ਭਾਰਤ ਵਿੱਚ ਅਵਾਰਾ ਕੁੱਤੇ ਆਦਮਖੋਰ ਕਿਉਂ ਹੋ ਰਹੇ ਹਨ, ਬਚਾਅ ਲਈ ਕੀ ਕੀਤਾ ਜਾ ਸਕਦਾ ਹੈ

ਤਸਵੀਰ ਸਰੋਤ, Getty Images
ਵਾਘ-ਬਕਰੀ ਚਾਹ ਕੰਪਨੀ ਦੇ ਕਾਰਜਕਾਰੀ ਨਿਰਦੇਸ਼ਕ ਪਰਾਗ ਦੇਸਾਈ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ।
ਦੱਸਣਯੋਗ ਹੈ ਕਿ 15 ਅਕਤੂਬਰ ਨੂੰ ਕੁਝ ਅਵਾਰਾ ਕੁੱਤਿਆਂ ਤੋਂ ਆਪਣੀ ਜਾਨ ਬਚਾਉਣ ਲਈ ਭੱਜਦੇ ਸਮੇਂ ਡਿੱਗਣ ਕਰਕੇ ਉਨ੍ਹਾਂ ਦੇ ਸਿਰ ’ਤੇ ਸੱਟ ਲੱਗ ਗਈ ਸੀ।
ਭਾਰਤ ’ਚ ਅਵਾਰਾ ਕੁੱਤਿਆਂ ਦੇ ਹਮਲੇ ਦਿਨੋਂ-ਦਿਨ ਵਧਦੇ ਹੀ ਜਾ ਰਹੇ ਹਨ। ਇੱਕ ਅੰਕੜੇ ਅਨੁਸਾਰ ਭਾਰਤ ’ਚ 6 ਕਰੋੜ ਤੋਂ ਵੀ ਵੱਧ ਅਵਾਰਾ ਕੁੱਤੇ ਹਨ।
ਭਾਰਤ ’ਚ ਹਰ ਸਾਲ 2 ਕਰੋੜ ਲੋਕ ਜਾਨਵਰਾਂ ਵੱਲੋਂ ਕੀਤੇ ਹਮਲਿਆਂ ਦਾ ਸ਼ਿਕਾਰ ਹੁੰਦੇ ਹਨ। ਇਨ੍ਹਾਂ ’ਚੋਂ 92% ਮਾਮਲੇ ਕੁੱਤਿਆਂ ਦੇ ਵੱਢਣ ਦੇ ਹੁੰਦੇ ਹਨ।

ਤਸਵੀਰ ਸਰੋਤ, Getty Images
ਵਿਸ਼ਵ ਸਿਹਤ ਸੰਗਠਨ ਅਨੁਸਾਰ ਸੰਸਾਰ ਭਰ ’ਚ ਰੇਬੀਜ਼ ਨਾਲ ਹੋਣ ਵਾਲੀਆਂ ਮੌਤਾਂ ’ਚੋਂ 36% ਮੌਤਾਂ ਭਾਰਤ ’ਚ ਹੀ ਹੁੰਦੀਆਂ ਹਨ।
ਇਸ ਦਾ ਮਤਲਬ ਇਹ ਹੈ ਕਿ ਸਾਲਾਨਾ 18,000 ਤੋਂ 20,000 ਲੋਕ ਰੇਬੀਜ਼ ਨਾਲ ਮਰਦੇ ਹਨ।
ਭਾਰਤ ’ਚ ਰੇਬੀਜ਼ ਨਾਲ ਹੋਣ ਵਾਲੀਆਂ 30 ਤੋਂ 60% ਮੌਤਾਂ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਹੁੰਦੀਆਂ ਹਨ।
ਰੇਬੀਜ਼ ਨਾਲ ਹੋਣ ਵਾਲੀਆ ਮੌਤਾਂ ਨੂੰ ਵੈਕਸੀਨ ਦੀ ਮਦਦ ਨਾਲ ਰੋਕਿਆ ਜਾ ਸਕਦਾ ਹੈ। ਇਹ ਵੈਕਸੀਨ ਹਰ ਜਗ੍ਹਾ ਉਪਲਬਧ ਹੈ।

ਤਸਵੀਰ ਸਰੋਤ, Getty Images
2030 ਤੱਕ ਰੇਬੀਜ਼ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਜ਼ੀਰੋ ਕਰਨ ਦੇ ਲਈ ਇੱਕ ਯੋਜਨਾ ਤਿਆਰ ਕੀਤੀ ਗਈ ਹੈ।
ਦਿੱਲੀ , ਬੈਂਗਲੁਰੂ , ਮੇਰਠ , ਗੁਰੂਗ੍ਰਾਮ , ਪੰਜਾਬ , ਨੋਇਡਾ , ਮੁੰਬਈ, ਪੁਣੇ, ਬਿਜਨੌਰ ਵਰਗੇ ਕਈ ਸ਼ਹਿਰਾਂ ’ਚੋਂ ਅਵਾਰਾ ਕੁੱਤਿਆਂ ਵੱਲੋਂ ਕੀਤੇ ਹਮਲਿਆਂ ਦੀਆਂ ਵਧੇਰੇ ਖ਼ਬਰਾਂ ਆ ਰਹੀਆਂ ਹਨ।
ਪਿਛਲੇ ਸਾਲ ਬਿਹਾਰ ਦੇ ਬੇਗੂਸਰਾਏ ’ਚ ਇੱਕ ਔਰਤ ’ਤੇ ਅਵਾਰਾ ਕੁੱਤਿਆਂ ਨੇ ਹਮਲਾ ਕਰ ਦਿੱਤਾ ਸੀ ਅਤੇ ਉਸ ਔਰਤ ਦੀ ਮੌਤ ਹੋ ਗਈ ਸੀ।
ਰਿਪੋਰਟਾਂ ਅਨੁਸਾਰ ਮ੍ਰਿਤਕ ਮੀਰਾ ਦੇਵੀ ਖੇਤਾਂ ਤੋਂ ਘਰ ਵਾਪਸ ਪਰਤ ਰਹੀ ਸੀ, ਜਦੋਂ ਅਵਾਰਾ ਕੁੱਤਿਆਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਸੀ।
ਸਥਾਨਕ ਪੱਤਰਕਾਰ ਮਾਰੂਤੀ ਨੰਦਨ ਦਾ ਕਹਿਣਾ ਹੈ ਕਿ ਇਲਾਕੇ ’ਚ ਕੁੱਤਿਆਂ ਦਾ ਝੁੰਡ ਬਣ ਗਿਆ ਸੀ। ਕੁੱਤਿਆਂ ਦੇ ਇਨ੍ਹਾਂ ਮਾਮਲਿਆਂ ’ਚ ਤਕਰੀਬਨ 9 ਲੋਕਾਂ ਦੀ ਮੌਤ ਹੋਈ ਸੀ।
ਬਾਅਦ ’ਚ ਜੰਗਲਾਤ ਵਿਭਾਗ ਨੇ ਇਨ੍ਹਾਂ ਅਵਾਰਾ ਕੁੱਤਿਆਂ ਦੇ ਝੁੰਡ ਖ਼ਿਲਾਫ਼ ਕਾਰਵਾਈ ਕੀਤੀ।
2001 ’ਚ ਭਾਰਤ ’ਚ ਕੁੱਤਿਆਂ ਨੂੰ ਮਾਰਨ ’ਤੇ ਪਾਬੰਦੀ ਲਗਾਉਣ ਲਈ ਇੱਕ ਕਾਨੂੰਨ ਪਾਸ ਕੀਤਾ ਗਿਆ ਸੀ। ਇਸੇ ਕਰਕੇ ਹੀ ਦੇਸ਼ ’ਚ ਅਵਾਰਾ ਕੁੱਤਿਆਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋਇਆ ਹੈ।

ਤਸਵੀਰ ਸਰੋਤ, Getty Images
ਅਵਾਰਾ ਕੁੱਤੇ ਹਮਲਾ ਕਿਉਂ ਕਰਦੇ ਹਨ ?
ਜ਼ਾਹਰ ਹੈ ਕਿ ਮਨੁੱਖ ਅਤੇ ਕੁੱਤੇ ਹਜ਼ਾਰਾਂ ਹੀ ਸਾਲਾਂ ਤੋਂ ਇਕੱਠੇ ਰਹਿੰਦੇ ਰਹੇ ਹਨ।
ਕੁੱਤਿਆਂ ਅਤੇ ਇਨਸਾਨਾਂ ਵਿਚਾਲੇ ਦੋਸਤਾਨਾ ਰਿਸ਼ਤਾ ਹੈ। ਪਰ ਅਵਾਰਾ ਕੁੱਤੇ ਵੱਖਰੇ ਹਨ।
ਅਵਾਰਾ ਕੁੱਤਿਆਂ ਨੂੰ ਭੋਜਨ ਦੀ ਭਾਲ ’ਚ ਇੱਕ ਥਾਂ ਤੋਂ ਦੂਜੀ ਥਾਂ ’ਤੇ ਜਾਣਾ ਪੈਂਦਾ ਹੈ। ਇਸ ਤਰ੍ਹਾਂ ਉਨ੍ਹਾਂ ਦਾ ਸੁਭਾਅ ਬਦਲਦਾ ਰਹਿੰਦਾ ਹੈ।
ਟ੍ਰੈਫਿਕ ਦਾ ਰੌਲਾ, ਸੜਕ ’ਤੇ ਕੂੜਾ ਸੁੱਟਣ ਦੀ ਆਮ ਆਦਤ, ਸੜਕ ’ਤੇ ਚਮਕਦੀਆਂ ਲਾਈਟਾਂ ਆਦਿ ਕੁੱਤਿਆਂ ਨੂੰ ਪ੍ਰਭਾਵਿਤ ਕਰਦੀਆਂ ਹਨ ਅਤੇ ਉਹ ਹਮਲਾਵਰ ਹੋ ਜਾਂਦੇ ਹਨ।
ਇਹ ਅਵਾਰਾ ਕੁੱਤੇ ਅਕਸਰ ਹੀ ਝੁੰਡ ਬਣਾ ਕੇ ਘੁੰਮਦੇ ਹਨ ਅਤੇ ਖ਼ਤਰਨਾਕ ਤੇ ਹਮਲਾਵਰ ਹੋ ਜਾਂਦੇ ਹਨ।

ਕੇਰਲ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਡਾ. ਸ਼ਿਬੂ ਸਾਈਮਨ ਦਾ ਕਹਿਣਾ ਹੈ ਕਿ ਕੁੱਤਿਆਂ ਦੇ ਹਮਲੇ ਦੀ ਹਰ ਘਟਨਾ ਪਿੱਛੇ ਵੱਖ-ਵੱਖ ਕਾਰਨ ਹੋ ਸਕਦੇ ਹਨ।
ਪਰ ਜਦੋਂ ਇਹ ਅਵਾਰਾ ਕੁੱਤੇ ਕੱਚਾ ਮਾਸ ਖਾਂਦੇ ਹਨ ਤਾਂ ਇਸ ਦਾ ਸਵਾਦ ਉਨ੍ਹਾਂ ਦੀ ਜੀਭ ’ਤੇ ਬਣਿਆ ਰਹਿੰਦਾ ਹੈ ਅਤੇ ਉਹ ਬੇਕਾਬੂ ਹੋ ਜਾਂਦੇ ਹਨ।
ਉਨ੍ਹਾਂ ਦਾ ਕਹਿਣਾ ਹੈ, “ਕਈ ਵਾਰ ਕੁੱਤੇ ਕਿਸੇ ਨੂੰ ਡਰਾਉਣ ਲਈ ਵੀ ਹਮਲਾਵਰ ਹੋ ਜਾਂਦੇ ਹਨ। ਉਨ੍ਹਾਂ ਲਈ ਇਹ ਇੱਕ ਖੇਡ ਵਾਂਗ ਹੁੰਦਾ ਹੈ। ਇਸ ਲਈ ਜੇਕਰ ਕੋਈ ਵਿਅਕਤੀ ਕੁੱਤਿਆਂ ਨੂੰ ਵੇਖ ਕੇ ਭੱਜਣ ਲੱਗਦਾ ਹੈ ਤਾਂ ਕੁੱਤੇ ਸਮਝਦੇ ਹਨ ਕਿ ਉਹ ਵਿਅਕਤੀ ਉਨ੍ਹਾਂ ਤੋਂ ਡਰ ਗਿਆ ਹੈ। ਫਿਰ ਉਹ ਵੀ ਉਸ ਵਿਅਕਤੀ ਦੇ ਪਿੱਛੇ ਭੱਜਦੇ ਹਨ। ਕਈ ਵਾਰ ਤਾਂ ਉਹ ਕੱਟ ਵੀ ਦਿੰਦੇ ਹਨ।”

ਤਸਵੀਰ ਸਰੋਤ, Getty Images
ਮਸ਼ਹੂਰ ਜਾਨਵਰਾਂ ਦੇ ਡਾਕਟਰ ਅਜੈ ਸੂਦ ਅਨੁਸਾਰ, “ਖੇਤਰੀ ਪ੍ਰਭੂਤਵ, ਦਬਦਬਾ ਅਤੇ ਸੁਰੱਖਿਆ ਮੁੱਦਿਆਂ ਦੇ ਮੱਦੇਨਜ਼ਰ ਕੁੱਤੇ ਅਕਸਰ ਹੀ ਮਨੁੱਖਾਂ ’ਤੇ ਹਮਲਾ ਕਰਦੇ ਹਨ।”
ਉਨ੍ਹਾਂ ਦਾ ਕਹਿਣਾ ਹੈ, “ਹਰ ਕੁੱਤੇ ਦਾ ਆਪਣਾ ਇਲਾਕਾ ਹੁੰਦਾ ਹੈ। ਇੱਕ ਪਾਸੇ ਜਿੱਥੇ ਮਨੁੱਖੀ ਆਬਾਦੀ ’ਚ ਇਜ਼ਾਫਾ ਹੋ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਕੁੱਤਿਆਂ ਦੀ ਗਿਣਤੀ ਵੀ ਤੇਜ਼ੀ ਨਾਲ ਵਧ ਰਹੀ ਹੈ।"
"ਇਸ ਲਈ ਉਨ੍ਹਾਂ ਦਾ ਅਧਿਕਾਰਤ ਖੇਤਰ ਸੁੰਗੜ ਜਾਂ ਫਿਰ ਘੱਟ ਰਿਹਾ ਹੈ। ਕੁੱਤੇ ਆਪਣੀ ਸੁਰੱਖਿਆ ਨੂੰ ਲੈ ਕੇ ਅਸੁਰੱਖਿਅਤ ਮਹਿਸੂਸ ਕਰਦੇ ਹਨ। ਜੇਕਰ ਕੋਈ ਉਨ੍ਹਾਂ ਦੇ ਇਲਾਕੇ ’ਚ ਆ ਜਾਵੇ ਤਾਂ ਉਹ ਹਮਲਾਵਰ ਹੋ ਜਾਂਦੇ ਹਨ ਅਤੇ ਹਮਲਾ ਕਰ ਦਿੰਦੇ ਹਨ।”
ਅਜੈ ਸੂਦ ਅੱਗੇ ਕਹਿੰਦੇ ਹਨ ਕਿ ਜਿੰਨਾ ਹੋ ਸਕੇ ਅਵਾਰਾ ਕੁੱਤੇ ਨੂੰ ਛੇੜਨ ਤੋਂ ਬਚੋ ਜਾਂ ਫਿਰ ਇੰਝ ਦਿਖਾਓ ਕਿ ਤੁਸੀਂ ਉਸ ਤੋਂ ਡਰਦੇ ਹੋ।

ਤਸਵੀਰ ਸਰੋਤ, Getty Images
ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ ?
ਡਾ. ਸਾਈਮਨ ਦਾ ਕਹਿਣਾ ਹੈ, “ਕੁੱਤਿਆਂ ’ਚ ਵੀ ਜਾਨ ਹੈ ਅਤੇ ਉਹ ਵੀ ਮਨੁੱਖ ਨਾਲ ਰਹਿਣਾ ਚਾਹੁੰਦੇ ਹਨ। ਇਸ ਲਈ ਜਦੋਂ ਮਨੁੱਖ ਉਨ੍ਹਾਂ ਨਾਲ ਸਮਾਂ ਬਤੀਤ ਕਰਦਾ ਹੈ ਤਾਂ ਉਹ ਵੀ ਚੰਗਾ ਵਿਵਹਾਰ ਕਰਦੇ ਹਨ। ਇਸ ਲਈ ਹੀ ਤਾਂ ਮਨੁੱਖ ਕੁੱਤਿਆਂ ਨੂੰ ਪਾਲਤੂ ਬਣਾਉਂਦਾ ਹੈ।”
ਭਾਰਤ ’ਚ ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ’ਚ ਵਾਧਾ ਹੋ ਰਿਹਾ ਹੈ ਅਤੇ ਇਸ ਨਾਲ ਮੌਤ ਦਰ ’ਚ ਵੀ ਵਾਧਾ ਦਰਜ ਕੀਤਾ ਗਿਆ ਹੈ।
ਫਿਰ ਇਨ੍ਹਾਂ ਅਵਾਰਾ ਕੁੱਤਿਆਂ ਨਾਲ ਕਿਵੇਂ ਨਜਿੱਠਿਆ ਜਾਵੇ?

ਤਸਵੀਰ ਸਰੋਤ, Getty Images
ਇੱਕ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਅਵਾਰਾ ਕੁੱਤਿਆਂ ਨੂੰ ਸੜਕਾਂ ਤੋਂ ਹਟਾ ਦਿੱਤਾ ਜਾਣਾ ਚਾਹੀਦਾ ਹੈ, ਇਨ੍ਹਾਂ ਨੂੰ ਮਾਰ ਦੇਣਾ ਚਾਹੀਦਾ ਹੈ।
ਦੂਜੇ ਪਾਸੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਜਾਨੋਂ ਮਾਰਨਾ ਇੰਨ੍ਹਾਂ ਦੀ ਗਿਣਤੀ ਘਟਾਉਣ ਦਾ ਕੋਈ ਢੁਕਵਾਂ ਹੱਲ ਨਹੀਂ ਹੈ।
ਇਹ ਮਾਮਲਾ ਕਈ ਵਾਰ ਅਦਾਲਤ ਤੱਕ ਵੀ ਪਹੁੰਚ ਚੁੱਕਿਆ ਹੈ।
ਅਵਾਰਾ ਕੁੱਤਿਆਂ ਦੇ ਹਮਲਾਵਰ ਹੋਣ ਦਾ ਇਕ ਹੋਰ ਕਾਰਨ ਉਨ੍ਹਾਂ ਨੂੰ ਭੋਜਨ ਖਵਾਉਣ ਵਾਲਿਆਂ ਦੀ ਆਦਤ ਹੈ।
ਪਰ ਭਾਰਤੀ ਪਸ਼ੂ ਭਲਾਈ ਬੋਰਡ ਦਾ ਕਹਿਣਾ ਹੈ ਕਿ ਉਹ ਕਿਸੇ ਨੂੰ ਵੀ ਅਜਿਹਾ ਕਰਨ ਤੋਂ ਨਹੀਂ ਰੋਕ ਸਕਦੇ ਹਨ।
1960 ’ਚ ਪ੍ਰੀਵੈਨਸ਼ਨ ਆਫ਼ ਕਰੂਏਲਟੀ ਟੂ ਐੇਨੀਮਲਜ਼ (ਪੀਸੀਏ) ਐਕਟ ਪਾਸ ਕੀਤਾ ਗਿਆ ਸੀ। ਇਸ ਐਕਟ ਦਾ ਉਦੇਸ਼ ਜਾਨਵਰਾਂ ਪ੍ਰਤੀ ਬੇਰਹਿਮੀ ਅਤੇ ਜ਼ੁਲਮ ਨੂੰ ਰੋਕਣਾ ਸੀ।

ਹਿਊਮਨ ਫਾਊਂਡੇਸ਼ਨ ਫਾਰ ਪੀਪਲ ਐਂਡ ਐਨੀਮਲਜ਼ ਦੀ ਮੇਘਨਾ ਉਨਿਆਲ ਦੇ ਅਨੁਸਾਰ ਪੀਸੀਏ ਅਤੇ ਰਾਜ ਨਗਰ ਨਿਗਮ ਐਕਟ ਦੇ ਤਹਿਤ ਨਾਗਰਿਕਾਂ ਦੀ ਸੁਰੱਖਿਆ ਦੇ ਲਈ ਅਵਾਰਾ ਕੁੱਤਿਆਂ ਨੂੰ ਜਨਤਕ ਥਾਵਾ ਤੋਂ ਹਟਾਇਆ ਜਾ ਸਕਦਾ ਹੈ ਜਾ ਮਾਰਿਆ ਵੀ ਜਾ ਸਕਦਾ ਹੈ।
ਇਹ ਐਕਟ ਇਹ ਸਭ ਯਕੀਨੀ ਬਣਾਉਣ ਲਈ ਇੱਕ ਬੋਰਡ ਬਣਾਉਣ ਦੀ ਵਿਵਸਥਾ ਕਰਦਾ ਹੈ ਕਿ ‘ਸਥਾਨਕ ਅਧਿਕਾਰੀ ਬੇਲੋੜੇ ਜਾਨਵਰਾਂ ਨੂੰ ਨਸ਼ਟ ਕਰ ਦੇਣ’।
ਪਰ 2001 ’ਚ ਸਰਕਾਰ ਨੇ ਅਵਾਰਾ ਕੁੱਤਿਆਂ ਦੀ ਗਿਣਤੀ ਨੂੰ ਘਟਾਉਣ ਲਈ ਐਨੀਮਲ ਬਰਥ ਕੰਟਰੋਲ ਰੂਲਜ਼ (ਏਬੀਸੀ) ਪੇਸ਼ ਕੀਤਾ ਸੀ। ਅਵਾਰਾ ਕੁੱਤਿਆਂ ਦੀ ਨਸਬੰਦੀ ਅਤੇ ਟੀਕਾਕਰਨ ਵਰਗੇ ਮੁੱਦਿਆਂ ’ਤੇ ਚਰਚਾ ਕੀਤੀ ਗਈ।
ਇਸ ਦੇ ਤਹਿਤ ਇਨ੍ਹਾਂ ਕੁੱਤਿਆਂ ਦੀ ਜ਼ਿੰਮੇਵਾਰੀ ਪਸ਼ੂ ਭਲਾਈ ਸੰਗਠਨਾਂ ਅਤੇ ਸਥਾਨਕ ਸਰਕਾਰੀ ਅਧਿਕਾਰੀਆਂ ਨੂੰ ਸੌਂਪੀ ਗਈ।
ਪਰ ਕੁਝ ਆਲੋਚਕਾਂ ਦਾ ਮੰਨਣਾ ਹੈ ਕਿ ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ਦੇ ਵਾਧੇ ਲਈ ਇਹ ਕਾਨੂੰਨ ਜ਼ਿੰਮੇਵਾਰ ਹੈ।
ਇਹ ਨਿਯਮ ਉਨ੍ਹਾਂ ਕੁੱਤਿਆਂ ਨੂੰ ਮਾਰਨ ਦਾ ਪ੍ਰਬੰਧ ਕਰਦੇ ਹਨ ਜੋ ਕਿ ਬਿਮਾਰ ਹਨ, ਲਾਇਲਾਜ਼ ਜਾਂ ਜ਼ਖਮੀ ਹਨ ਅਤੇ ਠੀਕ ਨਹੀਂ ਹੋ ਸਕਦੇ ਹਨ।
ਇਸ ਕਾਨੂੰਨ ਦੇ ਨਾਲ-ਨਾਲ ਕੁੱਤਿਆਂ ਦੀ ਨਸਬੰਦੀ ਅਤੇ ਟੀਕਾਕਰਨ ਕਰਕੇ ਉਨ੍ਹਾਂ ਨੂੰ ਮੁੜ ਛੱਡਣ ਦੀ ਵੀ ਗੱਲ ਕਹੀ ਗਈ ਸੀ।
ਅਸਲ ਰੁਕਾਵਟਾਂ ਕਿਹੜੀਆਂ ਹਨ ?
ਫਿਲਮ ਨਿਰਮਾਤਾ ਰਾਏ ਲੋਬੋ ਨੇ ਇਕ ਲੇਖ ’ਚ ਲਿਖਿਆ ਸੀ ਕਿ ਜੇਕਰ ਕੋਈ ਮਾਲਕ ਰਹਿਤ ਕੁੱਤਾ ਕਿਸੇ ਬੱਚੇ ਨੂੰ ਕੱਟ ਲਵੇ ਤਾਂ ਉਸ ਕੁੱਤੇ ਨੂੰ ਮਾਰਿਆ ਨਹੀਂ ਜਾ ਸਕਦਾ ਹੈ। ਇਸ ਦੀ ਬਜਾਏ ਉਸ ਦਾ ਟੀਕਾਕਰਨ ਕਰਕੇ ਉਸ ਨੂੰ ਛੱਡ ਦਿੱਤਾ ਜਾਣਾ ਚਾਹੀਦਾ ਹੈ।
ਜੇਕਰ ਕੁੱਤਾ ਕਿਸੇ ਜੰਗਲੀ ਜਾਨਵਰ ਨੂੰ ਵੀ ਮਾਰ ਦੇਵੇ ਤਾਂ ਪ੍ਰਕਿਰਿਆ ਉਹੀ ਰਹਿੰਦੀ ਹੈ। ਪਰ ਜੇਕਰ ਕੋਈ ਆਦਿਵਾਸੀ ਵਿਅਕਤੀ ਅਜਿਹਾ ਕਰਦਾ ਹੈ ਤਾਂ ਉਸ ਨੂੰ 7 ਸਾਲਾਂ ਦੀ ਸਜ਼ਾ ਹੋ ਸਕਦੀ ਹੈ।
ਲੋਬੋ ਅਨੁਸਾਰ 2001 ਦੇ ਇਹ ਨਿਯਮ ਮਨੁੱਖਾਂ ਅਤੇ ਜਾਨਵਰਾਂ ਦੇ ਅਧਿਕਾਰਾਂ ਨੂੰ ਇੱਕ ਪੱਧਰ ’ਤੇ ਰੱਖਦੇ ਹਨ, ਜੋ ਕਿ ਬਿਲਕੁਲ ਵੀ ਸਹੀ ਨਹੀਂ ਹੈ।
ਉਨ੍ਹਾਂ ਦਾ ਕਹਿਣਾ ਹੈ, “ਮੇਰੇ ਕੋਲ ਵੀ ਕੁੱਤੇ ਹਨ। ਉਹ ਮੇਰੇ ਪਰਿਵਾਰਕ ਮੈਂਬਰਾਂ ਵਾਂਗ ਹਨ। ਪਰ ਉਹ ਇਨਸਾਨ ਨਹੀਂ ਹਨ ਅਤੇ ਕੋਈ ਵੀ ਦੇਸ਼ ਕੁੱਤਿਆਂ ਅਤੇ ਇਨਸਾਨਾਂ ਦੇ ਅਧਿਕਾਰਾਂ ਨੂੰ ਇੱਕ ਸਮਾਨ/ਬਰਾਬਰ ਨਹੀਂ ਰੱਖਦਾ ਹੈ। ਜਨਤਕ ਥਾਵਾਂ ’ਤੇ ਕੁੱਤਿਆਂ ਦੀ ਗਿਣਤੀ ਨੂੰ ਕੰਟਰੋਲ ਅਧੀਨ ਲਿਆਉਣ ਦੀ ਲੋੜ ਹੈ।”
ਲੋਬੋ ਦਾ ਕਹਿਣਾ ਹੈ ਕਿ ਬਤੌਰ ਫੋਟੋਗ੍ਰਾਫਰ ਕੰਮ ਕਰਦਿਆਂ ਉਨ੍ਹਾਂ ਨੇ ਅਵਾਰਾ ਕੁੱਤਿਆਂ ਨੂੰ ਹਿਰਨ ਅਤੇ ਚੂਹਾ ਹਿਰਨ ਦਾ ਸ਼ਿਕਾਰ ਕਰਦੇ ਵੇਖਿਆ ਹੈ।
ਡਾ. ਸਾਈਮਨ ਦਾ ਵੀ ਮੰਨਣਾ ਹੈ ਕਿ ਏਬੀਸੀ ਪ੍ਰੋਗਰਾਮ ਇੰਨੇ ਵੱਡੇ ਦੇਸ਼ ਲਈ ਕਾਫੀ ਨਹੀਂ ਹੈ।
ਉਨ੍ਹਾਂ ਦਾ ਕਹਿਣਾ ਹੈ , “ਕੁੱਤੇ ਫੜਨ ਵਾਲੇ ਸਿਰਫ ਕੁੱਤਿਆਂ ਨੂੰ ਹੀ ਫਵਦੇ ਹਨ ਅਤੇ ਕਈ ਵਾਰ ਤਾਂ ਇੱਕ ਹੀ ਇਲਾਕੇ ਦੇ ਸਾਰੇ ਕੁੱਤਿਆਂ ਨੂੰ ਫੜਨਾ ਸੰਭਵ ਨਹੀਂ ਹੁੰਦਾ ਹੈ।”
ਪਰ ਕਾਨੂੰਨ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਅਵਾਰਾ ਕੁੱਤਿਆਂ ਨੂੰ ਕਾਬੂ ’ਚ ਕਰਨ ਲਈ ਇਹੀ ਤਰੀਕਾ ਸਭ ਤੋਂ ਵਧੀਆ ਹੈ।
ਨੇਬਰਹੁੱਡ ਵੂਫ਼ ਸੰਗਠਨ ਦੀ ਆਇਸ਼ਾ ਕ੍ਰਿਸਟੀਨਾ 2001 ਦੇ ਕਾਨੂੰਨ ਦੀ ਸਮਰਥਕ ਹਨ।
ਉਨ੍ਹਾਂ ਅਨੁਸਾਰ ਸਮੱਸਿਆ ਕਾਨੂੰਨ ਨਹੀਂ ਸਗੋਂ ਉਸ ਦਾ ਅਮਲ ਅਤੇ ਸਾਧਨਾਂ ਦੀ ਘਾਟ ਸਭ ਤੋਂ ਵੱਡੀ ਚੁਣੌਤੀ ਹੈ।
ਉਨ੍ਹਾਂ ਦਾ ਕਹਿਣਾ ਹੈ, “ਏਬੀਸੀ ਨੂੰ ਸਿਰਫ਼ ਸਥਾਨਕ ਅਧਿਕਾਰੀਆਂ ਜਾਂ ਦੂਜੇ ਅਧਿਕਾਰੀਆਂ ਦੇ ਭਰੋਸੇ ਨਹੀਂ ਛੱਡਿਆ ਜਾ ਸਕਦਾ ਹੈ। ਇਸ ਲਈ ਹੋਰਨਾਂ ਲੋਕਾਂ ਨੂੰ ਵੀ ਇਸ ’ਚ ਸ਼ਾਮਲ ਕਰਨਾ ਪਵੇਗਾ। ਐਨਜੀਓ, ਭਾਵ ਗ਼ੈਰ-ਸਰਕਾਰੀ ਸੰਗਠਨਾਂ ਨੂੰ ਪਹਿਲ ਕਰਨੀ ਪਵੇਗੀ।”
“ਜ਼ਿਲ੍ਹਾ ਪੱਧਰ ਅਤੇ ਬਲਾਕ ਪੱਧਰ ’ਤੇ ਨਸਬੰਦੀ ਕੇਂਦਰ ਸ਼ੁਰੂ ਕੀਤੇ ਜਾਣੇ ਚਾਹੀਦੇ ਹਨ। ਇੰਨ੍ਹਾਂ ਕੇਂਦਰਾਂ ਨੂੰ ਪੁਰਾਣੇ ਬੰਦ ਪਏ ਸਕੂਲਾਂ ’ਚ ਚਾਲੂ ਕੀਤਾ ਜਾ ਸਕਦਾ ਹੈ। ਏਬੀਸੀ ਕੇਂਦਰਿਤ ਮੋਬਾਈਲ ਵਨ ਕਲੀਨਿਕ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ।”
ਫਿਰ ਦੋਵਾਂ ਧਿਰਾਂ ਦੇ ਲੋਕਾਂ ਦਰਮਿਆਨ ਪਾੜਾ ਇੰਨਾ ਵਧੇਰੇ ਹੈ ਕਿ ਇਸ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ’ਚ ਚੱਲ ਰਹੀ ਹੈ।
ਮੇਘਨਾ ਉਨਿਆਲ ਅਨੁਸਾਰ ਅਦਾਲਤ ਏਬੀਸੀ ਨਿਯਮਾਂ ਦੀ ਵੈਧਤਾ ’ਤੇ ਸੁਣਵਾਈ ਕਰ ਰਹੀ ਹੈ।
ਇਸ ਅਦਾਲਤੀ ਮਾਮਲੇ ’ਚ ਮੇਘਨਾ ਵੀ ਇੱਕ ਧਿਰ ਹੈ।
ਡਾ. ਸ਼ਿਬੂ ਸਾਈਮਨ ਦੇ ਅਨੁਸਾਰ ਆਮ ਲੋਕਾਂ ਨੂੰ ਵਿੱਤੀ ਪ੍ਰੋਤਸਾਹਨ ਦੇ ਕੇ ਅਵਾਰਾ ਕੁੱਤਿਆਂ ਨੂੰ ਗੋਦ ਲੈਣ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ। ਅਜਿਹਾ ਕਰਨ ਨਾਲ ਅਵਾਰਾ ਕੁੱਤਿਆਂ ਦੀ ਗਿਣਤੀ ’ਚ ਵੀ ਕਮੀ ਆ ਸਕਦੀ ਹੈ।
ਕੋਈ ਵੀ ਵਿਅਕਤੀ ਇੱਕ ਕਤੂਰੇ ਨੂੰ ਤਾਂ ਪਾਲਤੂ ਬਣਾ ਸਕਦਾ ਹੈ ਪਰ ਇੱਕ ਵੱਡੇ ਕੁੱਤੇ ਨੂੰ ਪਾਲਤੂ ਬਣਾਉਣ ’ਚ ਕਈ ਵਿਹਾਰਕ ਚੁਣੌਤੀਆਂ ਮੂੰਹ ਅੱਡੀ ਖੜ੍ਹੀ ਰਹਿੰਦੀਆਂ ਹਨ।
ਵਡੇਰੀ ਉਮਰ ’ਚ ਕੁੱਤਿਆਂ ਲਈ ਕਿਸੇ ਨਵੀਂ ਥਾਂ ’ਤੇ ਜਾ ਕੇ ਵਸਣਾ ਮੁਸ਼ਕਲ ਹੁੰਦਾ ਹੈ। ਪਰ ਇਨ੍ਹਾਂ ਸਾਰੇ ਵਿਵਾਦਾਂ ਦਰਮਿਆਨ ਅਵਾਰਾ ਕੁੱਤਿਆਂ ਵੱਲੋਂ ਕੀਤੇ ਜਾ ਰਹੇ ਹਮਲਿਆਂ ਦੀਆਂ ਘਟਨਾਵਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ।














