ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿੱਚ ਸੀਬੀਆਈ ਦੀ ਕਲੋਜ਼ਰ ਰਿਪੋਰਟ ਵਿੱਚ ਕੀ ਆਇਆ ਸਾਹਮਣੇ, ਰਿਆ ਚੱਕਰਵਰਤੀ ਦੇ ਵਕੀਲ ਨੇ ਕੀ ਕਿਹਾ

ਤਸਵੀਰ ਸਰੋਤ, Rhea, Sushant/Facebook
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ ਸੀਬੀਆਈ ਨੇ ਦੋ ਕਲੋਜ਼ਰ ਰਿਪੋਰਟਾਂ ਦਾਇਰ ਕੀਤੀਆਂ ਹਨ। ਖ਼ਬਰ ਏਜੰਸੀ ਪੀਟੀਆਈ ਦੇ ਮੁਤਾਬਕ, ਇਨ੍ਹਾਂ ਰਿਪੋਰਟਾਂ ਵਿੱਚ ਸੁਸ਼ਾਂਤ ਰਾਜਪੂਤ ਦੀ ਮੌਤ ਦੇ ਮਾਮਲੇ 'ਚ ਕਿਸੇ ਵੀ ਸਾਜ਼ਿਸ਼ ਤੋਂ ਇਨਕਾਰ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ 14 ਜੂਨ 2020 ਨੂੰ, ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਮੁੰਬਈ ਦੇ ਬਾਂਦਰਾ ਸਥਿਤ ਆਪਣੇ ਘਰ ਵਿੱਚ ਮ੍ਰਿਤਕ ਪਾਏ ਗਏ ਸਨ।
ਉਨ੍ਹਾਂ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇੱਕ ਤਬਕੇ ਨੇ ਸੁਸ਼ਾਂਤ ਦੀ ਦੋਸਤ ਤੇ ਅਦਾਕਾਰਾ ਰਿਆ ਚੱਕਰਵਰਤੀ ਵਿਰੁੱਧ ਨਫ਼ਰਤ ਭਰੀ ਬਿਆਨਬਾਜ਼ੀ ਕੀਤੀ ਸੀ।
ਹੁਣ, ਰਿਆ ਚੱਕਰਵਰਤੀ ਦੇ ਵਕੀਲ ਸਤੀਸ਼ ਮਾਨਸ਼ਿੰਦੇ ਨੇ ਕਲੋਜ਼ਰ ਰਿਪੋਰਟ ਦੀ ਪ੍ਰਸ਼ੰਸਾ ਕੀਤੀ ਹੈ ਅਤੇ "ਮਾਮਲੇ ਦੀ ਸਾਰੇ ਪਹਿਲੂਆਂ ਤੋਂ ਚੰਗੀ ਤਰ੍ਹਾਂ ਜਾਂਚ" ਕਰਨ ਲਈ ਸੀਬੀਆਈ ਦਾ ਧੰਨਵਾਦ ਕੀਤਾ ਹੈ।

ਪਹਿਲੀ ਕਲੋਜ਼ਰ ਰਿਪੋਰਟ ਸੁਸ਼ਾਂਤ ਦੇ ਪਿਤਾ ਵੱਲੋਂ ਦਾਇਰ ਸ਼ਿਕਾਇਤ ਦੇ ਆਧਾਰ 'ਤੇ ਪੇਸ਼ ਕੀਤੀ ਗਈ ਹੈ। ਇਸ ਵਿੱਚ ਇਲਜ਼ਾਮ ਲਗਾਇਆ ਗਿਆ ਹੈ ਕਿ ਉਨ੍ਹਾਂ ਨੂੰ ਖੁਦਕੁਸ਼ੀ ਲਈ ਉਕਸਾਇਆ ਗਿਆ ਸੀ।
ਜਦਕਿ ਦੂਜੀ ਰਿਪੋਰਟ ਅਦਾਕਾਰਾ ਰਿਆ ਚੱਕਰਵਰਤੀ ਵੱਲੋਂ ਸੁਸ਼ਾਂਤ ਦੀਆਂ ਭੈਣਾਂ ਵਿਰੁੱਧ ਦਾਇਰ ਸ਼ਿਕਾਇਤ ਦੇ ਆਧਾਰ 'ਤੇ ਪੇਸ਼ ਕੀਤੀ ਗਈ ਹੈ।
ਖ਼ਬਰ ਏਜੰਸੀ ਅਨੁਸਾਰ, ਸੀਬੀਆਈ ਅਧਿਕਾਰੀਆਂ ਨੇ ਕਿਹਾ ਕਿ ਸੀਬੀਆਈ ਨੇ ਸੁਸ਼ਾਂਤ ਦੇ ਪਿਤਾ ਦੀ ਸ਼ਿਕਾਇਤ ਦੇ ਮਾਮਲੇ ਵਿੱਚ ਪਟਨਾ ਦੀ ਵਿਸ਼ੇਸ਼ ਅਦਾਲਤ ਵਿੱਚ ਇੱਕ ਬੰਦ ਰਿਪੋਰਟ ਪੇਸ਼ ਕੀਤੀ ਹੈ, ਜਦਕਿ ਦੂਜੇ ਮਾਮਲੇ ਵਿੱਚ ਮੁੰਬਈ ਦੀ ਵਿਸ਼ੇਸ਼ ਅਦਾਲਤ ਵਿੱਚ ਇੱਕ ਬੰਦ ਰਿਪੋਰਟ ਪੇਸ਼ ਕੀਤੀ ਗਈ ਹੈ।
ਪੀਟੀਆਈ ਦੇ ਅਨੁਸਾਰ, ਹੁਣ ਅਦਾਲਤ ਫ਼ੈਸਲਾ ਕਰੇਗੀ ਕਿ ਰਿਪੋਰਟ ਨੂੰ ਸਵੀਕਾਰ ਕਰਨਾ ਹੈ ਜਾਂ ਏਜੰਸੀ ਨੂੰ ਹੋਰ ਜਾਂਚ ਕਰਨ ਦਾ ਆਦੇਸ਼ ਦੇਣਾ ਹੈ।
ਬੀਬੀਸੀ ਮਰਾਠੀ ਨਾਲ ਗੱਲ ਕਰਦੇ ਹੋਏ, ਰਿਆ ਚੱਕਰਵਰਤੀ ਦੇ ਵਕੀਲ ਸਤੀਸ਼ ਮਾਨਸ਼ਿੰਦੇ ਨੇ ਭਵਿੱਖ ਦੀਆਂ ਸੰਭਾਵਨਾਵਾਂ ਬਾਰੇ ਦੱਸਦਿਆਂ ਕਿਹਾ, "ਜੇਕਰ ਪੀੜਤ ਪਰਿਵਾਰ ਕਲੋਜ਼ਰ ਰਿਪੋਰਟ ਨੂੰ ਸਵੀਕਾਰ ਨਹੀਂ ਕਰਦਾ ਹੈ, ਤਾਂ ਉਹ ਇਸਦੇ ਵਿਰੁੱਧ ਅਦਾਲਤ ਵਿੱਚ ਪਟੀਸ਼ਨ ਦਾਇਰ ਕਰ ਸਕਦੇ ਹਨ।"

ਤਸਵੀਰ ਸਰੋਤ, RHEA CHAKRABORTY/INSTAGRAM
ਉਨ੍ਹਾਂ ਕਿਹਾ, "ਅਦਾਲਤ ਕਲੋਜ਼ਰ ਰਿਪੋਰਟ ਨੂੰ ਸੁਣਨ ਅਤੇ ਵਿਚਾਰ ਕਰਨ ਤੋਂ ਬਾਅਦ ਜਾਂ ਤਾਂ ਇਸ ਨੂੰ ਸਵੀਕਾਰ ਕਰ ਸਕਦੀ ਹੈ ਜਾਂ ਇਸ ਨੂੰ ਰੱਦ ਕਰ ਸਕਦੀ ਹੈ ਅਤੇ ਅੱਗੇ ਦੀ ਜਾਂਚ ਦਾ ਹੁਕਮ ਦੇ ਸਕਦੀ ਹੈ।"
ਖ਼ਬਰ ਏਜੰਸੀ ਪੀਟੀਆਈ ਦੇ ਅਨੁਸਾਰ, ਸੁਸ਼ਾਂਤ ਸਿੰਘ ਰਾਜਪੂਤ ਦਾ ਪੋਸਟਮਾਰਟਮ ਕੂਪਰ ਹਸਪਤਾਲ ਵਿੱਚ ਕੀਤਾ ਗਿਆ ਸੀ। ਪੋਸਟਮਾਰਟਮ ਤੋਂ ਪਤਾ ਲੱਗਾ ਕਿ ਉਨ੍ਹਾਂ ਦੀ ਮੌਤ 'ਦਮ ਘੁਟਣ' ਕਾਰਨ ਹੋਈ ਸੀ।
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਏਮਜ਼ ਦੇ ਫੋਰੈਂਸਿਕ ਵਿਭਾਗ ਦੇ ਮੁਖੀ ਡਾਕਟਰ ਸੁਧੀਰ ਗੁਪਤਾ ਦੀ ਪ੍ਰਧਾਨਗੀ ਹੇਠ ਇੱਕ ਮੈਡੀਕਲ ਬੋਰਡ ਦਾ ਗਠਨ ਕੀਤਾ ਗਿਆ ਸੀ। ਏਮਜ਼ ਦੇ ਡਾਕਟਰਾਂ ਨੇ ਸਤੰਬਰ ਵਿੱਚ ਸੀਬੀਆਈ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਸੀ।
ਡਾਕਟਰ ਸੁਧੀਰ ਗੁਪਤਾ ਨੇ ਟਾਈਮਜ਼ ਆਫ਼ ਇੰਡੀਆ ਨੂੰ ਦੱਸਿਆ ਸੀ, "ਸੁਸ਼ਾਂਤ ਨੇ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਸੀ। ਇਹ ਖੁਦਕੁਸ਼ੀ ਦਾ ਮਾਮਲਾ ਹੈ। ਸੁਸ਼ਾਂਤ ਦੇ ਸਰੀਰ 'ਤੇ ਸੱਟ ਦੇ ਕੋਈ ਨਿਸ਼ਾਨ ਨਹੀਂ ਸਨ।"

ਦੋ ਵੱਖ-ਵੱਖ ਮਾਮਲਿਆਂ ਦੀ ਜਾਂਚ
ਸੀਬੀਆਈ ਨੇ ਦੋ ਵੱਖ-ਵੱਖ ਮਾਮਲਿਆਂ ਦੀ ਜਾਂਚ ਕੀਤੀ।
ਪਹਿਲਾ ਮਾਮਲਾ ਸੁਸ਼ਾਂਤ ਦੇ ਪਿਤਾ ਕੇਕੇ ਸਿੰਘ ਵੱਲੋਂ ਪਟਨਾ ਪੁਲਿਸ ਨੂੰ ਕੀਤੀ ਗਈ ਸ਼ਿਕਾਇਤ 'ਤੇ ਅਧਾਰਤ ਹੈ। ਇਸ ਮਾਮਲੇ ਵਿੱਚ, ਕੇਕੇ ਸਿੰਘ ਨੇ ਰਿਆ ਚੱਕਰਵਰਤੀ 'ਤੇ ਸੁਸ਼ਾਂਤ ਨੂੰ ਖੁਦਕੁਸ਼ੀ ਲਈ ਉਕਸਾਉਣ ਅਤੇ ਉਨ੍ਹਾਂ ਦੇ ਖਾਤਿਆਂ ਵਿੱਚੋਂ 15 ਕਰੋੜ ਰੁਪਏ ਕਢਵਾਉਣ ਦਾ ਇਲਜ਼ਾਮ ਲਗਾਇਆ ਸੀ।
ਸੀਬੀਆਈ ਤੋਂ ਪਹਿਲਾਂ, ਇਸ ਮਾਮਲੇ ਦੀ ਜਾਂਚ ਬਿਹਾਰ ਪੁਲਿਸ ਦੁਆਰਾ ਕੀਤੀ ਗਈ ਸੀ। ਕੇਕੇ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਬਿਹਾਰ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ, ਪਰ ਬਾਅਦ ਵਿੱਚ ਜਾਂਚ ਦੀ ਜ਼ਿੰਮੇਵਾਰੀ ਸੀਬੀਆਈ ਨੂੰ ਦੇ ਦਿੱਤੀ ਗਈ।
ਦੂਜਾ ਮਾਮਲਾ ਰਿਆ ਚੱਕਰਵਰਤੀ ਨੇ ਬਾਂਦਰਾ ਵਿੱਚ ਸੁਸ਼ਾਂਤ ਦੀਆਂ ਭੈਣਾਂ ਵਿਰੁੱਧ ਦਾਇਰ ਕੀਤਾ ਸੀ। ਇਸ ਮਾਮਲੇ ਵਿੱਚ, ਸੁਸ਼ਾਂਤ ਦੀਆਂ ਭੈਣਾਂ 'ਤੇ ਇਲਜ਼ਾਮ ਲਗਾਇਆ ਗਿਆ ਸੀ ਕਿ ਉਨ੍ਹਾਂ ਨੇ ਦਿੱਲੀ ਦੇ ਇੱਕ ਡਾਕਟਰ ਦੇ ਫਰਜ਼ੀ ਪਰਚੇ ਦੇ ਆਧਾਰ 'ਤੇ ਸੁਸ਼ਾਂਤ ਸਿੰਘ ਨੂੰ ਦਵਾਈਆਂ ਦਿੱਤੀਆਂ ਸਨ।
ਇਸ ਮਾਮਲੇ ਵਿੱਚ, ਰਿਆ ਚੱਕਰਵਰਤੀ ਨੇ ਇਲਜ਼ਾਮ ਲਗਾਇਆ ਸੀ ਕਿ ਇਨ੍ਹਾਂ ਦਵਾਈਆਂ ਦੇ ਗਲਤ ਸੁਝਾਅ ਤੋਂ ਪੰਜ ਦਿਨ ਬਾਅਦ ਹੀ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਹੋ ਗਈ ਸੀ।
ਇਹ ਮਾਮਲਾ ਬਾਂਦਰਾ ਪੁਲਿਸ ਨੇ ਦਰਜ ਕੀਤਾ ਸੀ, ਪਰ ਬਾਅਦ ਵਿੱਚ ਸੀਬੀਆਈ ਨੇ ਇਸ ਮਾਮਲੇ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਅਤੇ ਇਸਦੀ ਜਾਂਚ ਕੀਤੀ।

ਤਸਵੀਰ ਸਰੋਤ, Pratham Gokhale/Hindustan Times via Getty Images
ਸੀਬੀਆਈ ਨੇ ਆਪਣੀ ਜਾਂਚ ਵਿੱਚ ਕੀ ਪਾਇਆ?
ਪੀਟੀਆਈ ਦੇ ਅਨੁਸਾਰ, ਅਧਿਕਾਰੀਆਂ ਨੇ ਕਿਹਾ ਕਿ ਮਾਹਿਰਾਂ ਦੀ ਰਾਇ, ਅਪਰਾਧ ਸਥਾਨ ਦੇ ਵਿਸ਼ਲੇਸ਼ਣ, ਗਵਾਹਾਂ ਦੇ ਬਿਆਨਾਂ ਅਤੇ ਫੋਰੈਂਸਿਕ ਰਿਪੋਰਟਾਂ ਦੇ ਆਧਾਰ 'ਤੇ, ਸੀਬੀਆਈ ਇਸ ਸਿੱਟੇ 'ਤੇ ਪਹੁੰਚੀ ਹੈ ਕਿ ਇਸ ਇਲਜ਼ਾਮ ਦਾ ਸਮਰਥਨ ਕਰਨ ਲਈ ਕੋਈ ਸਬੂਤ ਨਹੀਂ ਹੈ ਕਿ ਕਿਸੇ ਨੇ ਸੁਸ਼ਾਂਤ ਸਿੰਘ ਨੂੰ ਖੁਦਕੁਸ਼ੀ ਲਈ ਮਜਬੂਰ ਕੀਤਾ ਹੋਵੇ।
ਉਨ੍ਹਾਂ ਕਿਹਾ ਕਿ ਏਜੰਸੀ ਨੇ ਆਖਰਕਾਰ ਆਪਣੀ ਅੰਤਿਮ ਰਿਪੋਰਟ ਦਾਇਰ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਨਾਲ ਸੁਸ਼ਾਂਤ ਸਿੰਘ ਦੀ ਮੌਤ ਦੁਆਲੇ ਪੰਜ ਸਾਲਾਂ ਤੋਂ ਚੱਲ ਰਹੀ ਸਾਜ਼ਿਸ਼ ਦੀਆਂ ਅਟਕਲਾਂ ਦਾ ਅੰਤ ਹੋ ਜਾਵੇਗਾ।
ਸੀਬੀਆਈ ਨੂੰ ਦਿੱਤੀ ਆਪਣੀ ਕਥਿਤ ਮੈਡੀਕਲ-ਕਾਨੂੰਨੀ ਰਾਇ ਵਿੱਚ, ਏਮਜ਼ ਦੇ ਫੋਰੈਂਸਿਕ ਮਾਹਿਰਾਂ ਨੇ ਸੁਸ਼ਾਂਤ ਸਿੰਘ ਮੌਤ ਮਾਮਲੇ ਵਿੱਚ ਕੀਤੇ ਗਏ "ਜ਼ਹਿਰ ਅਤੇ ਗਲ਼ ਘੁੱਟਣ" ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਸੀ।
ਸੀਬੀਆਈ ਨੇ ਰਿਆ ਚੱਕਰਵਰਤੀ ਅਤੇ ਉਨ੍ਹਾਂ ਦੇ ਹੋਰ ਨਜ਼ਦੀਕੀ ਲੋਕਾਂ ਦੇ ਬਿਆਨ ਵੀ ਦਰਜ ਕੀਤੇ ਸਨ ਅਤੇ ਸੁਸ਼ਾਂਤ ਸਿੰਘ ਦੇ ਮੈਡੀਕਲ ਰਿਕਾਰਡ ਇਕੱਠੇ ਕੀਤੇ ਸਨ।

ਤਸਵੀਰ ਸਰੋਤ, TWITTER/SUSHANTSINGHRAJPOOT
ਰਿਆ ਚੱਕਰਵਰਤੀ ਦੇ ਵਕੀਲ ਨੇ ਕੀ ਕਿਹਾ?
ਰਿਆ ਚੱਕਰਵਰਤੀ ਦੇ ਵਕੀਲ ਸਤੀਸ਼ ਮਾਨਸ਼ਿੰਦੇ ਨੇ ਸੀਬੀਆਈ ਦੀ ਕਲੋਜ਼ਰ ਰਿਪੋਰਟ ਦੀ ਪ੍ਰਸ਼ੰਸਾ ਕਰਦੇ ਹੋਏ ਇੱਕ ਬਿਆਨ ਜਾਰੀ ਕੀਤਾ ਹੈ।
ਉਨ੍ਹਾਂ ਕਿਹਾ, "ਸੀਬੀਆਈ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ ਲਗਭਗ ਸਾਢੇ ਚਾਰ ਸਾਲਾਂ ਬਾਅਦ ਇੱਕ ਕਲੋਜ਼ਰ ਰਿਪੋਰਟ ਦਾਇਰ ਕੀਤੀ ਹੈ। ਅਸੀਂ ਸੀਬੀਆਈ ਦੇ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਹਰ ਪਹਿਲੂ ਤੋਂ ਮਾਮਲੇ ਦੀ ਪੂਰੀ ਜਾਂਚ ਕੀਤੀ ਅਤੇ ਕੇਸ ਨੂੰ ਬੰਦ ਕਰ ਦਿੱਤਾ।"
"ਸੋਸ਼ਲ ਮੀਡੀਆ ਅਤੇ ਇਲੈਕਟ੍ਰਾਨਿਕ ਮੀਡੀਆ 'ਤੇ ਝੂਠੀਆਂ ਖ਼ਬਰਾਂ ਫੈਲਾਈਆਂ ਗਈਆਂ। ਬੇਗ਼ੁਨਾਹ ਲੋਕਾਂ ਨੂੰ ਮੀਡੀਆ ਅਤੇ ਜਾਂਚ ਅਧਿਕਾਰੀਆਂ ਦੇ ਸਾਹਮਣੇ ਪਰੇਸ਼ਾਨ ਕੀਤਾ ਗਿਆ।"
ਮਾਨਸ਼ਿੰਦੇ ਨੇ ਕਿਹਾ, "ਮੈਨੂੰ ਉਮੀਦ ਹੈ ਕਿ ਇਹ ਕਿਸੇ ਵੀ ਮਾਮਲੇ ਵਿੱਚ ਦੁਹਰਾਇਆ ਨਹੀਂ ਜਾਵੇਗਾ। ਰਿਆ ਨੂੰ ਅਣਗਿਣਤ ਦੁੱਖਾਂ 'ਚੋਂ ਲੰਘਣਾ ਪਿਆ ਅਤੇ ਬਿਨਾਂ ਕਿਸੇ ਗਲਤੀ ਦੇ 27 ਦਿਨਾਂ ਤੱਕ ਸਲਾਖਾਂ ਪਿੱਛੇ ਰਹਿਣਾ ਪਿਆ, ਜਦੋਂ ਤੱਕ ਕਿ ਮੁੰਬਈ ਹਾਈ ਕੋਰਟ ਦੇ ਜਸਟਿਸ ਸਾਰੰਗ ਕੋਤਵਾਲ ਨੇ ਉਨ੍ਹਾਂ ਨੂੰ ਜ਼ਮਾਨਤ 'ਤੇ ਰਿਹਾਅ ਨਹੀਂ ਕੀਤਾ।"
ਆਪਣੇ ਬਿਆਨ ਵਿੱਚ, ਸਤੀਸ਼ ਮਾਨਸ਼ਿੰਦੇ ਨੇ ਉਨ੍ਹਾਂ ਅਤੇ ਉਨ੍ਹਾਂ ਦੀ ਟੀਮ ਨੂੰ ਮਿਲੀਆਂ ਧਮਕੀਆਂ ਦਾ ਵੀ ਜ਼ਿਕਰ ਕੀਤਾ।
ਉਨ੍ਹਾਂ ਕਿਹਾ, "ਮੈਂ ਰਿਆ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸਲਾਮ ਕਰਦਾ ਹਾਂ ਕਿ ਉਨ੍ਹਾਂ ਨੇ ਚੁੱਪ ਰਹਿੰਦੇ ਹੋਏ ਵੀ ਉਨ੍ਹਾਂ ਨਾਲ ਹੋਏ ਅਣਮਨੁੱਖੀ ਵਿਵਹਾਰ ਨੂੰ ਬਰਦਾਸ਼ਤ ਕੀਤਾ। ਰਿਆ ਦੇ ਪਰਿਵਾਰ, ਮੇਰੀ ਟੀਮ ਅਤੇ ਮੈਨੂੰ ਪਰੇਸ਼ਾਨ ਕੀਤਾ ਗਿਆ ਅਤੇ ਸਾਡੀਆਂ ਜਾਨਾਂ ਨੂੰ ਖ਼ਤਰਾ ਦੱਸਿਆ ਗਿਆ।"
ਰਿਆ ਚੱਕਰਵਰਤੀ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਫੌਜੀ ਪਰਿਵਾਰ ਦਾ ਕੇਸ ਮੁਫ਼ਤ ਵਿੱਚ ਲੜਨ 'ਤੇ ਮਾਣ ਹੈ।
ਉਨ੍ਹਾਂ ਨੇ ਨਿਆਂਪਾਲਿਕਾ ਦਾ ਜ਼ਿਕਰ ਕਰਦਿਆਂ ਕਿਹਾ, "ਇਹ ਦੇਸ਼ ਅਜੇ ਵੀ ਬਹੁਤ ਸੁਰੱਖਿਅਤ ਹੈ ਅਤੇ ਨਿਆਂ ਦੀ ਮੰਗ ਕਰਨ ਵਾਲੇ ਹਰ ਨਾਗਰਿਕ ਨੂੰ ਸਾਡੀ ਜੀਵੰਤ ਨਿਆਂਪਾਲਿਕਾ ਤੋਂ ਉਮੀਦ ਹੈ।"

ਤਸਵੀਰ ਸਰੋਤ, Getty Images
5 ਏਜੰਸੀਆਂ ਨੇ ਕੀਤੀ ਜਾਂਚ
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਪਹੇਲੀ ਸੁਲਝਾਉਣ ਲਈ ਹੁਣ ਤੱਕ ਪੰਜ ਜਾਂਚ ਏਜੰਸੀਆਂ ਨੇ ਜਾਂਚ ਕੀਤੀ ਹੈ।
ਸ਼ੁਰੂਆਤ ਵਿੱਚ ਅਜਿਹਾ ਦੱਸਿਆ ਗਿਆ ਸੀ ਕਿ ਸੁਸ਼ਾਂਤ ਨੇ ਖੁਦਕੁਸ਼ੀ ਕੀਤੀ। ਪਰ ਉਸ ਤੋਂ ਬਾਅਦ ਹਰ ਗੁਜ਼ਰਦੇ ਦਿਨ ਦੇ ਨਾਲ ਮਾਮਲਾ ਗੁੰਝਲਦਾਰ ਹੁੰਦਾ ਗਿਆ।
ਮੁੰਬਈ ਪੁਲਿਸ, ਬਿਹਾਰ ਪੁਲਿਸ, ਕੇਂਦਰੀ ਜਾਂਚ ਬਿਊਰੋ (ਸੀਬੀਆਈ), ਨਾਰਕੋਟਿਕਸ ਕੰਟ੍ਰੋਲ ਬਿਊਰੋ (ਐੱਨਸੀਬੀ) ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ), ਉਹ ਪੰਜ ਏਜੰਸੀਆਂ ਹਨ, ਜਿਨ੍ਹਾਂ ਨੇ ਹੁਣ ਤੱਕ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਦੀ ਜਾਂਚ ਕੀਤੀ ਹੈ। ਪਰ ਇਹ ਨਹੀਂ ਪਤਾ ਲੱਗ ਸਕਿਆ ਕਿ ਇਹ ਖੁਦਕੁਸ਼ੀ ਦਾ ਮਾਮਲਾ ਸੀ ਜਾਂ ਨਹੀਂ।
ਮੁੰਬਈ ਪੁਲਿਸ ਦੀ ਐੱਫਆਈਆਰ ਜਾਂਚ ਵਿੱਚ ਇਹ ਸਾਹਮਣੇ ਆਇਆ ਸੀ ਕਿ ਸੁਸ਼ਾਂਤ ਨੇ ਖੁਦਕੁਸ਼ੀ ਕੀਤੀ ਹੈ। ਹਾਲਾਂਕਿ, ਸੁਸ਼ਾਂਤ ਦੇ ਪਰਿਵਾਰ ਨੇ ਮੁੰਬਈ ਪੁਲਿਸ ਦੀ ਤਫ਼ਤੀਸ਼ ʼਤੇ ਸਵਾਲ ਚੁੱਕੇ ਸਨ ਅਤੇ ਉਨ੍ਹਾਂ ਨੇ ਬਿਹਾਰ ਪੁਲਿਸ ਕੋਲ ਸੁਸ਼ਾਂਤ ਦੀ ਮੌਤ ਨਾਲ ਜੁੜੀ ਇੱਕ ਨਵੀਂ ਸ਼ਿਕਾਇਤ ਦਰਜ ਕਰਵਾਈ ਸੀ।
ਦੋਵਾਂ ਹੀ ਮਾਮਲਿਆਂ ਦੀ ਜਾਂਚ ਤੋਂ ਬਾਅਦ ਸੀਬੀਆਈ ਵੱਲੋਂ ਹੁਣ ਜਾਂਚ ਰਿਪੋਰਟ ਅਦਾਲਤ ਵਿੱਚ ਪੇਸ਼ ਕੀਤੀ ਗਈ ਹੈ।
ਨਾਰਕੋਟਿਕਸ ਕੰਟ੍ਰੋਲ ਬਿਊਰੋ ਨੇ ਇਸ ਮਾਮਲੇ ਵਿੱਚ ਬਾਲੀਵੁੱਡ ਵਿੱਚ ਸਰਗਰਮ ਡਰੱਗ ਸਿੰਡੀਕੇਟ ਦੇ ਪਹਿਲੂ ਦੀ ਜਾਂਚ ਕੀਤੀ। ਉੱਥੇ ਹੀ ਈਡੀ ਨੇ ਵੀ ਪੈਸਿਆਂ ਦੀ ਹੇਰਾ-ਫੇਰੀ ਦੀ ਜਾਂਚ ਕੀਤੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












