ਹਰਜੋਤ ਬੈਂਸ ਤੇ ਜਸਵੰਤ ਜਫ਼ਰ ਨੂੰ ਅਕਾਲ ਤਖ਼ਤ ਵਲੋਂ ਤਲਬ ਕੀਤੇ ਜਾਣ ਤੋਂ ਬਾਅਦ ਮੰਤਰੀ ਨੇ ਕੀ ਕਿਹਾ

ਤਸਵੀਰ ਸਰੋਤ, Jaswant Singh/Harjot Singh Bains/FB
ਪੰਜਾਬ ਦੇ ਸਿੱਖਿਆ ਤੇ ਭਾਸ਼ਾ ਮੰਤਰੀ ਹਰਜੋਤ ਸਿੰਘ ਬੈਂਸ ਤੇ ਭਾਸ਼ਾ ਵਿਭਾਗ ਦੇ ਨਿਰਦੇਸ਼ਕ ਜਸਵੰਤ ਸਿੰਘ ਜਫ਼ਰ ਨੂੰ ਅਕਾਲ ਤਖ਼ਤ ਵਲੋਂ ਤਲਬ ਕੀਤਾ ਗਿਆ ਹੈ।
ਅਕਾਲ ਤਖ਼ਤ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਦੋਵਾਂ ਤੋਂ ਸ੍ਰੀਨਗਰ ਵਿੱਚ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ''ਸ਼ਹੀਦੀ ਦਿਹਾੜੇ'' ਸਬੰਧੀ ਸਮਾਗਮ ਨੂੰ ਲੈ ਕੇ ਉੱਠੇ ਵਿਵਾਦ ਤੋਂ ਬਾਰੇ ਸਪੱਸ਼ਟੀਕਰਨ ਮੰਗਿਆ ਹੈ।
ਦਰਅਸਲ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ''ਸ਼ਹੀਦੀ ਦਿਹਾੜੇ'' ਸਬੰਧੀ ਕਰਵਾਏ ਗਏ ਇੱਕ ਪ੍ਰੋਗਰਾਮ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਵਾਦ ਛਿੜਿਆ ਹੋਇਆ ਹੈ।
ਸੂਬਾ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ 24 ਜੁਲਾਈ ਨੂੰ ਸ੍ਰੀਨਗਰ ਦੇ ਟੈਗੋਰ ਹਾਲ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ''ਸ਼ਹੀਦੀ ਸ਼ਤਾਬਦੀ'' ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ਸੀ।
ਇਸ ਸਮਾਗਮ ਵਿੱਚ ਮੁੱਖ ਤੌਰ 'ਤੇ ਪੰਜਾਬੀ ਗਾਇਕ ਬੀਰ ਸਿੰਘ ਨੇ ਪੇਸ਼ਕਾਰੀ ਦਿੱਤੀ ਸੀ ਅਤੇ ਇਸ ਦੌਰਾਨ ਉਨ੍ਹਾਂ ਨੇ ਉੱਥੇ ਇੱਕ ਆਮ ਪੰਜਾਬੀ ਗੀਤ ਵੀ ਗਾਇਆ ਸੀ।

ਤਸਵੀਰ ਸਰੋਤ, birsinghmusic/instagram
ਇਸੇ ਸਮਾਗਮ ਦੀ ਵਾਇਰਲ ਹੋਈ ਇੱਕ ਵੀਡੀਓ ਵਿੱਚ ਸਟੇਜ ਉੱਪਰ ਕੁਝ ਲੋਕ ਨੱਚਦੇ ਦਿਖਾਈ ਦੇ ਰਹੇ ਹਨ ਅਤੇ ਉੱਥੇ ਉਨ੍ਹਾਂ ਨਾਲ ਪੰਜਾਬੀ ਗਾਇਕ ਬੀਰ ਸਿੰਘ ਵੀ ਦਿਖਾਈ ਦਿੰਦੇ ਹਨ।
ਇਸ ਸਾਰੇ ਮਾਮਲੇ ਉਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਤਰਾਜ਼ ਪ੍ਰਗਟ ਕਰਦਿਆਂ ਤਿੱਖੀ ਪ੍ਰਤੀਕਿਰਿਆ ਵੀ ਦਿੱਤੀ ਸੀ। ਐੱਸਜੀਪੀਸੀ ਦੇ ਇਤਰਾਜ਼ ਤੋਂ ਬਾਅਦ ਗਾਇਕ ਬੀਰ ਸਿੰਘ ਨੇ ਮੁਆਫ਼ੀ ਵੀ ਮੰਗੀ।
ਹੁਣ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਇੰਨਾਂ ਸਮਾਂ ਬੀਤਣ ਤੋਂ ਬਾਅਦ ਵੀ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਵੱਲੋਂ ਆਪਣਾ ਪੱਖ ਨਹੀਂ ਰੱਖਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣਾ ਪੱਖ ਰੱਖਣ ਲਈ ਮਿਤੀ 1 ਅਗਸਤ 2025 ਨੂੰ ਹੋਣ ਵਾਲੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਤਲਬ ਕੀਤਾ ਗਿਆ ਹੈ।
ਜਥੇਦਾਰ ਨੇ ਕੀ ਕਿਹਾ?

ਤਸਵੀਰ ਸਰੋਤ, Ravinder Singh Robin/BBC
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਹੈ ਕਿ ਕਾਫ਼ੀ ਸਮਾਂ ਬੀਤ ਜਾਣ ਦੇ ਬਾਵਜੂਦ ਹੁਣ ਤੱਕ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਨੇ ਆਪਣਾ ਪੱਖ ਸਪੱਸ਼ਟ ਨਹੀਂ ਕੀਤਾ ਹੈ ਅਤੇ ਨਾ ਹੀ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਦੀ ਖਿਮਾ ਜਾਚਨਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਸੰਵਿਧਾਨਕ ਅਹੁਦਿਆਂ ਉੱਤੇ ਕਾਰਜ ਕਰ ਰਹੀਆਂ ਸ਼ਖ਼ਸੀਅਤਾਂ ਦੀ ਸਮਾਜ ਪ੍ਰਤੀ ਅਹਿਮ ਜ਼ਿੰਮੇਵਾਰੀ ਹੁੰਦੀ ਹੈ ਅਤੇ ਪੰਜਾਬ ਸਰਕਾਰ ਦੇ ਅਹੁਦੇਦਾਰਾਂ ਵੱਲੋਂ ਸੰਜੀਦਾ ਮਸਲੇ ਉੱਤੇ ਹੁਣ ਤੱਕ ਚੁੱਪ ਰਹਿਣਾ ਕਈ ਸਵਾਲ ਖੜ੍ਹੇ ਕਰਦਾ ਹੈ।
ਉਨ੍ਹਾਂ ਕਿਹਾ ਕਿ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਗੁਰੂ ਸਾਹਿਬ ਨਾਲ ਸਬੰਧਤ ਸ਼ਹੀਦੀ ਸ਼ਤਾਬਦੀ ਦੇ ਸਬੰਧ ਵਿੱਚ ਰੱਖੇ ਗਏ ਸਮਾਗਮ ਅੰਦਰ ਨਾਚ-ਗਾਣੇ ਅਤੇ ਮਨੋਰੰਜਨ ਨਾਲ ਸ਼ੁਰੂਆਤ ਕੀਤੀ ਗਈ ਹੋਵੇ, ਜੋ ਕਿ ਬਰਦਾਸ਼ਤਯੋਗ ਨਹੀਂ।
ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ 1 ਅਗਸਤ 2025 ਨੂੰ ਪੰਥਕ ਅਤੇ ਧਾਰਮਿਕ ਮਾਮਲੇ ਵਿਚਾਰਨ ਲਈ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਕੀਤੀ ਜਾ ਰਹੀ ਹੈ ਅਤੇ ਇਸੇ ਦਿਨ ਕੈਬਨਿਟ ਮੰਤਰੀ ਹਰਜੋਤ ਸਿੰਘ ਅਤੇ ਡਾਇਰੈਕਟਰ ਜਸਵੰਤ ਸਿੰਘ ਨੂੰ ਆਪਣਾ ਪੱਖ ਰੱਖਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤਾ ਗਿਆ ਹੈ।
ਇਸ ਦੌਰਾਨ ਉਨ੍ਹਾਂ ਗਾਇਕ ਬੀਰ ਸਿੰਘ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਗਾਇਕ ਬੀਰ ਸਿੰਘ ਦੇ ਖਿਲਾਫ਼ ਵੀ ਸ਼ਿਕਾਇਤਾਂ ਪੁੱਜੀਆਂ ਹਨ, ਜੋ ਬੀਤੇ ਕੱਲ੍ਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਣਾ ਪੱਖ ਰੱਖ ਕੇ ਖਿਮਾ ਜਾਚਨਾ ਕਰ ਗਏ ਹਨ, ਜਿਸ ਉੱਤੇ ਵੀ ਆਉਂਦੀ 1 ਤਾਰੀਖ ਨੂੰ ਵਿਚਾਰ ਕੀਤਾ ਜਾਵੇਗਾ।
ਹਰਜੋਤ ਸਿੰਘ ਬੈਂਸ ਨੇ ਮੰਗੀ ਮੁਆਫੀ

ਤਸਵੀਰ ਸਰੋਤ, Harjot Singh Bains/FB
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੰਮਨ ਮਿਲਣ ਤੋਂ ਬਾਅਦ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਨਤਕ ਤੌਰ 'ਤੇ ਆਪਣੀ ਗਲਤੀ ਸਵੀਕਾਰ ਕਰ ਲਈ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਗੁਰਬਾਣੀ ਦੀ ਇੱਕ ਲਾਈਨ ਸਾਂਝੀ ਕਰਕੇ ਮੁਆਫੀ ਮੰਗੀ ਹੈ।
ਉਨ੍ਹਾਂ ਲਿਖਿਆ, ਅਸੀਂ ਹਮੇਸ਼ਾ ਅਪਰਾਧ ਕਰਦੇ ਹਾਂ ਅਤੇ ਗਲਤੀਆਂ ਕਰਦੇ ਰਹਿੰਦੇ ਹਾਂ, ਪਰ ਤੁਸੀਂ (ਹੇ ਪ੍ਰਭੂ) ਹਮੇਸ਼ਾ ਮਾਫ਼ ਕਰਨ ਵਾਲੇ ਹੋ।
ਉਨ੍ਹਾਂ ਦਾ ਇਹ ਬਿਆਨ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਭੇਜੇ ਗਏ ਸੰਮਨ ਤੋਂ ਬਾਅਦ ਆਇਆ ਹੈ, ਬੈਂਸ ਦੇ ਇਸ ਕਦਮ ਨੂੰ ਗਲਤੀ ਸਵੀਕਾਰ ਕਰਨ ਅਤੇ ਧਾਰਮਿਕ ਮਰਿਆਦਾ ਦੇ ਸਤਿਕਾਰ ਵਜੋਂ ਦੇਖਿਆ ਜਾ ਰਿਹਾ ਹੈ।
ਐੱਸਜੀਪੀਸੀ ਨੇ ਕੀ ਕਿਹਾ ਸੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਉੱਤੇ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਸ੍ਰੀਨਗਰ ਵਿੱਚ ਹੋਏ ਧਾਰਮਿਕ ਸਮਾਗਮ ਵਿੱਚ ਮਰਿਆਦਾ ਦਾ ਉਲੰਘਣ ਦੁਖਦਾਈ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਅਧਿਕਾਰਤ ਫੇਸਬੁੱਕ ਪੇਜ ਉਪਰ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਐੱਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਮਾਮਲੇ ਦੀ ਨਿੰਦਾ ਕੀਤੀ ਹੈ।
ਉਨ੍ਹਾਂ ਕਿਹਾ, "ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਦੇ ਸਮਾਗਮ ਵਿਚ ਜਿਸ ਤਰ੍ਹਾਂ ਗੁਰੂ ਸਾਹਿਬ ਦੀ ਪਵਿੱਤਰ ਸ਼ਹਾਦਤ ਦੀ ਭਾਵਨਾ ਵਿਰੁੱਧ ਪੇਸ਼ਕਾਰੀਆਂ ਕੀਤੀਆਂ ਗਈਆਂ, ਉਸ ਨਾਲ ਸ਼ਹਾਦਤ ਦੇ ਸੰਕਲਪ ਦੇ ਨਾਲ-ਨਾਲ ਗੁਰਮਤਿ ਮਰਿਆਦਾ ਅਤੇ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਭਾਰੀ ਸੱਟ ਵੱਜੀ ਹੈ।"

ਤਸਵੀਰ ਸਰੋਤ, Getty Images
ਐਡਵੋਕੇਟ ਧਾਮੀ ਨੇ ਕਿਹਾ, "ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੁਨੀਆ ਦੇ ਧਾਰਮਿਕ ਇਤਿਹਾਸ ਅੰਦਰ ਸਰਵਉੱਚ ਤੇ ਲਾਸਾਨੀ ਹੈ। ਇਸ ਲਈ ਗੁਰੂ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਸਬੰਧੀ ਕਰਵਾਏ ਜਾਣ ਵਾਲੇ ਹਰ ਸਮਾਗਮ ਦੀ ਰੂਪ-ਰੇਖਾ ਸਿੱਖ ਮਰਿਆਦਾ, ਸ਼ਰਧਾ, ਸੰਜਮ ਅਤੇ ਗੁਰਬਾਣੀ ਦੇ ਸਤਿਕਾਰ ਦੀ ਭਾਵਨਾ ਦੇ ਅਨੁਕੂਲ ਹੋਣੀ ਲਾਜ਼ਮੀ ਹੈ। ਪਰ ਭਾਸ਼ਾ ਵਿਭਾਗ ਪੰਜਾਬ ਨੇ ਇਸ ਮੌਕੇ ਨੂੰ ਮਨੋਰੰਜਨ ਦਾ ਸਾਧਨ ਬਣਾ ਕੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ 'ਤੇ ਗਹਿਰੀ ਸੱਟ ਮਾਰੀ ਹੈ।"
ਐਡਵੋਕੇਟ ਧਾਮੀ ਨੇ ਪੰਜਾਬ ਸਰਕਾਰ ਨੂੰ ਇਸ ਗੰਭੀਰ ਅਣਗਹਿਲੀ ਲਈ ਜਨਤਕ ਮੁਆਫ਼ੀ ਮੰਗਣ ਲਈ ਆਖਦਿਆਂ ਕਿਹਾ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਪੱਸ਼ਟ ਅਤੇ ਸਖ਼ਤ ਨਿਰਦੇਸ਼ ਜਾਰੀ ਕੀਤੇ ਜਾਣ।
ਬੀਰ ਸਿੰਘ ਵਲੋਂ ਮਾਫੀ ਮੰਗੇ ਜਾਣ ਉੱਤੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਇੱਕ ਸਿੱਖ ਨੂੰ ਅਹਿਸਾਸ ਹੋ ਜਾਵੇ ਕਿ ਉਹ ਗੁਰੂ ਨੂੰ ਸਮਰਪਿਤ ਹੈ।
ਬੀਰ ਸਿੰਘ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਅੱਗੇ ਆਪਣਾ ਪੱਖ ਪੇਸ਼ ਕੀਤਾ ਹੈ, ਬਾਕੀ ਅੱਗੇ ਦੇਖਾਂਗੇ ਕਿ ਕੀ ਕਰਨਾ ਹੈ।
ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਇਸ ਮਾਮਲੇ ’ਤੇ ਮੁਆਫ਼ੀ ਮੰਗਣ ਨੂੰ ਕਿਹਾ।
ਗਾਇਕ ਬੀਰ ਸਿੰਘ ਨੇ ਮੰਗੀ ਮੁਆਫ਼ੀ

ਤਸਵੀਰ ਸਰੋਤ, birsinghmusic/instagram
ਇਸ ਤੋਂ ਪਹਿਲਾਂ ਬੀਰ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਜਾਰੀ ਕਰ ਕੇ ਮਾਫੀ ਮੰਗੀ ਸੀ।
ਉਨ੍ਹਾਂ ਕਿਹਾ ਸੀ , "ਬੀਤੇ ਦਿਨ ਦੇ ਪ੍ਰੋਗਰਾਮ ਵਿੱਚ ਜੋ ਗਲਤੀ ਹੋਈ ਹੈ ਉਹ ਗਲਤੀ ਬਹੁਤ ਵੱਡੀ ਅਣਗਹਿਲੀ ਤੇ ਅਣਜਾਣੇ ਵਿੱਚ ਹੋਈ ਹੈ।"
ਬੀਰ ਸਿੰਘ ਨੇ ਕਿਹਾ ਸੀ ਕਿ ਉਹ ਆਸਟ੍ਰੇਲੀਆ ਤੋਂ ਸਿੱਧਾ ਸ੍ਰੀਨਗਰ ਪਹੁੰਚੇ ਸਨ।
ਉਨ੍ਹਾਂ ਕਿਹਾ, "ਇੱਥੇ ਸਾਡੇ ਫੋਨਾਂ ਦੇ ਨੈੱਟਵਰਕ ਕੰਮ ਕਰਨਾ ਬੰਦ ਕਰ ਗਏ ਸੀ ਤੇ ਸਾਡੀ ਮੈਨੇਜਮੈਂਟ ਦੀ ਗਲਤੀ ਇਹ ਹੈ ਕਿ ਪ੍ਰੋਗਰਾਮ ਦਾ ਜੋ ਸਾਰਾ ਵੇਰਵਾ ਸੀ ਉਹ ਮੇਰੇ ਨਾਲ ਸਾਂਝਾ ਨਹੀਂ ਕੀਤਾ ਗਿਆ। ਇਸ ਸਮਾਗਮ ਦੀ ਸ਼ੁਰੂਆਤ ਤੋਂ ਪਹਿਲਾਂ ਮੈਨੂੰ ਕੁਝ ਕਸ਼ਮੀਰੀ ਸੱਜਣਾਂ ਤੇ ਸਿੱਖ ਵੀਰਾਂ ਨੇ ਬੇਨਤੀ ਕੀਤੀ ਸੀ ਕਿ ਇੱਥੇ ਅਸੀਂ ਟੈਂਨਸ਼ਨ ਦੇ ਮਾਹੌਲ ਵਿੱਚ ਜੀਅ ਰਹੇ ਹਾਂ ਤੇ ਸਾਨੂੰ ਕੁਝ ਗੀਤ ਜ਼ਰੂਰ ਸੁਣਾਓ।"
ਬੀਰ ਸਿੰਘ ਅੱਗੇ ਕਹਿੰਦੇ ਹਨ, "ਮੇਰੀ ਇਹ ਗਲਤੀ ਹੈ ਕਿ ਜਦੋਂ ਮੈਂ ਸਟੇਜ 'ਤੇ ਗਿਆ ਤਾਂ ਮੈਂ ਪਿੱਛੇ ਲੱਗਿਆ ਬੈਨਰ ਨਹੀਂ ਦੇਖਿਆ, ਇਹ ਮੇਰੀ ਅਣਗਹਿਲੀ ਸੀ, ਜਿਸ ਲਈ ਮੈਂ ਮੁਆਫੀ ਮੰਗਦਾ।"
ਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਲਿਖਤੀ ਸਪੱਸ਼ਟੀਕਰਨ ਅਕਾਲ ਤਖ਼ਤ ਸਾਹਿਬ ਤੇ ਜਥੇਦਾਰ ਸਾਹਿਬ ਨੂੰ ਭੇਜ ਦਿੱਤਾ ਹੈ।
ਉਨ੍ਹਾਂ ਕਿਹਾ, "ਮੇਰੀ ਇਸ ਗਲਤੀ ਲਈ ਜੋ ਵੀ ਸੇਵਾ ਹੈ ਮੈਨੂੰ ਮਨਜ਼ੂਰ ਹੈ। ਮੈਂ ਵੀ ਸਿੱਖ ਪਰਿਵਾਰਾਂ ਦਾ ਬੱਚਾ ਤੇ ਮੈਂ ਕਦੇ ਵੀ ਪੰਥ ਦੇ ਖ਼ਿਲਾਫ਼ ਨਹੀਂ ਜਾ ਸਕਦਾ।"
ਬੀਰ ਸਿੰਘ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਵੀ ਹੋਏ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












