ਹਰਕਿਸ਼ਨ ਸਿੰਘ ਸੁਰਜੀਤ ਨੇ ਜਦੋਂ ਨਹਿਰੂ ਦੀ ਸਭਾ ਲਈ ਆਪਣੇ ਖੇਤਾਂ 'ਚ ਖੜ੍ਹੀ ਜੌਂ ਦੀ ਫਸਲ ਰਾਤੋ-ਰਾਤ ਵੱਢ ਦਿੱਤੀ ਸੀ

ਤਸਵੀਰ ਸਰੋਤ, CPIM
- ਲੇਖਕ, ਰਾਜਵੀਰ ਕੌਰ ਗਿੱਲ
- ਰੋਲ, ਬੀਬੀਸੀ ਪੱਤਰਕਾਰ
"ਕਾਮਰੇਡ ਸੁਰਜੀਤ ਤਾਅ ਉਮਰ ਇੱਕ ਕਿਰਤੀ ਰਹੇ, ਜੋ ਰੂਹ ਤੋਂ ਕਿਸਾਨ ਸਨ।"
ਡੀ ਰਾਜਾ ਨੇ ਲੰਬੇਂ ਸਮੇਂ ਤੱਕ ਆਪਣੇ ਸਿਆਸੀ ਸਾਥੀ ਰਹੇ ਹਰਕਿਸ਼ਨ ਸਿੰਘ ਸੁਰਜੀਤ ਨੂੰ ਯਾਦ ਕਰਦਿਆਂ ਕਿਹਾ, "ਉਨ੍ਹਾਂ ਨਾਲ ਬਿਤਾਇਆ ਹਰ ਪਲ ਮੇਰੀ ਜ਼ਿੰਦਗੀ ਦਾ ਇਤਿਹਾਸਿਕ ਪਲ ਸੀ, ਸ਼ਾਨਦਾਰ ਯਾਦਗਾਰੀ ਪਲ...।"
ਡੀ ਰਾਜਾ ਸੀਪਾਈਆਈ ਦੇ ਮੌਜੂਦਾ ਜਨਰਲ ਸਕੱਤਰ ਹਨ।
ਤਿੱਖੀ ਕੂਟਨੀਤਿਕ ਸੂਝ-ਬੂਝ ਵਾਲੇ ਹਰਕਿਸ਼ਨ ਸਿੰਘ ਸੁਰਜੀਤ ਨੂੰ ਭਾਰਤੀ ਇਤਿਹਾਸ ਵਿੱਚ ਗੱਠਜੋੜ ਦੀਆਂ ਸਰਕਾਰਾਂ ਬਣਾਉਣ ਦਾ ਮੁੱਢ ਬੰਨ੍ਹਣ ਵਾਲੇ ਅਤੇ ਕਿਸੇ ਵੀ ਧਿਰ ਨੂੰ ਨਾਲ ਤੋਰਣ ਦੀ ਤਾਕਤ ਰੱਖਣ ਵਾਲੇ ਸਿਆਸਤਦਾਨ ਵੱਜੋਂ ਜਾਣਿਆ ਜਾਂਦਾ ਹੈ।
ਕਈ ਸਿਆਸੀ ਮਾਹਰ ਉਨ੍ਹਾਂ ਨੂੰ ਭਾਰਤੀ ਸਿਆਸਤ ਦਾ 'ਚਾਣਕਿਆ' ਦੱਸਦੇ ਸਨ ਅਤੇ ਪਾਰਟੀ ਵਿੱਚਲੇ ਉਨ੍ਹਾਂ ਦੇ ਸਾਥੀਆਂ ਵਿੱਚ ਹਰਕਿਸ਼ਨ ਸਿੰਘ 'ਕਾਮਰੇਡ ਸੁਰਜੀਤ' ਵੱਜੋਂ ਮਕਬੂਲ ਸਨ।
ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੇ ਕੌਮੀ ਆਗੂ ਹਰਕਿਸ਼ਨ ਸਿੰਘ ਸੁਰਜੀਤ 7 ਦਹਾਕਿਆਂ ਤੋਂ ਵੀ ਵੱਧ ਸਮਾਂ ਸਿਆਸੀ ਤੌਰ 'ਤੇ ਸਰਗਰਮ ਰਹੇ।
ਸਾਲ 1964 ਵਿੱਚ ਜਦੋਂ ਪਾਰਟੀ ਸੀਪੀਆਈ ਅਤੇ ਸੀਪੀਆਈ (ਮਾਰਕਸਵਾਦੀ) ਦੋ ਹਿੱਸਿਆਂ ਵਿੱਚ ਵੰਡੀ ਗਈ ਤਾਂ ਉਨ੍ਹਾਂ ਮਾਰਕਸ ਦੀ ਵਿਚਾਰਧਾਰਾ 'ਤੇ ਚਲਦਿਆਂ ਸੀਪੀਆਈਐੱਮ ਦੀ ਚੋਣ ਕੀਤੀ।
1 ਅਗਸਤ, 2008 ਨੂੰ ਕਰੀਬ 92 ਸਾਲ ਦੀ ਉਮਰ ਵਿੱਚ ਦੁਨੀਆਂ ਨੂੰ ਅਲਵਿਦਾ ਕਹਿਣ ਵਾਲੇ ਹਰਕਿਸ਼ਨ ਸਿੰਘ ਸੁਰਜੀਤ ਨੇ ਦੁਨੀਆਂ ਦੇ ਸਿਆਸੀ ਕੈਨਵਸ ਉੱਤੇ ਆਪਣੇ ਅਮਿੱਟ ਨਕਸ਼ ਛੱਡੇ।
ਭਗਤ ਸਿੰਘ ਦਾ ਅਸਰ ਅਤੇ ਦ੍ਰਿੜਤਾ

ਤਸਵੀਰ ਸਰੋਤ, CPIM
ਜਲੰਧਰ ਜਿਲ੍ਹੇ ਦੇ ਛੋਟੇ ਜਿਹੇ ਪਿੰਡ ਬਡਾਲਾ ਵਿੱਚ ਜਨਮੇ ਹਰਕਿਸ਼ਨ ਸਿੰਘ ਸੁਰਜੀਤ, ਭਗਤ ਸਿੰਘ ਤੋਂ ਪ੍ਰੇਰਿਤ ਹੋ ਸਿਆਸੀ ਤੌਰ 'ਤੇ ਚੇਤੰਨ ਅਤੇ ਸਰਗਰਮ ਹੋਏ।
ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ 9 ਦਹਾਕਿਆਂ ਵਿੱਚੋਂ 7 ਤੋਂ ਵੱਧ ਸਿਆਸਤ ਅਤੇ ਸਮਾਜਿਕ ਘੋਲ੍ਹਾਂ ਦੇ ਲੇਖੇ ਲਾ ਦਿੱਤੇ।
ਸੀਪੀਆਈਐੱਮ ਪੰਜਾਬ ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ 1980 ਦੇ ਕਰੀਬ ਹਰਕਿਸ਼ਨ ਸਿੰਘ ਸੁਰਜੀਤ ਦੇ ਸੰਪਰਕ ਵਿੱਚ ਆਏ ਸਨ।
ਉਹ ਦੱਸਦੇ ਹਨ, "23 ਮਾਰਚ 1932 ਨੂੰ ਸ਼ਹੀਦ ਭਗਤ ਸਿੰਘ ਦਾ ਪਹਿਲਾ ਸ਼ਹਾਦਤ ਦਿਵਸ ਸੀ। ਜਦੋਂ ਹੁਸ਼ਿਆਰਪੁਰ ਕਾਂਗਰਸ ਕਮੇਟੀ ਨੇ ਹੁਸ਼ਿਆਰਪੁਰ ਦੀ ਕਚਹਿਰੀ 'ਤੇ ਕਾਂਗਰਸ ਦਾ ਝੰਡਾ ਲਹਿਰਾਉਣ ਦਾ ਐਲਾਨ ਕੀਤਾ।"
"ਪ੍ਰਸ਼ਾਸਨ ਨੇ ਫ਼ੌਜ ਨੂੰ ਸੱਦ ਲਿਆ ਤਾਂ ਕਾਂਗਰਸ ਨੇ ਆਪਣਾ ਪ੍ਰੋਗਰਾਮ ਰੱਦ ਕਰ ਦਿੱਤਾ। ਹਰਕਿਸ਼ਨ ਸਿੰਘ ਸੁਰਜੀਤ ਨੂੰ ਪਾਰਟੀ ਦਾ ਇਹ ਪ੍ਰੋਗਰਾਮ ਨਾਮਨਜ਼ੂਰ ਸੀ ਤੇ ਉਨ੍ਹਾਂ ਖ਼ੁਦ ਹੀ ਬੇਹੱਦ ਫ਼ੁਰਤੀ ਨਾਲ ਹੁਸ਼ਿਆਰਪੁਰ ਕਚਹਿਰੀ 'ਤੇ ਯੁਨੀਅਨ ਜੈਕ ਲਾਹ ਕੇ ਕਾਂਗਰਸ ਦਾ ਝੰਡਾ ਫਹਿਰਾ ਦਿੱਤਾ।"
"ਮਹਿਜ਼ 16 ਸਾਲਾਂ ਦੇ ਸੁਰਜੀਤ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਜੇਲ੍ਹ ਭੇਜ ਦਿੱਤਾ। ਗ੍ਰਿਫ਼ਤਾਰੀ ਤੋਂ ਬਾਅਦ ਸੁਰਜੀਤ ਸਿੰਘ ਨੇ ਆਪਣਾ ਨਾਮ 'ਲੰਡਨ ਤੋੜ ਸਿੰਘ' ਦੱਸਿਆ ਸੀ।"
ਸੇਖੋਂ ਦੱਸਦੇ ਹਨ ਕਿ ਇਸ ਘਟਨਾ ਕਾਰਨ ਹਰਕਿਸ਼ਨ ਸਿੰਘ ਸੁਰਜੀਤ ਦੀ ਪੜ੍ਹਾਈ ਵੀ ਨਾਮੁਕੰਮਲ ਰਹਿ ਗਈ। ਉਨ੍ਹਾਂ ਨੇ ਦੱਸਵੀਂ ਕਲਾਸ ਦੇ ਪ੍ਰੈਕਟੀਕਲ ਪੇਪਰ ਤਾਂ ਦਿੱਤੇ ਸਨ ਪਰ ਥਿਊਰੀ ਇਮਤਿਹਾਨਾਂ ਵਿੱਚ ਨਾ ਬੈਠ ਸਕੇ।
"ਹਾਲਾਂਕਿ ਅੰਗਰੇਜ਼ੀ, ਪੰਜਾਬੀ, ਹਿੰਦੀ ਤੇ ਉਰਦੂ ਭਾਸ਼ਾਵਾਂ ਵਿੱਚ ਮੁਹਾਰਤ ਹਾਸਿਲ ਹਰਕਿਸ਼ਨ ਸਿੰਘ ਸੁਰਜੀਤ ਨੇ ਬਾਅਦ ਵਿੱਚ ਚਿੰਗਾਰੀ ਨਾਮ ਦਾ ਇੱਕ ਮਹੀਨਾਵਰ ਅਖ਼ਵਾਰ ਵੀ ਕੱਢਿਆ।"

ਤਸਵੀਰ ਸਰੋਤ, Getty Images
ਸੀਪੀਆਈਐੱਮ ਦੀ ਵੈੱਬਸਾਈਟ ਮੁਤਾਬਕ, ਜੇਲ੍ਹ ਤੋਂ ਆ ਕੇ ਹਰਕਿਸ਼ਨ ਸਿੰਘ ਸੁਰਜੀਤ ਦਾ ਸੰਪਰਕ ਪੰਜਾਬ ਦੇ ਮੋਢੀ ਕਮਿਊਨਿਸਟ ਆਗੂਆਂ ਨਾਲ ਹੋਇਆ ਅਤੇ 1934 ਵਿੱਚ ਉਨ੍ਹਾਂ ਨੇ ਕਮਿਊਨਿਸਟ ਪਾਰਟੀ ਜੁਆਇਨ ਕਰ ਲਈ। ਉਹ 1935 ਵਿੱਚ ਕਾਂਗਰਸ ਸੋਸ਼ੀਲਿਸਟ ਪਾਰਟੀ ਦੇ ਮੈਂਬਰ ਬਣ ਗਏ।
ਦੂਜੀ ਵਿਸ਼ਵ ਜੰਗ ਦੇ ਸ਼ੁਰੂ ਹੁੰਦੇ ਹੀ ਉਹ ਰੂਹਪੋਸ਼ ਹੋ ਗਏ ਸਨ ਅਤੇ 1940 ਵਿੱਚ ਇੱਕ ਵਾਰ ਫ਼ਿਰ ਗ੍ਰਿਫ਼ਤਾਰ ਹੋ ਗਏ।
ਸੀਪੀਆਈਐੱਮ ਦੀ ਅਧਿਕਾਰਿਤ ਵੈੱਬਸਾਈਟ ਉੱਤੇ ਮੌਜੂਦ ਜਾਣਕਾਰੀ ਮੁਤਾਬਕ, ਪਾਰਟੀ ਦੇ ਹੋਰ ਮੋਢੀ ਆਗੂਆਂ ਵਿੱਚ ਸ਼ੁਮਾਰ ਸੁਰਜੀਤ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਉਨ੍ਹਾਂ 10 ਸਾਲ ਜੇਲ੍ਹ ਵਿੱਚ ਬਿਤਾਏ ਜਿਨ੍ਹਾਂ ਵਿੱਚ 8 ਸਾਲ ਅਜ਼ਾਦੀ ਤੋਂ ਪਹਿਲਾਂ ਦੇ ਸਨ। ਉਨ੍ਹਾਂ ਨੇ ਕੁੱਲ 8 ਸਾਲ ਰੁਪੋਸ਼ ਹੋ ਕੇ ਬਿਤਾਏ ਸਨ।
ਸੁਰਜੀਤ ਤੇ ਪ੍ਰੀਤਮ ਦਾ ਮੁਹੱਬਤੀ ਰਿਸ਼ਤਾ

ਤਸਵੀਰ ਸਰੋਤ, Preetam Kaur
ਡੀ ਰਾਜਾ ਹਰਕਿਸ਼ਨ ਸਿੰਘ ਸੁਰਜੀਤ ਦੇ ਉਨ੍ਹਾਂ ਦੀ ਪਤਨੀ ਨਾਲ ਰਿਸ਼ਤੇ ਬਾਰੇ ਬੇਹੱਦ ਹੈਰਾਨੀ ਭਰੇ ਅੰਦਾਜ਼ ਨਾਲ ਦੱਸਦੇ ਹਨ।
ਉਹ ਕਹਿੰਦੇ ਹਨ, "ਕਾਮਰੇਡ ਸੁਰਜੀਤ ਤੇ ਪ੍ਰੀਤਮ ਦੇ ਰਿਸ਼ਤੇ ਦੇ ਨਿੱਘ ਬਾਰੇ ਕੋਈ ਵੀ ਸਹਿਜੇ ਹੀ ਅੰਦਾਜ਼ਾ ਲਾ ਸਕਦਾ ਸੀ।"
"ਮੈਂ ਤਮਿਲ ਹਾਂ ਤੇ ਪ੍ਰੀਤਮ ਕੌਰ ਸਿਰਫ਼ ਪੰਜਾਬੀ ਜਾਣਦੇ ਸਨ ਜਾਂ ਥੋੜ੍ਹੀ ਬਹੁਤ ਹਿੰਦੀ। ਮੈਂ ਸਾਲਾਂ ਤੱਕ ਉਨ੍ਹਾਂ ਦੇ ਘਰ ਜਾਂਦਾ ਰਿਹਾ ਪਰ ਸਾਡੇ ਦਰਮਿਆਨ ਕਦੀ ਗੱਲ ਨਹੀਂ ਹੋਈ। ਉਹ ਬੂਹੇ ਵੜਦਿਆਂ ਨੂੰ ਚਿਹਰੇ 'ਤੇ ਮੁਸਕਰਾਹਟ ਨਾਲ ਮਿਲਦੇ।"
"ਅਸੀਂ ਘੰਟਿਆਂ ਤੱਕ ਕਾਮਰੇਡ ਸੁਰਜੀਤ ਨਾਲ ਅੰਗਰੇਜ਼ੀ ਵਿੱਚ ਗੱਲਾਂ ਕਰਦੇ, ਸਿਆਸੀ ਚਰਚਾਵਾਂ ਚੱਲਦੀਆਂ ਰਹਿੰਦੀਆਂ ਤੇ ਪ੍ਰੀਤਮ ਕੌਰ, ਕਾਮਰੇਡ ਸੁਰਜੀਤ ਦੇ ਅਜਿਹੇ ਰੁਝੇਵਿਆਂ ਤੋਂ ਕਦੇ ਨਾ ਅੱਕਦੇ। ਬਲਕਿ ਆਪਣੀ ਮੁਸਕਰਾਹਟ ਨਾਲ ਹੀ ਸਾਨੂੰ ਸਹਿਜ ਹੋ ਬੈਠੇ ਰਹਿਣ ਦੀ ਇਜ਼ਾਜਤ ਦੇ ਦਿੰਦੇ।"
"ਮੈਂ ਕਦੇ ਦੋਵਾਂ ਦੀ ਆਪਸੀ ਗੱਲਬਾਤ ਨਹੀਂ ਸਮਝ ਸਕਿਆ ਪਰ ਦੋਵਾਂ ਦੇ ਇੱਕ ਦੂਜੇ ਦੇ ਸਾਥ 'ਚ ਖਿੜੇ ਚਹਿਰੇ ਅਤੇ ਇੱਕ ਦੂਜੇ ਦੇ ਕੰਮ ਨੂੰ ਅਹਿਮੀਅਤ ਤੇ ਮਾਨਤਾ ਦੇਣ ਦਾ ਅੰਦਾਜ਼ ਦੋਵਾਂ ਦੀ ਮੁਹੱਬਤ ਨੂੰ ਬਿਆਨ ਕਰਦਾ ਸੀ।"
"ਅਸੀਂ ਸਾਰੇ ਸਾਥੀ ਵੀ ਦੋਵਾਂ ਦੀ ਅਪੱਣਤ ਨੂੰ ਖ਼ੂਬ ਮਾਣਦੇ। ਅਸਲ ਵਿੱਚ ਉਨ੍ਹਾਂ ਦੋਵਾਂ ਨੇ ਜ਼ਿੰਦਗੀ ਸਮਾਜਿਕ ਸਰੋਕਾਰਾਂ ਲੇਖੇ ਲਾ ਦਿੱਤੀ ਸੀ। "
ਗੱਠਜੋੜ ਸਰਕਾਰਾਂ ਬਣਾਉਣ ਦੀ ਤਾਕਤ ਰੱਖਣ ਵਾਲਾ ਆਗੂ

ਤਸਵੀਰ ਸਰੋਤ, Getty Images
ਹਰਕਿਸ਼ਨ ਸਿੰਘ ਸੁਰਜੀਤ ਨੂੰ ਗੱਠਜੋੜ ਦੀ ਸਿਆਸਤ ਦੇ ਮੋਢੀ ਅਤੇ ਮਾਹਰ ਵੱਜੋਂ ਵੀ ਜਾਣਿਆਂ ਜਾਂਦਾ ਹੈ।
ਡੀ ਰਾਜਾ ਕਹਿੰਦੇ ਹਨ ਹਰਕਿਸ਼ਨ ਸਿੰਘ ਸੁਰਜੀਤ ਨੇ 1989, 1996 ਅਤੇ 2004 ਵਿੱਚ ਕੇਂਦਰ ਦੀਆਂ ਵੱਖ-ਵੱਖ ਪਾਰਟੀਆਂ ਦੀਆਂ ਗੱਠਜੋੜ ਸਰਕਾਰਾਂ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ।
"ਸੁਰਜੀਤ ਨੂੰ ਸਿਆਸਤਦਾਨਾਂ ਨੂੰ ਇੱਕ ਸਾਂਝੇ ਨੁਕਤੇ 'ਤੇ ਲਿਆਉਣ ਦਾ ਵਲ ਆਉਂਦਾ ਸੀ।"
ਉਹ ਕਹਿੰਦੇ ਹਨ,"ਕਾਮਰੇਡ ਸੁਰਜੀਤ ਦੀ ਸਿਆਸੀ ਸਮਝ ਦਾ ਇੰਨਾ ਸਤਿਕਾਰ ਸੀ ਕਿ ਉਨ੍ਹਾਂ ਦੀਆਂ ਵਿਰੋਧੀ ਪਾਰਟੀਆਂ ਦੇ ਆਗੂ ਵੀ ਸਲਾਹ ਲੈਣ ਲਈ ਉਨ੍ਹਾਂ ਕੋਲ ਆਉਂਦੇ ਸਨ।"
"ਉਹ ਸਿਆਸੀ ਮਾਮਲਿਆਂ ਵਿੱਚ ਤੇਜ਼ ਅਤੇ ਨਿਰਪੱਖ ਰਾਇ ਦਿੰਦੇ। ਉਹ ਵੀ ਆਪਣੀ ਵਿਚਾਰਧਾਰਾ ਉੱਤੇ ਪੂਰੀ ਤਰ੍ਹਾਂ ਕਾਇਮ ਰਹਿ ਕੇ।"
ਡੀ ਰਾਜਾ ਕਹਿੰਦੇ ਹਨ ਕਿ 1989 ਵਿੱਚ ਵੀਪੀ ਸਿੰਘ ਦੀ ਨੈਸ਼ਨਲ ਫਰੰਟ ਦੀ ਸਰਕਾਰ ਬਣਾਉਣ ਲਈ ਸੁਰਜੀਤ ਨੇ ਕਈ ਹੋਰ ਧੜਿਆਂ ਨਾਲ ਗੱਲਬਾਤ ਕੀਤੀ। ਇਸ ਦਾ ਇੱਕੋ ਇੱਕ ਕਾਰਨ ਸੀ ਉਹ ਭਾਜਪਾ ਨੂੰ ਫ਼ਿਰਕੂ ਪਾਰਟੀ ਮੰਨਦੇ ਸਨ ਅਤੇ ਚਾਹੁੰਦੇ ਸਨ ਕਿ ਉਹ ਸੱਤਾ ਵਿੱਚ ਨਾ ਆਵੇ।
"ਪਰ 1996 ਵਿੱਚ ਭਾਜਪਾ ਥੋੜ੍ਹੇ ਸਮੇਂ ਲਈ ਸਰਕਾਰ ਬਣਾਉਣ ਵਿੱਚ ਕਾਮਯਾਬ ਰਹੀ। ਉਸ ਸਮੇਂ ਵੀ ਕਾਮਰੇਡ ਸੁਰਜੀਤ ਨੇ ਯੁਨਾਈਟਿਡ ਫਰੰਟ ਦੀ ਸਰਕਾਰ ਪਹਿਲਾਂ ਐੱਚਡੀ ਦੇਵ ਗੌੜਾ ਦੀ ਅਗਵਾਈ ਵਿੱਚ ਬਣਵਾਈ ਅਤੇ ਫ਼ਿਰ ਆਈਕੇ ਗੁਜ਼ਰਾਲ ਦੇਸ਼ ਦੇ ਪ੍ਰਧਾਨ ਮੰਤਰੀ ਬਣੇ।"
ਡੀ ਰਾਜਾ ਦੱਸਦੇ ਹਨ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਅਟਲ ਬਿਹਾਰੀ ਵਾਜਪਾਈ ਅਹੁਦਿਆਂ ਉੱਤੇ ਰਹਿੰਦਿਆਂ ਹੋਇਆਂ ਕਾਮਰੇਡ ਸੁਰਜੀਤ ਦੀ ਗੱਲ ਸੁਣਦੇ ਸਨ ਅਤੇ ਉਨ੍ਹਾਂ ਦੇ ਕਹੇ ਨੂੰ ਅਹਿਮੀਅਤ ਦਿੰਦੇ ਸਨ।
ਡੀ ਰਾਜਾ ਕਾਮਰੇਡ ਸੁਰਜੀਤ ਬਾਰੇ ਕਹਿੰਦੇ ਹਨ ਕਿ ਉਹ ਜਿੰਨੇ ਚੰਗੇ ਵਕਤਾ ਸਨ ਉਸ ਤੋਂ ਵੱਧ ਚੰਗੇ ਸੁਣਨ ਵਾਲੇ ਸਨ।
“ਮੈਂ ਜਦੋਂ ਸ੍ਰੀਲੰਕਨ ਤਮਿਲਾਂ ਦੀ ਗੱਲ ਕਰਨ ਉਨ੍ਹਾਂ ਨਾਲ ਜਾਂਦਾ ਤਾਂ ਉਹ ਹੱਸਦਿਆਂ ਕਹਿੰਦੇ ਤੇਰੇ ਦਿਲ ਵਿੱਚ ਉਨ੍ਹਾਂ ਲਈ ਖ਼ਾਸ ਥਾਂ ਹੈ ਤੂੰ ਹੀ ਦੱਸ ਕੀ ਕਰਨਾ।”

ਡਾ ਰਾਜਾ ਕਹਿੰਦੇ ਹਨ ਕਿ 1996 ਵਿੱਚ ਜਦੋਂ ਜਿਓਤੀ ਬਸੂ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਪ੍ਰਸਤਾਵ ਆਇਆ ਤਾਂ ਉਨ੍ਹਾਂ ਨੇ ਉਸ ਦਾ ਸਮਰਥਨ ਕੀਤਾ ਸੀ। ਪਰ ਜਦੋਂ ਪਾਰਟੀ ਵਿੱਚ ਉਸ ਦਾ ਵਿਰੋਧ ਹੋਇਆ ਤਾਂ ਉਨ੍ਹਾਂ ਨੇ ਆਪਣੀ ਰਾਇ ਥੋਪੀ ਨਹੀਂ।
"ਕਾਮਰੇਡ ਸੁਰਜੀਤ ਹਮੇਸ਼ਾ ਪਾਰਟੀ ਵਰਕਰ ਬਣ ਕੇ ਹੀ ਵਿਚਰੇ ਉਨ੍ਹਾਂ ਕਦੇ ਵੀ ਕਿਸੇ ਆਹੁਦੇ ਦਾ ਲਾਲਚ ਨਹੀਂ ਕੀਤਾ।"
"ਸਾਦਾ ਜ਼ਿੰਦਗੀ ਸੀ, ਦੋ ਕਮਰਿਆਂ ਦਾ ਘਰ, ਜ਼ਿਆਦਾਤਰ ਸਫ਼ੈਦ ਪੱਗ ਅਤੇ ਸਾਦੇ ਲਿਬਾਸ ਵਿੱਚ ਨਜ਼ਰ ਆਉਂਦੇ। ਰਹਿਣ ਸਹਿਣ ਵੀ ਕਿਸੇ ਸਧਾਰਨ ਪੰਜਾਬੀ ਪਰਿਵਾਰ ਵਾਲਾ ਹੀ ਸੀ।"
ਅਹੁਦਿਆਂ ਤੋਂ ਦੂਰ ਰਹਿਣ ਵਾਲੇ ਹਰਕਿਸ਼ਨ ਸਿੰਘ ਸੁਰਜੀਤ ਦੋ ਵਾਰ ਪੰਜਾਬ ਵਿਧਾਨ ਸਭਾ ਦੀ ਚੋਣ ਜਿੱਤੇ ਅਤੇ ਇੱਕ ਵਾਰ ਰਾਜ ਸਭਾ ਮੈਂਬਰ ਵੱਜੋਂ ਉਨ੍ਹਾਂ ਦੀ ਚੋਣ ਹੋਈ।
ਰੂਹ ਤੋਂ ਕਿਸਾਨ

ਤਸਵੀਰ ਸਰੋਤ, Getty Images
ਇੱਕ ਵਾਕਿਆ ਦਾ ਜ਼ਿਕਰ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਮਰਹੂਮ ਸੀਤਾਰਾਮ ਯੇਚੁਰੀ ਕਰਦੇ ਸਨ ਕਿ ਕਦੇ ਜਵਾਹਰ ਲਾਲ ਨਹਿਰੂ ਦੀ ਅਗਵਾਈ ਵਿੱਚ ਹੋਣ ਵਾਲੀ ਆਮ ਸਭਾ ਲਈ ਖੇਤਾਂ ਵਿੱਚ ਖੜੀ ਜੌਂ ਦੀ ਫ਼ਸਲ ਰਾਤੋ ਰਾਤ ਕੱਟ ਦੇਣ ਵਾਲੇ ਕਾਮਰੇਡ ਸੁਰਜੀਤ ਤਾਅ ਉਮਰ ਰੂਹ ਤੋਂ ਕਿਸਾਨ ਰਹੇ।
"ਅਸਲ ਵਿੱਚ ਜਵਾਹਰ ਲਾਲ ਨਹਿਰੂ ਨੇ ਸੁਰਜੀਤ ਦੇ ਪਿੰਡ ਆਮ ਲੋਕਾਂ ਨੂੰ ਸੰਬੋਧਨ ਕਰਨ ਲਈ ਆਉਣਾ ਸੀ। ਪਰ ਆਮ ਸਭਾ ਤੋਂ ਇੱਕ ਦਿਨ ਪਹਿਲਾਂ ਪੁਲਿਸ ਨੇ ਜਿਸ ਥਾਂ ਇਹ ਸਮਾਗਮ ਹੋਣਾ ਸੀ ਆਪਣੇ ਕਬਜੇ ਵਿੱਚ ਲੈ ਲਈ।"
"ਹਰਕਿਸ਼ਨ ਸਿੰਘ ਸੁਰਜੀਤ ਦੇ ਖੇਤਾਂ ਵਿੱਚ ਜੌਂ ਦੀ ਫ਼ਸਲ ਖੜੀ ਸੀ ਜੋ ਉਨ੍ਹਾਂ ਰਾਤੋ ਰਾਤ ਵਾਹ ਦਿੱਤੀ ਅਤੇ ਸਵੇਰ ਹੋਣ ਤੱਕ ਜਲਸੇ ਲਈ ਖੇਤਾਂ ਵਿੱਚ ਤੰਬੂ ਲੱਗੇ ਨਜ਼ਰ ਆ ਰਹੇ ਸਨ।"
ਪਰ ਖੜੀ ਫ਼ਸਲ ਕੱਟਣ ਵਾਲੇ ਹਰਕਿਸ਼ਨ ਸਿੰਘ ਸਾਰੀ ਉਮਰ ਮੁਜ਼ਾਹਰਿਆਂ ਦੇ ਹੱਕਾਂ ਲਈ ਸੰਘਰਸ਼ ਕਰਦੇ ਰਹੇ।

ਤਸਵੀਰ ਸਰੋਤ, Preetam Kaur
ਡੀ ਰਾਜਾ ਦੱਸਦੇ ਹਨ, "ਉਹ 1938 ਵਿੱਚ ਪੰਜਾਬ ਕਿਸਾਨ ਸਭਾ ਦੇ ਸਕੱਤਰ ਬਣੇ। ਉਨ੍ਹਾਂ ਨੇ ਆਲ ਇੰਡੀਆ ਕਿਸਾਨ ਯੁਨੀਅਨ ਦੇ ਜਨਰਲ ਸਕੱਤਰ ਅਤੇ ਪ੍ਰਧਾਨ ਵੱਜੋਂ ਵੀ ਲੰਬਾ ਸਮਾਂ ਸੇਵਾਵਾਂ ਨਿਭਾਈਆਂ।"
"ਕਾਮਰੇਡ ਸੁਰਜੀਤ ਤਾਅ ਉਮਰ ਇੱਕ ਕਿਰਤੀ ਰਹੇ, ਜੋ ਰੂਹ ਤੋਂ ਕਿਸਾਨ ਸਨ।"
ਸੀਪੀਆਈਐੱਮ ਦੀ ਵੈੱਬਸਾਈਟ 'ਤੇ ਸੁਰਜੀਤ ਬਾਰੇ ਲਿਖਿਆ ਹੈ, "ਕਿਸਾਨ ਲਹਿਰ ਨੂੰ ਵਿਕਸਤ ਕਰਨ ਅਤੇ ਪਾਰਟੀ ਦੇ ਨਿਰਮਾਣ ਵਿੱਚ ਉਨ੍ਹਾਂ ਦੇ ਡੂੰਘੇ ਤਜਰਬੇ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਖੱਬੇ-ਪੱਖੀ ਸੰਪਰਦਾਇਕ ਰੁਖ਼ਾਂ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਆ।"
ਉਨ੍ਹਾਂ ਨੇ ਵੀਅਤਨਾਮ ਮੁਕਤੀ ਸੰਘਰਸ਼, ਫਲਸਤੀਨੀ ਅੰਦੋਲਨ ਅਤੇ ਕਿਊਬਾ ਏਕਤਾ ਮੁਹਿੰਮ ਦੌਰਾਨ ਏਕਤਾ ਗਤੀਵਿਧੀਆਂ ਵਿੱਚ ਅਹਿਮ ਯੋਗਦਾਨ ਪਾਇਆ।
1990 ਦੇ ਦਹਾਕੇ ਵਿੱਚ ਸੋਵੀਅਤ ਯੂਨੀਅਨ ਦੇ ਢਹਿ ਜਾਣ ਤੋਂ ਬਾਅਦ,ਉਨ੍ਹਾਂ ਨੇ ਪਿਛਲੇ ਤਜਰਬੇ ਤੋਂ ਸਿੱਖਦੇ ਹੋਏ ਪਾਰਟੀ ਨੂੰ ਮੁੜ ਲੀਹ 'ਤੇ ਲਿਆਉਣ ਵਿੱਚ ਅਗਵਾਈ ਕੀਤੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












