ਇੰਦੌਰ ਸ਼ਹਿਰ, ਜਿਸ ਨੂੰ ਭਾਰਤ ਦਾ ਸਭ ਤੋਂ ਸਾਫ਼ ਸ਼ਹਿਰ ਹੋਣ ਦਾ ਟੈਗ ਮਿਲਿਆ, ਉੱਥੇ ਗੰਦਲੇ ਪਾਣੀ ਕਰਕੇ ਮੌਤਾਂ ਕਿਉਂ ਹੋਈਆਂ

ਤਸਵੀਰ ਸਰੋਤ, SAMEER KHAN
- ਲੇਖਕ, ਸਮੀਰ ਖ਼ਾਨ
- ਰੋਲ, ਬੀਬੀਸੀ ਲਈ, ਇੰਦੌਰ ਤੋਂ
ਲਗਾਤਾਰ ਸੱਤ ਸਾਲਾਂ ਤੱਕ ਦੇਸ਼ ਦਾ ਸਭ ਤੋਂ ਸਾਫ਼ ਸ਼ਹਿਰ ਬਣਨ ਦਾ ਤਮਗਾ ਹਾਸਲ ਕਰਨ ਵਾਲੇ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਦੇ ਭਾਗੀਰਥਪੁਰਾ ਇਲਾਕੇ ਵਿੱਚ ਨਰਮਦਾ ਨਦੀ ਦੀ ਪਾਈਪਲਾਈਨ ਵਿੱਚ ਡ੍ਰੇਨੇਜ ਲਾਈਨ ਦਾ ਪਾਣੀ ਮਿਲ ਜਾਣ ਕਾਰਨ ਸਪਲਾਈ ਦਾ ਪਾਣੀ ਗੰਦਾ ਹੋ ਗਿਆ।
ਸਥਾਨਕ ਪੱਤਰਕਾਰਾਂ ਨੇ ਦੱਸਿਆ ਕਿ ਇੰਦੌਰ ਦੇ ਇਸ ਇਲਾਕੇ ਵਿੱਚ ਹੁਣ ਤੱਕ ਦਸ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਸੂਬਾ ਸਰਕਾਰ ਦੇ ਮੰਤਰੀ ਕੈਲਾਸ਼ ਵਿਜੈਵਰਗੀਏ ਨੇ ਇੱਕ ਜਨਵਰੀ ਨੂੰ ਮੰਨਿਆ ਸੀ ਕਿ ਅੱਠ-ਨੌਂ ਮੌਤਾਂ ਹੋਈਆਂ ਹਨ।
ਮਾਮਲੇ ਦੀ ਜਾਂਚ ਲਈ ਸੂਬਾ ਸਰਕਾਰ ਨੇ ਇੱਕ ਕਮੇਟੀ ਦਾ ਗਠਨ ਕੀਤਾ ਹੈ।
ਮੁੱਖ ਮੰਤਰੀ ਮੋਹਨ ਯਾਦਵ ਨੇ ਕੀਤੀ ਕਾਰਵਾਈ

ਤਸਵੀਰ ਸਰੋਤ, ANI
ਭਾਗੀਰਥਪੁਰਾ ਖੇਤਰ ਵਿੱਚ ਦੂਸ਼ਿਤ ਪਾਣੀ ਪੀਣ ਨਾਲ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਸਬੰਧਤ ਅਧਿਕਾਰੀਆਂ 'ਤੇ ਕਾਰਵਾਈ ਕੀਤੀ ਹੈ।
ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ 'ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਲਿਖਿਆ ਹੈ, "ਇੰਦੌਰ ਵਿੱਚ ਦੂਸ਼ਿਤ ਪੀਣ ਯੋਗ ਪਾਣੀ ਦੀ ਸਪਲਾਈ ਕਾਰਨ ਹੋਈ ਦੁੱਖਦਾਈ ਘਟਨਾ ਦੇ ਸਬੰਧ ਵਿੱਚ ਜ਼ਿੰਮੇਵਾਰ ਅਧਿਕਾਰੀਆਂ 'ਤੇ ਸਖ਼ਤ ਕਾਰਵਾਈ ਕਰਨ ਤੋਂ ਬਾਅਦ ਸੂਬੇ ਦੀਆਂ ਹੋਰ ਥਾਂਵਾਂ ਲਈ ਵੀ ਅਸੀਂ ਸੁਧਾਰਕ ਕਦਮ ਚੁੱਕ ਰਹੇ ਹਾਂ। ਇਸ ਲਈ ਸਬੰਧਤ ਅਧਿਕਾਰੀਆਂ ਨੂੰ ਸਮੇਂ-ਬੱਧ ਪ੍ਰੋਗਰਾਮ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।"
ਉਨ੍ਹਾਂ ਨੇ ਕਿਹਾ, "ਇਸ ਸੰਦਰਭ ਵਿੱਚ ਸੂਬੇ ਦੇ ਸਾਰੇ 16 ਨਗਰ ਨਿਗਮਾਂ ਦੇ ਮੇਅਰ, ਪ੍ਰਧਾਨ ਅਤੇ ਕਮਿਸ਼ਨਰਾਂ, ਜ਼ਿਲ੍ਹਾ ਕੁਲੈਕਟਰ, ਸਿਹਤ ਵਿਭਾਗ, ਨਗਰੀ ਵਿਕਾਸ ਵਿਭਾਗ, ਜਨ ਸਿਹਤ ਇੰਜੀਨੀਅਰਿੰਗ ਵਿਭਾਗ ਅਤੇ ਹੋਰ ਸਬੰਧਤ ਹੈੱਡਕੁਆਰਟਰ ਪੱਧਰ ਦੇ ਅਧਿਕਾਰੀਆਂ ਦੀ ਅੱਜ ਸ਼ਾਮ ਵਰਚੁਅਲ ਮੀਟਿੰਗ ਬੁਲਾਈ ਗਈ ਹੈ, ਜਿਸ ਵਿੱਚ ਪੂਰੇ ਸੂਬੇ ਦੀ ਸਮੀਖਿਆ ਕਰਕੇ ਲੋੜੀਂਦੇ ਨਿਰਦੇਸ਼ ਦਿੱਤੇ ਜਾਣਗੇ।"
ਮੋਹਨ ਯਾਦਵ ਨੇ ਕਿਹਾ, "ਇੰਦੌਰ ਨਗਰ ਨਿਗਮ ਦੇ ਕਮਿਸ਼ਨਰ ਅਤੇ ਵਧੀਕ ਕਮਿਸ਼ਨਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ, ਇੰਦੌਰ ਤੋਂ ਵਧੀਕ ਕਮਿਸ਼ਨਰ ਨੂੰ ਤੁਰੰਤ ਹਟਾਉਣ ਅਤੇ ਇੰਚਾਰਜ ਸੁਪਰਡੈਂਟ ਇੰਜੀਨੀਅਰ ਤੋਂ ਜਲ ਵੰਡ ਵਿਭਾਗ ਦਾ ਚਾਰਜ ਵਾਪਸ ਲੈਣ ਦੇ ਨਿਰਦੇਸ਼ ਦਿੱਤੇ ਗਏ ਹਨ। ਇੰਦੌਰ ਨਗਰ ਨਿਗਮ ਵਿੱਚ ਜ਼ਰੂਰੀ ਅਸਾਮੀਆਂ ਨੂੰ ਤੁਰੰਤ ਪ੍ਰਭਾਵ ਨਾਲ ਭਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।"

ਤਸਵੀਰ ਸਰੋਤ, ANI
ਹਾਲਾਂਕਿ, ਮਾਮਲੇ ਵਿੱਚ ਹਾਈ ਕੋਰਟ ਨੇ ਵੀ ਨੋਟਿਸ ਜਾਰੀ ਕੀਤਾ ਹੈ।
ਇੰਦੌਰ ਦੇ ਭਾਗੀਰਥਪੁਰਾ ਇਲਾਕੇ ਵਿੱਚ ਦੂਸ਼ਿਤ ਪਾਣੀ ਨਾਲ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਜਨਹਿਤ ਪਟੀਸ਼ਨਾਂ 'ਤੇ ਸੁਣਵਾਈ ਕਰਦੇ ਹੋਏ ਮੱਧ ਪ੍ਰਦੇਸ਼ ਹਾਈ ਕੋਰਟ ਨੇ ਕੁਲੈਕਟਰ ਅਤੇ ਨਗਰ ਨਿਗਮ ਕਮਿਸ਼ਨਰ ਨੂੰ ਨੋਟਿਸ ਜਾਰੀ ਕੀਤਾ ਹੈ।
ਭਾਗੀਰਥਪੁਰਾ ਵਿੱਚ ਦੂਸ਼ਿਤ ਪਾਣੀ ਕਾਰਨ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਹਾਈ ਕੋਰਟ ਵਿੱਚ ਲਗਾਤਾਰ ਜਨਹਿਤ ਪਟੀਸ਼ਨਾਂ ਦਾਖ਼ਲ ਕੀਤੀਆਂ ਜਾ ਰਹੀਆਂ ਹਨ। ਅੱਜ ਇਸ ਮਾਮਲੇ ਵਿੱਚ ਸਟੇਟਸ ਰਿਪੋਰਟ ਪੇਸ਼ ਕੀਤੀ ਗਈ, ਜਦਕਿ ਇੱਕ ਨਵੀਂ ਜਨਹਿਤ ਪਟੀਸ਼ਨ 'ਤੇ ਵੀ ਅਦਾਲਤ ਵਿੱਚ ਸੁਣਵਾਈ ਹੋਈ ਹੈ।
ਇੰਦੌਰ ਵਿੱਚ ਦੂਸ਼ਿਤ ਪਾਣੀ ਦੀ ਸਪਲਾਈ ਕਾਰਨ ਕਈ ਲੋਕਾਂ ਦੀ ਤਬੀਅਤ ਖ਼ਰਾਬ ਹੋਣ ਅਤੇ ਮੌਤਾਂ ਦੇ ਮਾਮਲੇ ਵਿੱਚ 31 ਦਸੰਬਰ ਨੂੰ ਹਾਈ ਕੋਰਟ ਵਿੱਚ ਦੋ ਜਨਹਿਤ ਪਟੀਸ਼ਨਾਂ ਦਾਖ਼ਲ ਕੀਤੀਆਂ ਗਈਆਂ ਸਨ। ਪਹਿਲੀ ਪਟੀਸ਼ਨ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਿਤੇਸ਼ ਈਨਾਣੀ ਵੱਲੋਂ ਦਾਖ਼ਲ ਕੀਤੀ ਗਈ ਸੀ, ਜਦਕਿ ਦੂਜੀ ਪਟੀਸ਼ਨ ਸਾਬਕਾ ਪਾਰਸ਼ਦ ਮਹੇਸ਼ ਗਰਗ ਅਤੇ ਕਾਂਗਰਸ ਪ੍ਰਵਕਤਾ ਪ੍ਰਮੋਦ ਕੁਮਾਰ ਦਿਵੇਦੀ ਵੱਲੋਂ ਦਾਖ਼ਲ ਕੀਤੀ ਗਈ ਸੀ।
31 ਦਸੰਬਰ ਨੂੰ ਹੋਈ ਸੁਣਵਾਈ ਦੌਰਾਨ ਹਾਈ ਕੋਰਟ ਨੇ ਨਗਰ ਨਿਗਮ ਨੂੰ ਅੰਤਰਿਮ ਹੁਕਮ ਜਾਰੀ ਕਰਦੇ ਹੋਏ ਸਾਰੇ ਪ੍ਰਭਾਵਿਤ ਲੋਕਾਂ ਦਾ ਮੁਫ਼ਤ ਇਲਾਜ ਕਰਵਾਉਣ ਅਤੇ ਇਲਾਕੇ ਵਿੱਚ ਸਾਫ਼ ਪੀਣ ਯੋਗ ਪਾਣੀ ਉਪਲਬਧ ਕਰਵਾਉਣ ਦੇ ਨਿਰਦੇਸ਼ ਦਿੱਤੇ ਸਨ। ਇਨ੍ਹਾਂ ਹੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਅੱਜ 2 ਜਨਵਰੀ ਨੂੰ ਨਗਰ ਨਿਗਮ ਵੱਲੋਂ ਸਟੇਟਸ ਰਿਪੋਰਟ ਅਦਾਲਤ ਵਿੱਚ ਪੇਸ਼ ਕੀਤੀ ਗਈ।
ਇਸ ਦੇ ਨਾਲ ਹੀ, ਅੱਜ ਇਸ ਮਾਮਲੇ ਵਿੱਚ ਇੱਕ ਤੀਜੀ ਜਨਹਿਤ ਪਟੀਸ਼ਨ ਵੀ ਹਾਈ ਕੋਰਟ ਵਿੱਚ ਦਾਖ਼ਲ ਕੀਤੀ ਗਈ, ਜਿਸ 'ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਇੰਦੌਰ ਦੇ ਕੁਲੈਕਟਰ ਸ਼ਿਵਮ ਵਰਮਾ ਅਤੇ ਨਗਰ ਨਿਗਮ ਕਮਿਸ਼ਨਰ ਦਿਲੀਪ ਕੁਮਾਰ ਯਾਦਵ ਨੂੰ ਨੋਟਿਸ ਜਾਰੀ ਕੀਤੇ ਹਨ।
ਤੀਜੀ ਪਟੀਸ਼ਨ 'ਤੇ ਅਗਲੀ ਸੁਣਵਾਈ 19 ਜਨਵਰੀ ਨੂੰ ਹੋਵੇਗੀ, ਜਦਕਿ ਪਹਿਲਾਂ ਤੋਂ ਦਾਖ਼ਲ ਦੋ ਜਨਹਿਤ ਪਟੀਸ਼ਨਾਂ 'ਤੇ 6 ਜਨਵਰੀ ਨੂੰ ਅਗਲੀ ਸੁਣਵਾਈ ਹੋਵੇਗੀ।

ਤਸਵੀਰ ਸਰੋਤ, ANI
ਕਾਂਗਰਸ ਨੇ ਪੀਐੱਮ ਮੋਦੀ ਦੀ ਚੁੱਪੀ ਉੱਤੇ ਚੁੱਕੇ ਸਵਾਲ
ਇੰਦੌਰ ਵਿੱਚ ਦੂਸ਼ਿਤ ਪਾਣੀ ਕਾਰਨ ਲੋਕਾਂ ਦੀਆਂ ਮੌਤਾਂ ਹੋਣ ਅਤੇ ਇਸ ਮਾਮਲੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪੀ ਨੂੰ ਲੈ ਕੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ।
ਖੜਗੇ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਜਲ ਜੀਵਨ ਮਿਸ਼ਨ ਅਤੇ ਸਵੱਛ ਭਾਰਤ ਅਭਿਆਨ ਦਾ ਢਿੰਢੋਰਾ ਪਿੱਟਣ ਵਾਲੇ ਨਰਿੰਦਰ ਮੋਦੀ ਜੀ ਹਮੇਸ਼ਾਂ ਦੀ ਤਰ੍ਹਾਂ ਇੰਦੌਰ ਵਿੱਚ ਦੂਸ਼ਿਤ ਪਾਣੀ ਪੀਣ ਨਾਲ ਹੋਈਆਂ ਮੌਤਾਂ ਦੇ ਮਾਮਲੇ 'ਤੇ ਚੁੱਪ ਹਨ।"
ਕਾਂਗਰਸ ਪ੍ਰਧਾਨ ਨੇ ਕਿਹਾ, "ਇਹ ਉਹੀ ਇੰਦੌਰ ਸ਼ਹਿਰ ਹੈ, ਜਿਸ ਨੇ ਕੇਂਦਰ ਸਰਕਾਰ ਦੇ ਸਵੱਛ ਸਰਵੇਖਣ ਵਿੱਚ ਲਗਾਤਾਰ ਅੱਠਵੀਂ ਵਾਰ ਸਭ ਤੋਂ ਸਾਫ਼ ਸ਼ਹਿਰ ਦਾ ਖ਼ਿਤਾਬ ਜਿੱਤਿਆ ਹੈ। ਇਹ ਸ਼ਰਮਨਾਕ ਗੱਲ ਹੈ ਕਿ ਇੱਥੇ ਭਾਜਪਾ ਦੀ ਨਾਕਾਮੀ ਕਾਰਨ ਲੋਕ ਸਾਫ਼ ਪਾਣੀ ਲਈ ਤਰਸ ਰਹੇ ਹਨ।"
ਉਨ੍ਹਾਂ ਨੇ ਅੱਗੇ ਕਿਹਾ, "11 ਸਾਲਾਂ ਤੋਂ ਦੇਸ਼ ਸਿਰਫ਼ ਲੰਮੇ-ਚੌੜੇ ਭਾਸ਼ਣ, ਝੂਠ-ਪ੍ਰਪੰਚ, ਖੋਕਲੇ ਦਾਅਵੇ ਅਤੇ ਡਬਲ ਇੰਜਣ ਦੀਆਂ ਡੀਂਗਾਂ ਹੀ ਸੁਣ ਰਹੇ ਹਾਂ। ਜਦੋਂ ਮੰਤਰੀਆਂ ਨੂੰ ਸਵਾਲ ਪੁੱਛੇ ਜਾਂਦੇ ਹਨ ਤਾਂ ਉਹ ਗਾਲੀ-ਗਲੌਚ 'ਤੇ ਉਤਰ ਆਉਂਦੇ ਹਨ। ਸੱਤਾ ਦੇ ਅਹੰਕਾਰ ਵਿੱਚ ਉਲਟਾ ਪੱਤਰਕਾਰਾਂ 'ਤੇ ਹੀ ਹਾਵੀ ਹੋ ਜਾਂਦੇ ਹਨ।"
ਖੜਗੇ ਨੇ ਕਿਹਾ, "ਜਲ ਜੀਵਨ ਮਿਸ਼ਨ ਸਮੇਤ ਹਰ ਯੋਜਨਾ ਵਿੱਚ ਭ੍ਰਿਸ਼ਟਾਚਾਰ ਅਤੇ ਧਾਂਦਲੀ ਹੈ। ਇਹ ਯਾਦ ਦਿਵਾਉਣਾ ਜ਼ਰੂਰੀ ਹੈ ਕਿ ਜਲ ਜੀਵਨ ਮਿਸ਼ਨ ਦੇ 10 ਫ਼ੀਸਦੀ ਫੰਡ ਦੂਸ਼ਿਤ ਪਾਣੀ ਨੂੰ ਸਾਫ਼ ਕਰਨ ਲਈ ਰੱਖੇ ਜਾਂਦੇ ਹਨ।"
ਉਧਰ ਰਾਹੁਲ ਗਾਂਧੀ ਨੇ ਐਕਸ 'ਤੇ ਲਿਖਿਆ, "ਇੰਦੌਰ ਵਿੱਚ ਪਾਣੀ ਨਹੀਂ, ਜ਼ਹਿਰ ਵੰਡਿਆ ਗਿਆ ਅਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਵਿੱਚ ਰਿਹਾ।"
ਰਾਹੁਲ ਗਾਂਧੀ ਨੇ ਕਿਹਾ, "ਘਰ-ਘਰ ਮਾਤਮ ਹੈ, ਗਰੀਬ ਬੇਬਸ ਹਨ ਅਤੇ ਉੱਪਰੋਂ ਭਾਜਪਾ ਆਗੂਆਂ ਦੇ ਅਹੰਕਾਰ ਭਰੇ ਬਿਆਨ। ਜਿਨ੍ਹਾਂ ਦੇ ਘਰਾਂ ਵਿੱਚ ਚੂਲ੍ਹਾ ਬੁੱਝ ਗਿਆ ਹੈ, ਉਨ੍ਹਾਂ ਨੂੰ ਸਬਰ ਦੀ ਲੋੜ ਸੀ। ਸਰਕਾਰ ਨੇ ਘਮੰਡ ਪਰੋਸ ਦਿੱਤਾ।"
ਉਨ੍ਹਾਂ ਨੇ ਸਵਾਲ ਕੀਤਾ, "ਲੋਕਾਂ ਨੇ ਵਾਰ-ਵਾਰ ਗੰਦੇ, ਬਦਬੂਦਾਰ ਪਾਣੀ ਦੀ ਸ਼ਿਕਾਇਤ ਕੀਤੀ, ਫਿਰ ਵੀ ਸੁਣਵਾਈ ਕਿਉਂ ਨਹੀਂ ਹੋਈ? ਸੀਵਰ ਪੀਣ ਵਾਲੇ ਪਾਣੀ ਵਿੱਚ ਕਿਵੇਂ ਮਿਲ ਗਿਆ? ਸਮੇਂ ਸਿਰ ਸਪਲਾਈ ਬੰਦ ਕਿਉਂ ਨਹੀਂ ਕੀਤੀ ਗਈ? ਜ਼ਿੰਮੇਵਾਰ ਅਧਿਕਾਰੀਆਂ ਅਤੇ ਨੇਤਾਵਾਂ 'ਤੇ ਕਾਰਵਾਈ ਕਦੋਂ ਹੋਵੇਗੀ?"

ਤਸਵੀਰ ਸਰੋਤ, @INCIndia
ਇਸ ਤੋਂ ਪਹਿਲਾਂ ਕਿਸ ਨੇ ਕੀ ਕਿਹਾ
ਦੂਸ਼ਿਤ ਪਾਣੀ ਨਾਲ ਬੀਮਾਰ ਹੋਏ ਕਈ ਲੋਕਾਂ ਨੂੰ ਵੱਖ-ਵੱਖ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਦਸ ਦਿਨ ਤੋਂ ਵੱਧ ਸਮਾਂ ਲੰਘ ਜਾਣ ਦੇ ਬਾਵਜੂਦ ਵੀ ਭਾਗੀਰਥਪੁਰਾ ਦੇ ਸਾਰੇ ਇਲਾਕਿਆਂ ਵਿੱਚ ਪੀਣ ਵਾਲਾ ਸਾਫ਼ ਪਾਣੀ ਨਹੀਂ ਪਹੁੰਚਿਆ ਹੈ ਅਤੇ ਨਾ ਹੀ ਇੰਦੌਰ ਨਗਰ ਨਿਗਮ ਇਹ ਪਤਾ ਲਗਾ ਸਕਿਆ ਹੈ ਕਿ ਗੰਦਾ ਪਾਣੀ ਸਪਲਾਈ ਦੇ ਪਾਣੀ ਵਿੱਚ ਕਿੱਥੋਂ ਮਿਲਿਆ।
ਇਸ ਮਾਮਲੇ 'ਤੇ ਸੂਬਾ ਸਰਕਾਰ ਵਿੱਚ ਮੰਤਰੀ ਕੈਲਾਸ਼ ਵਿਜੈਵਰਗੀਏ ਨੇ ਕਿਹਾ, "ਕਰੀਬ 1400 ਤੋਂ 1500 ਲੋਕ ਪ੍ਰਭਾਵਿਤ ਹੋਏ ਸਨ, ਜਿਨ੍ਹਾਂ ਵਿੱਚੋਂ 198 ਲੋਕ ਹਸਪਤਾਲ ਵਿੱਚ ਦਾਖ਼ਲ ਹਨ। ਹੁਣ ਦੋ ਹੋਰ ਲੋਕਾਂ ਨੂੰ ਦਾਖ਼ਲ ਕੀਤਾ ਗਿਆ ਹੈ। ਕੁਝ ਲੋਕਾਂ ਨੂੰ ਡਿਸਚਾਰਜ ਵੀ ਕੀਤਾ ਗਿਆ ਹੈ।"
ਉਨ੍ਹਾਂ ਨੇ ਕਿਹਾ, "ਸਿਹਤ ਵਿਭਾਗ, ਪ੍ਰਸ਼ਾਸਨ ਅਤੇ ਨਗਰ ਨਿਗਮ ਦਾ ਪੂਰਾ ਅਮਲਾ ਲੱਗਿਆ ਹੋਇਆ ਹੈ। ਛੋਟੀ ਤੋਂ ਛੋਟੀ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਰ ਵਿਅਕਤੀ ਦੀ ਹਾਲਤ ਦੀ ਨਿਗਰਾਨੀ ਕੀਤੀ ਜਾ ਰਹੀ ਹੈ।"
ਮੌਤਾਂ ਦੇ ਅੰਕੜਿਆਂ ਬਾਰੇ ਕੈਲਾਸ਼ ਵਿਜੈਵਰਗੀਏ ਨੇ ਕਿਹਾ, "ਮੇਰੇ ਕੋਲ ਸਰਕਾਰੀ ਅੰਕੜਾ ਚਾਰ ਮੌਤਾਂ ਦਾ ਹੈ, ਪਰ ਇੱਥੇ ਦੌਰੇ ਦੌਰਾਨ 8–9 ਮੌਤਾਂ ਦੀ ਜਾਣਕਾਰੀ ਮਿਲੀ ਹੈ।"
ਜਦੋਂ ਕੈਲਾਸ਼ ਵਿਜੈਵਰਗੀਏ ਭਾਗੀਰਥਪੁਰਾ ਪਹੁੰਚੇ ਤਾਂ ਉਨ੍ਹਾਂ ਨੂੰ ਸਥਾਨਕ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ।
ਉਹ ਮੋਟਰਸਾਈਕਲ 'ਤੇ ਹਾਲਾਤ ਦਾ ਜਾਇਜ਼ਾ ਲੈਣ ਪਹੁੰਚੇ। ਲੋਕਾਂ ਨੇ ਇਲਾਕੇ ਦੇ ਖ਼ਰਾਬ ਹਾਲਾਤਾਂ ਨੂੰ ਲੈ ਕੇ ਉਨ੍ਹਾਂ ਨੂੰ ਸਵਾਲ ਕੀਤੇ, ਪਰ ਉਹ ਉੱਥੇ ਨਹੀਂ ਰੁਕੇ ਅਤੇ ਮੋਟਰਸਾਈਕਲ ਰਾਹੀਂ ਅੱਗੇ ਵਧ ਗਏ।
ਇੱਕ ਸਥਾਨਕ ਔਰਤ ਨੇ ਕਿਹਾ, "ਡ੍ਰੇਨੇਜ ਲਾਈਨ 'ਤੇ ਕੋਈ ਧਿਆਨ ਨਹੀਂ ਦੇ ਰਿਹਾ ਹੈ। ਇਸਨੂੰ ਪੀਣ ਵਾਲੇ ਪਾਣੀ ਦੀ ਲਾਈਨ ਨਾਲ ਜੋੜਿਆ ਜਾ ਰਿਹਾ ਹੈ, ਪਰ ਦੇਖਣ ਵਾਲਾ ਕੋਈ ਨਹੀਂ। ਪਿਛਲੇ ਡੇਢ ਸਾਲ ਤੋਂ ਅਸੀਂ ਪਰੇਸ਼ਾਨ ਹਾਂ। ਸ਼ਿਕਾਇਤ ਕਰਨ 'ਤੇ ਵੀ ਕੋਈ ਸੁਣਵਾਈ ਨਹੀਂ ਹੁੰਦੀ।"
ਉਸ ਔਰਤ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿੱਚ 10–12 ਲੋਕ ਬੀਮਾਰ ਹੋਏ ਹਨ।
ਪੀੜਤਾਂ ਨੇ ਕੀ ਦੱਸਿਆ?

ਤਸਵੀਰ ਸਰੋਤ, ANI
ਦੂਸ਼ਿਤ ਪਾਣੀ ਕਾਰਨ ਮਾਰੇ ਗਏ ਪੰਜ ਮਹੀਨੇ ਦੇ ਅਵਿਆਨ ਸਾਹੂ ਦੇ ਪਿਤਾ ਸੁਨੀਲ ਸਾਹੂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਮਾਤਾ-ਪਿਤਾ, ਪਤਨੀ ਅਤੇ ਦਸ ਸਾਲ ਦੀ ਧੀ ਹੈ।
ਸੁਨੀਲ ਸਾਹੂ ਕੂਰੀਅਰ ਦਾ ਕੰਮ ਕਰਦੇ ਹਨ। ਪੰਜ ਮਹੀਨੇ ਪਹਿਲਾਂ ਹੀ ਉਨ੍ਹਾਂ ਦੇ ਘਰ ਅਵਿਆਨ ਦਾ ਜਨਮ ਹੋਇਆ ਸੀ।
ਉਨ੍ਹਾਂ ਨੇ ਕਿਹਾ, "ਮਾਂ ਦੇ ਦੁੱਧ ਤੋਂ ਇਲਾਵਾ ਬੱਚੇ ਨੂੰ ਬਾਹਰਲੇ ਦੁੱਧ ਵਿੱਚ ਪਾਣੀ ਮਿਲਾ ਕੇ ਦਿੱਤਾ ਜਾਂਦਾ ਸੀ। ਇਹ ਪਤਾ ਨਹੀਂ ਸੀ ਕਿ ਨਰਮਦਾ ਦਾ ਪਾਣੀ ਦੂਸ਼ਿਤ ਹੈ। ਜਦੋਂ ਬਾਹਰਲੇ ਲੋਕਾਂ ਨੇ ਦੱਸਿਆ ਕਿ ਕਈ ਬੱਚੇ ਬੀਮਾਰ ਹਨ, ਉਦੋਂ ਪਤਾ ਲੱਗਿਆ ਕਿ ਨਰਮਦਾ ਦਾ ਪਾਣੀ ਦੂਸ਼ਿਤ ਹੈ।"
ਉਨ੍ਹਾਂ ਨੇ ਦੱਸਿਆ, "26 ਦਸੰਬਰ ਨੂੰ ਅਚਾਨਕ ਬੱਚੇ ਨੂੰ ਦਸਤ ਦੀ ਸ਼ਿਕਾਇਤ ਹੋਈ। ਇਸ ਤੋਂ ਬਾਅਦ ਉਸੇ ਮੁਹੱਲੇ ਦੇ ਇੱਕ ਡਾਕਟਰ ਨੂੰ ਦਿਖਾਇਆ ਗਿਆ, ਪਰ ਦਵਾਈ ਦੇਣ ਤੋਂ ਬਾਵਜੂਦ ਵੀ ਕੋਈ ਅਸਰ ਨਹੀਂ ਪਿਆ। ਲਗਾਤਾਰ ਦਸਤ ਹੋਣ ਕਾਰਨ 29 ਦਸੰਬਰ ਦੀ ਸ਼ਾਮ ਨੂੰ ਜਦੋਂ ਉਸ ਦੀ ਹਾਲਤ ਖ਼ਰਾਬ ਹੋ ਗਈ ਤਾਂ ਉਸ ਨੂੰ ਡਾਕਟਰ ਕੋਲ ਲੈ ਕੇ ਗਏ। ਉੱਥੇ ਡਾਕਟਰ ਨੇ ਜਾਂਚ ਕਰਕੇ ਦੱਸਿਆ ਕਿ ਹੁਣ ਦੇਰ ਹੋ ਚੁੱਕੀ ਹੈ। ਅਵਿਆਨ ਦੀ ਮੌਤ ਹੋ ਗਈ ਹੈ।"
ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਕੋਈ ਵੀ ਹਾਲ-ਚਾਲ ਪੁੱਛਣ ਨਹੀਂ ਆਇਆ। ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਕਿਸੇ ਹੋਰ ਨਾਲ ਅਜਿਹਾ ਨਾ ਹੋਵੇ। ਜੋ ਵੀ ਮੁਲਜ਼ਮ ਹਨ, ਉਨ੍ਹਾਂ 'ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਟੇਲਰਿੰਗ ਦਾ ਕੰਮ ਕਰਨ ਵਾਲੇ ਸੰਜੇ ਯਾਦਵ ਨੇ ਦੱਸਿਆ, "ਦੂਸ਼ਿਤ ਪਾਣੀ ਪੀਣ ਕਾਰਨ ਮੇਰੀ 69 ਸਾਲਾ ਮਾਂ ਨੂੰ 26 ਦਸੰਬਰ ਦੀ ਸ਼ਾਮ ਤੋਂ ਉਲਟੀ-ਦਸਤ ਸ਼ੁਰੂ ਹੋ ਗਏ। ਉਨ੍ਹਾਂ ਨੂੰ ਦਵਾਈ ਦਿੱਤੀ ਗਈ, ਪਰ ਜਦੋਂ ਕੋਈ ਫ਼ਰਕ ਨਹੀਂ ਪਿਆ ਤਾਂ ਹਸਪਤਾਲ ਵਿੱਚ ਇਲਾਜ ਕਰਵਾਇਆ ਗਿਆ। ਪਰ 22 ਘੰਟਿਆਂ ਦੇ ਇਲਾਜ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ।"
ਸੰਜੇ ਯਾਦਵ ਨੇ ਦੱਸਿਆ ਕਿ ਉਨ੍ਹਾਂ ਦਾ 11 ਮਹੀਨੇ ਦਾ ਬੱਚਾ ਅਜੇ ਵੀ ਹਸਪਤਾਲ ਵਿੱਚ ਦਾਖ਼ਲ ਹੈ। ਉਸ ਦੀ ਹਾਲਤ ਕੁਝ ਸੁਧਰੀ ਹੈ, ਪਰ ਦਸਤ ਅਜੇ ਵੀ ਹੋ ਰਹੇ ਹਨ। ਉਨ੍ਹਾਂ ਦਾ ਗੁਆਂਢੀ ਵੀ ਬੀਮਾਰ ਹੈ।
ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਪ੍ਰਸ਼ਾਸਨ ਵੱਲੋਂ ਕੋਈ ਵੀ ਵਿਅਕਤੀ ਹਾਲਾਤ ਦੀ ਜਾਂਚ ਕਰਨ ਨਹੀਂ ਆਇਆ। ਪਾਣੀ ਅਜੇ ਤੱਕ ਖ਼ਰਾਬ ਆ ਰਿਹਾ ਹੈ।

ਤਸਵੀਰ ਸਰੋਤ, SAMMER KHAN
ਭਾਗੀਰਥਪੁਰਾ ਵਿੱਚ ਹੀ ਰਹਿਣ ਵਾਲੇ ਰੇਲਵੇ ਤੋਂ ਰਿਟਾਇਰਡ 76 ਸਾਲਾ ਨੰਦਲਾਲ ਪਾਲ ਦੀ ਧੀ ਸੁਧਾ ਪਾਲ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੂੰ ਦੋ-ਤਿੰਨ ਦਿਨਾਂ ਤੋਂ ਉਲਟੀ-ਦਸਤ ਹੋ ਰਹੇ ਸਨ। ਉਨ੍ਹਾਂ ਨੂੰ ਵਰਮਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਪਰ ਉਨ੍ਹਾਂ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਆਇਆ।
ਸੁਧਾ ਪਾਲ ਨੇ ਦੱਸਿਆ ਕਿ ਲਾਗ ਕਾਰਨ 30 ਦਸੰਬਰ ਨੂੰ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ।
ਸੁਧਾ ਪਾਲ ਨੇ ਦੱਸਿਆ ਕਿ ਹੁਣ ਵੀ ਘਰ ਵਿੱਚ ਦੂਸ਼ਿਤ ਪਾਣੀ ਆ ਰਿਹਾ ਹੈ। ਵੇਖਣ ਵਿੱਚ ਪਾਣੀ ਖ਼ਰਾਬ ਨਹੀਂ ਲੱਗਦਾ, ਪਰ ਇਸ ਵਿੱਚੋਂ ਬਦਬੂ ਆ ਰਹੀ ਹੈ।
50 ਸਾਲਾ ਸੀਮਾ ਪ੍ਰਜਾਪਤ ਦੀ ਵੀ ਦੂਸ਼ਿਤ ਪਾਣੀ ਪੀਣ ਕਾਰਨ 29 ਦਸੰਬਰ ਨੂੰ ਮੌਤ ਹੋ ਗਈ ਸੀ।
ਉਨ੍ਹਾਂ ਦੇ ਪੁੱਤਰ ਅਰੁਣ ਪ੍ਰਜਾਪਤ ਨੇ ਦੱਸਿਆ, "28 ਦਸੰਬਰ ਦੀ ਰਾਤ ਮਾਂ ਨੇ ਪਰਿਵਾਰ ਨਾਲ ਖਾਣਾ ਖਾਧਾ ਸੀ, ਪਰ 29 ਦਸੰਬਰ ਦੀ ਸਵੇਰ ਉਨ੍ਹਾਂ ਦੀ ਤਬੀਅਤ ਖ਼ਰਾਬ ਹੋ ਗਈ। ਉਨ੍ਹਾਂ ਨੂੰ ਉਲਟੀ-ਦਸਤ ਹੋਣ ਲੱਗੇ।"
ਅਰੁਣ ਪ੍ਰਜਾਪਤ ਉਨ੍ਹਾਂ ਨੂੰ ਹਸਪਤਾਲ ਲੈ ਕੇ ਜਾ ਰਹੇ ਸਨ, ਪਰ ਰਸਤੇ ਵਿੱਚ ਹੀ ਉਨ੍ਹਾਂ ਦੀ ਮੌਤ ਹੋ ਗਈ।
ਉਨ੍ਹਾਂ ਨੇ ਕਿਹਾ, "ਪਾਣੀ ਕੌੜਾ ਤਾਂ ਸੀ, ਪਰ ਪਤਾ ਨਹੀਂ ਸੀ ਕਿ ਜਾਨਲੇਵਾ ਹੈ। ਹੁਣ ਅਸੀਂ ਪਾਣੀ ਉਬਾਲ ਕੇ ਪੀ ਰਹੇ ਹਾਂ। ਮੇਰੀ ਆਪਣੀ ਤਬੀਅਤ ਵੀ ਖ਼ਰਾਬ ਹੋ ਰਹੀ ਹੈ। ਗੁਆਂਢ ਵਿੱਚ ਵੀ ਇੱਕ ਕੁੜੀ ਬੀਮਾਰ ਹੋਈ ਹੈ। ਲੋਕ ਬੀਮਾਰ ਹਨ, ਪਰ ਇੱਥੇ ਪਾਣੀ ਦੀ ਕੋਈ ਵਿਵਸਥਾ ਨਹੀਂ ਹੈ।"
"ਉਹੀ ਪਾਣੀ ਪੀਣਾ ਪੈ ਰਿਹਾ ਹੈ। ਹੁਣ ਤੱਕ ਸਾਡੀ ਗਲੀ ਵਿੱਚ ਤਾਂ ਕੋਈ ਨਹੀਂ ਆਇਆ। ਸਿਰਫ਼ ਕੌਂਸਲਰ ਆਏ ਸਨ। ਉਨ੍ਹਾਂ ਨੂੰ ਦੱਸਿਆ ਕਿ ਪਾਣੀ ਦੀ ਸਮੱਸਿਆ ਹੈ, ਗੰਦਾ ਪਾਣੀ ਆ ਰਿਹਾ ਹੈ, ਪਰ ਉਹ ਮੁੜ ਕੇ ਨਹੀਂ ਆਏ।"
ਕੈਲਾਸ਼ ਵਿਜੈਵਰਗੀਏ ਨੇ ਮੰਨੀ ਗ਼ਲਤੀ
ਇੰਦੌਰ ਵਿੱਚ ਦੂਸ਼ਿਤ ਪਾਣੀ ਨਾਲ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਮੰਤਰੀ ਕੈਲਾਸ਼ ਵਿਜੈਵਰਗੀਏ ਨੇ ਮੰਨਿਆ ਹੈ ਕਿ ਗ਼ਲਤੀ ਹੋਈ ਹੈ।
ਇੰਦੌਰ ਦੇ ਜਿਸ ਇਲਾਕੇ ਵਿੱਚ ਦੂਸ਼ਿਤ ਪਾਣੀ ਕਾਰਨ ਹਾਹਾਕਾਰ ਮਚਿਆ ਹੋਇਆ ਹੈ, ਉਹ ਭਾਗੀਰਥਪੁਰਾ ਖੇਤਰ ਇੰਦੌਰ ਵਿਧਾਨ ਸਭਾ ਹਲਕੇ ਵਿੱਚ ਆਉਂਦਾ ਹੈ। ਇੱਥੋਂ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਕੈਲਾਸ਼ ਵਿਜੈਵਰਗੀਏ ਹਨ।
ਮੱਧ ਪ੍ਰਦੇਸ਼ ਦੇ ਨਗਰ ਪ੍ਰਸ਼ਾਸਨ ਮੰਤਰੀ ਕੈਲਾਸ਼ ਵਿਜੈਵਰਗੀਏ ਦੇ ਅਧੀਨ ਹੀ ਇੰਦੌਰ ਨਗਰ ਨਿਗਮ ਆਉਂਦਾ ਹੈ। ਪਾਣੀ ਦੀ ਸਪਲਾਈ ਦੀ ਜ਼ਿੰਮੇਵਾਰੀ ਨਗਰ ਨਿਗਮ ਦੀ ਹੈ।
ਵਿਜੈਵਰਗੀਏ ਨੇ ਬੀਬੀਸੀ ਨੂੰ ਕਿਹਾ, "ਇਹ ਘਟਨਾ ਦੁੱਖਦਾਈ ਹੈ। ਇਹ ਨਗਰ ਨਿਗਮ ਦੇ ਜ਼ੋਨ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਗ਼ਲਤੀ ਕਾਰਨ ਹੋਈ ਹੈ। ਜਦੋਂ ਦੂਸ਼ਿਤ ਪਾਣੀ ਦੀ ਸਪਲਾਈ ਬਾਰੇ ਪਤਾ ਲੱਗਿਆ ਸੀ, ਤਾਂ ਕਰਮਚਾਰੀਆਂ ਨੂੰ ਐਲਾਨ ਕਰਨਾ ਚਾਹੀਦਾ ਸੀ ਕਿ ਲੋਕ ਇਹ ਪਾਣੀ ਨਾ ਵਰਤਣ।"
"ਪਾਣੀ ਦੇ ਟੈਂਕਰ ਲਗਾਉਣੇ ਚਾਹੀਦੇ ਸਨ। ਗ਼ਲਤੀ ਉਨ੍ਹਾਂ ਦੀ ਸੀ, ਇਸ ਲਈ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਨੇ ਇੱਕ ਜਾਂਚ ਕਮੇਟੀ ਬਣਾਈ ਹੈ। ਜਿਸ ਨੇ ਵੀ ਲਾਪਰਵਾਹੀ ਕੀਤੀ ਹੈ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।"

ਤਸਵੀਰ ਸਰੋਤ, SAMEER KHAN
ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ।
ਇਸੇ ਇਲਾਕੇ ਵਿੱਚ ਰਹਿਣ ਵਾਲੀ ਸਪਨਾ ਪਾਲ ਨੇ ਦੱਸਿਆ ਕਿ ਅਜੇ ਤੱਕ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਨਿਕਲਿਆ।
ਸਿਰਫ਼ ਓਆਰਐੱਸ ਵੰਡਿਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਗਲੀ ਵਿੱਚ ਵੀ ਇੱਕ ਵਿਅਕਤੀ ਦੀ ਡਾਇਰੀਆ ਨਾਲ ਮੌਤ ਹੋਈ ਹੈ। ਹੁਣ ਵੀ ਲੋਕ ਹਸਪਤਾਲਾਂ ਵਿੱਚ ਦਾਖ਼ਲ ਹੋ ਰਹੇ ਹਨ।
ਕਾਂਗਰਸ ਨੇ ਵੀ ਬਣਾਈ ਜਾਂਚ ਕਮੇਟੀ

ਤਸਵੀਰ ਸਰੋਤ, SAMEER KHAN
ਮੱਧ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਜੀਤੂ ਪਟਵਾਰੀ ਨੇ ਵੀ ਇੰਦੌਰ ਦੇ ਦੂਸ਼ਿਤ ਪਾਣੀ ਮਾਮਲੇ ਵਿੱਚ ਹਸਪਤਾਲ ਪਹੁੰਚ ਕੇ ਬੀਮਾਰਾਂ ਨਾਲ ਮੁਲਾਕਾਤ ਕੀਤੀ।
ਉਨ੍ਹਾਂ ਨੇ ਕਿਹਾ ਕਿ ਇੰਦੌਰ ਜ਼ਹਿਰੀਲਾ ਪਾਣੀ ਪੀ ਰਿਹਾ ਹੈ।
ਮੱਧ ਪ੍ਰਦੇਸ਼ ਕਾਂਗਰਸ ਕਮੇਟੀ ਨੇ ਵੀ ਇਸ ਮਾਮਲੇ ਵਿੱਚ ਇੱਕ ਜਾਂਚ ਕਮੇਟੀ ਬਣਾਈ ਹੈ, ਜਿਸ ਵਿੱਚ ਸਾਬਕਾ ਮੰਤਰੀਆਂ ਸਮੇਤ ਵਿਧਾਇਕਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਇਸ ਵਿਚਾਲੇ, ਮੁੱਖ ਮੰਤਰੀ ਮੋਹਨ ਯਾਦਵ ਨੇ 31 ਦਸੰਬਰ ਨੂੰ ਉਨ੍ਹਾਂ ਹਸਪਤਾਲਾਂ ਦਾ ਦੌਰਾ ਕੀਤਾ, ਜਿੱਥੇ ਦੂਸ਼ਿਤ ਪਾਣੀ ਪੀਣ ਕਾਰਨ ਭਾਗੀਰਥਪੁਰਾ ਦੇ ਲੋਕ ਦਾਖ਼ਲ ਹਨ।
ਉਨ੍ਹਾਂ ਨੇ ਕਿਹਾ ਕਿ ਭਾਗੀਰਥਪੁਰਾ ਵਿੱਚ ਦੂਸ਼ਿਤ ਪਾਣੀ ਨਾਲ ਜੁੜੇ ਮਾਮਲੇ ਵਿੱਚ 40 ਹਜ਼ਾਰ ਤੋਂ ਵੱਧ ਲੋਕਾਂ ਦੀ ਸਕ੍ਰੀਨਿੰਗ ਕੀਤੀ ਗਈ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












