ਫਰਾਂਸ ’ਚ ਮਨੁੱਖੀ ਤਸਕਰੀ ਦੇ ਸ਼ੱਕ ’ਚ ਰੋਕਿਆ ਜਹਾਜ਼ ਭਾਰਤ ਪਹੁੰਚਿਆ, ਹੁਣ ਤੱਕ ਇਹ ਖੁਲਾਸੇ ਹੋਏ

ਤਸਵੀਰ ਸਰੋਤ, ani
ਮਨੁੱਖੀ ਤਸਕਰੀ ਦੇ ਸ਼ੱਕ ਵਿੱਚ ਫਰਾਂਸ ਦੇ ਇੱਕ ਹਵਾਈ ਅੱਡੇ 'ਤੇ ਕਈ ਦਿਨਾਂ ਤੱਕ ਸੈਂਕੜੇ ਭਾਰਤੀ ਨਾਗਰਿਕਾਂ ਨੂੰ ਲੈ ਕੇ ਖੜ੍ਹਾ ਇੱਕ ਜਹਾਜ਼ ਭਾਰਤ ਪਹੁੰਚ ਗਿਆ ਹੈ।
ਇਹ ਜਹਾਜ਼ ਮੁੰਬਈ ਦੇ ਛਤਰਪਤੀ ਸ਼ਿਵਾ ਜੀ ਮਹਾਰਾਜ ਇੰਟਰਨੈਸ਼ਨਲ ਹਵਾਈ ਅੱਡੇ ਉੱਤੇ ਪਹੁੰਚਿਆ ਹੈ।
ਇਸ ਜਹਾਜ਼ ਵਿੱਚ ਭਾਰਤ ਪਰਤੇ ਭਾਰਤੀਆਂ ਵਿੱਚ ਬਹੁਤੇ ਗੁਜਰਾਤੀ ਦੱਸੇ ਜਾ ਰਹੇ ਹਨ, ਹਾਲਾਂਕਿ ਪੰਜਾਬੀ ਮੂਲ ਦੇ ਲੋਕ ਵੀ ਇਸ ਵਿੱਚ ਸ਼ਾਮਲ ਹਨ। ਇਹ ਸਾਰੇ ਲੋਕ ਮੀਡੀਆ ਨਾਲ ਗੱਲਬਾਤ ਕਰਨ ਤੋਂ ਬਚਦੇ ਨਜ਼ਰ ਆਏ।
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਮੁੰਬਈ ਪਰਤੇ ਇਨ੍ਹਾਂ ਲੋਕਾਂ ਨੂੰ ਫਰਾਂਸ ਤੋਂ ਡਿਪੋਰਟ ਕੀਤਾ ਗਿਆ ਹੈ।
ਚਾਰਟਰਡ ਏਅਰਬੱਸ ਏ340 ਸੰਯੁਕਤ ਅਰਬ ਅਮੀਰਾਤ (ਯੂਏਈ) ਤੋਂ ਨਿਕਾਰਾਗੁਆ ਲਈ ਉਡਾਣ ਭਰ ਰਿਹਾ ਸੀ ਤਾਂ ਇਸ ਦੇ ਤਕਨੀਕੀ ਸਟਾਪਓਵਰ ਦੌਰਾਨ ਸ਼ੱਕ ਪੈਦਾ ਹੋਇਆ।
ਇਹ ਜਹਾਜ਼ 276 ਯਾਤਰੀਆਂ ਦੇ ਨਾਲ ਵਾਪਸ ਭਾਰਤ ਰਵਾਨਾ ਹੋਇਆ ਪਰ ਦੋ ਨਾਬਾਲਗਾਂ ਸਮੇਤ 25 ਲੋਕ ਪਨਾਹ ਲੈਣ ਲਈ ਅਰਜ਼ੀ ਦੇਣ ਤੋਂ ਬਾਅਦ ਫਰਾਂਸ ਵਿੱਚ ਹੀ ਰਹੇ ਹਨ।
ਦੋ ਸ਼ੱਕੀ ਤਸਕਰਾਂ ਨੂੰ ਵੀ ਅਗਲੀ ਜਾਂਚ ਲਈ ਫਰਾਂਸ ਵਿੱਚ ਹੀ ਹਨ। ਹਾਲਾਂਕਿ ਅਦਾਲਤ ਨੇ ਦੋਵਾਂ ਨੂੰ ਰਿਹਾਅ ਕਰ ਦਿੱਤਾ ਸੀ।
ਲੀਜੈਂਡ ਏਅਰਲਾਈਨਜ਼ ਦੀ ਫਲਾਈਟ ਭਾਰਤੀ ਸਮੇਂ ਮੁਤਾਬਕ ਮੰਗਲਵਾਰ (26 ਦਸੰਬਰ) ਤੜਕੇ ਮੁੰਬਈ ਏਅਰਪੋਰਟ ’ਤੇ ਲੈਂਡ ਕੀਤੀ।
ਭਾਰਤੀ ਸਫ਼ਾਰਤਖ਼ਾਨੇ ਨੇ ਕੀਤਾ ਸ਼ੁਕਰੀਆ

ਤਸਵੀਰ ਸਰੋਤ, https://twitter.com/IndiaembFrance
ਸੋਮਵਾਰ ਨੂੰ ਫਰਾਂਸ ਵਿੱਚ ਭਾਰਤੀ ਸਫ਼ਾਰਤਖ਼ਾਨੇ ਨੇ ਫਰਾਂਸ ਦੀ ਸਰਕਾਰ ਅਤੇ ਵੈਟਰੀ ਏਅਰਪੋਰਟ ਦੇ ਅਧਿਕਾਰੀਆਂ ਨੂੰ ਯਾਤਰੀਆਂ ਦੀ ਮੇਜ਼ਬਾਨੀ ਲਈ ਸ਼ੁਕਰੀਆ ਅਦਾ ਕਿਹਾ।
ਸਫ਼ਾਰਤਖ਼ਾਨੇ ਨੇ ਐਕਸ ਉੱਤੇ ਆਪਣੀ ਪੋਸਟ ਵਿੱਚ ਲਿਖਿਆ, ‘‘ਫ੍ਰੈਂਚ ਸਰਕਾਰ ਅਤੇ ਵੈਟਰੀ ਏਅਰਪੋਰਟ ਦਾ ਤੁਰੰਤ ਹੱਲ ਕਰਨ ਅਤੇ ਮੇਜ਼ਬਾਨੀ ਲਈ ਧੰਨਵਾਦ, ਜਿਸ ਸਦਕਾ ਭਾਰਤੀ ਯਾਤਰੀ ਘਰ ਪਰਤਣ ਵਿੱਚ ਸਫ਼ਲ ਹੋਏ।’’
‘‘ਧੰਨਵਾਦ ਇਸ ਲਈ ਵੀ ਕਿ ਉਨ੍ਹਾਂ ਅੰਬੈਸੀ ਟੀਮ ਨਾਲ ਨੇੜਤਾ ਨਾਲ ਕੰਮ ਕੀਤਾ ਅਤੇ ਹਮੇਸ਼ਾ ਉੱਥੇ ਰਹੇ ਤਾਂ ਜੋ ਯਾਤਰੀਆਂ ਦੀ ਦੇਖਭਾਲ ਅਤੇ ਸੁਰੱਖਿਅਤ ਵਾਪਸੀ ਹੋ ਸਕੇ। ਭਾਰਤ ਦੀਆਂ ਏਜੰਸੀਆਂ ਦਾ ਵੀ ਧੰਨਵਾਦ।’’
ਫਲਾਈਟ ਵਾਪਸ ਭਾਰਤ ਕਿਉਂ ਗਈ, ਇਸ ਬਾਰੇ ਵੀ ਅਸਪਸ਼ਟਤਾ

ਤਸਵੀਰ ਸਰੋਤ, AFP
ਪੈਰਿਸ ਦੇ ਸਰਕਾਰੀ ਵਕੀਲਾਂ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੂੰ ਇੱਕ ਅਗਿਆਤ ਸੂਚਨਾ ਮਿਲਣ ਤੋਂ ਬਾਅਦ ਵੀਰਵਾਰ (21 ਦਸੰਬਰ) ਨੂੰ ਪੈਰਿਸ ਤੋਂ ਲਗਭਗ 130 ਕਿਲੋਮੀਟਰ ਦੂਰ ਚੱਲੋਨਸ-ਵੈਟਰੀ ਹਵਾਈ ਅੱਡੇ ਨੂੰ ਛੱਡਣ ਤੋਂ ਪਹਿਲਾਂ ਇਸ ਜਹਾਜ਼ ਨੂੰ ਰੋਕਿਆ ਗਿਆ ਸੀ, ਉਨ੍ਹਾਂ ਨੂੰ ਸ਼ੱਕ ਸੀ ਕਿ ਕੁਝ ਯਾਤਰੀ "ਮਨੁੱਖੀ ਤਸਕਰੀ ਦੇ ਸ਼ਿਕਾਰ" ਹੋ ਸਕਦੇ ਹਨ।
ਮੰਨਿਆ ਜਾਂਦਾ ਹੈ ਕਿ ਜਹਾਜ਼ ਵਿੱਚ ਸਵਾਰ ਜ਼ਿਆਦਾਤਰ ਭਾਰਤੀ ਨਾਗਰਿਕ ਹਨ ਜੋ ਯੂਏਈ ਵਿੱਚ ਕੰਮ ਕਰ ਰਹੇ ਹਨ। ਇੱਕ ਤਿਹਾਈ ਯਾਤਰੀ ਭਾਰਤ ਦੇ ਪੱਛਮੀ ਸੂਬੇ ਗੁਜਰਾਤ ਤੋਂ ਦੱਸੇ ਜਾਂਦੇ ਹਨ।
ਫ੍ਰੈਂਚ ਅਧਿਕਾਰੀਆਂ ਨੂੰ ਕਥਿਤ ਤੌਰ 'ਤੇ ਇਹ ਵੀ ਸ਼ੱਕ ਹੈ ਕਿ ਜਹਾਜ਼ ਵਿੱਚ ਸਵਾਰ ਲੋਕ ਅਮਰੀਕਾ ਜਾਂ ਕੈਨੇਡਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਨਿਕਾਰਾਗੁਆ ਦੀ ਯਾਤਰਾ ਕਰ ਰਹੇ ਸਨ।
ਇਹ ਸਪੱਸ਼ਟ ਨਹੀਂ ਸੀ ਕਿ ਕੀ ਜਹਾਜ਼ ਨੂੰ ਰਵਾਨਾ ਹੋਣ ਦੇਣ ਤੋਂ ਪਹਿਲਾਂ ਅਧਿਕਾਰੀਆਂ ਨੇ ਨਿਸ਼ਚਤ ਤੌਰ 'ਤੇ ਤੈਅ ਕੀਤਾ ਸੀ ਕਿ ਕੋਈ ਅਪਰਾਧ ਨਹੀਂ ਕੀਤਾ ਗਿਆ ਸੀ।
ਇਹ ਵੀ ਅਸਪਸ਼ਟ ਹੈ ਕਿ ਫਲਾਈਟ ਨਿਕਾਰਾਗੁਆ ਲਈ ਆਪਣੀ ਯਾਤਰਾ ਮੁੜ ਸ਼ੁਰੂ ਕਰਨ ਦੀ ਬਜਾਏ ਮੁੰਬਈ ਕਿਉਂ ਗਈ।
ਔਨਲਾਈਨ ਫਲਾਈਟ ਟਰੈਕਰ ਫਲਾਈਟਰਡਾਰ ਅਨੁਸਾਰ, ਲੀਜੈਂਡ ਏਅਰਲਾਈਨਜ਼ ਚਾਰ ਜਹਾਜ਼ਾਂ ਦੇ ਫਲੀਟ ਵਾਲੀ ਇੱਕ ਰੋਮਾਨੀਅਨ ਚਾਰਟਰ ਏਅਰਲਾਈਨ ਹੈ।

ਤਸਵੀਰ ਸਰੋਤ, HTTPS://LEGENDAIRLINES.RO/
ਫ੍ਰੈਂਚ ਮੀਡੀਆ ਦੀ ਰਿਪੋਰਟ ਮੁਤਾਬਕ 303 ਭਾਰਤੀ ਯਾਤਰੀਆਂ ਨੂੰ ਲੈ ਕੇ ਉੱਤਰ-ਪੂਰਬੀ ਫਰਾਂਸ ਦੇ ਇੱਕ ਹਵਾਈ ਅੱਡੇ 'ਤੇ ਇੱਕ ਜਹਾਜ਼ ਨੂੰ ਮਨੁੱਖੀ ਤਸਕਰੀ ਦੇ ਸ਼ੱਕ ਵਿੱਚ 21 ਦਸੰਬਰ ਨੂੰ ਉਤਾਰ ਦਿੱਤਾ ਗਿਆ।
ਏਅਰਬੱਸ ਏ340 ਨਾਮ ਦਾ ਇਹ ਜਹਾਜ਼ ਸੰਯੁਕਤ ਅਰਬ ਅਮੀਰਾਤ ਤੋਂ ਨਿਕਾਰਾਗੁਆ ਦੀ ਰਾਜਧਾਨੀ ਮਾਨਾਗੁਆ ਜਾ ਰਿਹਾ ਸੀ।
ਸਰਕਾਰੀ ਵਕੀਲਾਂ ਦਾ ਕਹਿਣਾ ਸੀ ਕਿ ਇਸ ਜਹਾਜ਼ ਨੂੰ ਵੀਰਵਾਰ (21 ਦਸੰਬਰ) ਨੂੰ ਇੱਕ ਛੋਟੇ ਵੈਟਰੀ ਹਵਾਈ ਅੱਡੇ 'ਤੇ ਇੱਕ ਤਕਨੀਕੀ ਸਟਾਪਓਵਰ ਦੌਰਾਨ "ਅਗਿਆਤ ਟਿਪ-ਆਫ (ਸੂਹ)" ਮਿਲਣ ਮਗਰੋਂ ਉਤਾਰਿਆ ਗਿਆ ਸੀ।
ਮਾਰਨੇ ਪ੍ਰੀਫੈਕਟ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਪਹਿਲਾਂ ਯਾਤਰੀਆਂ ਨੂੰ ਜਹਾਜ਼ ਵਿਚ ਹੀ ਰਹਿਣ ਦੀ ਇਜਾਜ਼ਤ ਦਿੱਤੀ ਗਈ ਸੀ, ਪਰ ਬਾਅਦ ਵਿਚ ਹਵਾਈ ਅੱਡੇ ਦੇ ਆਗਮਨ ਲਾਉਂਜ ਨੂੰ ਬੈੱਡ ਲਗਾ ਕੇ ਵੇਟਿੰਗ ਏਰੀਆ ’ਚ ਬਦਲ ਦਿੱਤਾ ਗਿਆ ਸੀ।












