ਮਹਾਰਾਜਾ ਦਲੀਪ ਸਿੰਘ ਨਾਲ ਸਬੰਧਤ 19ਵੀਂ ਸਦੀ ਦੀਆਂ ਦੋ ਕੁਰਸੀਆਂ ਹੋਈਆਂ ਨਿਲਾਮ, ਇਨ੍ਹਾਂ ਦੀ ਖਾਸੀਅਤ ਕੀ ਹੈ

ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਦਲੀਪ ਸਿੰਘ ਤੇ ਉਨ੍ਹਾਂ ਨਾਲ ਸਬੰਧਿਤ ਕੁਰਸੀਆਂ

ਤਸਵੀਰ ਸਰੋਤ, Getty Images/Olympia Auctions

ਤਸਵੀਰ ਕੈਪਸ਼ਨ, ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਦਲੀਪ ਸਿੰਘ ਤੇ ਉਨ੍ਹਾਂ ਨਾਲ ਸਬੰਧਿਤ ਕੁਰਸੀਆਂ
    • ਲੇਖਕ, ਐਲਿਸ ਕਨਿੰਘਮ
    • ਰੋਲ, ਸਫੋਕ

ਸਿੱਖ ਰਾਜ ਦੇ ਆਖਰੀ ਸਿੱਖ ਸ਼ਾਸਕ ਦਲੀਪ ਸਿੰਘ ਨਾਲ ਸਬੰਧਤ 19ਵੀਂ ਸਦੀ ਦੀਆਂ ਦੋ ਕੁਰਸੀਆਂ ਹਾਲ ਹੀ ਵਿੱਚ ਨਿਲਾਮ ਕੀਤੀਆਂ ਗਈਆਂ ਹਨ।

ਓਲੰਪੀਆ ਆਕਸ਼ਨਜ਼ ਮੁਤਾਬਕ, ਇਹ ਦੋਵੇਂ ਕੁਰਸੀਆਂ 8000 ਪਾਊਂਡ ਵਿੱਚ ਨਿਲਾਮ ਹੋਈਆਂ ਹਨ।

ਦਲੀਪ ਸਿੰਘ (1838-1893) ਨੂੰ ਪੰਜ ਸਾਲ ਦੀ ਉਮਰ ਵਿੱਚ ਸਿੱਖ ਮਹਾਰਾਜਾ ਦਾ ਖਿਤਾਬ ਦਿੱਤਾ ਗਿਆ ਸੀ, ਪਰ 1849 ਵਿੱਚ ਅੰਗਰੇਜ਼ਾਂ ਦੁਆਰਾ ਸਿੱਖ ਸਾਮਰਾਜ ਨੂੰ ਆਪਣੇ ਨਾਲ ਮਿਲਾਉਣ ਤੋਂ ਬਾਅਦ, ਉਨ੍ਹਾਂ ਨੂੰ ਸਫੋਲਕ-ਨੋਰਫੋਕ ਸਰਹੱਦ 'ਤੇ ਐਲਵੇਡਨ ਹਾਲ ਭੇਜ ਦਿੱਤਾ ਗਿਆ ਸੀ।

ਨਿਲਾਮ ਕੀਤੀਆਂ ਗਈਆਂ ਕੁਰਸੀਆਂ ਦਲੀਪ ਸਿੰਘ ਦੀ ਬਰਾਮਦ ਕੀਤੀ ਗਈ ਜਾਇਦਾਦ ਦਾ ਹਿੱਸਾ ਸਨ।

ਓਲੰਪੀਆ ਆਕਸ਼ਨਜ਼ ਦੇ ਇੱਕ ਮਾਹਰ ਨਿਕੋਲਸ ਸ਼ਾਅ ਨੇ ਨਿਲਾਮੀ ਤੋਂ ਪਹਿਲਾਂ ਕਿਹਾ ਸੀ ਕਿ ਉਮੀਦ ਹੈ ਕਿ ਨਿਲਾਮੀ ਵਿੱਚ ਇਨ੍ਹਾਂ ਕੁਰਸੀਆਂ ਵਿੱਚ "ਕਾਫ਼ੀ ਦਿਲਚਸਪੀ" ਰਹੇਗੀ।

ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ

ਦਲੀਪ ਸਿੰਘ

ਤਸਵੀਰ ਸਰੋਤ, BRITISH LIBRARY

ਤਸਵੀਰ ਕੈਪਸ਼ਨ, ਪੰਜ ਸਾਲ ਦੀ ਉਮਰ ਵਿੱਚ ਦਲੀਪ ਸਿੰਘ ਨੂੰ ਸ਼ੇਰ-ਏ-ਪੰਜਾਬ ਦੇ ਤਖ਼ਤ ਉੱਤੇ ਬਿਠਾਇਆ ਗਿਆ ਅਤੇ 1849 ਵਿੱਚ ਪੰਜਾਬ ਨੂੰ ਬ੍ਰਿਟਿਸ਼ ਭਾਰਤ ਵਿੱਚ ਮਿਲਾ ਲਿਆ ਗਿਆ ਤੇ ਮਹਾਰਾਜਾ ਦਲੀਪ ਸਿੰਘ ਨੂੰ ਗੱਦੀ ਤੋਂ ਲਾਹ ਦਿੱਤਾ ਗਿਆ

ਦਲੀਪ ਸਿੰਘ, ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਸਨ। ਮਹਾਰਾਜਾ ਰਣਜੀਤ ਸਿੰਘ ਨੇ ਹੀ 1799 ਵਿੱਚ ਪੰਜਾਬ ਵਿੱਚ ਸਿੱਖ ਸਾਮਰਾਜ ਦੀ ਸਥਾਪਨਾ ਕੀਤੀ ਸੀ।

ਆਪਣੀ ਜਲਾਵਤਨੀ ਤੋਂ ਬਾਅਦ ਦਲੀਪ ਸਿੰਘ 15 ਸਾਲ ਦੀ ਉਮਰ ਵਿੱਚ ਇੰਗਲੈਂਡ ਵਾਪਸ ਆ ਗਏ ਸਨ ਅਤੇ ਇਨ੍ਹਾਂ ਸਾਲਾਂ ਦੌਰਾਨ ਬ੍ਰਿਟੇਨ ਦੇ ਤਤਕਾਲੀ ਰਾਣੀ, ਕਵੀਨ ਵਿਕਟੋਰੀਆ ਦੇ ਕਰੀਬੀ ਦੋਸਤ ਰਹੇ।

ਉਨ੍ਹਾਂ ਨੇ 1863 ਵਿੱਚ ਐਲਵੇਡਨ ਅਸਟੇਟ ਜਾਇਦਾਦ ਖਰੀਦੀ, ਅਤੇ 1893 ਵਿੱਚ 55 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਮੌਤ ਤੋਂ ਬਾਅਦ ਇਸ ਜਾਇਦਾਦ ਨੂੰ ਮਸ਼ਹੂਰ ਗਿੰਨੀਜ਼ ਬਰੂਇੰਗ ਪਰਿਵਾਰ ਦੇ ਐਡਵਰਡ ਸੇਸਿਲ ਗਿਨੀਜ਼ ਨੇ ਖਰੀਦ ਲਿਆ।

ਇਹ ਕੁਰਸੀਆਂ, ਜੋ ਕਿ ਬੰਬੇ - ਹੁਣ ਮੁੰਬਈ - ਵਿੱਚ 1850 ਦੇ ਆਸਪਾਸ ਬਣੀਆਂ ਸਨ ਅਤੇ ਐਡਵਰਡ ਗਿੰਨੀਜ਼ ਦੇ ਜਾਇਦਾਦ ਸੰਭਾਲਣ ਤੋਂ ਬਾਅਦ ਵੀ ਉਸੇ ਜਾਇਦਾਦ ਵਿੱਚ ਹੀ ਰਹੀਆਂ।

ਨਿਕੋਲਸ ਸ਼ਾਅ ਦਾ ਬਿਆਨ

ਓਲੰਪੀਆ ਆਕਸ਼ਨਜ਼ ਦੇ ਅਨੁਸਾਰ, ਇਹ ਗੂੜ੍ਹੇ ਬੰਬੇ ਬਲੈਕਵੁੱਡ (ਇੱਕ ਕਿਸਮ ਦੀ ਲੱਕੜ) ਤੋਂ ਬਣੀਆਂ ਹਨ ਅਤੇ ਇਨ੍ਹਾਂ ਵਿੱਚ ਭਾਰਤੀ ਡਿਜ਼ਾਈਨ ਅਤੇ ਐਕੈਂਥਸ ਪੱਤਿਆਂ ਦਾ ਡਿਜ਼ਾਈਨ ਹੈ।

ਸ਼ਾਅ ਨੇ ਕਿਹਾ, "ਇਹ ਕੁਰਸੀਆਂ ਦਰਸਾਉਂਦੀਆਂ ਹਨ ਕਿ ਮਹਾਰਾਜਾ ਦਲੀਪ ਸਿੰਘ ਵਧੀਆ ਕਾਰੀਗਰੀ ਦੇ ਕਦਰਦਾਨ ਸਨ ਅਤੇ ਇੱਕ ਅਜਿਹਾ ਘਰ ਬਣਾਉਣ ਦੇ ਯਤਨਾਂ ਨੂੰ ਵੀ ਦਰਸਾਉਂਦੀਆਂ ਹਨ ਜੋ ਉਨ੍ਹਾਂ ਦੀ ਭਾਰਤੀ ਵਿਰਾਸਤ ਅਤੇ ਅੰਗਰੇਜ਼ੀ ਸਮਾਜ ਵਿੱਚ ਉਨ੍ਹਾਂ ਦੇ ਸਥਾਨ, ਦੋਵਾਂ ਨੂੰ ਦਰਸਾਉਂਦੀਆਂ ਹਨ।"

ਕੁਰਸੀਆਂ ਦੀਆਂ ਹੋਰ ਵਿਸ਼ੇਸ਼ਤਾਵਾਂ

ਦਲੀਪ ਸਿੰਘ ਨਾਲ ਸਬੰਧਤ 19ਵੀਂ ਸਦੀ ਦੀਆਂ ਦੋ ਕੁਰਸੀਆਂ

ਤਸਵੀਰ ਸਰੋਤ, Olympia Auctions

ਤਸਵੀਰ ਕੈਪਸ਼ਨ, ਦਲੀਪ ਸਿੰਘ ਨਾਲ ਸਬੰਧਤ 19ਵੀਂ ਸਦੀ ਦੀਆਂ ਦੋ ਕੁਰਸੀਆਂ ਹਾਲ ਹੀ ਵਿੱਚ 8000 ਪਾਊਂਡ ਵਿੱਚ ਨਿਲਾਮ ਹੋਈਆਂ ਹਨ

ਐਲਵੇਡਨ ਅਸਟੇਟ ਤੋਂ ਵੱਖ ਹੋਣ ਤੋਂ ਬਾਅਦ ਚਾਲੀ ਸਾਲਾਂ ਤੋਂ ਵੱਧ ਸਮੇਂ ਵਿੱਚ ਪਹਿਲੀ ਵਾਰ ਇਹ ਕੁਰਸੀਆਂ ਨਿਲਾਮ ਕੀਤੀਆਂ ਗਈਆਂ ਹਨ।

"ਬੰਬੇ ਬਲੈਕਵੁੱਡ" ਸ਼ਬਦ ਦੀ ਵਰਤੋਂ 1840 ਦੇ ਦਹਾਕੇ ਦੇ ਵਿਕਟੋਰੀਅਨ ਮਾਡਲਾਂ ਮੁਤਾਬਕ ਬਣਾਏ ਗਏ ਸ਼ਾਨਦਾਰ ਢੰਗ ਨਾਲ ਉੱਕਰੇ ਡਿਜ਼ਾਈਨ ਵਾਲੇ ਫਰਨੀਚਰ ਦਾ ਵਰਣਨ ਕਰਨ ਲਈ ਕੀਤੀ ਗਈ ਸੀ। ਇਨ੍ਹਾਂ ਕੁਰਸੀਆਂ ਦੇ ਲਈ ਵਰਤੀ ਗਈ ਲੱਕੜ ਮੁੱਖ ਤੌਰ 'ਤੇ ਬਲੈਕਵੁੱਡ ਸੀ ਜੋ ਮਾਲਾਬਾਰ ਤੱਟ ਤੋਂ ਬੰਬਈ ਵਿੱਚ ਮੈਡੋ ਸਟਰੀਟ ਅਤੇ ਆਲੇ ਦੁਆਲੇ ਸਪਲਾਈ ਵਰਕਸ਼ਾਪਾਂ ਵਿੱਚ ਲਿਆਂਦੀ ਗਈ ਸੀ।

ਇਸ ਫਰਨੀਚਰ ਦੀ ਸ਼ੈਲੀ ਮੁੱਖ ਤੌਰ 'ਤੇ ਰੋਕੋਕੋ ਰੀਵਾਈਵਲ ਹੈ, ਜਿਸ ਵਿੱਚ 'ਲੂਈ 15ਵੇਂ (ਫਰਾਂਸ ਦੇ ਰਾਜਾ) ਦੇ ਫਰਨੀਚਰ ਤੋਂ ਪ੍ਰੇਰਿਤ ਉੱਕਰੀਆਂ-ਤਰਾਸ਼ੀਆਂ ਬਣਤਰਾਂ' ਹਨ।

ਇਹ ਦੋ ਕੁਰਸੀਆਂ ਕ੍ਰਿਸਟੀਜ਼ ਦੁਆਰਾ 1984 ਵਿੱਚ ਅਰਲ ਆਫ਼ ਇਵੇਗ ਦੀ ਤਰਫੋਂ ਐਲਵੇਡਨ ਅਸਟੇਟ ਦੇ ਹਿੱਸੇ ਵਜੋਂ ਵੇਚੀਆਂ ਗਈਆਂ ਸਨ। ਉਹ ਇਸ ਵਿਕਰੀ ਵਿੱਚ ਭਾਰਤੀ ਫਰਨੀਚਰ ਦੇ ਕੁਝ ਨਮੂਨਿਆਂ ਵਿੱਚੋਂ ਇੱਕ ਸਨ। ਮੰਨਿਆ ਜਾਂਦਾ ਹੈ ਕਿ ਇਹ ਕੁਰਸੀਆਂ ਦਲੀਪ ਸਿੰਘ ਦੇ ਦੇਹਾਂਤ ਤੋਂ ਬਾਅਦ ਘਰ ਵਿੱਚ ਬਚੀਆਂ ਕੁਝ ਚੀਜ਼ਾਂ ਵਿੱਚੋਂ ਇੱਕ ਸਨ।

ਇਹ ਵੀ ਪੜ੍ਹੋ-

ਮਹਾਰਾਜਾ ਦਲੀਪ ਸਿੰਘ ਦੇ ਜੀਵਨ 'ਤੇ ਝਾਤ ਪਾਉਂਦੀ ਬੀਬੀਸੀ ਦੀ ਇੱਕ ਪੁਰਾਣੀ ਰਿਪੋਰਟ ਦੇ ਕੁਝ ਅੰਸ਼ ਇੱਥੇ ਪੇਸ਼ ਕਰ ਰਹੇ ਹਾਂ।

ਸਿੱਖ ਰਾਜ ਦੇ ਆਖਰੀ ਮਹਾਰਾਜਾ

ਦਲੀਪ ਸਿੰਘ

ਤਸਵੀਰ ਸਰੋਤ, NORFOLK COUNTY COUNCIL

ਤਸਵੀਰ ਕੈਪਸ਼ਨ, ਮਈ 1854 ਵਿੱਚ ਉਨ੍ਹਾਂ ਨੂੰ ਇੰਗਲੈਂਡ ਲਿਆਂਦਾ ਗਿਆ ਅਤੇ ਰਾਣੀ ਵਿਕਟੋਰੀਆ ਨੂੰ ਮਿਲਾਇਆ ਗਿਆ। ਰਾਣੀ, ਦਲੀਪ ਸਿੰਘ ਨੂੰ ਦੇਖਦੇ ਹੀ ਪਸੰਦ ਕਰਨ ਲੱਗੇ

ਦਲੀਪ ਸਿੰਘ ਦਾ ਜਨਮ 1838 ਵਿੱਚ ਸਿੱਖ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦੇ ਘਰ ਹੋਇਆ ਸੀ ਪਰ ਅਗਲੇ ਹੀ ਸਾਲ ਉਨ੍ਹਾਂ ਦੇ ਪਿਤਾ ਦੀ ਮੌਤ ਤੋਂ ਬਾਅਦ ਪੰਜਾਬ ਵਿੱਚ ਖਾਨਾਜੰਗੀ ਅਤੇ ਬਦ ਅਮਨੀ ਫੈਲ ਗਈ।

ਪੰਜ ਸਾਲ ਦੀ ਉਮਰ ਵਿੱਚ ਦਲੀਪ ਸਿੰਘ ਨੂੰ ਸ਼ੇਰ-ਏ-ਪੰਜਾਬ ਦੇ ਤਖ਼ਤ ਉੱਤੇ ਬਿਠਾਇਆ ਗਿਆ, ਜਦਕਿ ਅਸਲ ਵਿੱਚ ਸ਼ਾਸਨ ਦੀ ਵਾਗਡੋਰ ਉਨ੍ਹਾਂ ਦੀ ਮਾਂ ਅਤੇ ਮਾਮੇ ਦੇ ਹੱਥ ਵਿੱਚ ਸੀ।

ਇਹ ਜੰਗ ਹੋਰ ਭਿਆਨਕ ਹੁੰਦੀ ਗਈ ਅਤੇ ਜਦੋਂ ਸਿੱਖਾਂ ਅਤੇ ਅੰਗਰੇਜ਼ਾਂ ਦੀ ਦੂਜੀ ਜੰਗ ਹੋਈ ਤਾਂ ਇਹ ਆਪਣੇ ਸਿਖਰਾਂ ਉੱਤੇ ਸੀ। ਅੰਗਰੇਜ਼ਾਂ ਕੋਲ ਪੰਜਾਬ ਉੱਤੇ ਕਬਜ਼ਾ ਕਰਨ ਦਾ ਪੂਰਾ ਮੰਚ ਤਿਆਰ ਸੀ।

1849 ਵਿੱਚ ਪੰਜਾਬ ਨੂੰ ਬ੍ਰਿਟਿਸ਼ ਭਾਰਤ ਵਿੱਚ ਮਿਲਾ ਲਿਆ ਗਿਆ ਅਤੇ ਮਹਾਰਾਜਾ ਦਲੀਪ ਸਿੰਘ ਨੂੰ ਗੱਦੀ ਤੋਂ ਲਾਹ ਦਿੱਤਾ ਗਿਆ ਸੀ। ਉਹ ਸਿੱਖ ਰਾਜ ਦੇ ਆਖ਼ਰੀ ਮਹਾਰਾਜਾ ਸਨ।

ਬਾਲ ਮਹਾਰਾਜੇ ਨੂੰ ਆਪਣੀ ਮਾਂ ਮਹਾਰਾਣੀ ਜਿੰਦ ਕੌਰ ਤੋਂ ਵੀ ਵਿਛੋੜ ਦਿੱਤਾ ਗਿਆ ਸੀ।

ਮਈ 1854 ਵਿੱਚ ਉਨ੍ਹਾਂ ਨੂੰ ਇੰਗਲੈਂਡ ਲਿਆਂਦਾ ਗਿਆ ਅਤੇ ਰਾਣੀ ਵਿਕਟੋਰੀਆ ਨੂੰ ਮਿਲਾਇਆ ਗਿਆ। ਰਾਣੀ, ਦਲੀਪ ਸਿੰਘ ਨੂੰ ਦੇਖਦੇ ਹੀ ਪਸੰਦ ਕਰਨ ਲੱਗੇ।

ਹੌਲੀ-ਹੌਲੀ ਉਹ ਰਾਣੀ ਦੇ ਕਰੀਬੀ ਦੋਸਤ ਬਣ ਗਏ ਅਤੇ ਆਪਣੇ ਰੁਤਬੇ ਕਾਰਨ ਮਿਲਦੇ 'ਮਾਣ-ਸਨਮਾਨ' ਨੂੰ ਮਾਣਦੇ ਰਹੇ।

ਨਿੱਜੀ ਜੀਵਨ ਵਿੱਚ ਉਹ ਇੱਕ ਬ੍ਰਿਟਿਸ਼ ਸਾਮੰਤ ਬਣ ਚੁੱਕੇ ਸਨ, ਜਦਕਿ ਜਨਤਾ ਵਿੱਚ ਉਹ ਆਪਣੇ-ਆਪ ਨੂੰ ਅਜੇ ਵੀ ਭਾਰਤੀ ਰਾਜਕੁਮਾਰ ਵਜੋਂ ਹੀ ਪੇਸ਼ ਕਰਦੇ ਸਨ। ਇੰਗਲੈਂਡ ਵਿੱਚ ਉਹ ਬਲੈਕ ਪ੍ਰਿੰਸ ਵਜੋਂ ਮਸ਼ਹੂਰ ਸਨ।

ਜਿੰਦ ਕੌਰ ਅਤੇ ਦਲੀਪ ਸਿੰਘ

ਤਸਵੀਰ ਸਰੋਤ, BRITISH LIBRARY

ਤਸਵੀਰ ਕੈਪਸ਼ਨ, 13 ਸਾਲ ਮਗਰੋਂ ਮੁਲਾਕਾਤ ਤੋਂ ਫਿਲਾਣਾ ਮਾਂ-ਪੁੱਤਰ ਇੱਕ ਦੂਜੇ ਨੂੰ ਚਿੱਠੀਆਂ ਵੀ ਲਿਖਦੇ ਸਨ, ਜਿਨ੍ਹਾਂ ਵਿੱਚੋਂ ਦੋ ਚਿੱਠੀਆਂ ਬ੍ਰਿਟਿਸ਼ ਲਾਇਬ੍ਰੇਰੀ ਵਿੱਚ ਰੱਖੀਆਂ ਗਈਆਂ ਹਨ

ਵਿਛੋੜੇ ਤੋਂ 13 ਸਾਲ ਬਾਅਦ 1861 ਵਿੱਚ ਉਨ੍ਹਾਂ ਨੂੰ ਆਪਣੀ ਬਿਰਧ ਮਾਂ ਮਹਾਰਾਣੀ ਜਿੰਦ ਕੌਰ ਨਾਲ ਮਿਲਾਇਆ ਗਿਆ ਅਤੇ ਇਸ ਤੋਂ ਬਾਅਦ ਜਿੰਦ ਕੌਰ ਨੇ ਦੋ ਸਾਲ ਆਪਣੇ ਪੁੱਤਰ ਨਾਲ ਬ੍ਰਿਟੇਨ ਵਿੱਚ ਬਤੀਤ ਕੀਤੇ।

ਇਸ ਤੋਂ ਪਹਿਲਾਂ ਮਾਂ-ਪੁੱਤਰ ਇੱਕ ਦੂਜੇ ਨੂੰ ਚਿੱਠੀਆਂ ਵੀ ਲਿਖਦੇ ਸਨ। ਇਨ੍ਹਾਂ ਵਿੱਚੋਂ ਦੋ ਚਿੱਠੀਆਂ ਬ੍ਰਿਟਿਸ਼ ਲਾਇਬ੍ਰੇਰੀ ਵਿੱਚ ਰੱਖੀਆਂ ਗਈਆਂ ਹਨ।

ਦੋ ਸਾਲ ਬਾਅਦ ਜਿੰਦ ਕੌਰ ਦੀ ਮੌਤ ਹੋ ਗਈ। ਦਲੀਪ ਸਿੰਘ ਨੇ ਬੰਬਾ ਮੂਲਰ ਨਾਲ ਵਿਆਹ ਕਰਵਾ ਲਿਆ ਜਿਨ੍ਹਾਂ ਦਾ ਜਨਮ ਮਿਸਰ ਦੇ ਕਾਇਰੋ ਵਿੱਚ ਹੋਇਆ ਸੀ ਤੇ ਦ੍ਰਿੜ ਈਸਾਈ ਕਦਰਾਂ-ਕੀਮਤਾਂ ਵਾਲੇ ਸਨ।

ਦਲੀਪ ਸਿੰਘ ਅਤੇ ਬੰਬਾ ਦੇ ਛੇ ਬੱਚੇ ਹੋਏ ਅਤੇ ਉਹ ਸਫਲੌਕ ਦੇ ਦੂਰ ਦਰਾਢੇ ਇਲਾਕੇ ਵਿੱਚ ਐਲਵੇਡਨ ਹਾਲ ਵਿੱਚ ਜਾ ਕੇ ਰਹਿਣ ਲੱਗੇ।

ਪੈਰਿਸ ਵਿੱਚ ਦੇਹਾਂਤ

ਦਲੀਪ ਸਿੰਘ ਦੀ ਕਬਰ
ਤਸਵੀਰ ਕੈਪਸ਼ਨ, ਪੈਰਿਸ ਵਿੱਚ ਅਕਤੂਬਰ 1893 ਨੂੰ ਬੇਹੱਦ ਮੁਫਲਿਸੀ ਵਿੱਚ 55 ਸਾਲ ਦੀ ਉਮਰ ਵਿੱਚ ਪੰਜਾਬ ਦੇ ਇਸ ਆਖਰੀ ਮਹਾਰਾਜੇ ਦਾ ਦੇਹਾਂਤ ਹੋ ਗਿਆ

1870ਵਿਆਂ ਵਿੱਚ ਮਹਾਰਾਜਾ ਆਰਥਿਤ ਤੰਗੀਆਂ ਵਿੱਚ ਘਿਰ ਗਏ। ਛੇ ਬੱਚਿਆਂ ਦਾ ਪਾਲਣ-ਪੋਸ਼ਣ ਅਤੇ ਠਾਠ-ਬਾਠ ਵਾਲੀ ਜ਼ਿੰਦਗੀ ਬ੍ਰਿਟਿਸ਼ ਸਰਕਾਰ ਦੀ ਪੈਨਸ਼ਨ ਨਾਲ ਗੁਜ਼ਾਰਨਾ ਉਨ੍ਹਾਂ ਲਈ ਮੁਸ਼ਕਿਲ ਹੋ ਰਿਹਾ ਸੀ ਅਤੇ ਉਹ ਭਾਰੀ ਕਰਜ਼ੇ ਹੇਠ ਆ ਗਏ ਸਨ।

ਉਨ੍ਹਾਂ ਨੇ ਬ੍ਰਿਟਿਸ਼ ਸਰਕਾਰ ਤੋਂ ਭਾਰਤ ਵਿੱਚ ਆਪਣੀ ਜ਼ਮੀਨ ਅਤੇ ਜਾਇਦਾਦ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਪੰਜਾਬ ਉੱਤੇ ਕਬਜ਼ਾ ਬੇਈਮਾਨੀ ਨਾਲ ਕੀਤਾ ਗਿਆ ਸੀ।

ਉਨ੍ਹਾਂ ਨੇ ਸਰਕਾਰ ਨੂੰ ਅਣਗਿਣਤ ਚਿੱਠੀਆਂ ਲਿਖ ਕੇ ਭਾਰਤ ਵਿੱਚ ਆਪਣੀ ਜ਼ਮੀਨ ਬਦਲੇ ਮੁਆਵਜ਼ੇ ਦੀ ਮੰਗ ਕੀਤੀ। ਪਰ ਸਭ ਵਿਅਰਥ ਗਿਆ।

ਸੰਨ 1886 ਦੇ ਮਾਰਚ ਮਹੀਨੇ ਦੀ ਅਖੀਰਲੀ ਤਰੀਕ ਨੂੰ ਉਨ੍ਹਾਂ ਨੇ ਆਪਣੇ ਜੀਵਨ ਦਾ ਸਭ ਤੋਂ ਸਾਹਸੀ ਕਦਮ ਚੁੱਕਿਆ। ਉਹ ਆਪਣੇ ਪਰਿਵਾਰ ਸਮੇਤ ਭਾਰਤ ਲਈ ਰਵਾਨਾ ਹੋ ਗਏ।

ਉਨ੍ਹਾਂ ਨੇ ਬ੍ਰਿਟਿਸ਼ ਸਰਕਾਰ ਨੂੰ ਦੱਸਿਆ ਕਿ ਉਹ ਮੁੜ ਤੋਂ ਸਿੱਖ ਸਜਣਗੇ ਅਤੇ ਆਪਣੇ ਹਿੱਸੇ ਦੀ ਜ਼ਮੀਨ ਵਾਪਸ ਮੁੜ ਹਾਸਲ ਕਰਨਗੇ।

ਬ੍ਰਿਟਿਸ਼ ਸਰਕਾਰ ਇਸ ਸੰਭਾਵੀ ਬਗਾਵਤ ਦੇ ਖ਼ਤਰੇ ਨੂੰ ਸਹਿਣ ਨਹੀਂ ਕਰ ਸਕਦੀ ਸੀ। ਜਦੋਂ ਉਨ੍ਹਾਂ ਦਾ ਜਹਾਜ਼ ਭਾਰਤ ਨੂੰ ਜਾਣ ਦੇ ਰਾਹ ਵਿੱਚ ਅਦਨ ਪਹੁੰਚਿਆ ਤਾਂ ਮਹਾਰਾਜਾ ਦਲੀਪ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਨਜ਼ਰਬੰਦ ਕਰ ਦਿੱਤਾ ਗਿਆ। ਉਨ੍ਹਾਂ ਦਾ ਪਰਿਵਾਰ ਬ੍ਰਿਟੇਨ ਵਾਪਸ ਆ ਗਿਆ।

ਦਲੀਪ ਸਿੰਘ ਸਿੱਖ ਵੀ ਸਜ ਗਏ। ਲੇਕਿਨ ਆਖਰ ਬ੍ਰਿਟਿਸ਼ ਜਸੂਸਾਂ ਦੀ ਨਿਗਰਾਨੀ ਅਤੇ ਕਈ ਸਾਲ ਭਟਕਣ ਤੋਂ ਬਾਅਦ ਪੈਰਿਸ ਵਿੱਚ ਅਕਤੂਬਰ 1893 ਨੂੰ ਬੇਹੱਦ ਮੁਫਲਿਸੀ ਵਿੱਚ 55 ਸਾਲ ਦੀ ਉਮਰ ਵਿੱਚ ਪੰਜਾਬ ਦੇ ਇਸ ਆਖਰੀ ਮਹਾਰਾਜੇ ਦਾ ਦੇਹਾਂਤ ਹੋ ਗਿਆ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)