ਪ੍ਰਾਣ ਸੱਭਰਵਾਲ: 'ਜਾਨ ਚਾਹੇ ਕੱਲ੍ਹ ਨਿਕਲ ਜਾਵੇ ਪਰ ਇਰਾਦਾ 100 ਸਾਲ ਤੱਕ ਕੰਮ ਕਰਨ ਦਾ ਹੈ'

- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
95 ਸਾਲਾਂ ਨੂੰ ਢੁਕੇ ਰੰਗਕਰਮੀ ਪਦਮ ਸ਼੍ਰੀ ਅਵਾਰਡੀ ਪ੍ਰਾਣ ਸੱਭਰਵਾਲ ਅੱਜ ਵੀ ਮੰਚ ਉੱਤੇ ਜੋਸ਼ ਨਾਲ ਗੱਜਦੇ ਹਨ ਅਤੇ ਪਟਿਆਲਾ ਵਿੱਚ ਨੌਜਵਾਨਾਂ ਨੂੰ ਅਦਾਕਾਰੀ ਦੇ ਗੁਰ ਦਿੰਦੇ ਨਜ਼ਰ ਆਉਂਦੇ ਹਨ।
ਕਦੇ ਰੁੱਖਾਂ ਹੇਠ ਅਭਿਆਸ ਕਰ ਕੇ ਖ਼ੁਦ ਹੀ ਐਕਟਿੰਗ ਸਿੱਖੇ ਪ੍ਰਾਣ ਸੱਭਰਵਾਲ ਨੇ ਜ਼ਿੰਦਗੀ ਦੇ 74 ਤੋਂ ਵੱਧ ਸਾਲ ਰੰਗਮੰਚ ਨੂੰ ਦਿੱਤੇ ਅਤੇ ਉਨ੍ਹਾਂ ਦਾ ਇਹ ਸਫ਼ਰ ਹਾਲੇ ਵੀ ਜਾਰੀ ਹੈ।
ਸੱਭਰਵਾਲ ਪੰਜਾਬੀ ਦੀਆਂ ਰਾਸ਼ਟਰੀ ਅਵਾਰਡ ਜੇਤੂ ਫ਼ਿਲਮਾਂ ਚੰਨ ਪ੍ਰਦੇਸੀ, ਮੜ੍ਹੀ ਦਾ ਦੀਵਾ ਅਤੇ ਸ਼ਹੀਦ ਉਧਮ ਸਿੰਘ ਵਿੱਚ ਵੀ ਅਦਾਕਾਰੀ ਕਰ ਚੁੱਕੇ ਹਨ।

ਪਹਿਲੀ ਵਾਰ 'ਬੇਈਮਾਨ' ਨਾਮ ਦੇ ਨਾਟਕ ਤੋਂ ਅਦਾਕਾਰੀ ਵਿੱਚ ਕਦਮ ਰੱਖਣ ਵਾਲੇ ਸੱਭਰਵਾਲ 100 ਸਾਲ ਦੀ ਉਮਰ ਤੱਕ ਥੀਏਟਰ ਦਾ ਸਫ਼ਰ ਜਾਰੀ ਰੱਖਣਾ ਚਾਹੁੰਦੇ ਹਨ।
ਅਦਾਕਾਰੀ ਦੇ ਸਫ਼ਰ ਦੌਰਾਨ ਉਨ੍ਹਾਂ ਨੇ ਅਮਰੀਕਾ, ਕੈਨੇਡਾ, ਯੂਕੇ, ਹੰਗਰੀ ਅਤੇ ਨਾਰਵੇ ਸਮੇਤ ਕਈ ਦੇਸ਼ਾਂ ਦੇ ਦੌਰੇ ਕੀਤੇ ਪਰ ਇਸ ਦੌਰਾਨ ਉਨ੍ਹਾਂ ਨੇ ਪਿਛਲੇ ਢਾਈ ਦਹਾਕਿਆਂ ਤੋਂ ਹਰ ਮਹੀਨੇ ਪਟਿਆਲੇ ਦੇ ਬਾਰਾਂਦਰੀ ਗਾਰਡਨ ਵਿੱਚ ਨੁੱਕੜ ਨਾਟਕ ਕਰਨਾ ਵੀ ਜਾਰੀ ਰੱਖਿਆ।
ਉਨ੍ਹਾਂ ਨੇ ਸਾਲ 2001 ਵਿੱਚ ਮਹੀਨੇਵਾਰ 'ਗਾਰਡਨ ਥੀਏਟਰ ਮੁਹਿੰਮ' ਦੀ ਸ਼ੁਰੂਆਤ ਕੀਤੀ ਸੀ।
ਇਸ ਮੁਹਿੰਮ ਵਿੱਚ ਉਹ ਸਮਾਜਿਕ ਮੁੱਦਿਆਂ ਉੱਤੇ ਨੁੱਕੜ ਨਾਟਕ ਖੇਡਦੇ ਹਨ। ਇਸ ਨੁੱਕੜ ਨਾਟਕ ਦੇ ਖ਼ਰਚਿਆਂ ਦਾ ਪ੍ਰਬੰਧ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੇ ਪੱਧਰ ਉੱਤੇ ਕਰਦੇ ਹਨ।
ਪ੍ਰਿਥਵੀਰਾਜ ਕਪੂਰ ਦੀ ਝਿੜਕ ਨੇ ਕਿਵੇਂ ਦਿਸ਼ਾ ਦਿੱਤੀ?

ਪ੍ਰਾਣ ਸੱਭਰਵਾਲ ਦੱਸਦੇ ਹਨ ਕਿ ਉਨ੍ਹਾਂ ਦੀ ਇਸ ਯਾਤਰਾ ਨੂੰ ਹਿੰਦੀ ਸਿਨੇਮਾ ਦੇ ਵੱਡੇ ਅਦਾਕਾਰ ਪ੍ਰਿਥਵੀਰਾਜ ਕਪੂਰ ਨੇ ਨਵੀਂ ਦਿਸ਼ਾ ਦੱਸੀ ਸੀ।
ਆਪਣੇ ਰੋਲ ਮਾਡਲ ਪ੍ਰਿਥਵੀਰਾਜ ਕਪੂਰ ਨਾਲ ਲੁਧਿਆਣਾ ਵਿੱਚ 1952 'ਚ ਹੋਈ ਇੱਕ ਮੁਲਾਕਾਤ ਨੂੰ ਯਾਦ ਕਰਦਿਆਂ ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਪ੍ਰਿਥਵੀਰਾਜ ਕਪੂਰ ਦੇ ਨਾਲ ਮੁੰਬਈ ਜਾਣ ਦੀ ਬੇਨਤੀ ਕੀਤੀ ਸੀ ਪਰ ਉਨ੍ਹਾਂ ਨੇ ਉਲਟਾ 'ਝਿੜਕਾਂ' ਮਾਰੀਆਂ ਅਤੇ ਪੰਜਾਬੀ ਥੀਏਟਰ ਵਿੱਚ ਅਦਾਕਾਰੀ ਕਰਨ ਦੀ ਸਲਾਹ ਦਿੱਤੀ।
ਉਹ ਦੱਸਦੇ ਹਨ, "ਪ੍ਰਿਥਵੀਰਾਜ ਕਪੂਰ ਨੇ ਮੈਨੂੰ ਛਾਤੀ ਨਾਲ ਲਗਾਇਆ ਅਤੇ ਕਿਹਾ ਕਿ ਮੈਂ ਕਿਸ-ਕਿਸ ਨੂੰ ਬੰਬੇ ਲੈ ਜਾ ਸਕਦਾ ਹੈ? ਤੂੰ ਪੰਜਾਬ ਵਿੱਚ ਰਹਿੰਦਾ ਹੈ, ਪੰਜਾਬੀ ਵਿੱਚ ਥੀਏਟਰ ਕਰ, ਮੈਂ ਤੇਰੇ ਨਾਲ ਹਾਂ। ਉਨ੍ਹਾਂ ਦਾ ਮੇਰੇ ਉੱਤੇ ਬਹੁਤ ਪ੍ਰਭਾਵ ਹੈ।"
ਰੰਗਮੰਚ ਦੇ ਸਫ਼ਰ ਦੀ ਸ਼ੁਰੂਆਤ

ਜਦੋਂ ਪ੍ਰਾਣ ਸੱਭਰਵਾਲ ਨੇ 'ਬੇਈਮਾਨ' ਨਾਟਕ ਖੇਡਿਆਂ ਸੀ ਤਾਂ ਆਲ ਇੰਡੀਆ ਰੇਡੀਓ ਤੋਂ ਵੀ ਕਈ ਅਧਿਕਾਰੀ ਕਾਲਜ ਪਹੁੰਚੇ ਹੋਏ ਸਨ। ਇਸ ਮਗਰੋਂ ਉਹ ਆਲ ਇੰਡੀਆ ਰੇਡੀਓ ਵਿੱਚ ਡਰਾਮਾ ਕਲਾਕਾਰ ਵਜੋਂ ਚੁਣੇ ਗਏ।
ਉਹ ਦੱਸਦੇ ਹਨ, "ਬਤੌਰ ਕਲਾਕਾਰ 'ਬੇਈਮਾਨ' ਮੇਰਾ ਪਹਿਲਾ ਨਾਟਕ ਸੀ। ਇਸ ਮਗਰੋਂ ਮੈਂ ਰੇਡੀਓ ਉੱਤੇ ਕਈ ਡਰਾਮੇ ਕੀਤੇ। ਹੁਣ ਤੱਕ ਮੈਂ ਰੇਡੀਓ ਉੱਤੇ 500 ਤੋਂ ਵੱਧ ਡਰਾਮੇ ਕਰ ਚੱਕਿਆ ਹਾਂ।"
ਸੱਭਰਵਾਲ 1952 ਵਿੱਚ ਰੇਡੀਓ ਅਤੇ ਦੂਰਦਰਸ਼ਨ ਨਾਲ 'ਏ' ਕਲਾਸ ਡਰਾਮਾ ਕਲਾਕਾਰ ਵਜੋਂ ਜੁੜ ਗਏ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਰਾਸ਼ਟਰੀ ਏਆਈਆਰ ਨਾਟਕਾਂ, ਟੀਵੀ ਫਿਲਮਾਂ, ਡਰਾਮਿਆਂ, ਸੀਰੀਅਲਾਂ ਅਤੇ ਤਿੰਨ ਰਾਸ਼ਟਰੀ ਪੁਰਸਕਾਰ ਜੇਤੂ ਪੰਜਾਬੀ ਫਿਲਮਾਂ ਵਿੱਚ ਅਦਾਕਾਰੀ ਕੀਤੀ।
ਸੱਤ ਦਹਾਕਿਆਂ ਤੋਂ ਵੱਧ ਦੇ ਰੰਗਮੰਚ ਦੇ ਸਫ਼ਰ ਦੌਰਾਨ ਉਨ੍ਹਾਂ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਕਰਵਾਏ ਗਏ ਲਗਭਗ 5000 ਸਟੇਜ ਸਮਾਗਮਾਂ ਵਿੱਚ ਨਾਟਕ ਅਦਾਕਾਰ ਅਤੇ ਵਨ ਮੈਨ ਹਾਸਰਸ ਕਲਾਕਾਰ ਵੱਜੋਂ ਭਾਗ ਲਿਆ।
ਉਨ੍ਹਾਂ ਨੇ 2500 ਤੋਂ ਵੱਧ ਨੌਜਵਾਨਾਂ ਨੂੰ ਥੀਏਟਰ ਦੀ ਸਿਖਲਾਈ ਵੀ ਦਿੱਤੀ ਹੈ।
ਅਦਾਕਾਰੀ ਦੀ ਚਿਣਗ ਅਤੇ ਹਾਸਰਸ ਕਲਾਕਾਰ ਵੱਜੋਂ ਸਥਾਪਤੀ

9 ਦਸੰਬਰ, 1930 ਨੂੰ ਜਲੰਧਰ ਵਿੱਚ ਜਨਮੇ ਸੱਭਰਵਾਲ ਦੇ ਪਿਤਾ ਮੁਨਿਆਰੀ ਦੀ ਦੁਕਾਨ ਕਰਦੇ ਸਨ।
ਸੱਭਰਵਾਲ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਆਪਣੀ ਦੁਕਾਨਦਾਰੀ ਦੇ ਨਾਲ-ਨਾਲ ਧਾਰਮਿਕ ਸਮਾਗਮਾਂ ਵਿੱਚ ਭਜਨ ਗਾਇਆ ਕਰਦੇ ਸਨ। ਜਦੋਂ ਉਨ੍ਹਾਂ ਦੀ ਉਮਰ ਮਹਿਜ਼ 5-6 ਸਾਲ ਦੀ ਸੀ ਤਾਂ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਨਾਲ ਲੈ ਜਾਂਦੇ ਸਨ।
ਉਹ ਕਹਿੰਦੇ ਹਨ, "ਇੱਕ ਦਿਨ ਜਦੋਂ ਭਜਨ ਆਪਣੇ ਸਿਖ਼ਰ ਉੱਤੇ ਸੀ ਤਾਂ ਮੈਂ ਆਪਣੇ ਪਿਤਾ ਦੀ ਗੋਦੀ ਵਿੱਚੋਂ ਉੱਠ ਕੇ ਨੱਚਣ ਲੱਗ ਪਿਆ। ਭਜਨ ਆਪਣੇ ਸਿਖ਼ਰ ਉੱਤੇ ਹੋਣ ਕਰਕੇ ਭਗਤਾਂ ਨੇ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇਨ੍ਹਾਂ ਤਾੜੀਆਂ ਤੋਂ ਮੈਨੂੰ ਆਤਮ ਵਿਸ਼ਵਾਸ ਅਤੇ ਹੌਂਸਲਾ ਮਿਲਿਆ।"

ਉਹ ਕਹਿੰਦੇ ਹਨ, "ਇਸ ਤੋਂ ਬਾਅਦ ਰਾਮ ਲੀਲਾ ਕਰਦਿਆਂ ਮੈਂ ਮਕਬੂਲ ਹੋ ਗਿਆ ਸੀ। ਲੋਕ ਮੈਨੂੰ ਪਛਾਨਣ ਲੱਗ ਗਏ ਸੀ। ਰਾਮ ਲੀਲਾ ਦੇ ਹੋਰਡਿੰਗਾਂ ਵਿੱਚ ਮੇਰਾ ਨਾਮ ਹੁੰਦਾ ਸੀ।"
ਸੱਭਰਵਾਲ ਦੱਸਦੇ ਹਨ ਕਿ ਸਾਲ 1952 ਵਿੱਚ ਉਨ੍ਹਾਂ ਦੁਆਬਾ ਕਾਲਜ ਵਿੱਚ ਪੜ੍ਹਦਿਆਂ ਪਹਿਲੀ ਵਾਰੀ ਕਿਸੇ ਡਰਾਮੇ ਵਿੱਚ ਹਿੱਸਾ ਲਿਆ ਸੀ।
ਉਹ ਦੱਸਦੇ ਹਨ ਕਿ ਸ਼ੁਰੂਆਤ ਵਿੱਚ ਉਹ ਕਈ ਸਾਲ 'ਵੰਨ ਮੈਨ ਹਾਸਰਸ ਕਲਾਕਾਰ' ਵਜੋਂ ਸਟੇਜਾਂ ਉੱਤੇ ਚੜ੍ਹਦੇ ਰਹੇ।
ਸੱਭਰਵਾਲ ਕਹਿੰਦੇ ਹਨ, "ਹਾਸਰਸ ਕਲਾਕਾਰ ਵਜੋਂ ਜਦੋਂ ਮੇਰੀ ਪ੍ਰਸਿੱਧੀ ਹੋਈ ਤਾਂ ਲੋਕਾਂ ਨੂੰ ਮੇਰਾ ਨਾਮ ਪਤਾ ਸੀ। ਮੇਰੇ ਘਰ ਦਾ ਐਡਰੈਸ ਨਹੀਂ ਪਤਾ ਸੀ। ਲੋਕ ਆਲ ਇੰਡੀਆ ਰੇਡੀਓ ਸਟੇਸ਼ਨ ਨੂੰ ਸੱਦਾ ਭੇਜ ਦਿੰਦੇ ਸੀ ਅਤੇ ਮੈਂ ਆਲ ਇੰਡੀਆ ਰੇਡੀਓ ਸਟੇਸ਼ਨਾਂ ਵੱਲੋਂ ਫਿਰ ਪੇਸ਼ਕਾਰੀ ਦਿੰਦਾ ਸੀ।"
ਉਨ੍ਹਾਂ ਦੱਸਿਆ ਕਿ ਜਦੋਂ ਉਸ ਸਮੇਂ ਦੇ ਪ੍ਰਸਿੱਧ ਗਾਇਕ, ਜਿਨ੍ਹਾਂ ਵਿੱਚ ਸੁਰਿੰਦਰ ਕੌਰ ਅਤੇ ਯਮਲਾ ਜੱਟ ਵਰਗੇ ਕਲਾਕਾਰ ਸ਼ਾਮਲ ਹਨ, ਉਹ ਜਦੋਂ ਗਾਉਣ ਜਾਂਦੇ ਸਨ ਤਾਂ ਉਨ੍ਹਾਂ ਨੂੰ ਵੀ ਬਤੌਰ ਹਾਸਰਸ ਕਲਾਕਾਰ ਵਜੋਂ ਪੇਸ਼ਕਾਰੀ ਲਈ ਬੁਲਾਇਆ ਜਾਂਦਾ ਸੀ।
ਗੰਭੀਰ ਰੰਗਮੰਚ ਅਤੇ ਵੱਡੇ ਕਲਾਕਾਰਾਂ ਦਾ ਸਾਥ

ਜਦੋਂ ਉਹ ਗ੍ਰੈਜੂਏਸ਼ਨ ਕਰ ਰਹੇ ਸਨ ਤਾਂ ਉਨ੍ਹਾਂ ਦੀ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਜਲੰਧਰ ਵਿਖੇ ਬਤੌਰ ਕਲਰਕ ਨੌਕਰੀ ਲੱਗ ਗਈ ਸੀ।
ਇਸ ਤੋਂ ਬਾਅਦ ਉਨ੍ਹਾਂ ਨੂੰ 1962 ਵਿੱਚ ਪਟਿਆਲਾ ਵਿਖੇ ਪੰਜਾਬ ਰਾਜ ਬਿਜਲੀ ਬੋਰਡ ਦੇ ਪਬਲਿਕ ਰਿਲੇਸ਼ਨ ਵਿਭਾਗ ਵਿੱਚ ਬਤੌਰ ਸੁਪਰਡੈਂਟ ਤਰੱਕੀ ਮਿਲ ਗਈ, ਜਿੱਥੋਂ ਉਹ 1988 ਵਿੱਚ ਬਤੌਰ ਕਾਰਜਕਾਰੀ ਡਾਇਰੈਕਟਰ ਸੇਵਾ ਮੁਕਤ ਹੋਏ ਸਨ।
ਪਟਿਆਲਾ ਪਹੁੰਚਣ ਮਗਰੋਂ ਉਨ੍ਹਾਂ ਹਾਸਰਸ ਕਲਾਕਾਰ ਵਜੋਂ ਪੇਸ਼ਕਾਰੀ ਦੇਣੀ ਬੰਦ ਕਰ ਦਿੱਤੀ ਅਤੇ ਸਿਰਫ਼ ਰੰਗਮੰਚ ਉੱਤੇ ਧਿਆਨ ਕੇਂਦਰਿਤ ਕੀਤਾ।
ਇੱਥੇ ਉਹ ਸੈਂਟਰਲ ਸਟੇਟ ਲਾਇਬ੍ਰੇਰੀ ਦੇ ਬਾਹਰ ਨਾਟਕ ਖੇਡਦੇ ਹੁੰਦੇ ਸਨ।
ਉਹ ਕਹਿੰਦੇ ਹਨ ਕਿ ਸੈਂਟਰਲ ਸਟੇਟ ਲਾਇਬ੍ਰੇਰੀ ਵਿੱਚ ਨਾਟਕ ਖੇਡਦਿਆਂ ਗੁਰਦਾਸ ਮਾਨ ਅਤੇ ਜਸਪਾਲ ਭੱਟੀ ਵੀ ਕਈ ਸਰਗਰਮੀਆਂ ਵਿੱਚ ਸ਼ਾਮਲ ਹੁੰਦੇ ਸੀ।
ਇਸ ਦੌਰਾਨ ਉਨ੍ਹਾਂ ਕਈ ਟੀਵੀ ਸੀਰੀਅਲਾਂ ਵਿੱਚ ਵੀ ਕੰਮ ਕੀਤਾ ਹੈ, ਜਿਨ੍ਹਾਂ ਵਿਚੋਂ ਸਭ ਤੋਂ ਵੱਧ ਯਾਦਗਾਰੀ 'ਏਹੁ ਹਮਾਰਾ ਜੀਵਣਾ' ਸੀ।
ਹਰ ਸਮੇਂ ਤਿਆਰ-ਬਰ-ਤਿਆਰ

ਸੱਭਰਵਾਲ ਹਰ ਸਮੇਂ ਫ਼ਿਲਮਾਂ ਵਿੱਚ ਵੀ ਕੰਮ ਕਰਨ ਲਈ ਤਿਆਰ ਰਹਿੰਦੇ ਹਨ।
ਉਹ ਕਹਿੰਦੇ ਹਨ, "ਕਦੀ-ਕਦੀ ਲੋਕ ਫ਼ਿਲਮਾਂ ਵਿੱਚ ਕੰਮ ਕਰਨ ਲਈ ਮੈਨੂੰ ਹਾਕ ਮਾਰ ਲੈਂਦੇ ਹਨ ਅਤੇ ਮੈਂ ਤਿਆਰ ਰਹਿੰਦਾ ਹਾਂ।"
"ਮੈਂ 95 ਸਾਲ ਦਾ ਹੋ ਗਿਆ ਪਰ ਮੈਨੂੰ ਮਹਿਸੂਸ ਨਹੀਂ ਹੁੰਦਾ ਕਿ ਮੈਂ 95 ਸਾਲ ਦਾ ਹਾਂ। ਜਾਨ ਚਾਹੇ ਕੱਲ੍ਹ ਨਿਕਲ ਜਾਵੇ ਪਰ ਇਰਾਦਾ ਹੈ ਕਿ 100 ਸਾਲ ਤੱਕ ਕੰਮ ਕਰਨਾ ਹੈ।"

'ਰੰਗਮੰਚ ਨੂੰ ਸਭ ਤੋਂ ਵੱਡੀ ਚੁਣੌਤੀ ਪੈਸੇ ਦੀ ਕਮੀ'
ਸੱਭਰਵਾਲ ਕਹਿੰਦੇ ਹਨ ਕਿ ਰੰਗਮੰਚ ਨੂੰ ਸਭ ਤੋਂ ਵੱਡੀ ਚੁਣੌਤੀ ਪੈਸੇ ਦੀ ਕਮੀ ਹੈ। ਪੈਸਾ ਨਾ ਹੋਣ ਕਰਕੇ ਕਲਾਕਾਰ ਰੰਗਮੰਚ ਤੋਂ ਦੂਰ ਭੱਜ ਰਹੇ ਹਨ।
ਉਹ ਕਹਿੰਦੇ ਹਨ, "ਜਿਨ੍ਹਾਂ ਚਿਰ ਪੰਜਾਬ ਸਰਕਾਰ ਜਾਂ ਖੁਸ਼ਹਾਲ ਲੋਕ ਰੰਗਮੰਚ ਲਈ ਯੋਗਦਾਨ ਨਹੀਂ ਪਾਉਂਣਗੇ, ਰੰਗਮੰਚ ਪ੍ਰਫੁੱਲਤ ਨਹੀਂ ਹੋਵੇਗਾ।"
ਸੱਭਰਵਾਲ ਅੱਗੇ ਕਹਿੰਦੇ ਹਨ, "ਥੀਏਟਰ ਸੁੱਤਾ ਹੋਇਆ ਹੈ। ਸੁੱਤਾ ਇਸ ਲਈ ਹੈ ਕਿਉਂਕਿ ਰੰਗਕਰਮੀਆਂ ਕੋਲ ਪੈਸੇ ਨਹੀਂ ਹਨ। ਜਦੋਂ ਤੱਕ ਪੈਸੇ ਦੀ ਕਮੀ ਪੂਰੀ ਨਹੀਂ ਹੁੰਦੀ, ਰੰਗਮੰਚ ਦਾ ਮਿਆਰ ਉੱਪਰ ਨਹੀਂ ਉੱਠ ਸਕਦਾ।"















