‘ਮੈਨੂੰ ਲੱਗਾ ਸੀ ਕਿ ਮੈਂ ਤੈਨੂੰ ਦੇਖੇ ਬਿਨਾਂ ਹੀ ਮਰ ਜਾਵਾਂਗੀ’ -ਚੀਨ ਵੀਗਰ ਮੁਸਲਮਾਨਾਂ ਨੂੰ ਜਾਸੂਸੀ ਲਈ ਕਿਵੇਂ ਵਰਤਦਾ

- ਲੇਖਕ, ਸੈਮ ਜੁਦਾਹ ਦੁਆਰਾ
- ਰੋਲ, ਬੀਬੀਸੀ ਨਿਊਜ਼ਨਾਈਟ ਅਤੇ ਬੀਬੀਸੀ ਵੈਰੀਫਾਈ
"ਮੇਰਾ ਪਿਆਰਾ ਪੁੱਤ, ਮੈਨੂੰ ਲੱਗਿਆ ਸੀ ਕਿ ਮੈਂ ਤੈਨੂੰ ਦੇਖੇ ਬਿਨਾਂ ਹੀ ਮਰ ਜਾਵਾਂਗੀ।''
ਆਲਮ ਦੀ ਮਾਂ ਨੇ ਜਿਵੇਂ ਹੀ ਆਪਣੇ ਪੁੱਤ ਨੂੰ ਵੀਡੀਓ ਕਾਲ 'ਤੇ ਦੇਖਿਆ, ਉਨ੍ਹਾਂ ਦੇ ਹੰਝੂ ਨਾ ਰੁਕੇ।
ਆਲਮ (ਬਦਲਿਆ ਹੋਇਆ ਨਾਮ) ਕਹਿੰਦੇ ਹਨ ਕਿ ਜਦੋਂ ਤੋਂ ਉਹ ਭੱਜ ਕੇ ਯੂਕੇ ਆਏ ਹਨ, 6 ਸਾਲਾਂ ਵਿੱਚ ਪਹਿਲੀ ਵਾਰ ਉਨ੍ਹਾਂ ਨੇ ਵੀਡੀਓ ਕਾਲ 'ਤੇ ਆਪਣੀ ਮਾਂ ਨਾਲ ਗੱਲ ਕੀਤੀ ਹੈ।
ਹਾਲਾਂਕਿ ਆਲਮ ਇਸ ਫੋਨ ਵਾਲੀ ਮੁਲਾਕਾਤ ਨੂੰ ਇੱਕ ਆਮ ਮੁਲਾਕਾਤ ਵਜੋਂ ਨਹੀਂ ਦੇਖਦੇ ਕਿਉਂਕਿ ਉਹ ਜਾਣਦੇ ਹਨ ਕਿ ਇਹ ਕਾਲ ਕਿਸੇ ਹੋਰ ਦੇ ਕੰਟਰੋਲ ਵਿੱਚ ਸੀ।
ਵੀਗਰ ਉੱਤਰ-ਪੱਛਮੀ ਚੀਨ ਤੋਂ ਮੁਸਲਿਮ ਘੱਟ ਗਿਣਤੀ ਭਾਈਚਾਰੇ ਦੇ ਲੋਕ ਹਨ ਅਤੇ ਜ਼ਿਆਦਾਤਰ ਵੀਗਰਾਂ ਵਾਂਗ ਆਲਮ ਦੀ ਮਾਂ ਵੀ ਚੀਨ ਦੀ ਸਖ਼ਤ ਨਿਗਰਾਨੀ ਅਤੇ ਕੰਟਰੋਲ ਵਿੱਚ ਰਹਿੰਦੇ ਹਨ।
ਆਲਮ ਅਤੇ ਉਨ੍ਹਾਂ ਦੀ ਮਾਂ ਕਦੇ ਵੀ ਇੱਕ-ਦੂਜੇ ਨੂੰ ਸਿੱਧੇ ਤੌਰ 'ਤੇ ਕਾਲ ਨਹੀਂ ਕਰ ਸਕਦੇ ਸਨ।

ਤਸਵੀਰ ਸਰੋਤ, Getty Images
ਬਲਕਿ, ਇੱਕ ਵਿਚੋਲੇ ਨੇ ਆਲਮ ਅਤੇ ਉਨ੍ਹਾਂ ਦੀ ਮਾਂ ਨੂੰ ਦੋ ਵੱਖ-ਵੱਖ ਮੋਬਾਈਲਾਂ ਤੋਂ ਫ਼ੋਨ ਕੀਤਾ। ਫਿਰ ਉਸ ਨੇ ਫ਼ੋਨ ਦੀਆਂ ਸਕਰੀਨਾਂ ਨੂੰ ਇੱਕ-ਦੂਜੇ ਦੇ ਸਾਹਮਣੇ ਕਰ ਦਿੱਤਾ ਤਾਂ ਜੋ ਦੋਵੇਂ ਮਾਂ-ਪੁੱਤ ਇੱਕ-ਦੂਜੇ ਨੂੰ ਦੇਖ ਸਕਣ ਅਤੇ ਸੁਣ ਸਕਣ।
ਆਲਮ ਕਹਿੰਦੇ ਹਨ ਕਿ ਇਸ ਦੌਰਾਨ ਉਹ ਮੁਸ਼ਕਿਲ ਨਾਲ ਹੀ ਕੁਝ ਬੋਲ ਸਕੇ ਅਤੇ ਜ਼ਿਆਦਾਤਰ ਸਮਾਂ ਰੋਂਦੇ ਹੀ ਰਹੇ।
ਆਲਮ ਨੂੰ ਇਹ ਨਹੀਂ ਪਤਾ ਕਿ ਉਹ ਆਪਣੀ ਮਾਂ ਦੇ ਪਿੱਛੇ ਜਿਹੜੀ ਸਾਦੀ ਚਿੱਟੀ ਕੰਧ ਦੇਖ ਰਹੇ ਸਨ, ਉਹ ਸ਼ਿਨਜਿਆਂਗ ਵਿੱਚ ਉਨ੍ਹਾਂ ਦੇ ਘਰ ਦੀ ਸੀ ਜਾਂ ਇੱਕ ਨਜ਼ਰਬੰਦੀ ਕੈਂਪ ਦੀ।
ਚੀਨ ਬਣਾ ਰਿਹਾ ਦਬਾਅ

ਤਸਵੀਰ ਸਰੋਤ, Getty Images
ਖੋਜਕਰਤਾਵਾਂ ਦਾ ਕਹਿਣਾ ਹੈ ਕਿ ਚੀਨ ਵਿਦੇਸ਼ਾਂ 'ਚ ਰਹਿਣ ਵਾਲੇ ਵੀਗਰਾਂ 'ਤੇ ਦਬਾਅ ਬਣਾ ਰਿਹਾ ਹੈ ਕਿ ਉਹ ਮਨੁੱਖੀ ਅਧਿਕਾਰ ਕਾਰਕੁਨਾਂ ਦੀ ਜਾਸੂਸੀ ਕਰਨ ਤੇ ਜਾਣਕਾਰੀ ਚੀਨ ਨਾਲ ਸਾਂਝੀ ਕਰਨ।
ਸ਼ਰਨਾਰਥੀਆਂ ਅਤੇ ਕਾਰਕੁਨਾਂ ਨੇ ਬੀਬੀਸੀ ਨੂੰ ਦੱਸਿਆ ਕਿ ਭਾਈਚਾਰੇ ਦੇ ਲੋਕਾਂ ਵਿੱਚ ਪਾੜ ਪਾਇਆ ਜਾ ਰਿਹਾ ਹੈ।
ਚੀਨੀ ਸਰਕਾਰ 'ਤੇ ਇਲਜ਼ਾਮ ਹਨ ਕਿ ਉਸ ਨੇ ਨਜ਼ਰਬੰਦ ਕੈਪਾਂ 'ਚ 10 ਲੱਖ ਤੋਂ ਵੱਧ ਵੀਗਰਾਂ ਨੂੰ ਹਿਰਾਸਤ ਵਿੱਚ ਰੱਖਿਆ ਹੋਇਆ ਹੈ।
ਹਾਲਾਂਕਿ ਚੀਨ ਲੰਬੇ ਸਮੇਂ ਤੋਂ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕਰਦਾ ਰਿਹਾ ਹੈ।
ਅਜਿਹੀ ਕਾਲ ਦੀ ਕੀ ਕੀਮਤ ਚੁਕਾਉਣੀ ਪੈ ਸਕਦੀ ਹੈ

ਤਸਵੀਰ ਸਰੋਤ, Getty Images
ਆਲਮ ਕਹਿੰਦੇ ਹਨ ਕਿ ਉਹ ਇਹ ਜ਼ਰੂਰ ਜਾਣਦੇ ਸਨ ਆਪਣੀ ਮਾਂ ਨਾਲ ਗੱਲਬਾਤ ਦੀ ਉਨ੍ਹਾਂ ਨੂੰ ਕੁਝ ਕੀਮਤ ਚੁਕਾਉਣੀ ਪਵੇਗੀ, ਕਿਉਂਕਿ ਦੋਵਾਂ ਵਿਚਕਾਰ ਕਾਲ ਕਰਵਾਉਣ ਵੱਲ ਵਿਅਕਤੀ ਕੋਈ ਆਮ ਆਦਮੀ ਨਹੀਂ ਸੀ ਸਗੋਂ ਚੀਨ ਦਾ ਪੁਲਿਸ ਅਧਿਕਾਰੀ ਹੀ ਸੀ।
ਜਦੋਂ ਅਧਿਕਾਰੀ ਨੇ ਦੂਜੀ ਵਾਰ ਆਲਮ ਨੂੰ ਕਾਲ ਕੀਤੀ ਤਾਂ ਉਸ ਨੇ ਆਲਮ ਨੂੰ ਵੀਗਰ ਮਨੁੱਖੀ ਅਧਿਕਾਰ ਕਾਰਕੁਨਾਂ ਦੀਆਂ ਬੈਠਕਾਂ ਵਿੱਚ ਸ਼ਾਮਲ ਹੋਣ, ਖੁਫੀਆ ਜਾਣਕਾਰੀ ਇਕੱਠੀ ਕਰਨ ਅਤੇ ਇਸ ਨੂੰ ਚੀਨ ਭੇਜਣ ਲਈ ਕਿਹਾ।
ਆਲਮ ਨੇ ਬੀਬੀਸੀ ਨੂੰ ਫੋਨ ਕਾਲਾਂ ਦੀਆਂ ਰਿਕਾਰਡਿੰਗਜ਼ ਵੀ ਸੁਣਾਈਆਂ, ਜਿਸ ਵਿੱਚ ਉਨ੍ਹਾਂ ਨੂੰ ਜਾਸੂਸ ਵਜੋਂ ਕੰਮ ਕਰਨ ਦੀ ਬੇਨਤੀ ਕੀਤੀ ਗਈ ਸੀ।
ਉਹ ਕਹਿੰਦੇ ਹਨ, "ਜਦੋਂ ਵੀ ਲੰਡਨ ਵਿੱਚ ਚੀਨ ਵਿਰੋਧੀ ਪ੍ਰਦਰਸ਼ਨ ਹੁੰਦਾ ਸੀ, ਤਾਂ ਉਹ ਮੈਨੂੰ ਫ਼ੋਨ ਕਰਦੇ ਸਨ ਅਤੇ ਪੁੱਛਦੇ ਸਨ ਕਿ ਇਸ ਵਿੱਚ ਕੌਣ-ਕੌਣ ਸ਼ਾਮਲ ਹੋਵੇਗਾ।''
ਆਲਮ ਨੂੰ ਪੈਸੇ ਦੀ ਪੇਸ਼ਕਸ਼ ਵੀ ਕੀਤੀ ਗਈ ਸੀ, ਤਾਂ ਜੋ ਉਹ ਮੁਹਿੰਮ ਸਮੂਹਾਂ ਦੇ ਆਗੂਆਂ ਨਾਲ ਦੋਸਤੀ ਕਰਨ ਦੀ ਕੋਸ਼ਿਸ਼ ਕਰ ਸਕਣ।
ਇਨ੍ਹਾਂ ਆਗੂਆਂ ਵਿੱਚੋਂ ਬਹੁਤ ਸਾਰੇ ਯੂਕੇ ਦੇ ਹੀ ਨਾਗਰਿਕ ਸਨ ਅਤੇ ਆਲਮ ਨੂੰ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਰੈਸਟੋਰੈਂਟਾਂ ਵਿੱਚ ਖਾਣੇ ਲਈ ਲੈ ਜਾਓ ਤੇ ਉਨ੍ਹਾਂ ਦੇ ਬਿੱਲਾਂ ਦਾ ਭੁਗਤਾਨ ਵੀ ਕਰੋ, ਤਾਂ ਜੋ ਉਨ੍ਹਾਂ ਨਾਲ ਘੁਲਿਆ-ਮਿਲਿਆ ਜਾ ਸਕੇ।
ਅਧਿਕਾਰੀ ਨੇ ਸੁਝਾਅ ਦਿੱਤਾ ਕਿ ਜੇਕਰ ਆਲਮ ਕੋਲ ਇੰਨੇ ਪੈਸਿਆਂ ਨੂੰ ਦੇਖ ਕੇ ਕਿਸੇ ਨੂੰ ਸ਼ੱਕ ਪੈਦਾ ਹੁੰਦਾ ਹੈ, ਤਾਂ ਉਸ ਸਥਿਤੀ ਨਾਲ ਨਜਿੱਠਣ ਲਈ ਉਨ੍ਹਾਂ ਨੂੰ ਪਹਿਲਾਂ ਹੀ ਕੋਈ ਕੰਪਨੀ ਆਦਿ ਸਥਾਪਤ ਕਰ ਲੈਣੀ ਚਾਹੀਦੀ ਹੈ।
ਆਲਮ ਨੂੰ ਦੱਸਿਆ ਗਿਆ ਕਿ ਇਸ ਉਦੇਸ਼ ਲਈ ਲੋਕਾਂ ਨੇ ਪਹਿਲਾਂ ਹੀ ਬਹੁਤ ਸਾਰੇ ਕਾਰੋਬਾਰ ਸਥਾਪਤ ਕਰ ਰੱਖੇ ਹਨ।
ਇਸ ਬੇਨਤੀ ਵਿੱਚ ਧਮਕੀ ਵੀ ਸ਼ਾਮਲ

ਤਸਵੀਰ ਸਰੋਤ, Getty Images
ਇਸ ਸਭ ਤੋਂ ਇਲਾਵਾ, ਇਸ ਸਾਰੀ ਗੱਲਬਾਤ ਵਿੱਚ ਇੱਕ ਅਪ੍ਰਤੱਖ ਧਮਕੀ ਵੀ ਸ਼ਾਮਲ ਸੀ ਕਿ ਜੇ ਆਲਮ ਨੇ ਅਧਿਕਾਰੀਆਂ ਦੀ ਗੱਲ ਨਾ ਮੰਨੀ ਤਾਂ ਉਨ੍ਹਾਂ ਦੇ ਪਰਿਵਾਰ ਨੂੰ ਇਸ ਦਾ ਖਾਮਿਆਜਾ ਭੁਗਤਣਾ ਪਵੇਗਾ।
ਇਸ ਸਾਰੀ ਸਥਿਤੀ ਨੇ ਆਲਿਮ ਨੇ ਦੁਚਿੱਤੀ 'ਚ ਪਾ ਦਿੱਤਾ ਸੀ।
ਆਲਮ ਕਹਿੰਦੇ ਹਨ, "ਉਹ ਮੇਰੇ ਪਰਿਵਾਰ ਨੂੰ ਬੰਧਕਾਂ ਵਜੋਂ ਵਰਤ ਰਹੇ ਹਨ। ਮੈਨੂੰ ਕੁਝ ਸਮਝ ਨਹੀਂ ਆ ਰਿਹਾ।''
ਸਰਕਾਰਾਂ ਦੁਆਰਾ ਵਿਦੇਸ਼ਾਂ ਵਿੱਚ ਆਪਣੇ ਲੋਕਾਂ ਨੂੰ ਇਸਤੇਮਾਲ ਕਰਨ ਲਈ ਵਰਤੀਆਂ ਜਾਂਦੀਆਂ ਚਾਲਾਂ ਨੂੰ ਅੰਤਰ-ਰਾਸ਼ਟਰੀ ਦਮਨ ਵਜੋਂ ਜਾਣਿਆ ਜਾਂਦਾ ਹੈ।
ਖੋਜ ਮੁਤਾਬਕ, ਇਸ ਵਿਸ਼ੇਸ਼ ਮਾਮਲੇ ਵਿੱਚ, ਆਮ ਤੌਰ 'ਤੇ ਚੀਨ ਦੀ ਪੁਲਿਸ ਵੀਡੀਓ ਕਾਲਾਂ ਦੁਆਰਾ ਆਪਣੇ ਦੇਸ਼ ਵਿੱਚ ਪਰਿਵਾਰਕ ਮੈਂਬਰਾਂ ਤੱਕ ਪਹੁੰਚ ਨੂੰ ਕੰਟਰੋਲ ਕਰ ਦਿੰਦੀ ਹੈ ਤਾਂ ਜੋ ਵਿਦੇਸ਼ਾਂ 'ਚ ਵਸੇ ਆਪਣੇ ਨਾਗਰਿਕਾਂ ਤੋਂ ਹਿੱਤਾਂ ਦੀ ਪੂਰਤੀ ਕਰਵਾਈ ਜਾ ਸਕੇ।

"ਪਰਿਵਾਰ ਨੂੰ ਵੱਖ ਕਰਨਾ ਕੇਂਦਰੀ ਰਣਨੀਤੀ"
ਸ਼ੈਫੀਲਡ ਯੂਨੀਵਰਸਿਟੀ ਦੇ ਡਾਕਟਰ ਡੇਵਿਡ ਟੋਬਿਨ ਨੇ ਆਪਣੀ ਸਹਿਯੋਗੀ ਨਾਈਰੋਲਾ ਏਲਿਮਾ ਨਾਲ ਅੱਜ ਤੱਕ ਦੇ ਵਿਸ਼ੇ 'ਤੇ ਕੁਝ ਵਿਆਪਕ ਖੋਜ ਕੀਤੀ ਹੈ।
ਉਨ੍ਹਾਂ ਨੇ ਕਈ ਦੇਸ਼ਾਂ ਵਿੱਚ ਵੀਗਰ ਡਾਇਸਪੋਰਾ ਦੇ 200 ਤੋਂ ਵੱਧ ਮੈਂਬਰਾਂ ਦੀ ਇੰਟਰਵਿਊ ਅਤੇ ਸਰਵੇਖਣ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਚੀਨ ਤੋਂ ਬਾਹਰ ਰਹਿਣ ਵਾਲੇ ਸਾਰੇ ਵੀਗਰ ਲੋਕ ਅੰਤਰ-ਰਾਸ਼ਟਰੀ ਦਮਨ ਦਾ ਸ਼ਿਕਾਰ ਹਨ।
ਉਹ ਕਹਿੰਦੇ ਹਨ, "ਪਰਿਵਾਰ ਨੂੰ ਵੱਖ ਕਰਨਾ ਕੇਂਦਰੀ ਰਣਨੀਤੀ ਹੈ।''
ਡਾਕਟਰ ਟੋਬਿਨ ਦੇ ਅਨੁਸਾਰ, ਫ਼ੋਨ ਕਾਲਾਂ ਤਕਨੀਕੀ ਤੌਰ 'ਤੇ ਸੰਭਵ ਹੋਣ ਦੇ ਬਾਵਜੂਦ ਵੀ ਚੀਨ ਵਿੱਚ ਰਹਿੰਦੇ ਰਿਸ਼ਤੇਦਾਰ ਇਹ ਕਾਲਾਂ ਨਹੀਂ ਚੁੱਕਣਗੇ ਕਿਉਂਕਿ ਉਨ੍ਹਾਂ ਵਿੱਚ ਇਹ ਧਾਰਨਾ ਹੈ ਕਿ ਇਨ੍ਹਾਂ ਕਾਲਾਂ ਦੀ ਨਿਗਰਾਨੀ ਕੀਤੀ ਜਾਵੇਗੀ ਅਤੇ ਇਹ ਡਰ ਹੈ ਕਿ ਇਸ ਤਰ੍ਹਾਂ ਨਾਲ ਖੁੱਲ੍ਹ ਕੇ ਗੱਲ ਕਰਨਾ ਉਨ੍ਹਾਂ ਨੂੰ ਖ਼ਤਰੇ ਵਿੱਚ ਪਾ ਸਕਦਾ ਹੈ।
ਪਰਿਵਾਰਾਂ ਨੂੰ ਸੰਪਰਕ ਨਾ ਕਰਨ ਦੇਣ ਨਾਲ, ਚੀਨ ਦੀ ਪੁਲਿਸ ਵੀਡੀਓ ਕਾਲਾਂ 'ਤੇ ਕੰਟਰੋਲ ਰੱਖਦੀ ਹੈ ਅਤੇ ਪਰਿਵਾਰ ਨੂੰ ਹਾਨੀ ਪਹੁੰਚਾਉਣ ਦੀਆਂ ਧਮਕੀਆਂ ਨਾਲ ਵਿਦੇਸ਼ਾਂ 'ਚ ਲੋਕਾਂ ਨੂੰ ਉਨ੍ਹਾਂ ਦਾ ਸਹਿਯੋਗ ਕਰਨ ਲਈ ਮਜਬੂਰ ਕਰਦੀ ਹੈ।
ਯੂਕੇ ਵਿੱਚ, ਡਾਕਟਰ ਟੋਬਿਨ ਨੇ ਲਗਭਗ 400 ਲੋਕਾਂ ਦੀ ਆਬਾਦੀ ਵਿੱਚੋਂ 48 ਵੀਗਰਾਂ ਦਾ ਸਰਵੇਖਣ ਜਾਂ ਇੰਟਰਵਿਊ ਕੀਤੀ।
ਉਨ੍ਹਾਂ ਵਿੱਚੋਂ, ਦੋ-ਤਿਹਾਈ ਲੋਕਾਂ ਨੇ ਚੀਨੀ ਪੁਲਿਸ ਦੁਆਰਾ ਸਿੱਧੇ ਸੰਪਰਕ ਕੀਤੇ ਜਾਣ ਦੀ ਰਿਪੋਰਟ ਕੀਤੀ ਅਤੇ ਕਿਹਾ ਕਿ ਉਨ੍ਹਾਂ ਉੱਤੇ ਜਾਸੂਸੀ ਕਰਨ, ਵੀਗਰਾਂ ਦੀ ਵਕਾਲਤ ਤੋਂ ਪਰਹੇਜ਼ ਕਰਨ, ਜਾਂ ਮੀਡੀਆ ਨਾਲ ਗੱਲਬਾਤ ਬੰਦ ਕਰਨ ਲਈ ਦਬਾਅ ਪਾਇਆ ਗਿਆ।

ਤੁਰਕੀ ਵਿੱਚ ਰਹਿੰਦੇ ਵੀਗਰਾਂ ਦਾ ਹਾਲ
ਤੁਰਕੀ ਰਵਾਇਤੀ ਤੌਰ 'ਤੇ ਵੀਗਰਾਂ ਲਈ ਇੱਕ ਸੁਰੱਖਿਅਤ ਪਨਾਹਗਾਹ ਹੈ ਅਤੇ ਚੀਨ ਤੋਂ ਬਾਹਰ ਸਭ ਤੋਂ ਵੱਡੇ ਭਾਈਚਾਰਿਆਂ ਵਿੱਚੋਂ ਇੱਕ, ਲਗਭਗ 50,000 ਇੱਥੇ ਹੀ ਰਹਿੰਦੇ ਹਨ। ਇਨ੍ਹਾਂ ਵਿੱਚੋਂ 148 ਲੋਕਾਂ ਵਿੱਚੋਂ 80 ਫੀਸਦੀ ਨੇ ਚੀਨੀ ਅਧਿਕਾਰੀਆਂ ਤੋਂ ਇਸੇ ਤਰ੍ਹਾਂ ਦੀਆਂ ਧਮਕੀਆਂ ਦੀ ਰਿਪੋਰਟ ਕੀਤੀ।
ਅਬਦੁਰਹਿਮ ਪੈਰਾਕ 2013 ਵਿੱਚ ਚੀਨ ਤੋਂ ਭੱਜ ਆਏ ਸਨ ਅਤੇ 2014 ਵਿੱਚ ਇਸਤਾਂਬੁਲ ਪਹੁੰਚੇ ਸਨ।
ਉਹ ਕਹਿੰਦੇ ਹਨ, "ਜੋ ਕੁਝ ਅਸੀਂ ਅਨੁਭਵ ਕੀਤਾ ਸੀ, ਤੁਰਕੀ ਉਸ ਸਭ ਤੋਂ ਵੱਖਰਾ ਸੀ। ਅਸੀਂ ਜਿੱਥੇ ਚਾਹੇ ਘੁੰਮ-ਫਿਰ ਸਕਦੇ ਸੀ। ਪੁਲਿਸ ਨੇ ਸਾਨੂੰ ਪ੍ਰੇਸ਼ਾਨ ਨਹੀਂ ਕੀਤਾ। ਮੈਂ ਵਿਸ਼ਵਾਸ ਨਹੀਂ ਕਰ ਸਕਦਾ ਸੀ ਕਿ ਅਜਿਹੀ ਜ਼ਿੰਦਗੀ ਵੀ ਸੰਭਵ ਸੀ।"
ਪਰ ਪਿਛਲੇ ਕੁਝ ਸਾਲਾਂ ਵਿੱਚ, ਤੁਰਕੀ ਵਿੱਚ ਵੀਗਰਾਂ ਲਈ ਤਸਵੀਰ ਬਦਲ ਗਈ ਹੈ। ਰਿਪੋਰਟਾਂ ਹਨ ਕਿ ਚੀਨ ਸਥਿਤ ਪੁਲਿਸ ਨੇ ਲੋਕਾਂ 'ਤੇ ਇੱਕ-ਦੂਜੇ ਦੀ ਜਾਸੂਸੀ ਕਰਨ ਲਈ ਦਬਾਅ ਪਾਇਆ ਹੈ, ਜਿਸ ਨੇ ਉਨ੍ਹਾਂ ਦੀ ਸਾਂਝ ਦੀ ਭਾਵਨਾ ਨੂੰ ਸੱਟ ਪਹੁੰਚਾਈ ਹੈ ਅਤੇ ਭਾਈਚਾਰੇ 'ਚ ਪਾੜ ਪਾ ਦਿੱਤਾ ਹੈ।
ਫੇਸਬੁੱਕ 'ਤੇ ਪੋਸਟ ਕੀਤੀ ਗਈ ਇੱਕ ਵੀਡੀਓ ਵਿੱਚ, ਇੱਕ ਨੌਜਵਾਨ ਵੀਗਰ ਵਿਅਕਤੀ ਨੂੰ ਸਾਥੀਆਂ ਦੁਆਰਾ ਫੜ੍ਹਿਆ ਅਤੇ ਕੁੱਟਿਆ ਗਿਆ ਪ੍ਰਤੀਤ ਹੁੰਦਾ ਹੈ। ਵੀਡੀਓ ਵਿੱਚ ਉਹ ਨੌਜਵਾਨ ਕਬੂਲਨਾਮਾ ਵੀ ਕਰਦਾ ਹੈ ਕਿ ਉਹ ਬੀਜਿੰਗ ਲਈ ਜਾਸੂਸੀ ਕਰਦਾ ਹੈ।
ਹਾਲਾਂਕਿ ਇਸ ਪੂਰੇ ਦ੍ਰਿਸ਼ ਦੇ ਆਲੇ-ਦੁਆਲੇ ਦੇ ਹਾਲਾਤ ਸਪੱਸ਼ਟ ਨਹੀਂ ਹਨ, ਪਰ ਇਸ ਵੀਡੀਓ ਨੂੰ ਵੀਗਰ ਭਾਈਚਾਰੇ ਵਿੱਚ ਸ਼ੇਅਰ ਕੀਤਾ ਗਿਆ ਹੈ ਅਤੇ ਉਸ ਨੌਜਵਾਨ ਦੀ ਆਨਲਾਈਨ ਵਿਆਪਕ ਨਿੰਦਾ ਕੀਤੀ ਗਈ ਹੈ।
ਅਬਦੁਰਹਿਮ ਕਹਿੰਦੇ ਹਨ ਕਿ ਇਸ ਤਰ੍ਹਾਂ ਦੀਆਂ ਕਹਾਣੀਆਂ ਪ੍ਰਭਾਵ ਪਾ ਰਹੀਆਂ ਹਨ।
ਉਹ ਕਹਿੰਦੇ ਹਨ, "ਨੌਜਵਾਨ ਆਪਣੇ ਆਪ ਨੂੰ ਵੀਗਰ ਵਿਰੋਧ ਪ੍ਰਦਰਸ਼ਨਾਂ ਅਤੇ ਬੈਠਕਾਂ ਤੋਂ ਦੂਰ ਕਰ ਰਹੇ ਹਨ। ਉਹ ਚਿੰਤਤ ਹਨ ਕਿ ਉੱਥੇ ਮੌਜੂਦ ਲੋਕ ਜਾਸੂਸ ਹੋ ਸਕਦੇ ਹਨ। ਚੀਨ ਦੀ ਯੋਜਨਾ ਕੰਮ ਕਰ ਰਹੀ ਹੈ।''

ਡਾਕਟਰ ਟੋਬਿਨ ਦਾ ਮੰਨਣਾ ਹੈ ਕਿ ਤੁਰਕੀ ਦੇ ਅਧਿਕਾਰੀ ਇਸ ਗੱਲ ਤੋਂ ਜਾਣੂ ਹਨ ਕਿ ਕੀ ਹੋ ਰਿਹਾ ਹੈ ਅਤੇ ਉਸ ਇਸ ਮਾਮਲੇ ਵਿੱਚ ਢਿੱਲੇ ਪੈ ਰਹੇ ਹਨ।
ਉਹ ਕਹਿੰਦੇ ਹਨ, "ਇੱਕ ਦੇਸ਼ ਜਿੰਨਾ ਜ਼ਿਆਦਾ ਚੀਨੀ ਨਿਵੇਸ਼ 'ਤੇ ਨਿਰਭਰ ਹੈ, ਓਨਾ ਹੀ ਜ਼ਿਆਦਾ ਸੰਭਾਵਨਾ ਹੈ ਕਿ ਉਹ ਚੀਨ ਦਾ ਸਹਿਯੋਗ ਕਰਨ ਜਾਂ ਕਿਸੇ ਪੱਖੋਂ ਅੱਖਾਂ ਹੀ ਮੀਚ ਲੈਣ।''
ਹਾਲ ਹੀ ਦੇ ਸਾਲਾਂ ਵਿੱਚ ਤੁਰਕੀ ਨੂੰ ਚੀਨ ਦੇ ਵਧੇਰੇ ਨੇੜੇ ਦੇਖਿਆ ਗਿਆ ਹੈ ਅਤੇ ਇਸ ਦੇ ਕਾਰਨ ਵੀਗਰ ਭਾਈਚਾਰੇ ਦੀ ਰੱਖਿਆ ਵਾਲੀ ਉਸ ਦੀ ਵਚਨਬੱਧਤਾ ਨੂੰ ਲੈ ਕੇ ਵੀ ਸਵਾਲ ਉਠਾਏ ਗਏ ਹਨ।
ਅਸੀਂ ਤੁਰਕੀ ਸਰਕਾਰ ਨਾਲ ਇਸ ਸਬੰਧੀ ਗੱਲਬਾਤ ਕਰਨ ਦੀ ਬੇਨਤੀ ਕੀਤੀ, ਜਿਸ ਦਾ ਅਜੇ ਤੱਕ ਕੋਈ ਜਵਾਬ ਨਹੀਂ ਆਇਆ ਹੈ।

ਧਮਕੀ ਭਰੇ ਸੁਨੇਹੇ
ਪਰ ਚੀਨ ਸਿਰਫ਼ ਉਨ੍ਹਾਂ ਦੇਸ਼ਾਂ ਵਿੱਚ ਹੀ ਲੋਕਾਂ ਨੂੰ ਹੀ ਨਿਸ਼ਾਨਾ ਨਹੀਂ ਬਣਾ ਰਿਹਾ, ਜਿੱਥੇ ਉਸ ਦੀ ਆਰਥਿਕ ਸਰਦਾਰੀ ਹੈ।
ਜੂਲੀ ਮਿਲਸੈਪ, ਇੱਕ ਅਮਰੀਕੀ ਕਾਰਕੁਨ ਹਨ, ਜੋ ਵਾਸ਼ਿੰਗਟਨ ਡੀਸੀ ਵਿੱਚ ਵੀਗਰ ਮਨੁੱਖੀ ਅਧਿਕਾਰ ਪ੍ਰੋਜੈਕਟ ਨਾਲ ਕੰਮ ਕਰਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਚੀਨ ਨੇ ਉਨ੍ਹਾਂ ਦੇ ਸਹੁਰਿਆਂ ਦੇ ਪਰਿਵਾਰ ਦੁਆਰਾ ਉਨ੍ਹਾਂ 'ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਹੈ।
ਉਨ੍ਹਾਂ ਦੇ ਪਤੀ ਹਾਨ ਚੀਨ ਦੇ ਰਹਿਣ ਵਾਲੇ ਹਨ ਅਤੇ ਦੇਸ਼ ਦੇ ਸਭ ਤੋਂ ਵੱਡੇ ਜਾਤੀ ਸਮੂਹ ਤੋਂ ਆਉਂਦੇ ਹਨ।
ਜੂਲੀ ਅਤੇ ਹਾਨ ਦੀ ਮੁਲਾਕਾਤ ਚੀਨ ਵਿੱਚ ਹੀ ਹੋਈ ਸੀ ਅਤੇ ਫਿਰ ਸਾਲ 2020 ਵਿੱਚ ਦੋਵੇਂ ਅਮਰੀਕਾ ਆ ਗਏ ਸਨ।
ਜਦੋਂ ਤੋਂ ਜੂਲੀ ਨੇ ਵੀਗਰਾਂ ਦੇ ਹੱਕ 'ਚ ਪ੍ਰਚਾਰ ਸ਼ੁਰੂ ਕੀਤਾ ਹੈ, ਉਸ ਤੋਂ ਬਾਅਦ ਸਥਾਨਕ ਪੁਲਿਸ ਨੇ ਚੀਨ 'ਚ ਰਹਿੰਦੇ ਉਨ੍ਹਾਂ ਦੇ ਸਹੁਰੇ ਪਰਿਵਾਰ ਦੇ ਹਵਾਲੇ ਨਾਲ ਇਹ ਸੰਦੇਸ਼ ਭੇਜਣੇ ਸ਼ੁਰੂ ਕਰ ਦਿੱਤੇ ਕਿ ਉਹ ''ਦੋਸਤੀ ਕਰਨਾ ਚਾਹੁੰਦੇ ਹਨ''।
ਜੂਲੀ ਅਤੇ ਉਨ੍ਹਾਂ ਦੇ ਪਤੀ ਨੂੰ ਉਨ੍ਹਾਂ ਦੀ ਭੈਣ ਦੇ ਫ਼ੋਨ ਤੋਂ ਧਮਕੀ ਭਰੇ ਸੁਨੇਹੇ ਮਿਲੇ, ਜਿਨ੍ਹਾਂ ਵਿੱਚ ਅਜਿਹੀਆਂ ਗੱਲਾਂ ਸਨ ਕਿ ਜੂਲੀ ਦੇ ਬੱਚੇ "ਅਨਾਥ" ਹੋ ਸਕਦੇ ਹਨ।
ਜੂਲੀ ਨੂੰ ਸ਼ੱਕ ਹੈ ਕਿ ਉਨ੍ਹਾਂ ਦੇ ਪਤੀ ਦੀ ਭੈਣ ਆਪ ਇਹ ਮੈਸੇਜ ਨਹੀਂ ਭੇਜ ਰਹੀ ਕਿਉਂਕਿ ਉਹ ਕਹਿੰਦੇ ਹਨ ਕਿ "ਉਹ ਉਸ ਭਾਸ਼ਾ ਸ਼ੈਲੀ ਵਿੱਚ ਨਹੀਂ ਲਿਖੇ ਗਏ ਸਨ ਜੋ ਉਹ ਵਰਤਦੀ ਹੈ।''

ਵਾਸ਼ਿੰਗਟਨ ਡੀਸੀ ਵਿੱਚ ਹਾਨ ਅਤੇ ਚੀਨ ਵਿੱਚ ਉਨ੍ਹਾਂ ਦੀ ਭੈਣ ਵਿਚਕਾਰ ਹੋਈ ਇੱਕ ਤਾਜ਼ਾ ਵੀਡੀਓ ਕਾਲ ਦੇ ਦੌਰਾਨ, ਪੁਲਿਸ ਵੀ ਉੱਥੇ ਮੌਜੂਦ ਸੀ। ਇਸ ਦੌਰਾਨ ਜੂਲੀ ਨੇ ਇਸ ਕਾਲ ਨੂੰ ਰਿਕਾਰਡ ਵੀ ਕਰ ਲਿਆ ਅਤੇ ਇੱਕ ਪੁਲਿਸ ਅਧਿਕਾਰੀ ਨੂੰ ਸਿੱਧੇ ਸਵਾਲ ਵੀ ਪੁੱਛੇ।
ਜੂਲੀ ਕਹਿੰਦੇ ਹਨ, "ਉਸ ਨੇ ਹੰਗਾਮਾ ਕੀਤਾ ਅਤੇ ਕਿਹਾ ਕਿ ਉਸ ਨੂੰ ਗਲਤ ਨਾ ਸਮਝੀਏ।''
ਅਧਿਕਾਰੀ ਨੇ ਦੱਸਿਆ ਕਿ ਅਮਰੀਕਾ ਅਤੇ ਚੀਨ ਦਰਮਿਆਨ "ਨਾਜ਼ੁਕ" ਸਬੰਧਾਂ ਦੇ ਮੱਦੇਨਜ਼ਰ, ਪੁਲਿਸ ਆਪ ਸਾਰੇ ਸਥਾਨਕ ਪਰਿਵਾਰਾਂ ਦੇ ਅਮਰੀਕੀ ਰਿਸ਼ਤੇਦਾਰਾਂ ਨਾਲ ਉਨ੍ਹਾਂ ਦੀਆਂ ਮੁਲਾਕਾਤਾਂ ਦਾ ਪ੍ਰਬੰਧ ਕਰ ਰਹੀ ਹੈ।
ਜੂਲੀ ਮੰਨਦੇ ਹਨ ਕਿ ਇਹ ਚਿੰਤਾਜਨਕ ਹੈ ਕਿ ਚੀਨੀ ਅਧਿਕਾਰੀ ਆਰਾਮ ਨਾਲ ਵਿਦੇਸ਼ੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ ਉਨ੍ਹਾਂ ਦੇ ਕੰਮ ਨੂੰ ਨਿਰਧਾਰਤ ਕਰਨ ਦੀ ਕੋਸ਼ਿਸ਼ ਕਰਦੇ ਹਨ।
ਅਮਰੀਕੀ ਸਰਕਾਰ ਇਸ ਸਮੱਸਿਆ ਬਾਰੇ ਰਸਮੀ ਤੌਰ 'ਤੇ ਕੰਮ ਕਰਨਾ ਸ਼ੁਰੂ ਕਰ ਰਹੀ ਹੈ।
ਮਾਰਚ ਵਿੱਚ, ਸੀਨੇਟਰਾਂ ਨੇ ਟਰਾਂਸਨੈਸ਼ਨਲ ਰਿਪ੍ਰੈਸ਼ਨ ਪਾਲਿਸੀ ਐਕਟ ਪੇਸ਼ ਕੀਤਾ, ਜਿਸ ਵਿੱਚ "ਪ੍ਰਾਕਸੀ ਦੁਆਰਾ ਜ਼ਬਰਦਸਤੀ" ਸਮੇਤ ਕਈ ਦੁਰਵਿਵਹਾਰਾਂ ਦੀ ਸੂਚੀ ਦਿੱਤੀ ਗਈ, ਜਿਸ ਵਿੱਚ ਵਿਦੇਸ਼ਾਂ ਵਿੱਚ ਪਰਿਵਾਰਕ ਮੈਂਬਰਾਂ ਨੂੰ ਮਿਲਣ ਵਾਲੀਆਂ ਧਮਕੀਆਂ ਵੀ ਸ਼ਾਮਲ ਹਨ।
ਜੇਕਰ ਇਹ ਐਕਟ ਪਾਸ ਹੋ ਜਾਂਦਾ ਹੈ, ਤਾਂ ਕਾਨੂੰਨ ਧਮਕੀਆਂ ਦੀ ਰਿਪੋਰਟ ਕਰਨ ਲਈ ਇੱਕ ਫ਼ੋਨ ਲਾਈਨ ਸਥਾਪਿਤ ਕਰੇਗਾ ਅਤੇ ਕਾਂਗਰਸ ਨੂੰ ਜਿੱਥੇ ਵੀ ਸੰਭਵ ਹੋਵੇ, ਮੁਲਜ਼ਮਾਂ ਵਿਰੁੱਧ ਪਾਬੰਦੀਆਂ ਲਿਆਉਣ ਲਈ ਪ੍ਰੇਰਿਤ ਕਰੇਗਾ।

ਤਸਵੀਰ ਸਰੋਤ, JULIE MILLSAP
ਪੱਛਮੀ ਸਰਕਾਰਾਂ ਨੂੰ ਇਸ ਤੋਂ ਹੋਰ ਜ਼ਿਆਦਾ ਸੋਚਣ ਦੀ ਲੋੜ
ਅਬਦੁਵੇਲੀ ਅਯੂਪ, ਨਾਰਵੇ ਵਿੱਚ ਵੀਗਰ ਅਧਿਕਾਰਾਂ ਦੇ ਪ੍ਰਚਾਰਕ ਹਨ। ਉਹ ਮੰਨਦੇ ਹਨ ਕਿ ਯੂਐਸ ਕਾਨੂੰਨ ਸਹੀ ਦਿਸ਼ਾ ਵਿੱਚ ਇੱਕ ਕਦਮ ਹੋਵੇਗਾ, ਪਰ ਪੱਛਮੀ ਸਰਕਾਰਾਂ ਨੂੰ ਇਸ ਤੋਂ ਹੋਰ ਜ਼ਿਆਦਾ ਅੱਗੇ ਸੋਚਣ ਦੀ ਲੋੜ ਹੈ।
ਉਹ ਕਹਿੰਦੇ ਹਨ ਕਿ ਹਰ ਵਾਰ ਜਦੋਂ ਅਧਿਕਾਰੀਆਂ ਨੂੰ ਕਿਸੇ ਕੇਸ ਦੀ ਰਿਪੋਰਟ ਕੀਤੀ ਜਾਂਦੀ ਹੈ, ਤਾਂ ਸਵਾਲ ਸਿੱਧੇ ਚੀਨੀ ਸਰਕਾਰ ਕੋਲ ਦਰਜ ਕੀਤੇ ਜਾਣੇ ਚਾਹੀਦੇ ਹਨ ਅਤੇ ਪਰਿਵਾਰ ਦੇ ਮੈਂਬਰਾਂ ਦੇ ਸੁਰੱਖਿਅਤ ਹੋਣ ਦਾ ਭਰੋਸਾ ਦੇਣ ਦੀ ਬੇਨਤੀ ਕੀਤੀ ਜਾਣੀ ਚਾਹੀਦਾ ਹੈ।
ਉਹ ਕਹਿੰਦੇ ਹਨ, "ਅਸੀਂ ਤੁਹਾਡੇ ਨਾਗਰਿਕ ਹਾਂ, ਤੁਹਾਡੇ ਗੁਆਂਢੀ ਅਤੇ ਤੁਹਾਡੇ ਟੈਕਸਦਾਤਾ ਹਾਂ। ਸਾਡੀਆਂ ਸਰਕਾਰਾਂ ਨੂੰ ਕੁਝ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।''
ਡਾਕਟਰ ਟੋਬਿਨ ਇਹ ਸਮਝਦੇ ਹਨ ਕਿ ਇਸ ਮੁੱਦੇ ਨਾਲ ਨਜਿੱਠਣ ਵਿੱਚ ਕਈ ਪੇਚੀਦਗੀਆਂ ਹਨ।
ਉਹ ਕਹਿੰਦੇ ਹਨ, ''ਇਹ ਕਹਿਣਾ ਕਿ 'ਕੀ ਤੁਸੀਂ ਆਪਣੇ ਪਰਿਵਾਰ ਨਾਲ ਗੱਲ ਕਰਨਾ ਚਾਹੋਗੇ?' ਇਹ ਅਪਰਾਧ ਨਹੀਂ ਹੈ। ਅਸੀਂ ਜਾਣਦੇ ਹਾਂ ਕਿ ਇਹ ਇੱਕ ਧਮਕੀ ਹੈ। ਅਸੀਂ ਜਾਣਦੇ ਹਾਂ ਕਿ ਇਹ ਭਾਈਚਾਰਿਆਂ ਨੂੰ ਤੋੜਦਾ ਹੈ ਅਤੇ ਮਾਨਸਿਕ ਸਿਹਤ ਸਮੱਸਿਆਵਾਂ ਅਤੇ ਸਦਮੇ ਦਾ ਕਾਰਨ ਬਣਦਾ ਹੈ, ਪਰ ਬ੍ਰਿਟਿਸ਼ ਧਰਤੀ 'ਤੇ ਇਹ ਕੋਈ ਜੁਰਮ ਨਹੀਂ ਹੈ।''
ਯੂਕੇ ਹੋਮ ਆਫਿਸ ਦਾ ਕਹਿਣਾ ਹੈ ਕਿ ਵਿਦੇਸ਼ੀ ਆਲੋਚਕਾਂ ਨੂੰ ਧਮਕਾਉਣ ਦੀਆਂ ਕੋਸ਼ਿਸ਼ਾਂ "ਅਸਵੀਕਾਰਨਯੋਗ" ਹਨ, ਅਤੇ ਅੰਤਰ-ਰਾਸ਼ਟਰੀ ਦਮਨ ਦੀ ਅੰਦਰੂਨੀ ਸਮੀਖਿਆ ਚੱਲ ਰਹੀ ਹੈ ਤੇ ਅਜਿਹੀਆਂ ਸਾਰੀਆਂ ਘਟਨਾਵਾਂ ਦੀ ਸੂਚਨਾ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਦਿੱਤੀ ਜਾਣੀ ਚਾਹੀਦੀ ਹੈ।
ਲੰਡਨ ਵਿੱਚ ਚੀਨੀ ਦੂਤਾਵਾਸ ਨੇ ਆਪਣੇ ਇੱਕ ਬਿਆਨ ਵਿੱਚ, ਅੰਤਰ-ਰਾਸ਼ਟਰੀ ਦਮਨ ਦੇ ਇਲਜ਼ਾਮਾਂ ਨੂੰ "ਪੂਰੀ ਤਰ੍ਹਾਂ ਬੇਬੁਨਿਆਦ" ਕਿਹਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਚੀਨੀ ਸਰਕਾਰ ਕਾਨੂੰਨ ਦੇ ਅਨੁਸਾਰ ਵੀਗਰਾਂ ਅਤੇ ਵਿਦੇਸ਼ੀ ਰਿਸ਼ਤੇਦਾਰਾਂ ਨਾਲ ਉਨ੍ਹਾਂ ਦੀ ਗੱਲਬਾਤ ਦੀ ਸੁਰੱਖਿਆ ਕਰਦੀ ਹੈ।
ਆਲਮ ਨੇ ਪੁਲਿਸ ਨੂੰ ਆਪਣੇ ਕੇਸ ਦੀ ਰਿਪੋਰਟ ਨਾ ਕਰਨ ਦਾ ਫੈਸਲਾ ਕੀਤਾ ਹੈ, ਪਰ ਉਨ੍ਹਾਂ ਨੇ ਲੰਡਨ ਵਿੱਚ ਵੀਗਰ ਅਧਿਕਾਰ ਕਾਰਕੁਨਾਂ ਦੇ ਇੱਕ ਸਮੂਹ ਸਾਹਮਣੇ ਆਪਣੀ ਦੁਰਦਸ਼ਾ ਬਾਰੇ ਜ਼ਰੂਰ ਦੱਸਿਆ ਹੈ।
ਸਮੂਹ ਦੇ ਆਗੂਆਂ ਵਿੱਚੋਂ ਇੱਕ ਨੇ ਸਾਨੂੰ ਦੱਸਿਆ ਕਿ ਅਜਿਹੀਆਂ ਬੇਨਤੀਆਂ ਬਹੁਤ ਆਮ ਸਨ ਜੋ ਕਿ ਭਾਈਚਾਰੇ ਦੀ ਅਖੰਡਤਾ ਲਈ ਵੀ ਚੁਣੌਤੀਆਂ ਖੜ੍ਹੀਆਂ ਕਰ ਰਹੀਆਂ ਸਨ, ਪਰ ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਉਹ ਉਨ੍ਹਾਂ ਦੀ ਵਕਾਲਤ ਦਾ ਕੰਮ ਜਾਰੀ ਰੱਖਣਗੇ।
ਉਨ੍ਹਾਂ ਦੇ ਤਜ਼ਰਬੇ ਵਿੱਚ, ਚੀਨੀ ਪੁਲਿਸ ਦੀਆਂ ਲਗਭਗ ਸਾਰੀਆਂ ਕੋਸ਼ਿਸ਼ਾਂ ਨੂੰ ਰੱਦ ਕਰ ਦਿੱਤਾ ਗਿਆ ਹੈ।
ਆਲਮ ਨੇ ਕਿਸੇ ਫੈਸਲੇ 'ਤੇ ਪਹੁੰਚਣ ਤੋਂ ਪਹਿਲਾਂ ਇਸ ਮੁੱਦੇ 'ਤੇ ਬਹੁਤ ਸੋਚਿਆ।
ਉਨ੍ਹਾਂ ਕਿਹਾ, "ਮੈਨੂੰ ਅਹਿਸਾਸ ਹੋਇਆ ਕਿ ਆਪਣੇ ਪਰਿਵਾਰ ਦੀ ਖ਼ਾਤਰ ਦੂਜਿਆਂ ਨੂੰ ਧੋਖਾ ਦੇਣ ਦਾ ਮਤਲਬ ਹੈ ਕਿ ਆਪਣੀ ਕੌਮ ਨੂੰ ਵੇਚ ਦੇਣਾ ਅਤੇ ਮੈਂ ਅਜਿਹਾ ਨਹੀਂ ਕਰ ਸਕਦਾ।''
ਉਨ੍ਹਾਂ ਨੇ ਚੀਨੀ ਪੁਲਿਸ ਦੀ ਮੰਗ ਨੂੰ ਇਹ ਕਹਿੰਦੇ ਹੋਏ ਠੁਕਰਾ ਦਿੱਤਾ ਹੈ ਕਿ "ਜੇ ਮੈਨੂੰ ਇਹੀ ਕੀਮਤ ਅਦਾ ਕਰਨੀ ਪਵੇਗੀ, ਤਾਂ ਇਹੀ ਠੀਕ ਹੈ।"













