ਸਿੱਧੂ ਮੂਸੇਵਾਲਾ ਤੇ ਨੁਪੁਰ ਸ਼ਰਮਾ ਸਣੇ ਸਾਲ 2022 ਵਿੱਚ ਲੋਕਾਂ ਨੇ ਗੂਗਲ ਉੱਤੇ ਕੀ ਸਭ ਤੋਂ ਵੱਧ ਲੱਭਿਆ

ਸਾਲ 2022 ’ਚ ਲੋਕਾਂ ਨੇ ਵੈਕਸੀਨ ਸਰਟੀਫ਼ਿਕੇਟ ਡਾਊਨਲੌਡ ਕਰਨਾ ਵੀ ਸਿੱਖਿਆ ਤੇ ਸਿੱਧੂ ਮੂਸੇਵਾਲਾ ਨੂੰ ਵਾਰ-ਵਾਰ ਸਰਚ ਵੀ ਕੀਤਾ।

ਸਾਲ 2022 ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ, ਕੇਂਦਰ ਸਰਕਾਰ ਦੀ ਨਵੀਂ ਸਕੀਮ ਅਗਨੀਪੱਥ ਅਤੇ ਪੈਗੰਬਰ ਮੁਹੰਮਦ ਬਾਰੇ ਟਿੱਪਣੀ ਕਰਨ ਵਾਲੀ ਸਾਬਕਾ ਭਾਜਪਾ ਆਗੂ ਨੁਪੁਰ ਸ਼ਰਮਾ ਗੂਗਲ ਉੱਪਰ ਭਾਰਤ ਵਿੱਚ ਖੋਜੇ ਜਾਣ ਵਾਲੇ ਵਿਸ਼ੇ ਰਹੇ।

ਇਸ ਤੋਂ ਇਲਾਵਾ ਲੋਕਾਂ ਨੇ ਕੋਵਿਡ ਦੀ ਵੈਕਸੀਨ ਦਾ ਸਰਟੀਫ਼ਿਕੇਟ ਕਿਵੇਂ ਡਾਊਨਲੋਡ ਕਰਨਾ ਹੈ ਜਾਣਨ ਦੀ ਕੋਸ਼ਿਸ਼ ਕੀਤੀ।

ਖ਼ਬਰਾਂ ’ਚ ਸਭ ਤੋਂ ਵੱਧ ਰਹਿਣ ਵਾਲੇ ਨਾਮ

ਗੂਗਲ ਉੱਤੇ ਜੋ ਦੋ ਨਾਮ ਸਭ ਤੋਂ ਵੱਧ ਖੋਜੇ ਗਏ ਉਹ ਸੰਗੀਤ ਜਗਤ ਨਾਲ ਜੁੜੇ ਹਨ। ਇਹ ਸਰਚ ਦੋ ਗਾਇਕਾਂ ਦੀ ਮੌਤ ਤੋਂ ਬਾਅਦ ਕੀਤੀ ਗਈ। ਹਿੰਦੀ ਗਾਇਕਾ ਲਤਾ ਮੰਗੇਸ਼ਕਰ ਤੇ ਪੰਜਾਬ ਦੇ ਪੌਪ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਤੇ ਗੀਤਾਂ ਬਾਰੇ ਜਾਣਨਾ ਪਸੰਦ ਕੀਤਾ।

ਭਾਰਤ ਦੀ ਕੋਇਲ ਕਹੀ ਜਾਂਦੀ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਦਾ 92 ਸਾਲ ਦੀ ਉਮਰ 'ਚ 6 ਫ਼ਰਵਰੀ ਨੂੰ ਦੇਹਾਂਤ ਹੋ ਗਿਆ ਸੀ।

ਉਨ੍ਹਾਂ ਦੀ ਮੌਤ ‘ਕੋਵਿਡ-19 ਦੀ ਜਾਂਚ ਦੇ 28 ਦਿਨਾਂ ਬਾਅਦ, ਮਲਟੀ ਆਰਗਨ ਫ਼ੇਲ ਯਾਨਿ ਸਰੀਰ ਦੇ ਕਈ ਅੰਗਾਂ ਦਾ ਇਕੱਠਿਆਂ ਕੰਮ ਕਰਨਾ ਬੰਦ ਹੋਣ ਕਾਰਨ ਹੋਈ ਸੀ।’

ਪੰਜਾਬੀ ਗਾਇਕ ਅਤੇ ਅਦਾਕਾਰ ਤੋਂ ਸਿਆਸਤਦਾਨ ਬਣੇ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਨੇੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਪਿਛਲੇ ਸਾਲ ਦਸੰਬਰ ਵਿੱਚ ਸਿੱਧੂ ਮੂਸੇਵਾਲਾ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸਤ ਵਿੱਚ ਦਾਖ਼ਲ ਹੋਏ ਸਨ।

ਸਿੱਧ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਇਸ ਅਪਰਾਧ ਵਿੱਚ ਕੈਨੇਡਾ ਅਧਾਰਿਤ ਗੈਂਗਸਟਰ ਗੋਲਡੀ ਬਰਾੜ ਅਤੇ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਹੱਥ ਸੀ।

ਰੂਸ ਯੂਕਰੇਨ ਜੰਗ ਤੇ ਸਿਆਸਤ ’ਚ ਵੀ ਰਹੀ ਦਿਲਚਸਪੀ

ਖ਼ਬਰਾਂ ਦੀ ਗੱਲ ਕਰੀਏ ਤਾਂ ਲੋਕਾਂ ਨੇ ਤੀਜੇ ਨੰਬਰ ’ਤੇ ਸਭ ਤੋਂ ਵੱਧ ਰੂਸ-ਯੂਕਰੇਨ ਜੰਗ ਬਾਰੇ ਸਰਚ ਕੀਤਾ।

ਲੋਕ ਜੰਗ ਦੇ ਕਾਰਨਾਂ ਬਾਰੇ ਸਮਝਣਾ ਚਾਹੁੰਦੇ ਸਨ। ਉਹ ਪੁਤਿਨ ਦੀ ਰਣਨੀਤੀ ਪਤਾ ਕਰਨ ਵਿੱਚ ਰੁਚੀ ਰੱਖਦੇ ਸਨ।

ਯੂਪੀ ਦੀਆਂ ਚੋਣਾਂ ਦੇ ਨਤੀਜਿਆਂ ਬਾਰੇ ਕੀਤੀ ਗਈ ਸਰਚ ਚੌਥੇ ਨੰਬਰ ਉੱਤੇ ਰਹੀ।

ਲੋਕਾਂ ਨੇ ਚੋਣਾਂ ਦੇ ਨਤੀਜਿਆਂ ਬਾਰੇ ਜਾਣਨਾ ਚਾਹਿਆ। ਉਨ੍ਹਾਂ ਨੇ ਚੋਣ ਕਮਿਸ਼ਨ ਤੇ ਚੋਣਾਂ ਦੇ ਨਤੀਜਿਆਂ ਬਾਰੇ ਸਰਚ ਕੀਤਾ।

ਕਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਬਾਰੇ ਸਰਚ ਪੰਜਵੇਂ ਨੰਬਰ ਉੱਪਰ ਰਹੀ।

ਕੋਰੋਨਾ ਦੇ ਨਾਲ ਨਾਲ ਲੋਕਾਂ ਨੇ ਮੰਕੀਵਾਇਰਸ ਬਾਰੇ ਜਾਣਨਾ ਚਾਹਿਆ।

ਸਭ ਤੋਂ ਵੱਧ ਖੋਜੇ ਗਏ ਲੋਕ

ਨੁਪੁਰ ਸ਼ਰਮਾ-ਗੂਗਲ ਉੱਪਰ ਸਰਚ ਕੀਤੇ ਗਏ ਲੋਕਾਂ ਦੇ ਨਾਵਾਂ ਵਿੱਚ ਸਭ ਤੋਂ ਪਹਿਲੇ ਨੰਬਰ ਉੱਪਰ ਨੁਪੁਰ ਸ਼ਰਮਾ ਦਾ ਨਾਮ ਸੀ।

ਨੁਪੁਰ ਨੇ ਭਾਜਪਾ ਵਿੱਚ ਕੌਮੀ ਬੁਲਾਰੇ ਵਜੋਂ ਸੇਵਾਵਾਂ ਨਿਭਾ ਰਹੇ ਸਨ।

ਨੁਪੁਰ ਸ਼ਰਮਾ ਨੇ 26 ਮਈ ਨੂੰ ਇੱਕ ਟੀਵੀ ਸ਼ੋਅ ਦੌਰਾਨ ਪੈਗੰਬਰ ਮੁਹੰਮਦ ਖਿਲਾਫ਼ ਕਥਿਤ ਤੌਰ ’ਤੇ ਵਿਵਾਦਿਤ ਟਿੱਪਣੀ ਕੀਤੀ ਸੀ।

ਇਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ ਤੇ ਇਸ ਬਾਰੇ ਖਾੜੀ ਮੁਲਕਾਂ ਤੋਂ ਸਖ਼ਤ ਪ੍ਰਤੀਕਿਰਿਆ ਦਾ ਸਾਹਮਣਾ ਕਰਨਾ ਪਿਆ।

ਕਤਰ, ਸਾਊਦੀ ਅਰਬ, ਕੁਵੈਤ, ਬਹਿਰੀਨ, ਸੰਯੁਕਤ ਅਰਬ ਅਮੀਰਾਤ ਸਣੇ ਕਈ ਮੁਲਕਾਂ ਨੇ ਤਲਖ਼ ਸ਼ਬਦਾਂ ਵਿੱਚ ਆਪਣੀ ਨਰਾਜ਼ਗੀ ਜ਼ਾਹਿਰ ਕੀਤੀ ਅਤੇ ਕਈ ਮੁਲਕਾਂ ਨੇ ਭਾਰਤੀ ਰਾਜਦੂਤਾਂ ਨੂੰ ਵੀ ਤਲਬ ਕੀਤਾ।

ਇਸਦੇ ਚਲਦਿਆਂ ਉਨ੍ਹਾਂ ਨੂੰ ਭਾਜਪਾ ਤੋਂ ਬਰਖ਼ਾਸਤ ਵੀ ਕੀਤਾ ਗਿਆ।

ਦ੍ਰੌਪਦੀ ਮੁਰਮੂ- ਦੂਜੇ ਨੰਬਰ ਉੱਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦਾ ਨਾਮ ਸੀ ਜੋ ਭਾਰਤ ਪਹਿਲੇ ਆਦਿਵਾਸੀ ਮਹਿਲਾ ਰਾਸ਼ਟਰਪਤੀ ਬਣੇ।

ਓਡੀਸ਼ਾ ਤੋਂ ਭਾਰਤੀ ਜਨਤਾ ਪਾਰਟੀ ਦੀ ਆਦਿਵਾਸੀ ਆਗੂ ਦ੍ਰੌਪਦੀ ਮੁਰਮੂ ਭਾਰਤ ਦੇ 15ਵੇਂ ਰਾਸ਼ਟਰਪਤੀ ਬਣੇ ਹਨ।

ਮੁਰਮੂ ਓਡੀਸ਼ਾ ਵਿਧਾਨ ਸਭਾ ਦੇ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ ਉਹ ਝਾਰਖੰਡ ਦੇ ਰਾਜਪਾਲ ਵੀ ਰਹੇ ਹਨ।

ਭਾਰਤ ਦੇ ਸੱਤਾਧਾਰੀ ਗਠਜੋੜ ਐੱਨਡੀਏ ਦੀ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਦ੍ਰੋਪਦੀ ਮੁਰਮੂ ਨੇ ਕਾਂਗਰਸ ਅਤੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਯਸ਼ਵੰਤ ਸਿਨਹਾ ਨੂੰ ਹਰਾਇਆ ਸੀ।

ਰਿਸ਼ੀ ਸੁਨਕ-ਤੀਜੇ ਨੰਬਰ ਉਪਰ ਲੋਕਾਂ ਨੇ ਇੰਗਲੈਡ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦਾ ਨਾਮ ਸਰਚ ਕੀਤਾ।

ਰਿਸ਼ੀ ਸੁਨਕ ਯੂਕੇ ਦੇ ਪ੍ਰਧਾਨ ਮੰਤਰੀ ਬਣਨ ਵਾਲੇ ਪਹਿਲੇ ਬ੍ਰਿਟਿਸ਼ ਏਸ਼ੀਅਨ ਹਨ ਅਤੇ ਇਸ ਅਹੁਦੇ 'ਤੇ ਬੈਠਣ ਵਾਲੇ ਪਹਿਲੇ ਹਿੰਦੂ ਹਨ।

ਕੰਜ਼ਰਵੇਟਿਵ ਪਾਰਟੀ, ਜਿਸ ਦੇ ਰਿਸ਼ੀ ਹੁਣ ਨੇਤਾ ਹਨ, ਉਸਦਾ ਵੱਖ-ਵੱਖ ਰੰਗ ਨਸਲ ਦੇ ਲੋਕਾਂ ਨੂੰ ਵੱਡੇ ਅਹੁਦੇ ਦੇਣ ਦਾ ਇਤਿਹਾਸ ਹੈ, ਪਰ ਕਿਸੇ ਭਾਰਤੀ ਮੂਲ ਦੇ ਵਿਅਕਤੀ ਨੂੰ ਪਹਿਲੀ ਵਾਰ ਪ੍ਰਧਾਨ ਮੰਤਰੀ ਦਾ ਅਹੁਦਾ ਮਿਲਿਆ ਹੈ।

ਸੁਸ਼ਮਿਤਾ ਸੇਨ ਤੇ ਲਲਿਤ ਮੋਦੀ-ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਦਾ ਨਾਮ ਸਰਚ ਵਿੱਚ ਚੌਥੇ ਨੰਬਰ ’ਤੇ ਰਿਹਾ। ਉਨ੍ਹਾਂ ਦੀਆਂ ਕਾਰੋਬਾਰੀ ਲਲਿਤ ਮੋਦੀ ਨਾਲ ਤਸਵੀਰਾਂ ਵਾਇਰਲ ਹੌਣ ਤੋਂ ਬਾਅਦ ਲੋਕਾਂ ਨੇ ਦੋਵਾਂ ਦੀ ਉਮਰ ਬਾਰੇ ਸਰਚ ਕਰਨਾਂ ਸ਼ੁਰੂ ਕਰ ਦਿੱਤਾ।

ਲਲਿਤ ਮੋਦੀ ਨੇ ਸੋਸ਼ਲ ਮੀਡੀਆ ਉੱਪਰ ਇੱਕ ਪੋਸਟ ਕਰਦੇ ਹੋਏ ਸੁਸ਼ਮਿਤਾ ਨਾਲ ਰਿਸ਼ਤੇ ਵਿੱਚ ਹੋਣ ਦੀ ਗੱਲ ਕਹੀ ਸੀ।

ਸੁਸ਼ਮਿਤਾ ਸੇਨ ਅਤੇ ਲਲਿਤ ਮੋਦੀ ਦੇ ਰਿਸ਼ਤੇ ਨੂੰ ਲੈ ਲੋਕਾਂ ਦੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਸਨ। ਜਿਸ ਦੇ ਚਲਦਿਆਂ ਲੋਕਾਂ ਨੇ ਲਲਿਤ ਮੋਦੀ ਬਾਰੇ ਜਾਣਨ ਦੀ ਵੀ ਕੋਸ਼ਿਸ਼ ਕੀਤੀ। ਇਸ ਨਾਲ ਲਲਿਤ ਮੋਦੀ ਸਭ ਤੋਂ ਵੱਧ ਸਰਚ ਹੋਣ ਵਾਲੇ ਲੋਕਾਂ ਦੀ ਸੂਚੀ ਵਿੱਚ ਪੰਜਵੇਂ ਨੰਬਰ ’ਤੇ ਰਹੇ।

ਇਹ ਕੀ ਹੈ?

ਲੋਕਾਂ ਨੇ ਕੁਝ ਸ਼ਬਦਾਂ ਦੇ ਅਰਥ ਸਮਝਣ ਤੇ ਚੀਜ਼ਾਂ ਬਾਰੇ ਜਾਣਨ ਲਈ ਵੀ ਸਰਚ ਕੀਤੀ ਕਿ ਇਹ ਹੈ ਕੀ?

ਅਗਨੀਪਥ-ਕੇਂਦਰ ਸਰਕਾਰ ਨੇ ਫੌਜੀ ਭਰਤੀ ਲਈ ਅਗਨੀਪਥ ਸਕੀਮ ਸ਼ੁਰੂ ਕੀਤੀ।

ਲੋਕਾਂ ਵਿੱਚ ਇਸ ਬਾਰੇ ਜਾਣਨ ਦੀ ਉਤਸਕਤਾ ਕਾਫ਼ੀ ਨਜ਼ਰ ਆਈ। ‘ਅਗਨੀਪਥ ਸਕੀਮ’ ਸਭ ਤੋਂ ਵੱਧ ਸਰਚ ਕੀਤੀ ਗਈ।

ਇਸ ਸਕੀਮ ਦਾ ਦੇਸ਼ਵਿਆਪੀ ਵਿਰੋਧ ਹੋਇਆ ਸੀ। ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਕਈ ਥਾਵਾਂ ’ਤੇ ਤਣਾਅ ਦਾ ਮਾਹੌਲ ਵੀ ਬਣਿਆ।

ਵਿਰੋਧ ਪ੍ਰਦਰਸ਼ਨਾਂ ਵਿੱਚ ਤਮਾਮ ਸਥਾਨਾਂ ਉੱਤੇ ਰੇਲਵੇ ਸਟੇਸ਼ਨ ਅਤੇ ਟਰੇਨਾਂ ਨੂੰ ਨੁਕਸਾਨ ਨੀ ਪਹੁੰਚਾਇਆ ਗਿਆ ਸੀ।

ਪ੍ਰਦਰਸ਼ਨਕਾਰੀਆਂ ਨੇ ਤੇਲੰਗਾਨਾ ਅਤੇ ਬਿਹਾਰ ਸਣੇ ਉੱਤਰ ਪ੍ਰਦੇਸ਼ ਵਿੱਚ ਕਈ ਟਰੇਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ।

ਨਾਟੋ-ਦੂਜੇ ਨੰਬਰ ਉੱਪਰ ਨਾਟੋ ਨੂੰ ਸਮਝਣ ਲਈ ਸਰਚ ਕੀਤਾ ਗਿਆ।

ਨਾਟੋ ਯਾਨੀ ਨੌਰਥ ਐਟਲਾਂਟਿਕ ਟਰੀਟੀ ਆਰਗੇਨਾਈਜ਼ੇਸ਼ਨ, ਇੱਕ ਮਿਲਟਰੀ ਗਠਜੋੜ ਹੈ, ਜਿਸ ਦੀ ਸਥਾਪਨਾ 12 ਦੇਸ਼ਾਂ ਨੇ ਮਿਲ ਕੇ 1949 ਵਿੱਚ ਕੀਤੀ ਸੀ, ਇਨ੍ਹਾਂ ਦੇਸ਼ਾਂ ਵਿੱਚ ਅਮਰੀਕਾ, ਕੈਨੇਡਾ, ਯੂਕੇ ਅਤੇ ਫਰਾਂਸ ਵੀ ਸਾਮਲ ਹਨ।

ਨਾਟੋ ਮੈਂਬਰ ਕਿਸੇ ਇੱਕ ਦੇਸ਼ ਵਿਰੁੱਧ ਹਥਿਆਰਬੰਦ ਹਮਲੇ ਦੀ ਸਥਿਤੀ ਵਿੱਚ ਇੱਕ-ਦੂਜੇ ਦੀ ਸਹਾਇਤਾ ਲਈ ਅੱਗੇ ਆਉਣ ਲਈ ਸਹਿਮਤੀ ਰੱਖਦੇ ਹਨ।

ਅਸਲ ਵਿੱਚ ਨਾਟੋ ਦਾ ਅਸਲ ਮਕਸਦ ਯੂਰਪ ਵਿੱਚ ਯੁੱਧ ਤੋਂ ਬਾਅਦ ਦੇ ਰੂਸੀ ਵਿਸਤਾਰ ਦੇ ਖ਼ਤਰੇ ਦਾ ਮੁਕਾਬਲਾ ਕਰਨਾ ਸੀ।

ਕਿਵੇਂ ਕਰੀਏ?

ਲੋਕਾਂ ਨੇ ਕੁਝ ਨਵੀਂ ਪੁਰਾਣੇ ਕੰਮ ਸਿੱਖਣ ਦੀ ਵੀ ਕੋਸ਼ਿਸ਼ ਕੀਤੀ।

ਕੋਰੋਨਾ ਦਾ ਵੈਕਸੀਨੇਸ਼ਨ ਸਰਟੀਫ਼ਿਕੇਟ ਡਾਊਨਲੋਡ ਕਿਵੇਂ ਕਰਨਾ ਹੈ, ਇਹ ਸਭ ਤੋਂ ਵੱਧ ਖੋਜਿਆ ਗਿਆ।

ਗੂਗਲ ਉੱਤੇ ਕਰੋਨਾ ਵੈਕਸੀਨ ਦੇ ਸਰਟੀਫ਼ਿਕੇਟ ਦੇ ਨਾਲ ਨਾਲ ਫਰੋਫੈਸ਼ਨਲ ਟੈਕਸ ਰਜਿਸਟਰੇਸ਼ਨ ਸਰਟੀਫ਼ਿਕੇਟ ਬਾਰੇ ਸਰਚ ਦੂਜੇ ਨੰਬਰ ’ਤੇ ਰਹੀ।

ਇਸ ਤੋਂ ਇਲਾਵਾਂ ਗਰਭ ਅਵਸਥਾ ਦੌਰਾਨ ਮੋਸ਼ਨ ਰੋਕਣ ਬਾਰੇ ਵੀ ਖੋਜਿਆ ਗਿਆ।

ਸਭ ਤੋਂ ਵੱਧ ਖੋਜੀਆਂ ਜਾਣ ਵਾਲੀਆਂ ਫ਼ਿਲਮਾਂ

ਭਾਰਤ ਵਿੱਚ ਸਭ ਤੋਂ ਵੱਧ ਸਰਚ ਕੀਤੀ ਜਾਣ ਵਾਲੀ ਫ਼ਿਲਮ ਬ੍ਰਹਮਅਸਤਰ: ਪਾਰਟ ਵਨ-ਸ਼ਿਵਾ ਰਹੀ।

ਸਰਚ ਤੋਂ ਮੰਨਿਆ ਜਾ ਸਕਦਾ ਹੈ ਕਿ ਲੋਕਾਂ ਨੂੰ ਫ਼ਿਲਮ ਦੀ ਬਹੁਤ ਉਡੀਕ ਸੀ। ਉਨ੍ਹਾਂ ਨੇ ਇਸ ਦੀ ਰੀਲੀਜ਼ ਤਾਰੀਖ਼ ਬਾਰੇ ਸਰਚ ਕੀਤਾ ਤੇ ਫ਼ਿਲਮ ਦੇ ਗਾਣੇ ਵੀ ਡਾਉਨਲੋਡ ਹੋਏ।

ਇਸ ਤੋਂ ਇਲਾਵਾ ਕੇਜੀਐੱਫ਼ ਚੈਪਟਰ-2, ਦਿ ਕਸ਼ਮੀਰ ਫ਼ਾਇਲਜ਼, ਆਰਆਰਆਰ ਅਤੇ ਕਾਂਤਾਰਾ ਕਰਮਵਾਰ ਸਰਚ ਕੀਤੀਆਂ ਗਈਆਂ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)