ਨਰਸ ਜਿਸ ਨੇ 10,000 ਜਣੇਪੇ ਕਰਵਾਏ: ‘ਮੈਂ 50 ਜੌੜੇ ਬੱਚਿਆਂ ਦੇ ਜਨਮ ਦੌਰਾਨ ਮਦਦ ਕੀਤੀ’

    • ਲੇਖਕ, ਪ੍ਰਾਮੀਲਾ ਕ੍ਰਿਸ਼ਨਨ
    • ਰੋਲ, ਬੀਬੀਸੀ ਪੱਤਰਕਾਰ

ਨਰਸਾਂ ਅਤੇ ਦਾਈਆਂ ਭਾਰਤ ਦੀ ਸਿਹਤ ਸੰਭਾਲ ਪ੍ਰਣਾਲੀ ਦਾ ਇੱਕ ਖ਼ਾਸ ਤੇ ਲਾਜ਼ਮੀ ਹਿੱਸਾ ਹਨ। ਪਰ ਸਿਹਤ ਸੰਭਾਲ ਦੀਆਂ ਸੁਵਿਧਾਵਾਂ ਦੀ ਵਧੇਰੇ ਮੰਗ ਤੇ ਸੀਮਤ ਸਰੋਤਾਂ ਦੇ ਚਲਦਿਆਂ ਉਨ੍ਹਾਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਕਥੀਜਾ ਬੀਬੀ, ਹਾਲ ਹੀ ਵਿੱਚ ਸੇਵਾਮੁਕਤ ਹੋਏ ਹਨ ਉਹ ਇੱਕ ਨਰਸ ਵਜੋਂ ਸੇਵਾਵਾਂ ਨਿਭਾ ਰਹੇ ਸਨ। ਕਥੀਜਾ ਨੂੰ ਉਨ੍ਹਾਂ ਦੀ ਨਿਗਰਾਨੀ ਹੇਠ 10,000 ਤੋਂ ਵੱਧ ਸਫ਼ਲ ਜਣੇਪੇ ਕਰਵਾਉਣ ਬਦਲੇ ਤਾਮਿਲਨਾਡੂ ਸਰਕਾਰ ਵਲੋਂ ਸਨਮਾਨਿਤ ਵੀ ਕੀਤਾ ਗਿਆ ਹੈ।

ਕਥੀਜਾ ਆਪਣੇ 33 ਸਾਲ ਲੰਬੇ ਨਰਸਿੰਗ ਕਰੀਅਰ ’ਤੇ ਝਾਤ ਮਾਰਦਿਆਂ ਇਨ੍ਹਾਂ ਸਾਲਾਂ ਵਿੱਚ ਔਰਤਾਂ ਦੀ ਸਿਹਤ ਸੰਭਾਲ ਪ੍ਰਤੀ ਰਵੱਈਏ ਵਿੱਚ ਆਏ ਬਦਲਾਵਾਂ ਬਾਰੇ ਗੱਲ ਕਰਦੇ ਹਨ।

10,000 ਤੋਂ ਵੱਧ ਜਣੇਪੇ ਕਰਵਾਉਣਾ

60 ਸਾਲਾ ਕਥੀਜਾ ਆਪਣੇ ਕਰੀਅਰ ਦੀ ਖ਼ਾਸੀਅਤ ਬਾਰੇ ਦੱਸਦਿਆਂ ਕਹਿੰਦੇ ਹਨ, "ਮੈਨੂੰ ਮਾਣ ਹੈ ਕਿ ਮੇਰੀ ਨਿਗਰਾਨੀ ਹੇਠ 10 ਹਜ਼ਾਰ ਬੱਚਿਆਂ ਨੇ ਜਨਮ ਲਿਆ ਤੇ ਕੋਈ ਇੱਕ ਵੀ ਜਣੇਪੇ ਦੌਰਾਨ ਨਹੀਂ ਮਰਿਆ।"

ਸੂਬੇ ਦੇ ਸਿਹਤ ਮੰਤਰੀ ਮਾ. ਸੁਬਰਾਮਨੀਅਨ ਨੇ ਬੀਬੀਸੀ ਨੂੰ ਦੱਸਿਆ ਕਿ ਕਥੀਜਾ ਨੂੰ ਹਾਲ ਹੀ ਵਿੱਚ ਇੱਕ ਸਰਕਾਰੀ ਪੁਰਸਕਾਰ ਮਿਲਿਆ ਹੈ ਕਿਉਂਕਿ ਉਨ੍ਹਾਂ ਦੀ ਸਾਲਾਂ ਦੀ ਸੇਵਾ ਦੌਰਾਨ ਕੋਈ ਮੌਤ ਦਰਜ ਨਹੀਂ ਕੀਤੀ ਗਈ ਸੀ।

ਤਿੰਨ ਦਹਾਕਿਆਂ ਦੌਰਾਨ ਉਨ੍ਹਾਂ ਨੇ ਦੱਖਣੀ ਸੂਬੇ ਤਾਮਿਲਨਾਡੂ ਦੇ ਇੱਕ ਸਰਕਾਰੀ ਸਿਹਤ ਕੇਂਦਰ ਵਿੱਚ ਕੰਮ ਕੀਤਾ। ਭਾਰਤ ਵਿੱਚ ਬੀਤੇ ਵਰ੍ਹਿਆਂ ’ਚ ਜਣੇਪੇ ਦੌਰਾਨ ਹੋਣ ਵਾਲੀ ਮਾਵਾਂ ਦੀ ਮੌਤ ਦੀ ਦਰ ਘਟੀ ਹੈ ਤੇ ਹੁਣ ਇਹ ਕੌਮਾਂਤਰੀ ਔਰਤ ਦੀ ਮੌਤ ਦੀ ਦਰ ਨੇੜੇ ਹੀ ਹੈ।

ਕਥੀਜਾ ਕਹਿੰਦੇ ਹਨ ਉਨ੍ਹਾਂ ਨੇ ਕੁੜੀਆਂ ਦੇ ਜਨਮ ਬਾਰੇ ਤੇ ਘੱਟ ਬੱਚੇ ਪੈਦਾ ਕਰਨ ਪ੍ਰਤੀ ਲੋਕਾਂ ਦੇ ਰਵੱਈਏ ਵਿੱਚ ਸਕਾਰਾਤਮਕ ਬਦਲਾਅ ਦੇਖਿਆ ਹੈ।

ਸਹੂਲਤਾਂ ਦੀ ਘਾਟ ਨਾਲ ਜੂਝਦਾ ਜ਼ਿਲ੍ਹਾ ਹਸਪਤਾਲ

ਸਾਲ 1990 ਵਿੱਚ ਜਦੋਂ ਕਥੀਜਾ ਨੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਉਹ ਖ਼ੁਦ ਵੀ ਗਰਭਵਤੀ ਸਨ।

ਕਥੀਜਾ ਯਾਦ ਕਰਦੇ ਹਨ, "ਮੈਂ ਸੱਤ ਮਹੀਨਿਆਂ ਦੀ ਗਰਭਵਤੀ ਸੀ... ਫ਼ਿਰ ਵੀ ਮੈਂ ਦੂਜੀਆਂ ਔਰਤਾਂ ਦੀ ਮਦਦ ਕਰ ਰਹੀ ਸੀ। ਮੈਂ ਆਪਣੇ ਬੱਚੇ ਦੇ ਜਨਮ ਤੋਂ ਬਾਅਦ ਦੋ ਮਹੀਨਿਆਂ ਦੀ ਛੁੱਟੀ ਲਈ ਤੇ ਕੰਮ 'ਤੇ ਵਾਪਸ ਆ ਗਈ ਸੀ।"

"ਮੈਂ ਜਾਣਦੀ ਹਾਂ ਕਿ ਔਰਤਾਂ ਬੱਚੇ ਦੇ ਜਨਮ ਸਮੇਂ ਕਿੰਨੀਆਂ ਫ਼ਿਕਰਮੰਦ ਹੁੰਦੀਆਂ ਹਨ। ਇਸ ਲਈ ਮੈਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਸਹਿਜ ਹੋਣ ਤੇ ਸਵੈ-ਭਰੋਸਾ ਮਹਿਸੂਸ ਕਰਵਾਉਣ ਨੂੰ ਤਰਜੀਹ ਦਿੰਦੀ ਹਾਂ।"

ਜੂਨ ਮਹੀਨੇ ਸੇਵਾਮੁਕਤ ਹੋਏ ਕਥੀਜਾ ਹੁਣ ਸਾਂਤ ਤੇ ਮਾਨਸਿਕ ਤੌਰ ’ਤੇ ਸੰਤੁਸ਼ਟ ਮਹਿਸੂਸ ਕਰਦੇ ਹਨ।

ਉਨ੍ਹਾਂ ਨੇ ਜਿਸ ਕਲੀਨਿਕ ਵਿੱਚ ਕੰਮ ਕੀਤਾ ਉਹ ਚੇਨਈ ਸ਼ਹਿਰ ਤੋਂ ਕਰੀਬ 150 ਕਿਲੋਮੀਟਰ ਦੱਖਣ ਵੱਲ ਇੱਕ ਪੇਂਡੂ ਕਸਬਾ ਹੈ।

ਕਲੀਨਿਕ ਦੇ ਸਜੇਰੀਅਨ ਸੈਕਸ਼ਨ ਵਿੱਚ ਸਹੂਲਤਾਂ ਦੀ ਘਾਟ ਹੈ। ਇਸ ਲਈ ਜੇਕਰ ਕਿਸੇ ਮਾਮਲੇ ਵਿੱਚ ਕੋਈ ਪੇਚੀਦਗੀਆਂ ਹੋਣ ਦਾ ਪਤਾ ਲੱਗੇ ਤਾਂ ਗਰਭਵਤੀ ਔਰਤਾਂ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਭੇਜਿਆ ਜਾਂਦਾ ਹੈ।

ਨਰਸ ਮਾਂ ਤੋਂ ਪ੍ਰੇਰਿਤ ਹੋਣਾ

ਕਥੀਜਾ ਦੀ ਮਾਂ ਜ਼ੁਲਾਇਕਾ ਵੀ ਪਿੰਡ ਵਿੱਚ ਨਰਸ ਸੀ। ਉਹ ਹੀ ਕਥੀਜਾ ਦੇ ਪ੍ਰੇਰਨਾ ਸਰੋਤ ਵੀ ਬਣੇ।

ਕਥੀਜਾ ਯਾਦ ਕਰਦੇ ਹਨ, "ਮੈਂ ਆਪਣੇ ਬਚਪਨ ਵਿੱਚ ਸਰਿੰਜਾਂ ਨਾਲ ਖੇਡਦੀ ਸੀ। ਮੈਨੂੰ ਹਸਪਤਾਲ ਦੀ ਮਹਿਕ ਦੀ ਆਦਤ ਪੈ ਗਈ ਸੀ।"

ਛੋਟੀ ਉਮਰ ਤੋਂ ਹੀ, ਉਨ੍ਹਾਂ ਨੇ ਗਰੀਬ ਅਤੇ ਘੱਟ ਪੜ੍ਹੀਆਂ ਲਿਖੀਆਂ ਪੇਂਡੂ ਔਰਤਾਂ ਨੂੰ ਸਿਹਤ ਸੰਭਾਲ ਮੁਹੱਈਆ ਕਰਵਾਉਣ ਵਿੱਚ ਆਪਣੀ ਮਾਂ ਦੇ ਕੰਮ ਦੀ ਅਹਿਮੀਅਤ ਨੂੰ ਸਮਝਿਆ।

ਉਸ ਸਮੇਂ, ਪ੍ਰਾਈਵੇਟ ਹਸਪਤਾਲ ਬਹੁਤ ਘੱਟ ਸਨ ਅਤੇ ਹਰ ਪਿਛੋਕੜ ਦੀਆਂ ਔਰਤਾਂ ਜਣੇਪੇ ਲਈ ਸਰਕਾਰੀ ਜਣੇਪਾ ਕੇਂਦਰ 'ਤੇ ਨਿਰਭਰ ਕਰਦੀਆਂ ਸਨ, ਜਿਸ ਨੂੰ ਹੁਣ ਪ੍ਰਾਇਮਰੀ ਹੈਲਥ ਸੈਂਟਰ ਕਿਹਾ ਜਾਂਦਾ ਹੈ।

ਕਥੀਜਾ ਕਹਿੰਦੇ ਹਨ, "ਜਦੋਂ ਮੈਂ ਸ਼ੁਰੂ ਕੀਤਾ ਸੀ ਉਸ ਸਮੇਂ ਇਥੇ ਇੱਕ ਡਾਕਟਰ, ਸੱਤ ਸਹਾਇਕ ਅਤੇ ਦੋ ਹੋਰ ਨਰਸਾਂ ਸਨ।"

"ਪਹਿਲੇ ਕੁਝ ਸਾਲਾਂ ਵਿੱਚ ਕੰਮ ਬਹੁਤ ਜ਼ਿਆਦਾ ਰੁਝੇਵੇਂ ਭਰਿਆ ਸੀ। ਮੇਰੇ ਲਈ ਆਪਣੇ ਬੱਚਿਆਂ ਦੀ ਦੇਖਭਾਲ ਕਰਨੀ ਔਖੀ ਹੋ ਜਾਂਦੀ ਸੀ। ਮੈਂ ਪਰਿਵਾਰਕ ਸਮਾਗਮਾਂ ’ਚ ਨਾ ਜਾ ਸਕਦੀ। ਪਰ ਉਨ੍ਹਾਂ ਦਿਨਾਂ ਦੇ ਤਜ਼ਰਬਿਆਂ ਨੇ ਮੈਨੂੰ ਕੁਝ ਬਹੁਤ ਕੀਮਤੀ ਸਬਕ ਸਿਖਾਏ।"

ਭਾਰਤ ਵਿੱਚ ਜਣੇਪੇ ਦੌਰਾਨ ਹੌਣ ਵਾਲੀਆਂ ਮੌਤਾਂ

1990 ਵਿੱਚ, ਭਾਰਤ ਦੀ ਜਣੇਪਾ ਮੌਤ ਦਰ (ਐੱਮਐੱਮਆਰ) ਪ੍ਰਤੀ 100,000 ਜੀਵਤ ਜਨਮਾਂ ਪਿੱਛੇ 556 ਮੌਤਾਂ ਸੀ। ਉਸੇ ਸਾਲ, ਭਾਰਤ ਵਿੱਚ ਪ੍ਰਤੀ 1,000 ਜੀਵਤ ਜਨਮਾਂ ਪਿੱਛੇ 88 ਬਾਲ ਮੌਤਾਂ ਦਰਜ ਕੀਤੀਆਂ ਗਈਆਂ।

ਤਾਜ਼ਾ ਸਰਕਾਰੀ ਅੰਕੜੇ ਦਰਸਾਉਂਦੇ ਹਨ ਕਿ ਐੱਮਐੱਮਆਰ ਪ੍ਰਤੀ 100,000 ਜੀਵਤ ਜਨਮਾਂ ਵਿੱਚ 97 ਹੈ, ਅਤੇ ਬਾਲ ਮੌਤ ਦਰ ਪ੍ਰਤੀ 1,000 ਜੀਵਤ ਜਨਮਾਂ ਵਿੱਚ ਘੱਟ ਕੇ 27 ਹੋ ਚੁੱਕੀ ਹੈ।

ਕਥੀਜਾ ਇਸ ਦਾ ਸਹਿਰਾ ਪੇਂਡੂ ਸਿਹਤ ਸੰਭਾਲ ਵਿੱਚ ਸਰਕਾਰੀ ਨਿਵੇਸ਼ ਅਤੇ ਔਰਤਾਂ ਦੀ ਵੱਧਦੀ ਸਾਖਰਤਾ ਦਰ ਨੂੰ ਦਿੰਦੇ ਹਨ।

ਇੱਕ ਦਿਨ ਵਿੱਚ 8 ਬੱਚਿਆਂ ਨੂੰ ਜਨਮ ਦਿਵਾਉਣਾ

ਇੱਕ ਆਮ ਦਿਨ, ਕਥੀਜਾ ਇੱਕ ਜਾਂ ਦੋ ਜਣੇਪਿਆਂ ਦੀ ਨਿਗਰਾਨੀ ਕਰਦੇ ਹਨ। ਪਰ ਉਨ੍ਹਾਂ ਨੂੰ ਆਪਣੇ ਨਰਸਿੰਗ ਕਰੀਅਰ ਦਾ ਸਭ ਤੋਂ ਵਿਅਸਤ ਦਿਨ ਅੱਜ ਵੀ ਯਾਦ ਹੈ।

ਉਹ ਦੱਸਦੇ ਹਨ, "8 ਮਾਰਚ 2000 ਮੇਰੀ ਜ਼ਿੰਦਗੀ ਦਾ ਸਭ ਤੋਂ ਵੱਧ ਰੁਝੇਵੇਂ ਵਾਲਾ ਦਿਨ ਸੀ। ਇਹ ਕੌਮਾਂਤਰੀ ਮਹਿਲਾ ਦਿਵਸ ਸੀ ਅਤੇ ਲੋਕ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇ ਰਹੇ ਸਨ। ਜਦੋਂ ਮੈਂ ਕਲੀਨਿਕ ਪਹੁੰਚੀ ਤਾਂ ਦੋ ਔਰਤਾਂ ਜਣੇਪੇ ਲਈ ਮੇਰੀ ਉਡੀਕ ਕਰ ਰਹੀਆਂ ਸਨ। ਮੈਂ ਉਨ੍ਹਾਂ ਦੇ ਬੱਚੇ ਪੈਦਾ ਕਰਨ ਵਿੱਚ ਮਦਦ ਕੀਤੀ। ਤਾਂ ਛੇ ਹੋਰ ਔਰਤਾਂ ਸਾਡੇ ਕਲੀਨਿਕ ਵਿੱਚ ਆ ਗਈਆਂ।"

ਉਸ ਦਿਨ ਕਥੀਜਾ ਕੋਲ ਮਦਦ ਲਈ ਸਿਰਫ਼ ਇੱਕ ਸਹਾਇਕ ਸੀ। ਪਰ ਉਨ੍ਹਾਂ ਨੂੰ ਤਣਾਅ ਜਲਦੀ ਹੀ ਭੁੱਲ ਗਿਆ।

"ਉਸ ਦਿਨ ਜਦੋਂ ਮੈਂ ਛੁੱਟੀ ਕਰਨ ਲੱਗੀ ਤਾਂ ਬੱਚਿਆਂ ਦੇ ਰੋਣ ਦੀ ਆਵਾਜ਼ ਮੇਰੇ ਕੰਨਾਂ ਵਿੱਚ ਗਈ। ਇਹ ਬਹੁਤ ਵਧੀਆ ਅਹਿਸਾਸ ਸੀ।"

ਕਥੀਜਾ ਦੱਸਦੇ ਹਨ ਕਿ ਉਨ੍ਹਾਂ ਨੇ 50 ਜੌੜੇ ਤੇ ਇੱਕ ਜਣੇਪੇ ਦੌਰਾਨ ਤਿੰਨ ਬੱਚਿਆਂ ਨੂੰ ਇਕੱਠਿਆਂ ਜਨਮ ਲੈਣ ਵਿੱਚ ਮਦਦ ਕੀਤੀ ਸੀ।

ਸਮਾਜਿਕ ਸੋਚ ’ਚ ਬਦਲਾਅ

ਕਥੀਜਾ ਦਾ ਦਾਅਵਾ ਹੈ ਕਿ ਹੁਣ ਅਮੀਰ ਪਰਿਵਾਰਾਂ ਦੀਆਂ ਔਰਤਾਂ ਨਿੱਜੀ ਹਸਪਤਾਲਾਂ ਵਿੱਚ ਜਾਣਾ ਪਸੰਦ ਕਰਦੀਆਂ ਹਨ। ਤੇ ਸਜ਼ੇਰੀਅਨ ਦੇ ਮਾਮਲਿਆਂ ਵਿੱਚ ਵੀ ਵਾਧਾ ਹੋਇਆ ਹੈ।

ਕਥੀਜਾ ਕਹਿੰਦੇ ਹਨ, "ਮੇਰੀ ਮਾਂ ਨੇ ਜਣੇਪੇ ਦੌਰਾਨ ਬਹੁਤ ਸਾਰੀਆਂ ਮੌਤਾਂ ਦੇਖੀਆਂ ਹਨ। ਸਜ਼ੇਰੀਅਨ ਕਾਰਨ ਬਹੁਤ ਸਾਰੀਆਂ ਜਾਨਾਂ ਬਚੀਆਂ ਹਨ।"

"ਜਦੋਂ ਮੈਂ ਕੰਮ ਸ਼ੁਰੂ ਕੀਤਾ ਸੀ ਤਾਂ ਔਰਤਾਂ ਸਰਜਰੀ ਤੋਂ ਡਰਦੀਆਂ ਸਨ। ਪਰ ਹੁਣ ਉੱਲਟ ਹੈ ਤੇ ਬਹੁਤ ਸਾਰੀਆਂ ਔਰਤਾਂ ਕੁਦਰਤੀ ਜਨਮ ਤੋਂ ਡਰਦੀਆਂ ਹਨ ਸਰਜਰੀ ਨੂੰ ਤਰਜੀਹ ਦਿੰਦੀਆਂ ਹਨ।"

ਜਿਵੇਂ ਜਿਵੇਂ ਪਿਛਲੇ ਤਿੰਨ ਦਹਾਕਿਆਂ ਵਿੱਚ ਪੇਂਡੂ ਪਰਿਵਾਰਾਂ ਦੀ ਆਮਦਨ ਵਿੱਚ ਸੁਧਾਰ ਹੋਇਆ ਹੈ, ਉਸ ਦੇ ਨਾਲ ਹੀ ਕੁਝ ਚੁਣੌਤੀਆਂ ਵੀ ਆਈਆਂ ਹਨ।

''ਗਰਭਕਾਲੀ ਸ਼ੂਗਰ ਇੱਕ ਦੁਰਲੱਭ ਸਥਿਤੀ ਹੁੰਦੀ ਸੀ। ਪਰ ਹੁਣ ਇਹ ਬਹੁਤ ਆਮ ਹੁੰਦੀ ਜਾ ਰਹੀ ਹੈ।''

ਉਨ੍ਹਾਂ ਦੇ ਇਲਾਕੇ ਵਿੱਚ ਇੱਕ ਹੋਰ ਖ਼ਾਸ ਸਮਾਜਿਕ ਬਦਲਾਅ ਆਇਆ ਹੈ। ਉਥੇ ਉਨ੍ਹਾਂ ਪਤੀਆਂ ਦੀ ਗਿਣਤੀ ਵੱਧ ਰਹੀ ਹੈ ਜੋ ਬੱਚੇ ਦੇ ਜਨਮ ਸਮੇਂ ਪਤਨੀ ਕੋਲ ਰਹਿਣ ਦੀ ਇਜਾਜ਼ਤ ਮੰਗਦੇ ਹਨ।

"ਮੈਂ ਚੰਗੇ-ਮਾੜੇ ਦੋਵੇਂ ਸਮੇਂ ਦੇਖੇ ਹਨ। ਕੁਝ ਪਤੀ ਤੇ ਘਰ ਵਿੱਚ ਕੁੜੀ ਦਾ ਜਨਮ ਹੋਵੇ ਤਾਂ ਆਪਣੀ ਪਤਨੀ ਨੂੰ ਮਿਲਣ ਵੀ ਨਹੀਂ ਸਨ ਜਾਂਦੇ। ਕੁਝ ਔਰਤਾਂ ਦੂਜੀ ਜਾਂ ਤੀਜੀ ਕੁੜੀ ਦੇ ਜਨਮ ਮੌਕੇ ਬੇਹੱਦ ਰੋਂਦੀਆਂ ਹਨ।"

90 ਦੇ ਦਹਾਕੇ ਵਿੱਚ, ਲਿੰਗ ਦੇ ਆਧਾਰ ’ਤੇ ਹੋਣ ਵਾਲੇ ਗਰਭਪਾਤ ਅਤੇ ਬਾਲ ਹੱਤਿਆ ਦੇ ਮਾਮਲੇ ਇੰਨੇ ਵਿਆਪਕ ਤੌਰ 'ਤੇ ਰਿਪੋਰਟ ਕੀਤੇ ਗਏ ਸਨ ਕਿ ਭਾਰਤ ਸਰਕਾਰ ਨੇ ਡਾਕਟਰਾਂ ’ਤੇ ਪਾਬੰਦੀ ਲਗਾ ਦਿੱਤੀ ਸੀ ਕਿ ਉਹ ਮਾਪਿਆਂ ਸਾਹਮਣੇ ਬੱਚੇ ਦੇ ਲਿੰਗ ਬਾਰੇ ਕਿਸੇ ਕਿਸਮ ਦਾ ਖ਼ੁਲਾਸਾ ਨਾ ਕਰਨ।

ਤਾਮਿਲਨਾਡੂ ਸਰਕਾਰ ਨੇ ਮਾਪਿਆਂ ਵਲੋਂ ਅਣਚਾਹੀਆਂ ਕਹੀਆਂ ਜਾਣ ਵਾਲੀਆਂ ਕੁੜੀਆਂ ਦੀ ਦੇਖਭਾਲ ਲਈ 'ਕ੍ਰੈਡਲ ਬੇਬੀ ਸਕੀਮ' ਵੀ ਸ਼ੁਰੂ ਕੀਤੀ ਹੈ।

ਕਥੀਜਾ ਦੱਸਦੇ ਹਨ, "ਪਰ ਹੁਣ, ਹਾਲਾਦ ਬਦਲ ਗਏ ਹਨ। ਬਹੁਤ ਸਾਰੇ ਜੋੜੇ ਲਿੰਗ ਦੀ ਪਰਵਾਹ ਕੀਤੇ ਬਿਨਾਂ ਸਿਰਫ ਦੋ ਬੱਚਿਆਂ ਦੀ ਚੋਣ ਕਰਦੇ ਹਨ।"

ਉਸ ਕੋਲ ਸੇਵਾਮੁਕਤੀ ਤੋਂ ਬਾਅਦ ਦੀ ਜ਼ਿੰਦਗੀ ਲਈ ਪੱਕੀ ਯੋਜਨਾ ਨਹੀਂ ਹੈ, ਪਰ ਉਹ ਜਾਣਦੇ ਹਨ ਕਿ ਕਿਸ ਚੀਜ਼ ਨੂੰ ਯਾਦ ਕਰਨਗੇ।

ਉਹ ਕਹਿੰਦੇ ਹਨ, "ਮੈਂ ਹਮੇਸ਼ਾ ਇੱਕ ਨਵਜੰਮੇ ਬੱਚੇ ਦੀ ਤਿੱਖੀ ਅਤੇ ਵਿੰਨ੍ਹਣ ਵਾਲੀ ਪਹਿਲੀ ਚੀਕ ਸੁਣਨ ਲਈ ਉਤਸੁਕ ਰਹਿੰਦੀ ਹਾਂ।"

"ਤੁਸੀਂ ਉਨ੍ਹਾਂ ਔਰਤਾਂ ਨੂੰ ਵੀ ਜਾਣਦੇ ਹੋ ਜੋ ਦਰਦਨਾਕ ਜਣੇਪੇ ਵਿੱਚੋਂ ਲੰਘਦੀਆਂ ਹਨ, ਪਰ ਜਦੋਂ ਉਹ ਆਪਣੇ ਬੱਚਿਆਂ ਨੂੰ ਰੋਂਦਿਆਂ ਸੁਣਦੀਆਂ ਹਨ ਤਾਂ ਸਭ ਕੁਝ ਭੁੱਲ ਕੇ ਮੁਸਕਰਾਉਣ ਲੱਗਦੀਆਂ ਹਨ। ਉਸ ਰਾਹਤ ਨੂੰ ਦੇਖਣਾ ਮੇਰੇ ਲਈ ਬਹੁਤ ਖੁਸ਼ੀ ਭਰਿਆ ਅਨੁਭਵ ਸੀ।”

“ਮੇਰੇ ਲਈ ਇੱਕ ਰੂਹਾਨੀ ਸਫ਼ਰ ਸੀ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)