You’re viewing a text-only version of this website that uses less data. View the main version of the website including all images and videos.
7 ਸਾਲਾਂ ਦੀ ਔਟਿਸਟਿਕ ਬੱਚੀ ਨੂੰ ਜਦੋਂ ਪਾਗਲ ਸਮਝ ਕੇ 45 ਸਾਲਾਂ ਤੱਕ ਮਾਨਸਿਕ ਰੋਗੀਆਂ ਦੇ ਹਸਪਤਾਲ ਵਿੱਚ ਰੱਖਿਆ ਗਿਆ
- ਲੇਖਕ, ਕੈਰੋਲਿਨ ਐਟਕਿਨਸਨ ਅਤੇ ਬੈਨ ਰੌਬਿਨਸਨ
- ਰੋਲ, ਬੀਬੀਸੀ ਪੱਤਰਕਾਰ
ਇੱਕ ਔਰਤ ਜੋ ਔਟਿਜ਼ਮ ਤੋਂ ਪੀੜਤ ਸੀ ਅਤੇ ਸਿੱਖਣ ਦੀ ਅਯੋਗਤਾ ਨਾਲ ਜੂਝ ਰਹੀ ਸੀ , ਉਸ ਨੂੰ ਇੱਕ ਮਾਨਸਿਕ ਸਿਹਤ ਹਸਪਤਾਲ ਵਿੱਚ ਬੰਦ ਕਰਕੇ ਰੱਖਿਆ ਗਿਆ। ਜਦੋਂ ਉਸ ਨੂੰ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਸੀ ਉਸ ਸਮੇਂ ਉਸ ਦੀ ਉਮਰ ਮਹਿਜ਼ 7 ਸਾਲ ਸੀ।
ਮੰਨਿਆ ਜਾਂਦਾ ਹੈ ਕਿ ਇਹ ਔਰਤ ਸੀਅਰਾ ਲਿਓਨ ਦੀ ਹੈ ਅਤੇ ਸਥਾਨਕ ਅਧਿਕਾਰੀਆਂ ਨੇ ਇਸ ਦਾ ਨਾਮ ਕਾਸੀਬਾ ਦੱਸਿਆ ਹੈ। ਉਸ ਨੂੰ 25 ਸਾਲਾਂ ਦੇ ਲੰਬੇ ਸਮੇਂ ਲਈ ਵੱਖ ਕਰਕੇ ਰੱਖਿਆ ਗਿਆ ਸੀ।
ਕਾਸੀਬਾ ਬੋਲ ਨਹੀਂ ਸਕਦੀ ਅਤੇ ਅਤੇ ਉਸ ਦੇ ਪਰਿਵਾਰ ਵਿੱਚ ਵੀ ਕੋਈ ਨਹੀਂ ਜਿਸ ਨਾਲ ਗੱਲ ਕੀਤੀ ਜਾ ਸਕੇ।
ਇੱਕ ਕਲੀਨਿਕਲ ਮਨੋਵਿਗਿਆਨੀ ਨੇ ਫ਼ਾਈਲ ਆਨ 4 ਇਨਵੈਸਟੀਗੇਟਜ਼ ਨੂੰ ਦੱਸਿਆ ਕਿ ਕਿਵੇਂ ਉਸਦੀ ਰਿਹਾਈ ਲਈ ਨੌਂ ਸਾਲਾਂ ਤੱਕ ਲੜਾਈ ਜਾਰੀ ਰੱਖੀ ਗਈ ਸੀ।
ਵੱਡੀ ਗਿਣਤੀ ਵਿੱਚ ਬੱਚੇ ਵੀ ਮੌਜੂਦ
ਸਿਹਤ ਅਤੇ ਸਮਾਜਿਕ ਦੇਖਭਾਲ ਵਿਭਾਗ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਅਸਵੀਕਾਰਨਯੋਗ ਹੈ ਕਿ ਇੰਨੇ ਸਾਰੇ ਅਪਾਹਜ ਲੋਕ ਅਜੇ ਵੀ ਮਾਨਸਿਕ ਸਿਹਤ ਹਸਪਤਾਲਾਂ ਵਿੱਚ ਰੱਖੇ ਗਏ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਮਾਨਸਿਕ ਸਿਹਤ ਕਾਨੂੰਨ ਵਿੱਚ ਸੁਧਾਰ ਗੈਰ-ਵਾਜਿਬ ਨਜ਼ਰਬੰਦੀਆਂ ਨੂੰ ਰੋਕ ਸਕਣਗੇ।
2,000 ਤੋਂ ਵੱਧ ਔਟਿਸਟਿਕ ਲੋਕ ਅਤੇ ਸਿੱਖਣ ਵਿੱਚ ਅਸਮਰੱਥਤਾ ਵਾਲੇ ਲੋਕ ਅਜੇ ਵੀ ਇੰਗਲੈਂਡ ਦੇ ਮਾਨਸਿਕ ਸਿਹਤ ਹਸਪਤਾਲਾਂ ਵਿੱਚ ਨਜ਼ਰਬੰਦ ਹਨ। ਇਨ੍ਹਾਂ ਵਿੱਚ ਤਕਰੀਬਨ 200 ਬੱਚੇ ਵੀ ਸ਼ਾਮਲ ਹਨ।
ਸਾਲਾਂ ਤੋਂ, ਸਰਕਾਰਾਂ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਕਮਿਊਨਿਟੀ ਕੇਅਰ ਵਿੱਚ ਭੇਜਣ ਦਾ ਵਾਅਦਾ ਕਰਦੀਆਂ ਰਹੀਆਂ ਹਨ, ਕਿਉਂਕਿ ਉਨ੍ਹਾਂ ਨੂੰ ਕੋਈ ਮਾਨਸਿਕ ਬਿਮਾਰੀ ਨਹੀਂ ਹੈ।
2011 ਵਿੱਚ ਬੀਬੀਸੀ ਦੀ ਗੁਪਤ ਜਾਂਚ ਵਿੱਚ ਬ੍ਰਿਸਟਲ ਨੇੜੇ ਵਿੰਟਰਬੋਰਨ ਵਿਊ ਪ੍ਰਾਈਵੇਟ ਹਸਪਤਾਲ ਵਿੱਚ ਸਿੱਖਣ ਵਿੱਚ ਅਸਮਰੱਥ ਲੋਕਾਂ ਨਾਲ ਹੁੰਦੇ ਅਪਰਾਧਿਕ ਦੁਰਵਿਵਹਾਰ ਦਾ ਪਰਦਾਫਾਸ਼ ਹੋਣ ਤੋਂ ਬਾਅਦ ਸਰਕਾਰ ਨੇ ਕਾਰਵਾਈ ਕਰਨ ਦਾ ਵਾਅਦਾ ਕੀਤਾ ਸੀ।
ਪਰ ਇੰਗਲੈਂਡ ਵਿੱਚ ਅਜਿਹੀ ਕੋਈ ਕਾਰਵਾਈ ਨਹੀਂ ਹੋਈ।
ਪਿਛਲੇ ਕੁਝ ਹਫ਼ਤਿਆਂ ਵਿੱਚ, 2025-26 ਲਈ ਆਪਣੀ ਯੋਜਨਾ ਵਿੱਚ, ਐੱਨਐੱਚਐੱਸ ਇੰਗਲੈਂਡ ਨੇ ਕਿਹਾ ਕਿ ਇਸਦਾ ਮਕਸਦ ਸਿੱਖਣ ਦੀ ਅਯੋਗਤਾ ਵਾਲੇ ਲੋਕਾਂ ਅਤੇ ਔਟਿਸਟਿਕ ਲੋਕਾਂ ਲਈ ਮਾਨਸਿਕ ਸਿਹਤ ਕੇਂਦਰਾਂ ਅੰਦਰ ਮਰੀਜ਼ਾਂ ਦੀ ਦੇਖਭਾਲ 'ਤੇ ਨਿਰਭਰਤਾ ਨੂੰ ਘਟਾਉਣਾ ਹੈ, ਜਿਸ ਨਾਲ ਇਨ੍ਹਾਂ ਕੇਂਦਰਾਂ ਵਿੱਚ ਘੱਟੋ ਘੱਟ 10ਫ਼ੀਸਦ ਦੀ ਕਮੀ ਆਵੇਗੀ।
ਹਾਲਾਂਕਿ, ਚੈਰਿਟੀ ਮੇਨਕੈਪ ਦੇ ਨੀਤੀ ਅਤੇ ਜਨਤਕ ਮਾਮਲਿਆਂ ਦੇ ਮੁਖੀ, ਡੈਨ ਸਕੋਰਰ ਇਸ ਗੱਲ ਨਾਲ ਇਤਫ਼ਾਕ ਨਹੀਂ ਰੱਖਦੇ।
ਉਨ੍ਹਾਂ ਕਿਹਾ,"ਸੈਂਕੜੇ ਲੋਕ ਅਜੇ ਵੀ ਬੰਦ ਹਨ, ਨਜ਼ਰਬੰਦ ਹਨ, ਜਿਨ੍ਹਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਸੀ ਅਤੇ ਕਮਿਊਨਿਟੀ ਸੈਂਟਰਾਂ ਵਿੱਚ ਭੇਜਣਾ ਚਾਹੀਦਾ ਹੈ ਪਰ ਅਸੀਂ ਹਾਲੇ ਤੱਕ ਸਰਕਾਰ ਵਲੋਂ ਉਸ ਪੱਧਰ ਦਾ ਵਿਕਾਸ ਨਹੀਂ ਦੇਖਿਆ, ਜਿਸਦਾ ਵਾਅਦਾ ਕੀਤਾ ਗਿਆ ਸੀ।"
ਡਾਕਟਰ ਪੈਟਸੀ ਸਟੇਟ ਨੂੰ 2013 ਵਿੱਚ ਕਾਸੀਬਾ ਦੀ ਕੈਦ ਬਾਰੇ ਪਤਾ ਲੱਗਾ ਜਦੋਂ ਉਹ ਇੱਕ ਰੂਕੀ ਕਲੀਨਿਕਲ ਵਿੱਚ ਮਨੋਵਿਗਿਆਨੀ ਸਨ। ਉਹ ਉਸਦੀ ਦੇਖਭਾਲ ਦੀ ਇੱਕ ਰੁਟੀਨ ਸਮੀਖਿਆ ਕਰ ਰਹੀ ਸੀ, ਪਰ ਉਸ ਨੂੰ ਆਜ਼ਾਦ ਕਰਵਾਉਣ ਵਿੱਚ ਨੌਂ ਸਾਲ ਲੱਗ ਗਏ ਹਨ।
ਸਟੇਟ ਕਹਿੰਦੇ ਹਨ, "ਮੈਂ ਕਦੇ ਕਿਸੇ ਨੂੰ ਉਸ ਸਥਿਤੀ ਵਿੱਚ ਰਹਿੰਦੇ ਨਹੀਂ ਦੇਖਿਆ ਜਿਸ ਵਿੱਚ ਉਹ ਰਹਿ ਰਹੀ ਸੀ। ਮੈਂ ਸੋਚਦੀ ਹਾਂ ਕਿ ਅਸਲ ਵਿੱਚ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਇਹ ਸਭ ਜਾਇਜ਼ ਠਹਿਰਾਇਆ ਜਾ ਰਿਹਾ ਸੀ।"
ਉਨ੍ਹਾਂ ਨੇ ਕਿਹਾ ਕਿ ਸਪੱਸ਼ਟ ਤੌਰ 'ਤੇ ਹਸਪਤਾਲ ਦੀ ਪ੍ਰੀਕਿਰਿਆ ਨੇ ਅਸਲੀਅਤ ਨੂੰ ਨਕਾਬਪੋਸ਼ ਕੀਤਾ ਹੈ ਕਿ ਕਾਸੀਬਾ ਨੂੰ ਕਈ ਵਾਰ ਦਿਨ ਵਿੱਚ 23 ਘੰਟਿਆਂ ਤੋਂ ਵੱਧ ਸਮੇਂ ਲਈ ਬੰਦ ਕੀਤਾ ਜਾਂਦਾ ਸੀ।
ਜਿੱਥੇ ਕਾਸੀਬਾ ਨੂੰ ਰੱਖਿਆ ਗਿਆ ਸੀ ਡਾਕਟਰ ਸਟੇਟ ਨੇ ਉਸ ਹਸਪਤਾਲ ਦੀ ਵਾੜ ਵਿੱਚ ਹੋਈ ਇੱਕ ਮੋਰੀ ਵੱਲ ਇਸ਼ਾਰਾ ਕਰਦੇ ਹਨ।
ਉਨ੍ਹਾਂ ਦੱਸਿਆ, ਇਸਨੂੰ ਕੱਟ ਦਿੱਤਾ ਗਿਆ ਸੀ, ਤਾਂ ਜੋ ਕਾਸੀਬਾ ਤਾਲਾਬੰਦ ਕਮਰੇ ਵਿੱਚੋਂ ਬਾਹਰਲੀ ਦੁਨੀਆਂ ਵਿੱਚ ਲੋਕਾਂ ਨੂੰ ਤੁਰਦੇ ਫਿਰਦੇ ਵੇਖ ਸਕੇ।
5 ਸਾਲਾ ਕਾਸੀਬਾ ਤਸਕਰੀ ਕਰਕੇ ਲਿਆਈ ਗਈ ਸੀ
ਇਹ ਸੋਚਿਆ ਜਾਂਦਾ ਹੈ ਕਿ ਕਾਸੀਬਾ, ਜਿਸਦੀ ਉਮਰ ਹੁਣ 50 ਦੇ ਨੇੜੇ ਹੈ, ਉਸ ਨੂੰ ਪੰਜ ਸਾਲ ਦੀ ਉਮਰ ਤੋਂ ਪਹਿਲਾਂ ਸੀਅਰਾ ਲਿਓਨ ਤੋਂ ਤਸਕਰੀ ਕਰਕੇ ਇੱਥੇ ਲਿਆਂਦਾ ਗਿਆ ਸੀ।
ਉਹ ਕੁਝ ਸਮੇਂ ਲਈ ਬੱਚਿਆਂ ਲਈ ਬਣੇ ਘਰ ਵਿੱਚ ਰਹਿੰਦੀ ਸੀ, ਪਰ ਉਹ ਥਾਂ ਢਹਿ ਗਈ ਅਤੇ ਸੱਤ ਸਾਲ ਦੀ ਉਮਰ ਵਿੱਚ, ਉਸਨੂੰ ਇੱਕ ਹਸਪਤਾਲ ਵਿੱਚ ਭੇਜ ਦਿੱਤਾ ਗਿਆ, ਜਿੱਥੇ ਉਸ ਦੀ ਉਮਰ ਦਾ ਇੱਕ ਵੱਡਾ ਹਿੱਸਾ ਕੈਦ ਵਾਂਗ ਬੀਤਿਆ।
ਡਾਕਟਰ ਸਟੇਟ ਨੇ ਕਿਹਾ ਕਿ ਸਟਾਫ਼ ਨੇ ਕਾਸੀਬਾ ਨੂੰ "ਖ਼ਤਰਨਾਕ" ਦੱਸਿਆ ਹੈ।
ਉਸਨੇ ਰਿਕਾਰਡਾਂ ਵਿੱਚ ਇੱਕ ਅਜਿਹੀ ਘਟਨਾ ਲੱਭੀ ਜੋ ਹਿੰਸਾ ਦੇ ਇਨ੍ਹਾਂ ਇਲਜ਼ਾਮਾਂ ਦੀ ਗਵਾਈ ਦਿੰਦੀ ਲਗਦੀ ਹੈ।
ਕਰੀਬ ਇੱਕ ਦਹਾਕਾ ਪਹਿਲਾਂ, ਜਦੋਂ ਕਾਸੀਬਾ 19 ਸਾਲ ਦੀ ਸੀ ਅਤੇ ਉਸ ਨੂੰ ਲੰਬੇ ਸਮੇਂ ਲਈ ਅਲੱਗ-ਥਲੱਗ ਕਰਨ ਤੋਂ ਪਹਿਲਾਂ, ਫਾਇਰ ਅਲਾਰਮ ਵੱਜ ਗਿਆ ਸੀ ਅਤੇ ਤਾਲਾਬੰਦ ਵਾਰਡ ਖਾਲੀ ਕੀਤਾ ਜਾ ਰਿਹਾ ਸੀ।
ਕਾਸੀਬਾ ਦੁਖੀ ਸੀ ਅਤੇ ਪਰੇਸ਼ਾਨ ਸੀ, ਉਸ ਨੂੰ ਇੱਕ ਹੋਰ ਮਰੀਜ਼ ਨੇ ਸੰਪਰਕ ਕੀਤਾ ਪਰ ਡਰੀ ਹੋਈ ਕਾਸੀਬਾ ਨੇ ਉਸ ਉੱਤੇ ਹਮਲਾ ਕੀਤਾ ਅਤੇ ਮਰੀਜ਼ ਦੀ ਅੱਖ ਉੱਤੇ ਗੰਭੀਰ ਸੱਟ ਲੱਗੀ।
ਡਾਕਟਰ ਸਟੇਟ ਨੇ ਕਿਹਾ, "ਇਸ ਘਟਨਾ ਬਾਰੇ ਉਦੋਂ ਤੋਂ ਹੀ ਗੱਲ ਸ਼ੁਰੂ ਹੋ ਗਈ ਸੀ, ਕਿ ਉਹ ਹੋਰ ਲੋਕਾਂ ਦੀਆਂ ਅੱਖਾਂ ਨੂੰ ਨੁਕਸਾਨ ਪਹੁੰਚਾਉਣ ਵਾਲੀ ਕੁੜੀ ਹੈ।"
"ਪਰ ਇਹ ਸੱਚ ਨਹੀਂ ਸੀ ਕਿ ਸਿੱਖਣ ਦੀ ਅਯੋਗਤਾ ਵਾਲੀ ਇੱਕ ਮੱਧ-ਉਮਰ ਦੀ ਔਰਤ ਜੋ ਦਹਾਕਿਆਂ ਤੋਂ ਹਸਪਤਾਲ ਵਿੱਚ ਰਹਿ ਰਹੀ ਸੀ, ਉਹ ਖ਼ਤਰਨਾਕ ਹੋ ਸਕਦੀ ਹੈ।"
ਕਾਸੀਬਾ ਨੂੰ ਆਜ਼ਾਦ ਕਿਵੇਂ ਕਰਵਾਇਆ ਗਿਆ
ਮਹੀਨਿਆਂ ਦੇ ਕੰਮ ਤੋਂ ਬਾਅਦ, ਡਾਕਟਰ ਸਟੇਟ ਨੇ ਕੈਮਡੇਨ ਕੌਂਸਲ ਨੂੰ 50 ਪੰਨਿਆਂ ਦੀ ਰਿਪੋਰਟ ਸੌਂਪੀ। ਇਹ ਉੱਤਰੀ ਲੰਡਨ ਦੀ ਸਥਾਨਕ ਅਥਾਰਟੀ ਹੈ ਜਿਸ ਨੇ ਕਾਸੀਬਾ ਨੂੰ ਹਸਪਤਾਲ ਵਿੱਚ ਰੱਖਿਆ ਸੀ।
ਡਾਕਟਰ ਸਟੇਟ ਨੇ ਕਿਹਾ ਕਿ ਇਹ ਪਹਿਲਾਂ ਹੀ ਮੰਨਿਆ ਗਿਆ ਸੀ ਕਿ ਕਾਸੀਬਾ ਨੂੰ ਕੋਈ ਮਾਨਸਿਕ ਬਿਮਾਰੀ ਨਹੀਂ ਸੀ ਅਤੇ ਉਸਦੀ ਰਿਪੋਰਟ ਨੇ ਸਪੱਸ਼ਟ ਕੀਤਾ ਹੈ ਕਿ ਉਹ ਖ਼ਤਰਨਾਕ ਨਹੀਂ ਸੀ ਅਤੇ ਭਾਈਚਾਰੇ ਵਿੱਚ ਰਹਿਣ ਲਈ ਸੁਰੱਖਿਅਤ ਸੀ।
ਫ਼ਿਰ 2016 ਵਿੱਚ ਸਿਹਤ ਅਤੇ ਸਮਾਜਿਕ ਦੇਖਭਾਲ ਪੇਸ਼ੇਵਰਾਂ ਦੀ ਇੱਕ ਟੀਮ ਬਣਾਈ ਗਈ ਸੀ। ਉਨ੍ਹਾਂ ਦਾ ਮਿਸ਼ਨ ਕਾਸੀਬਾ ਨੂੰ ਆਜ਼ਾਦ ਕਰਨਾ ਸੀ।
ਲੁਸੀ ਡਨਸਟਨ, ਅਪਾਹਜ ਲੋਕਾਂ ਦੇ ਅਧਿਕਾਰਾਂ ਦੀ ਸੰਸਥਾ ਚੇਂਜਿੰਗ ਅਵਰ ਲਾਈਵਜ਼ ਵਲੋਂ, ਕਾਸੀਬਾ ਦੀ ਸੁਤੰਤਰ ਵਕੀਲ ਨਿਯੁਕਤ ਕੀਤੀ ਗਈ ਸੀ।
ਪਰ ਕਾਸੀਬਾ ਦੀ ਰਿਹਾਈ 'ਤੇ ਕੋਰਟ ਆਫ਼ ਪ੍ਰੋਟੈਕਸ਼ਨ (ਸੁਰੱਖਿਆ ਅਦਾਲਤ) ਦੇ ਹਸਤਾਖ਼ਰ ਕੀਤੇ ਜਾਣ ਤੋਂ ਬਾਅਦ ਹੀ ਮੁਮਕਿਨ ਸੀ।
ਡਨਸਟਨ ਨੇ ਕਿਹਾ ਕਿ ਜਦੋਂ ਉਹ ਪਹਿਲੀ ਵਾਰ ਕਾਸੀਬਾ ਨੂੰ ਮਿਲੀ ਸੀ, ਤਾਂ ਹਸਪਤਾਲ ਦੇ ਸਟਾਫ਼ ਨੇ ਉਸ ਨੂੰ "ਅੱਖਾਂ ਨੂੰ ਨੁਕਾਸਨ ਪਹੁੰਚਾਉਣ ਵਾਲੀ" ਵਜੋਂ ਪੇਸ਼ ਕੀਤਾ ਸੀ।
ਉਨ੍ਹਾਂ ਨੇ ਕਿਹਾ ਕਿ ਉਸਨੂੰ ਦਰਵਾਜ਼ੇ ਦੀ ਇੱਕ ਛੋਟੀ ਜਿਹੀ ਖਿੜਕੀ ਵਿੱਚੋਂ ਕਾਸੀਬਾ ਨੂੰ ਵੇਖਣਾ ਯਾਦ ਹੈ, ਜਿੱਥੇ ਉਸਨੂੰ ਅੰਦਰ ਬੰਦ ਰੱਖਿਆ ਹੋਇਆ ਸੀ।
"ਉਹ ਬਸ ਸਟੇਟੀ 'ਤੇ ਨਿਰਭਰ ਸੀ। ਇਹ ਬਹੁਤ ਖਾਲੀ ਕਮਰਾ ਸੀ। ਉਸਦੀ ਜ਼ਿੰਦਗੀ ਪੂਰੀ ਤਰ੍ਹਾਂ ਖਾਲੀ ਸੀ। "
ਕਾਸੀਬਾ ਨੂੰ ਮਿਲਣ ਤੋਂ ਛੇ ਸਾਲ ਬਾਅਦ ਡਨਸਟਨ ਨੂੰ ਸੁਰੱਖਿਆ ਅਦਾਲਤ ਦਾ ਫ਼ੋਨ ਇਹ ਦੱਸਣ ਲਈ ਆਇਆ ਕਿ ਉਨ੍ਹਾਂ ਨੇ ਕਾਸੀਬਾ ਨੂੰ ਹਸਪਤਾਲ ਤੋਂ ਆਜ਼ਾਦ ਕਰਨ ਦਾ ਫ਼ੈਸਲਾ ਲਿਆ ਹੈ।
ਉਨ੍ਹਾਂ ਕਿਹਾ,"ਮੈਂ ਰੋਈ, ਖੁਸ਼ ਹੋਈ, ਰਾਹਤ ਮਿਲੀ....ਮੈਨੂੰ ਮਾਣ ਹੋਇਆ।"
"ਇਹ ਮੈਂ ਇਕੱਲਿਆਂ ਨਹੀਂ ਕੀਤਾ ਬਲਕਿ ਅਸੀਂ ਮਿਲਕੇ ਕੀਤਾ ਹੈ।"
ਕਾਸੀਬਾ ਦੀ ਜ਼ਿੰਦਗੀ ਬਦਲੀ
ਹੁਣ ਕਾਸੀਬਾ ਸਪੋਰਟ ਵਰਕਰਾਂ ਦੀ ਮਦਦ ਨਾਲ ਕਮਿਊਨਿਟੀ ਵਿੱਚ ਰਹਿੰਦੀ ਹੈ, ਜੋ ਉਸ ਨਾਲ ਗੱਲਬਾਤ ਕਰਦੇ ਹਨ ਅਤੇ ਕੋਮਲ ਛੋਹਾਂ, ਇਸ਼ਾਰਿਆਂ ਅਤੇ ਸਪਸ਼ਟ ਭਾਸ਼ਾ ਨਾਲ ਸੰਵਾਦ ਕਰਦੇ ਹਨ।
ਉਸਦੀ ਦੇਖਭਾਲ ਪ੍ਰਬੰਧਕ ਨੇ ਕਿਹਾ ਕਿ ਉਸਨੂੰ ਫੈਸ਼ਨ ਪਸੰਦ ਹੈ, ਉਸਨੂੰ ਆਪਣੇ ਘਰ 'ਤੇ ਮਾਣ ਹੈ ਅਤੇ ਸਮਾਜਿਕ ਮੇਲ-ਜੋਲ ਦਾ ਆਨੰਦ ਮਾਣਦੀ ਹੈ।
ਮੈਨੇਜਰ ਨੇ ਕਿਹਾ, "ਉਸ ਕੋਲ ਹਾਸਣ ਦੀ ਸਭ ਤੋਂ ਅਦਭੁਤ ਭਾਵਨਾ ਹੈ। ਉਹ ਇੱਕ ਖ਼ੂਬਸੂਰਤ ਇਨਸਾਨ ਹੈ।"
"ਇੱਥੇ ਕੰਮ ਕਰਨ ਦੇ ਤਕਰੀਬਨ ਦੋ ਹਫ਼ਤੇ ਬਾਅਦ ਉਹ ਆਪਣੇ ਅਸਲ ਵਿੱਚ ਆਈ ਅਤੇ ਉਸ ਨੇ ਮੈਨੂੰ ਜੱਫੀ ਪਾਈ।"
ਮਾਨਸਿਕ ਸਿਹਤ ਬਿੱਲ
ਪਾਰਲੀਮੈਂਟ ਵਿੱਚ ਮਾਨਸਿਕ ਸਿਹਤ ਬਿੱਲ ਪੇਸ਼ ਕੀਤੇ ਜਾਣ ਦਾ ਮਤਲਬ ਹੈ ਕਿ ਇੰਗਲੈਂਡ ਅਤੇ ਵੇਲਜ਼ ਵਿੱਚ ਔਟਿਸਟਿਕ ਲੋਕ ਅਤੇ ਸਿੱਖਣ ਵਿੱਚ ਅਸਮਰੱਥਾ ਵਾਲੇ ਲੋਕ, ਜੋ ਮਾਨਸਿਕ ਰੋਗੀ ਨਹੀਂ ਹਨ ਨੂੰ ਇਲਾਜ ਲਈ ਨਜ਼ਰਬੰਦ ਨਹੀਂ ਕੀਤਾ ਜਾ ਸਕੇਗਾ।
ਪਰ ਸਰਕਾਰ ਨੇ ਕਿਹਾ ਹੈ ਕਿ ਉਹ ਉਦੋਂ ਤੱਕ ਕੋਈ ਬਦਲਾਅ ਨਹੀਂ ਲਿਆਏਗੀ ਜਦੋਂ ਤੱਕ ਕਮਿਊਨਿਟੀ ਸੈਂਟਰ ਪਰਪੱਕ ਨਹੀਂ ਹੋ ਜਾਂਦੇ।
ਇਹ ਕਾਨੂੰਨ ਅਜੇ ਵੀ ਲੋਕਾਂ ਨੂੰ ਜਾਂਚ ਲਈ 28 ਦਿਨਾਂ ਤੱਕ ਕਾਨੂੰਨੀ ਤੌਰ 'ਤੇ ਹਸਪਤਾਲ ਵਿੱਚ ਹਿਰਾਸਤ ਵਿੱਚ ਰੱਖਣ ਦੀ ਇਜਾਜ਼ਤ ਦੇਵੇਗਾ।
ਕੈਮਡੇਨ ਕੌਂਸਲ ਦੇ ਬਾਲਗ ਅਤੇ ਸਿਹਤ ਦੇ ਕਾਰਜਕਾਰੀ ਨਿਰਦੇਸ਼ਕ ਜੇਸ ਮੈਕਗ੍ਰੇਗਰ ਨੇ ਕਿਹਾ ਕਿ ਇਹ ਦੁਖਦਾਈ ਹੈ ਕਿ ਕਾਸੀਬਾ ਨੇ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਹਸਪਤਾਲ ਵਿੱਚ ਬਿਤਾਇਆ ਹੈ।
ਉਨ੍ਹਾਂ ਕਿਹਾ,"ਮੈਨੂੰ ਨਿੱਜੀ ਤੌਰ 'ਤੇ ਅਫ਼ਸੋਸ ਹੈ।"
"ਉਸਨੂੰ ਉਹ ਸਭ ਅਨੁਭਵ ਨਹੀਂ ਸੀ ਕਰਨਾ ਚਾਹੀਦਾ ਜੋ ਉਸ ਨੇ ਹੰਢਾਇਆ।"
ਐੱਨਐੱਚਐੱਸ ਮਾਨਸਿਕ ਸਿਹਤ ਟਰੱਸਟ ਨੇ ਕਿਹਾ ਕਿ ਕਦੇ ਵੀ ਉਸ ਵਲੋਂ ਮੁਹੱਈਆ ਕਰਵਾਈ ਗਈ ਦੇਖਭਾਲ ਨੂੰ ਸਵਾਲਾਂ ਦੇ ਘੇਰੇ ਵਿੱਚ ਨਹੀਂ ਲਿਆਂਦਾ ਗਿਆ ਸੀ ਅਤੇ ਦੇਖਭਾਲ ਨੂੰ ਗੁਣਵੱਤਾ ਕਮਿਸ਼ਨ ਨੇ ਵਧੀਆ ਦਰਜਾ ਦਿੱਤਾ ਗਿਆ ਸੀ।
ਟਰੱਸਟ ਨੇ ਫਾਈਲ ਆਨ 4 ਇਨਵੈਸਟੀਗੇਟਸ ਨੂੰ ਦੱਸਿਆ ਕਿ ਕਿਸੇ ਵੀ ਵਿਅਕਤੀ ਨੂੰ ਲੰਬੇ ਸਮੇਂ ਲਈ ਅਲੱਗ-ਥਲੱਗ ਕਰਨ ਦੀ ਲੋੜ ਬਾਰੇ ਜਾਂ ਕੀਤੀ ਗਈ ਸੀ, ਉਸ ਕੋਲ ਆਪਣੇ ਬੈੱਡਰੂਮ, ਬਾਥਰੂਮ, ਲਿਵਿੰਗ ਰੂਮ ਅਤੇ ਬਗੀਚੇ ਦੇ ਰੂਪ ਵਿੱਚ ਇੱਕ ਸਵੈ-ਨਿਰਭਰ ਜਾਇਦਾਦ ਸੀ।
ਟਰੱਸਟ ਨੇ ਕਿਹਾ ਕਿ 2010 ਤੋਂ ਉਹ ਸਥਾਨਕ ਅਥਾਰਟੀਆਂ ਨਾਲ ਕੰਮ ਕਰ ਰਿਹਾ ਸੀ ਤਾਂ ਜੋ ਕਮਿਊਨਿਟੀ ਦੇ ਅੰਦਰ, ਜਿੱਥੇ ਵੀ ਸੰਭਵ ਹੋਵੇ, ਢੁਕਵੀਂ ਦੇਖਭਾਲ ਲਈ ਡਿਸਚਾਰਜ ਕਰਨ ਲਈ ਯੋਜਨਾਵਾਂ ਬਣਾਈਆਂ ਜਾਣ।
ਉਨ੍ਹਾਂ ਕਿਹਾ ਕਿ ਪਰ ਹੋਰ ਮਰੀਜ਼ਾਂ ਦੇ ਪਰਿਵਾਰਾਂ ਕਾਨੂੰਨੀ ਅੜਚਣਾਂ ਕਾਰਨ ਅਜਿਹਾ ਨਹੀਂ ਸਨ ਕਰ ਸਕੇ।
ਇਸ ਵਿੱਚ ਕਿਹਾ ਗਿਆ ਹੈ ਕਿ ਇਸਦੇ ਸਟਾਫ਼ ਨੇ ਫਿਰ ਕਮਿਊਨਿਟੀ ਵਿੱਚ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਸਥਾਨਕ ਅਧਿਕਾਰੀਆਂ ਦਾ ਸਮਰਥਨ ਕਰਨ ਲਈ ਸਾਲਾਂ ਤੱਕ ਅਣਥੱਕ ਮਿਹਨਤ ਕੀਤੀ ਸੀ ਅਤੇ ਉਹ 2023 ਵਿੱਚ ਸਫਲਤਾਪੂਰਵਕ ਸੇਵਾ ਨੂੰ ਬੰਦ ਕਰਨ ਦੇ ਯੋਗ ਸਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ