ਅੰਮ੍ਰਿਤਸਰ ਸ਼ਰਾਬ ਕਾਂਡ : 'ਬੱਚਿਆਂ ਦੀ ਨਾ ਮਾਂ ਰਹੀ ਨਾ ਪਿਓ'- ਆਖ਼ਰੀ ਸਮੇਂ ਮ੍ਰਿਤਕਾਂ ਦੀ ਹਾਲਤ ਕਿਹੋ ਜਿਹੀ ਹੋਈ

ਤਸਵੀਰ ਸਰੋਤ, Ravinder Singh Robin/BBC
ਅੰਮ੍ਰਿਤਸਰ ਦੇ ਮਜੀਠਾ ਵਿੱਚ ਸੋਮਵਾਰ ਰਾਤ ਨੂੰ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ 21 ਹੋ ਗਈ ਹੈ।
ਮੁੱਖ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ''ਇਹ ਮੌਤਾਂ ਨਹੀਂ ਕਤਲ ਹੀ ਹਨ ਅਤੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਭਾਵੇਂ ਕੋਈ ਕਿੰਨਾ ਵੀ ਪਾਵਰਫੁੱਲ ਹੋਵੇ।''
ਮੁੱਖ ਮੰਤਰੀ ਨੇ ਦਾਅਵਾ ਕੀਤਾ, ''ਹੁਣ ਤੱਕ 10 ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਹਨ ਅਤੇ ਇਸ ਨੈਕਸਸ ਦੀਆਂ ਜੜ੍ਹਾਂ ਤੱਕ ਜਾਵਾਂਗੇ। ਇਸ ਵਿੱਚ ਕੋਈ ਪਾਵਰਫੁੱਲ ਬੰਦਾ ਵੀ ਹੋ ਸਕਦਾ ਹੈ ਅਤੇ ਇਸ ਦੀਆਂ ਤਾਰਾਂ ਦਿੱਲੀ ਨਾਲ ਵੀ ਜੁੜਦੀਆਂ ਹਨ।''
ਉਨ੍ਹਾਂ ਕਿਹਾ, ''ਅਜਿਹਾ ਕੰਮ ਪੁਲਿਸ, ਅਫ਼ਸਾਹੀ ਤੇ ਸਿਆਸੀ ਸ਼ਹਿ ਤੋਂ ਬਿਨਾਂ ਨਹੀਂ ਹੋ ਸਕਦਾ, ਅਸੀਂ ਇਸ ਦੀਆਂ ਜੜ੍ਹਾਂ ਤੱਕ ਜਾਵਾਂਗੇ ਅਤੇ ਇਹ ਜੜ੍ਹਾਂ ਸਰਹੱਦੀ ਖੇਤਰ ਨਾਲ ਹੀ ਜੁੜੀਆਂ ਹੋਈਆਂ ਹਨ। ਇਸ ਬਾਰੇ ਮੈਂ ਅਜੇ ਨਹੀਂ ਦੱਸ ਸਕਦਾ।''
ਮੁੱਖ ਮੰਤਰੀ ਨੇ ਪੀੜਤਾਂ ਦੇ ਵਾਰਿਸਾਂ ਨੂੰ 10-10 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਅਤੇ ਯੋਗਤਾ ਮੁਤਾਬਕ ਹਰ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਕਰਨ ਦਾ ਐਲਾਨ ਕੀਤਾ।
ਉੱਧਰ ਵਿਰੋਧ ਪਾਰਟੀਆਂ ਦੇ ਆਗੂਆਂ ਨੂੰ ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਉਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਹੈ।

ਤਸਵੀਰ ਸਰੋਤ, AAP
ʻਇਨ੍ਹਾਂ ਬੱਚਿਆਂ ਦਾ ਨਾ ਮਾਂ ਤੇ ਨਾ ਪਿਉ ਰਿਹਾʼ
ਮ੍ਰਿਤਕ ਜੋਗਿੰਦਰ ਸਿੰਘ ਦੀ ਭੈਣ ਮਨਜੀਤ ਕੌਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ, "ਜ਼ਹਿਰੀਲੀ ਸ਼ਰਾਬ ਵੇਚਣ ਵਾਲਿਆਂ ਦੇ ਘਰ ਢਾਹੇ ਜਾਣ। ਮੇਰਾ ਭਰਾ ਗਰੀਬ ਸੀ। ਪਹਿਲਾ ਵੀ ਸ਼ਰਾਬ ਪੀਂਦਾ ਸੀ ਪਰ ਅਜਿਹੀ ਕਦੇ ਨਹੀਂ ਪੀਤੀ ਸੀ।
''ਜੋਗਿੰਦਰ ਸਿੰਘ 40 ਕੁ ਸਾਲ ਦੀ ਸੀ ਅਤੇ ਉਹ ਘਰ ਵਿੱਚ ਇਕੱਲਾ ਕੰਮ ਕਰਨ ਵਾਲਾ ਸੀ। ਹੁਣ ਇਨ੍ਹਾਂ ਬੱਚਿਆਂ ਦੀ ਨਾ ਮਾਂ ਹੈ ਤੇ ਨਾ ਹੀ ਪਿਉ ਰਿਹਾ।"
ਉਨ੍ਹਾਂ ਦੱਸਿਆ ਕਿ ਜੋਗਿੰਦਰ ਸਿੰਘ ਦੇ ਦੋ ਬੱਚੇ ਹਨ ਅਤੇ ਉਸ ਦੀ ਪਤਨੀ ਕੈਂਸਰ ਕੈਂਸਰ ਕਾਰਨ ਪਹਿਲਾਂ ਹੀ ਮੌਤ ਚੁੱਕੀ ਹੈ। ਬੱਚਿਆਂ ਦੀ ਦਾਦੀ ਦੀ ਵੀ ਪਹਿਲਾਂ ਹੀ ਚੁੱਕੀ ਹੈ।
"ਅਸੀਂ ਸਰਕਾਰ ਅੱਗੇ ਇਹੋ ਮੰਗ ਕਰਦੇ ਹਾਂ ਇਨ੍ਹਾਂ ਬੱਚਿਆਂ ਦਾ ਕੁਝ ਬਣ ਜਾਵੇ। ਇਹ ਕਿਵੇਂ ਰੋਟੀ ਕਮਾ ਕੇ ਖਾਣਗੇ।"

ਤਸਵੀਰ ਸਰੋਤ, Ravinder Singh Robin/BBC
ਜੋਗਿੰਦਰ ਸਿੰਘ ਭਤੀਜੀ ਸ਼ਿਖਾ ਦਾ ਕਹਿਣਾ ਹੈ, "ਸਾਡੀ ਸਰਕਾਰ ਨੂੰ ਮੰਗ ਹੈ ਜੇ ਇਸ ਤਰ੍ਹਾਂ ਦੀ ਨਸ਼ਾ ਰੋਜ਼ਾਨਾ ਵਿਕੇਗਾ ਤੇ ਰੋਜ਼ਾਨਾ ਇਸ ਤਰ੍ਹਾਂ ਦੁਨੀਆਂ ਮਰੇਗੀ ਤਾਂ ਕੀ ਬਣੇਗਾ। ਸਰਕਾਰ ਨੂੰ ਜੜੋਂ ਨਸ਼ਾ ਖ਼ਤਮ ਕਰਨਾ ਚਾਹੀਦਾ ਹੈ। ਪਿੰਡ ਵਿੱਚ ਹੁਣ ਤੋਂ ਨਹੀਂ ਕਾਫੀ ਚਿਰ ਤੋਂ ਨਸ਼ਾ ਹੈ।"

ਤਸਵੀਰ ਸਰੋਤ, Ravinder Singh Robin/BBC
ਪਿੰਡ ਮਡਰੀਕਲਾਂ ਦੇ ਹੀ ਸਰਬਜੀਤ ਸਿੰਘ ਦੀ ਪਤਨੀ ਕੰਵਲਜੀਤ ਕੌਰ ਨੇ ਉਸ ਦੇ ਆਖ਼ਰੀ ਸਮੇਂ ਬਾਰੇ ਦੱਸਿਆ।
ਕੰਵਲਜੀਤ ਕੌਰ ਨੇ ਦੱਸਿਆ, ''ਉਹ ਕਹਿੰਦੇ ਸੀ ਸਾਹ ਲੈਣਾ ਔਖਾ ਹੋ ਰਿਹਾ ਹੈ ਅਤੇ ਮੈਂ ਕਿਹਾ ਕਿ ਮੈਂ ਤੁਹਾਨੂੰ ਹਸਪਤਾਲ ਲੈ ਜਾਂਦੀ ਤਾਂ ਅੱਗੋ ਕਹਿਣ ਲੱਗੇ ਰਹਿਣ ਦੇ।"
"ਮੈਂ ਪੁੱਛਿਆ ਸ਼ਰਾਬ ਪੀਣ ਗਏ ਸੀ ਤਾਂ ਕਹਿੰਦੇ ਗਏ ਸੀ। ਫਿਰ ਸਾਹ ਹੀ ਘੁਟਦਾ ਗਿਆ, ਘਬਰਾਹਟ ਇੰਨੀ ਮਹਿਸੂਸ ਕੀਤੀ ਕੱਪੜੇ ਵੀ ਉਤਾਰ ਦਿੱਤੇ। ਇੱਕਦਮ ਹੀ ਠੰਢੇ ਪੈ ਗਏ ਸਨ।"
ਮ੍ਰਿਤਕ ਦੀ ਭਾਬੀ ਮਨਜੀਤ ਕੌਰ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਸ਼ਰਾਬ ਦਾ ਸੇਵਨ ਕਰਦੇ ਸੀ ਪਰ ਕਦੇ ਇੱਦਾਂ ਨਹੀਂ ਹੋਇਆ ਸੀ।
ਉਨ੍ਹਾਂ ਨੇ ਦੱਸਿਆ, "ਸਰਬਜੀਤ ਨੇ ਐਤਵਾਰ ਸ਼ਰਾਬ ਪੀਤੀ ਸੀ ਅਤੇ ਸੋਮਵਾਰ ਸਾਰਾ ਦਿਨ ਉਹ ਲੰਮੇ ਪਿਆ ਰਿਹਾ। ਕਰੀਬ ਤਿੰਨ ਕੁ ਵਜੇ ਉਸ ਨੂੰ ਘਬਰਾਹਟ ਸ਼ੁਰੂ ਹੋਈ ਤੇ ਉਸ ਹਸਪਤਾਲ ਲੈ ਕੇ ਗਏ। ਇੱਕ-ਦੋ ਹਸਪਤਾਲ ਲੈ ਕੇ ਗਏ ਪਰ ਡਾਕਟਰਾਂ ਨੇ ਜਵਾਬ ਦੇ ਦਿੱਤਾ ਤੇ ਰਾਤ 11 ਵਜੇ ਦੇ ਕਰੀਬ ਉਨ੍ਹਾਂ ਦੀ ਮੌਤ ਹੋ ਗਈ।"
ਉਨ੍ਹਾਂ ਨੇ ਦੱਸਿਆ ਕਿ ਸਰਬਜੀਤ ਦੀਆਂ ਪੰਜ ਬੇਟੀਆਂ ਹਨ ਅਤੇ ਉਨ੍ਹਾਂ ਦੀ ਪਤਨੀ ਲੋਕਾਂ ਦੇ ਘਰਾਂ ਦਾ ਕੰਮ ਕਰਦੀ ਹੈ। ਉਨ੍ਹਾਂ ਮੁਤਾਬਕ, ਸਰਬਜੀਤ ਜਿੰਨਾਂ ਕਮਾਉਂਦਾ ਸੀ ਸ਼ਰਾਬ ਵਿੱਚ ਲਗਾ ਦਿੰਦਾ ਸੀ।
ਲੋੜੀਂਦੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ-ਡੀਸੀ

ਤਸਵੀਰ ਸਰੋਤ, Ravinder Singh Robin/BBC
ਇਸ ਤੋਂ ਪਹਿਲਾਂ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ, "ਮਜੀਠਾ ਵਿੱਚ ਇੱਕ ਮੰਦਭਾਗੀ ਘਟਨਾ ਵਾਪਰੀ ਹੈ।
“ਸਾਨੂੰ ਕੱਲ੍ਹ ਰਾਤ ਪਤਾ ਲੱਗਾ, ਸਾਨੂੰ 5 ਪਿੰਡਾਂ ਦੀਆਂ ਰਿਪੋਰਟਾਂ ਮਿਲੀਆਂ ਹਨ ਕਿ ਜਿਨ੍ਹਾਂ ਲੋਕਾਂ ਨੇ ਸੋਮਵਾਰ ਰਾਤ ਨੂੰ ਸ਼ਰਾਬ ਪੀਤੀ ਸੀ ਉਨ੍ਹਾਂ ਦੀ ਹਾਲਤ ਗੰਭੀਰ ਹੈ। ਅਸੀਂ ਫ਼ੌਰਨ ਆਪਣੀਆਂ ਮੈਡੀਕਲ ਟੀਮਾਂ ਨੂੰ ਬੁਲਾਇਆ।"
"ਸਾਡੀਆਂ ਮੈਡੀਕਲ ਟੀਮਾਂ ਘਰ-ਘਰ ਜਾ ਕੇ ਸਥਿਤੀ ਦਾ ਜਾਇਜ਼ਾ ਲੈ ਰਹੀਆਂ ਹਨ। ਲੋਕਾਂ ਵਿੱਚ ਗੰਭੀਰ ਲੱਛਣ ਹੋਣ ਜਾਂ ਨਾ ਹੋਣ ਦੀ ਸਥਿਤੀ ਵਿੱਚ ਵੀ, ਅਸੀਂ ਉਨ੍ਹਾਂ ਨੂੰ ਹਸਪਤਾਲ ਲੈ ਜਾ ਰਹੇ ਹਾਂ ਤਾਂ ਜੋ ਅਸੀਂ ਉਨ੍ਹਾਂ ਨੂੰ ਬਚਾ ਸਕੀਏ।"
"ਹੁਣ ਤੱਕ 21 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਰਕਾਰ ਹਰ ਸੰਭਵ ਮਦਦ ਮੁਹੱਈਆ ਕਰਵਾ ਰਹੀ ਹੈ।"
ਸਾਕਸ਼ੀ ਸਾਹਨੀ ਨੇ ਕਿਹਾ, "ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਮੌਤਾਂ ਦੀ ਇਹ ਗਿਣਤੀ ਨਾ ਵਧੇ। ਅਸੀਂ ਸਪਲਾਇਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਹੋਰ ਜਾਂਚ ਜਾਰੀ ਹੈ।"
ਪੁਲਿਸ ਨੇ ਕੀ ਦੱਸਿਆ

ਤਸਵੀਰ ਸਰੋਤ, @DGPPUNJABPOLICE
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਆਨਲਾਈਨ ਖਰੀਦੇ ਗਏ ਮੀਥੇਨੌਲ ਕੈਮੀਕਲ ਦੀ ਵਰਤੋਂ ਨਕਲੀ ਸ਼ਰਾਬ ਬਣਾਉਣ ਲਈ ਕੀਤੀ ਜਾ ਰਹੀ ਸੀ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਦਾ ਮੁਕੰਮਲ ਤੌਰ 'ਤੇ ਪਰਦਾਫਾਸ਼ ਕਰਨ ਅਤੇ ਇਸ ਵਿੱਚ ਸ਼ਾਮਲ ਲੋਕਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਲਈ ਜਾਂਚ ਜਾਰੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਡੀਐੱਸਪੀ ਸਬ-ਡਵੀਜ਼ਨ ਮਜੀਠਾ ਅਮੋਲਕ ਸਿੰਘ ਅਤੇ ਐੱਸਐੱਚਓ ਥਾਣਾ ਮਜੀਠਾ ਐੱਸਆਈ ਅਵਤਾਰ ਸਿੰਘ ਨੂੰ ਆਪਣੀਆਂ ਡਿਊਟੀਆਂ ਵਿੱਚ ਕੁਤਾਹੀ ਵਰਤਣ ਲਈ ਮੁਅੱਤਲ ਕਰ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਜਾਣਾਕਾਰੀ ਵੀ ਦਿੱਤੀ ਕਿ ਇਸ ਮਾਮਲੇ ਮੀਥੇਨੌਲ ਦੇ ਮੁੱਖ ਸਪਲਾਈਰ ਦੀ ਵੀ ਪਛਾਣ ਕਰ ਲੈਣ ਦੀ ਗੱਲ ਆਖੀ ਹੈ।

ਤਸਵੀਰ ਸਰੋਤ, ANI
ਖ਼ਬਰ ਏਜੰਸੀ ਏਐਐੱਨਆਈ ਦੀ ਰਿਪੋਰਟ ਮੁਤਾਬਕ ਐੱਸਐੱਸਪੀ ਅੰਮ੍ਰਿਤਸਰ ਮਨਿੰਦਰ ਸਿੰਘ ਨੇ ਦੱਸਿਆ, "ਸਾਨੂੰ ਬੀਤੀ ਰਾਤ 9:30 ਵਜੇ ਦੇ ਕਰੀਬ ਸੂਚਨਾ ਮਿਲੀ ਕਿ ਇੱਥੇ ਨਕਲੀ ਸ਼ਰਾਬ ਪੀਣ ਤੋਂ ਬਾਅਦ ਲੋਕ ਮਰਨ ਲੱਗ ਪਏ ਹਨ। ਅਸੀਂ ਤੁਰੰਤ ਕਾਰਵਾਈ ਕੀਤੀ ਅਤੇ 7 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।"
"ਅਸੀਂ ਮੁੱਖ ਸਪਲਾਇਰ, ਪ੍ਰਭਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁੱਛਗਿੱਛ ਕੀਤੇ ਜਾਣ ਉੱਤੇ ਕਿੰਗਪਿਨ ਸਪਲਾਇਰ, ਸਾਹਬ ਸਿੰਘ ਬਾਰੇ ਪਤਾ ਲਗਾਇਆ। ਅਸੀਂ ਉਸਨੂੰ ਵੀ ਘੇਰ ਲਿਆ ਹੈ।"
"ਪੁਲਿਸ ਜਾਂਚ ਕਰ ਰਹੀ ਹੈ ਕਿ ਉਸਨੇ ਇਹ ਕਿਹੜੀਆਂ ਫਰਮਾਂ ਤੋਂ ਸ਼ਰਾਬ ਖਰੀਦੀ ਸੀ। ਸਾਨੂੰ ਪੰਜਾਬ ਸਰਕਾਰ ਵੱਲੋਂ ਸਖ਼ਤ ਹਦਾਇਤ ਹੈ ਕਿ ਨਕਲੀ ਸ਼ਰਾਬ ਦੇ ਸਪਲਾਇਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।"
ਮਨਿੰਦਰ ਸਿੰਘ ਨੇ ਦੱਸਿਆ ਕਿ ਛਾਪੇਮਾਰੀ ਜਾਰੀ ਹੈ ਅਤੇ ਇਸ ਸ਼ਰਾਬ ਦੇ ਨਿਰਮਾਤਾਵਾਂ ਨੂੰ ਜਲਦੀ ਹੀ ਘੇਰ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਸਿਵਲ ਪ੍ਰਸ਼ਾਸਨ ਵੱਲੋਂ ਸਖ਼ਤ ਕਾਰਵਾਈ ਕਰਦਿਆਂ 2 ਐੱਫ਼ਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ ਅਸੀਂ ਘਰ-ਘਰ ਜਾ ਕੇ ਹੋਰ ਲੋਕਾਂ ਦਾ ਪਤਾ ਲਗਾ ਰਹੇ ਹਾਂ ਜਿਨ੍ਹਾਂ ਨੇ ਇਹ ਸ਼ਰਾਬ ਪੀਤੀ ਹੈ ਤਾਂ ਜੋ ਹੋਰ ਜਾਨੀ ਨੁਕਸਾਨ ਤੋਂ ਬਚਿਆ ਜਾ ਸਕੇ ਅਤੇ ਲੋਕਾਂ ਨੂੰ ਬਚਾਇਆ ਜਾ ਸਕੇ।
ਗ੍ਰਿਫ਼ਤਾਰ ਕੀਤੇ ਗਏ ਲੋਕ ਕੌਣ ਹਨ

ਤਸਵੀਰ ਸਰੋਤ, Ravinder Singh Robin/BBC
ਪੰਜਾਬ ਸਰਕਾਰ ਵਲੋਂ ਇਸ ਮਾਮਲੇ ਬਾਰੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਹੈ।
ਪ੍ਰੈਸ ਨੋਟ ਵਿੱਚ ਦੱਸਿਆ ਗਿਆ ਹੈ ਕਿ ਮਜੀਠਾ ਵਿੱਚ ਨਕਲੀ ਸ਼ਰਾਬ ਰੈਕੇਟ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਪ੍ਰਭਜੀਤ ਸਿੰਘ ਗ੍ਰਿਫ਼ਤਾਰ ਕੀਤਾ ਗਿਆ ਹੈ। ਪ੍ਰਭਜੀਤ ਸਿੰਘ ਸ਼ਰਾਬ ਸਪਲਾਈ ਕਰਨ ਦਾ ਮਾਸਟਰਮਾਈਂਡ ਸੀ।
ਜਿਨ੍ਹਾਂ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਉਨ੍ਹਾਂ ਵਿੱਚ ਕੁਲਬੀਰ ਸਿੰਘ ਉਰਫ਼ ਜੱਗੂ (ਮੁੱਖ ਮੁਲਜ਼ਿਮ ਪ੍ਰਭਜੀਤ ਦਾ ਭਰਾ), ਸਾਹਿਬ ਸਿੰਘ ਉਰਫ ਸਰਾਏ, ਵਾਸੀ ਮੜੀ ਕਲਾਂ, ਗੁਰਜੰਟ ਸਿੰਘ, ਨਿਵਾਸੀ
ਅਤੇ ਇੱਕ ਮਹਿਲਾ ਮੁਲਜ਼ਮ ਨਿੰਦਰ ਕੌਰ ਪਤਨੀ ਜੀਤਾ, ਵਾਸੀ ਥਰੇਨਵਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਵਿਰੋਧੀ ਪਾਰਟੀਆਂ ਨੇ ਘੇਰੀ ਸਰਕਾਰ

ਤਸਵੀਰ ਸਰੋਤ, Getty Images
ਮਜੀਠਾ ਨਕਲੀ ਸ਼ਰਾਬ ਕਾਂਡ ਉੱਤੇ ਵਿਰੋਧੀ ਪਾਰਟੀਆਂ ਨੇ ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਯੁੱਧ ਲੜਨ ਦਾ ਦਾਅਵਾ ਕਰਨ ਵਾਲੀ ਪੰਜਾਬ ਸਰਕਾਰ ਨੂੰ ਘੇਰਿਆ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਦੇ ਕੋਈ ਮਾਅਨੇ ਨਹੀਂ ਰਹਿ ਜਾਂਦੇ ਹਨ।
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇਸ ਘਟਨਾ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੇ ਤੌਰ ਉੱਤੇ ਜਿੰਮੇਵਾਰ ਠਹਿਰਾਇਆ ਹੈ।
ਉਨ੍ਹਾਂ ਕਿਹਾ ਮੁੱਖ ਮੰਤਰੀ ਕੋਲ ਗ੍ਰਹਿ ਮੰਤਰਾਲਾ ਵੀ ਹੈ, ਉਹ ਅਮਨ ਕਾਨੂੰਨ ਲਈ ਜ਼ਿੰਮੇਵਾਰ ਹਨ।
ਇਸੇ ਦੌਰਾਨ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਸੁਨੀਲ ਜਾਖ਼ੜ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਸ ਮਸਲੇ ਨੂੰ ਲੈ ਕੇ ਰਾਜਪਾਲ ਨੂੰ ਮਿਲੇਗੀ ਅਤੇ ਨਿਰਪੱਖ਼ ਅਤੇ ਗਹਿਰੀ ਜਾਂਚ ਦੀ ਮੰਗ ਕਰੇਗੀ।
ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਜੀਠਾ ਘਟਨਾ ਉੱਤੇ ਅਫ਼ਸੋਸ ਪ੍ਰਗਟ ਕਰਦਿਆਂ ਐਕਸ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ।
ਉਨ੍ਹਾਂ ਲਿਖਿਆ, "ਮਜੀਠੇ ਦੇ ਆਲੇ-ਦੁਆਲੇ ਦੇ ਕੁੱਝ ਪਿੰਡਾਂ 'ਚ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਕਈ ਲੋਕਾਂ ਦੀ ਮੌਤ ਹੋਣ ਦੀ ਦੁੱਖਦਾਈ ਖ਼ਬਰ ਮਿਲੀ ਹੈ।"
"ਮਾਸੂਮ ਲੋਕਾਂ ਦੇ ਇਨ੍ਹਾਂ ਕਾਤਲਾਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ। ਇਹ ਮੌਤਾਂ ਨਹੀਂ ਕਤਲ ਨੇ। ਮੁਲਜ਼ਿਮਾਂ ਖ਼ਿਲਾਫ਼ ਕਾਨੂੰਨ ਮੁਤਾਬਕ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣਗੀਆਂ।"
ਮਾਨ ਨੇ ਅੱਗੇ ਲਿਖਿਆ, "ਸਰਕਾਰ ਪਰਿਵਾਰਾਂ ਦੇ ਨਾਲ ਖੜ੍ਹੀ ਹੈ ਤੇ ਹਰ ਸੰਭਵ ਮਦਦ ਕੀਤੀ ਜਾਵੇਗੀ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












