ਪੰਜਾਬ ਦੇ ਰਾਜਪਾਲ ਦੇ 'ਮਨ ਕੀ ਬਾਤ': 'ਪਾਕਿਸਤਾਨ ਉੱਤੇ 1-2 ਵਾਰ ਸਰਜੀਕਲ ਸਟਰਾਇਕ ਹੋਵੇ'

ਪੰਜਾਬ ਰਾਜਪਾਲ

ਤਸਵੀਰ ਸਰੋਤ, Punjab Government

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਕਿਹਾ ਹੈ, ‘‘ਪਾਕਿਸਤਾਨ ’ਤੇ 1-2 ਵਾਰ ਸਰਜੀਕਲ ਸਟ੍ਰਾਈਕ ਹੋਣੀ ਚਾਹੀਦੀ ਹਾਂ, ਤਾਂ ਹੀ ਪਾਕਿਸਤਾਨ ਨੂੰ ਸਬਕ ਮਿਲੇਗਾ।’’

ਰਾਜਪਾਲ ਪੰਜਾਬ ਦੇ ਸਰਹੱਦੀ ਖੇਤਰਾਂ ਦੇ ਦੌਰੇ ਦੌਰਾਨ ਵੀਰਵਾਰ ਨੂੰ ਅਮ੍ਰਿਤਸਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਰਾਜਪਾਲ ਨੇ ਕਿਹਾ, ‘‘ਪਾਕਿਸਤਾਨ ਸਰਹੱਦੀ ਇਲਾਕਿਆਂ ’ਚ ਡਰੋਨ ਰਾਹੀਂ ਨਸ਼ੇ ਭੇਜ ਰਿਹਾ ਹੈ, ਇਹ ਸਾਡੇ ਨਾਲ ਬਹੁਤ ਵੱਡੀ ਸਾਜ਼ਿਸ਼ ਕਰ ਰਿਹਾ ਹੈ।’’

ਬੁੱਧਵਾਰ ਨੂੰ ਪੰਚਾਂ-ਸਰਪੰਚਾਂ ਨਾਲ ਬੈਠਕ ਦੌਰਾਨ ਰਾਜਪਾਲ ਨੇ ਧਰਮਕੋਟ ਰੰਧਾਵਾ ਵਿੱਚ ਵੀ ਪਾਕਿਸਤਾਨ ਨੂੰ ਸਬਕ ਸਿਖਾਉਣ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਦੇ ਲਈ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਨੂੰ ਮਿਲ ਕੇ ਅਪੀਲ ਕਰਨ ਦੀ ਲੋੜ ਹੈ।

ਪਰ ਰਾਜਪਾਲ ਨੇ ਕਿਹਾ, ''ਪਾਕਿਸਤਾਨ ਜਿਸ ਤਰ੍ਹਾਂ ਦੀ ਬਦਮਾਸ਼ੀ ਕਰ ਰਿਹਾ ਹੈ, ਉਸ ਨੂੰ ਲੈ ਕੇ ਇਹ ਮੇਰੇ ਮਨ ਦੀ ਗੱਲ ਹੈ। ਇਸ ਨੂੰ ਸਬਕ ਸਿਖਾਉਣਾ ਚਾਹੀਦਾ ਹੈ। ਇਹ ਦੇਸ ਦੀ ਸੁਰੱਖਿਆ ਦਾ ਮਸਲਾ ਹੈ।''

''ਮੇਰੀ ਇਹ ਨਿੱਜੀ ਸਲਾਹ ਹੈ। ਇਹ ਅਧਿਕਾਰਤ ਬਿਆਨ ਨਹੀਂ ਮੇਰੀ ਨਿੱਜੀ ਸਲਾਹ ਹੈ ਕਿ ਇੱਕ ਦੋ ਵਾਰ ਸਰਜੀਕਲ ਸਟਰਾਇਕ ਹੋਵੇ, ਤਾਂ ਹੀ ਪਾਕਿਸਤਾਨ ਟਿਕਾਣੇ ਉੱਤੇ ਆਵੇਗਾ।''

ਸਰਹੱਦੀ ਖੇਤਰ

ਤਸਵੀਰ ਸਰੋਤ, Gurpreet chawla /BBC

ਰਾਜਪਾਲ ਨੇ ਹੋਰ ਕੀ ਕਿਹਾ

ਰਾਜਪਾਲ ਨੇ ਕਿਹਾ ਕਿ ਡਰੌਨ ਨੂੰ ਰੋਕਣ ਲਈ ਸੌ ਫੀਸਦ ਫ਼ੁਲ-ਪਰੂਫ਼ ਸਿਸਟਮ ਲਾਉਣਾ ਅਜੇ ਸੰਭਵ ਨਹੀਂ ਹੈ। ਪਰ ਕੋਸ਼ਿਸ਼ਾਂ ਚੱਲ ਰਹੀਆਂ ਹਨ। ਖੋਜ ਕਾਰਜ ਜਾਰੀ ਹਨ, ਅਗਲੇ ਇੱਕ ਦੋ ਸਾਲਾਂ ਵਿੱਚ ਇਹ ਸੰਭਵ ਹੋ ਸਕਦਾ ਹੈ।

‘‘ਇੰਨੇ ਡਰੌਨ ਸੁੱਟਣ ਦੇ ਬਾਵਜੂਦ ਵੀ ਇੰਨੀ ਵੱਡੀ ਗਿਣਤੀ ਵਿੱਚ ਆ ਰਹੇ ਹਨ। ਇਸ ਵਿੱਚ ਕਿਸੇ ਨਿੱਜੀ ਜਾਂ ਇੱਕ ਗੈਂਗ ਦਾ ਹੱਥ ਨਹੀਂ ਹੈ। ਇਸ ਵਿੱਚ ਪਾਕਿਸਤਾਨ ਦੀ ਫੌਜ ਅਤੇ ਸਰਕਾਰ ਦਾ ਪੂਰਾ ਹੱਥ ਹੈ।’’

‘‘ਅਸੀਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰ ਰਹੇ ਹਾਂ, ਪਰ ਪਾਕਿਸਤਾਨ ਨਸ਼ੇ ਰਾਹੀਂ ਸਾਡੀ ਨਵੀਂ ਪੀੜ੍ਹੀ ਨੂੰ ਬਰਬਾਦ ਕਰਨ ਲੱਗਿਆ ਹੋਇਆ ਹੈ। ਹਾਲਾਤ ਇਹ ਹਨ ਕਿ ਕਈ ਥਾਂਵਾਂ ਉੱਤੇ ਸ਼ਿਕਾਇਤ ਆ ਰਹੀ ਹੈ ਕਿ 8-9ਵੀਂ ਜਮਾਤ ਦੇ ਬੱਚੇ ਨਸ਼ੇ ਕਰਨ ਲਈ ਚੋਰੀ ਕਰਨ ਲੱਗ ਪਏ ਹਨ।’’

ਭਾਰਤ ਨੇ ਇਸ ਮਾਮਲੇ ਵਿੱਚ ਅਜੇ ਤੱਕ ਜਵਾਬੀ ਕਾਰਵਾਈ ਨਹੀਂ ਕੀਤੀ ਹੈ।

‘‘ਮੈਂ ਅਥਾਰਟੀ ਨਹੀਂ ਹਾਂ, ਪਰ ਮਨ ਵਿੱਚ ਆਉਂਦਾ ਹੈ ਕਿ ਇੱਕ-ਦੋ ਵਾਰ ਸਰਜੀਕਲ ਸਟਰਾਇਕ ਹੋਵੇ।’’

‘‘ਸਾਰੀਆਂ ਏਜੰਸੀਆਂ ਕਾਫ਼ੀ ਸਾਂਝੇਦਾਰੀ ਨਾਲ ਕੰਮ ਕਰ ਰਹੀਆਂ ਹਨ ਤੇ ਪੰਜਾਬ ਪੁਲਿਸ ਵੀ ਕਾਫ਼ੀ ਮੂਸਤੈਦੀ ਨਾਲ ਕੰਮ ਕਰ ਰਹੀ ਹੈ। ਮੈਂ ਇਨ੍ਹਾਂ ਨੂੰ ਸਲਾਹ ਦਿੱਤੀ ਹੈ ਕਿ ਪੰਜਾਬ ਪੁਲਿਸ ਦੂਜੇ ਜ਼ਿਲ੍ਹਿਆਂ ਦੇ ਜਵਾਨ ਅਤੇ ਬੀਐੱਸਐੱਫ਼ ਦੂਜੇ ਸੂਬਿਆਂ ਦੇ ਜਵਾਨ ਤੈਨਾਤ ਕਰੇ।’’

ਗੁਰਦਾਸਪੁਰ

ਤਸਵੀਰ ਸਰੋਤ, Gurpreet Chawla/bbc

ਆਮ ਆਦਮੀ ਪਾਰਟੀ ਨੇ ਕੀਤਾ ਵਿਰੋਧ

ਪੰਜਾਬ ਦੇ ਰਾਜਪਾਲ ਵਲੋਂ ਸਰਜੀਕਲ ਸਟਰਾਇਕ ਦੀ ਵਕਾਲਤ ਕੀਤੇ ਜਾਣ ਦਾ ਪੰਜਾਬ ਦੀ ਆਮ ਆਦਮੀ ਪਾਰਟੀ ਨੇ ਵਿਰੋਧ ਕੀਤਾ ਹੈ।

ਇਸ ਬੈਠਕ ਵਿੱਚ ਹਾਜ਼ਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਦੀਪ ਸਿੰਘ ਰੰਧਾਵਾ ਨੇ ਦਾਅਵਾ ਕੀਤਾ ਕਿ ਜਦੋਂ ਰਾਜਪਾਲ ਨੇ ਸਰਜੀਕਲ-ਸਟਰਾਇਕ ਦੀ ਸਿਫਾਰਿਸ਼ ਕਰਨ ਦੀ ਗੱਲ ਕਹੀ ਤਾਂ ਉਨ੍ਹਾਂ ਇਸ ਦਾ ਵਿਰੋਧ ਕੀਤਾ ਸੀ।

ਰੰਧਾਵਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਮੈਂ ਉਨ੍ਹਾਂ ਅੱਗੇ ਬੇਨਤੀ ਕੀਤੀ ਕਿ ਸਰਜੀਕਲ ਸਟਰਾਇਕ ਦੀ ਗੱਲ ਨਾ ਕਰੋ। ਕੋਈ ਅਜਿਹੇ ਯੰਤਰ ਲਾ ਦਿਓ ਬਾਰਡਰ ਉੱਤੇ ਜਿਸ ਨਾਲ ਆਉਣ ਵਾਲੇ ਡਰੌਨ ਨਸ਼ਟ ਕੀਤੇ ਜਾ ਸਕਣ।’’

ਰੰਧਾਵਾ ਨੇ ਸਵਾਲ ਕੀਤਾ ਕਿ ਸਰਹੱਦ ਤਾਂ ਦੂਜੇ ਸੂਬਿਆਂ ਦੀ ਵੀ ਪਾਕਿਸਤਾਨ ਨਾਲ ਲੱਗਦੀ ਹੈ, ਨਸ਼ਾ ਤਸਕਰੀ ਉੱਥੇ ਵੀ ਹੁੰਦੀ ਹੈ, ਪਰ ਅਜਿਹੀਆਂ ਗੱਲਾਂ ਪੰਜਾਬ ਵਿੱਚ ਹੀ ਕਿਉਂ ਕੀਤੀਆਂ ਜਾਂਦੀਆਂ ਹਨ।

ਬਨਵਾਰੀ ਲਾਲ ਪ੍ਰੋਹਿਤ ਦਾ ਸਖਤ ਰੁਖ

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਕੋਈ ਤਿੱਖਾ ਬਿਆਨ ਦਿੱਤਾ ਹੋਵੇ। ਉਹ ਅਕਸਰ ਹੀ ਆਪਣੇ ਬਿਆਨਾਂ ਅਤੇ ਗੱਲਾਂ ਨੂੰ ਲੈ ਕੇ ਚਰਚਾ ਵਿੱਚ ਰਹਿੰਦੇ ਹਨ। ਭਗਵੰਤ ਮਾਨ ਸਰਕਾਰ ਨਾਲ ਉਨ੍ਹਾਂ ਦਾ ਟਕਰਾਅ ਕਿਸੇ ਤੋਂ ਲੁਕਿਆ ਨਹੀਂ ਹੈ।

ਇਸ ਤੋਂ ਪਹਿਲਾਂ ਅਜਿਹੇ ਕਈ ਮੌਕੇ ਆਏ ਹਨ ਜਦੋਂ ਉਨ੍ਹਾਂ ਨੇ ਤਿੱਖੇ ਬਿਆਨ ਦਿੱਤੇ ਜਾਂ ਸਖ਼ਤ ਰੁਖ ਦਿਖਾਇਆ:

ਬਨਵਾਰੀ ਲਾਲ ਪ੍ਰੋਹਿਤ

ਤਸਵੀਰ ਸਰੋਤ, ANI

  • ਰਾਜਪਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੁਝ ਮਾਮਲਿਆਂ ਸਬੰਧੀ ਲਿਖੀ ਚਿੱਠੀ ਦਾ ਜਵਾਬ ਨਾ ਦੇਣ ਦੇ ਸਬੰਧ ਵਿੱਚ ਸਖ਼ਤ ਰਵੱਈਆ ਦਿਖਾਇਆ ਸੀ। ਉਨ੍ਹਾਂ ਕਿਹਾ ਸੀ ਕਿ ਜੇ ਸੀਐਮ ਨੇ ਜਵਾਬ ਨਹੀਂ ਦਿੱਤਾ ਤਾਂ ਉਹ ਕਾਨੂੰਨੀ ਸਲਾਹ ਲੈਣਗੇ। ਉਨ੍ਹਾਂ ਨੇ ਆਪਣੀ ਚਿੱਠੀ ਵੀ ਮੀਡੀਆ ਵੀ ਸਾਂਝੀ ਕਰ ਦਿੱਤੀ ਸੀ।
  • ਉਨ੍ਹਾਂ ਨੇ ਸਰਕਾਰ ਦੁਆਰਾ ਪੰਜਾਬ ਦੇ ਸਰਕਾਰੀ ਸਕੂਲਾਂ ਦੇ 39 ਪ੍ਰਿੰਸੀਪਲਾਂ ਨੂੰ ਸਿੰਘਾਪੁਰ ਤੋਂ ਸਿਖਲਾਈ ਦੁਆਉਣ ਲਈ ਕਰਵਾਏ ਦੌਰੇ ਉੱਤੇ ਸਵਾਲ ਖੜ੍ਹੇ ਕਰਦਿਆਂ ਇਸ ਵਿਚ ਘਪਲਾ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਸੀ।
  • ਉਨ੍ਹਾਂ, ਪੰਜਾਬ ਇਨਫਾਰਮੇਸ਼ਨ ਐਂਡ ਕਮਿਊਨੀਕੇਸ਼ਨ ਐਂਡ ਟੈਕਨੋਲੌਜੀ ਲਿਮੀਟਡ ਦੇ ਨਵ-ਨਿਯੁਕਤ ਚੇਅਰਮੈਨ ਗੁਰਿੰਦਰਜੀਤ ਸਿੰਘ ਜਵੰਦਾ ਦੀ ਨਿਯੁਕਤੀ ਦਾ ਚੁੱਕਿਆ ਸੀ ਅਤੇ ਆਪਣੇ ਪੱਤਰ ਵਿੱਚ ਜਵੰਦਾ ਬਾਰੇ ਅਗਵਾਕਰਨ ਅਤੇ ਜਾਇਦਾਦ ਕਬਜ਼ਾਉਣ ਤੇ ਮਾਮਲਿਆਂ ਵਿਚ ਸ਼ਮੂਲੀਅਤ ਦੀ ਗੱਲ ਕਹੀ ਸੀ।
  • ਚੰਡੀਗੜ੍ਹ ਵਿੱਚ 8 ਅਕਤੂਬਰ ਨੂੰ ਭਾਰਤੀ ਹਵਾਈ ਫੌਜ ਦੇ 90ਵੇਂ ਸਥਾਪਨਾ ਦਿਵਸ ਮੌਕੇ ਰੱਖੇ ਗਏ ਇੱਕ ਪ੍ਰੋਗਰਾਮ ਵਿੱਚ ਪੰਜਾਬ ਦੇ ਰਾਜਪਾਲ ਨੇ ਭਗਵੰਤ ਮਾਨ ਦੀ ਗ਼ੈਰ ਮੌਜੂਦੀ 'ਤੇ ਸਵਾਲ ਚੁੱਕੇ ਸਨ।
  • ਉਨ੍ਹਾਂ ਕਿਹਾ ਸੀ, "ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਸੱਦਾ ਦਿੱਤਾ ਸੀ, ਮੇਰੀ ਉਨ੍ਹਾਂ ਨਾਲ ਗੱਲ ਵੀ ਹੋਈ ਸੀ ਤੇ ਉਨ੍ਹਾਂ ਨੇ ਸੱਦਾ ਸਵੀਕਾਰ ਵੀ ਕੀਤਾ ਸੀ।"
  • "ਉਨ੍ਹਾਂ ਦੀ ਥਾਂ ਉਨ੍ਹਾਂ ਦੇ ਨੁਮਾਇੰਦੇ ਨੂੰ ਭੇਜਿਆ ਗਿਆ ਹੈ। ਉਨ੍ਹਾਂ ਦਾ ਕਿਤੇ ਹੋਰ ਥਾਂ ਜਾਣਾ ਜ਼ਰੂਰੀ ਹੋਵੇਗਾ, ਪਰ ਕਿੰਨਾ ਵੀ ਵੱਡਾ ਕੰਮ ਹੋਵੇ, ਸੰਵਿਧਾਨਕ ਅਹੁਦੇ 'ਤੇ ਹੁੰਦਿਆਂ ਹੋਇਆ, ਉਨ੍ਹਾਂ ਨੂੰ ਆਉਣਾ ਚਾਹੀਦਾ ਸੀ।"
  • ਪਹਿਲਾਂ ਕੀਤੇ ਸਰਹੱਦੀ ਜ਼ਿਲ੍ਹਿਆਂ ਦੇ ਦੌਰੇ ਦੌਰਾਨ ਉਨ੍ਹਾਂ ਪੰਜਾਬ ਦੇ ਸੀਨੀਅਰ ਪੁਲਿਸ ਪ੍ਰਸ਼ਾਸਨ ਤੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਪੰਜਾਬ ਪੁਲਿਸ ਤੇ ਨਸ਼ਾ ਤਸਕਰਾਂ ਦੇ ਗਠਜੋੜ ਹੋਣ ਦੀ ਗੱਲ ਕਹੀ ਸੀ।
  • ਪੰਜਾਬ ਐਗਰੀਕਲਚਰ ਯੂਨੀਵਰਸਿਟੀ (ਪੀਏਯੂ) ਦੇ ਵਾਇਸ ਚਾਂਸਲਰ ਦੀ ਨਿਯੁਕਤੀ ਦੇ ਮੁੱਦੇ ਉਨ੍ਹਾਂ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਪੀਏਯੂ ਦੇ ਵਾਇਸ ਚਾਂਸਲਰ ਨੂੰ ਹਟਾਉਣ ਦੀ ਮੰਗ ਕੀਤੀ ਸੀ ਅਤੇ ਕਿਹਾ ਸੀ ਕਿ ਨਿਯੁਕਤੀ ਦੌਰਾਨ ਯੂਜੀਸੀ ਦੇ ਨਿਯਮਾਂ ਦੀ ਪਾਲਣਾ ਨਹੀਂ ਹੋਈ ਅਤੇ ਇਹ ਗ਼ੈਰ-ਕਾਨੂੰਨੀ ਹੈ। ਉਨ੍ਹਾਂ ਕਿਹਾ ਸੀ, "ਪੰਜਾਬ ਸਰਕਾਰ ਦੀ ਇਹ ਕਾਰਵਾਈ ਪੂਰੀ ਤਰ੍ਹਾਂ ਗ਼ੈਰ-ਕਾਨੂੰਨੀ ਹੈ ਅਤੇ ਇਸ ਨੂੰ ਕਿਸੇ ਤਰਕ ਨਾਲ ਸਵੀਕਾਰ ਨਹੀਂ ਕੀਤਾ ਜਾ ਸਕਦਾ।"
  • ਪੰਜਾਬ ਵਿਧਾਨ ਸਭਾ ਦੇ ਸੈਸ਼ਨ ਨੂੰ ਲੈ ਕੇ ਜਦੋਂ ਸੀਐਮ ਮਾਨ ਨੇ ਰਾਜਪਾਲ ਦੇ ਦਖਲ 'ਤੇ ਇਤਰਾਜ਼ ਜਤਾਇਆ ਸੀ ਤਾਂ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਮੁੱਖ ਮੰਤਰੀ ਨੂੰ ਲਿਖਿਆ ਸੀ, "ਅੱਜ ਦੇ ਅਖਬਾਰਾਂ ਵਿੱਚ ਤੁਹਾਡੇ ਬਿਆਨ ਪੜ੍ਹ ਕੇ ਮੈਨੂੰ ਲੱਗਦਾ ਹੈ ਕਿ ਸ਼ਾਇਦ ਤੁਸੀਂ ਮੇਰੇ ਨਾਲ 'ਬਹੁਤ ਜ਼ਿਆਦਾ' ਗੁੱਸੇ ਹੋ। ਮੈਨੂੰ ਲਗਦਾ ਹੈ ਕਿ ਤੁਹਾਡੇ ਕਾਨੂੰਨੀ ਸਲਾਹਕਾਰ ਤੁਹਾਨੂੰ ਠੀਕ ਢੰਗ ਨਾਲ ਜਾਣਕਾਰੀ ਨਹੀਂ ਦੇ ਰਹੇ ਹਨ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)