ਆਸਟ੍ਰੇਲੀਆ 'ਚ ਪੰਜਾਬੀ ਡਿਲੀਵਰੀਮੈਨ ਦੇ ਇਸ ਕੰਮ ਦੇ ਲੋਕ ਹੋਏ ਫੈਨ, ਜਾਣੋ ਕਿਉਂ ਹੋ ਰਹੀ ਹੈ ਪ੍ਰਸ਼ੰਸਾ

ਤਸਵੀਰ ਸਰੋਤ, verritywandel/Insta
ਆਸਟ੍ਰੇਲੀਆ ਵਿੱਚ ਜਦੋਂ ਇੱਕ ਪੰਜਾਬੀ ਮੂਲ ਦਾ ਵਿਅਕਤੀ ਕਿਸੇ ਦੇ ਘਰ ਪਾਰਸਲ ਪਹੁੰਚਾਉਣ ਗਿਆ ਤਾਂ ਉਸ ਨੇ ਮੀਂਹ ਪੈਂਦਾ ਦੇਖ ਘਰ ਦੇ ਬਾਹਰ ਸੁੱਕਣੇ ਪਾਏ ਕੱਪੜੇ ਲਾਹ ਕੇ ਇੱਕ ਸੁਰੱਖਿਅਤ ਥਾਂ ਉੱਤੇ ਰੱਖ ਦਿੱਤੇ, ਜਿੱਥੇ ਕੱਪੜੇ ਭਿੱਜਣ ਤੋਂ ਬਚ ਸਕਣ।
ਸੋਸ਼ਲ ਮੀਡੀਆ ਉੱਤੇ ਇਸ ਸਾਰੇ ਘਟਨਾਕ੍ਰਮ ਬਾਰੇ ਘਰ ਦੀ ਮਾਲਕਣ ਦੀ ਇੱਕ ਪੋਸਟ ਕੁਝ ਦੀ ਪਲਾਂ ਵਿੱਚ ਵਾਇਰਲ ਹੋ ਗਈ ਅਤੇ ਲੋਕਾਂ ਨੇ ਪਾਰਸਲ ਦੇਣ ਆਏ ਵਿਅਕਤੀ ਦੀ ਦਿਲ ਖੋਲ੍ਹ ਕੇ ਤਾਰੀਫ਼ ਕੀਤੀ।
ਇੰਸਟਾਗ੍ਰਾਮ 'ਤੇ ਪੋਸਟ ਕੀਤੀ ਗਈ ਇੱਕ ਵੀਡੀਓ ਵਿੱਚ ਵੇਰੀਟੀ ਵਾਂਡੇਲ ਨਾਮ ਦੀ ਇੱਕ ਆਸਟ੍ਰੇਲੀਆਈ ਔਰਤ ਨੇ ਪਾਰਸਲ ਦੇਣ ਆਏ ਵਿਅਕਤੀ ਦੀ ਸੀਸੀਟੀਵੀ ਫੂਟੇਜ਼ ਸਾਂਝੀ ਕੀਤੀ ਹੈ ਅਤੇ ਨਾਲ ਹੀ ਇੱਕ ਦਿਲ ਛੂਹ ਜਾਣ ਵਾਲੀ ਪੋਸਟ ਲਿਖੀ ਹੈ।
ਵਾਂਡੇਲ ਦੀ ਇਸ ਪੋਸਟ ਲੱਖਾਂ ਲੋਕਾਂ ਨੇ ਲਾਈਕ ਕੀਤੀ ਹੈ।
ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਵਿਅਕਤੀ ਗੁਰਪ੍ਰੀਤ ਸਿੰਘ ਵਾਂਡੇਲ ਦੇ ਘਰ ਇੱਕ ਪਾਰਸਲ ਦੇਣ ਆਇਆ ਸੀ, ਮੀਂਹ ਕਰਕੇ ਉਸ ਨੇ ਵਿਹੜੇ ਵਿੱਚ ਸੁਕਣੇ ਪਾਈਆਂ ਚਾਦਰਾਂ ਦੀ ਇੱਕ-ਇੱਕ ਕਰਕੇ ਤਹਿ ਲਾਈ ਅਤੇ ਉਨ੍ਹਾਂ ਨੂੰ ਸੁੱਕੀ ਥਾਂ ਲੈ ਜਾ ਕੇ ਰੱਖਿਆ।
ਮਹਿਲਾ ਨੇ ਪੋਸਟ ਵਿੱਚ ਕੀ ਲਿਖਿਆ

ਤਸਵੀਰ ਸਰੋਤ, verritywandel/Insta
ਵੀਡੀਓ ਨਾਲ ਵਾਂਡੇਲ ਨੇ ਕੁਝ ਇਸ ਤਰ੍ਹਾਂ ਲਿਖਿਆ ਹੈ।
ਇਹ ਲੱਖਾਂ ਵਿੱਚੋਂ ਇੱਕ ਹੈ। ਮੈਂ ਘਰ ਜਾ ਰਹੀ ਸੀ ਅਤੇ ਅਸਮਾਨ ਵੱਲ ਦੇਖ ਕੇ ਸੋਚ ਰਹੀ ਸੀ ਕਿ ਚਾਦਰਾਂ ਬਾਹਰ ਹਨ।
ਜਦੋਂ ਮੈਂ ਘਰ ਪਹੁੰਚੀ ਤਾਂ ਚਾਦਰਾਂ ਵਿਹੜੇ ਵਿੱਚ ਨਹੀਂ ਸਨ। ਇਹ ਅਜੀਬ ਸੀ। ਮੈਂ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਬਾਹਰ ਪਾਇਆ ਸੀ।
ਆਪਣੇ ਆਪ ਉੱਤੇ ਸ਼ੱਕ ਕਰਦਿਆਂ ਮੈਂ ਮੇਲਬਾਕਸ ਦੇਖਣ ਗਈ ਕਿਉਂਕਿ ਮੈਨੂੰ ਮੈਸੇਜ ਆਇਆ ਸੀ ਕਿ ਮੇਰਾ ਇੱਕ ਆਰਡਰ ਘਰ ਡਲਿਵਰ ਹੋਇਆ ਹੈ।
ਮੈਂ ਆਪਣਾ ਜ਼ਿਆਦਾਤਰ ਸਮਾਨ ਆਨਲਾਈਨ ਹੀ ਮੰਗਵਾਉਂਦੀ ਹਾਂ। ਮੇਰਾ ਪਿਛਲੇ 10 ਸਾਲ ਤੋਂ ਆਨਲਾਈਨ ਕਾਰੋਬਾਰ ਹੈ ਇਸ ਲਈ ਮੈਨੂੰ ਛੋਟੇ ਕਾਰੋਬਾਰਾਂ ਦੀ ਸਪੋਰਟ ਕਰਨ ਦਾ ਮਤਲਬ ਪਤਾ ਹੈ ਅਤੇ ਮੈਂ ਅਕਸਰ ਆਨਲਾਈਨ ਆਰਡਰ ਕਰਨ ਨੂੰ ਤਰਜ਼ੀਹ ਦਿੰਦੀ ਹਾਂ।
ਪਰ ਮੇਲਬਾਕਸ ਵਿੱਚ ਕੁਝ ਨਹੀਂ ਸੀ ਤੇ ਇਹ ਬੰਦ ਸੀ। ਮੈਂ ਆਪਣਾ ਫ਼ੋਨ ਦੇਖਿਆ। ਕੁਝ ਅਜੀਬ ਸੀ।
ਮੈਂ ਕਾਰ ਬੰਦ ਕੀਤੀ ਅਤੇ ਹੇਠਾਂ ਗਈ ਤਾਂ ਦੇਖਿਆ ਕਿ ਇੱਕ ਬੈਂਚ ਉੱਤੇ ਮੇਰਾ ਪਾਰਸਲ ਅਤੇ ਸੁੱਕੇ ਕੱਪੜੇ ਪਏ ਸਨ।
ਇਹ ਕਿਵੇਂ ਹੋਇਆ? ਕਿਸ ਨੇ ਕੀਤਾ?
ਮੈਂ ਸਭ ਕੁਝ ਘਰ ਅੰਦਰ ਲੈ ਕੇ ਗਈ ਅਤੇ ਘਰ ਵਿੱਚ ਲੱਗਿਆ ਨਿਗਰਾਨੀ ਸਿਸਟਮ (ਸੀਸੀਟੀਵੀ ਕੈਮਰੇ) ਦੇਖਿਆ ਮੈਨੂੰ ਜੋ ਨਜ਼ਰ ਆਇਆ ਉਹ ਸੀ ਲੱਖਾਂ ਵਿੱਚੋਂ ਇੱਕ ਵਿਅਕਤੀ। ਮੈਂ ਆਪਣੇ ਅਗਲੇ ਪਾਰਸਲ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹਾਂ ਤਾਂ ਜੋ ਉਸ ਦਾ ਧੰਨਵਾਦ ਕਰ ਸਕਾਂ।
ਗੁਰਪ੍ਰੀਤ ਸਿੰਘ ਬਾਰੇ ਦੱਸਦਿਆਂ ਵਾਂਡੇਲ ਨੇ ਇੱਕ ਹੋਰ ਵੀਡੀਓ ਇੰਸਟਾ ਉੱਤੇ ਸਾਂਝੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਲਿਖਿਆ ਹੈ, "ਗੁਰਪ੍ਰੀਤ ਸਿੰਘ ਨੂੰ ਮਿਲੋ।"
ਮੈਂ ਕਦੀ ਨਹੀਂ ਸੀ ਸੋਚਿਆ ਕਿ ਕੱਪੜੇ ਬਾਹਰ ਸੁੱਕਣੇ ਪਾਉਣ ਨਾਲ ਮੈਂ ਗੁਰਪ੍ਰੀਤ ਸਿੰਘ ਵਰਗੇ ਦਿਆਲੂ ਵਿਅਕਤੀ ਨੂੰ ਮਿਲਾਂਗੀ।
ਉਸ ਦੇ ਸੂਝਵਾਨ ਕੰਮ ਨੇ ਮੇਰੇ ਦਿਲ ਨੂੰ ਛੂਹ ਲਿਆ ਹੈ ਅਤੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਅਤੇ ਇਸ ਤੋਂ ਬਾਅਦ ਆਈ ਪ੍ਰਤੀਕਿਰਿਆ ਬਹੁਤ ਜ਼ਿਆਦਾ ਹੈ। ਇਹ ਸਬੂਤ ਹੈ ਕਿ ਦਿਆਲਤਾ ਦੀ ਸੱਚਮੁੱਚ ਕੋਈ ਸਰਹੱਦ ਨਹੀਂ ਹੁੰਦੀ।

ਸ਼ੋਸ਼ਲ ਮੀਡੀਆ ਪ੍ਰਤੀਕਿਰਿਆ

ਤਸਵੀਰ ਸਰੋਤ, verritywandel/Insta
ਵੀਡੀਓ 'ਤੇ ਟਿੱਪਣੀ ਕਰਦੇ ਹੋਏ ਇੱਕ ਯੂਜ਼ਰ ਜਸਕੌਰ ਨੇ ਲਿਖਿਆ, "ਬਹੁਤ ਵਧੀਆ ਸਰਦਾਰ ਗੁਰਪ੍ਰੀਤ ਸਿੰਘ। ਨਿੱਕੀਆਂ ਨਿੱਕੀਆਂ ਚੀਜ਼ਾਂ ਹੀ ਸਾਡੇ ਖੂਨ ਵਿੱਚ ਹਨ ਜੋ ਸਾਨੂੰ ਉੱਪਰ ਚੁੱਕਦੀਆਂ ਹਨ।"
ਇੱਕ ਹੋਰ ਯੂਜ਼ਰ ਲਕਸ਼ਮੀ ਨੇ ਲਿਖਿਆ,"ਮੈਨੂੰ ਇਸ ਦੀ ਉਡੀਕ ਸੀ। ਇੱਕ ਚੰਗਾ ਇਨਸਾਨ ਅਤੇ ਉਸ ਦੇ ਕੰਮ ਦੀ ਸ਼ਲਾਘਾ ਕੀਤੀ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












