ਸਚਿਨ ਦੇ ਪਿਆਰ 'ਚ ਪਾਕਿਸਤਾਨ ਤੋਂ ਆਈ ਸੀਮਾ ਹੈਦਰ 'ਤੇ 'ਪਤੀ' ਨੇ ਭਾਰਤੀ ਅਦਾਲਤ ਵਿੱਚ ਕੇਸ ਦਾਇਰ ਕੀਤਾ

    • ਲੇਖਕ, ਨਿਆਜ਼ ਫਾਰੂਕੀ
    • ਰੋਲ, ਬੀਬੀਸੀ ਉਰਦੂ

ਪਿਆਰ ਖ਼ਾਤਰ ਪਿਛਲੇ ਸਾਲ ਗ਼ੈਰ-ਕਾਨੂੰਨੀ ਤਰੀਕੇ ਭਾਰਤ ਵਿੱਚ ਦਾਖ਼ਲ ਹੋਣ ਵਾਲੀ ਪਾਕਿਸਤਾਨੀ ਨਾਗਰਿਕ ਸੀਮਾ ਹੈਦਰ ਦੇ ‘ਪਤੀ’ ਨੇ ਉਨ੍ਹਾਂ ਦੇ ਖ਼ਿਲਾਫ਼ ਭਾਰਤੀ ਅਦਾਲਤ ਵਿੱਚ ਕੇਸ ਦਾਇਰ ਕੀਤਾ ਹੈ।

ਸੀਮਾ ਹੈਦਰ ਦੇ 'ਪਤੀ' ਦਾ ਦਾਅਵਾ ਹੈ ਕਿ ਉਨ੍ਹਾਂ ਦਾ ਤਲਾਕ ਨਹੀਂ ਹੋਇਆ ਹੈ।

ਇਹ ਕੇਸ 19 ਧਾਰਾਵਾਂ ਦੇ ਤਹਿਤ ਕੀਤਾ ਗਿਆ ਹੈ।

ਸੀਮਾ ਹੈਦਰ ਦੇ ਪਾਕਿਸਤਾਨੀ ‘ਪਤੀ’ ਗੁਲਾਮ ਹੈਦਰ ਨੇ ਇੱਕ ਭਾਰਤੀ ਵਕੀਲ ਦੇ ਰਾਹੀਂ ਸੀਮਾ ਹੈਦਰ ਉੱਤੇ ਬੇਈਮਾਨੀ, ਅਪਰਾਧਕ ਸਾਜਿਸ਼ ਅਤੇ ਦੋ ਭਾਈਚਾਰਿਆਂ ਵਿਚਾਲੇ ਦੁਸ਼ਮਣੀ ਪੈਦਾ ਕਰਨ ਦੇ ਨਾਲ-ਨਾਲ ਭਾਰਤ ਵਿੱਚ ਗ਼ੈਰ ਕਾਨੂੰਨੀ ਤਰੀਕੇ ਦਾਖ਼ਲ ਹੋਣ ਨਾਲ ਸਬੰਧਤ ਧਾਰਾਵਾਂ ਦੇ ਤਹਿਤ ਮੁਕੱਦਮਾ ਦਾਇਰ ਕੀਤਾ ਹੈ।

ਨੇਪਾਲ ਦੇ ਰਸਤੇ ਭਾਰਤ ਪਹੁੰਚੀ ਸੀ ਸੀਮਾ ਹੈਦਰ

ਸੀਮਾ ਹੈਦਰ ਪਿਛਲੇ ਸਾਲ ਮਈ ਵਿੱਚ ਨੇਪਾਲ ਦੇ ਰਸਤਿਓਂ ਆਪਣੇ ਚਾਰ ਬੱਚਿਆਂ ਦੇ ਨਾਲ ਗ਼ੈਰ-ਕਾਨੂੰਨੀ ਤਰੀਕੇ ਭਾਰਤ ਵਿੱਚ ਦਾਖ਼ਲ ਹੋਈ ਸੀ।

ਉਦੋਂ ਤੋ ਹੀ ਉਹ ਦਿੱਲੀ ਦੇ ਨਾਲ ਲੱਗਦੇ ਨੌਇਡਾ ਸ਼ਹਿਰ ਦੇ ਵਸਨੀਕ ਸਚਿਨ ਮੀਨਾ ਦੇ ਨਾਲ ਰਹਿ ਰਹੀ ਹੈ।

ਸਚਿਨ ਮੀਨਾ ਦੀ ਸੀਮਾ ਹੈਦਰ ਨਾਲ ਮੁਲਾਕਾਤ ‘ਪਬਜੀ’ (ਪਲੇਅਰ ਅਨਨੋਅਨਸ ਬੈਟਲਗਰਾਊਂਡ) ਗੇਮ ਖੇਡਦਿਆਂ ਆਨਲਾਈਨ ਹੋਈ ਸੀ।

ਸੀਮਾ ਹੈਦਰ ਦਾ ਵਿਆਹ ਸਾਲ 2014 ਵਿੱਚ ਜਕੋਬਾਬਾਦ ਦੇ ਰਹਿਣ ਵਾਲੇ ਗੁਲਾਮ ਹੈਦਰ ਨਾਲ ਹੋਇਆ ਸੀ।

ਉਨ੍ਹਾਂ ਦੇ ਚਾਰ ਬੱਚੇ ਸਨ।

ਇਸ ਮਗਰੋਂ ਦੋਵੇਂ ਜਣੇ ਕਰਾਚੀ ਚਲੇ ਗਏ ਅਤੇ 2019 ਵਿੱਚ ਗੁਲਾਮ ਹੈਦਰ ਆਪਣੇ ਕੰਮ ਦੇ ਚਲਦਿਆਂ ਸਾਊਦੀ ਅਰਬ ਚਲੇ ਗਏ।

ਉਦੋਂ ਸੀਮਾ ਨੇ ਸਚਿਨ ਮੀਨਾ ਨਾਲ ਆਨਲਾਈਨ ਗੇਮ ਰਾਹੀਂ ਗੱਲਬਾਤ ਸ਼ੁਰੂ ਕੀਤੀ।

ਸੀਮਾ ਹੈਦਰ ਦੇ ਭਾਰਤ ਵਿੱਚ ਦਾਖ਼ਲ ਹੋਣ ਦੀ ਕਹਾਣੀ ਸਾਹਮਣੇ ਆਉਣ ਤੋਂ ਬਾਅਦ ਸੀਮਾ ਅਤੇ ਸਚਿਨ ਕੁਝ ਦਿਨਾਂ ਤੱਕ ਭਾਰਤ ਵਿੱਚ ਪੁਲਿਸ ਦੀ ਹਿਰਾਸਤ ਵਿੱਚ ਵੀ ਰਹੇ, ਪਰ ਕੁਝ ਦਿਨਾਂ ਬਾਅਦ ਦੋਵਾਂ ਨੂੰ ਜ਼ਮਾਨਤ ਉੱਤੇ ਰਿਹਾਅ ਕਰ ਦਿੱਤਾ ਗਿਆ।

ਦੋਵਾਂ ਧਿਰਾਂ ਦੇ ਵਕੀਲ ਕੀ ਕਹਿ ਰਹੇ

ਗੁਲਾਮ ਹੈਦਰ ਦੇ ਵਕੀਲ ਮੋਮਿਨ ਮਲਿਕ ਦਾ ਕਹਿਣਾ ਹੈ ਕਿ ਸੀਮਾ ਦਾ ਤਲਾਕ ਨਹੀਂ ਹੋਇਆ ਸੀ ਜਿਸ ਦੇ ਚਲਦਿਆਂ ਸਚਿਨ ਨਾਲ ਉਨ੍ਹਾਂ ਦਾ ਵਿਆਹ ਭਾਰਤੀ ਕਾਨੂੰਨ ਦੇ ਤਹਿਤ ਗ਼ੈਰ-ਕਾਨੂੰਨੀ ਹੈ ਅਤੇ ਉਹ ਅਦਾਲਤ ਨੂੰ ਗੁੰਮਰਾਹ ਕਰ ਰਹੇ ਹਨ।

ਪਰ ਸੀਮਾ ਦੇ ਵਕੀਲ ਏਪੀ ਸਿੰਘ ਇਸ ਦਾਅਵੇ ਨਾਲ ਸਹਿਮਤ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਸੀਮਾ ਨੇ ਗੁਲਾਮ ਹੈਦਰ ਨੂੰ ਮੂੰਹ ਜ਼ੁਬਾਨੀ ਚਾਰ ਸਾਲ ਪਹਿਲਾਂ ਤਲਾਕ ਦਿੱਤਾ ਸੀ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, “ਗੁਲਾਮ ਨੇ ਉਨ੍ਹਾਂ ਨੂੰ ਛੱਡ ਦਿੱਤਾ ਅਤੇ ਉਹ ਉਸ ਮਗਰੋਂ ਆਪਣੇ ਪਿਤਾ ਦੇ ਨਾਲ ਰਹਿਣ ਲੱਗ ਗਈ।”

ਆਪਣੇ ਪਿਤਾ ਦੀ ਮੌਤ ਮਗਰੋਂ ਸੀਮਾ ਦਾ ਸੰਪਰਕ ਸਚਿਨ ਨਾਲ ਹੋਇਆ ਅਤੇ ਉਹ ਭਾਰਤ ਆ ਗਈ।

ਏਪੀ ਸਿੰਘ ਨੇ ਕਿਹਾ ਕਿ ਸੀਮਾ ਅਤੇ ਸਚਿਨ ਨੇ ਪਿਛਲੇ ਸਾਲ ਮਾਰਚ ਵਿੱਚ ਨੇਪਾਲ ਵਿੱਚ ਵਿਆਹ ਕੀਤਾ ਸੀ ਅਤੇ ਇਸ ਸਾਲ 13 ਮਾਰਚ ਨੂੰ ਹਿੰਦੂ ਰੀਤੀ ਰਿਵਾਜ਼ ਦੇ ਨਾਲ ਪੂਰੀ ਧੂਮਧਾਮ ਨਾਲ ਆਪਣੀ ਪਹਿਲੀ ਵਰ੍ਹੇਗੰਢ ਮਨਾਈ।

ਪਰ ਗੁਲਾਮ ਹੈਦਰ ਦੇ ਵਕੀਲ ਮੋਮਿਨ ਮਲਿਕ ਦਾ ਕਹਿਣਾ ਹੈ ਕਿ ਸੀਮਾ ਨੇ ਆਪਣੇ ਪਤੀ ਦੀ ਜ਼ਮਾਨਤ ਦੀ ਅਰਜੀ ਉੱਤੇ ਸੁਣਵਾਈ ਦੇ ਦੌਰਾਨ ਵੀ ਆਪਣੇ ਪਤੀ ਦਾ ਨਾਮ ਗੁਲਾਮ ਹੈਦਰ ਦੱਸਿਆ ਸੀ।

ਉਨ੍ਹਾਂ ਦਾ ਕਹਿਣਾ ਹੈ ਕਿ ਸੀਮਾ ਨੇ ਅਦਾਲਤ ਦੇ ਹਲਫ਼ਨਾਮੇ ਵਿੱਚ ਆਪਣੇ ਆਪ ਨੂੰ ਗੁਲਾਮ ਹੈਦਰ ਦੀ ਪਤਨੀ ਵੀ ਦੱਸਿਆ ਸੀ।

ਉਨ੍ਹਾਂ ਨੇ ਕਿਹਾ ਕਿ ਸੀਮਾ ਨੇ ਅਦਾਲਤ ਵਿੱਚ ਇਸ ਗੱਲ ਦਾ ਕੋਈ ਸਬੂਤ ਜਾਂ ਦਸਤਾਵੇਜ਼ ਪੇਸ਼ ਨਹੀਂ ਕੀਤਾ ਕਿ ਉਨ੍ਹਾਂ ਨੇ ਗੁਲਾਮ ਹੈਦਰ ਨੂੰ ਤਲਾਕ ਦੇ ਦਿੱਤਾ ਹੈ।

ਉਹ ਸਵਾਲ ਪੁੱਛਦੇ ਹਨ, “ਜਦੋਂ ਮਾਰਚ 2023 ਵਿੱਚ ਤੁਹਾਡਾ ਵਿਆਹ ਸਚਿਨ ਨਾਲ ਹੋਇਆ ਤਾਂ ਅਦਾਲਤ ਤੋਂ ਜ਼ਮਾਨਤ ਲੈਣ ਵੇਲੇ ਤੁਸੀਂ ਦਸਤਾਵੇਜ਼ਾਂ ਵਿੱਚ ਗੁਲਾਮ ਹੈਦਰ ਦਾ ਨਾਮ ਕਿਉਂ ਵਰਤਿਆ?"

ਉਨ੍ਹਾਂ ਨੇ ਕਿਹਾ ਕਿ ਸੀਮਾ ਦੇ ਸਾਰੇ ਦਸਤਾਵੇਜ਼ਾਂ ਵਿੱਚ ਗੁਲਾਮ ਹੈਦਰ ਹੀ ਉਨ੍ਹਾਂ ਦੇ ਪਤੀ ਹਨ, “ਉਸ ਨੇ ਆਪਣੇ ਪਤੀ ਨੂੰ ਧੋਖਾ ਦਿੱਤਾ, ਅਦਾਲਤ ਵਿੱਚ ਝੂਠ ਬੋਲਿਆ ਅਤੇ ਉਹ ਗ਼ੈਰ-ਕਾਨੂੰਨੀ ਤਰੀਕੇ ਭਾਰਤ ਵਿੱਚ ਰਹਿ ਰਹੀ ਹੈ।”

ਮੋਮਿਨ ਮਲਿਕ ਦਾ ਕਹਿਣਾ ਹੈ ਕਿ ਅਦਾਲਤ ਨੇ ਸਥਾਨਕ ਪੁਲਿਸ ਨੂੰ ਨੋਟਿਸ ਜਾਰੀ ਕਰਕੇ 18 ਅਪ੍ਰੈਲ ਤੱਕ ਰਿਪੋਰਟ ਦੇਣ ਦਾ ਹੁਕਮ ਦਿੱਤਾ ਹੈ।

ਮੋਮਿਨ ਮਲਿਕ ਦੇ ਮੁਤਾਬਕ, ਗੁਲਾਮ ਹੈਦਰ ਨੇ ਪਾਕਿਸਤਾਨ ਦੇ ਐੱਨਜੀਓ ‘ਅੰਸਾਰ ਬਰਨੀ ਟ੍ਰਸਟ’ ਦੇ ਜ਼ਰੀਏ ਉਨ੍ਹਾਂ ਨਾਲ ਸੰਪਰਕ ਕੀਤਾ ਸੀ।

'ਸੀਮਾ ਨੇ ਹਿੰਦੂ ਧਰਮ ਅਪਣਾ ਲਿਆ ਸੀ'

ਹਾਲਾਂਕਿ ਸੀਮਾ ਦੇ ਵਕੀਲ ਏਪੀ ਸਿੰਘ ਨੇ ਇਸ ਮਾਮਲੇ ਨੂੰ ‘ਪਬਲਿਸਿਟੀ ਸਟੰਟ’ ਦੱਸਿਆ।

ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਵਕੀਲ ਦੀ ਮੌਜੂਦਗੀ ਦੇ ਮਾਮਲੇ ਉੱਤੇ ਕੋਈ ਅਸਰ ਨਹੀਂ ਪਵੇਗਾ ਪਰ ਸ਼ਿਕਾਇਤਕਰਤਾ ਨੂੰ ਮੁਕੱਦਮੇ ਦੇ ਲਈ ਆਪਣੇ ਵਕੀਲ ਦੇ ਇਲਾਵਾ ਖ਼ੁਦ ਨੂੰ ਜਾਂ ਕਿਸੇ ਨੁਮਾਇੰਦੇ ਨੂੰ ਨਿਯੁਕਤ ਕਰਨਾ ਪਵੇਗਾ।

ਉਨ੍ਹਾਂ ਨੇ ਕਿਹਾ ਕਿ ਸੀਮਾ ਨੇ ਭਾਰਤ ਆਉਣ ਤੋਂ ਪਹਿਲਾਂ ਹਿੰਦੂ ਧਰਮ ਅਪਣਾ ਲਿਆ ਸੀ, ਉਨ੍ਹਾਂ ਨੇ ਆਪਣੇ ਬੱਚਿਆਂ ਦੇ ਨਾਮ ਵੀ ਬਦਲ ਲਏ ਸਨ ਅਤੇ ਇੱਕ ਪੰਡਿਤ ਦੀ ਹਾਜ਼ਰੀ ਵਿੱਚ ਸਨਾਤਨ ਧਰਮ (ਹਿੰਦੂ ਧਰਮ) ਦੇ ਤਹਿਤ ਸਚਿਨ ਨਾਲ ਵਿਆਹ ਕਰ ਲਿਆ ਸੀ ਅਤੇ ਜ਼ਮਾਨਤ ਦੀਆਂ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਉਹ ਇੱਥੇ ਰਹਿ ਰਹੀ ਸੀ।

ਇਸ ਇਲਜ਼ਾਮ ਉੱਤੇ ਕਿ ਸੀਮਾ ਨੇ ਭਾਰਤੀ ਅਦਾਲਤ ਵਿੱਚ ਆਪਣੇ ਪਤੀ ਦੇ ਰੂਪ ਵਿੱਚ ਗੁਲਾਮ ਹੈਦਰ ਦਾ ਨਾ ਵਰਤਿਆ, ਏਪੀ ਸਿੰਘ ਨੇ ਟਾਈਮਜ਼ ਆਫ ਇੰਡੀਆ ਨੂੰ ਦੱਸਿਆ ਕਿ ਕਿਉਂਕਿ ਸੀਮਾ ਅਤੇ ਸਚਿਨ ਉਸ ਵੇਲੇ ਪੁਲਿਸ ਹਿਰਾਸਤ ਵਿੱਚ ਸਨ, ਇਸ ਲਈ ਕਾਗਜ਼ੀ ਕਾਰਵਾਈ ਦੇ ਲਈ ਸਿਰਫ਼ ਮੁਲਜ਼ਮ ਜ਼ਿੰਮੇਵਾਰ ਨਹੀਂ ਸੀ।

ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਪੁਲਿਸ ਜਾਂ ਕਲਰਕ ਨੇ ਤੱਥਾਂ ਦੀ ਜਾਂਚ ਕੀਤੇ ਬਿਨਾ ਕੁਝ ਲਿਖਿਆ ਹੋਵੇ।

'ਮਾਮਲਾ ਭਾਰਤੀ ਅਦਾਲਤਾਂ ਵਿੱਚ ਨਹੀਂ ਚੱਲੇਗਾ'

ਫੌਜਦਾਰੀ ਮਾਮਲਿਆਂ ਦੇ ਵਕੀਲ ਕਰਨੈਲ ਸਿੰਘ ਦਾ ਕਹਿਣਾ ਹੈ ਕਿ ਗੁਲਾਮ ਹੈਦਰ ਦਾ ਮਾਮਲਾ ਭਾਰਤੀ ਅਦਾਲਤਾਂ ਵਿੱਚ ਨਹੀਂ ਚੱਲੇਗਾ।

ਉਨ੍ਹਾਂ ਦਾ ਕਹਿਣਾ ਹੈ ਕਿ ਸੀਮਾ ਦਾ ਵਿਆਹ ਪਾਕਿਸਤਾਨ ਵਿੱਚ ਇੱਕ ਪਾਕਿਸਤਾਨੀ ਨਾਗਰਿਕ ਨਾਲ ਹੋਈ ਸੀ। ਪਾਕਿਸਤਾਨ ਵਿੱਚ ਜੋ ਕੁਝ ਹੋਇਆ ਉਸ ਉੱਤੇ ਭਾਰਤੀ ਅਦਾਲਤਾਂ ਦਾ ਕੋਈ ਅਧਿਕਾਰ ਖੇਤਰ ਨਹੀਂ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਦੋਵੇਂ (ਸੀਮਾ ਅਤੇ ਗੁਲਾਮ ਹੈਦਰ) ਪਾਕਿਸਤਾਨੀ ਨਾਗਰਿਕ ਹਨ ਅਤੇ ਪਾਕਿਸਤਾਨੀ ਜਾਂ ਭਾਰਤੀ ਨਾਗਰਿਕ ਸਿਰਫ਼ ਆਪਣੇ ਦੇਸ਼ ਵਿੱਚ ਹੀ ਮਾਮਲਾ ਦਾਇਰ ਕਰ ਸਕਦੇ ਹਨ, ਇੱਕ ਦੂਜੇ ਦੇ ਦੇਸ਼ ਵਿੱਚ ਨਹੀਂ।

(ਬੀਬੀਸੀ ਪੰਜਾਬੀ ਨਾਲ FACEBOOK,INSTAGRAM, TWITTER ਅਤੇ YouTube 'ਤੇ ਜੁੜੋ।)