You’re viewing a text-only version of this website that uses less data. View the main version of the website including all images and videos.
ਆਮ ਲੋਕ ਡਾਕਟਰ ਦੀ ਲਿਖਾਈ ਕਿਉਂ ਨਹੀਂ ਸਮਝ ਪਾਉਂਦੇ, ਇਸ ਪਿੱਛੇ ਕੀ ਹੈ ਵਿਗਿਆਨ
ਹਾਲ ਹੀ ਵਿੱਚ, ਸੋਸ਼ਲ ਮੀਡੀਆ 'ਤੇ ਕੁਝ ਰੀਲਾਂ ਵੇਖੀਆਂ ਗਈਆਂ, ਜਿਸ ਵਿੱਚ ਇੱਕ ਮੁੰਡਾ ਮੈਡੀਕਲ ਸਟੋਰ ਜਾਂਦਾ ਹੈ ਅਤੇ ਇੱਕ ਕਾਗਜ਼ 'ਤੇ ਟੇਡੀਆਂ-ਮੇਡੀਆਂ ਲਾਈਨਾਂ ਖਿੱਚ ਕੇ ਇਹ ਦੇਖਦਾ ਹੈ ਕਿ ਕਿ ਕੀ ਪੈੱਨ ਕੰਮ ਕਰਦਾ ਹੈ ਜਾਂ ਨਹੀਂ। ਉਸ ਸਮੇਂ, ਦੁਕਾਨ ਵਿੱਚ ਮੌਜੂਦ ਇੱਕ ਹੋਰ ਮੁੰਡਾ ਕਾਗਜ਼ ਨੂੰ ਦੇਖ ਕੇ ਕੁਝ ਦਵਾਈਆਂ ਲੈਣ ਦਾ ਤਰੀਕਾ ਦੱਸਦਾ ਹੈ।
ਹਾਲਾਂਕਿ ਇਹ ਰੀਲਾਂ ਹਾਸੇ-ਮਜ਼ਾਕ ਦੇ ਉਦੇਸ਼ ਨਾਲ ਬਣਾਈਆਂ ਜਾਂਦੀਆਂ ਹਨ, ਪਰ ਅਸਲ ਵਿੱਚ ਕਈ ਵਾਰ ਜਦੋਂ ਕੋਈ ਡਾਕਟਰ ਮਰੀਜ਼ ਨੂੰ ਦਵਾਈ ਲਿਖ ਕੇ ਦਿੰਦਾ ਹੈ, ਤਾਂ ਇਸ 'ਤੇ ਲਿਖੇ ਅੱਖਰ ਤੁਹਾਨੂੰ ਜਾਂ ਸਾਨੂੰ ਆਮ ਲੋਕਾਂ ਨੂੰ ਸਮਝ ਨਹੀਂ ਆਉਂਦੇ, ਪਰ ਦਵਾਈ ਦੀ ਦੁਕਾਨ ਵਾਲਾ ਉਨ੍ਹਾਂ ਨੂੰ ਤੁਰੰਤ ਸਮਝ ਲੈਂਦਾ ਹੈ।
ਇਸ ਦਾ ਦਹਾਕਿਆਂ ਤੋਂ ਮਜ਼ਾਕ ਵੀ ਉਡਾਇਆ ਜਾ ਰਿਹਾ ਹੈ।
ਕਈ ਸਿਹਤ ਪੇਸ਼ੇਵਰਾਂ ਵੱਲੋਂ ਲਿਖੀਆਂ ਗਈਆਂ ਦਵਾਈਆਂ ਇੰਨੀਆਂ ਅਸਪੱਸ਼ਟ ਹੁੰਦੀਆਂ ਹਨ ਕਿ ਕੋਈ ਵੀ ਉਨ੍ਹਾਂ ਨੂੰ ਸਮਝ ਨਹੀਂ ਸਕਦਾ।
ਬ੍ਰਾਜ਼ੀਲ ਵਿੱਚ ਕਈ ਸੂਬਿਆਂ ਵਿੱਚ ਕਾਨੂੰਨ ਬਣਾਏ ਹਨ, ਜਿਨ੍ਹਾਂ ਦੇ ਤਹਿਤ ਡਾਕਟਰਾਂ ਨੰ ਕੰਪਿਊਟਰ ʼਤੇ ਦਵਾਈ ਦੇ ਨੁਸਖ਼ੇ ਟਾਈਪ ਕਰਨ ਜਾਂ ਘੱਟੋ-ਘੱਟ ਉਨ੍ਹਾਂ ਨੂੰ ਸਪੱਸ਼ਟ ਤੌਰ ʼਤੇ ਲਿਖਣਾ ਜ਼ਰੂਰੀ ਹੈ।
ਨਵੀਆਂ ਤਕਨੀਕਾਂ ਦਾ ਵਧਦਾ ਪ੍ਰਭਾਵ
ਤੁਹਾਡੀ ਲਿਖਾਈ ਦਾ ਆਕਾਰ ਕੀ ਕਹਿੰਦਾ ਹੈ? ਅਤੇ ਇਹ ਕਿਉਂ ਹੈ ਕਿ ਕੁਝ ਲੋਕਾਂ ਦੀ ਲਿਖਾਈ ਬਹੁਤ ਸੋਹਣੀ ਹੁੰਦੀ ਹੈ, ਜਦੋਂ ਕਿ ਦੂਸਰੇ ਇਸ ਤਰੀਕੇ ਨਾਲ ਨਹੀਂ ਲਿਖ ਸਕਦੇ ਤਾਂ ਜੋ ਦੂਜੇ ਆਸਾਨੀ ਨਾਲ ਪੜ੍ਹ ਸਕਣ।
ਭਾਰਤ ਦੇ ਰਾਸ਼ਟਰੀ ਸਿਹਤ ਅਤੇ ਪਰਿਵਾਰ ਭਲਾਈ ਸੰਸਥਾਨ ਦੇ ਸਮਾਜਿਕ ਵਿਗਿਆਨ ਵਿਭਾਗ ਦੀ ਪ੍ਰੋਫੈਸਰ ਮੋਨਿਕਾ ਸੈਣੀ ਕਹਿੰਦੇ ਹਨ ਤਿ ਹੱਥ ਲਿਖਤ ਲਈ ਅੱਖਾਂ-ਹੱਥਾਂ ਦੇ ਤਾਲਮੇਲ ਅਤੇ ਆਪਣੀਆਂ ਹਰਕਤਾਂ ਨੂੰ ਕੰਟਰੋਲ ਕਰਨ ਦੀ ਯੋਗਤਾ ਦੀ ਲੋੜ ਹੁੰਦੀ ਹੈ।
ਬੀਬੀਸੀ ਵਰਲਡ ਸਰਵਿਸ 'ਤੇ ਕਰਾਊਡਸਾਇੰਸ ਰੇਡੀਓ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲੇ ਸੈਣੀ ਦਾ ਕਹਿਣਾ ਹੈ, "ਮੈਂ ਕਹਾਂਗੀ ਕਿ ਲਿਖਣਾ ਮਨੁੱਖਾਂ ਦੁਆਰਾ ਵਿਕਸਤ ਕੀਤੇ ਗਏ ਸਭ ਤੋਂ ਗੁੰਝਲਦਾਰ ਹੁਨਰਾਂ ਵਿੱਚੋਂ ਇੱਕ ਹੈ।"
ਹਰੇਕ ਵਿਅਕਤੀ ਦੀ ਲਿਖਾਵਟ ਵੱਖਰੀ ਅਤੇ ਅਨੋਖੀ ਕਿਉਂ ਹੁੰਦੀ ਹੈ, ਇਸ ਦੇ ਪਿੱਛੇ ਵੱਖ-ਵੱਖ ਕਾਰਕਾਂ ਨੂੰ ਸਮਝਣਾ ਸੈਣੀ ਦੇ ਅਧਿਐਨ ਦਾ ਮੁੱਖ ਵਿਸ਼ਾ ਹੈ।
"ਲਿਖਣਾ ਔਜ਼ਾਰਾਂ ਅਤੇ ਸਾਡੇ ਹੱਥਾਂ 'ਤੇ ਨਿਰਭਰ ਕਰਦਾ ਹੈ। ਜਦੋਂ ਅਸੀਂ ਹੱਥਾਂ ਬਾਰੇ ਗੱਲ ਕਰਦੇ ਹਾਂ, ਤਾਂ ਅਸੀਂ ਕਿਸੇ ਬਹੁਤ ਹੀ ਨਾਜ਼ੁਕ ਚੀਜ਼ ਬਾਰੇ ਗੱਲ ਕਰ ਰਹੇ ਹੁੰਦੇ ਹਾਂ।"
ਸੈਣੀ ਦੱਸਦੇ ਹਨ, "ਹੱਥ ਵਿੱਚ 27 ਹੱਡੀਆਂ ਹੁੰਦੀਆਂ ਹਨ ਅਤੇ 40 ਤੋਂ ਵੱਧ ਮਾਸਪੇਸ਼ੀਆਂ ਇਸ ਨੂੰ ਨਿਯੰਤਰਿਤ ਕਰਦੀਆਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਮਾਸਪੇਸ਼ੀਆਂ ਹੱਥ ਵਿੱਚ ਸਥਿਤ ਹੁੰਦੀਆਂ ਹਨ ਅਤੇ ਇੱਕ ਗੁੰਝਲਦਾਰ ਮਾਸਪੇਸ਼ੀਆਂ ਦੇ ਨੈੱਟਵਰਕ ਦੁਆਰਾ ਉਂਗਲਾਂ ਨਾਲ ਜੁੜੀਆਂ ਹੁੰਦੀਆਂ ਹਨ।"
"ਇਸ ਦਾ ਮਤਲਬ ਹੈ ਕਿ ਸਾਡੀ ਹੱਥ ਲਿਖਤ ਅੰਸ਼ਕ ਤੌਰ 'ਤੇ ਸਾਡੀ ਸਰੀਰਕ ਬਣਤਰ ਅਤੇ ਸਾਡੇ ਮਾਪਿਆਂ ਤੋਂ ਵਿਰਾਸਤ ਵਿੱਚ ਪ੍ਰਾਪਤ ਜੈਨੇਟਿਕ ਗੁਣਾਂ ਦੁਆਰਾ ਪ੍ਰਭਾਵਿਤ ਹੁੰਦੀ ਹੈ।"
ਦੂਜੇ ਸ਼ਬਦਾਂ ਵਿੱਚ, ਤੁਹਾਡੀ ਉਚਾਈ, ਤੁਸੀਂ ਕਿਵੇਂ ਬੈਠਦੇ ਹੋ, ਨੋਟਬੁੱਕ ਜਾਂ ਕਾਗਜ਼ ਦਾ ਕੋਣ, ਤੁਹਾਡੇ ਹੱਥ ਦੀ ਤਾਕਤ, ਭਾਵੇਂ ਤੁਸੀਂ ਆਪਣੇ ਸੱਜੇ ਜਾਂ ਖੱਬੇ ਹੱਥ ਨਾਲ ਲਿਖਦੇ ਹੋ, ਇਹ ਸਾਰੀਆਂ ਚੀਜ਼ਾਂ ਤੁਹਾਡੇ ਦੁਆਰਾ ਲਿਖੇ ਗਏ ਅੱਖਰਾਂ ਅਤੇ ਸ਼ਬਦਾਂ ਦੀ ਸ਼ਕਲ ਨੂੰ ਪ੍ਰਭਾਵਿਤ ਕਰਦੀਆਂ ਹਨ।
"ਪਰ ਇੱਥੇ ਇੱਕ ਸੱਭਿਆਚਾਰਕ ਪ੍ਰਭਾਵ ਵੀ ਹੈ, ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਆਖ਼ਰਕਾਰ, ਬਚਪਨ ਵਿੱਚ ਅਸੀਂ ਘਰ ਵਿੱਚ ਬਜ਼ੁਰਗਾਂ ਦੀ ਮਦਦ ਨਾਲ ਪੈਨਸਿਲ ਅਤੇ ਕਲਮ ਫੜਨਾ ਸਿੱਖਦੇ ਹਾਂ।"
ਫਿਰ ਸਕੂਲ ਸ਼ੁਰੂ ਹੁੰਦਾ ਹੈ ਅਤੇ ਉਹ ਅਧਿਆਪਕਾਂ ਅਤੇ ਸਹਿਪਾਠੀਆਂ ਦੇ ਨਵੇਂ ਪ੍ਰਭਾਵਾਂ ਦੇ ਸੰਪਰਕ ਵਿੱਚ ਆਉਂਦੇ ਹਨ।
ਜਿਵੇਂ-ਜਿਵੇਂ ਸਮਾਂ ਲੰਘਦਾ ਹੈ, ਸਾਡੀ ਲਿਖਣ ਦੀ ਸ਼ੈਲੀ ਬਦਲਦੀ ਜਾਂਦੀ ਹੈ। ਸਾਡੇ ਵਿੱਚੋਂ ਕਈ ਲੋਕ ਆਪਣੇ ਰੋਜ਼ਾਨਾ ਦੇ ਜੀਵਨ ਵਿੱਚ ਘੱਟ ਲਿਖਦੇ ਹਨ।
ਬਾਅਦ ਵਿੱਚ, ਆਦਤ ਦੀ ਘਾਟ ਅਤੇ ਰੋਜ਼ਾਨਾ ਦੀ ਕਾਹਲੀ ਕਾਰਨ, ਅਸੀਂ ਅੱਖਰ, ਸ਼ਬਦ, ਵਾਕ ਅਤੇ ਪੈਰੇ ਲਿਖਣ ਵੇਲੇ ਘੱਟ ਧਿਆਨ ਦੇਣਾ ਸ਼ੁਰੂ ਕਰ ਦਿੰਦੇ ਹਾਂ।
ਅਸੀਂ ਨਵੀਂ ਤਕਨਾਲੋਜੀ ਦੀ ਭੂਮਿਕਾ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਹੁਣ ਅਸੀਂ ਜ਼ਿਆਦਾ ਟਾਈਪ ਕਰਦੇ ਹਾਂ ਜਾਂ ਹੱਥ ਨਾਲ ਲਿਖਣ ਨਾਲੋਂ ਟਾਈਪ ਕਰਨਾ ਆਸਾਨ ਹੈ।
ਆਪਣੇ ਇੱਕ ਖੋਜ ਪ੍ਰੋਜੈਕਟ ਵਿੱਚ, ਸੈਣੀ ਇਹ ਸਮਝਣਾ ਚਾਹੁੰਦੇ ਸੀ ਕਿ ਕਿਸੇ ਵਿਅਕਤੀ ਦੀ ਹੱਥ ਲਿਖਤ ਦੇ ਪਿੱਛੇ ਸਭ ਤੋਂ ਮਹੱਤਵਪੂਰਨ ਕਾਰਕ ਕੀ ਹਨ।
ਅਜਿਹਾ ਕਰਨ ਲਈ, ਉਨ੍ਹਾਂ ਨੇ ਜਲਵਾਯੂ ਪਰਿਵਰਤਨ 'ਤੇ ਇੱਕ ਸਧਾਰਨ ਟੈਕਸਟ ਤਿਆਰ ਕੀਤਾ ਅਤੇ ਵਲੰਟੀਅਰਾਂ ਦੇ ਇੱਕ ਸਮੂਹ ਨੂੰ ਇਸ ਨੂੰ ਆਪਣੀ ਹੱਥ ਲਿਖਤ ਵਿੱਚ ਲਿਖਣ ਲਈ ਕਿਹਾ, ਜਿਵੇਂ ਕਿ ਉਹ ਆਮ ਤੌਰ 'ਤੇ ਕਰਦੇ ਹਨ।
ਪਾਂਡੂਲਿਪੀ ਪ੍ਰਾਪਤ ਹੋਣ ʼਤੇ ਮਾਨਵ ਵਿਗਿਆਨੀਆਂ ਨੇ ਅੱਖਰਾਂ ਦੇ ਆਕਾਰ, ਹਰੇਕ ਸੰਕੇਤ ਦੇ ਅਨੁਸਾਰ, ਸ਼ਬਦਾਂ ਵਿਚਾਲੇ ਦੂਰੀ ਅਤੇ ਇਸ ਗੱਲ ਦੀ ਜਾਂਚ ਕੀਤੀ ਕਿ ਵਿਅਕਤੀ ਨੇ ਕਿਸ ਹਦ ਤੱਕ ਸਿੱਧੀ ਰੇਖਾ ਦੀ ਪਾਲਣਾ ਕੀਤੀ ਹੈ।
ਉਹ ਕਹਿੰਦੇ ਹਨ, "ਚਿੱਤਰ ਪਛਾਣ ਸਾਫਟਵੇਅਰ ਦੀ ਮਦਦ ਨਾਲ ਇਨ੍ਹਾਂ ਹੱਥ ਲਿਖਤਾਂ ਦੀ ਤੁਲਨਾ ਪਹਿਲਾਂ ਪ੍ਰਦਾਨ ਕੀਤੇ ਗਏ ਨਮੂਨਿਆਂ ਨਾਲ ਕਰਨਾ ਸੰਭਵ ਸੀ।"
"ਜਦੋਂ ਮਾਪੇ ਆਪਣੇ ਬੱਚਿਆਂ ਨੂੰ ਲਿਖਣ ਦੇ ਹੁਨਰ ਸਿਖਾਉਂਦੇ ਹਨ, ਤਾਂ ਇਸ ਗੱਲ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ ਕਿ ਉਨ੍ਹਾਂ ਦੀ ਲਿਖਾਈ ਵੀ ਉਹੋ-ਜਿਹੀ ਹੋਵੇਗੀ।"
ਖੋਜਕਾਰਾਂ ਦਾ ਕਹਿਣਾ ਹੈ, "ਪਰ ਇੱਕ ਵਿਅਕਤੀ ਦੀ ਹੱਥ ਲਿਖਤ ਸਕੂਲ ਦੀ ਪੜ੍ਹਾਈ ਦੀ ਲੰਬਾਈ ਜਾਂ ਕਿਸੇ ਖ਼ਾਸ ਅਧਿਆਪਕ ਦੀ ਸ਼ੈਲੀ ਤੋਂ ਵੀ ਪ੍ਰਭਾਵਿਤ ਹੁੰਦੀ ਹੈ।"
ਲਿਖਣ ਵੇਲੇ ਦਿਮਾਗ਼ ਦੀ ਮੁੱਖ ਭੂਮਿਕਾ
ਫਰਾਂਸ ਦੀ ਐਕਸ-ਮਾਰਸਿਲੇ ਯੂਨੀਵਰਸਿਟੀ ਦੀ ਨਿਊਰੋਸਾਇੰਟਿਸਟ ਮੈਰੀਕੇ ਲੋਂਗਕੈਂਪ ਇਸ ਗੱਲ ਦਾ ਅਧਿਐਨ ਕਰ ਰਹੀ ਹੈ ਕਿ ਅਸੀਂ ਕਿਵੇਂ ਲਿਖਦੇ ਹਾਂ।
ਉਹ ਮੈਗਨੈਟਿਕ ਕੈਮਿਸਟਰੀ ਉਪਕਰਣਾਂ ਦੀ ਵਰਤੋਂ ਕਰ ਕੇ ਇਹ ਦੇਖਦੇ ਹਨ ਕਿ ਕਿਸੇ ਕੰਮ ਨੂੰ ਕਰਨ ਵੇਲੇ ਲੋਕਾਂ ਦਾ ਦਿਮਾਗ਼ ਕਿਵੇਂ ਕੰਮ ਕਰਦਾ ਹੈ।
ਅਜਿਹੇ ਇੱਕ ਅਧਿਐਨ ਵਿੱਚ, ਵਲੰਟੀਅਰਾਂ ਨੂੰ ਇੱਕ ਟੈਬਲੇਟ ਦਿੱਤਾ ਗਿਆ ਸੀ ਜੋ ਹੱਥਾਂ ਦੀਆਂ ਲਿਖਣ ਦੀਆਂ ਹਰਕਤਾਂ ਨੂੰ ਰਿਕਾਰਡ ਕਰ ਸਕਦਾ ਸੀ।
ਲੋਂਗਕੈਂਪ ਦੀ ਰਿਪੋਰਟ ਮੁਤਾਬਕ, ਲਿਖਣ ਵਿੱਚ ਦਿਮਾਗ਼ ਦੇ ਵੱਖ-ਵੱਖ ਹਿੱਸਿਆਂ ਦੀ ਕਿਰਿਆਸ਼ੀਲਤਾ ਸ਼ਾਮਲ ਹੁੰਦੀ ਹੈ, ਜੋ ਮਿਲ ਕੇ ਲਿਖਣ ਦੇ ਗੁੰਝਲਦਾਰ ਕਾਰਜ ਨੂੰ ਸਮਰੱਥ ਬਣਾਉਂਦੇ ਹਨ।
ਉਨ੍ਹਾਂ ਨੇ ਕਰਾਊਡਸਾਇੰਸ ਪ੍ਰੋਗਰਾਮ ਵਿੱਚ ਕਿਹਾ, "ਪ੍ਰੀ-ਮੋਟਰ ਕਾਰਟੈਕਸ, ਪ੍ਰਾਇਮਰੀ ਮੋਟਰ ਕਾਰਟੈਕਸ ਅਤੇ ਪੈਰੀਟਲ ਕਾਰਟੈਕਸ ਵਰਗੇ ਖੇਤਰ ਹੱਥਾਂ ਦੀਆਂ ਹਰਕਤਾਂ ਦੀ ਯੋਜਨਾਬੰਦੀ ਅਤੇ ਨਿਯੰਤਰਣ ਵਿੱਚ ਸ਼ਾਮਲ ਹੁੰਦੇ ਹਨ।"
"ਦਿਮਾਗ਼ ਦੇ ਅਧਾਰ 'ਤੇ ਸਥਿਤ ਬਣਤਰ, ਜਿਵੇਂ ਕਿ ਫਰੰਟਲ ਗਾਇਰਸ, ਜੋ ਭਾਸ਼ਾ ਵਿੱਚ ਸ਼ਾਮਲ ਹੈ, ਅਤੇ ਫਿਊਸੀਫਾਰਮ ਗਾਇਰਸ, ਜੋ ਲਿਖਤੀ ਭਾਸ਼ਾ ਨੂੰ ਪ੍ਰਕਿਰਿਆ ਵਿੱਚ ਲਿਆਉਂਦਾ ਹੈ, ਵੀ ਇੱਕ ਭੂਮਿਕਾ ਨਿਭਾਉਂਦੇ ਹਨ।"
ਉਹ ਅੱਗੇ ਕਹਿੰਦੇ ਹਨ, "ਇੱਥੇ ਇੱਕ ਹੋਰ ਮਹੱਤਵਪੂਰਨ ਬਣਤਰ ਸੇਰੀਬੈਲਮ ਹੈ, ਜੋ ਹਰਕਤਾਂ ਦਾ ਤਾਲਮੇਲ ਕਰਦੀ ਹੈ ਅਤੇ ਸਾਡੀ ਮੁਦਰਾ ਨੂੰ ਬਿਹਤਰ ਬਣਾਉਂਦੀ ਹੈ।"
ਤੰਤੂ ਵਿਗਿਆਨੀਆਂ ਦਾ ਕਹਿਣਾ ਹੈ ਕਿ ਹੱਥ ਲਿਖਤ ਮੁੱਖ ਤੌਰ 'ਤੇ ਦੋ ਇੰਦਰੀਆਂ, ਦ੍ਰਿਸ਼ਟੀ ਅਤੇ ਪ੍ਰੋਪ੍ਰੀਓਸੈਪਸ਼ਨ (ਸਰੀਰ ਦੀਆਂ ਹਰਕਤਾਂ ਦੀ ਜਾਗਰੂਕਤਾ) 'ਤੇ ਨਿਰਭਰ ਕਰਦੀ ਹੈ।
ਉਹ ਦੱਸਦੇ ਹਨ, "ਪ੍ਰੋਪ੍ਰੀਓਸੈਪਸ਼ਨ ਉਹ ਜਾਣਕਾਰੀ ਹੈ ਜੋ ਅਸੀਂ ਆਪਣੀਆਂ ਮਾਸਪੇਸ਼ੀਆਂ, ਚਮੜੀ ਅਤੇ ਪੈਰਾਂ ਤੋਂ ਪ੍ਰਾਪਤ ਕਰਦੇ ਹਾਂ। ਜਦੋਂ ਅਸੀਂ ਲਿਖਦੇ ਹਾਂ ਤਾਂ ਇਹ ਜਾਣਕਾਰੀ ਦਿਮਾਗ਼ ਵਿੱਚ ਐਨਕੋਡ ਹੋ ਜਾਂਦੀ ਹੈ।"
ਲਿਖਾਈ ਸਾਡੀ ਸਿੱਖਿਆ ਨੂੰ ਕਿਸ ਪ੍ਰਕਾਰ ਪ੍ਰਭਾਵਿਤ ਕਰਦੀ ਹੈ ?
ਇਸ ਸੰਦਰਭ ਵਿੱਚ, ਇਹ ਜਾਨਣਾ ਦਿਲਚਸਪ ਹੈ ਕਿ ਤਕਨੀਕੀ ਵਿਕਾਸ ਸਾਡੀ ਜਾਣਕਾਰੀ ਨੂੰ ਸਮਝਣ ਦੇ ਤਰੀਕੇ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ।
ਕਈ ਸਾਲਾਂ ਤੋਂ, ਹੱਥ ਨਾਲ ਲਿਖਣਾ, ਨੋਟਸ ਰੱਖਣੇ, ਅਧਿਐਨ ਕਰਨਾ, ਯਾਦ ਰੱਖਣ ਅਤੇ ਨਵੀਆਂ ਚੀਜ਼ਾਂ ਸਿੱਖਣ ਦਾ ਇੱਕੋ ਇੱਕ ਤਰੀਕਾ ਸੀ।
ਪਰ ਇਹ ਹਕੀਕਤ ਪਿਛਲੇ ਕੁਝ ਸਾਲਾਂ ਵਿੱਚ ਕੰਪਿਊਟਰ, ਟੈਬਲੇਟ ਅਤੇ ਸਮਾਰਟਫ਼ੋਨ ਦੀ ਬਦੌਲਤ ਪੂਰੀ ਤਰ੍ਹਾਂ ਬਦਲ ਗਈ ਹੈ।
ਅੱਜਕੱਲ੍ਹ, ਬਹੁਤ ਸਾਰੇ ਨੌਜਵਾਨ ਪੈਨਸਿਲ, ਪੈੱਨ ਅਤੇ ਕਾਗਜ਼ ਦੀ ਬਜਾਏ ਕੀਬੋਰਡ ਅਤੇ ਸਕ੍ਰੀਨਾਂ 'ਤੇ ਲਿਖਣਾ ਸਿੱਖਦੇ ਹਨ।
ਕੀ ਇਸ ਬਦਲਾਅ ਦਾ ਸਿੱਖਿਆ 'ਤੇ ਕੋਈ ਪ੍ਰਭਾਵ ਪਵੇਗਾ?
ਸੰਯੁਕਤ ਰਾਜ ਅਮਰੀਕਾ ਵਿੱਚ ਇੰਡੀਆਨਾ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਅਤੇ ਨਿਊਰੋਸਾਇੰਸ ਦੀ ਪ੍ਰੋਫੈਸਰ, ਕੈਰਿਨ ਹਰਮਨ ਜੇਮਜ਼, ਇਸ ਸਵਾਲ ਦਾ ਜਵਾਬ ਲੱਭ ਰਹੇ ਹਨ।
ਉਹ ਅਧਿਐਨ ਕਰਦੇ ਹਨ ਕਿ ਕਿਸ ਤਰ੍ਹਾਂ ਸਾਡੇ ਹੱਥ ਅਤੇ ਅਸੀਂ ਵਸਤੂਆਂ ਨੂੰ ਫੜਦੇ ਹਾਂ ਅਤੇ ਉਨ੍ਹਾਂ ਦੀ ਵਰਤੋਂ ਕਰਦੇ ਹਾਂ, ਇਸ ਦਾ ਦਿਮਾਗ਼ ਦੇ ਵਿਕਾਸ ਅਤੇ ਸਾਡੇ ਸਿੱਖਣ ਦੇ ਤਰੀਕੇ 'ਤੇ ਅਸਰ ਪੈਂਦਾ ਹੈ।
ਮਾਹਰਾਂ ਦੇ ਅਨੁਸਾਰ, ਇੱਕ ਅੱਖਰ ਜਾਂ ਸ਼ਬਦ ਨੂੰ ਦੇਖਣ ਅਤੇ ਇਸ ਨੂੰ ਲਿਖਣ ਲਈ ਸਰੀਰ ਦੀਆਂ ਹਰਕਤਾਂ ਦੀ ਵਰਤੋਂ ਕਰਨ ਵਿੱਚ ਦਿਮਾਗ਼ ਦੇ ਕੰਮਕਾਜ ਵਿੱਚ ਅੰਤਰ ਹੈ।
ਉਨ੍ਹਾਂ ਨੇ ਕ੍ਰਾਊਡਸਾਇੰਸ ਨੂੰ ਦੱਸਿਆ, "ਮੈਂ ਸਮਝਣਾ ਚਾਹੁੰਦੀ ਸੀ ਕਿ ਸਾਡੇ ਹੱਥ ਵਸਤੂਆਂ ਨਾਲ ਕਿਸ ਤਰ੍ਹਾਂ ਕਿਰਿਆ ਕਰਦੇ ਹਨ ਅਤੇ ਇਹ ਦਿਮਾਗ਼ ਦੀ ਗਤੀ ਨਾਲ ਸਬੰਧਿਤ ਖੇਤਰਾਂ ਨੂੰ ਕਿਸ ਪ੍ਰਕਾਰ ਕਿਰਿਆਸ਼ੀਲ ਕਰਦਾ ਹੈ।"
ਇੱਕ ਪ੍ਰਯੋਗ ਵਿੱਚ, ਜੇਮਜ਼ ਨੇ ਚਾਰ ਸਾਲ ਦੇ ਬੱਚਿਆਂ ਨੂੰ ਸ਼ਾਮਲ ਕੀਤਾ ਜੋ ਅਜੇ ਤੱਕ ਲਿਖ ਨਹੀਂ ਸਕਦੇ ਸਨ।
ਪ੍ਰਯੋਗਸ਼ਾਲਾ ਵਿੱਚ, ਇਨ੍ਹਾਂ ਛੋਟੇ ਬੱਚਿਆਂ ਨੂੰ ਤਿੰਨ ਚੀਜ਼ਾਂ ਵਿੱਚੋਂ ਇੱਕ ਸਿਖਾਈ ਗਈ, ਇੱਕ ਅੱਖਰ ਦੀ ਸ਼ਕਲ ਨੂੰ ਪੂਰਾ ਕਰਨਾ, ਭਾਵ ਇੱਕ ਅੱਖਰ ਕਿਵੇਂ ਬਣਾਇਆ ਜਾਂਦਾ ਹੈ, ਕੀਬੋਰਡ 'ਤੇ ਇੱਕ ਅੱਖਰ ਟਾਈਪ ਕਰਨਾ, ਜਾਂ ਇੱਕ ਅੱਖਰ ਲਿਖਣਾ।
ਜਦੋਂ ਸਾਰੇ ਬੱਚਿਆਂ ਨੇ ਗਤੀਵਿਧੀ ਦਾ ਪਹਿਲਾ ਹਿੱਸਾ ਪੂਰਾ ਕਰ ਲਿਆ, ਤਾਂ ਉਨ੍ਹਾਂ ਦੇ ਦਿਮਾਗ਼ ਦਾ ਐੱਮਆਰਆਈ (ਮੈਗਨੈਟਿਕ ਰੈਜ਼ੋਨੈਂਸ ਇਮੇਜਿੰਗ) ਟੈਸਟ ਕੀਤਾ ਗਿਆ।
ਜੇਮਜ਼ ਨੇ ਕਿਹਾ, "ਅਸੀਂ ਬੱਚਿਆਂ ਨੂੰ ਵੱਖ-ਵੱਖ ਅੱਖਰ ਦਿਖਾਏ। ਜਦੋਂ ਉਨ੍ਹਾਂ ਦੇ ਦਿਮਾਗ਼ ਨੂੰ ਸਕੈਨ ਕੀਤਾ ਜਾ ਰਿਹਾ ਸੀ, ਤਾਂ ਉਹ ਸਿਰਫ਼ ਉਨ੍ਹਾਂ ਅੱਖਰਾਂ ਨੂੰ ਦੇਖਣਾ ਚਾਹੁੰਦੇ ਸਨ ਜੋ ਉਨ੍ਹਾਂ ਨੂੰ ਪ੍ਰਯੋਗਸ਼ਾਲਾ ਵਿੱਚ ਸਿਖਾਏ ਗਏ ਸਨ।"
"ਅਸੀਂ ਦੇਖਿਆ ਕਿ ਹੱਥ ਲਿਖਤ ਰਾਹੀਂ ਅੱਖਰ ਸਿੱਖਣ ਵਾਲੇ ਬੱਚਿਆਂ ਨੇ ਇਨ੍ਹਾਂ ਹੁਨਰਾਂ ਨਾਲ ਜੁੜੇ ਦਿਮਾਗ਼ ਦੇ ਖੇਤਰਾਂ ਵਿੱਚ ਵਧੀ ਹੋਈ ਕਿਰਿਆਸ਼ਲੀਤਾ ਦਿਖਾਈ।"
ਉਨ੍ਹਾਂ ਨੇ ਤੁਲਨਾ ਕਰਦੇ ਹੋਏ ਕਿਹਾ, "ਪਰ ਇਹ ਕਿਰਿਆਸ਼ੀਲਤਾ ਉਨ੍ਹਾਂ ਬੱਚਿਆਂ ਵਿੱਚ ਨਹੀਂ ਦੇਖੀ ਗਈ ਜੋ ਸਿਰਫ਼ ਸਟ੍ਰੋਕ (ਲਾਈਨਾਂ) ਬਣਾ ਰਹੇ ਸਨ ਜਾਂ ਅੱਖਰ ਟਾਈਪ ਕਰ ਰਹੇ ਸਨ।"
ਪਰ ਸੁਲੇਖ ਅਤੇ ਸਿੱਖਿਆ ਵਿਚਕਾਰ ਸਬੰਧ ਇਸ ਤੱਕ ਸੀਮਿਤ ਨਹੀਂ ਹੈ।
ਇੱਕ ਹੋਰ ਅਧਿਐਨ ਵਿੱਚ, ਜੇਮਜ਼ ਨੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਅਧਿਐਨ ਕੀਤਾ।
ਉਨ੍ਹਾਂ ਦਾ ਕੰਮ ਇੱਕ ਅਜਿਹੇ ਵਿਸ਼ੇ 'ਤੇ ਕਲਾਸ ਲੈਣਾ ਸੀ ਜਿਸ ਬਾਰੇ ਉਨ੍ਹਾਂ ਨੂੰ ਕੁਝ ਨਹੀਂ ਪਤਾ ਸੀ। ਇਸ ਤੋਂ ਬਾਅਦ, ਉਨ੍ਹਾਂ ਨੇ ਪ੍ਰਸ਼ਨਾਵਲੀ ਭਰਨੀ ਸੀ ਕਿ ਪ੍ਰੋਫੈਸਰ ਨੇ ਕੀ ਪੜ੍ਹਾਇਆ ਅਤੇ ਉਨ੍ਹਾਂ ਨੇ ਇਸ ਨੂੰ ਕਿਵੇਂ ਰਿਕਾਰਡ ਕੀਤਾ।
ਅਗਲੇ ਦਿਨ, ਸਾਰੇ ਵਲੰਟੀਅਰਾਂ ਦੀ ਜਾਂਚ ਪਹਿਲਾਂ ਪੜ੍ਹਾਏ ਗਏ ਵਿਸ਼ੇ ਦੇ ਆਧਾਰ 'ਤੇ ਕੀਤੀ ਗਈ ਸੀ।
ਖੋਜਕਾਰਾਂ ਨੇ ਕਿਹਾ, "ਅਸੀਂ ਉਨ੍ਹਾਂ ਵਿਦਿਆਰਥੀਆਂ ਦੇ ਨਤੀਜਿਆਂ ਦੀ ਤੁਲਨਾ ਕੀਤੀ ਜਿਨ੍ਹਾਂ ਨੇ ਹੱਥ ਨਾਲ ਨੋਟਸ ਲਏ, ਕੰਪਿਊਟਰ 'ਤੇ ਟਾਈਪ ਕੀਤੇ ਅਤੇ ਟੈਬਲੇਟ 'ਤੇ ਲਿਖੇ।"
ਤੰਤੂ ਵਿਗਿਆਨੀਆਂ ਨੇ ਦੱਸਿਆ ਕਿ ਅਮਰੀਕੀ ਯੂਨੀਵਰਸਿਟੀਆਂ ਵਿੱਚ ਪ੍ਰੋਫੈਸਰਾਂ ਲਈ ਵਿਦਿਆਰਥੀਆਂ ਨਾਲ ਸਲਾਈਡਾਂ ਸਾਂਝੀਆਂ ਕਰਨਾ ਆਮ ਗੱਲ ਹੈ।
ਕੁਝ ਵਿਦਿਆਰਥੀਆਂ ਨੂੰ ਆਪਣੇ ਟੈਬਲੇਟਾਂ 'ਤੇ ਫਾਈਲਾਂ ਖੋਲ੍ਹਣ ਅਤੇ ਡਿਜੀਟਲ ਪੈੱਨ ਦੀ ਮਦਦ ਨਾਲ ਸਲਾਈਡਾਂ 'ਤੇ ਹੱਥ ਨਾਲ ਨੋਟਸ ਲੈਣ ਦੀ ਆਦਤ ਪੈ ਗਈ।
ਉਨ੍ਹਾਂ ਨੇ ਕਿਹਾ, "ਸਾਡੇ ਅਧਿਐਨ ਵਿੱਚ, ਜਿਨ੍ਹਾਂ ਨੇ ਟੈਬਲੇਟ 'ਤੇ ਲਿਖਿਆ ਅਤੇ ਜਿਨ੍ਹਾਂ ਨੇ ਸਕ੍ਰੀਨ 'ਤੇ ਹੱਥ ਨਾਲ ਲਿਖਿਆ, ਉਨ੍ਹਾਂ ਨੇ ਟੈਸਟਾਂ ਵਿੱਚ ਬਿਹਤਰ ਪ੍ਰਦਰਸ਼ਨ ਕੀਤਾ।"
"ਵਿਦਿਆਰਥੀਆਂ ਕੋਲ ਨਾ ਸਿਰਫ਼ ਅਸਲੀ ਸਲਾਈਡ ਟੈਕਸਟ ਸੀ, ਸਗੋਂ ਉਹ ਆਪਣੇ ਹੱਥਾਂ ਨਾਲ ਨੋਟਸ ਵੀ ਲਿਖ ਸਕਦੇ ਸਨ, ਇਸ ਲਈ ਅਜਿਹਾ ਹੋਇਆ ਹੋਵੇਗਾ।"
ਮਾਹਰ ਕਹਿੰਦੇ ਹਨ, "ਪਰ ਪੈੱਨ ਅਤੇ ਕਾਗਜ਼ ਨਾਲ ਲਿਖਣਾ ਵੀ ਲਾਭਦਾਇਕ ਸੀ। ਜਿਨ੍ਹਾਂ ਲੋਕਾਂ ਨੇ ਇਸ ਵਿਧੀ ਦੀ ਵਰਤੋਂ ਕੀਤੀ, ਉਨ੍ਹਾਂ ਨੇ ਕੰਪਿਊਟਰ 'ਤੇ ਟਾਈਪ ਕਰਨ ਵਾਲਿਆਂ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ।"
ਸਿੱਧੇ ਸ਼ਬਦਾਂ ਵਿੱਚ, ਮੌਜੂਦਾ ਖੋਜ ਦੇ ਅਨੁਸਾਰ, ਜੇਕਰ ਤੁਸੀਂ ਸੱਚਮੁੱਚ ਕੁਝ ਸਿੱਖਣਾ ਚਾਹੁੰਦੇ ਹੋ, ਤਾਂ ਸਭ ਤੋਂ ਵਧੀਆ ਤਰੀਕਾ ਹੈ ਇਸ ਨੂੰ ਹੱਥ ਨਾਲ ਲਿਖਣਾ, ਭਾਵੇਂ ਉਹ ਕਾਗਜ਼ 'ਤੇ ਹੋਵੇ ਜਾਂ ਟੈਬਲੇਟ 'ਤੇ।
ਕੀ ਤੁਹਾਡੀ ਲਿਖਾਈ ਵਿੱਚ ਸੁਧਾਰ ਸੰਭਵ ਹੈ?
ਪਰ, ਇਹ ਸਾਰੀ ਚਰਚਾ ਹੁਣ ਸਾਨੂੰ ਇਸ ਲੇਖ ਦੇ ਸ਼ੁਰੂ ਵਿੱਚ ਪੁੱਛੇ ਗਏ ਸਵਾਲ 'ਤੇ ਲੈ ਜਾਂਦੀ ਹੈ, ਕੀ ਅਜਿਹੇ ਅਯੋਗ ਲੇਖਕਾਂ ਦੀ ਹੱਥ ਲਿਖਤ ਨੂੰ ਬਿਹਤਰ, ਵਧੇਰੇ ਸਮਝਣ ਯੋਗ ਬਣਾਉਣ ਲਈ ਸੁਧਾਰਿਆ ਜਾ ਸਕਦਾ ਹੈ?
ਕਰਾਊਡਸਾਇੰਸ ਪ੍ਰੋਗਰਾਮ ਵਿੱਚ, ਲੰਡਨ, ਯੂਨਾਈਟਿਡ ਕਿੰਗਡਮ ਤੋਂ ਕੈਲੀਗ੍ਰਾਫੀ ਇੰਸਟ੍ਰਕਟਰ ਸ਼ੈਰਿਲ ਐਵਰੀ ਨੇ ਕੁਝ ਉਪਯੋਗੀ ਸੁਝਾਅ ਸਾਂਝੇ ਕੀਤੇ।
ਉਨ੍ਹਾਂ ਦੀ ਪਹਿਲੀ ਸਲਾਹ ਹੈ 'ਹੌਲੀ ਹੌਲੀ ਲਿਖੋ'। ਅਕਸਰ ਅਸੀਂ ਜਲਦੀ ਵਿੱਚ ਲਿਖਦੇ ਹਾਂ ਅਤੇ ਅੱਖਰਾਂ ਅਤੇ ਸ਼ਬਦਾਂ ਦੀ ਸਹੀ ਬਣਤਰ ਵੱਲ ਧਿਆਨ ਦੇਣਾ ਭੁੱਲ ਜਾਂਦੇ ਹਾਂ।
ਐਵਰੀ ਇਹ ਵੀ ਕਹਿੰਦੇ ਹਨ ਕਿ ਹਰੇਕ ਵਿਅਕਤੀ ਦੀ ਲਿਖਣ ਸ਼ੈਲੀ ਨੂੰ ਸਮਝਣਾ ਮਹੱਤਵਪੂਰਨ ਹੈ, ਜਿਸ ਨਾਲ ਸਹੀ ਲਿਖਣ ਸਮੱਗਰੀ, ਪੈੱਨ/ਪੈਨਸਿਲ ਨੂੰ ਫੜ੍ਹਨ ਦਾ ਤਰੀਕਾ, ਸਰੀਰ ਦੀ ਸਹੀ ਸਥਿਤੀ ਅਤੇ ਕਾਗਜ਼ ਦੀ ਕਿਸਮ ਵਰਗੀਆਂ ਚੀਜ਼ਾਂ ਨੂੰ ਨਿਰਧਾਰਤ ਕਰਨ ਵਿੱਚ ਮਦਦ ਮਿਲ ਸਕਦੀ ਹੈ।
ਉਨ੍ਹਾਂ ਦੇ ਅਨੁਸਾਰ, ਨਿਯਮਤ ਅਭਿਆਸ ਨਾਲ ਹੱਥ ਲਿਖਤ ਨੂੰ ਯਕੀਨੀ ਤੌਰ 'ਤੇ ਸੁਧਾਰਿਆ ਜਾ ਸਕਦਾ ਹੈ।
ਉਹ ਕਹਿੰਦੇ ਹਨ, "ਇੱਕ ਸਿਖਲਾਈ ਸੈਸ਼ਨ ਮਹੱਤਵਪੂਰਨ ਤਬਦੀਲੀ ਲਿਆਉਣ ਲਈ ਕਾਫ਼ੀ ਨਹੀਂ ਹੈ।"
ਪਰ ਥੋੜ੍ਹੀ ਜਿਹੀ ਲਗਨ ਨਾਲ, 'ਮਾਸਪੇਸ਼ੀ ਯਾਦਦਾਸ਼ਤ' ਬਣਾਈ ਜਾ ਸਕਦੀ ਹੈ, ਜੋ ਇੱਕ ਨਵੀਂ ਲਿਖਣ ਸ਼ੈਲੀ ਦੇ ਵਿਕਾਸ ਵੱਲ ਲੈ ਜਾਂਦੀ ਹੈ।
ਉਹ ਭਰੋਸਾ ਦਿਵਾਉਂਦੇ ਹਨ, "ਸ਼ੁਰੂ ਵਿੱਚ ਇਹ ਇੱਕ ਸੁਚੇਤ ਯਤਨ ਹੈ ਪਰ ਹੌਲੀ-ਹੌਲੀ ਇਹ ਇੱਕ ਆਦਤ ਬਣ ਜਾਂਦੀ ਹੈ ਅਤੇ ਤੁਸੀਂ ਹੁਣ ਇਸ ਨਵੀਂ ਲਿਖਣ ਸ਼ੈਲੀ ਬਾਰੇ ਸੋਚਦੇ ਵੀ ਨਹੀਂ ਹੋ।"
ਅੰਤ ਵਿੱਚ, ਐਵਰੀ ਕਹਿੰਦੇ ਹਨ, ਹੱਥ ਲਿਖਤ ਸਾਡੇ ਲਈ ਮਹੱਤਵਪੂਰਨ ਹੈ ਕਿਉਂਕਿ ਇਹ ਸਾਡੀ ਸ਼ਖਸੀਅਤ ਨੂੰ ਦਰਸਾਉਂਦੀ ਹੈ।
"ਇਹ ਇਸ ਤਰ੍ਹਾਂ ਹੈ ਜਿਵੇਂ ਅਸੀਂ ਉਸ ਪੰਨੇ 'ਤੇ ਆਪਣੀ ਸ਼ਖਸੀਅਤ ਦਾ ਇੱਕ ਹਿੱਸਾ ਛੱਡ ਦਿੰਦੇ ਹਾਂ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ