ਬ੍ਰਿਟੇਨ ਦੀ ਇੱਕ ਯੂਨੀਵਰਸਿਟੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 18ਵੀਂ ਸਦੀ ਦਾ ਸਰੂਪ ਮਿਲਿਆ, ਕੀ ਹੈ ਇਸ ਸਰੂਪ ਦਾ ਇਤਿਹਾਸ

ਗਿਆਨੀ ਹਿਮਿਤ ਸਿੰਘ , ਗੁਰੂ ਗ੍ਰੰਥ ਸਾਹਿਬ ਦੇ ਪੁਰਾਤਨ ਸਰੂਪ ਨਾਲ
ਤਸਵੀਰ ਕੈਪਸ਼ਨ, ਗਿਆਨੀ ਹਿਮਿਤ ਸਿੰਘ ਨੇ ਲੀਥ ਦੇ ਐਡਿਨਬਰਾ ਗੁਰਦੁਆਰੇ ਵਿਖੇ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਦੇ ਪੰਜ ਪੰਨਿਆਂ ਤੋਂ ਬਾਣੀ ਪੜ੍ਹ ਕੇ ਸੁਣਾਈ
    • ਲੇਖਕ, ਐਂਜੀ ਬ੍ਰਾਊਨ
    • ਰੋਲ, ਬੀਬੀਸੀ ਪੱਤਰਕਾਰ, ਐਡਿਨਬਰਾ

ਯੂਨੀਵਰਸਿਟੀ ਆਫ ਐਡਿਨਬਰਾ ਦੇ ਪੁਰਾਲੇਖਾਂ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖਤ ਸਰੂਪ ਮਿਲੇ ਹਨ। ਇਸ ਤੋਂ ਬਾਅਦ, ਸਕਾਟਲੈਂਡ ਵਿੱਚ ਸਿੱਖ ਭਾਈਚਾਰੇ ਦੀ ਭੀੜ ਇਸ ਨੂੰ ਨਤਮਸਤਕ ਹੋਣ ਲਈ ਉਮੜ ਗਈ।

2020 ਵਿੱਚ ਜਦੋਂ ਉਹ ਐਡਿਨਬਰਾ ਯੂਨੀਵਰਸਿਟੀ ਦੀਆਂ ਡਿਜੀਟਲ ਫਾਈਲਾਂ ਦੀ ਜਾਂਚ ਕਰ ਰਹੇ ਸਨ ਤਾਂ ਵਿਦਵਾਨਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮਿਲਿਆ ਜਿਸ ਬਾਰੇ ਮੰਨਿਆ ਜਾ ਰਿਹਾ ਹੈ ਕਿ ਇਹ ਸਰੂਪ 18ਵੀਂ ਸਦੀ ਵਿੱਚ ਤਿਆਰ ਕੀਤਾ ਗਿਆ ਸੀ।

ਗੁਰੂ ਗ੍ਰੰਥ ਸਾਹਿਬ ਦੇ ਇਸ ਸਰੂਪ ਨੂੰ 175 ਸਾਲਾਂ ਵਿੱਚ ਪਹਿਲੀ ਵਾਰ ਯੂਨੀਵਰਸਿਟੀ ਤੋਂ ਬਾਹਰ ਲੈ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ ਤਾਂ ਜੋ ਸਿੱਖ ਭਾਈਚਾਰਾ ਐਤਵਾਰ ਨੂੰ ਲੀਥ ਵਿੱਚ ਸਥਿਤ ਗੁਰਦੁਆਰੇ ਵਿੱਚ ਇੱਕ ਖ਼ਾਸ ਸਮਾਰੋਹ ਦੌਰਾਨ ਇਸ ਦੇ ਦਰਸ਼ਨ ਕਰ ਸਕੇ।

ਗ੍ਰੰਥ ਸਾਹਿਬ ਦਾ ਇਹ ਸਰੂਪ ਯੂਕੇ ਵਿੱਚ ਆਪਣੀ ਕਿਸਮ ਦਾ ਸਭ ਤੋਂ ਪੁਰਾਣਾ ਹੈ ਅਤੇ ਇੰਨਾ ਨਾਜ਼ੁਕ ਹਾਲਤ ਵਿੱਚ ਹੈ ਕਿ ਇਸ ਨੂੰ ਕਿਊਰੇਟਰਾਂ ਵੱਲੋਂ ਇੱਕ ਵਿਸ਼ੇਸ਼ ਕਾਫਲੇ ਵਿੱਚ ਐਡਿਨਬਰਾ ਗੁਰਦੁਆਰੇ ਲਿਜਾਇਆ ਗਿਆ ਸੀ, ਇਸ ਦੌਰਾਨ ਫ਼ਲੈਸ਼ ਫੋਟਗ੍ਰਾਫ਼ੀ ਦੀ ਮਨਾਹੀ ਸੀ।

ਯੂਕੇ ਕਿਵੇਂ ਪਹੁੰਚਿਆ ਇਹ ਸਰੂਪ

ਗੁਰੂ ਗ੍ਰੰਥ ਸਾਹਿਬ ਦਾ ਸਰੂਪ
ਤਸਵੀਰ ਕੈਪਸ਼ਨ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰੁਮਾਲਾ ਸਾਹਿਬ ਵਿੱਚ ਢੱਕੇ ਕੇ ਅਤੇ ਗੁਲਾਬ ਦੀਆਂ ਪੱਤੀਆਂ ਨਾਲ ਸਜਾ ਕੇ ਗੁਰਦੁਆਰੇ ਲਿਆਂਦਾ ਗਿਆ

ਗੁਰੂ ਗ੍ਰੰਥ ਸਾਹਿਬ ਦਾ ਇਹ ਸਰੂਪ ਪਹਿਲਾਂ ਪੰਜਾਬ ਦੇ ਸ਼ਾਸਕ ਮਹਾਰਾਜਾ ਖੜਕ ਸਿੰਘ ਕੋਲ ਸੀ ਅਤੇ 1848 ਵਿੱਚ ਭਾਰਤ ਦੇ ਦੁੱਲੇਵਾਲਾ ਦੇ ਕਿਲ੍ਹੇ ਤੋਂ ਇਸ ਸਰੂਪ ਨੂੰ ਲੈ ਲਿਆ ਗਿਆ ਸੀ।

ਸਰ ਜੌਨ ਸਪੈਂਸਰ ਲੌਗਿਨ ਨੇ ਇਸ ਸਰੂਪ ਨੂੰ ਯੂਨੀਵਰਸਿਟੀ ਨੂੰ ਸੋਂਪਿਆ ਸੀ। ਸਰ ਜੌਨ ਸਪੈਂਸਰ ਲੌਗਿਨ ਉਹ ਹੀ ਸ਼ਖ਼ਸ ਸਨ ਜੋ ਕਲਕੱਤਾ ਦੇ ਰੈਵ ਡਬਲਯੂ ਐੱਚ ਮਾਈਕਲਜੋਹਨ ਰਾਹੀਂ ਮਹਾਰਾਣੀ ਵਿਕਟੋਰੀਆ ਲਈ ਕੋਹ-ਏ-ਨੂਰ ਵੀ ਲਿਆਏ ਸਨ।

ਐਡਿਨਬਰਾ ਯੂਨੀਵਰਸਿਟੀ ਨੇ ਕਿਹਾ ਕਿ ਹੋਰ ਖੋਜ ਕੀਤੀ ਜਾ ਰਹੀ ਹੈ ਪਰ ਗੁਰੂ ਗ੍ਰੰਥ ਸਾਹਿਬ ਦੇ ਨਾਲ ਮਿਲੇ ਰਾਇਲ ਏਸ਼ੀਆਟਿਕ ਸੋਸਾਇਟੀ ਦੇ 1851 ਦੇ ਪੱਤਰਾਂ ਨੇ ਇਸ ਬਾਰੇ ਕੁਝ ਸਪੱਸ਼ਟ ਜਾਣਕਾਰੀ ਪ੍ਰਦਾਨ ਕੀਤੀ ਹੈ।

ਐਤਵਾਰ ਦੇ ਵਿਸ਼ੇਸ਼ ਸਮਾਰੋਹ ਵਿੱਚ ਪੁਰਾਲੇਖ ਵਿੱਚ ਲੱਭੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਤਿੰਨ ਭਾਗਾਂ ਵਿੱਚੋਂ ਸਭ ਤੋਂ ਵੱਡਾ ਅਤੇ ਸੰਭਵ ਤੌਰ 'ਤੇ ਸਭ ਤੋਂ ਪੁਰਾਣਾ ਮੰਨਿਆ ਜਾ ਰਿਹਾ ਹੈ।

ਸੋਨੇ ਦੀ ਸਿਆਹੀ ਨਾਲ ਲਿਖਿਆ ਸਰੂਪ

ਗੁਰੂ ਗ੍ਰੰਥ ਸਾਹਿਬ ਦਾ ਸਰੂਪ
ਤਸਵੀਰ ਕੈਪਸ਼ਨ, ਸ਼ਰਧਾ ਅਤੇ ਸਤਿਕਾਰ ਦੇ ਪ੍ਰਤੀਕ ਵਜੋਂ ਗੁਰੂ ਗ੍ਰੰਥ ਸਾਹਿਬ ਉੱਤੇ ਚੌਰ ਸਾਹਿਬ ਲਹਿਰਾਇਆ ਜਾਂਦਾ ਰਿਹਾ

ਗੁਰੂ ਗ੍ਰੰਥ ਸਾਹਿਬ ਦੇ ਪਿਛਲੇ ਪਾਸੇ ਲਿਖਿਆ ਹੈ ਕਿ ਜਿਸ ਸਿਆਹੀ ਨਾਲ ਇਹ ਗ੍ਰੰਥ ਸਾਹਿਬ ਦਾ ਸਰੂਪ ਲਿਖਿਆ ਗਿਆ ਹੈ, ਉਸ ਵਿੱਚ ਸੋਨੇ ਦੀ ਵਰਤੋਂ ਕੀਤੀ ਗਈ ਹੈ।

ਇਹ ਪਵਿੱਤਰ ਗ੍ਰੰਥ ਸ਼ੈਰਿਫ਼ ਬ੍ਰੇ ਗੁਰਦੁਆਰੇ ਵਿੱਚ ਗੁਲਾਬ ਦੀਆਂ ਪੱਤੀਆਂ ਨਾਲ ਸਜੇ ਹੋਏ ਰੁਮਾਲਾ ਸਾਹਿਬ ਵਿੱਚ ਪੂਰੇ ਸਤਿਕਾਰ ਨਾਲ ਪਹੁੰਚਾਇਆ ਗਿਆ।

ਇਨ੍ਹਾਂ ਨੂੰ ਸਿੱਖ ਸ਼ਰਧਾਲੂਆਂ ਦੀ ਭੀੜ ਵਿੱਚੋਂ ਲੰਘਾਇਆ ਗਿਆ, ਜੋ ਸਿੱਖ ਅਤੇ ਸਕਾਟਿਸ਼ ਝੰਡੇ ਲਹਿਰਾ ਰਹੇ ਸਨ, ਜਦੋਂ ਕਿ ਇੱਕ ਬੈਗਪਾਈਪਰ ਬਾਹਰ ਸੜਕ 'ਤੇ ਇਸ ਦੇ ਸਵਾਗਤ ਵਿੱਚ ਵਜਾਇਆ ਜਾ ਰਿਹਾ ਸੀ।

ਰਵਾਇਤ ਮੁਤਾਬਕ ਨਗਾੜੇ ਬਜਾਏ ਗਏ ਅਤੇ ਗੁਰਦੁਆਰੇ ਦੇ ਅੰਦਰ ਲੈ ਜਾਇਆ ਗਿਆ।

ਇੱਕ ਵਲੰਟੀਅਰ ਵੱਲੋਂ ਸ਼ਰਧਾ ਅਤੇ ਸਤਿਕਾਰ ਦੇ ਪ੍ਰਤੀਕ ਵਜੋਂ ਗੁਰੂ ਗ੍ਰੰਥ ਸਾਹਿਬ ਉੱਤੇ ਲਗਾਤਾਰ ਚੌਰ ਸਾਹਿਬ ਕੀਤਾ ਜਾ ਰਿਹਾ ਸੀ।

ਗਿਆਨੀ ਹਿੰਮਤ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਤੋਂ ਹੁਕਮਨਾਮਾ ਸੰਗਤਾਂ ਨੂੰ ਪੜ੍ਹ ਕੇ ਸੁਣਾਇਆ।

ਸਿੱਖ ਜਗਤ ਲਈ ਇਤਿਹਾਸਿਕ ਪਲ

ਗੁਰੂ ਗ੍ਰੰਥ ਸਾਹਿਬ ਦਾ ਸਰੂਪ
ਤਸਵੀਰ ਕੈਪਸ਼ਨ, ਗੁਰੂ ਗ੍ਰੰਥ ਸਾਹਿਬ ਦੇ ਆਉਣ 'ਤੇ ਗੁਰਦੁਆਰੇ ਦੇ ਪ੍ਰਵੇਸ਼ ਦੁਆਰ 'ਤੇ ਇਕੱਠੀ ਹੋਈ ਭੀੜ ਨੇ ਸਿੱਖ ਅਤੇ ਸਕਾਟਿਸ਼ ਝੰਡੇ ਲਹਿਰਾਏ

ਇਸ ਵਿਸ਼ੇਸ਼ ਸਮਾਗਮ ਦਾ ਪ੍ਰਬੰਧ ਕਰਨ ਵਾਲੇ ਐਡਿਨਬਰਾ ਗੁਰਦੁਆਰੇ ਦੇ ਮੈਂਬਰਾਂ ਵਿੱਚੋਂ ਇੱਕ ਗਾਲਬ ਸਿੰਘ ਗੋਲਡ ਨੇ ਬੀਬੀਸੀ ਸਕਾਟਲੈਂਡ ਨਿਊਜ਼ ਨੂੰ ਦੱਸਿਆ ਕਿ ਇਹ ਪਲ ਕਾਫੀ 'ਅਹਿਮ' ਸੀ।

48 ਸਾਲਾ ਗਾਲਬ ਸਿੰਘ ਨੇ ਕਿਹਾ, "ਇਹ ਜ਼ਿੰਦਗੀ ਵਿੱਚ ਇੱਕ ਵਾਰ ਮਿਲਣ ਵਾਲਾ ਮੌਕਾ ਰਿਹਾ ਹੈ ਜਦੋਂ ਸਾਨੂੰ ਇਤਿਹਾਸ ਵਿੱਚ ਗੁਆਚ ਗਏ ਅਤੇ ਮੁੜ ਸੁਰਜੀਤ ਹੋਏ ਸਰੂਪ ਨੂੰ ਦੇਖਣ ਦਾ ਮੌਕਾ ਮਿਲਿਆ ਹੈ।"

"ਇਹ ਪਹਿਲੀ ਵਾਰ ਹੈ ਜਦੋਂ ਇਹ ਇੰਨੇ ਸਾਲਾਂ ਬਾਅਦ ਇਸ ਨੂੰ ਸੰਗਤ ਦੇ ਦਰਸ਼ਨਾਂ ਲਈ ਲਿਆਂਦਾ ਗਿਆ ਹੈ ਅਤੇ ਇਹ ਸ਼ਾਇਦ ਆਖਰੀ ਵਾਰ ਹੋਵੇਗਾ ਜਦੋਂ ਅਸੀਂ ਇਸਨੂੰ ਕਦੇ ਦੇਖਾਂਗੇ।"

ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਸਿੱਖ ਧਰਮ ਵਿੱਚ ਇੱਕ ਜ਼ਿਉਂਦਾ ਜਾਗਦਾ ਇਨਸਾਨ ਮੰਨਿਆ ਜਾਂਦਾ ਹੈ।

ਗਾਲਬ ਸਿੰਘ ਗੋਲਡ
ਇਹ ਵੀ ਪੜ੍ਹੋ-

ਗਾਲਬ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਇਸ ਸਰੂਪ ਨੂੰ ਇੰਨਾ ਖਾਸ ਬਣਾਉਣ ਵਾਲੀ ਗੱਲ ਇਹ ਸੀ ਕਿ ਇਹ ਹੱਥ ਨਾਲ ਲਿਖਿਆ ਗਿਆ ਸੀ।

ਉਨ੍ਹਾਂ ਕਿਹਾ, "ਅਸੀਂ ਬਹੁਤ ਖੁਸ਼ ਹਾਂ ਕਿ ਇਹ ਲੱਭ ਗਿਆ ਹੈ ਅਤੇ ਇਸਦੀ ਸਾਂਭ-ਸੰਭਾਲ ਕੀਤੀ ਗਈ ਹੈ ਅਤੇ ਇਹ ਇੰਨੀ ਚੰਗੀ ਹਾਲਤ ਵਿੱਚ ਹੈ।"

"ਇਸਦੀ ਕ੍ਰਿਪਾ ਹੋਣਾ ਸਾਡੇ ਲਈ ਬਹੁਤ ਵੱਡੀ ਗੱਲ ਹੈ।"

"ਇਹ ਇੱਕ ਭਾਵਨਾਤਮਕ ਅਤੇ ਖੁਸ਼ੀ ਭਰੀ ਘਟਨਾ ਹੈ, ਜੋ ਅਧਿਆਤਮਿਕ ਤੌਰ 'ਤੇ ਬਹੁਤ ਅਹਿਮ ਹੈ। ਬੇਹੱਦ ਖੁਸ਼ੀ ਹੋਈ ਅਤੇ ਹੰਝੂ ਵੀ ਵਗ੍ਹ ਤੁਰੇ ਕਿਉਂਕਿ ਧਰਮ-ਗ੍ਰੰਥ ਸਾਡੇ ਲਈ ਬਹੁਤ ਮਾਅਨੇ ਰੱਖਦੇ ਹਨ।"

ਸ਼ਰਧਾਲੂਆਂ ਨੇ ਕੀ ਕਿਹਾ

ਗੁਰੂ ਗ੍ਰੰਥ ਸਾਹਿਬ
ਤਸਵੀਰ ਕੈਪਸ਼ਨ, ਗੁਰੂ ਗ੍ਰੰਥ ਸਾਹਿਬ ਦਾ ਇਹ ਸਰੂਪ ਸੋਨੇ ਦੀ ਸਿਆਹੀ ਨਾਲ ਲਿਖਿਆ ਗਿਆ ਹੈ

ਐਡਿਨਬਰਾ ਯੂਨੀਵਰਸਿਟੀ ਦੀ ਆਨਰੇਰੀ ਸਿੱਖ ਚੈਪਲੇਨ ਅਤੇ ਸਿੱਖ ਸੰਜੋਗ ਦੀ ਡਾਇਰੈਕਟਰ ਤ੍ਰਿਸ਼ਨਾ ਕੌਰ ਸਿੰਘ ਵੀ ਇਸ ਸਮਾਗਮ ਵਿੱਚ ਮੌਜੂਦ ਸਨ।

ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਕਾਟਲੈਂਡ ਵਿੱਚ ਹੀ ਰਹੇ।

ਉਸਨੇ ਕਿਹਾ, "ਮੈਂ ਜਾਣਦੀ ਹਾਂ ਕਿ ਲੋਕ ਵਾਪਸੀ ਬਾਰੇ ਗੱਲ ਕਰਦੇ ਹਨ ਅਤੇ ਇਹ ਠੀਕ ਹੈ ਅਤੇ ਕਈ ਮਾਮਲਿਆਂ ਵਿੱਚ ਇਸਦੀ ਲੋੜ ਹੁੰਦੀ ਹੈ ਪਰ ਤੁਹਾਨੂੰ ਇਸ ਤੱਥ ਨੂੰ ਸਮਝਣਾ ਪਵੇਗਾ ਕਿ ਲੋਕ ਉਸ ਬਸਤੀਵਾਦੀ ਅਤੀਤ ਕਾਰਨ ਇੱਥੇ ਹਨ ਅਤੇ ਆਪਣੀ ਪੂਰੀ ਜ਼ਿੰਦਗੀ ਇੱਥੇ ਬਤੀਤ ਕੀਤੀ ਹੈ।"

ਤ੍ਰਿਸ਼ਨਾ ਕੌਰ-ਸਿੰਘ
ਤਸਵੀਰ ਕੈਪਸ਼ਨ, ਤ੍ਰਿਸ਼ਨਾ ਕੌਰ-ਸਿੰਘ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਗ੍ਰੰਥ ਸਾਹਿਬ ਦਾ ਇਹ ਸਰੂਪ ਸਕਾਟਲੈਂਡ ਵਿੱਚ ਹੀ ਰਹੇ

ਤ੍ਰਿਸ਼ਨਾ ਕੌਰ ਸਿੰਘ ਨੇ ਕਿਹਾ, "ਉਹ ਆਪਣੇ ਇਤਿਹਾਸ ਅਤੇ ਉਨ੍ਹਾਂ ਦੇ ਸਬੰਧਾਂ ਤੋਂ ਵੱਖ ਹੋ ਗਏ ਹਨ ਅਤੇ ਇਹ ਇੱਥੇ ਮਿਲਿਆ ਸੀ ਇਸ ਲਈ ਇਹ ਸਾਡੇ ਭਾਈਚਾਰਿਆਂ ਲਈ ਪੀੜ੍ਹੀਆਂ ਤੱਕ ਇੱਥੇ ਰਹਿਣਾ ਚਾਹੀਦਾ ਹੈ।"

"ਮੈਨੂੰ ਲੱਗਦਾ ਹੈ ਕਿ ਇਹ ਪੂਰੇ ਸਕਾਟਿਸ਼ ਸਿੱਖ ਭਾਈਚਾਰੇ ਲਈ ਸਭ ਤੋਂ ਕੀਮਤੀ ਖੋਜ ਹੈ। ਇਹ ਸੁਣ ਕੇ ਮੇਰੇ ਹੋਸ਼ ਉੱਡ ਜਾਂਦੇ ਹਨ। ਇਹ ਅਸਲ ਵਿੱਚ ਦਿਮਾਗ ਨੂੰ ਉਡਾ ਦੇਣ ਵਾਲਾ ਹੈ।"

ਹਰਮਨਪ੍ਰੀਤ ਕੌਰ ਆਪਣੀ ਮਾਂ ਕੁਲਵੀਰ ਕੌਰ ਨਾਲ
ਤਸਵੀਰ ਕੈਪਸ਼ਨ, ਹਰਮਨਪ੍ਰੀਤ ਕੌਰ ਆਪਣੀ ਮਾਂ ਕੁਲਵੀਰ ਕੌਰ ਨਾਲ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਲਈ ਗਲਾਸਗੋ ਤੋਂ ਆਈ ਸੀ

22 ਸਾਲਾ ਹਰਮਨਪ੍ਰੀਤ ਕੌਰ, ਜੋ ਆਪਣੀ ਮਾਂ ਕੁਲਵੀਰ ਕੌਰ ਅਤੇ ਆਪਣੇ ਭਰਾ ਨਾਲ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਲਈ ਗਲਾਸਗੋ ਤੋਂ ਆਏ ਸਨ ਨੇ ਕਿਹਾ ਕਿ ਉਹ ਬਹੁਤ ਉਤਸ਼ਾਹਿਤ ਹਨ।

ਉਨ੍ਹਾਂ ਕਿਹਾ, "ਇਹ ਇੱਕ ਸਨਮਾਨ ਦੀ ਗੱਲ ਹੈ ਕਿ ਮੈਨੂੰ 300 ਸਾਲ ਪੁਰਾਣੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਦਾ ਮੌਕਾ ਮਿਲਿਆ।"

"ਇਹ ਜ਼ਿੰਦਗੀ ਭਰ ਵਿੱਚ ਇੱਕ ਵਾਰ ਮਿਲਣ ਵਾਲਾ ਮੌਕਾ ਹੈ।"

73 ਸਾਲਾ ਜੱਦੀਸ਼ ਹੋਰ ਸਿੰਘ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ ਅਤੇ ਸਾਰੀ ਸਵੇਰ ਕੀਰਤਨ ਕਰਦੇ ਰਹੇ।

ਉਨ੍ਹਾਂ ਕਿਹਾ, "ਇਹ ਸਾਡੇ ਲਈ ਬਹੁਤ ਖ਼ਾਸ ਹੈ ਅਤੇ ਸਾਡੇ ਜੀਵਨ ਕਾਲ ਵਿੱਚ ਅਜਿਹਾ ਕਦੇ ਨਹੀਂ ਹੋਇਆ।"

ਯੂਨੀਵਰਸਿਟੀ ਨੇ ਕੀ ਕਿਹਾ

ਗੁਰੂ ਗ੍ਰੰਥ ਸਾਹਿਬ
ਤਸਵੀਰ ਕੈਪਸ਼ਨ, ਗੁਰੂ ਗ੍ਰੰਥ ਸਾਹਿਬ ਦੇ ਇਸ ਸਰੂਪ ਨੂੰ ਗੁਰਦੁਆਰੇ ਵਿੱਚ ਕੁਝ ਘੰਟਿਆਂ ਲਈ ਹੀ ਲਿਆਂਦਾ ਗਿਆ ਸੀ

ਐਡਿਨਬਰਾ ਯੂਨੀਵਰਸਿਟੀ ਦੇ ਆਰਕਾਈਵਿਸਟ ਰਾਚੇਲ ਹੋਸਕਰ ਨੇ ਕਿਹਾ ਕਿ ਜਦੋਂ ਹੱਥ-ਲਿਖਤਾਂ ਮਿਲੀਆਂ ਤਾਂ ਉਨਾਂ ਨੇ ਯੂਨੀਵਰਸਿਟੀ ਦੇ ਸਿੱਖ ਚੈਪਲੇਨ ਨਾਲ ਸੰਪਰਕ ਕੀਤਾ।

ਉਨ੍ਹਾਂ ਨੇ ਕਿਹਾ, "ਸਾਡੇ ਕੋਲ ਅਜਿਹਾ ਕੋਈ ਵੀ ਨਹੀਂ ਸੀ ਜਿਸਨੂੰ ਗੁਰੂ ਗ੍ਰੰਥ ਸਾਹਿਬ ਦਾ ਅਸਲ ਗਿਆਨ ਅਤੇ ਸਮਝ ਹੋਵੇ ਅਤੇ ਉਨ੍ਹਾਂ ਦੀ ਅਹਿਮੀਅਤ ਅਤੇ ਉਹ ਇੱਥੇ ਕਿਉਂ ਸਨ, ਅਸਲ ਵਿੱਚ ਕਿਸੇ ਵੀ ਕੈਟਾਲਾਗ ਵਿੱਚ ਇਹ ਜਾਣਕਾਰੀ ਨਹੀਂ ਰੱਖੀ ਗਈ ਸੀ।"

"ਇਸ ਲਈ ਮੈਨੂੰ ਲੱਗਾ ਕਿ ਸਾਨੂੰ ਇਸ ਬਾਰੇ ਹੋਰ ਪੜਚੋਲ ਕਰਨ ਦੀ ਲੋੜ ਹੈ ਅਤੇ ਸਾਨੂੰ ਸਿੱਖ ਭਾਈਚਾਰੇ ਦੀ ਮਦਦ ਦੀ ਲੋੜ ਸੀ ਅਤੇ ਇਹੀ ਉਹ ਥਾਂ ਹੈ ਜਿੱਥੇ ਤ੍ਰਿਸ਼ਨਾ ਕੰਮ ਆਈ।"

"ਉਹ ਸਾਨੂੰ ਸਮਝਾ ਸਕਦੀ ਸੀ ਕਿ ਇਹ ਸਿਰਫ਼ ਹੱਥ-ਲਿਖਤਾਂ ਨਹੀਂ ਸਨ, ਸਗੋਂ ਇਹ ਜਿਉਂਦੇ-ਜਾਗਦੇ ਗ੍ਰੰਥ ਹਨ।"

"ਇਸ ਲਈ ਅਸੀਂ ਸੱਚਮੁੱਚ ਇਸ ਗੱਲ ਦਾ ਧਿਆਨ ਰੱਖਣਾ ਚਾਹੁੰਦੇ ਸੀ ਕਿ ਭਾਈਚਾਰਾ ਉਨ੍ਹਾਂ ਬਾਰੇ ਕਿਵੇਂ ਮਹਿਸੂਸ ਕਰਦਾ ਹੈ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)