਾਲਾ ਚੂਹਾ ਅਤੇ ਗੋਲ ਸਿਰ ਵਾਲੀ ਮੱਛੀ ਸ਼ਾਮਲ ਹਨ।
ਇਹਨਾਂ ਜਾਤੀਆਂ ਨੂੰ ਆਲਟੋ ਮੇਓ ਵੱਲ ਨੂੰ ਜਾ ਰਹੇ ਗੈਰ-ਲਾਭਕਾਰੀ ਕੰਜ਼ਰਵੇਸ਼ਨ ਇੰਟਰਨੈਸ਼ਨਲ ਦੇ ਵਿਗਿਆਨੀਆਂ ਅਤੇ ਸਥਾਨਕ ਸਮੂਹਾਂ ਦੇ ਮੈਂਬਰਾਂ ਵੱਲੋਂ ਖੋਜਿਆ ਗਿਆ ਹੈ।
ਉਨ੍ਹਾਂ ਨੇ 48 ਹੋਰ ਪ੍ਰਜਾਤੀਆਂ ਵੀ ਲੱਭੀਆਂ ਹਨ, ਪਰ ਉਹਨਾਂ ਵਿੱਚੋਂ ਨਵੀਆਂ ਕਿਹੜੀਆਂ ਹਨ ਇਹ ਪਤਾ ਲਗਾਉਣ ਲਈ ਹੋਰ ਅਧਿਐਨਾਂ ਦੀ ਲੋੜ ਹੋਵੇਗੀ।
ਕੰਜ਼ਰਵੇਸ਼ਨ ਇੰਟਰਨੈਸ਼ਨਲ ਦੇ ਸੀਨੀਅਰ ਨਿਰਦੇਸ਼ਕ, ਟ੍ਰੌਂਡ ਲਾਰਸਨ ਦਾ ਕਹਿਣਾ ਹੈ, "ਥਣਧਾਰੀ ਜੀਵਾਂ ਅਤੇ ਰੀੜ੍ਹ ਦੀ ਹੱਡੀ ਵਾਲੇ ਜੀਵਾਂ ਦੀਆਂ ਬਹੁਤ ਸਾਰੀਆਂ ਨਵੀਆਂ ਕਿਸਮਾਂ ਦੀ ਖੋਜ ਕਰਨਾ ਸੱਚਮੁੱਚ ਅਦਭੁਤ ਰਿਹਾ ਹੈ, ਖਾਸ ਤੌਰ 'ਤੇ ਅਜੇਹੀ ਜਗ੍ਹਾ ਉਪਰ ਜਿੱਥੇ ਬਹੁਤ ਜ਼ਿਆਦਾ ਮਨੁੱਖੀ ਪ੍ਰਭਾਵ ਹੋਵੇ।"
ਗੋਲ ਸਿਰ ਵਾਲੀ ਮੱਛੀ ਵਿਗਿਆਨ ਲਈ ਇੱਕ ਨਵੀਂ ਖੋਜ ਹੈ, ਪਰ ਸਥਾਨਕ ਸਮੂਹ ਜਿਨ੍ਹਾਂ ਨੇ ਇਸ ਮੁਹਿੰਮ ਵਿੱਚ ਮਦਦ ਕੀਤੀ ਸੀ, ਉਨ੍ਹਾਂ ਨੂੰ ਇਸਦੀ ਹੋਂਦ ਬਾਰੇ ਪਹਿਲਾਂ ਹੀ ਪਤਾ ਸੀ।
ਮੱਛੀਆਂ ਦਾ ਅਧਿਐਨ ਕਰਨ ਵਾਲੇ ਵਿਗਿਆਨੀ ਖਾਸ ਤੌਰ 'ਤੇ ਇਸ ਦੇ ਵਧੇ ਹੋਏ ਸਿਰ ਤੋਂ ਹੈਰਾਨ ਹੋਏ, ਅਜਿਹਾ ਕੁਝ ਉਨ੍ਹਾਂ ਨੇ ਪਹਿਲਾਂ ਕਦੇ ਨਹੀਂ ਦੇਖਿਆ ਸੀ।
ਉਨ੍ਹਾਂ ਨੇ ਸਿਰਫ਼ 14 ਸੈਂਟੀਮੀਟਰ ਮਾਪਣ ਵਾਲੀ ਇੱਕ ਬੌਣੀ ਗਿਲਹਰੀ ਦੀ ਵੀ ਪਛਾਣ ਕੀਤੀ, ਜੋ ਯੂਕੇ ਵਿੱਚ ਪਾਈ ਜਾਣ ਵਾਲੀ ਔਸਤ ਸਲੇਟੀ ਗਿਲਹਰੀ ਤੋਂ ਆਕਾਰ 'ਚ ਅੱਧੀ ਹੈ।
ਲਾਰਸਨ ਕਹਿੰਦੇ ਹਨ, "ਇਹ ਗਿਲਹਰੀ ਤੁਹਾਡੀ ਹਥੇਲੀ ਵਿੱਚ ਆਸਾਨੀ ਨਾਲ ਫਿੱਟ ਹੋ ਸਕਦੀ ਹੈ। ਇਹ ਮਨਮੋਹਕ, ਸੁੰਦਰ ਚੈਸਟਨਟ ਰੰਗ ਦੀ ਹੈ ਅਤੇ ਬਹੁਤ ਫੁਰਤੀਲੀ ਹੈ।"
ਉਨ੍ਹਾਂ ਅੱਗੇ ਕਿਹਾ, "ਇਹ ਤੇਜ਼ੀ ਨਾਲ ਛਾਲ ਮਾਰਦੀਆਂ ਹਨ ਅਤੇ ਰੁੱਖਾਂ ਵਿੱਚ ਲੁਕ ਜਾਂਦੀਆਂ ਹਨ।"
ਮਾਹਿਰਾਂ ਨੇ ਸਪਾਈਨੀ ਮਾਊਸ ਦੀ ਇੱਕ ਨਵੀਂ ਪ੍ਰਜਾਤੀ ਦੀ ਵੀ ਖੋਜ ਕੀਤੀ ਹੈ। ਇਸ ਦਾ ਨਾਮ ਇਸਨੂੰ ਇਸਦੇ ਜੱਤ ਵਿੱਚ ਪਾਏ ਜਾਣ ਵਾਲੇ ਖਾਸ ਸਖ਼ਤ ਸੁਰੱਖਿਆ ਵਾਲੇ ਵਾਲਾਂ ਕਰਕੇ ਮਿਲਿਆ ਹੈ ਜੋ ਹੇਜਹੌਗ ਦੇ ਵਾਲਾਂ ਵਰਗੇ ਹੁੰਦੇ ਹਨ।
ਉਨ੍ਹਾਂ ਨੂੰ ਇੱਕ ਨਵਾਂ "ਅਮਫ਼ੀਬਿਅਨ ਮਾਊਸ" ਵੀ ਮਿਲਿਆ ਹੈ। ਉਹ ਜਲ-ਕੀੜੇ ਖਾਂਦੇ ਹਨ।
ਇਹ ਦੁਨੀਆ ਦੇ ਸਭ ਤੋਂ ਦੁਰਲੱਭ ਮੰਨੇ ਜਾਣ ਵਾਲੇ ਅਰਧ-ਜਲ-ਚੂਹੇ ਦੇ ਇੱਕ ਸਮੂਹ ਨਾਲ ਸਬੰਧਤ ਹਨ। ਇਹ ਉਹਨਾਂ ਕੁਝ ਮੌਜੂਦਾ ਕਿਸਮਾਂ 'ਚ ਸ਼ੁਮਾਰ ਹੈ ਜਿਨ੍ਹਾਂ ਨੂੰ ਵਿਗਿਆਨੀਆਂ ਵੱਲੋਂ ਬਹੁਤ ਥੋੜੀ ਵਾਰ ਦੇਖਿਆ ਗਿਆ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ