ਭਾਰਤ ਬਨਾਮ ਪਾਕਿਸਤਾਨ: 'ਬਾਪ, ਬਾਪ ਹੋਤਾ ਹੈ' ਤੋਂ ਸ਼ੋਏਬ ਅਖ਼ਤਰ ਦੀ ਮੁਆਫ਼ੀ ਤੱਕ, ਦੋਵੇਂ ਕ੍ਰਿਕਟ ਟੀਮਾਂ ਦੇ ਦਿਲਚਸਪ ਕਿੱਸੇ

ਭਾਰਤ ਬਨਾਮ ਪਾਕਿਸਤਾਨ

ਤਸਵੀਰ ਸਰੋਤ, Getty Images

    • ਲੇਖਕ, ਨਿਤਿਨ ਸੁਲਤਾਨ
    • ਰੋਲ, ਪੱਤਰਕਾਰ, ਬੀਬੀਸੀ ਮਰਾਠੀ

ਕ੍ਰਿਕਟ ਭਾਰਤ ਵਿੱਚ ਸਭ ਤੋਂ ਮਸ਼ਹੂਰ ਖੇਡ ਹੈ। ਭਾਰਤ ਅਤੇ ਪਾਕਿਸਤਾਨ ਵਿਚਕਾਰ ਮੈਚ ਹੋਵੇ ਤਾਂ ਕ੍ਰਿਕਟ ਪ੍ਰੇਮੀਆਂ ਲਈ ਇਸ ਤੋਂ ਵੱਡਾ ਹੋਰ ਕੁਝ ਨਹੀਂ। ਇਸੇ ਲਈ ਇਨ੍ਹਾਂ ਦੋਵਾਂ ਟੀਮਾਂ ਦਾ ਮੈਚ ਹਮੇਸ਼ਾ ਹਰ ਕੋਈ ਦੇਖਦਾ ਹੈ।

ਆਈਸੀਸੀ ਚੈਂਪੀਅਨਜ਼ ਟ੍ਰਾਫ਼ੀ ਟੂਰਨਾਮੈਂਟ ਵਿੱਚ 'ਭਾਰਤ ਬਨਾਮ ਪਾਕਿਸਤਾਨ' ਮੈਚ ਅੱਜ (23 ਫਰਵਰੀ) ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਹੋਵੇਗਾ। ਭਾਰਤ ਅਤੇ ਪਾਕਿਸਤਾਨ ਦੇ ਨਾਲ-ਨਾਲ ਦੁਨੀਆਂ ਭਰ ਦੇ ਕ੍ਰਿਕਟ ਪ੍ਰਸ਼ੰਸਕ ਇਸ ਮੈਚ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।

ਦੋਵਾਂ ਦੇਸ਼ਾਂ ਵਿਚਕਾਰ ਚੱਲ ਰਹੇ ਤਣਾਅ ਦੇ ਕਾਰਨ, ਭਾਰਤ ਅਤੇ ਪਾਕਿਸਤਾਨ ਵਿਚਕਾਰ ਬਹੁਤੇ ਮੈਚ ਨਹੀਂ ਹੁੰਦੇ। ਹਾਲਾਂਕਿ, ਦੋਵੇਂ ਟੀਮਾਂ ਆਈਸੀਸੀ ਦੁਆਰਾ ਆਯੋਜਿਤ ਸੀਰੀਜ਼ ਅਤੇ ਏਸ਼ੀਆ ਕੱਪ ਵਰਗੇ ਕੁਝ ਟੂਰਨਾਮੈਂਟਾਂ ਵਿੱਚ ਇੱਕ-ਦੂਜੇ ਦੇ ਸਾਹਮਣੇ ਆ ਹੀ ਜਾਂਦੀਆਂ ਹਨ।

ਭਾਰਤ ਅਤੇ ਪਾਕਿਸਤਾਨ ਨੇ ਸਾਲਾਂ ਤੋਂ ਇੱਕ ਦੂਜੇ ਵਿਰੁੱਧ ਵਿਆਪਕ ਤੌਰ 'ਤੇ ਕ੍ਰਿਕਟ ਖੇਡਿਆ ਹੈ। ਉਨ੍ਹਾਂ ਮੈਚਾਂ ਵਿੱਚ ਦੋਵਾਂ ਟੀਮਾਂ ਦੇ ਇੱਕ ਦੂਜੇ ਦੇ ਵਿਰੁੱਧ ਖੇਡਣ ਦੀਆਂ ਬਹੁਤ ਸਾਰੀਆਂ ਯਾਦਾਂ ਅਤੇ ਕਿੱਸੇ ਹਨ।

ਜਦੋਂ ਵੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਇਸ ਤਰ੍ਹਾਂ ਦਾ ਮੈਚ ਹੁੰਦਾ ਹੈ, ਤਾਂ ਜੰਗ ਵਰਗਾ ਮਾਹੌਲ ਹੁੰਦਾ ਹੈ। ਇਸੇ ਲਈ ਇਨ੍ਹਾਂ ਦੋਵਾਂ ਟੀਮਾਂ ਦੇ ਬਹੁਤ ਸਾਰੇ ਯਾਦਗਾਰੀ ਕਿੱਸੇ ਹਨ। ਇਸ ਰਿਪੋਰਟ ਵਿੱਚ ਅਜਿਹੇ ਹੀ ਕੁੱਝ ਕਿੱਸਿਆਂ ਅਤੇ ਯਾਦਾਂ 'ਤੇ ਝਾਤ ਮਾਰਦੇ ਹਾਂ...

ਬੀਬੀਸੀ ਪੰਜਾਬੀ ਵੱਟਸਐਪ ਚੈਨਲ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਜਦੋਂ ਜ਼ਖਮੀ ਸਚਿਨ ਨੇ ਜਿਤਾਇਆ ਮੈਚ

ਸਚਿਨ ਦੇ ਪਾਕਿਸਤਾਨ ਵਿਰੁੱਧ ਸ਼ੁਰੂਆਤੀ ਦਿਨਾਂ ਬਾਰੇ ਇੱਕ ਮਸ਼ਹੂਰ ਕਿੱਸਾ ਹੈ। ਨਵਜੋਤ ਸਿੰਘ ਸਿੱਧੂ ਅਕਸਰ ਇਹ ਕਿੱਸਾ ਸੁਣਾ ਕੇ ਸਚਿਨ ਦੀ ਪ੍ਰਸ਼ੰਸਾ ਕਰਦੇ ਰਹੇ ਹਨ।

ਸਾਲ 1989 ਵਿੱਚ, ਭਾਰਤ-ਪਾਕਿਸਤਾਨ ਸੀਰੀਜ਼ ਦਾ ਚੌਥਾ ਟੈਸਟ ਮੈਚ ਸਿਆਲਕੋਟ ਵਿੱਚ ਖੇਡਿਆ ਜਾ ਰਿਹਾ ਸੀ। ਭਾਰਤੀ ਟੀਮ ਨੇ 5 ਵਿਕਟਾਂ ਛੇਤੀ ਹੀ ਗੁਆ ਦਿੱਤੀਆਂ ਸਨ ਅਤੇ ਟੀਮ ਮੁਸੀਬਤ ਵਿੱਚ ਸੀ। ਉਸ ਸਮੇਂ ਸਚਿਨ ਬੱਲੇਬਾਜ਼ੀ ਕਰਨ ਲਈ ਉੱਤਰੇ।

ਇਹ ਸਚਿਨ ਤੇਂਦੁਲਕਰ ਦਾ ਪਹਿਲਾ ਪਾਕਿਸਤਾਨ ਦੌਰਾ ਸੀ। ਉਸ ਦੌਰੇ ਦੌਰਾਨ, ਮਹਿਜ਼ 16 ਸਾਲਾਂ ਦੇ ਸਚਿਨ ਨੇ ਪਾਕਿਸਤਾਨ ਦੇ ਵਕਾਰ ਯੂਨਿਸ, ਵਸੀਮ ਅਕਰਮ, ਇਮਰਾਨ ਖਾਨ ਅਤੇ ਆਕਿਬ ਜਾਵੇਦ ਵਰਗੇ ਤੇਜ਼ ਗੇਂਦਬਾਜ਼ਾਂ ਦਾ ਸਾਹਮਣਾ ਕੀਤਾ।

ਜਦੋਂ ਸਚਿਨ ਬੱਲੇਬਾਜ਼ੀ ਕਰਨ ਲਈ ਆਏ, ਤਾਂ ਵਸੀਮ ਅਕਰਮ 150-160 ਦੀ ਬਹੁਤ ਤੇਜ਼ ਰਫ਼ਤਾਰ ਨਾਲ ਗੇਂਦਬਾਜ਼ੀ ਕਰ ਰਹੇ ਸਨ। ਅਜਿਹੇ ਹੀ ਇੱਕ ਬਾਊਂਸਰ ਨੂੰ ਹੁੱਕ ਕਰਨ ਦੀ ਕੋਸ਼ਿਸ਼ ਕਰਦੇ ਹੋਏ, ਗੇਂਦ ਬੱਲੇ 'ਤੇ ਲੱਗ ਕੇ ਸਚਿਨ ਦੇ ਨੱਕ 'ਤੇ ਜਾ ਵੱਜੀ ਅਤੇ ਸਚਿਨ ਡਿੱਗ ਪਏ।

ਸਿੱਧੂ ਕਹਿੰਦੇ ਹਨ, "ਉਸ ਸਮੇਂ ਮੇਰੇ ਜ਼ਹਿਨ ਵਿੱਚ ਪਹਿਲਾ ਵਿਚਾਰ ਆਇਆ, ਕੀ ਉਹ ਮਰ ਗਏ ਹਨ?"

ਸਚਿਨ ਦੇ ਨੱਕ ਵਿੱਚੋਂ ਖੂਨ ਵਗ ਰਿਹਾ ਸੀ। ਉਨ੍ਹਾਂ ਦੇ ਕੱਪੜੇ ਖੂਨ ਨਾਲ ਲੱਥ-ਪੱਥ ਸਨ ਡਾਕਟਰ ਮਦਦ ਲਈ ਭੱਜੇ, ਉਨ੍ਹਾਂ ਨੇ ਖੂਨ ਪੂੰਝਿਆ ਅਤੇ ਇਲਾਜ ਸ਼ੁਰੂ ਕੀਤਾ।

ਸਚਿਨ

ਤਸਵੀਰ ਸਰੋਤ, Getty Images

ਸਿੱਧੂ ਨੇ ਸੋਚਿਆ ਕਿ ਹੁਣ ਇੱਕ ਨਵਾਂ ਬੱਲੇਬਾਜ਼ ਆਵੇਗਾ, ਇਸ ਲਈ ਸਿੱਧੂ ਪਵੇਲੀਅਨ ਵੱਲ ਦੇਖ ਰਹੇ ਸਨ, ਜਦੋਂ ਅਚਾਨਕ ਉਨ੍ਹਾਂ ਨੂੰ ਪਿੱਛੇ ਤੋਂ ਇੱਕ ਆਵਾਜ਼ ਸੁਣਾਈ ਦਿੱਤੀ, "ਮੈਂ ਖੇਡਾਂਗਾ.." ਸਚਿਨ ਦੀ ਨਾਜ਼ੁਕ ਆਵਾਜ਼ ਸੁਣ ਕੇ ਸਿੱਧੂ ਸਚਿਨ ਦੇ ਨੇੜੇ ਗਏ ਅਤੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ।

ਸਿੱਧੂ ਕਹਿੰਦੇ ਹਨ, "ਫਿਰ ਸਚਿਨ ਨੇ ਉਸ ਓਵਰ ਵਿੱਚ ਦੋ ਚੌਕੇ ਮਾਰੇ। ਦਿਨ ਦੇ ਅੰਤ ਵਿੱਚ, ਸਚਿਨ 67 ਦੌੜਾਂ 'ਤੇ ਨਾਬਾਦ ਸਨ ਅਤੇ ਮੈਂ 97 ਦੌੜਾਂ 'ਤੇ ਨਾਬਾਦ ਸੀ। ਉਸ ਦਿਨ ਤੋਂ ਬਾਅਦ ਭਾਰਤ ਨੇ ਇੱਕ ਵੀ ਵਿਕਟ ਨਹੀਂ ਗੁਆਇਆ, ਅਤੇ ਅਸੀਂ ਮੈਚ ਬਚਾ ਲਿਆ।"

ਸਿੱਧੂ ਕਹਿੰਦੇ ਹਨ ਕਿ ਉੱਥੋਂ ਹੀ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਸਚਿਨ ਇੱਕ ਮਹਾਨ ਬੱਲੇਬਾਜ਼ ਸਾਬਿਤ ਹੋਣਗੇ। ਇਸ ਸੀਰੀਜ਼ ਵਿੱਚ ਕਾਦਿਰ ਦੀ ਗੇਂਦਬਾਜ਼ੀ 'ਤੇ ਸਚਿਨ ਦੇ ਛੱਕੇ ਮਾਰਨ ਦਾ ਕਿੱਸਾ ਵੀ ਮਸ਼ਹੂਰ ਹੈ।

ਦਰਅਸਲ, ਕਾਦਿਰ ਨੇ ਸਚਿਨ ਨੂੰ ਛੱਕਾ ਮਾਰਨ ਦੀ ਚੁਣੌਤੀ ਦਿੱਤੀ ਅਤੇ ਸਚਿਨ ਨੇ ਅਸਲ ਵਿੱਚ ਉਨ੍ਹਾਂ ਦੀ ਗੇਂਦਬਾਜ਼ੀ 'ਤੇ ਲਗਾਤਾਰ ਤਿੰਨ ਛੱਕੇ ਮਾਰੇ।

ਸਕਲੈਨ ਦੀ ਗਾਂਗੁਲੀ ਬਾਰੇ ਗਲਤਫਹਿਮੀ

ਗਾਂਗੁਲੀ

ਤਸਵੀਰ ਸਰੋਤ, Getty Images

ਮੈਦਾਨ ਉੱਤੇ ਭਾਵੇਂ ਭਾਰਤੀ ਅਤੇ ਪਾਕਿਸਤਾਨੀ ਕ੍ਰਿਕਟਰਾਂ ਵਿਚਕਾਰ ਦੁਸ਼ਮਣੀ ਸਭ ਨੂੰ ਪਤਾ ਹੈ ਪਰ ਮੈਦਾਨ ਤੋਂ ਬਾਹਰ ਅਕਸਰ ਹੀ ਦੋਵਾਂ ਟੀਮਾਂ ਦੇ ਖਿਡਾਰੀਆਂ ਨੂੰ ਚੰਗੇ ਦੋਸਤਾਂ ਵਜੋਂ ਦੇਖਿਆ ਜਾਂਦਾ ਹੈ।

ਪਾਕਿਸਤਾਨ ਦੇ ਮਸ਼ਹੂਰ ਸਪਿਨਰ ਸਕਲੈਨ ਮੁਸ਼ਤਾਕ ਅਤੇ ਸੌਰਵ ਗਾਂਗੁਲੀ ਦਾ ਵੀ ਇੱਕ ਕਿੱਸਾ ਹੈ। ਗਾਂਗੁਲੀ ਨੂੰ ਹਰ ਕੋਈ ਪਿਆਰ ਨਾਲ ਦਾਦਾ ਕਹਿੰਦਾ ਹੈ।

ਜਿਸ ਵੇਲੇ ਸਕਲੈਨ ਅਤੇ ਦਾਦਾ ਇਕੱਠੇ ਖੇਡਦੇ ਸਨ ਤਾਂ ਸ਼ੁਰੂਆਤੀ ਸਮੇਂ 'ਚ ਸਕਲੈਨ ਗਾਂਗੁਲੀ ਬਾਰੇ ਸੋਚਦੇ ਸਨ ਕਿ ਜਾਂ ਤਾਂ ਉਹ ਬਹੁਤ ਗੁੱਸੇ ਵਿੱਚ ਰਹਿੰਦਾ ਹੈ ਜਾਂ ਫਿਰ ਬਹੁਤ ਹੀ ਘੱਟ ਗੱਲਬਾਤ ਕਰਦਾ ਹੈ। ਇਸੇ ਕਰਕੇ ਸਕਲੈਨ ਦਾਦਾ ਨਾਲ ਜ਼ਿਆਦਾ ਗੱਲ ਨਹੀ ਨਹੀਂ ਕਰਦੇ ਸਨ।

ਇਹ ਵੀ ਪੜ੍ਹੋ-

ਕਈ ਸਾਲਾਂ ਤੱਕ ਇਸੇ ਤਰ੍ਹਾਂ ਚਲਦਾ ਰਿਹਾ। ਬਾਅਦ ਵਿੱਚ, ਸੱਟਾਂ ਕਾਰਨ ਸਕਲੈਨ ਨੇ ਆਪਣੇ ਗੋਡਿਆਂ ਦੀ ਸਰਜਰੀ ਕਰਵਾਈ। ਠੀਕ ਹੋਣ ਤੋਂ ਬਾਅਦ ਉਹ ਕੁਝ ਸਮੇਂ ਲਈ ਸਸੇਕਸ ਕਾਉਂਟੀ ਲਈ ਕ੍ਰਿਕਟ ਖੇਡ ਰਹੇ ਸਨ। ਉਸ ਸਮੇਂ, ਉਹ ਭਾਰਤੀ ਟੀਮ ਵਿਰੁੱਧ ਅਭਿਆਸ ਮੈਚ ਖੇਡਣ ਜਾ ਰਹੇ ਸਨ।

ਉਸ ਸਮੇਂ, ਸੌਰਵ ਗਾਂਗੁਲੀ ਖੁਦ ਸਕਲੈਨ ਲਈ ਕੌਫੀ ਲੈ ਕੇ ਆਏ ਅਤੇ ਲਗਭਗ ਅੱਧੇ ਘੰਟੇ ਤੱਕ ਉਨ੍ਹਾਂ ਤੋਂ ਸੱਟ ਬਾਰੇ ਗੱਲਬਾਤ ਕੀਤੀ। ਉਸ ਤੋਂ ਬਾਅਦ, ਸਕਲੈਨ ਨੂੰ ਬੁਰਾ ਲੱਗਿਆ ਕਿ ਉਨ੍ਹਾਂ ਨੇ ਦਾਦਾ ਬਾਰੇ ਗਲਤ ਸੋਚਿਆ ਸੀ।

ਕੁਝ ਹਫ਼ਤਿਆਂ ਬਾਅਦ, ਇੱਕ ਸਮਾਗਮ ਵਿੱਚ ਸਕਲੈਨ ਸੌਰਵ ਗਾਂਗੁਲੀ ਨੂੰ ਮਿਲੇ ਅਤੇ ਸਾਰੀ ਗੱਲ ਦੱਸਦੇ ਹੋਏ ਇਸ ਤਰ੍ਹਾਂ ਸੋਚਣ ਲਈ ਮੁਆਫੀ ਮੰਗੀ।

ਜਦੋਂ ਸ਼ੋਏਬ ਅਖ਼ਤਰ ਨੇ ਮੰਗੀ ਮੁਆਫੀ

ਭਾਰਤ ਬਨਾਮ ਪਾਕਿਸਤਾਨ

ਤਸਵੀਰ ਸਰੋਤ, Getty Images

ਸਹਿਵਾਗ ਅਕਸਰ ਸ਼ੋਏਬ ਅਖ਼ਤਰ ਬਾਰੇ ਇੱਕ ਕਿੱਸਾ ਸੁਣਾਉਂਦੇ ਰਹਿੰਦੇ ਹਨ। ਇੱਕ ਵਾਰ, ਭਾਰਤ-ਪਾਕਿਸਤਾਨ ਟੀਮਾਂ ਲਈ ਲਖਨਊ ਵਿੱਚ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ। ਉਸ ਸਮੇਂ ਸ਼ੋਏਬ ਅਖ਼ਤਰ ਵੀ ਉੱਥੇ ਸਨ।

ਸਹਿਵਾਗ ਦੱਸਦੇ ਹਨ ਕਿ ਸ਼ੋਏਬ ਨੇ ਪ੍ਰੋਗਰਾਮ ਵਿੱਚ ਥੋੜ੍ਹਾ ਜ਼ਿਆਦਾ ਸ਼ਰਾਬ ਪੀਤੀ ਹੋਵੇਗੀ। ਇਸ ਕਾਰਨ, ਸ਼ੋਏਬ ਨੇ ਮਜ਼ਾਕ ਵਿੱਚ ਸਚਿਨ ਤੇਂਦੁਲਕਰ ਨੂੰ ਆਪਣੇ ਮੋਢਿਆਂ 'ਤੇ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਉਹ ਸਚਿਨ ਨੂੰ ਆਸਾਨੀ ਨਾਲ ਨਹੀਂ ਚੁੱਕ ਸਕੇ।

ਉਸੇ ਸਮੇਂ, ਉਨ੍ਹਾਂ ਨੂੰ ਚੁੱਕਣ ਦੀ ਕੋਸ਼ਿਸ਼ ਕਰਦੇ ਹੋਏ ਸਚਿਨ ਅਤੇ ਸ਼ੋਏਬ ਦੋਵੇਂ ਹੇਠਾਂ ਡਿੱਗ ਪਏ। ਸਚਿਨ ਨੂੰ ਜ਼ਿਆਦਾ ਸੱਟ ਨਹੀਂ ਲੱਗੀ। ਹਾਲਾਂਕਿ, ਸਹਿਵਾਗ ਨੇ ਸੱਚਮੁੱਚ ਸ਼ੋਏਬ ਨੂੰ ਡਰਾ ਦਿੱਤਾ ਸੀ ਕਿ ਸਚਿਨ ਨੂੰ ਕਾਫੀ ਸੱਟ ਲੱਗੀ ਹੈ।

ਸਹਿਵਾਗ ਨੇ ਸ਼ੋਏਬ ਨੂੰ ਕਿਹਾ, "ਤੁਸੀਂ ਭਾਰਤ ਦੇ ਸਭ ਤੋਂ ਮਹਾਨ ਕ੍ਰਿਕਟਰ ਨੂੰ ਹੇਠਾਂ ਸੁੱਟ ਦਿੱਤਾ। ਹੁਣ ਸਚਿਨ ਬੀਸੀਸੀਆਈ ਨੂੰ ਦੱਸਣਗੇ ਅਤੇ ਬੀਸੀਸੀਆਈ ਪੀਸੀਬੀ ਨੂੰ ਸ਼ਿਕਾਇਤ ਕਰੇਗਾ, ਜਿਸਦਾ ਮਤਲਬ ਹੈ ਕਿ ਤੁਹਾਡਾ ਕਰੀਅਰ ਖ਼ਤਮ ਹੈ।''

ਇਹ ਸਭ ਜਾਣ ਕੇ ਸ਼ੋਏਬ ਅਖ਼ਤਰ ਬਹੁਤ ਡਰ ਗਏ ਸਨ। ਉਹ ਸਚਿਨ ਨੂੰ ਮਿਲਣ ਗਏ ਅਤੇ ਮੁਆਫੀ ਮੰਗੀ ਅਤੇ ਉਨ੍ਹਾਂ ਨੂੰ ਸ਼ਿਕਾਇਤ ਨਾ ਕਰਨ ਲਈ ਕਿਹਾ। ਪਰ ਬਾਅਦ ਵਿੱਚ ਉਨ੍ਹਾਂ ਨੂੰ ਪਤਾ ਲੱਗਿਆ ਕਿ ਇਹ ਸਭ ਤਾਂ ਸਹਿਵਾਗ ਨੇ ਮਜ਼ਾਕ ਕੀਤਾ ਸੀ।

ਯੂਨਿਸ ਨੇ ਦ੍ਰਾਵਿੜ ਤੋਂ ਸਿੱਖੇ ਬੱਲੇਬਾਜ਼ੀ ਦੇ ਗੁਰ

ਰਾਹੁਲ ਦ੍ਰਾਵਿੜ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਾਹੁਲ ਦ੍ਰਾਵਿੜ

2004 ਵਿੱਚ, ਚੈਂਪੀਅਨਜ਼ ਟ੍ਰਾਫ਼ੀ ਇੰਗਲੈਂਡ ਵਿੱਚ ਹੋ ਰਹੀ ਸੀ। ਉਸ ਸਮੇਂ, ਪਾਕਿਸਤਾਨੀ ਬੱਲੇਬਾਜ਼ ਯੂਨਿਸ ਖਾਨ ਬੱਲੇਬਾਜ਼ੀ ਸੰਬੰਧੀ ਕੁਝ ਸੁਝਾਅ ਜਾਂ ਸਲਾਹ ਮੰਗਣ ਲਈ ਰਾਹੁਲ ਦ੍ਰਾਵਿੜ ਕੋਲ ਗਏ।

ਰਾਹੁਲ ਦ੍ਰਾਵਿੜ ਉਸ ਸਮੇਂ ਯੂਨਿਸ ਖਾਨ ਦੇ ਮੁਕਾਬਲੇ ਸੀਨੀਅਰ ਕ੍ਰਿਕਟਰ ਸਨ। ਇਸ ਤੋਂ ਇਲਾਵਾ, ਯੂਨਿਸ ਪਾਕਿਸਤਾਨ ਟੀਮ ਵਿੱਚ ਸੀ। ਫਿਰ ਵੀ, ਇਸ ਬਾਰੇ ਸੋਚੇ ਬਿਨਾਂ, ਰਾਹੁਲ ਦ੍ਰਾਵਿੜ ਖੁਦ ਯੂਨਿਸ ਖਾਨ ਕੋਲ ਉਨ੍ਹਾਂ ਦੀ ਮਦਦ ਕਰਨ ਲਈ ਗਏ।

ਰਾਹੁਲ ਦ੍ਰਾਵਿੜ ਨੇ ਉਸ ਸਮੇਂ ਯੂਨਿਸ ਨੂੰ ਬੱਲੇਬਾਜ਼ੀ ਬਾਰੇ ਕੁਝ ਸੁਝਾਅ ਦਿੱਤੇ। ਯੂਨਸ ਖਾਨ ਨੇ ਖੁਦ ਇੱਕ ਪ੍ਰੋਗਰਾਮ ਵਿੱਚ ਕਿਹਾ ਸੀ ਕਿ ਉਨ੍ਹਾਂ ਸੁਝਾਵਾਂ ਨੂੰ ਧਿਆਨ ਵਿੱਚ ਰੱਖ ਕੇ ਭਵਿੱਖ ਵਿੱਚ ਉਨ੍ਹਾਂ ਦੀ ਬੱਲੇਬਾਜ਼ੀ ਵਿੱਚ ਬਹੁਤ ਸੁਧਾਰ ਹੋਇਆ ਹੈ।

ਮੀਆਂਦਾਦ ਦੀ ਹਾਸੋਹੀਣੀ ਸਲੈਜਿੰਗ

ਜਾਵੇਦ ਮੀਆਂਦਾਦ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਾਵੇਦ ਮੀਆਂਦਾਦ

ਸੁਨੀਲ ਗਾਵਸਕਰ ਅਕਸਰ ਪਾਕਿਸਤਾਨੀ ਕ੍ਰਿਕਟਰ ਜਾਵੇਦ ਮੀਆਂਦਾਦ ਬਾਰੇ ਇੱਕ ਮਜ਼ਾਕੀਆ ਕਿੱਸਾ ਸੁਣਾਉਂਦੇ ਹਨ।

ਬੈਂਗਲੁਰੂ ਵਿੱਚ ਇੱਕ ਮੈਚ ਦੌਰਾਨ, ਜਾਵੇਦ ਮੀਆਂਦਾਦ ਇੱਕ ਭਾਰਤੀ ਸਪਿਨਰ ਵਿਰੁੱਧ ਬੱਲੇਬਾਜ਼ੀ ਕਰ ਰਹੇ ਸਨ। ਜਾਵੇਦ ਮੀਆਂਦਾਦ ਦੀ ਯੋਜਨਾ ਗੇਂਦਬਾਜ਼ ਨੂੰ ਪਰੇਸ਼ਾਨ ਕਰਕੇ ਉਸਦਾ ਧਿਆਨ ਭਟਕਾਉਣਾ ਸੀ।

ਅਜਿਹੇ ਹੀ ਇੱਕ ਮੈਚ ਵਿੱਚ, ਜਦੋਂ ਗੇਂਦਬਾਜ਼ ਗੇਂਦ ਸੁੱਟਦਾ ਸੀ ਤਾਂ ਮੀਆਂਦਾਦ ਅੱਗੇ ਆ ਕੇ ਗੇਂਦਬਾਜ਼ ਨੂੰ ਪੁੱਛਦੇ ਸਨ, "ਤੁਹਾਡਾ ਕਮਰਾ ਨੰਬਰ ਕੀ ਹੈ?" ਉਨ੍ਹਾਂ ਦਾ ਮਕਸਦ ਬੱਸ ਗੇਂਦਬਾਜ਼ ਨੂੰ ਪਰੇਸ਼ਾਨ ਕਰਨਾ ਸੀ।

ਅਜਿਹਾ ਵਾਰ-ਵਾਰ ਹੋ ਰਿਹਾ ਸੀ। ਮਿਆਂਦਾਦ ਗੇਂਦਬਾਜ਼ ਨੂੰ ਵਾਰ-ਵਾਰ ਉਨ੍ਹਾਂ ਦਾ ਕਮਰਾ ਨੰਬਰ ਪੁੱਛ ਰਹੇ ਸਨ ਅਤੇ ਆਖਿਰ ਗੇਂਦਬਾਜ਼ ਨੂੰ ਤੰਗ ਆ ਕੇ ਗੁੱਸੇ ਵਿੱਚ ਪੁੱਛ ਹੀ ਲਿਆ ਕਿ ਰਿਹਾ ਕਿ "ਤੁਹਾਨੂੰ ਕਮਰਾ ਨੰਬਰ ਕਿਉਂ ਚਾਹੀਦਾ ਹੈ?"

ਮਿਆਂਦਾਦ ਨੇ ਉਨ੍ਹਾਂ ਨੂੰ ਇਹ ਕਹਿ ਕੇ ਛੇੜਨ ਦੀ ਕੋਸ਼ਿਸ਼ ਕੀਤੀ, "ਮੈਂ ਤੁਹਾਡੇ ਕਮਰੇ ਵਿੱਚ ਛੱਕਾ ਮਾਰਨਾ ਚਾਹੁੰਦਾ ਹਾਂ।" ਸੁਨੀਲ ਗਾਵਸਕਰ ਨੇ ਕਿਹਾ ਹੈ ਕਿ ਮਿਆਂਦਾਦ ਹਮੇਸ਼ਾ ਉਨ੍ਹਾਂ ਨੂੰ ਇਸ ਤਰ੍ਹਾਂ ਪਰੇਸ਼ਾਨ ਕਰਦੇ ਸਨ।

"ਬਾਪ ਬਾਪ ਹੋਤਾ ਹੈ..."

ਸ਼ੋਏਬ ਅਖ਼ਤਰ ਅਤੇ ਵੀਰੇਂਦਰ ਸਹਿਵਾਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ੋਏਬ ਅਖ਼ਤਰ ਅਤੇ ਵੀਰੇਂਦਰ ਸਹਿਵਾਗ

ਭਾਰਤ ਅਤੇ ਪਾਕਿਸਤਾਨ ਕ੍ਰਿਕਟ ਮੈਚਾਂ ਵਿੱਚ ਸਲੈਜਿੰਗ (ਅਪਸ਼ਬਦਾਂ ਦਾ ਇਸਤੇਮਾਲ) ਇੱਕ ਅਨਿੱਖੜਵਾਂ ਅੰਗ ਹੈ। ਅਜਿਹੇ ਹੀ ਇੱਕ ਮੈਚ ਵਿੱਚ, ਜਦੋਂ ਸਹਿਵਾਗ ਬੱਲੇਬਾਜ਼ੀ ਕਰ ਰਹੇ ਸਨ ਤਾਂ ਸ਼ੋਏਬ ਅਖਤਰ ਉਸਨੂੰ ਸਲੇਜ ਕਰ ਰਹੇ ਸਨ।

2003 ਦੇ ਵਿਸ਼ਵ ਕੱਪ ਦੌਰਾਨ, ਸ਼ੋਏਬ ਅਖਤਰ ਸਹਿਵਾਗ ਨੂੰ ਬਾਊਂਸਰ ਗੇਂਦ ਸੁੱਟ ਰਹੇ ਸਨ ਅਤੇ ਉਨ੍ਹਾਂ ਨੂੰ ਇਸ ਤਰ੍ਹਾਂ ਹੁੱਕ ਮਾਰਨ ਲਈ ਛੇੜ ਰਹੇ ਸਨ। ਕੁਝ ਸਮੇਂ ਬਾਅਦ, ਸਹਿਵਾਗ ਤੰਗ ਆ ਗਏ ਅਤੇ ਕਿਹਾ, "ਅਜਿਹੀ ਗੇਂਦ ਉਨ੍ਹਾਂ (ਸਹਿਵਾਗ) ਦੇ ਸਾਹਮਣੇ ਖੜ੍ਹੇ ਵਿਅਕਤੀ ਨੂੰ ਸੁੱਟ ਅਤੇ ਉਹ ਇਸ ਗੇਂਦ 'ਤੇ ਹਿੱਟ ਮਾਰੇਗਾ।" ਸਹਿਵਾਗ ਦੇ ਸਾਹਮਣੇ ਉਸ ਵੇਲੇ ਸਚਿਨ ਖੜ੍ਹੇ ਸਨ।

ਅਗਲੇ ਹੀ ਓਵਰ ਵਿੱਚ, ਜਦੋਂ ਸ਼ੋਏਬ ਨੇ ਸਚਿਨ ਨੂੰ ਬਾਊਂਸਰ ਸੁੱਟਿਆ ਤਾਂ ਸਚਿਨ ਨੇ ਉਸ 'ਤੇ ਛੱਕਾ ਮਾਰਿਆ। ਫਿਰ ਸਹਿਵਾਗ ਨੇ ਸ਼ੋਏਬ ਨੂੰ ਇਹ ਕਹਿੰਦੇ ਹੋਏ ਛੇੜਿਆ ਕਿ 'ਬਾਪ, ਬਾਪ ਹੋਤਾ ਹੈ'।

ਸਹਿਵਾਗ ਨੇ ਇਹ ਕਿੱਸਾ ਕਈ ਵਾਰ ਸੁਣਾਇਆ ਹੈ ਪਰ ਸ਼ੋਏਬ ਨੇ ਹਮੇਸ਼ਾ ਇਸ ਗੱਲ ਤੋਂ ਮਨ੍ਹਾ ਕਰਦੇ ਰਹੇ ਹਨ ਕਿ ਸਹਿਵਾਗ ਨੇ ਉਨ੍ਹਾਂ ਨੂੰ ਅਜਿਹਾ ਕੁਝ ਕਿਹਾ ਸੀ। ਸ਼ੋਏਬ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਜੇ ਅਜਿਹਾ ਹੁੰਦਾ, ਤਾਂ ਉਹ ਚੁੱਪ ਨਾ ਰਹਿੰਦੇ।

(ਇਹ ਸਾਰੀਆਂ ਕਹਾਣੀਆਂ ਸਬੰਧਤ ਕ੍ਰਿਕਟਰਾਂ ਦੁਆਰਾ ਵੱਖ-ਵੱਖ ਪ੍ਰੋਗਰਾਮਾਂ ਅਤੇ ਇੰਟਰਵਿਊਆਂ ਵਿੱਚ ਦੱਸੀਆਂ ਗਈਆਂ ਹਨ।)

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)