ਧਰਮਸ਼ਾਲਾ ਵਿੱਚ ਦਲਿਤ ਵਿਦਿਆਰਥਣ ਦੀ ਮੌਤ ਦਾ ਮਾਮਲਾ, ਰੈਗਿੰਗ ਅਤੇ ਜਿਨਸੀ ਸ਼ੋਸ਼ਣ ਦੇ ਲੱਗ ਰਹੇ ਹਨ ਇਲਜ਼ਾਮ

ਤਸਵੀਰ ਸਰੋਤ, SAURABH CHAUHAN
- ਲੇਖਕ, ਸੌਰਭ ਚੌਹਾਨ
- ਰੋਲ, ਬੀਬੀਸੀ ਸਹਿਯੋਗੀ
ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਸਥਿਤ ਇੱਕ ਸਰਕਾਰੀ ਕਾਲਜ ਦੀ 19 ਸਾਲਾ ਦਲਿਤ ਵਿਦਿਆਰਥਣ ਦੀ ਮੌਤ ਨੇ ਉੱਚ ਸਿੱਖਿਆ ਸੰਸਥਾਵਾਂ ਅਤੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।
ਵਿਦਿਆਰਥਣ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਸਬੰਧਤ ਕਾਲਜ ਦੀਆਂ ਤਿੰਨ ਵਿਦਿਆਰਥਣਾਂ ਅਤੇ ਇੱਕ ਪ੍ਰੋਫੈਸਰ 'ਤੇ ਤੰਗ ਪਰੇਸ਼ਾਨ ਕਰਨ, ਰੈਗਿੰਗ ਅਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਹਨ।
ਉੱਧਰ, ਪੁਲਿਸ ਅਤੇ ਕਾਲਜ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਬਾਰੇ ਪਹਿਲਾਂ ਕੋਈ ਵੀ ਰਸਮੀਂ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਸੀ।
ਇਸ ਮਾਮਲੇ ਨੂੰ ਲੈ ਕੇ ਵਿਰੋਧੀ ਧਿਰ ਨੇ ਵੀ ਸੂਬਾ ਸਰਕਾਰ ਅਤੇ ਪੁਲਿਸ ਦੀ ਭੂਮਿਕਾ 'ਤੇ ਸਵਾਲ ਚੁੱਕੇ ਹਨ।
ਉੱਧਰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਹੈ ਕਿ ਰੈਗਿੰਗ ਅਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਪ੍ਰੋਫੈਸਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਜਾਵੇਗਾ।
ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਹੈ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਸਮੇਂ ਵਿੱਚ ਗੰਭੀਰਤਾ ਨਹੀਂ ਦਿਖਾਈ।
ਸੂਬੇ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ, "ਪ੍ਰੋਫੈਸਰ ਨੂੰ ਤੁਰੰਤ ਸਸਪੈਂਡ ਕੀਤਾ ਜਾਵੇਗਾ ਅਤੇ ਇਸ ਮਾਮਲੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।"
ਇਸ ਦਰਮਿਆਨ, ਰਾਜ ਮਹਿਲਾ ਕਮਿਸ਼ਨ ਨੇ ਵੀ ਇਸ ਮਾਮਲੇ ਦਾ ਨੋਟਿਸ ਲਿਆ ਹੈ।
ਕੀ ਹੈ ਪੂਰਾ ਮਾਮਲਾ?

ਤਸਵੀਰ ਸਰੋਤ, @jairamthakurbjp
ਧਰਮਸ਼ਾਲਾ ਦੀ ਰਹਿਣ ਵਾਲੀ 19 ਸਾਲਾ ਇੱਕ ਦਲਿਤ ਵਿਦਿਆਰਥਣ ਦੀ 26 ਦਸੰਬਰ 2025 ਨੂੰ ਮੌਤ ਹੋ ਗਈ ਸੀ। ਪਰਿਵਾਰਕ ਮੈਂਬਰਾਂ ਮੁਤਾਬਕ, ਉਹ ਪਿਛਲੇ ਲਗਭਗ ਦੋ ਮਹੀਨਿਆਂ ਤੋਂ ਗੰਭੀਰ ਮਾਨਸਿਕ ਤਣਾਅ ਅਤੇ ਡਿਪ੍ਰੈਸ਼ਨ ਵਿੱਚ ਸੀ ਅਤੇ ਇਸ ਦੌਰਾਨ ਵੱਖ-ਵੱਖ ਹਸਪਤਾਲਾਂ ਵਿੱਚ ਉਸ ਦਾ ਇਲਾਜ ਵੀ ਚੱਲਦਾ ਰਿਹਾ।
ਵਿਦਿਆਰਥਣ ਦੇ ਪਿਤਾ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੀ ਧੀ ਕਾਲਜ ਵਿੱਚ ਪੜ੍ਹਾਈ ਦੌਰਾਨ ਪਰੇਸ਼ਾਨੀ ਦਾ ਸ਼ਿਕਾਰ ਹੋਈ ਸੀ।
ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਕਾਲਜ ਦੀਆਂ ਤਿੰਨ ਵਿਦਿਆਰਥਣਾਂ ਅਤੇ ਇੱਕ ਪ੍ਰੋਫੈਸਰ ਨੇ ਉਨ੍ਹਾਂ ਦੀ ਧੀ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਪਰੇਸ਼ਾਨ ਕੀਤਾ, ਜਿਸ ਕਾਰਨ ਉਸ ਦੀ ਹਾਲਤ ਖ਼ਰਾਬ ਹੁੰਦੀ ਚਲੀ ਗਈ।
ਪਿਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਧਰਮਸ਼ਾਲਾ ਪੁਲਿਸ ਨੇ ਜਿਨਸੀ ਸ਼ੋਸ਼ਣ ਅਤੇ ਜਾਣਬੁੱਝ ਕੇ ਸੱਟ ਪਹੁੰਚਾਉਣ ਨਾਲ ਜੁੜੀਆਂ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀਆਂ ਧਾਰਾਵਾਂ 75, 115(2), 3(5) ਅਤੇ ਹਿਮਾਚਲ ਪ੍ਰਦੇਸ਼ ਸ਼ੈਖਸ਼ਿਕ ਸੰਸਥਾਨ (ਰੈਗਿੰਗ ਮਨਾਹੀ) ਕਾਨੂੰਨ, 2009 ਦੀ ਧਾਰਾ 3 ਤਹਿਤ ਮਾਮਲਾ ਦਰਜ ਕੀਤਾ ਹੈ।
ਬੀਬੀਸੀ ਨਾਲ ਗੱਲਬਾਤ ਦੌਰਾਨ ਵਿਦਿਆਰਥਣ ਦੇ ਪਿਤਾ ਨੇ ਇਲਜ਼ਾਮ ਲਗਾਇਆ,"ਮੇਰੀ ਧੀ ਪੜ੍ਹਾਈ ਵਿੱਚ ਠੀਕ ਸੀ, ਪਰ ਕਾਲਜ ਵਿੱਚ ਕੁਝ ਕੁੜੀਆਂ ਅਤੇ ਇੱਕ ਪ੍ਰੋਫੈਸਰ ਕਾਰਨ ਉਹ ਲਗਾਤਾਰ ਡਰ ਅਤੇ ਤਣਾਅ ਵਿੱਚ ਰਹਿਣ ਲੱਗੀ ਸੀ।"
"ਉਸ ਨੇ ਸਾਨੂੰ ਦੱਸਿਆ ਸੀ ਕਿ ਉਸ ਨੂੰ ਧਮਕਾਇਆ ਗਿਆ, ਮਾਰਿਆ ਗਿਆ ਅਤੇ ਮਾਨਸਿਕ ਤੌਰ 'ਤੇ ਤੋੜਿਆ ਗਿਆ। ਇਸੀ ਕਾਰਨ ਉਹ ਡਿਪ੍ਰੈਸ਼ਨ ਵਿੱਚ ਚਲੀ ਗਈ।"
ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਈ ਵਾਰ ਇਸ ਬਾਰੇ ਆਵਾਜ਼ ਚੁੱਕਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕਿਸ ਪੱਧਰ 'ਤੇ ਸ਼ਿਕਾਇਤ ਦਰਜ ਕਰਵਾਈ ਜਾਵੇ।"
ਉਨ੍ਹਾਂ ਨੇ ਕਿਹਾ, "ਅਸੀਂ ਆਮ ਲੋਕ ਹਾਂ। ਸਾਨੂੰ ਲੱਗਿਆ ਸੀ ਕਿ ਕਾਲਜ ਅਤੇ ਪੁਲਿਸ ਪ੍ਰਸ਼ਾਸਨ ਖ਼ੁਦ ਕਾਰਵਾਈ ਕਰੇਗਾ, ਪਰ ਅਜਿਹਾ ਨਹੀਂ ਹੋਇਆ।"
ਪੁਲਿਸ 'ਤੇ ਲਾਪਰਵਾਹੀ ਦੇ ਇਲਜ਼ਾਮ

ਤਸਵੀਰ ਸਰੋਤ, ANI
ਇਸ ਮਾਮਲੇ ਨੂੰ ਲੈ ਕੇ ਵਿਰੋਧੀ ਧਿਰ ਨੇ ਵੀ ਸੂਬਾ ਸਰਕਾਰ ਅਤੇ ਪੁਲਿਸ ਦੀ ਭੂਮਿਕਾ 'ਤੇ ਸਵਾਲ ਚੁੱਕੇ ਹਨ।
ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ, "ਪੁਲਿਸ ਨੇ ਇਸ ਮਾਮਲੇ ਵਿੱਚ ਸਮੇਂ 'ਤੇ ਗੰਭੀਰਤਾ ਨਹੀਂ ਦਿਖਾਈ। ਜੇ ਸ਼ੁਰੂਆਤੀ ਪੱਧਰ 'ਤੇ ਹੀ ਸਹੀ ਜਾਂਚ ਹੁੰਦੀ, ਤਾਂ ਸ਼ਾਇਦ ਹਾਲਾਤ ਇੰਨੇ ਗੰਭੀਰ ਨਾ ਹੁੰਦੇ।"
ਉੱਧਰ, ਹਿਮਾਚਲ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵਿਨੈ ਕੁਮਾਰ ਨੇ ਇਸ ਘਟਨਾ ਨੂੰ ਬੇਹੱਦ ਦੁਖਦਾਈ ਅਤੇ ਗੰਭੀਰ ਦੱਸਦਿਆਂ ਕਿਹਾ ਕਿ ਪੂਰੇ ਮਾਮਲੇ ਦੀ ਨਿਰਪੱਖ ਅਤੇ ਡੂੰਘੀ ਜਾਂਚ ਹੋਣੀ ਚਾਹੀਦੀ ਹੈ ਅਤੇ ਜੋ ਵੀ ਮੁਲਜ਼ਮ ਪਾਏ ਜਾਣ, ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਕਾਂਗੜਾ ਜ਼ਿਲ੍ਹੇ ਦੇ ਏਐੱਸਪੀ ਵੀਰ ਬਹਾਦੁਰ ਨੇ ਕਿਹਾ ਕਿ ਪੁਲਿਸ ਨੇ ਆਪਣੇ ਪੱਧਰ 'ਤੇ ਜਾਂਚ ਕੀਤੀ ਸੀ।
ਉਨ੍ਹਾਂ ਮੁਤਾਬਕ, "ਜਾਂਚ ਅਧਿਕਾਰੀ ਨੇ ਕਾਲਜ ਜਾ ਕੇ ਸਬੰਧਤ ਪ੍ਰੋਫੈਸਰ ਅਤੇ ਵਿਦਿਆਰਥਣਾਂ ਦੇ ਬਿਆਨ ਦਰਜ ਕੀਤੇ ਸਨ। ਉਸ ਸਮੇਂ ਜਾਂਚ ਵਿੱਚ ਕੋਈ ਠੋਸ ਤੱਥ ਸਾਹਮਣੇ ਨਹੀਂ ਆਇਆ ਸੀ।"
ਕਾਲਜ ਵਿਦਿਆਰਥਣ ਦੀ ਮੌਤ 'ਤੇ ਹਿਮਾਚਲ ਪ੍ਰਦੇਸ਼ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਿਦਿਆ ਨੇਗੀ ਨੇ ਕਿਹਾ, "ਅਸੀਂ ਇਸ ਮਾਮਲੇ ਦਾ ਨੋਟਿਸ ਲਿਆ ਹੈ। ਅਸੀਂ ਐੱਸਪੀ ਨੂੰ ਬੁਲਾਇਆ ਹੈ ਅਤੇ ਲਿਖਤੀ ਰਿਪੋਰਟ ਵੀ ਮੰਗੀ ਹੈ।"
"ਅਸੀਂ ਉਨ੍ਹਾਂ ਨੂੰ ਮਾਮਲੇ ਦੇ ਹਰ ਪੱਖ ਦੀ ਜਾਂਚ ਕਰਨ ਲਈ ਕਿਹਾ ਹੈ। ਜੇ ਕੋਈ ਮੁਲਜ਼ਮ ਪਾਇਆ ਜਾਂਦਾ ਹੈ, ਤਾਂ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਪੂਰੀ ਜਾਂਚ ਹੋਣੀ ਚਾਹੀਦੀ ਹੈ। ਸੂਬਾ ਸਰਕਾਰ ਵੀ ਅਜਿਹੀਆਂ ਘਟਨਾਵਾਂ ਨੂੰ ਲੈ ਕੇ ਸੰਵੇਦਨਸ਼ੀਲ ਹੈ।"
ਸ਼ਿਕਾਇਤ ਕਦੋਂ ਅਤੇ ਕਿਵੇਂ ਸਾਹਮਣੇ ਆਈ?

ਤਸਵੀਰ ਸਰੋਤ, ANI
ਕਾਂਗੜਾ ਦੇ ਐੱਸਪੀ ਅਸ਼ੋਕ ਰਤਨ ਨੇ ਬੀਬੀਸੀ ਨੂੰ ਦੱਸਿਆ, "ਇਸ ਮਾਮਲੇ ਵਿੱਚ ਰਸਮੀ ਸ਼ਿਕਾਇਤ 20 ਦਸੰਬਰ ਨੂੰ ਮੁੱਖ ਮੰਤਰੀ ਹੈਲਪਲਾਈਨ ਰਾਹੀਂ ਦਰਜ ਕਰਵਾਈ ਗਈ ਸੀ।"
"ਸਾਨੂੰ 20 ਦਸੰਬਰ ਨੂੰ ਸੀਐੱਮ ਹੈਲਪਲਾਈਨ 'ਤੇ ਸ਼ਿਕਾਇਤ ਮਿਲੀ ਸੀ। ਉਸ ਸ਼ਿਕਾਇਤ ਵਿੱਚ ਜਿਨਸੀ ਸ਼ੋਸ਼ਣ ਜਾਂ ਕਿਸੇ ਪ੍ਰੋਫੈਸਰ ਦਾ ਨਾਮ ਨਹੀਂ ਸੀ। ਉਸੇ ਦੇ ਆਧਾਰ 'ਤੇ ਸ਼ੁਰੂਆਤੀ ਜਾਂਚ ਕੀਤੀ ਗਈ। ਹੁਣ ਜੋ ਨਵੇਂ ਇਲਜ਼ਾਮ ਸਾਹਮਣੇ ਆਏ ਹਨ, ਉਨ੍ਹਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।"
ਉਨ੍ਹਾਂ ਨੇ ਇਹ ਵੀ ਕਿਹਾ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਵੀਡੀਓਜ਼ ਅਤੇ ਦਾਆਵਿਆਂ ਦੀ ਸੱਚਾਈ ਦੀ ਜਾਂਚ ਕੀਤੀ ਜਾਵੇਗੀ।
"ਅਸੀਂ ਕਿਸੇ ਵੀ ਨਤੀਜੇ 'ਤੇ ਪਹੁੰਚਣ ਤੋਂ ਪਹਿਲਾਂ ਹਰ ਪੱਖ ਦੀ ਤਸਦੀਕ ਕਰਾਂਗੇ।"
ਵਿਦਿਆਰਥਣ ਦੀ ਮੌਤ ਤੋਂ ਬਾਅਦ ਦੋ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਵੇਂ ਵੀਡੀਓਜ਼ ਵਿਦਿਆਰਥਣ ਦੀਆਂ ਹਨ। ਇਨ੍ਹਾਂ ਵੀਡੀਓਜ਼ ਵਿੱਚ ਦੋ ਵੱਖ-ਵੱਖ ਬਿਆਨ ਹਨ।
ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਵੀਡੀਓਜ਼ ਦੀ ਫੋਰੈਂਸਿਕ ਅਤੇ ਕਾਨੂੰਨੀ ਜਾਂਚ ਕੀਤੀ ਜਾਵੇਗੀ। ਜੇ ਇਹ ਵੀਡੀਓ ਵਿਦਿਆਰਥਣ ਦੇ ਹਨ, ਤਾਂ ਇਹ ਵੀ ਜਾਂਚਿਆ ਜਾਵੇਗਾ ਕਿ ਇਹ ਬਿਆਨ ਕਿਹੜੇ ਹਾਲਾਤ ਵਿੱਚ ਦਿੱਤੇ ਗਏ ਸਨ।
ਪੁਲਿਸ ਨੇ ਦੱਸਿਆ ਹੈ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਮੁਲਜ਼ਮਾਂ ਨਾਲ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਉਹ ਇਹ ਵੀ ਜਾਂਚ ਕਰੇਗੀ ਕਿ ਕੀ ਵਿਦਿਆਰਥਣ ਦੀ ਮਾਨਸਿਕ ਸਥਿਤੀ ਅਤੇ ਸਿੱਖਿਅਕ ਦਬਾਅ ਦੇ ਵਿਚਕਾਰ ਕੋਈ ਸਿੱਧਾ ਸਬੰਧ ਸੀ ਜਾਂ ਨਹੀਂ।
ਨਾਰਦਰਨ ਰੇਂਜ ਦੀ ਡੀਆਈਜੀ ਸੋਮਿਆ ਸਾਂਬਸ਼ਿਵਨ ਨੇ ਕਿਹਾ, "ਮਾਮਲੇ ਦੀ ਜਾਂਚ ਲਈ ਡਿਪਟੀ ਡੀਐੱਸਪੀ ਦੀ ਅਗਵਾਈ ਹੇਠ ਇੱਕ ਟੀਮ ਬਣਾਈ ਗਈ ਹੈ ਅਤੇ ਇੱਕ ਮੈਡੀਕਲ ਬੋਰਡ ਵੀ ਬਣਾਇਆ ਗਿਆ ਹੈ, ਜੋ ਸਤੰਬਰ ਤੋਂ ਹੁਣ ਤੱਕ ਦੇ ਇਲਾਜ ਨਾਲ ਜੁੜੇ ਰਿਕਾਰਡ ਦੀ ਜਾਂਚ ਕਰੇਗਾ। ਮੈਡੀਕਲ ਬੋਰਡ ਦੀ ਰਾਇ ਦੇ ਆਧਾਰ 'ਤੇ ਹੀ ਮੌਤ ਦੇ ਕਾਰਨ ਅਤੇ ਅਗਲੀ ਜਾਂਚ ਦੀ ਦਿਸ਼ਾ ਤੈਅ ਹੋਵੇਗੀ।"
ਕਾਲਜ ਪ੍ਰਸ਼ਾਸਨ ਨੇ ਕੀ ਕਿਹਾ?

ਤਸਵੀਰ ਸਰੋਤ, ANI
ਇਸ ਮਾਮਲੇ 'ਤੇ ਸੂਬੇ ਦੇ ਸਿੱਖਿਆ ਮੰਤਰੀ ਰੋਹਿਤ ਠਾਕੁਰ ਨੇ ਕਿਹਾ, "ਇਸ ਮਾਮਲੇ ਵਿੱਚ ਐੱਫਆਈਆਰ ਦਰਜ ਕਰ ਲਈ ਗਈ ਹੈ। ਹਾਇਰ ਐਜੂਕੇਸ਼ਨ ਦੇ ਐਡੀਸ਼ਨਲ ਡਾਇਰੈਕਟਰ ਦੀ ਅਗਵਾਈ ਹੇਠ ਇੱਕ ਕਮੇਟੀ ਬਣਾਈ ਗਈ ਹੈ। ਉਹ ਤਿੰਨ ਦਿਨਾਂ ਵਿੱਚ ਆਪਣੀ ਰਿਪੋਰਟ ਸੌਂਪਣਗੇ। ਇਸ ਮਾਮਲੇ ਵਿੱਚ ਜੋ ਵੀ ਮੁਲਜ਼ਮ ਪਾਇਆ ਜਾਵੇਗਾ, ਸੂਬਾ ਸਰਕਾਰ ਅਤੇ ਵਿਭਾਗ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨਗੇ।"
ਕਾਲਜ ਦੇ ਪ੍ਰਿੰਸੀਪਲ ਰਾਕੇਸ਼ ਪਠਾਨੀਆ ਦਾ ਦਾਅਵਾ ਹੈ ਕਿ ਕਾਲਜ ਪ੍ਰਸ਼ਾਸਨ ਕੋਲ ਕਦੇ ਵੀ ਰੈਗਿੰਗ ਜਾਂ ਜਿਨਸੀ ਸ਼ੋਸ਼ਣ ਬਾਰੇ ਕੋਈ ਰਸਮੀ ਸ਼ਿਕਾਇਤ ਨਹੀਂ ਆਈ।
ਉਨ੍ਹਾਂ ਨੇ ਕਿਹਾ, "ਕਾਲਜ ਵਿੱਚ ਰੈਗਿੰਗ ਰੋਕਣ ਲਈ ਕਮੇਟੀ ਬਣੀ ਹੋਈ ਹੈ, ਪਰ ਵਿਦਿਆਰਥਣ ਜਾਂ ਉਸ ਦੇ ਪਰਿਵਾਰ ਵੱਲੋਂ ਕਦੇ ਵੀ ਨਾ ਤਾਂ ਲਿਖਤੀ ਅਤੇ ਨਾ ਹੀ ਮੌਖਿਕ ਸ਼ਿਕਾਇਤ ਦਰਜ ਕਰਵਾਈ ਗਈ।"
ਪ੍ਰਿੰਸੀਪਲ ਨੇ ਦੱਸਿਆ, "ਉਹ ਸੈਕਿੰਡ ਈਅਰ ਵਿੱਚ ਦਾਖ਼ਲਾ ਚਾਹੁੰਦੀ ਸੀ, ਪਰ ਯੂਨੀਵਰਸਿਟੀ ਦੇ ਨਿਯਮਾਂ ਮੁਤਾਬਕ ਫ਼ਰਸਟ ਈਅਰ ਵਿੱਚ ਫੇਲ੍ਹ ਵਿਦਿਆਰਥੀ ਨੂੰ ਅਗਲੀ ਕਲਾਸ ਵਿੱਚ ਦਾਖ਼ਲਾ ਨਹੀਂ ਦਿੱਤਾ ਜਾ ਸਕਦਾ। ਇਸ ਗੱਲ ਨੂੰ ਲੈ ਕੇ ਉਹ ਮਾਨਸਿਕ ਤਣਾਅ ਵਿੱਚ ਸੀ।"
ਉੱਧਰ, ਪ੍ਰੋਫੈਸਰ 'ਤੇ ਲੱਗੇ ਇਲਜ਼ਾਮਾਂ ਬਾਰੇ ਪ੍ਰਿੰਸੀਪਲ ਨੇ ਸਿੱਧੀ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਹਿਮਾਚਲ ਦੀ ਰਾਜਧਾਨੀ ਸ਼ਿਮਲਾ ਵਿੱਚ ਇਸ ਘਟਨਾ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਵੀ ਹੋਏ। ਕੁਝ ਸੰਗਠਨਾਂ ਨੇ ਇਲਜ਼ਾਮ ਲਗਾਇਆ ਕਿ ਦਲਿਤ ਅਤੇ ਕਮਜ਼ੋਰ ਵਰਗਾਂ ਨਾਲ ਜੁੜੇ ਮਾਮਲਿਆਂ ਵਿੱਚ ਪੁਲਿਸ ਦੀ ਕਾਰਵਾਈ ਅਕਸਰ ਢਿੱਲੀ ਰਹਿੰਦੀ ਹੈ।
ਵਕੀਲ ਅਤੇ ਸਮਾਜਿਕ ਕਾਰਕੁਨ ਸ਼ੀਤਲ ਵਿਆਸ ਨੇ ਕਿਹਾ ਕਿ ਇਹ ਮਾਮਲਾ ਸਿਰਫ਼ ਇੱਕ ਵਿਦਿਆਰਥਣ ਦੀ ਮੌਤ ਤੱਕ ਸੀਮਤ ਨਹੀਂ ਹੈ।
ਉਨ੍ਹਾਂ ਮੁਤਾਬਕ, ਇਹ ਸਵਾਲ ਵੀ ਉੱਠਦੇ ਹਨ ਕਿ ਕਾਲਜਾਂ ਵਿੱਚ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਨੂੰ ਕਿਵੇਂ ਸੰਭਾਲਿਆ ਜਾਂਦਾ ਹੈ ਅਤੇ ਵਿਦਿਆਰਥੀਆਂ ਲਈ ਸ਼ਿਕਾਇਤ ਦਰਜ ਕਰਵਾਉਣ ਦੀ ਪ੍ਰਕਿਰਿਆ ਕਿੰਨੀ ਸੌਖੀ ਅਤੇ ਭਰੋਸੇਯੋਗ ਹੈ?
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












