ਕੀ ਸਬਜ਼ੀਆਂ ਨੂੰ ਜ਼ਿਆਦਾ ਪਕਾਉਣ ਨਾਲ ਉਨ੍ਹਾਂ 'ਚ ਵਿਟਾਮਿਨ ਅਤੇ ਖਣਿਜ ਘੱਟ ਜਾਂਦੇ ਹਨ, ਜਾਣੋ ਕੀ ਹੈ ਇਨ੍ਹਾਂ ਦਾਅਵਿਆਂ ਦਾ ਸੱਚ

ਤਸਵੀਰ ਸਰੋਤ, Getty Images
- ਲੇਖਕ, ਚੰਦਨ ਕੁਮਾਰ ਜਜਵਾੜੇ
- ...ਤੋਂ, ਬੀਬੀਸੀ ਪੱਤਰਕਾਰ
ਖਾਣਾ ਪਕਾਉਂਦੇ ਸਮੇਂ, ਹਰੀਆਂ ਸਬਜ਼ੀਆਂ ਨੂੰ ਦੇਖਦੇ ਹੋਏ, ਅਕਸਰ ਇੱਕ ਸਵਾਲ ਮਨ ਵਿੱਚ ਆਉਂਦਾ ਹੈ ਕਿ ਕੀ ਉਨ੍ਹਾਂ ਨੂੰ ਪਕਾਉਣ ਨਾਲ ਵਿਟਾਮਿਨ ਅਤੇ ਖਣਿਜ ਵਰਗੇ ਪੌਸ਼ਟਿਕ ਤੱਤਾਂ ਦੀ ਮਾਤਰਾ ਘੱਟ ਜਾਵੇਗੀ।
ਤਾਂ ਕੀ ਸਬਜ਼ੀਆਂ ਨੂੰ ਬਿਨਾਂ ਪਕਾਏ ਖਾਣਾ ਸਿਹਤ ਲਈ ਵਧੇਰੇ ਲਾਭਦਾਇਕ ਹੈ?
ਦਰਅਸਲ, ਸਬਜ਼ੀਆਂ ਪਕਾਉਣ ਨਾਲ ਉਸ ਦੇ ਕੁਝ ਵਿਟਾਮਿਨ ਅਤੇ ਖਣਿਜ ਘੱਟ ਸਕਦੇ ਹਨ, ਪਰ ਕਈ ਵਾਰ ਪੱਕੀਆਂ ਸਬਜ਼ੀਆਂ ਦੇ ਪੌਸ਼ਟਿਕ ਤੱਤ ਸਾਡੇ ਸਰੀਰ ਦੁਆਰਾ ਆਸਾਨੀ ਨਾਲ ਸੋਖ ਲਏ ਜਾਂਦੇ ਹਨ।
ਹਾਲਾਂਕਿ, ਕੁਝ ਸਬਜ਼ੀਆਂ ਕੱਚੀਆਂ ਵੀ ਖਾਧੀਆਂ ਜਾ ਸਕਦੀਆਂ ਹਨ ਪਰ ਬਹੁਤ ਸਾਰੀਆਂ ਸਬਜ਼ੀਆਂ ਅਜਿਹੀਆਂ ਵੀ ਹੁੰਦੀਆਂ ਹਨ ਜੋ ਬਿਨਾਂ ਪਕਾਏ ਨਹੀਂ ਖਾਧੀਆਂ ਜਾ ਸਕਦੀਆਂ ਜਾਂ ਬਿਨਾਂ ਪਕਾਏ ਨਹੀਂ ਖਾਣੀਆਂ ਚਾਹੀਦੀਆਂ।
ਤਾਂ ਆਓ ਜਾਣਦੇ ਹਾਂ ਕਿ ਕਿਹੜੀਆਂ ਸਬਜ਼ੀਆਂ ਬਿਨਾਂ ਪਕਾਏ ਖਾਣੀਆਂ ਬਿਹਤਰ ਹਨ ਅਤੇ ਉਨ੍ਹਾਂ ਨੂੰ ਪਕਾਉਣ ਤੋਂ ਬਾਅਦ ਕਦੋਂ ਖਾਣਾ ਚਾਹੀਦਾ ਹੈ।
ਕਿਹੜੀਆਂ ਸਬਜ਼ੀਆਂ ਕੱਚੀਆਂ ਖਾਣੀਆਂ ਚਾਹੀਦੀਆਂ ਹਨ?

ਤਸਵੀਰ ਸਰੋਤ, Getty Images
ਖਾਣਾ ਪਕਾਉਣ ਨਾਲ ਸਬਜ਼ੀਆਂ ਦੇ ਪੌਸ਼ਟਿਕ ਮੁੱਲ ਘੱਟ ਸਕਦੇ ਹਨ।
ਖਾਣੇ ਦਾ ਪਕਣਾ ਖਾਸ ਤੌਰ 'ਤੇ ਵਿਟਾਮਿਨ ਸੀ, ਵਿਟਾਮਿਨ ਬੀ ਅਤੇ ਪੋਟਾਸ਼ੀਅਮ ਵਰਗੇ ਖਣਿਜਾਂ ਨੂੰ ਪ੍ਰਭਾਵਿਤ ਕਰਦਾ ਹੈ, ਕਿਉਂਕਿ ਇਹ ਪਾਣੀ ਵਿੱਚ ਘੁਲਣਸ਼ੀਲ ਹੁੰਦੇ ਹਨ ਅਤੇ ਖਾਣਾ ਪਕਾਉਣ ਦੌਰਾਨ ਪਾਣੀ ਵਿੱਚ ਘੁਲ ਜਾਂਦੇ ਹਨ।
ਸੂਪ ਅਤੇ ਤਰੀ ਵਾਲੀ ਸਬਜ਼ੀ ਬਣਾਉਂਦੇ ਸਮੇਂ ਇਹ ਠੀਕ ਹੈ, ਕਿਉਂਕਿ ਤੁਸੀਂ ਸਬਜ਼ੀਆਂ ਦੇ ਨਾਲ ਤਰੀ (ਗ੍ਰੇਵੀ) ਪੀਂਦੇ ਹੋ। ਪਰ ਜੇ ਉਹ ਤਰੀ ਸੁੱਟ ਦਿੱਤੀ ਜਾਵੇ, ਤਾਂ ਇਹ ਇੱਕ ਸਮੱਸਿਆ ਬਣ ਜਾਂਦੀ ਹੈ।
ਇਹ ਪੌਸ਼ਟਿਕ ਤੱਤ ਬ੍ਰੋਕਲੀ, ਫੁੱਲ ਗੋਭੀ, ਬੰਦ ਗੋਭੀ, ਤੋਰੀ, ਪਾਲਕ ਅਤੇ ਮਟਰਾਂ ਵਿੱਚ ਚੰਗੀ ਮਾਤਰਾ ਵਿੱਚ ਪਾਏ ਜਾਂਦੇ ਹਨ।
ਪੱਕਣ ਵੇਲੇ ਗਰਮੀ ਇਨ੍ਹਾਂ ਪੌਸ਼ਟਿਕ ਤੱਤਾਂ ਨੂੰ ਕਮਜ਼ੋਰ ਕਰ ਦਿੰਦੀ ਹੈ, ਇਸ ਲਈ ਇਨ੍ਹਾਂ ਸਬਜ਼ੀਆਂ ਨੂੰ ਹੌਲੀ-ਹੌਲੀ ਅਤੇ ਘੱਟ ਪਾਣੀ ਵਿੱਚ ਪਕਾਉਣਾ ਚਾਹੀਦਾ ਹੈ।
ਇਨ੍ਹਾਂ ਨੂੰ ਉਬਾਲਣ ਨਾਲੋਂ ਭਾਫ਼ ਨਾਲ ਜਾਂ ਮਾਈਕ੍ਰੋਵੇਵ ਵਿੱਚ ਪਕਾਉਣਾ ਇੱਕ ਬਿਹਤਰ ਵਿਕਲਪ ਹੈ।
ਔਨਲਾਈਨ ਵੈਲਨੈੱਸ ਪਲੇਟਫਾਰਮ 'ਮੈਟਾਮੋਰਫੋਸਿਸ' ਦੀ ਸੰਸਥਾਪਕ ਅਤੇ ਪੋਸ਼ਣ ਮਾਹਿਰ ਦਿਵਿਆ ਪ੍ਰਕਾਸ਼ ਕਹਿੰਦੇ ਹਨ, "ਬਹੁਤ ਸਾਰੀਆਂ ਸਬਜ਼ੀਆਂ ਅਜਿਹੀਆਂ ਹਨ ਜੋ ਉੱਚ ਤਾਪਮਾਨ ਨੂੰ ਬਰਦਾਸ਼ਤ ਨਹੀਂ ਕਰ ਸਕਦੀਆਂ ਅਤੇ ਉਨ੍ਹਾਂ ਦੇ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ। ਇਸ ਲਈ, ਵੱਖ-ਵੱਖ ਸਬਜ਼ੀਆਂ ਤੋਂ ਪੂਰਾ ਸਿਹਤ ਲਾਭ ਪ੍ਰਾਪਤ ਕਰਨ ਲਈ, ਉਨ੍ਹਾਂ ਨੂੰ ਖਾਣ ਦਾ ਤਰੀਕਾ ਵੀ ਵੱਖਰਾ ਹੋਣਾ ਚਾਹੀਦਾ ਹੈ।"

"ਉਦਾਹਰਣ ਵਜੋਂ, ਤੁਸੀਂ ਗਾਜਰਾਂ ਨੂੰ ਬਿਨਾਂ ਪਕਾਏ ਖਾ ਸਕਦੇ ਹੋ, ਪਰ ਇਸ ਨੂੰ ਹਲਕਾ ਜਿਹਾ ਭਾਫ਼ 'ਚ ਪੱਕਾ ਲੈਣ ਤੋਂ ਬਾਅਦ ਬਜ਼ੁਰਗਾਂ ਨੂੰ ਦੇਣਾ ਬਿਹਤਰ ਹੈ। ਇਸੇ ਤਰ੍ਹਾਂ, ਤੁਸੀਂ ਟਮਾਟਰਾਂ ਨੂੰ ਗਰਮ ਪਾਣੀ ਵਿੱਚ ਪਾ ਕੇ ਛਿੱਲ ਸਕਦੇ ਹੋ। ਜਿਨ੍ਹਾਂ ਲੋਕਾਂ ਨੂੰ ਪੱਥਰੀ ਦੀ ਸਮੱਸਿਆ ਹੈ ਜਾਂ ਪੱਥਰੀ ਦਾ ਖ਼ਤਰਾ ਹੈ, ਉਨ੍ਹਾਂ ਨੂੰ ਉਨ੍ਹਾਂ ਦੇ ਬੀਜ ਕੱਢਣ ਤੋਂ ਬਾਅਦ ਇਨ੍ਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਖਾਣਾ ਪਕਾਉਂਦੇ ਸਮੇਂ ਅੰਤ ਵਿੱਚ ਟਮਾਟਰ ਪਾਉਣੇ ਚਾਹੀਦੇ ਹਨ ਤਾਂ ਜੋ ਇਸ ਵਿੱਚ ਮੌਜੂਦ ਲਾਈਕੋਪੀਨ (ਐਂਟੀਆਕਸੀਡੈਂਟ) ਪੂਰੀ ਤਰ੍ਹਾਂ ਨਸ਼ਟ ਨਾ ਹੋ ਜਾਵੇ।"
ਕੁਝ ਸਬਜ਼ੀਆਂ ਪਕਾਉਣ ਤੋਂ ਬਾਅਦ ਵਧੇਰੇ ਪੌਸ਼ਟਿਕ ਹੋ ਜਾਂਦੀਆਂ ਹਨ, ਕਿਉਂਕਿ ਉਨ੍ਹਾਂ ਨੂੰ ਪਕਾਉਣ ਨਾਲ ਉਨ੍ਹਾਂ ਦੇ ਸੈੱਲ ਟੁੱਟ ਜਾਂਦੇ ਹਨ ਅਤੇ ਸਰੀਰ ਲਈ ਉਨ੍ਹਾਂ ਵਿੱਚ ਮੌਜੂਦ ਪੌਸ਼ਟਿਕ ਤੱਤਾਂ ਨੂੰ ਜਜ਼ਬ ਕਰਨਾ ਆਸਾਨ ਹੋ ਜਾਂਦਾ ਹੈ।
ਭਾਵੇਂ ਖਾਣਾ ਪਕਾਉਣ ਦੌਰਾਨ ਕੁਝ ਪੌਸ਼ਟਿਕ ਤੱਤ ਖਤਮ ਹੋ ਜਾਣ, ਫਿਰ ਵੀ ਇਨ੍ਹਾਂ ਸਬਜ਼ੀਆਂ ਨੂੰ ਪਕਾਉਣ ਤੋਂ ਬਾਅਦ ਖਾਣਾ ਬਿਹਤਰ ਹੈ।
ਸਟਾਰਚ ਅਤੇ ਪ੍ਰੋਟੀਨ ਵਾਲੀਆਂ ਸਬਜ਼ੀਆਂ ਨੂੰ ਪਕਾਉਣ ਤੋਂ ਬਾਅਦ ਹੀ ਆਸਾਨੀ ਨਾਲ ਪਚਾਇਆ ਜਾ ਸਕਦਾ ਹੈ।
ਜੇਕਰ ਤੁਸੀਂ ਸਬਜ਼ੀਆਂ ਕੱਚੀਆਂ ਖਾਣ ਬਾਰੇ ਸੋਚ ਰਹੇ ਹੋ, ਤਾਂ ਯਾਦ ਰੱਖੋ ਕਿ ਕੁਝ ਸਟਾਰਚ ਵਾਲੀਆਂ ਸਬਜ਼ੀਆਂ, ਜਿਵੇਂ ਕਿ ਆਲੂ, ਕੱਚੀਆਂ ਨਹੀਂ ਖਾਧੀਆਂ ਜਾ ਸਕਦੀਆਂ।
'ਖਾਣਾ ਪਕਾਉਣਾ ਸਿਰਫ਼ ਇੱਕ ਕਲਾ ਹੀ ਨਹੀਂ ਸਗੋਂ ਇੱਕ ਵਿਗਿਆਨ ਵੀ ਹੈ'

ਤਸਵੀਰ ਸਰੋਤ, Getty Images
ਬਹੁਤ ਸਾਰੀਆਂ ਸਬਜ਼ੀਆਂ ਅਜਿਹੀਆਂ ਹਨ ਜੋ ਸੇਕ ਨੂੰ ਬਰਦਾਸ਼ਤ ਨਹੀਂ ਕਰ ਸਕਦੀਆਂ, ਯਾਨੀ ਕਿ ਜ਼ਿਆਦਾ ਤਾਪਮਾਨ 'ਤੇ ਉਨ੍ਹਾਂ ਦੇ ਵਿਟਾਮਿਨ ਪੂਰੀ ਤਰ੍ਹਾਂ ਨਸ਼ਟ ਹੋ ਜਾਂਦੇ ਹਨ।
ਇਸ ਵਿੱਚ ਵਿਟਾਮਿਨ ਸੀ ਵਾਲੀਆਂ ਸਬਜ਼ੀਆਂ ਦਾ ਜ਼ਿਕਰ ਬਹੁਤ ਜ਼ਰੂਰੀ ਹੈ।
ਉਦਾਹਰਣ ਵਜੋਂ, ਜੇਕਰ ਅਸੀਂ ਆਂਵਲੇ ਦੀ ਗੱਲ ਕਰੀਏ, ਤਾਂ ਇਹ ਜ਼ਿਆਦਾ ਦੇਰ ਤੱਕ ਸੇਕ ਨੂੰ ਸਹਿਣ ਨਹੀਂ ਕਰ ਸਕਦਾ ਅਤੇ ਇਸ ਦੇ ਵਿਟਾਮਿਨ ਨਸ਼ਟ ਹੋ ਸਕਦੇ ਹਨ।
ਪਰ ਆਂਵਲਾ ਸੁਆਦ ਵਿੱਚ ਥੋੜਾ ਜਿਹਾ ਕੌੜਾ ਅਤੇ ਖੱਟਾ ਹੁੰਦਾ ਹੈ, ਇਸ ਲਈ ਇਸ ਨੂੰ ਭਾਫ਼ ਨਾਲ ਪਕਾਉਣ ਤੋਂ ਬਾਅਦ ਖਾਣਾ ਇੱਕ ਬਿਹਤਰ ਵਿਕਲਪ ਹੈ।
ਅਸੀਂ ਗਾਜਰ, ਮੂਲੀ, ਖੀਰਾ, ਚੁਕੰਦਰ ਅਤੇ ਪਿਆਜ਼ ਵਰਗੀਆਂ ਬਹੁਤ ਸਾਰੀਆਂ ਸਬਜ਼ੀਆਂ ਬਿਨਾਂ ਪਕਾਏ ਖਾ ਸਕਦੇ ਹਾਂ ਤਾਂ ਜੋ ਸਾਨੂੰ ਉਨ੍ਹਾਂ ਵਿੱਚ ਮੌਜੂਦ ਵਿਟਾਮਿਨ ਅਤੇ ਖਣਿਜਾਂ ਦਾ ਪੂਰਾ ਲਾਭ ਮਿਲ ਸਕੇ।
ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਦੇ ਸੀਨੀਅਰ ਕੰਸਲਟੰਟ ਡਾ. ਮੋਹਸਿਨ ਵਲੀ ਕਹਿੰਦੇ ਹਨ, "ਲੌਕੀ, ਤੋਰੀ ਅਤੇ ਪਾਲਕ ਵਰਗੀਆਂ ਸਬਜ਼ੀਆਂ ਨੂੰ ਪਕਾਉਣ ਜਾਂ ਉਬਾਲ ਕੇ ਖਾਣਾ ਚਾਹੀਦਾ ਹੈ। ਪਰ ਅਕਸਰ ਅਸੀਂ ਉਨ੍ਹਾਂ ਨੂੰ ਵਾਰ-ਵਾਰ ਗਰਮ ਕਰਨ ਨਾਲ ਉਨ੍ਹਾਂ ਦੇ ਸਾਰੇ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ।"
ਖਾਣਾ ਪਕਾਉਣ ਦਾ ਤਰੀਕਾ ਬਹੁਤ ਮਾਇਨੇ ਰੱਖਦਾ ਹੈ, ਤਾਂ ਜੋ ਪੌਸ਼ਟਿਕ ਤੱਤ ਪੂਰੀ ਤਰ੍ਹਾਂ ਨਸ਼ਟ ਨਾ ਹੋਣ।
ਜੇਕਰ ਸਬਜ਼ੀਆਂ ਨੂੰ ਲੰਬੇ ਸਮੇਂ ਤੱਕ ਪਕਾਇਆ ਜਾਵੇ ਤਾਂ ਉਨ੍ਹਾਂ ਵਿੱਚ ਮੌਜੂਦ ਵਿਟਾਮਿਨ ਪੂਰੀ ਤਰ੍ਹਾਂ ਨਸ਼ਟ ਹੋ ਸਕਦੇ ਹਨ ਅਤੇ ਫਿਰ ਸਾਨੂੰ ਸਬਜ਼ੀਆਂ ਤੋਂ ਸਿਰਫ਼ ਫਾਈਬਰ ਹੀ ਮਿਲੇਗਾ।
ਦਿਵਿਆ ਪ੍ਰਕਾਸ਼ ਕਹਿੰਦੇ ਹਨ, "ਖਾਣਾ ਪਕਾਉਣਾ ਸਿਰਫ਼ ਇੱਕ ਕਲਾ ਹੀ ਨਹੀਂ, ਸਗੋਂ ਇੱਕ ਵਿਗਿਆਨ ਵੀ ਹੈ। ਇਹ ਸਬਜ਼ੀਆਂ ਖਰੀਦਣ, ਸਟੋਰ ਕਰਨ ਅਤੇ ਪਕਾਉਣ 'ਤੇ ਲਾਗੂ ਹੁੰਦਾ ਹੈ। ਪੱਤਾ ਗੋਭੀ ਨੂੰ ਬਹੁਤ ਦੇਰ ਤੱਕ ਪਕਾਉਣ ਨਾਲ ਇਸਦੇ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ। ਪਰ ਜੇਕਰ ਤੁਸੀਂ ਇਸ ਨੂੰ ਭਾਫ਼ ਵਿੱਚ ਪਕਾ ਲੈਂਦੇ ਹੋ, ਤਾਂ ਜੇ 100% ਨਹੀਂ, ਤਾਂ ਇਸਦੇ ਘੱਟੋ-ਘੱਟ 70% ਪੌਸ਼ਟਿਕ ਤੱਤ ਰਹਿ ਜਾਣਗੇ।"
ਬਹੁਤ ਸਾਰੇ ਲੋਕ ਜ਼ਮੀਨ ਹੇਠ ਉੱਗਣ ਵਾਲੀਆਂ ਸਬਜ਼ੀਆਂ, ਜਿਵੇਂ ਕਿ ਲਸਣ, ਪਿਆਜ਼ ਅਤੇ ਅਦਰਕ, ਨੂੰ ਫਰਿੱਜ ਵਿੱਚ ਰੱਖਦੇ ਹਨ ਤਾਂ ਜੋ ਉਹ ਤਾਜ਼ੇ ਦਿਖਾਈ ਦੇਣ। ਪਰ ਇਸ ਸਮੇਂ ਦੌਰਾਨ, ਉਨ੍ਹਾਂ ਵਿੱਚ ਉੱਲੀ ਵਧਣ ਦਾ ਖ਼ਤਰਾ ਹੁੰਦਾ ਹੈ, ਜਿਸ ਨਾਲ ਬਿਮਾਰੀਆਂ ਹੋ ਸਕਦੀਆਂ ਹਨ।
ਕੱਚੇ ਖਾਣੇ ਦਾ ਰੁਝਾਨ

ਤਸਵੀਰ ਸਰੋਤ, Getty Images
ਕੱਚੇ ਖਾਣੇ ਦੀ ਖੁਰਾਕ ਪਿਛਲੇ ਕੁਝ ਸਾਲਾਂ ਤੋਂ ਕਾਫ਼ੀ ਮਸ਼ਹੂਰ ਹੋ ਰਹੀ ਹੈ। ਤੁਸੀਂ ਇੰਸਟਾਗ੍ਰਾਮ ਅਤੇ ਸੋਸ਼ਲ ਮੀਡੀਆ 'ਤੇ ਰੰਗੀਨ ਸਮੂਦੀ ਬਾਊਲ ਅਤੇ ਕੱਚੀਆਂ ਸਬਜ਼ੀਆਂ ਦੀਆਂ ਤਸਵੀਰਾਂ ਜ਼ਰੂਰ ਦੇਖੀਆਂ ਹੋਣਗੀਆਂ।
ਕੱਚੇ ਖਾਣੇ ਦੀ ਖੁਰਾਕ ਦਾ ਅਰਥ ਹੈ ਬਿਨ੍ਹਾਂ ਚੀਜ਼ ਨੂੰ ਪਕਾਏ ਖਾਣਾ। ਇਸ ਸ਼ੈੱਲੀ ਵਿੱਚ ਤਾਜ਼ੇ ਫਲ ਅਤੇ ਸਲਾਦ ਵਿਟਾਮਿਨ ਦੇ ਚੰਗੇ ਸਰੋਤ ਹਨ।
ਇਸ ਖੁਰਾਕ ਵਿੱਚ ਵਿਸ਼ਵਾਸ ਰੱਖਣ ਵਾਲੇ ਕਹਿੰਦੇ ਹਨ ਕਿ ਭੋਜਨ ਨੂੰ ਨਾ ਤਾਂ ਪ੍ਰੋਸੈਸ ਕੀਤਾ ਜਾਣਾ ਚਾਹੀਦਾ ਹੈ ਅਤੇ ਨਾ ਹੀ ਇਸਨੂੰ 40-48 ਡਿਗਰੀ ਸੈਲਸੀਅਸ ਤੋਂ ਵੱਧ ਗਰਮ ਕੀਤਾ ਜਾਣਾ ਚਾਹੀਦਾ ਹੈ।
ਰਾਤ ਨੂੰ ਕੱਚਾ ਸਲਾਦ ਖਾਣਾ ਅੱਜਕੱਲ੍ਹ ਕਾਫ਼ੀ ਮਸ਼ਹੂਰ ਹੈ। ਪਰ ਕੱਚੇ ਖਾਣੇ ਦੀ ਖੁਰਾਕ ਦੇ ਵੀ ਨੁਕਸਾਨ ਹਨ।
ਸਭ ਤੋਂ ਪਹਿਲਾਂ, ਇਹ ਤੁਹਾਡੇ ਭੋਜਨ ਵਿਕਲਪਾਂ ਨੂੰ ਸੀਮਤ ਕਰ ਦਿੰਦਾ ਹੈ। ਘੱਟ ਵਿਭਿੰਨਤਾ ਦੇ ਕਾਰਨ, ਸਰੀਰ ਵਿੱਚ ਪੌਸ਼ਟਿਕ ਤੱਤਾਂ ਅਤੇ ਊਰਜਾ ਦੀ ਕਮੀ ਹੋ ਸਕਦੀ ਹੈ।
ਕੱਚੇ ਖਾਣੇ ਦੀ ਖੁਰਾਕ ਵਿੱਚ ਪ੍ਰੋਟੀਨ, ਵਿਟਾਮਿਨ ਬੀ12 ਅਤੇ ਆਇਰਨ ਦੀ ਲੋੜੀਂਦੀ ਮਾਤਰਾ ਹਾਸਲ ਕਰਨਾ ਮੁਸ਼ਕਲ ਹੁੰਦਾ ਹੈ।
ਇਹ ਜਾਣਨਾ ਵੀ ਮੁਸ਼ਕਲ ਹੋ ਸਕਦਾ ਹੈ ਕਿ ਕਿਹੜੀ ਚੀਜ਼ ਖਾਣੀ ਹੈ ਅਤੇ ਵਧੇਰੇ ਪੋਸ਼ਣ ਕਿਵੇਂ ਪ੍ਰਾਪਤ ਕਰਨਾ ਹੈ। ਨਾਲ ਹੀ, ਬਹੁਤ ਸਾਰੇ ਲੋਕ ਕੱਚਾ ਖਾਣਾ ਹਜ਼ਮ ਕਰਨ ਵਿੱਚ ਅਸਮਰੱਥ ਹੁੰਦੇ ਹਨ ਅਤੇ ਇਸ ਕਾਰਨ ਇਸ ਵਿੱਚ ਮੌਜੂਦ ਪੌਸ਼ਟਿਕ ਤੱਤ ਸਰੀਰ ਵਿੱਚ ਪੂਰੀ ਤਰ੍ਹਾਂ ਜਜ਼ਬ ਨਹੀਂ ਹੁੰਦੇ।
ਕੁਝ ਭੋਜਨ ਕੱਚੇ ਖਾਣ 'ਤੇ ਕਾਫ਼ੀ ਪੋਸ਼ਣ ਪ੍ਰਦਾਨ ਕਰਦੇ ਹਨ, ਕੁਝ ਕੱਟਣ ਜਾਂ ਪੀਸਣ 'ਤੇ ਵਧੇਰੇ ਪੌਸ਼ਟਿਕ ਤੱਤ ਛੱਡਦੇ ਹਨ ਅਤੇ ਕੁਝ ਪਕਾਉਣ 'ਤੇ ਹੋਰ ਵੀ ਪੌਸ਼ਟਿਕ ਹੋ ਜਾਂਦੇ ਹਨ।
ਕਿਹੜੀਆਂ ਸਬਜ਼ੀਆਂ ਖਾਣ ਲਈ ਬਿਹਤਰ ਹਨ?

ਤਸਵੀਰ ਸਰੋਤ, Getty Images
ਜੇ ਤੁਸੀਂ ਬਾਜ਼ਾਰ ਤੋਂ ਸਬਜ਼ੀਆਂ ਖਰੀਦਦੇ ਹੋ, ਤਾਂ ਇਹ ਜ਼ਰੂਰੀ ਨਹੀਂ ਹੈ ਕਿ ਉਹ ਪੂਰੀ ਤਰ੍ਹਾਂ ਪੌਸ਼ਟਿਕ ਹੋਣ। ਸਬਜ਼ੀਆਂ ਨਾਲ ਇੱਕ ਵੱਡਾ ਖ਼ਤਰਾ ਉਨ੍ਹਾਂ ਵਿੱਚ ਮੌਜੂਦ ਕੀਟਨਾਸ਼ਕ ਜਾਂ ਰਸਾਇਣ ਵੀ ਹੋ ਸਕਦੇ ਹਨ।
ਡਾ. ਵਾਲੀ ਕਹਿੰਦੇ ਹਨ, "ਅੱਜਕੱਲ੍ਹ, ਲੌਕੀ ਜਾਂ ਪਪੀਤੇ ਵਰਗੀਆਂ ਸਬਜ਼ੀਆਂ ਨੂੰ ਵਧਣ ਲਈ ਆਕਸੀਟੋਸਿਨ ਦਾ ਟੀਕਾ ਲਗਾਇਆ ਜਾਂਦਾ ਹੈ। ਗਾਵਾਂ ਨੂੰ ਵੀ ਉਨ੍ਹਾਂ ਤੋਂ ਜ਼ਿਆਦਾ ਦੁੱਧ ਲੈਣ ਲਈ ਟੀਕਾ ਲਗਾਇਆ ਜਾਂਦਾ ਹੈ।"
"ਜੇਕਰ ਗਾਂ ਜਾਂ ਮੱਝ ਦਾ ਵੱਛਾ ਆਪਣੀ ਮਾਂ ਦਾ ਦੁੱਧ ਨਹੀਂ ਪੀ ਸਕਦਾ, ਤਾਂ ਗਾਂ ਵਿੱਚ ਤਣਾਅ ਦੇ ਹਾਰਮੋਨ ਨਿਕਲਦੇ ਹਨ ਜੋ ਦੁੱਧ ਦੇ ਨਾਲ ਸਾਡੇ ਸਰੀਰ ਤੱਕ ਪਹੁੰਚਦੇ ਹਨ। ਫਿਰ ਇਹ ਅੰਦਾਜ਼ਾ ਲਗਾਉਣਾ ਬਹੁਤ ਮੁਸ਼ਕਲ ਨਹੀਂ ਹੈ ਕਿ ਟੀਕੇ ਵਾਲੇ ਦੁੱਧ ਜਾਂ ਸਬਜ਼ੀਆਂ ਨਾਲ ਕਿੰਨਾ ਨੁਕਸਾਨ ਹੋ ਸਕਦਾ ਹੈ।"
ਇਸ ਲਈ, ਡਾਕਟਰ ਸਿਫਾਰਸ਼ ਕਰਦੇ ਹਨ ਕਿ ਤੁਸੀਂ ਮੌਸਮੀ ਸਬਜ਼ੀਆਂ ਜਾਂ ਫਲ ਖਰੀਦੋ ਅਤੇ ਸਥਾਨਕ ਤੌਰ 'ਤੇ ਉਗਾਈਆਂ ਗਈਆਂ ਸਬਜ਼ੀਆਂ ਖਰੀਦੋ, ਤਾਂ ਜੋ ਉਨ੍ਹਾਂ ਨੂੰ ਸੁਰੱਖਿਅਤ ਰੱਖਣ ਦੀ ਕੋਈ ਲੋੜ ਨਾ ਪਵੇ ਅਤੇ ਇਸ ਲਈ ਰਸਾਇਣਾਂ ਦੀ ਵਰਤੋਂ ਨਾ ਕੀਤੀ ਜਾਵੇ।
ਇਸ ਤੋਂ ਇਲਾਵਾ, ਸਬਜ਼ੀਆਂ ਨੂੰ ਘੱਟੋ-ਘੱਟ 15 ਮਿੰਟ ਲਈ ਪਾਣੀ ਵਿੱਚ ਭਿਓਣ ਦੀ ਸਲਾਹ ਦਿੱਤੀ ਜਾਂਦੀ ਹੈ। ਬੇਕਿੰਗ ਸੋਡਾ ਸਬਜ਼ੀਆਂ ਨੂੰ ਧੋਣ ਲਈ ਵੀ ਵਰਤਿਆ ਜਾ ਸਕਦਾ ਹੈ।
ਇਸ ਦੇ ਨਾਲ ਹੀ, ਸਬਜ਼ੀਆਂ ਨੂੰ ਕੱਟਣ ਤੋਂ ਬਾਅਦ ਧੋਣਾ ਬਿਹਤਰ ਹੈ।
ਬਰਸਾਤ ਦੇ ਦਿਨਾਂ ਵਿੱਚ ਹਰੀਆਂ ਪੱਤੇਦਾਰ ਸਬਜ਼ੀਆਂ ਨਾ ਖਾਣ ਦੀ ਵੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਗੰਦੇ ਪਾਣੀ ਦੀ ਮੌਜੂਦਗੀ ਵਿੱਚ, ਉਨ੍ਹਾਂ ਵਿੱਚ ਕੀਟਾਣੂ ਜਾਂ ਬੈਕਟੀਰੀਆ ਹੋ ਸਕਦੇ ਹਨ ਜੋ ਬਿਮਾਰੀ ਪੈਦਾ ਕਰਦੇ ਹਨ।
ਅੰਤ ਵਿੱਚ, ਜਦੋਂ ਸੁਆਦ ਦੀ ਗੱਲ ਆਉਂਦੀ ਹੈ, ਤਾਂ ਸਬਜ਼ੀਆਂ ਨੂੰ ਪਕਾਉਣ ਨਾਲ ਵੀ ਉਨ੍ਹਾਂ ਦਾ ਸੁਆਦ ਆਉਂਦਾ ਹੈ ਅਤੇ ਤੁਸੀਂ ਉਨ੍ਹਾਂ ਨੂੰ ਪਕਾਉਣ ਤੋਂ ਬਾਅਦ ਜ਼ਿਆਦਾ ਖਾਣਾ ਪਸੰਦ ਕਰਦੇ ਹੋ।
ਸਬਜ਼ੀਆਂ ਖਾਣ ਅਤੇ ਪਕਾਉਣ ਦੇ ਤਰੀਕੇ ਦੇ ਨਾਲ-ਨਾਲ ਸਫਾਈ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












