ਭਾਰਤੀ ਲੋਕ ਕਰਜ਼ਾ ਚੁੱਕ ਕੇ ਪੜ੍ਹਾਈ ਨਾਲੋਂ ਜ਼ਿਆਦਾ ਖਰਚਾ ਵਿਆਹਾਂ ਉੱਤੇ ਕਿਉਂ ਕਰ ਰਹੇ ਹਨ

ਵਿਆਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੱਕ ਅੰਦਾਜ਼ੇ ਮੁਤਾਬਕ ਭਾਰਤ ਵਿੱਚ ਵਿਆਹਾਂ ਦਾ ਕਾਰੋਬਾਰ ਲਗਭਗ 10.7 ਲੱਖ ਕਰੋੜ ਦਾ ਹੈ
    • ਲੇਖਕ, ਨੰਦਿਨੀ ਵੇਲਾਇਸਾਮੀ
    • ਰੋਲ, ਬੀਬੀਸੀ ਤਮਿਲ

ਇਸ ਸਮੇਂ ਸਾਰੀਆਂ ਨਜ਼ਰਾਂ ਮੁੰਬਈ ਉੱਤੇ ਟਿਕੀਆਂ ਹਨ। ਸੋਸ਼ਲ ਮੀਡੀਆ ਉੱਤੇ ਭਾਰਤੀ ਸੈਲੀਬ੍ਰਿਟੀਜ਼ ਆਪਣੇ ਪਰਿਵਾਰਾਂ ਨਾਲ ਸੂਹੇ ਰੰਗਾਂ ਦੇ ਕੱਪੜੇ ਅਤੇ ਲਿਸ਼ਕਦੇ ਗਹਿਣੇ ਪਾ ਕੇ ਘੁੰਮ ਰਹੇ ਹਨ। ਉਨ੍ਹਾਂ ਦੇ ਕੱਪੜਿਆਂ ਦੀ ਕੀਮਤ ਦੀ ਸੋਸ਼ਲ ਮੀਡੀਆ ਉੱਤੇ ਚਰਚਾ ਹੁੰਦੀ ਹੈ।

ਦੁਨੀਆਂ ਦੇ ਮਸ਼ਹੂਰ ਗਾਇਕ, ਬਾਲੀਵੁੱਡ ਅਤੇ ਕ੍ਰਿਕਟ ਦੇ ਸਿਤਾਰੇ ਅਤੇ ਕਾਰੋਬਾਰੀ ਸਾਰੇ ਇਸ ਸਮੇਂ ਮੁੰਬਈ ਵਿੱਚ ਤੰਬੂ ਲਾਹ ਕੇ ਬੈਠੇ ਹਨ। ਇੱਥੇ ਰਾਧਿਕਾ ਮਰਚੈਂਟ ਅਤੇ ਅਨੰਤ ਅੰਬਾਨੀ ਜੋ ਕਿ ਦੁਨੀਆਂ ਦੇ ਸਭ ਤੋਂ ਰਈਸ ਆਦਮੀ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਹਨ ਦਾ ਵਿਆਹ ਹੋ ਰਿਹਾ ਹੈ।

ਵਿਆਹ 12 ਜੁਲਾਈ ਨੂੰ ਮੁਕੰਮਲ ਹੋਣ ਜਾ ਰਿਹਾ ਹੈ।

ਭਾਰਤ ਵਿੱਚ ਵਿਆਹ ਇੱਕ ਪਰਿਵਾਰਕ ਸਮਾਗਮ ਹੁੰਦਾ ਹੈ ਜੋ ਜੋਸ਼ ਅਤੇ ਚਮਕ-ਦਮਕ ਦਾ ਮੌਕਾ ਹੁੰਦਾ ਹੈ।

ਭਾਰਤ ਵਿੱਚ ਪਰਿਵਾਰ ਵਿਆਹ ਨੂੰ ਸਮਾਜ ਵਿੱਚ ਆਪਣੇ ਪੈਸੇ ਅਤੇ ਰੁਤਬੇ ਦੀ ਨੁਮਾਇਸ਼ ਕਰਨ ਲਈ ਵਰਤਦੇ ਹਨ।

ਧਰਮ ਕੋਈ ਵੀ ਹੋਵੇ ਸਾਰੇ ਹੀ ਵਰਗਾਂ ਵਿੱਚ ਵੀ ਵਿਆਹਾਂ ਉੱਤੇ ਵਧ ਚੜ੍ਹ ਕੇ ਖਰਚਾ ਕਰਨ ਦੀ ਇੱਕ ਚੂਹੇ ਦੌੜ ਲੱਗੀ ਰਹਿੰਦੀ ਹੈ।

ਉੱਤਰੀ ਭਾਰਤ ਵਿੱਚ ਵਿਆਹ, ਵਿਆਹ ਤੋਂ ਪਹਿਲੀਆਂ ਰਸਮਾਂ ਜਿਵੇਂ ਸੰਗੀਤ ਅਤੇ ਹਲਦੀ ਬਹੁਤ ਲਿਸ਼ਕ-ਪੁਸ਼ਕ ਨਾਲ ਕੀਤੀਆਂ ਜਾਂਦੀਆਂ ਹਨ। ਅਨੰਤ ਅਤੇ ਰਾਧਿਕਾ ਦੇ ਵਿਆਹ ਵਿੱਚ ਇਹ ਰਸਮਾਂ ਇੱਕ ਨਵੇਂ ਹੀ ਪੱਧਰ ਉੱਤੇ ਮਨਾਈਆਂ ਗਈਆਂ।

ਮੁਸਲਿਮ ਵਿਆਹਾਂ ਵਿੱਚ ਵੀ ਮਹਿੰਦੀ, ਨਿਕਾਹ ਅਤੇ ਵਲੀਮੇ ਦੀਆਂ ਰਸਮਾਂ ਦਾ ਆਪਣਾ ਜਲੌਅ ਹੁੰਦਾ ਹੈ। ਈਸਾਈ ਵਿਆਹਾਂ ਵਿੱਚ ਮੰਗਣੀ, ਵਿਆਹ ਅਤੇ ਦਾਅਵਤਾਂ ਹੁੰਦੀਆਂ ਹਨ।

ਸਿੱਖਾਂ ਦੇ ਵਿਆਹਾਂ ਵਿੱਚ ਵੀ ਅਨੰਦ ਕਾਰਜ ਦੀ ਰਸਮ ਮਗਰੋਂ ਤੇ ਪਹਿਲਾਂ ਵੀ ਪਾਰਟੀਆਂ ਉੱਤੇ ਵੱਡੀ ਰਕਮ ਖਰਚੀ ਜਾਂਦੀ ਹੈ।

ਮੀਡੀਆ ਅਨੁਮਾਨਾਂ ਮੁਤਾਬਕ ਅਨੰਤ ਅੰਬਾਨੀ ਦੇ ਵਿਆਹ ਦਾ ਬਜਟ ਹਜ਼ਾਰਾਂ ਕਰੋੜ ਵਿੱਚ ਹੈ।

ਭਾਰਤੀ ਸਮਾਜ ਵਿੱਚ ਸਾਰੇ ਵਿਆਹ ਅੰਬਾਨੀ ਦੇ ਵਿਆਹ ਵਰਗੇ ਨਹੀਂ ਹੁੰਦੇ ਪਰ ਕਰਨਾ ਸਾਰੇ ਚਾਹੁੰਦੇ ਹਨ, ਜਿਵੇਂ ਅਤੇ ਜਿੰਨਾ ਕਿਸੇ ਦੀ ਜੇਬ੍ਹ ਭਾਰ ਝੱਲ ਸਕਦੀ ਹੋਵੇ।

ਲੋਕ ਆਪਣੇ ਵਿੱਤ ਤੋਂ ਬਾਹਰ ਜਾ ਕੇ ਕਰਜ਼ਾ ਚੁੱਕੇ ਕੇ ਆਪਣੇ ਧੀਆਂ-ਪੁੱਤਰਾਂ ਦੇ ਵਿਆਹਾਂ ਉੱਤੇ ਖ਼ਰਚ ਕਰਦੇ ਹਨ।

ਵਿਆਹਾਂ ਉੱਤੇ ਪੈਸਾ ਵਹਾਉਣ ਨੂੰ ਇੱਕ ਸਮਾਜਿਕ ਪ੍ਰਵਾਨਗੀ ਮਿਲ ਚੁੱਕੀ ਹੈ। ਇਸ ਮਾਮਲੇ ਵਿੱਚ ਭਾਰਤ ਵਿੱਚ ਜਾਤ- ਬਿਰਾਦਰੀ, ਧਰਮ ਅਤੇ ਸੱਭਿਆਚਾਰ ਦਾ ਕੋਈ ਫਰਕ ਨਜ਼ਰ ਨਹੀਂ ਆਉਂਦਾ। ਲੋਕ ਆਪਣੇ ਰਿਸ਼ਤੇਦਾਰਾਂ ਦੇ ਸਾਹਮਣੇ ਆਪਣੀ ਤਾਕਤ ਦਾ ਲੋਹਾ ਮਨਵਾਉਣ ਲਈ ਕਿਸੇ ਵੀ ਹੱਦ ਤੱਕ ਜਾਂਦੇ ਹਨ।

ਲੱਖਾਂ ਕਰੋੜ ਦਾ ਵਿਆਹਾਂ ਦਾ ਕਾਰੋਬਾਰ

ਇਨਵੈਸਟਮੈਂਟ ਬੈਂਕਿੰਗ ਅਤੇ ਕੈਪੀਟਲ ਮਾਰਿਕਟ ਨਾਲ ਜੁੜੀ ਫਰਮ “ਜੈਫਰੀਜ਼” ਨੇ ਆਪਣੇ ਤਾਜ਼ਾ ਅਧਿਐਨ ਵਿੱਚ ਇਸ ਪਾਸੇ ਧਿਆਨ ਦਿੱਤਾ ਹੈ।

ਰਿਪੋਰਟ ਵਿੱਚ ਅਨੁਮਾਨ ਲਾਇਆ ਗਿਆ ਹੈ ਕਿ ਭਾਰਤ ਵਿੱਚ ਵਿਆਹਾਂ ਦਾ ਅਰਥਚਾਰਾ ਲਗਭਗ 10.7 ਲੱਖ ਕਰੋੜ ਰੁਪਏ ਦਾ ਹੈ। ਵਿਆਹ ਖਾਣੇ ਅਤੇ ਕਰਿਆਨੇ ਨਾਲ ਜੁੜੇ ਕਾਰੋਬਾਰ (56.5 ਲੱਖ ਕਰੋੜ) ਤੋਂ ਬਾਅਦ ਦੂਜਾ ਸਭ ਤੋਂ ਵੱਡਾ ਗਾਹਕ ਬਜ਼ਾਰ ਹੈ।

ਭਾਰਤ ਦਾ ਵਿਆਹ ਬਜ਼ਾਰ ਅਮਰੀਕਾ (5.8 ਲੱਖ ਕਰੋੜ) ਤੋਂ ਲਗਭਗ ਦੁੱਗਣਾ ਪਰ ਚੀਨ (14 ਲੱਖ ਕਰੋੜ) ਤੋਂ ਘੱਟ ਹੈ।

ਸੰਖਿਆ ਦੇ ਹਿਸਾਬ ਨਾਲ ਭਾਰਤ ਵਿੱਚ ਹਰ ਸਾਲ 80 ਲੱਖ ਤੋਂ ਲੈਕੇ ਇੱਕ ਕਰੋੜ ਤੱਕ ਵਿਆਹ ਹੁੰਦੇ ਹਨ। ਜਦਕਿ ਚੀਨ ਵਿੱਚ 70 ਤੋਂ 80 ਲੱਖ ਵਿਆਹ ਹਰ ਸਾਲ ਹੁੰਦੇ ਹਨ। ਉੱਥੇ ਹੀ ਅਮਰੀਕਾ ਵਿੱਚ 20 ਤੋਂ 35 ਲੱਖ ਵਿਆਹ ਹਰ ਸਾਲ ਹੁੰਦੇ ਹਨ।

ਵਿਆਹ

ਤਸਵੀਰ ਸਰੋਤ, MARRIAGE COLORS

ਤਸਵੀਰ ਕੈਪਸ਼ਨ, ਵਿਆਹਾਂ ਦੇ ਖਰਚੇ ਨੂੰ ਰਹਿਣ ਸਹਿਣ ਦਾ ਜ਼ਰੂਰੀ ਖਰਚਾ ਸਵੀਕਾਰ ਕਰ ਲਿਆ ਗਿਆ ਹੈ

ਜੈਫਰੀਜ਼ ਦੀ ਰਿਪੋਰਟ ਦੇ ਮੁਤਾਬਕ ਭਾਰਤ ਵਿੱਚ ਵਿਆਹ ਉੱਤੇ ਔਸਤ 12.5 ਲੱਖ ਖਰਚੇ ਜਾਂਦੇ ਹਨ ਜਦਕਿ ਮਹਿੰਗੇ ਵਿਆਹਾਂ ਉੱਪਰ ਤਾਂ 20-30 ਲੱਖ ਖਰਚ ਦਿੱਤੇ ਜਾਣੇ ਮਾਮੂਲੀ ਗੱਲ ਹੈ।

ਵਿਆਹਾਂ ਉੱਤੇ 12.5 ਲੱਖ ਦਾ ਕੀਤਾ ਜਾਣਾ ਵਾਲਾ ਖਰਚਾ ਭਾਰਤ ਦੀ ਪਰ ਕੈਪਿਟਾ ਜੀਡੀਪੀ ਔਸਤ (2.4 ਲੱਖ) ਤੋਂ ਪੰਜ ਗੁਣਾ ਜ਼ਿਆਦਾ ਹੈ।

ਇਹ ਇੱਕ ਔਸਤ ਭਾਰਤੀ ਪਰਿਵਾਰ ਦੀ ਸਾਲਾਨਾ ਆਮਦਨ (4 ਲੱਖ) ਦਾ ਤਿੰਨ ਗੁਣਾ ਹੈ।

ਇਸ ਤੋਂ ਵੀ ਅੱਗੇ ਇਹ ਰਕਮ ਭਾਰਤ ਵਿੱਚ ਕਿੰਡਰਗਾਰਟਨ ਤੋਂ ਗਰੈਜੂਏਸ਼ਨ ਤੱਕ ਪੜ੍ਹਾਈ ਉੱਤੇ ਕੀਤੇ ਜਾਣ ਵਾਲੇ ਖਰਚੇ ਤੋਂ ਵੀ ਦੁੱਗਣਾ ਹੈ।

ਰਿਪੋਰਟ ਉਲਬਧ ਡੇਟਾ ਅਤੇ ਵਿਆਹ ਕੇਂਦਰਾਂ ਦੇ ਦੌਰਿਆਂ ਦੇ ਅੱਖੀਂ ਦੇਖੇ ਹਾਲ ਉੱਤੇ ਅਧਾਰਿਤ ਹੈ।

ਲਿਸ਼ਕਦੇ-ਪੁਸ਼ਕਦੇ ਵਿਆਹ ਭਾਰਤ ਦੇ ਨੀਵੀਂ ਆਮਦਨ ਵਾਲੇ ਮੱਧ ਵਰਗ ਉੱਤੇ ਇੱਕ ਅਹਿਮ ਬੋਝ ਪਾਉਂਦੇ ਹਨ।

ਕਰਜ਼ੇ ਦੀ ਘੁੰਮਣਘੇਰੀ

ਜਦੋਂ ਚੇਨਈ ਦੇ ਰਹਿਣ ਵਾਲੀ ਕਾਰਥਿਕਾ ਨੇ ਦਸ ਸਾਲ ਪਹਿਲਾਂ 22 ਸਾਲ ਦੀ ਉਮਰ ਵਿੱਚ ਬਹੁਤ ਜ਼ਿਆਦਾ ਖੁੱਲ੍ਹੇ ਖਰਚ ਨਾਲ ਵਿਆਹ ਕੀਤਾ ਤਾਂ ਸਭ ਕੁਝ ਠੀਕ ਸੀ।

ਲੇਕਿਨ ਇਸ ਕਾਰਥਿਕਾ ਦਾ ਕਹਿਣਾ ਹੈ ਕਿ ਵਿਆਹ ਲਈ ਚੁੱਕਿਆ ਕਰਜ਼ਾ ਮੋੜਨ ਵਿੱਚ ਉਨ੍ਹਾਂ ਦੇ ਮਾਪਿਆਂ ਅਤੇ ਪਤੀ ਨੂੰ ਪੂਰੇ ਦਸ ਸਾਲ ਲੱਗ ਗਏ।

ਸਾਲ 2014 ਵਿੱਚ ਜਦੋਂ ਉਨ੍ਹਾਂ ਨੇ ਵਿਆਹ ਕਰਵਾਇਆ ਤਾਂ ਕਾਰਥਿਕਾ ਦੱਸਦੇ ਹਨ ਕਿ 10 ਲੱਖ ਤਾਂ ਸਿਰਫ਼ ਮੈਰਿਜ ਹਾਲ ਅਤੇ ਖਾਣੇ ਉੱਤੇ ਹੀ ਖਰਚ ਦਿੱਤਾ ਗਿਆ ਸੀ।

ਕਾਰਥਿਕਾ ਨੇ ਦੱਸਿਆ,“ਮੇਰੀ ਇੱਕ ਲਵ ਮੈਰਿਜ ਹੈ, ਦੋਵੇਂ 22-22 ਸਾਲ ਦੇ ਸੀ। ਸਾਡਾ ਇੱਕ ਥੋੜ੍ਹੀ ਆਮਦਨ ਵਾਲਾ ਪਰਿਵਾਰ ਹੈ। ਮੇਰੇ ਪਿਤਾ ਨੇ ਮੈਨੂੰ ਇੰਜਿਨੀਅਰਿੰਗ ਦੀ ਪੜ੍ਹਾਈ ਕਰਵਾਈ। ਉਨ੍ਹਾਂ ਨੇ ਇਸ ਉੱਤੇ ਬਹੁਤ ਖ਼ਰਚਾ ਕੀਤਾ। ਮੈਂ ਅਤੇ ਮੇਰੇ ਪਤੀ ਕਿਉਂਕਿ ਵਿਆਹ ਤੋਂ ਪਹਿਲਾਂ ਵੀ ਕੰਮ ਕਰ ਰਹੇ ਸੀ। ਸਾਡੀ ਤਨਖ਼ਾਹ 20 ਹਜ਼ਾਰ ਤੋਂ ਘੱਟ ਸੀ। ਇਸ ਲਈ ਕੋਈ ਬਚਤ ਨਹੀਂ ਸੀ। ਮੇਰੇ ਪਿਤਾ ਨੇ ਮੇਰਾ ਵਿਆਹ ਚੰਗੀ ਤਰ੍ਹਾਂ ਕਰਵਾਉਣ ਲਈ ਸੱਤ ਲੱਖ ਦਾ ਕਰਜ਼ਾ ਚੁੱਕਿਆ ਸੀ। ਮੇਰੇ ਪਤੀ ਨੇ ਇੱਕ ਨਿੱਜੀ ਬੈਂਕ ਤੋਂ ਤਿੰਨ ਲੱਖ ਰੁਪਏ ਦਾ ਕਰਜ਼ ਲਿਆ ਸੀ।”

ਆਪਣੇ ਪਤੀ ਦੇ ਤਿੰਨ ਲੱਖ ਦੇ ਲੋਨ ਬਦਲੇ ਉਨ੍ਹਾਂ ਨੇ ਸਾਲ 2022 ਵਿੱਚ 6 ਲੱਖ ਰੁਪਏ ਮੋੜੇ। ਉਹ ਕਹਿੰਦੇ ਹਨ ਕਿ ਵਿਆਹ ਦੇ ਪਹਿਲੇ ਸਾਲ ਤਾਂ ਕਰਜ਼ੇ ਵਿੱਚ ਹੀ ਲੰਘੇ ਸਨ। ਇੱਕ ਕਰਜ਼ ਲਾਹੁਣ ਲਈ ਇੱਕ ਹੋਰ ਕਰਜ਼ਾ।

ਉਹ ਦੱਸਦੇ ਹਨ, “ਇਸੇ ਦੌਰਾਨ ਆਈਟੀ ਖੇਤਰ ਉੱਤੇ ਕੋਰੋਨਾ ਦੀ ਮਾਰ ਪੈ ਗਈ, ਮੇਰੇ ਪਤੀ ਦੀ ਨੌਕਰੀ ਵੀ ਚਲੀ ਗਈ। ਇੱਕ ਸਾਲ ਬਾਅਦ ਦੁਬਾਰਾ ਨੌਕਰੀ ਮਿਲਣ ਤੋਂ ਬਾਅਦ ਹੀ ਉਹ ਕਰਜ਼ਾ ਮੋੜਨ ਦੇ ਸਮਰੱਥ ਹੋ ਸਕੇ। ਇਸ ਕਰਜ਼ੇ ਕਾਰਨ ਅਸੀਂ ਘਰ ਨਹੀਂ ਖ਼ਰੀਦ ਸਕੇ, ਸਾਡੇ ਸਿੱਬਲ ਸਕੋਰ ਨੂੰ ਬਹੁਤ ਨੁਕਸਾਨ ਪਹੁੰਚਿਆ।”

ਦੂਜੇ ਪਾਸੇ ਕਾਰਥਿਕਾ ਦੇ ਮਾਪੇ ਅਜੇ ਵੀ ਉਸ ਕਰਜ਼ੇ ਵਿੱਚੋਂ ਨਿਕਲਣ ਲਈ ਹੱਥ-ਪੈਰ ਮਾਰ ਰਹੇ ਹਨ। ਉਨ੍ਹਾਂ ਨੇ ਕਾਰਥਿਕਾ ਦੇ ਭਰਾ ਦੇ ਵਿਆਹ ਲਈ ਅਕਤੂਬਰ 2023 ਵਿੱਚ 6 ਲੱਖ ਰੁਪਏ ਦਾ ਇੱਕ ਹੋਰ ਕਰਜ਼ਾ ਚੁੱਕਿਆ।

ਕਾਰਥਿਕਾ ਕਹਿੰਦੇ ਹਨ ਕਿ ਇਹ ਕਰਜ਼ ਹੋਰ 4-5 ਸਾਲ ਤੱਕ ਜਾਰੀ ਰਹੇਗਾ। ਉਨ੍ਹਾਂ ਨੂੰ ਪਛਤਾਵਾ ਹੈ ਕਿ ਉਨ੍ਹਾਂ ਦੀ ਜ਼ਿਆਦਾਤਰ ਜ਼ਿੰਦਗੀ ਕਰਜ਼ਾ ਉਤਾਰਨ ਵਿੱਚ ਹੀ ਬੀਤ ਗਈ ਹੈ।

ਆਪਣੇ ਵਿਆਹ ਤੋਂ ਸਿੱਖੇ ਸਬਕ ਕਾਰਨ ਕਾਰਥਿਕਾ ਨਹੀਂ ਚਾਹੁੰਦੇ ਕਿ ਉਨ੍ਹਾਂ ਦੀਆਂ ਦੋ ਧੀਆਂ ਵੀ ਉਨ੍ਹਾਂ ਸਾਰੀਆਂ ਮੁਸ਼ਕਿਲਾਂ ਵਿੱਚੋਂ ਲੰਘਣ ਜੋ ਉਨ੍ਹਾਂ ਨੇ ਦੇਖੀਆਂ ਹਨ। ਉਹ ਆਪਣੀਆਂ ਧੀਆਂ ਦੇ ਵਿਆਹ ਸਾਦੇ ਕਰਨਾ ਚਾਹੁੰਦੇ ਹਨ ਅਤੇ ਉਸੇ ਨੂੰ ਧਿਆਨ ਵਿੱਚ ਰੱਖ ਕੇ ਉਨ੍ਹਾਂ ਨੂੰ ਵੱਡੀਆਂ ਕਰ ਰਹੇ ਹਨ।

ਵਟਸਐਪ ਚੈਨਲ ਦਾ ਇਨਵਾਈਟ ਪੋਸਟਰ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਨੌਜਵਾਨਾਂ ਦੀ ਇੱਛਾ

ਇੱਕ ਪਾਸੇ ਉਹ ਲੋਕ ਹਨ ਜਿਨ੍ਹਾਂ ਨੇ ਵਿਆਹਾਂ ਲਈ ਕਰਜ਼ ਚੁੱਕੇ ਅਤੇ ਹੁਣ ਉਸ ਵਿੱਚੋਂ ਨਿਕਲਣ ਲਈ ਸੰਘਰਸ਼ ਕਰ ਰਹੇ ਹਨ ਅਤੇ ਦੂਜੇ ਪਾਸੇ ਉਹ ਲੋਕ ਹਨ ਜੋ ਆਪਣੀ ਬਚਤ ਦਾ ਜ਼ਿਆਦਾਤਰ ਹਿੱਸਾ ਵਿਆਹ ਉੱਤੇ ਖਰਚ ਕਰਨ ਲਈ ਤਿਆਰ ਹਨ।

ਦਿਨੇਸ਼ ਵੀ ਚੇਨਈ ਤੋਂ ਹਨ। ਉਨ੍ਹਾਂ ਨੇ 4-5 ਸਾਲ ਪਹਿਲਾਂ ਆਪਣੇ ਵਿਆਹ ਉੱਤੇ ਆਪਣੀ ਬਚਤ ਦਾ 70 ਫੀਸਦੀ ਹਿੱਸਾ ਖਰਚ ਕਰਨ ਤੋਂ ਵੀ ਝਿਜਕ ਨਹੀਂ ਦਿਖਾਈ।

ਉਹ ਖੁਦ ਵੀ ਵਿਉਂਤਬੰਦੀ ਦੇ ਕਾਰੋਬਾਰ ਵਿੱਚ ਹਨ ਅਤੇ ਵਿਆਹਾਂ ਤੋਂ ਲੈ ਕੇ ਹੋਰ ਸਮਾਗਮਾਂ ਦਾ ਬੰਦੋਬਸਤ ਕਰਦੇ ਹਨ। ਉਨ੍ਹਾਂ ਨੇ 30 ਲੱਖ ਰੁਪਏ ਗਹਿਣਿਆਂ, ਵਿਆਹ ਦੇ ਹਾਲ ਅਤੇ ਸਜਾਵਟ ਉੱਤੇ ਖਰਚ ਕਰ ਦਿੱਤੇ ਸਨ।

“ਸਾਡੇ ਵਿਆਹ ਤੋਂ ਪਹਿਲਾਂ ਕਈ ਰਸਮਾਂ ਹੁੰਦੀਆਂ ਹਨ। ਅਸੀਂ ਸਾਰਾ ਕੁਝ ਬਹੁਤ ਮਹਿੰਗਾ ਕੀਤਾ।” ਡੇਢ ਲੱਖ ਰੁਪਏ ਤਾਂ ਉਨ੍ਹਾਂ ਨੇ ਵਿਆਹ ਲਈ ਫੋਟੋ ਸ਼ੂਟ ਉੱਤੇ ਲਗਾ ਦਿੱਤੇ। ਉਨ੍ਹਾਂ ਦੇ ਵਿਆਹ ਅਤੇ ਦਾਅਵਤ ਉੱਤੇ 2000 ਮਹਿਮਾਨ ਆਏ ਸਨ। ਪੰਜ ਵੱਖ-ਵੱਖ ਵਿਅੰਜਨ ਪਰੋਸੇ ਗਏ ਸਨ।

ਦਿਨੇਸ਼ ਨੇ ਆਪਣੇ ਵਿਆਹ ਵਿੱਚ ਬਹੁਤ ਸਾਰੀ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ, ਜਿਵੇਂ ਹੈਲੀਕੈਮ ਫੋਟੋਗ੍ਰਾਫੀ ਅਤੇ ਮਿਊਜ਼ਿਕ ਬੈਂਡ ਵੀ ਬੁਲਾਇਆ ਗਿਆ।

“ਵਿਆਹ ਕਿਵੇਂ ਕਰਨਾ ਹੈ ਇਸ ਲਈ ਸਾਰਿਆਂ ਕੋਲ ਵੱਖ-ਵੱਖ ਕਾਰਨ ਹੋ ਸਕਦੇ ਹਨ, ਮੇਰੇ ਦੋਵੇਂ ਮਾਪੇ ਨਹੀਂ ਹਨ। ਮੈਂ ਸੋਚਿਆ ਮੇਰਾ ਵਿਆਹ ਉਸ ਤਰ੍ਹਾਂ ਕਰਨਾ ਚਾਹੀਦਾ ਹੈ ਜਿਵੇਂ ਉਨ੍ਹਾਂ ਨੇ ਕੀਤਾ ਹੁੰਦਾ। ਸਾਨੂੰ ਆਪਣੀ ਖੁਸ਼ੀ ਲਈ ਖਰਚਾ ਕਰਨਾ ਪੈਂਦਾ ਹੈ। ਮੈਂ ਦੂਜਿਆਂ ਨੂੰ ਆਪਣੀ ਤਰੱਕੀ ਕਿਵੇਂ ਸਾਬਤ ਕਰ ਸਕਦਾ ਹਾਂ?”

ਦਿਨੇਸ਼ ਦੇ ਇੱਕ ਜਾਣਕਾਰ ਨੇ ਉਸ ਨੂੰ ਪੰਜ ਲੱਖ ਰੁਪਏ ਦਿੱਤੇ ਸਨ। ਹੁਣ ਦਿਨੇਸ਼ ਨੇ ਸਿਰਫ਼ ਉਹੀ ਵਾਪਸ ਕਰਨੇ ਹਨ।

ਮਹਿੰਗੇ ਗਹਿਣੇ

ਗਹਿਣੇ ਭਾਰਤੀ ਵਿਆਹਾਂ ਦੀ ਸਭ ਤੋਂ ਮਹਿੰਗੀ ਚੀਜ਼ ਹੈ। ਜੈਫਰੀਜ਼ ਦੀ ਰਿਪੋਰਟ ਮੁਤਾਬਕ 2.9-3.3 ਕਰੋੜ ਰੁਪਏ ਸਿਰਫ ਗਹਿਣਿਆਂ ਉੱਤੇ ਖ਼ਰਚ ਕੀਤੇ ਜਾਂਦੇ ਹਨ।

ਆਲੀਸ਼ਾਨ ਵਿਆਹਾਂ ਵਿੱਚ ਹੀਰੇ ਦੇ ਗਹਿਣਿਆਂ ਨੂੰ ਵੀ ਉਨੀਂ ਹੀ ਅਹਿਮੀਅਤ ਦਿੱਤੀ ਜਾਂਦੀ ਹੈ ਜਿੰਨੀ ਗਰੀਬ ਜਾਂ ਮੱਧ ਵਰਗੀ ਪਰਿਵਾਰਾਂ ਵਿੱਚ ਸੋਨੇ ਦੇ ਗਹਿਣਿਆਂ ਦੀ ਹੁੰਦੀ ਹੈ।

ਦਾਜ ਵਿੱਚ ਸੋਨੇ ਦੇ ਗਹਿਣੇ ਦੇਣ ਦੀ ਰਿਵਾਜ਼ ਭਾਰਤ ਵਿੱਚ ਬਹੁਤ ਪੁਰਾਣਾ ਹੈ। ਇਸ ਲਈ ਵਿਆਹ ਦਾ ਜ਼ਿਆਦਾਤਰ ਖ਼ਰਚਾ ਕੁੜੀ ਵਾਲਿਆਂ ਦਾ ਹੀ ਹੁੰਦਾ ਹੈ। ਮਾਪੇ ਆਪਣੀਆਂ ਧੀਆਂ ਲਈ ਮਾਸਿਕ ਕਿਸ਼ਤਾਂ ਜਾਂ ਕਰਜ਼ਾ ਚੁੱਕ ਕੇ ਗਹਿਣੇ ਖ਼ਰੀਦਦੇ ਹਨ।

ਵਿਆਹ

ਤਸਵੀਰ ਸਰੋਤ, Getty Images

ਦਿਨੇਸ਼ ਦੀ ਪਤਨੀ ਨੇ ਪਵਿੱਤਰਾ ਨੇ ਦੱਸਿਆ, “ਅਸੀਂ ਆਪਣੇ ਵਿਆਹ ਲਈ ਗਹਿਣਿਆਂ ਦੇ ਅੱਠ ਤੋਲੇ ਸੋਨਾ ਖ਼ਰੀਦਿਆ ਸੀ। ਮੇਰੇ ਮਾਪਿਆਂ ਨੇ ਪਹਿਲਾਂ ਹੀ ਸੱਤ ਤੋਲੇ ਸੋਨਾ ਬਚਾ ਕੇ ਰੱਖਿਆ ਹੋਇਆ ਸੀ। ਨਵੇਂ ਗਹਿਣਿਆਂ ਉੱਤੇ 5-6 ਲੱਖ ਰੁਪਏ ਖ਼ਰਚ ਆਇਆ ਸੀ।”

ਗਹਿਣਿਆਂ ਤੋਂ ਬਾਅਦ ਵਾਰੀ ਆਉਂਦੀ ਹੈ ਖਾਣੇ ਦੀ। ਲਗਭਗ 1.9-2.1 ਕਰੋੜ ਰੁਪਏ ਵਿਆਹਾਂ ਵਿੱਚ ਪਰੋਸੇ ਗਏ ਖਾਣੇ ਉੱਤੇ ਖਰਚ ਕੀਤੇ ਗਏ।

ਇਸ ਤੋਂ ਇਲਾਵਾ ਵਿਆਹ ਨਾਲ ਜੁੜੇ ਹੋਰ ਮੌਕੇ, ਕੱਪੜੇ, ਸਜਾਵਟ, ਫੋਟੋਗ੍ਰਾਫ਼ੀ ਵੀ ਵਿਆਹਾਂ ਦੇ ਖਰਚੇ ਦਾ ਅਹਿਮ ਹਿੱਸਾ ਹਨ।

ਅੱਜ-ਕੱਲ੍ਹ ਵਿਆਹ ਉੱਤੇ ਡੀਜੇ ਅਤੇ ਫਲੋਰ ਡਾਂਸ ਦੇ ਪਰੋਗਰਾਮਾਂ ਦਾ ਰੁਝਾਨ ਵੀ ਕਾਫੀ ਵਧ ਗਿਆ ਹੈ। ਇਸ ਤੋਂ ਇਲਾਵਾ ਭਾਰਤੀ ਲੋਕ ਫੋਟੋ ਬੂਥ ਲਾਉਣ, ਸੈਲਫੀ ਬੂਥ ਲਾਉਣ ਅਤੇ 3ਡੀ ਕੈਮਰੇ ਵਰਗੀਆਂ ਚੀਜ਼ਾਂ ਉੱਤੇ ਵੀ ਖਰਚਾ ਕਰਨ ਲੱਗੇ ਹਨ।

ਇਸ ਤੋਂ ਇਲਾਵਾ ਮਹਿੰਦੀ ਵਰਗੀਆਂ ਹੋਰ ਰਸਮਾਂ ਜੋ ਪਹਿਲਾਂ ਘਰ ਵਿੱਚ ਹੀ ਕੀਤੀਆਂ ਜਾਂਦੀਆਂ ਸਨ। ਹੁਣ ਕਿਰਾਏ ਦੇ ਹਾਲਾਂ ਵਿੱਚ ਕੀਤੀਆਂ ਜਾਂਦੀਆਂ ਹਨ।

ਦਿਨੇਸ਼ ਜੋ ਕਿ ਖ਼ੁਦ ਵਿਆਹ ਦੇ ਸਮਾਗਮ ਕਰਵਾਉਂਦੇ ਹਨ ਉਹ ਕਹਿੰਦੇ ਹਨ ਕਿ ਦੱਖਣ ਭਾਰਤੀ ਲੋਕ ਆਪਣੇ ਵਿਆਹਾਂ ਵਿੱਚ ਉੱਤਰ ਭਾਰਤੀ ਰਸਮਾਂ, ਜਿਵੇਂ ਮਹਿੰਦੀ, ਹਲਦੀ ਅਤੇ ਸੰਗੀਤ ਵਗੈਰਾ ਸ਼ਾਮਲ ਕਰਨ ਦੇ ਬਹੁਤ ਸ਼ੁਕੀਨ ਹਨ।

‘ਇੱਕ ਦਿਨ ਖ਼ਰਚ ਕਰਨਾ ਬਰਬਾਦੀ ਹੈ’

ਵਿਆਹੇ ਹੋਏ ਲੋਕਾਂ ਨਾਲ ਗੱਲਬਾਤ ਦੌਰਾਨ, ਮੈਨੂੰ ਪਤਾ ਲੱਗਿਆ ਕਿ ਕੁਝ ਨੌਜਵਾਨ ਖਰਚੀਲੇ ਵਿਆਹ ਕਰਨਾ ਜਾਂ ਮੇਕਅਪ ਕਰਵਾਉਣਾ ਜਾਂ ਸਟੇਜ ਉੱਤੇ ਸ਼ੋਅਪੀਸ ਬਣ ਕੇ ਖੜ੍ਹਨਾ ਪਸੰਦ ਨਹੀਂ ਕਰਦੇ ਹਨ। ਲੇਕਿਨ ਆਪਣੇ ਪਰਿਵਾਰਾਂ ਜਾਂ ਮਾਪਿਆਂ ਦੀ ਇੱਛਾ ਕਰਕੇ ਅਜਿਹਾ ਕਰਨਾ ਪੈਂਦਾ ਹੈ।

ਵਿਆਹ

ਤਸਵੀਰ ਸਰੋਤ, Getty Images

ਸਥੀਸ਼ ਜੋ ਤਾਮਿਲ ਨਾਡੂ ਦੇ ਤ੍ਰਿਪੁਰ ਜ਼ਿਲ੍ਹੇ ਨਾਲ ਸੰਬੰਧਿਤ ਹਨ। ਉਹ ਇੱਕ ਨਿੱਜੀ ਸਾਫਟਵੇਅਰ ਕੰਪਨੀ ਵਿੱਚ ਨੌਕਰੀ ਕਰਦੇ ਹਨ। ਉਨ੍ਹਾਂ ਨੇ ਪਿਛਲੇ ਸਾਲ ਜੂਨ ਵਿੱਚ ਵਿਆਹ ਕਰਵਾਇਆ ਸੀ। ਉਨ੍ਹਾਂ ਦੇ ਵਿਆਹ ਉੱਪਰ ਕਰੀਬ 12 ਲੱਖ ਰੁਪਏ ਦਾ ਖ਼ਰਚਾ ਆਇਆ ਸੀ।

ਉਹ ਦੱਸਦੇ ਹਨ,“ਲੇਕਿਨ ਮੈਂ ਖਰਚੀਲੇ ਵਿਆਹਾਂ ਨਾਲ ਸਹਿਮਤ ਨਹੀਂ ਹਾਂ। ਸਾਡੇ ਦੋਸਤਾਂ ਦਾ ਘੇਰਾ ਹਰ ਸਾਲ ਵਧ ਰਿਹਾ ਹੈ। ਸਾਰਿਆਂ ਨੂੰ ਵਿਆਹ ਉੱਤੇ ਬੁਲਾਉਣ ਦਾ ਦਬਾਅ ਰਹਿੰਦਾ ਹੈ। ਇਸ ਤੋਂ ਇਲਾਵਾ ਲੋਕ ਦੂਜਿਆਂ ਦੇ ਵਿਆਹਾਂ ਨਾਲ ਤੁਲਨਾ ਕਰਦੇ ਹਨ। ਇਸ ਲਈ ਸਾਨੂੰ ਇਸ ਤਰ੍ਹਾਂ ਵਿਆਹ ਕਰਨਾ ਪੈਂਦਾ ਹੈ ਕਿ ਲੋਕ ਪਸੰਦ ਕਰਨ।”

ਭਾਰਤ ਵਿੱਚ ਵਿਆਹਾਂ ਦੇ ਸੱਭਿਆਚਾਰਕ ਮਹੱਤਵ ਕਾਰਨ ਭਾਰਤ ਤੋਂ ਬਾਹਰ ਵੀ ਇਸ ਦਾ ਕਾਰੋਬਾਰ ਵਧ-ਫੁੱਲ ਰਿਹਾ ਹੈ।

ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਵਿੱਚ ਵਿਆਹ ਕਰਵਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਪਰਵਾਸੀ ਭਾਰਤੀਆਂ ਨੂੰ ਵਿਦੇਸ਼ਾਂ ਵਿੱਚ ਵਿਆਹ ਕਰਵਾਉਣ ਦੀ ਥਾਂ ਭਾਰਤ ਵਿੱਚ ਕਰਨ ਦਾ ਸੱਦਾ ਦਿੱਤਾ।

ਭਾਰਤ ਵਿੱਚ ਰਾਜਸਥਾਨ ਦੇ ਜੈਪੁਰ ਅਤੇ ਉਦੇਪੁਰ ਅਤੇ ਗੋਆ ਦੇ ਸੁਹਣੇ ਸਮੁੰਦਰੀ ਕਿਨਾਰੇ ਬਾਲੀਵੁੱਡ ਕਲਾਕਾਰਾਂ ਅਤੇ ਅਮੀਰਾਂ ਦੇ ਵਿਆਹ ਸਮਾਗਮਾਂ ਲਈ ਪਹਿਲੀ ਪਸੰਦ ਹਨ।

ਪ੍ਰਦੀਪ ਚੰਦੇਰ, ਮੈਰਿਜ ਕਲਰਸ ਵਿੱਚ ਇੱਕ ਵੈਡਿੰਗ ਪ੍ਰੋਗਰਾਮ ਡਿਜ਼ਾਈਨਰ ਹਨ। ਉਹ ਕਹਿੰਦੇ ਹਨ ਕਿ ਬਾਲੀਵੁੱਡ ਵਿੱਚ ਦੱਖਣ ਭਾਰਤੀ ਸੂਬਿਆਂ ਵਿੱਚ ਤਾਮਿਲਨਾਡੂ ਦੇ ਮਲਾਪੁਰਮ ਅਤੇ ਕੇਰਲ ਵਿੱਚ ਵਿਆਹ ਕਰਵਾਉਣ ਦਾ ਰੁਝਾਨ ਵੀ ਵਧ ਰਿਹਾ ਹੈ।

ਪ੍ਰਦੀਪ ਚੰਦੇਰ
ਤਸਵੀਰ ਕੈਪਸ਼ਨ, ਪ੍ਰਦੀਪ ਚੰਦੇਰ

ਉਹ ਦੱਸਦੇ ਹਨ,“ਅੰਬਾਨੀ ਨੇ ਇੱਕ ਖਾਲੀ ਥਾਂ ਉੱਤੇ ਸੈੱਟ ਲਾਇਆ ਅਤੇ ਉੱਥੇ ਪ੍ਰੀ ਵੈਡਿੰਗ ਦੇ ਸਮਾਗਮ ਕੀਤੇ। ਇਹ ਰੁਝਾਨ ਚੱਲ ਰਿਹਾ ਹੈ। ਬਾਲੀਵੁੱਡ ਅਦਾਕਾਰਾਂ ਸਮੁੰਦਰ ਕਿਨਾਰੇ ਵਿਆਹ ਕਰਵਾ ਰਹੀਆਂ ਹਨ। ਵਿਆਹ ਹਿੱਟ ਫਿਲਮਾਂ ਵਾਂਗ ਕੀਤਾ ਜਾ ਰਹੇ ਹਨ। ਲੋਕ ਪੋਨੀਅਨ ਸੇਲਵਨ ਥੀਮ ਜਾਂ ਬਾਹੂਬਲੀ ਥੀਮ ਦੀ ਮੰਗ ਕਰਦੇ ਹਨ।”

ਹਾਲਾਂਕਿ ਅਜਿਹੇ ਵੀ ਬਹੁਤ ਸਾਰੇ ਲੋਕ ਹਨ ਜੋ ਸਧਾਰਣ ਤਰੀਕੇ ਨਾਲ ਵਿਆਹ ਕਰਾਉਣ ਅਤੇ ਫਾਲਤੂ ਦੇ ਖਰਚੇ ਨਾ ਕਰਨ ਲਈ ਦ੍ਰਿੜ ਹਨ।

ਮਨੋਜ ਅਜਿਹੇ ਹੀ ਇੱਕ ਇਨਸਾਨ ਹਨ ਜੋ ਤਾਮਿਲ ਨਾਡੂ ਦੇ ਤ੍ਰਿਪੁਰ ਜ਼ਿਲ੍ਹੇ ਵਿੱਚ ਹੀ ਰਹਿੰਦੇ ਹਨ।

ਉਹ ਕਹਿੰਦੇ ਹਨ, “ਮੇਰਾ ਪਿਆਰ ਵਿਆਹ ਹੈ। ਮੈਂ ਆਪਣੇ ਦੋਸਤਾਂ ਅਤੇ ਕੁਝ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਰਜਿਸਟਰਡ ਵਿਆਹ ਕਰਵਾਇਆ।”

ਉਨ੍ਹਾਂ ਨੇ ਕਿਹਾ ਕਿ ਦੂਜਿਆਂ ਨੂੰ ਦੱਸਣ ਲਈ ਕਿ ਵਿਆਹ ਹੋ ਗਿਆ ਹੈ ਉਨ੍ਹਾਂ ਨੇ 50000 ਹਜ਼ਾਰ ਰੁਪਏ ਵਿੱਚ ਇੱਕ ਦਾਅਵਤ ਕੀਤੀ।

“ਵਿਆਹ ਅਤੇ ਦਾਅਵਤਾਂ ਉੱਤੇ ਕਰਜ਼ ਚੁੱਕ ਕੇ ਲੱਖਾਂ ਰੁਪਏ ਖ਼ਰਚ ਕਰਨ ਨਾਲੋਂ ਅਸੀਂ ਉਹੀ ਪੈਸਾ ਘਰੇਲੂ ਸਮਾਨ ਖ਼ਰੀਦਣ ਲਈ ਵਰਤਿਆ। ਹੁਣ ਅਸੀਂ ਘਰ ਦਾ ਸਾਰਾ ਸਮਾਨ ਖ਼ਰੀਦ ਲਿਆ ਹੈ। ਜੇ ਅਸੀਂ ਖਰਚੀਲਾ ਵਿਆਹ ਕਰਦੇ ਤਾਂ ਅਸੀਂ ਕਰਜ਼ੇ ਵਿੱਚ ਦੱਬੇ ਹੋਣਾ ਸੀ।”

ਜਦੋਂ ਵੀ ਖਰਚੀਲੇ ਵਿਆਹ ਦੀ ਖ਼ਬਰ ਆਉਂਦੀ ਹੈ ਤਾਂ ਲੋਕ ਰੌਲਾ ਪਾਉਂਦੇ ਹਨ ਕਿ ਸਾਦੇ ਵਿਆਹ ਹੀ ਸਾਡਾ ਸੱਭਿਆਚਾਰ ਹਨ। ਅਤੇ ਵੱਡੇ-ਬਜ਼ੁਰਗਾਂ ਦੀ ਹਾਜ਼ਰੀ ਵਿੱਚ ਹਾਰ ਵਟਾਉਣਾ ਹੀ ਪੁਰਾਣੀ ਰੀਤ ਹੈ।

ਸਮਾਜਿਕ ਦਬਾਅ ਅਤੇ ਗਾਹਕਵਾਦੀ ਸੱਭਿਆਚਾਰ

ਮਹਿੰਦੀ

ਤਸਵੀਰ ਸਰੋਤ, Getty Images

ਦਿੱਲੀ ਵਿੱਚ ਸੈਂਟਰ ਫਾਰ ਰਿਸਰਚ ਆਨ ਵੂਮਿਨਜ਼ ਡਿਵੈਪਲਮੈਂਟ ਦੇ ਨਿਰਦੇਸ਼ਕ, ਮਨੀਮੇਕਾਲੀ ਦਾ ਕਹਿਣਾ ਹੈ ਕਿ ਨਿਚਲਾ ਮੱਧ ਵਰਗ ਅਮੀਰਾਂ ਦੇ ਵਿਆਹਾਂ ਦੀ ਚਮਕ-ਦਮਕ ਤੋਂ ਖਿੱਚੇ ਜਾਂਦੇ ਹਨ।

“ਆਲੀਸ਼ਾਨ ਵਿਆਹ ਸਮਾਜ ਵਿੱਚ ਵਿੱਤੀ ਤਣਾਅ ਫੈਲਾਅ ਰਹੇ ਹਨ। ਉਹ ਕਰਜ਼ ਲੈ ਕੇ ਵਿਆਹ ਕਰਨਾ ਚਾਹੁੰਦੇ ਹਨ। ਅੱਜ ਨੌਜਵਾਨ ਆਪਣੀ ਜ਼ਿੰਦਗੀ ਦਾ ਅਨੰਦ ਮਾਨਣਾ ਚਾਹੁੰਦੇ ਹਨ। ਇਹ ਗਾਹਕਵਾਦ ਦਾ ਹੀ ਫੈਲਾਅ ਹੈ।”

ਉਹ ਕਹਿੰਦੇ ਹਨ ਕਿ ਅਜਿਹੇ ਖ਼ਰਚੀਲੇ ਵਿਆਹ ਵੀ ਖਰਬੂਜੇ ਨੂੰ ਦੇਖ ਕੇ ਖਰਬੂਜੇ ਦੇ ਰੰਗ ਬਦਲਣ ਵਾਂਗ ਦੇਖਾ-ਦੇਖੀ ਕੀਤੇ ਜਾ ਰਹੇ ਹਨ।

ਉਹ ਕਹਿੰਦੇ ਹਨ, “ਵਿਆਹਾਂ ਮੌਕੇ ਕੁੜੀ ਦੇ ਪੇਕਿਆਂ ਨੂੰ ਗਹਿਣਿਆਂ ਤੋਂ ਲੈਕੇ ਘਰ ਦੇ ਭਾਂਡੇ ਅਤੇ ਬਿਜਲੀ ਦੇ ਉਪਕਰਣ ਤੱਕ ਦੇ ਖਰਚੇ ਕਰਨੇ ਪੈਂਦੇ ਹਨ। ਨਤੀਜੇ ਵਜੋਂ ਉਨ੍ਹਾਂ ਸਿਰ ਬਹੁਤ ਸਾਰਾ ਕਰਜ਼ ਚੜ੍ਹ ਜਾਂਦਾ ਹੈ। ਹੁਣ ਕਿਉਂਕਿ ਕੰਮਕਾਜੀ ਧੀਆਂ ਵਿਆਹ ਤੋਂ ਬਾਅਦ ਸਹੁਰੇ ਚਲੀਆਂ ਜਾਂਦੀਆਂ ਹਨ ਇਹ ਕਰਜ਼ ਬਜ਼ੁਰਗੀ ਵਿੱਚ ਮਾਪਿਆਂ ਨੂੰ ਹੀ ਲਾਹੁਣਾ ਪੈਂਦਾ ਹੈ। ਬੁਢਾਪੇ ਲਈ ਉਨ੍ਹਾਂ ਕੋਲ ਕੋਈ ਪੈਸਾ ਨਹੀਂ ਬਚਦਾ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)