ਫਰਾਂਸ ’ਚ ਮਨੁੱਖੀ ਤਸਕਰੀ ਦੇ ਸ਼ੱਕ ’ਚ ਜਹਾਜ਼ ਨੂੰ ਰੋਕਿਆ, 303 ਭਾਰਤੀ ਸਵਾਰ, ਹੁਣ ਤੱਕ ਕੀ-ਕੀ ਪਤਾ

ਲੇਜੇਂਡ ਏਅਰਲਾਈਨਜ਼

ਤਸਵੀਰ ਸਰੋਤ, https://legendairlines.ro/

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਫ੍ਰੈਂਚ ਮੀਡੀਆ ਦੀ ਰਿਪੋਰਟ ਮੁਤਾਬਕ 303 ਭਾਰਤੀ ਯਾਤਰੀਆਂ ਨੂੰ ਲੈ ਕੇ ਉੱਤਰ-ਪੂਰਬੀ ਫਰਾਂਸ ਦੇ ਇੱਕ ਹਵਾਈ ਅੱਡੇ 'ਤੇ ਇੱਕ ਜਹਾਜ਼ ਨੂੰ ਮਨੁੱਖੀ ਤਸਕਰੀ ਦੇ ਸ਼ੱਕ ਵਿੱਚ ਉਤਾਰ ਦਿੱਤਾ ਗਿਆ ਹੈ।

ਏਅਰਬੱਸ ਏ340 ਨਾਮ ਦਾ ਇਹ ਜਹਾਜ਼ ਸੰਯੁਕਤ ਅਰਬ ਅਮੀਰਾਤ ਤੋਂ ਨਿਕਾਰਾਗੁਆਨ ਦੀ ਰਾਜਧਾਨੀ ਮਾਨਾਗੁਆ ਜਾ ਰਿਹਾ ਸੀ।

ਸਰਕਾਰੀ ਵਕੀਲਾਂ ਦਾ ਕਹਿਣਾ ਹੈ ਕਿ ਇਸ ਜਹਾਜ਼ ਨੂੰ ਵੀਰਵਾਰ ਨੂੰ ਇੱਕ ਛੋਟੇ ਵੈਟਰੀ ਹਵਾਈ ਅੱਡੇ 'ਤੇ ਇੱਕ ਤਕਨੀਕੀ ਸਟਾਪਓਵਰ ਦੌਰਾਨ "ਅਗਿਆਤ ਟਿਪ-ਆਫ (ਸ਼ੂਹ)" ਮਿਲਣ ਮਗਰੋਂ ਉਤਾਰਿਆ ਗਿਆ ਸੀ।

ਕਈ ਲੋਕ ਹਵਾਈ ਅੱਡੇ 'ਤੇ ਨਜ਼ਰਬੰਦ ਹਨ ਤੇ ਇਸ ਹਵਾਈ ਅੱਡੇ ਨੂੰ ਪੁਲਿਸ ਨੇ ਸੀਲ ਕਰ ਦਿੱਤਾ ਹੈ।

ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਯਾਤਰਾ ਦੇ ਹਾਲਾਤ ਅਤੇ ਮਕਸਦ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਕੁਝ ਯਾਤਰੀਆਂ ਨੂੰ ਗੈਰ-ਕਾਨੂੰਨੀ ਪ੍ਰਵਾਸੀ ਮੰਨਿਆ ਜਾ ਰਿਹਾ ਹੈ। ਦੋ ਯਾਤਰੀਆਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ।

ਮਾਰਨੇ ਪ੍ਰੀਫੈਕਟ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਪਹਿਲਾਂ ਯਾਤਰੀਆਂ ਨੂੰ ਜਹਾਜ਼ ਵਿਚ ਹੀ ਰਹਿਣ ਦੀ ਇਜਾਜ਼ਤ ਦਿੱਤੀ ਗਈ ਸੀ, ਪਰ ਬਾਅਦ ਵਿਚ ਹਵਾਈ ਅੱਡੇ ਦੇ ਆਗਮਨ ਲਾਉਂਜ ਨੂੰ ਬੈੱਡ ਲਗਾ ਕੇ ਵੇਟਿੰਗ ਏਰੀਆ ’ਚ ਬਦਲ ਦਿੱਤਾ ਗਿਆ ਸੀ।

ਇਹ ਜਹਾਜ਼ ਰੋਮਾਨੀਆ ਦੀ ਚਾਰਟਰ ਕੰਪਨੀ ਲੀਜੈਂਡ ਏਅਰਲਾਈਨਜ਼ ਦਾ ਹੈ।

ਇਸ ਕੰਪਨੀ ਦੇ ਵਕੀਲ ਲਿਲੀਆਨਾ ਬਕਾਯੋਕੋ ਨੇ ਫ੍ਰੈਂਚ ਨਿਊਜ਼ ਚੈਨਲ ਬੀਐੱਫ਼ਐੱਮਟੀਵੀ ਨੂੰ ਦੱਸਿਆ ਕਿ ਉਹ ਫਰਾਂਸੀਸੀ ਅਧਿਕਾਰੀਆਂ ਨਾਲ ਸਹਿਯੋਗ ਕਰਨ ਲਈ ਤਿਆਰ ਹਨ ਅਤੇ ਉਮੀਦ ਹੈ ਕਿ ਜਹਾਜ਼ ਅਗਲੇ ਕੁਝ ਦਿਨਾਂ ਵਿੱਚ ਅੱਗੇ ਵਧੇਗਾ।

ਭਾਰਤ ਨੇ ਕੀ ਦੱਸਿਆ

ਵੈਟਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੁਲਿਸ ਨੇ ਵੈਟਰੀ ਹਵਾਈ ਅੱਡੇ ਨੂੰ ਲੀਲ ਕਰ ਦਿੱਤਾ ਹੈ

ਫਰਾਂਸ ਵਿੱਚ ਮੌਜੂਦ ਭਾਰਤੀ ਸਫ਼ਾਰਤਖ਼ਾਨੇ ਨੇ ਆਪਣੇ ਅਧਿਕਾਰਤ ਐਕਸ ਅਕਾਊਂਟ ਤੋਂ ਇਸ ਮਾਮਲੇ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਇਹ ਜਾਣਕਾਰੀ 22 ਦਸੰਬਰ ਦੀ ਰਾਤ ਕਰੀਬ ਸਾਢੇ 10 ਵਜੇ ਸਾਂਝੀ ਕੀਤੀ ਗਈ ਹੈ।

ਐਕਸ ਉੱਤੇ ਲਿਖਿਆ ਗਿਆ ਹੈ, ‘‘ਫ੍ਰੈਂਚ ਅਧਿਕਾਰੀਆਂ ਨੇ ਸਾਨੂੰ ਦੱਸਿਆ ਹੈ ਕਿ ਜਹਾਜ਼ ਵਿੱਚ 303 ਲੋਕ ਸ਼ਾਮਲ ਹਨ ਅਤੇ ਬਹੁਤੇ ਭਾਰਤੀ ਮੂਲ ਦੇ ਹਨ। ਇਹ ਜਹਾਜ਼ ਦੁਬਈ ਤੋਂ ਨਿਕਾਰਾਗੁਆਨ ਜਾ ਰਿਹਾ ਸੀ ਅਤੇ ਇੱਕ ਟੈਕਨੀਕਲ ਹਾਲਟ ਦੇ ਤੌਰ ਉੱਤੇ ਫ੍ਰੈਂਚ ਏਅਰਪੋਰਟ ਉੱਤੇ ਡਿਟੇਨ ਕੀਤਾ ਗਿਆ ਹੈ।’’

‘‘ਅੰਬੈਸੀ ਦੀ ਟੀਮ ਉੱਥੇ ਪਹੁੰਚ ਗਈ ਹੈ ਅਤੇ ਕੌਂਸਲਰ ਐਕਸੈਸ ਮਿਲ ਗਿਆ ਹੈ। ਅਸੀਂ ਹਾਲਾਤ ਦੀ ਪੜਤਾਲ ਕਰ ਰਹੇ ਹਾਂ ਅਤੇ ਯਾਤਰੀਆਂ ਦੀ ਤੰਦਰੁਸਤੀ ਨੂੰ ਵੀ ਯਕੀਨੀ ਬਣਾ ਰਹੇ ਹਾਂ।’’

ਇਸ ਜਹਾਜ਼ ਬਾਰੇ ਹੋਰ ਕੀ-ਕੀ ਪਤਾ

ਵੈਟਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵੈਟਰੀ ਹਵਾਈ ਅੱਡਾ

ਖ਼ਬਰ ਏਜੰਸੀ ਰਾਇਟਰਜ਼ ਦੀ ਰਿਪੋਰਟ ਮੁਤਾਬਕ ਇਹ ਚਾਰਟਰ ਫਲਾਈਟ ਨਿਕਾਰਾਗੁਆਨ ਵੱਲ ਜਾ ਰਹੀ ਸੀ ਅਤੇ ਇਸ ਵਿੱਚ 303 ਭਾਰਤੀ ਸਵਾਰ ਸਨ।

ਏਜੰਸੀ ਮੁਤਾਬਕ ਇਸ ਬਾਰੇ ਇੱਕ ਜੁਡੀਸ਼ੀਅਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਸ ਯਾਤਰਾ ਦੇ ਹਾਲਾਤ ਅਤੇ ਮਕਸਦ ਕੀ ਸਨ।

ਪੈਰਿਸ ਦੇ ਸਰਕਾਰੀ ਵਕੀਲ ਨੇ ਦੱਸਿਆ ਕਿ ਸੰਗਠਿਤ ਅਪਰਾਧ ਬਾਰੇ ਇੱਕ ਸਪੈਸ਼ਲ ਯੂਨਿਟ ਮਨੁੱਖੀ ਤਸਕਰੀ ਦੇ ਸ਼ੱਕ ਵਿੱਚ ਪੜਤਾਲ ਕਰ ਰਹੀ ਹੈ ਅਤੇ ਇਸ ਸਿਲਸਿਲੇ ਤਹਿਤ ਦੋ ਲੋਕਾਂ ਨੂੰ ਜਾਂਚ ਲਈ ਹਿਰਾਸਤ ਵਿੱਚ ਲਿਆ ਗਿਆ ਹੈ।

ਇਹ ਵੀ ਦੱਸਿਆ ਗਿਆ ਹੈ ਕਿ ਅਧਿਕਾਰੀਆਂ ਨੂੰ ਇੱਕ ਅਗਿਆਤ ਸੂਹ ਮਿਲੀ ਸੀ, ਜਿਸ ਦੇ ਆਧਾਰ ਉੱਤੇ ਐਕਸ਼ਨ ਲਿਆ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)