ਯੂਰੋ 2024: ਇੱਕ ਜਾਦੂਈ ਗੋਲ ਨੇ ਕਿਵੇਂ 16 ਸਾਲ ਦੇ ਮੁੰਡੇ ਨੂੰ ਫੁੱਟਬਾਲ ਜਗਤ ਦਾ ਸੁਪਰ ਸਟਾਰ ਬਣਾ ਦਿੱਤਾ

ਤਸਵੀਰ ਸਰੋਤ, Getty Images
- ਲੇਖਕ, ਗੇਰੀ ਰੋਜ਼
- ਰੋਲ, ਬੀਬੀਸੀ ਸਪੋਰਟਸ
ਲਮੀਨ ਯਮਾਲ ਨੇ ਯੂਰੋ 2024 ਦੇ ਸੇਮੀਫਾਈਨਲ ਵਿੱਚ ਅਹਿਮ ਗੋਲ ਤੋਂ ਇਲਾਵਾ ਤਿੰਨ ਗੋਲ ਕੀਤੇ ਅਤੇ ਸਕੋਰ ਵਿੱਚ ਟੀਮ ਦੀ ਮਦਦ ਕੀਤੀ ਹੈ
ਯੂਰਪੀ ਦੇਸਾਂ ਦੀ ਫੁੱਟਬਾਲ ਟੂਰਨਾਮੈਂਟ ਯੂਰੋ 24 ਹੁਣ ਆਪਣੇ ਅੰਤਿਮ ਪੜਾਅ ਵਿੱਚ ਹੈ। ਇਸਦਾ ਪਹਿਲਾ ਸੇਮੀਫਾਈਨਲ ਸਪੇਨ ਅਤੇ ਫਰਾਂਸ ਦੇ ਵਿੱਚ ਭਾਰਤੀ ਸਮੇਂ ਮੁਤਾਬਕ ਬੁੱਧਵਾਰ ਸਵੇਰੇ ਸਵਾ 12 ਵਜੇ ਹੋਇਆ।
ਅਕਸਰ ਯੂਰਪੀ ਚੈਂਪੀਅਨਸ਼ਿਪ ਵਿੱਚ ਕੋਈ ਅਜਿਹਾ ਗੋਲ ਹੁੰਦਾ ਹੈ ਜੋ ਸਮੇਂ ਦੀ ਕਸੌਟੀ ਉੱਤੇ ਖਰ੍ਹਾ ਉੱਤਰਦਾ ਹੈ। ਕਈ ਦਹਾਕਿਆਂ ਤੱਕ ਯਾਦ ਕੀਤਾ ਜਾਂਦਾ ਹੈ। ਵਾਰ-ਵਾਰ ਇਸਦੇ ਵੀਡੀਓ ਸਾਂਝੇ ਕੀਤੇ ਜਾਂਦੇ ਹਨ ਅਤੇ ਸਿਫ਼ਤਾਂ ਕੀਤੀਆਂ ਜਾਂਦੀਆਂ ਹਨ।
ਯੂਰੋ 1988 ਵਿੱਚ ਮਰੱਕੋ ਵੈਨ ਬਾਸਟਨ ਦੀ ਐਂਗਲਡ ਵਾਲਾ ਗੋਲ ਅਜਿਹੇ ਹੀ ਨਾ ਭੁੱਲਣਯੋਗ ਗੋਲਾਂ ਵਿੱਚੋਂ ਇੱਕ ਹੈ।
ਯੂਰੋ 2024 ਦੇ ਸੇਮੀਫਾਈਨਲ ਵਿੱਚ ਫਰਾਂਸ ਦੇ ਖਿਲਾਫ ਸਪੇਨ ਦੇ ਲਈ ਲਮੀਨ ਯਮਾਲ ਦਾ ਇਤਿਹਾਸ ਰਚਣ ਵਾਲਾ ਗੋਲ ਵੀ ਇਸੇ ਸੂਚੀ ਵਿੱਚ ਜੋੜਿਆ ਜਾ ਸਕਦਾ ਹੈ।
ਭਾਰਤੀ ਸਮੇਂ ਮੁਤਾਬਕ ਬੁੱਧਵਾਰ ਤੜਕੇ ਮਿਊਨਿਖ ਵਿੱਚ ਹੋਏ ਯੂਰੋ 2024 ਦੇ ਸੇਮੀਫਾਈਨਲ ਵਿੱਚ ਜਦੋਂ ਸਪੇਨ ਫਰਾਂਸ ਤੋਂ 1-0 ਨਾਲ ਪਿੱਛੇ ਸੀ ਤਾਂ ਯਮਾਲ ਨੇ ਬਾਕਸ ਦੇ ਬਾਹਰੋਂ ਗੋਲਪੋਸਟ ਦੇ ਉੱਪਰੀ ਖੂੰਜੇ ਤੋਂ ਸ਼ਾਨਦਾਰ ਗੋਲ ਕੀਤਾ। ਇਸ ਗੋਲ ਨੇ ਯਮਾਲ ਦਾ ਨਾਮ ਇਤਿਹਾਸ ਦੀਆਂ ਕਿਤਾਬਾਂ ਵਿੱਚ ਸ਼ਾਮਲ ਕਰਵਾ ਦਿੱਤਾ ਹੈ।
16 ਸਾਲ ਅਤੇ 362 ਦਿਨਾਂ ਦੀ ਉਮਰ ਵਿੱਚ ਉਹ ਟੂਰਨਾਮੈਂਟ ਦੇ ਇਤਿਹਾਸ ਵਿੱਚ ਸਕੋਰ ਕਰਨ ਵਾਲੇ ਸਭ ਤੋਂ ਛੋਟੇ ਵਿਅਕਤੀ ਬਣ ਗਏ ਹਨ।
ਲੇਕਿਨ ਉਸ ਤੋਂ ਵੱਡੀ ਪ੍ਰਾਪਤੀ ਤਾਂ ਇਹ ਸੀ ਕਿ ਜਿਸ ਕਿਸੇ ਨੇ ਵੀ ਇਹ ਗੋਲ ਦੇਖਿਆ ਉਹ ਹੈਰਾਨ ਰਹਿ ਗਿਆ।
ਇੰਗਲੈਂਡ ਦੇ ਸਾਬਕਾ ਸਟਰਾਈਕਰ ਗੇਰੀ ਲਿਨੇਕਰ ਨੇ ਬੀਬੀਸੀ ਨੂੰ ਦੱਸਿਆ, “ਇੱਕ ਸੂਪਰ ਸਟਾਰ ਪੈਦਾ ਹੋ ਗਿਆ ਹੈ। ਇਹ ਸਿਰਫ ਇਸ ਮੈਚ ਦਾ ਨਹੀਂ ਸਗੋਂ ਲਗਦਾ ਹੈ ਪੂਰੇ ਟੂਰਨਾਮੈਂਟ ਦਾ ਹੀ ਸਭ ਤੋਂ ਯਾਦਗਾਰੀ ਪਲ ਹੈ।”
ਇੰਗਲੈਂਡ ਦੇ ਹੋਰ ਸਾਬਕਾ ਸਟਾਰ ਏਲਨ ਸ਼ੋਰਰ ਨੇ ਕਿਹਾ, “ਇੱਕ ਅਦਭੁਤ ਗੋਲ। ਅਸੀਂ ਸਾਰੇ ਟੂਰਨਾਮੈਂਟ ਦੇ ਦੌਰਾਨ ਇਸ ਗੱਲ ਦੀ ਚਰਚਾ ਕਰ ਰਹੇ ਸੀ ਕਿ ਯਮਾਨ ਇੰਨੀ ਛੋਟੀ ਉਮਰ ਦੇ ਹਨ ਅਤੇ ਫਿਰ ਅਜਿਹਾ ਗੋਲ ਕਰਨਾ ਯਕੀਨ ਨਹੀਂ ਹੁੰਦਾ।”
‘ਇੱਕ ਜੀਨੀਅਸ ਕਿੱਕ’

ਤਸਵੀਰ ਸਰੋਤ, Reuters
ਉਸ ਬਾਕਮਾਲ ਗੋਲ ਨੂੰ ਦੇਖ ਕੇ ਏਲਿਆਂਜ਼ ਏਰੀਨਾ ਵਿੱਚ ਬੈਠੇ ਦਰਸ਼ਕ ਅਤੇ ਦੁਨੀਆਂ ਭਰ ਵਿੱਚ ਟੀਵੀ ਉੱਤੇ ਸਿੱਧਾ ਪ੍ਰਸਾਰਣ ਦੇਖ ਰਹੇ ਪ੍ਰਸ਼ੰਸਕ ਦੰਗ ਰਹਿ ਗਏ।
ਜਦੋਂ ਗੋਲ ਹੋਇਆ ਤਾਂ ਸਪੀਡ ਦੇ ਕਾਰਨ ਉਨ੍ਹਾਂ ਦੀਆਂ ਖੂਬੀਆਂ ਉਨੀਆਂ ਨਜ਼ਰ ਨਹੀਂ ਆਈਆਂ। ਲੇਕਿਨ ਜਦੋਂ ਸਲੋ ਮੋਸ਼ਨ ਵਿੱਚ ਦਿਖਾਇਆ ਗਿਆ ਤਾਂ ਸਮਝ ਆਇਆ ਕਿ ਇਹ ਤਾਂ ਕਈ ਸਾਲਾਂ ਵਿੱਚ ਇੱਕ ਵਾਰ ਹੋਣ ਵਾਲਾ ਗੋਲ ਹੈ।
ਯਮਾਲ ਦੀ ਟੀਮ ਇੱਕ ਅਹਿਮ ਟੂਰਨਾਮੈਂਟ ਵਿੱਚ ਇੱਕ ਸਿਫਰ ਨਾਲ ਪਿਛੜ ਰਹੀ ਸੀ। ਸਾਰੇ ਖਿਡਾਰੀ ਦਬਾਅ ਵਿੱਚ ਖੇਡ ਰਹੇ ਸੀ। ਇਸੇ ਤਣਾਅ ਦੇ ਦੌਰਾਨ ਯਮਾਲ ਨੇ ਮੈਚ ਦਾ ਪਾਸਾ ਪਲਟ ਦਿੱਤਾ।
ਇਹ ਹੇਵੀਵੇਟ ਮੁਕਾਬਲੇ ਦੀ ਤਿਆਰੀ ਵਿੱਚ ਕਿਸੇ ਵੀ ਮੌਕੇ ਉੱਤੇ ਯਮਾਲ ਵਿੱਚ ਘਬਰਾਹਟ ਦੇ ਲੱਛਣ ਨਜ਼ਰ ਨਹੀਂ ਆਏ।
ਸੇਮੀਫਾਈਨਲ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ ਤੱਕ ਆਪਣੇ ਸਾਥੀਆਂ ਨਾਲ ਹੱਸ ਰਹੇ ਸਨ। ਆਪਣੀ ਖੇਡ ਦੇ ਦੌਰਾਨ ਵੀ ਯਮਾਲ ਨੇ ਇਸੇ ਆਤਮ ਵਿਸ਼ਵਾਸ ਨੂੰ ਕਾਇਮ ਰੱਖਿਆ।
ਸਪੇਨ ਦੇ ਫੁੱਟਬਾਲ ਕੋਚ ਬੌਲ ਲੂਈਸ ਡੀ ਲਾ ਫੁਏਂਤੇ ਨੇ ਯਮਾਲ ਦੇ ਗੋਲ ਬਾਰੇ ਕਿਹਾ, “ਅਸੀਂ ਇੱਕ ਜੀਨੀਅਸ ਗੋਲ ਦੇਖਿਆ ਹੈ। ਹੁਣ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਸਦਾ ਖ਼ਾਸ ਧਿਆਨ ਰੱਖੀਏ। ਮੈਂ ਚਾਹਾਂਗਾ ਕਿ ਉਹ ਇਸੇ ਤਰ੍ਹਾਂ ਨਿਮਰਤਾ ਨਾਲ ਰਹਿਣ ਅਤੇ ਆਪਣੇ ਪੈਰ ਜ਼ਮੀਨ ਉੱਤੇ ਰੱਖਣ... ਬਸ ਲਗਾਤਾਰ ਸਿੱਖਦੇ ਰਹਿਣ।”
ਉਨ੍ਹਾਂ ਨੇ ਕਿਹਾ, “ਈਮਾਨਦਾਰੀ ਨਾਲ ਕਹਾਂ ਤਾਂ ਯਮਾਲ ਆਪਣੀ ਉਮਰ ਤੋਂ ਕਿਤੇ ਜ਼ਿਆਦਾ ਤਜ਼ਰਬੇਕਾਰ ਖਿਡਾਰੀ ਲਗਦੇ ਹਨ। ਮੈਂ ਤਾਂ ਬਸ ਇਸ ਗੱਲ ਦਾ ਜਸ਼ਨ ਮਨਾ ਰਿਹਾ ਹੈ ਕਿ ਉਹ ਸਾਡੀ ਟੀਮ ਵਿੱਚ ਹਨ।”
“ਸਾਨੂੰ ਯਮਾਲ ਉੱਤੇ ਭਰੋਸਾ ਹੈ। ਉਮੀਦ ਹੈ ਕਿ ਅਸੀਂ ਆਉਣ ਵਾਲੇ ਸਾਲਾਂ ਦੌਰਾਨ ਉਨ੍ਹਾਂ ਦੀ ਖੇਡ ਦਾ ਅਨੰਦ ਲੈ ਸਕਾਂਗੇ।”

ਯਮਾਲ ਬਸ ਜਿੱਤਣਾ ਚਾਹੁੰਦੇ ਹਨ...ਹਰ ਹਾਲ ਵਿੱਚ
ਯਮਾਲ ਹੁਣ ਕੌਮਾਂਤਰੀ ਮੰਚ ਉੱਤੇ ਆਪਣੀ ਪੈੜ ਛੱਡ ਰਹੇ ਹਨ ਲੇਕਿਨ ਆਪਣੇ ਕਲੱਬ ਬਾਰਸਿਲੋਨਾ ਵਿੱਚ ਉਨ੍ਹਾਂ ਨੇ ਪਹਿਲਾਂ ਹੀ ਰਿਕਾਰਡ ਬੁਕਸ ਵਿੱਚ ਥਾਂ ਬਣਾ ਲਈ ਹੈ।
ਉਹ ਸਪੈਨਿਸ਼ ਟੀਮ ਦੇ ਸਭ ਤੋਂ ਵਧੀਆ ਖਿਡਾਰੀ ਅਤੇ ਗੋਲ ਸਕੋਰਰ ਬਣ ਗਏ ਹਨ। ਇਸ ਤੋਂ ਪਹਿਲਾਂ ਉਹ ਸਪੇਨ ਦੀ ਲਾ ਲੀਗਾ ਵਿੱਚ ਸਭ ਤੋਂ ਨਿਆਣੀ ਉਮਰ ਦੇ ਸਕਰੋਰ ਵੀ ਬਣੇ ਸਨ।

ਤਸਵੀਰ ਸਰੋਤ, Reuters
ਯਮਾਲ 13 ਜੁਲਾਈ ਨੂੰ 17 ਸਾਲ ਦੇ ਹੋ ਜਾਣਗੇ ਯਾਨੀ ਯੂਰੋ 2024 ਦੇ ਫਾਈਨਲ ਮੈਚ ਤੋਂ ਇੱਕ ਦਿਨ ਪਹਿਲਾਂ।
ਆਪਣੀ ਸੋਚ ਦੀ ਝਲਕ ਦਿੰਦੇ ਹੋਏ ਯਮਾਲ ਨੇ ਕਿਹਾ ਕਿ ਉਹ ਆਪਣਾ ਜਨਮ ਦਿਨ ਮਾਨਉਣ ਲਈ ਸਿਰਫ “ਜਿੱਤ, ਜਿੱਤ, ਜਿੱਤ ਅਤੇ ਜਿੱਤ” ਉੱਤੇ ਹੀ ਧਿਆਨ ਦੇਣਗੇ।
ਫਾਈਨਲ ਵਿੱਚ ਸਪੇਨ ਦਾ ਮੁਕਾਬਲਾ ਇੰਗਲੈਂਡ ਨਾਲ ਹੋਵੇਗਾ।
ਪਰ ਸਾਹਮਣੇ ਜਿਹੜੀ ਵੀ ਟੀਮ ਹੋਵੇ, ਉਸ ਟੀਮ ਨੂੰ ਬਸ ਇੱਕ ਹੀ ਸਲਾਹ ਹੈ ਕਿ ਉਹ ਇਸ ਨੌਜਵਾਨ ਨੂੰ ਉਕਸਾਏ ਨਾ। ਕਿਉਂਕਿ ਫਰਾਂਸ ਦੇ ਖਿਲਾਫ਼ ਮੈਚ ਤੋਂ ਪਹਿਲਾਂ ਉਨ੍ਹਾਂ ਦੇ ਮਿਡ-ਫੀਲਡਰ ਏਡਰਿਆਂ ਰਾਬਿਓ ਨੇ ਕਿਹਾ ਸੀ ਕਿ ਯਮਾਲ ਨੇ ਹੁਣ ਤੱਕ ਟੂਰਨਾਮੈਂਟ ਵਿੱਚ ਜੋ ਪ੍ਰਦਰਸ਼ਨ ਕੀਤਾ ਹੈ, ਉਸ ਤੋਂ ਬਿਹਤਰ ਖੇਡਣਾ ਹੋਵੇਗਾ।

ਤਸਵੀਰ ਸਰੋਤ, Getty Images
ਮੈਚ ਤੋਂ ਬਾਅਦ ਯਮਾਲ ਨੇ ਟੀਵੀ ਕੈਮਰੇ ਵੱਲ ਦੇਖਦੇ ਹੋਏ ਚੀਕਦੇ ਹੋਏ ਕਿਹਾ— “ਹੁਣ ਬੋਲੋ, ਬੋਲੋ ਹੁਣ।”
ਇੰਗਲੈਂਡ ਦੇ ਸਾਬਕਾ ਡਿਫੇਂਡਰ ਰਿਓ ਫਰਡਿਨੈਂਟ ਕਹਿੰਦੇ ਹਨ,“ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਯਮਾਲ ਨੇ ਰਾਬਿਓ ਨੂੰ ਦੇਖਿਆ ਅਤੇ ਸੋਚਿਆ ਕਿ ਮੈਂ ਤੈਨੂੰ ਦਿਖਾਉਂਦਾ ਹਾਂ।”
“ਇਹ ਇੱਕ ਬੱਚੇ ਦਾ ਅਦਭੁਤ ਗੋਲ ਸੀ।”
ਯਮਾਲ ਮੈਚ ਤੋਂ ਬਾਅਦ ਸਵੇਰੇ ਸਵਾ ਬਾਰਾਂ ਵਜੇ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ ਵਿੱਚ ਪਹੁੰਚੇ।
ਉੱਥੇ ਪੱਤਰਕਾਰਾਂ ਨੇ ਪੁੱਛਿਆ ‘ਹੁਣ ਬੋਲੋ ਵਾਲਾ ਬਿਆਨ ਕਿਸ ਲਈ ਸੀ?’
ਜਿਸ ਲਈ ਇਹ ਬਿਆਨ ਸੀ, ਉਹ ਜਾਣਦਾ ਹੈ ਕਿ ਇਹ ਬਿਆਨ ਉਸ ਲਈ ਹੈ
“ਆਪਣੀ ਕੌਮੀ ਟੀਮ ਲਈ ਗੋਲ ਕਰਨਾ ਅਤੇ ਫਾਈਨਲ ਵਿੱਚ ਪਹੁੰਚਣਾ ਇੱਕ ਸੁਫਨਾ ਸੱਚ ਹੋਣ ਵਰਗਾ ਹੈ।”
ਯਮਾਲ ਨੇ ਪੱਤਰਕਾਰਾਂ ਦਾ ਸਾਹਮਣਾ ਵੀ ਉਸੇ ਭਰੋਸੇ ਨਾਲ ਕੀਤਾ, ਜਿਸ ਨਾਲ ਉਹ ਮੈਦਾਨ ਉੱਤੇ ਫੁੱਟਬਾਲ ਖੇਡ ਰਹੇ ਸਨ।
ਹੁਣ ਯਮਾਲ ਦਾ ਧਿਆਨ ਐਤਵਾਰ ਨੂੰ ਬਰਲਿਨ ਵਿੱਚ ਹੋਣ ਵਾਲੇ ਫਾਈਨਲ ਉੱਤੇ ਹੈ।
ਇਹ ਪੁੱਛੇ ਜਾਣ ਉੱਤੇ ਕਿ ਉਹ ਕਿਸ ਦੇ ਨਾਲ ਫਾਈਨਲ ਖੇਡਣਾ ਚਾਹੁਣਗੇ— ਇੰਗਲੈਂਡ ਜਾਂ ਨੀਦਰਲੈਂਡਸ?
ਯਮਾਲ ਨੇ ਕਿਹਾ, “ਮੈਨੂੰ ਫਰਕ ਨਹੀਂ ਪੈਂਦਾ। ਜਦੋਂ ਤੁਸੀਂ ਫਾਈਨਲ ਵਿੱਚ ਹੋ ਤਾਂ ਤੁਸੀਂ ਆਪਣਾ ਬਿਹਤਰੀਨ ਪ੍ਰਦਰਸ਼ਨ ਕਰਨਾ ਹੁੰਦਾ ਹੈ। ਸਾਹਮਣੇ ਜੋ ਵੀ ਹੋਵੇ, ਅਸੀਂ ਡਟ ਕੇ ਖੇਡਾਂਗੇ।”












