ਇਸ ਔਰਤ ਦੀਆਂ ਦੋ ਕੁਖਾਂ ਹਨ, ਦੋਹਾਂ ਤੋਂ ਹੋਇਆ ਦੋ ਬੱਚੀਆਂ ਦਾ ਜਨਮ, ਜਾਣੋ ਇਹ ਕਿਵੇਂ ਹੁੰਦਾ ਹੈ

    • ਲੇਖਕ, ਜੇਮਜ਼ ਫਿਟਜ਼ਗੇਰਾਲਡ
    • ਰੋਲ, ਬੀਬੀਸੀ ਨਿਊਜ਼

ਦੋਹਰੀ ਬੱਚੇਦਾਨੀ ਵਾਲੀ ਇੱਕ ਅਮਰੀਕੀ ਔਰਤ ਨੇ ਦੋ ਦਿਨਾਂ ਦੀ ਵਿੱਥ ਵਿੱਚ ਦੋ ਬੱਚਿਆਂ ਨੂੰ ਜਨਮ ਦਿੱਤਾ।

ਅਜਿਹਾ 'ਲੱਖਾਂ ਵਿੱਚੋਂ ਇੱਕ' ਗਰਭ ਅਵਸਥਾ ਦੌਰਾਨ ਹੁੰਦਾ ਹੈ। ਜਣੇਪੇ ਲਈ ਔਰਤ ਨੂੰ 20 ਘੰਟਿਆਂ ਦੀ ਜਣੇਪਾ ਪੀੜਾ ਵਿੱਚੋਂ ਲੰਘਣਾ ਪਿਆ।

32 ਸਾਲਾ ਕੈਲਸੀ ਹੈਚਰ ਨੇ ਅਲਬਾਮਾ ਦੀ ਬਰਮਿੰਘਮ ਯੂਨੀਵਰਸਿਟੀ (ਯੂਏਬੀ) ਹਸਪਤਾਲ ਵਿੱਚ ਮੰਗਲਵਾਰ ਨੂੰ ਇੱਕ ਧੀ ਨੂੰ ਜਨਮ ਦਿੱਤਾ ਅਤੇ ਬੁੱਧਵਾਰ ਨੂੰ ਦੂਜੀ ਧੀ ਨੂੰ ਜਨਮ ਦਿੱਤਾ।

ਸੋਸ਼ਲ ਮੀਡੀਆ 'ਤੇ ਆਪਣੇ 'ਚਮਤਕਾਰੀ ਬੱਚਿਆਂ' ਦੇ ਆਉਣ ਦਾ ਐਲਾਨ ਕਰਦੇ ਹੋਏ, ਹੈਚਰ ਨੇ ਡਾਕਟਰਾਂ ਦੀ 'ਬੇਮਿਸਾਲ' ਸ਼ਲਾਘਾ ਕੀਤੀ।

ਕੁੜੀਆਂ ਨੂੰ ਦੁਰਲੱਭ ਵੱਖ-ਵੱਖ ਜਨਮਦਿਨਾਂ ਵਾਲੀਆਂ 'ਭਾਈਚਾਰਕ' ਜੌੜੀਆਂ ਭੈਣਾਂ ਆਖਿਆ ਜਾ ਰਿਹਾ ਹੈ।

ਹੈਚਰ ਦਾ ਕਹਿਣਾ ਹੈ ਕਿ ਪਰਿਵਾਰ ਹੁਣ 'ਛੁੱਟੀਆਂ ਦਾ ਅਨੰਦ ਲੈਣ' ਲਈ ਘਰ ਵਾਪਸ ਆ ਗਿਆ ਹੈ। ਉਨ੍ਹਾਂ ਨੂੰ ਪਹਿਲਾਂ ਲੱਗਦਾ ਸੀ ਕਿ ਉਨ੍ਹਾਂ ਦੇ ਬੱਚਿਆਂ ਦਾ ਜਨਮ ਕ੍ਰਿਸਮਸ 'ਤੇ ਹੋਵੇਗਾ।

ਯੂਏਬੀ ਜਣੇਪੇ ਦੀ ਡਾਕਟਰ ਨੇ ਪੁਸ਼ਟੀ ਕੀਤੀ ਤਿੰਨੇ (ਮਾਂ ਅਤੇ ਬੱਚੀਆਂ) ਬਿਲਕੁਲ ਠੀਕ ਹਨ। ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਇੱਕ ਅਜਿਹਾ ਕੇਸ ਸੀ, ਜੋ ਜ਼ਿਆਦਾਤਰ ਲੋਕਾਂ "ਦੇ ਪੂਰੇ ਪੇਸ਼ੇਵਰ ਜੀਵਨ ਦੌਰਾਨ ਦੇਖਣ ਨੂੰ ਨਹੀਂ ਮਿਲਦਾ।"

17 ਸਾਲ ਦੀ ਉਮਰ ਵਿੱਚ ਲੱਗਾ ਪਤਾ

ਹੈਚਰ ਨੂੰ 17 ਸਾਲ ਦੀ ਉਮਰ ਵਿੱਚ ਦੱਸਿਆ ਗਿਆ ਸੀ ਕਿ ਉਨ੍ਹਾਂ ਦੇ ਦੋ ਬੱਚੇਦਾਨੀਆਂ ਹਨ, ਜਿਸ ਨੂੰ ਯੂਟ੍ਰਿਸ ਡਿਡੇਲਫੀਸ ਕਿਹਾ ਜਾਂਦਾ ਹੈ।

ਯੂਏਬੀ ਮੁਤਾਬਕ ਇਹ 0.3 ਫੀਸਦ ਔਰਤਾਂ ਨੂੰ ਪ੍ਰਭਾਵਿਤ ਕਰਨ ਵਾਲਾ ਇੱਕ ਦੁਰਲੱਭ ਜਮਾਂਦਰੂ ਵਿਗਾੜ ਹੈ।

ਉਸ ਮੁਤਾਬਕ ਇਹ “ਦਸ ਲੱਖ ਵਿੱਚੋਂ ਇੱਕ" ਔਰਤ ਵਿੱਚ ਦੋ ਬੱਚੇਦਾਨੀਆਂ ਨਾਲ ਗਰਭਵਤੀ ਹੋਣ ਦੀ ਸੰਭਾਵਨਾ ਹੁੰਦੀ ਹੈ।

ਪੂਰੀ ਦੁਨੀਆਂ ਵਿੱਚ ਰਿਪੋਰਟ ਕੀਤੇ ਗਏ ਅਜਿਹੇ ਕੇਸ ਬਹੁਤ ਘੱਟ ਹਨ। 2019 ਵਿੱਚ, ਬੰਗਲਾਦੇਸ਼ ਵਿੱਚ ਇੱਕ ਡਾਕਟਰ ਨੇ ਬੀਬੀਸੀ ਨੂੰ ਦੱਸਿਆ ਕਿ ਇੱਕ ਔਰਤ ਨੇ ਆਪਣੀ ਇੱਕ ਬੱਚੇਦਾਨੀ ਤੋਂ ਸਮੇਂ ਤੋਂ ਪਹਿਲਾਂ ਇੱਕ ਬੱਚੇ ਨੂੰ ਜਨਮ ਦੇਣ ਤੋਂ ਕਰੀਬ ਇੱਕ ਮਹੀਨੇ ਬਾਅਦ ਜੌੜੇ ਬੱਚਿਆਂ ਨੂੰ ਜਨਮ ਦਿੱਤਾ ਸੀ।

ਹੈਚਰ ਦੀਆਂ ਪਿਛਲੀਆਂ ਤਿੰਨ, ਸਿਹਤਮੰਦ ਗਰਭ-ਅਵਸਥਾਵਾਂ ਸਨ। ਇਸ ਵਾਰ, ਉਨ੍ਹਾਂ ਨੂੰ ਇਹ ਭਰੋਸਾ ਸੀ ਕਿ ਉਹ ਸਿਰਫ਼ ਇੱਕ ਬੱਚੇਦਾਨੀ ਤੋਂ ਗਰਭਵਤੀ ਹਨ ਪਰ ਜਦੋਂ ਉਨ੍ਹਾਂ ਨੇ ਇੱਕ ਰੁਟੀਨ ਅਲਟਰਾਸਾਊਂਡ ਕਰਵਾਇਆ ਤਾਂ ਪਤਾ ਲੱਗਾ ਉਨ੍ਹਾਂ ਦੀ ਦੂਜੀ ਬੱਚੇਦਾਨੀ ਵਿੱਚ ਵੀ ਇੱਕ ਬੱਚਾ ਹੈ।

ਉਨ੍ਹਾਂ ਨੇ ਯਾਦ ਕਰਦਿਆਂ ਕਿਹਾ, "ਮੇਰਾ ਸਾਹ ਫੁਲ ਗਿਆ... ਸਾਨੂੰ ਇਸ 'ਤੇ ਵਿਸ਼ਵਾਸ਼ ਹੀ ਨਹੀਂ ਹੋ ਰਿਹਾ ਸੀ।"

ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਆਪਣੀ ਇਸ ਬਾਰੇ ਅਸਾਧਾਰਨ ਯਾਤਰਾ ਦਾ ਦਸਤਾਵੇਜ਼ੀਕਰਨ ਵੀ ਕੀਤਾ ਹੈ।

38 ਹਫ਼ਤਿਆਂ ਵਿੱਚ ਇੱਕ ਅਪਡੇਟ ਨੇ ਪੁੱਛਿਆ: "ਕੀ ਗੱਲ ਹੈ? ਅਸੀਂ ਇੱਥੋਂ ਤੱਕ ਕਿਵੇਂ ਪਹੁੰਚੇ ?"

ਯੂਏਬੀ ਨੇ ਉਨ੍ਹਾਂ ਦੀ ਗਰਭ ਅਵਸਥਾ ਨੂੰ ਰੁਟੀਨ ਮੁਤਾਬਕ ਹੀ ਦੱਸਿਆ।

ਦੁਗਣੀ ਨਿਗਰਾਨੀ

ਜਣੇਪੇ ਵਿੱਚ ਸਹਿਯੋਗ ਦੇਣ ਵਾਲੀ ਪ੍ਰੋ. ਰਿਚਰਡ ਡੇਵਿਸ ਨੇ ਦੱਸਿਆ ਕਿ ਹਰੇਕ ਬੱਚੇ ਨੇ "ਵਧਣ-ਫੁਲਣ ਅਤੇ ਵਿਕਾਸ ਲਈ ਵਾਧੂ ਥਾਂ" ਦਾ ਆਨੰਦ ਮਾਣਿਆ ਹੈ।

ਉਨ੍ਹਾਂ ਨੇ ਕਿਹਾ ਕਿ ਅਜਿਹਾ ਇਸ ਲਈ ਸੀ ਕਿਉਂਕਿ ਹਰੇਕ ਬੱਚੇ ਦੀ ਆਪਣੇ-ਆਪ ਵਿੱਚ ਇੱਕ ਕੁੱਖ ਹੁੰਦੀ ਹੈ, ਇਹ ਜੌੜੇ ਬੱਚਿਆਂ ਦੀ ਅਵਸਥਾ ਤੋਂ ਠੀਕ ਉਲਟ ਹੈ।

ਹੈਚਰ ਦੀ ਗਰਭ-ਅਵਸਥਾ 39 ਹਫ਼ਤਿਆਂ ਵਿੱਚ ਤੈਅ ਹੋਈ ਸੀ ਅਤੇ ਹਸਪਤਾਲ ਵਿੱਚ ਦੁਗਣੀ ਨਿਗਰਾਨੀ ਅਤੇ ਚਾਰਟਿੰਗ ਦੀ ਲੋੜ ਸੀ ਅਤੇ ਨਾਲ ਹੀ ਸਟਾਫ ਦੀ ਗਿਣਤੀ ਵੀ ਦੁਗਣੀ ਕਰਨੀ ਸੀ।

ਹਸਪਤਾਲ ਦੀ ਜਣੇਪੇ ਅਤੇ ਗਾਇਨੀਕੋਲੋਜੀ ਟੀਮ ਤੋਂ ਡਾਕਟਰ ਸ਼ਵੇਤਾ ਪਟੇਲ ਨੇ ਕਿਹਾ ਕਿ ਇਹ ਹੈਚਰ ਦੇ ਕੇਸ ਦਾ "ਸਭ ਤੋਂ ਆਮ" ਹਿੱਸਾ ਸਾਬਤ ਹੋਇਆ।

ਡਾ. ਪਟੇਲ ਨੇ ਬੀਬੀਸੀ ਨੂੰ ਦੱਸਿਆ, ਯੂਏਬੀ ਸਟਾਫ਼ ਕੋਲ "ਬਹੁਤ ਸਾਰੇ ਸਬੂਤ ਜਾਂ ਡੇਟਾ" ਨਹੀਂ ਸਨ, ਅਤੇ ਉਨ੍ਹਾਂ ਨੂੰ ਆਮ ਗਰਭ-ਅਵਸਥਾਵਾਂ ਬਾਰੇ ਆਪਣੇ ਗਿਆਨ ਨੂੰ ਹੀ ਲਾਗੂ ਕਰਨ ਦੀ ਲੋੜ ਸੀ।

ਉਨ੍ਹਾਂ ਨੇ ਕਿਹਾ ਕਿ ਯਕੀਨਨ, ਬੱਚਿਆਂ ਦਾ "ਆਪਣਾ ਦਿਮਾਗ਼" ਹੁੰਦਾ ਹੈ ਅਤੇ ਵੱਖ-ਵੱਖ ਤਰੀਕਿਆਂ ਨਾਲ ਡਿਲੀਵਰੀ ਕੀਤੀ ਗਈ ਸੀ।

ਪਹਿਲੀ ਧੀ ਰੋਕਸੀ ਦਾ ਜਨਮ 19 ਦਸੰਬਰ ਨੂੰ ਸਥਾਨਕ ਸਮੇਂ ਅਨੁਸਾਰ 19:45 ਵਜੇ ਇੱਕ ਬੱਚੇਦਾਨੀ ਰਾਹੀਂ (ਨੌਰਮਲ ਡਿਲੀਵਰੀ) ਹੋਇਆ ਸੀ। ਦੂਜਾ, ਜਿਸਦਾ ਨਾਮ ਰੇਬੇਲ ਹੈ, ਉਸ ਦਾ ਜਨਮ 10 ਘੰਟਿਆਂ ਤੋਂ ਵੱਧ ਸਮੇਂ ਬਾਅਦ ਸੀ-ਸੈਕਸ਼ਨ ਰਾਹੀਂ ਹੋਇਆ।

ਪ੍ਰੋ. ਡੇਵਿਸ ਨੇ ਕਿਹਾ ਕਿ ਕੁੜੀਆਂ ਨੂੰ ਭਰਾਤਰੀ ਜੌੜੀਆਂ ਕਿਹਾ ਜਾ ਸਕਦਾ ਹੈ, ਇਹ ਸ਼ਬਦ ਉਦੋਂ ਵਰਤਿਆ ਜਾਂਦਾ ਹੈ ਜਦੋਂ ਬੱਚਾ ਇੱਕ ਵੱਖਰੇ ਅੰਡੇ ਤੋਂ ਵਿਕਸਤ ਹੁੰਦਾ ਹੈ ਅਤੇ ਇੱਕ ਵੱਖਰੇ ਸ਼ੁਕਰਾਣੂ ਦੁਆਰਾ ਉਪਜਾਊ ਹੁੰਦਾ ਹੈ।

ਉਨ੍ਹਾਂ ਮੁਤਾਬਕ, "ਅਖ਼ੀਰ, ਇਹ ਇੱਕੋ ਵੇਲੇ ਇੱਕ ਪੇਟ ਵਿੱਚ ਦੋ ਬੱਚੇ ਸਨ। ਉਨ੍ਹਾਂ ਕੋਲ ਵੱਖਰੀਆਂ ਕੁੱਖਾਂ ਸਨ।"

ਯੂਟ੍ਰਿਸ ਡਿਡੇਲਫੀਸ ਕੀ ਹੈ?

  • ਇਹ ਇੱਕ ਅਜਿਹਾ ਵਿਕਾਰ ਹੈ ਜਿਸ ਵਿੱਚ ਇੱਕ ਔਰਤ ਵਿੱਚ ਇੱਕ ਦੀ ਬਜਾਇ ਦੋਹਰੀ ਬੱਚੇਦਾਨੀ ਵਿਕਸਿਤ ਹੋ ਜਾਂਦੀ ਹੈ।
  • ਭਰੂਣ ਵਿੱਚ ਬੱਚੇਦਾਨੀਆਂ ਦੀਆਂ ਦੋ ਛੋਟੀਆਂ ਟਿਊਬਾਂ ਦੇ ਰੂਪ ਵਿੱਚ ਸ਼ੁਰੂ ਹੁੰਦਾ ਹੈ ਅਤੇ ਇਹ ਆਮ ਤੌਰ 'ਤੇ ਇਹ ਇਕੱਠੇ ਹੋ ਕੇ ਇੱਕ ਵੱਡਾ ਅੰਗ ਬਣਾਉਂਦੇ ਹਨ ਪਰ ਜੇ ਇਹ ਨਹੀਂ ਹੁੰਦੇ ਤਾਂ ਇੱਕ ਦੋਹਰੀ ਬੱਚੇਦਾਨੀ ਬਣਾ ਸਕਦੇ ਹਨ।
  • ਅਜਿਹੀਆਂ ਅਸਧਾਰਨਤਾਵਾਂ ਗੰਭੀਰਤਾ ਵਿੱਚ ਵੱਖਰੀਆਂ ਹੁੰਦੀਆਂ ਹਨ ਅਤੇ ਕੁਝ ਮਾਮਲਿਆਂ ਵਿੱਚ ਜਣਨ ਸਮੱਸਿਆਵਾਂ ਦਾ ਕਾਰਨ ਬਣ ਸਕਦੀਆਂ ਹਨ।
  • ਸਥਿਤੀ ਕਿੰਨੀ ਆਮ ਹੈ ਇਸ ਬਾਰੇ ਵੱਖੋ-ਵੱਖਰੇ ਅੰਦਾਜ਼ੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਯੂਕੇ ਵਿੱਚ 1,000 ਵਿੱਚੋਂ ਇੱਕ ਔਰਤ ਨੂੰ ਪ੍ਰਭਾਵਿਤ ਕਰਦਾ ਹੈ।
  • ਅਕਸਰ ਜਿਨ੍ਹਾਂ ਔਰਤਾਂ ਵਿੱਚ ਅਜਿਹੀ ਸਮੱਸਿਆ ਹੁੰਦੀ ਹੈ ਉਨ੍ਹਾਂ ਵਿੱਚ ਲੱਛਣ ਨਹੀਂ ਹੁੰਦੇ ਹਨ ਅਤੇ ਇਹ ਆਮ ਤੌਰ 'ਤੇ ਇਸ ਦਾ ਪਤਾ ਗਰਭ ਅਵਸਥਾ ਦੌਰਾਨ ਹੀ ਲਗਦਾ ਹੈ, ਜਦੋਂ ਅਲਟਰਾਸਾਊਂਡ ਸਕੈਨ ਕਰਵਾਇਆ ਜਾਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)