ਅਕਾਲ ਤਖ਼ਤ ਸਾਹਿਬ ਨੇ ਸੁਖਬੀਰ ਬਾਦਲ ਨੂੰ ਤਨਖਾਹੀਆ ਐਲਾਨਣ ਦਾ ਫ਼ੈਸਲਾ ਰੱਦ ਕੀਤਾ, ਜਾਣੋ ਹੁਣ ਤਨਖਾਹੀਆ ਕਿਸ ਨੂੰ ਤੇ ਕਿਉਂ ਐਲਾਨਿਆ

ਪਟਨਾ ਸਾਹਿਬ ਵੱਲੋਂ ਜਾਰੀ ਹੁਕਮਨਾਮੇ 'ਤੇ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਸੁਖਬੀਰ ਸਿੰਘ ਬਾਦਲ ਸਬੰਧੀ ਜੋ ਫੈਸਲੇ ਲਏ ਗਏ, ਉਨ੍ਹਾਂ ਨੂੰ ਰੱਦ ਕੀਤਾ ਗਿਆ।
ਦਰਅਸਲ ਅੱਜ ਸ਼ਨੀਵਾਰ ਨੂੰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਹੋਈ ਪੰਜ ਪਿਆਰਿਆਂ ਦੀ ਵਿਸ਼ੇਸ਼ ਇਕੱਤਰਤਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਐਲਾਨਿਆ ਗਿਆ ਸੀ।
ਇਸ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਤੋਂ ਬਾਅਦ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇੱਕ ਅਹਿਮ ਹੁਕਮਨਾਮਾ ਜਾਰੀ ਕਰਦਿਆਂ ਗਿਆਨੀ ਗੁਰਦਿਆਲ ਸਿੰਘ (ਵਧੀਕ ਹੈੱਡ ਗ੍ਰੰਥੀ, ਤਖ਼ਤ ਪਟਨਾ ਸਾਹਿਬ) ਅਤੇ ਕਮੇਟੀ ਮੈਂਬਰ ਹਰਪਾਲ ਸਿੰਘ ਜੌਹਲ ਅਤੇ ਡਾ. ਗੁਰਮੀਤ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ ਹੈ।
ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਹੋਏ ਪੱਤਰ ਵਿੱਚ ਕਿਹਾ ਗਿਆ ਹੈ, "ਪਟਨਾ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰੰਥੀ ਭਾਈ ਗੁਰਦਿਆਲ ਸਿੰਘ ਪੰਥ ਵਿਰੋਧੀ ਤਾਕਤਾਂ ਨਾਲ ਰਲ ਕੇ ਤਖ਼ਤ ਸਾਹਿਬਾਨ ਵਿਚਕਾਰ ਦਰਾਰ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਨ੍ਹਾਂ ਦੀ ਭੂਮਿਕ ਨੂੰ ਦੇਖਦੇ ਹੋਏ ਭਾਈ ਗੁਰਦਿਆਲ ਸਿੰਘ ਨੂੰ ਤਨਖਾਹੀਆ ਐਲਾਨ ਕੀਤਾ ਜਾਂਦਾ ਹੈ ਤੇ ਜੇਕਰ ਕੋਈ ਇਨ੍ਹਾਂ ਨੂੰ ਗੁਰਮਤਿ ਸਮਾਗਮ ਜਾਂ ਪੰਥਕ ਸਟੇਜ 'ਤੇ ਬੁਲਾਏਗਾ ਤਾਂ ਉਨ੍ਹਾਂ ਵਿਰੁੱਧ ਵੀ ਪੰਥਕ ਰਵਾਇਤਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।"

ਤਸਵੀਰ ਸਰੋਤ, Getty Images
ਅੱਗੇ ਕਿਹਾ ਗਿਆ, "ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਬੁਲਾਰੇ ਹਰਪਾਲ ਸਿੰਘ ਲਗਾਤਾਰ ਸੋਸ਼ਲ ਮੀਡੀਆ 'ਤੇ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਿਆਦਾ ਤੇ ਸਰਬਉੱਚਤਾ ਵਿਰੁੱਧ ਕੂੜ ਪ੍ਰਚਾਰ ਕਰਦੇ ਆ ਰਹੇ ਹਨ। ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਇੱਕ ਹੋਰ ਮੈਂਬਰ ਡਾ. ਗੁਰਮੀਤ ਸਿੰਘ ਦੀ ਭੂਮਿਕਾ ਵੀ ਮੁੱਖ ਸਾਜ਼ਿਸ਼ਘਾੜੇ ਵਜੋਂ ਸਾਹਮਣੇ ਆਈ ਹੈ। ਇਸ ਲਈ ਹਰਪਾਲ ਸਿੰਘ ਅਤੇ ਡਾ. ਗੁਰਮੀਤ ਸਿੰਘ ਨੂੰ ਤਨਖਾਹੀਆ ਐਲਾਨ ਕੀਤਾ ਜਾਂਦਾ ਹੈ।"
ਇਸ ਪੱਤਰ ਰਾਹੀਂ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ 15 ਦਿਨਾਂ ਵਿੱਚ ਆਪਣਾ ਪੱਖ ਅਕਾਲ ਤਖ਼ਤ ਸਾਹਿਬ ਰੱਖਣ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ।

ਤਸਵੀਰ ਸਰੋਤ, Janhit News/Patna Sahib
ਦਰਅਸਲ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਪੰਜ ਪਿਆਰਿਆਂ ਵੱਲੋਂ ਜਾਰੀ ਕੀਤੇ ਗਏ ਹੁਕਮਨਾਮੇ ਵਿੱਚ ਲਿਖਿਆ ਗਿਆ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘ ਸਾਹਿਬਾਨ ਵੱਲੋਂ ਜਾਰੀ ਕੀਤੇ ਹੁਕਮਾਂ ਦੀ ਅਣਦੇਖੀ ਕੀਤੀ ਹੈ, ਜਿਸਦੇ ਕਰਕੇ ਉਨ੍ਹਾਂ ਨੂੰ ਤਨਖ਼ਾਹੀਆ ਐਲਾਨਿਆ ਗਿਆ ਹੈ।
ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਸਿੱਖ ਧਰਮ ਦੇ ਪੰਜ ਤਖ਼ਤਾਂ ਵਿੱਚੋਂ ਇੱਕ ਤਖ਼ਤ ਹੈ।
ਪਰ ਲੰਮੇ ਸਮੇਂ ਤੋਂ ਅਕਾਲ ਤਖ਼ਤ ਦੇ ਪ੍ਰਬੰਧਕਾਂ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧਕਾਂ ਵਿਚਾਲੇ ਵਖਰੇਵੇਂ ਦੇਖੇ ਜਾਂਦੇ ਰਹੇ ਹਨ।
ਪਟਨਾ ਸਾਹਿਬ ਦੇ ਹੁਕਮਨਾਮੇ ਵਿੱਚ ਕੀ ਲਿਖਿਆ ਗਿਆ
ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਜਾਰੀ ਕੀਤੇ ਗਏ ਹੁਕਮਨਾਮੇ ਵਿੱਚ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਅਤੇ ਦਮਦਮਾ ਸਾਹਿਬ ਦੇ ਜਥੇਦਾਰ ਟੇਕ ਸਿੰਘ ਉੱਤੇ ਸਿਆਸਤ ਤੋਂ ਪ੍ਰੇਰਿਤ ਹੋ ਕੇ ਫ਼ੈਸਲੇ ਲੈਣ ਦੇ ਇਲਜ਼ਾਮ ਲਾਏ ਗਏ ਹਨ।
ਹੁਕਮਨਾਮੇ ਵਿੱਚ ਲਿਖਿਆ ਗਿਆ ਹੈ ਕਿ ਮਿਤੀ 5 ਜੁਲਾਈ 2025 ਦਿਨ ਸ਼ਨੀਵਾਰ ਨੂੰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘ ਸਾਹਿਬਾਨ ਦੀ ਵਿਸ਼ੇਸ਼ ਇਕੱਤਰਤਾ ਹੋਈ ।
"ਮਿਤੀ 21 ਮਈ 2025 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਭਾਈ ਕੁਲਦੀਪ ਸਿੰਘ ਗੜਗੱਜ ਅਤੇ ਭਾਈ ਟੇਕ ਸਿੰਘ ਨੇ ਸਿਆਸਤ ਤੋਂ ਪ੍ਰੇਰਿਤ ਹੋ ਕੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘ ਸਾਹਿਬਾਨ ਵੱਲੋਂ ਜਾਰੀ ਕੀਤੇ ਗਏ ਹੁਕਮਨਾਮੇ ਦੇ ਖ਼ਿਲਾਫ਼ ਜਾ ਕੇ ਗ਼ੈਰ-ਵਿਧਾਨਿਕ, ਗ਼ੈਰ-ਸਿਧਾਂਤਕ ਆਦੇਸ਼ ਜਾਰੀ ਕੀਤਾ।"

ਤਸਵੀਰ ਸਰੋਤ, Takhat Sri Patna Sahib
ਹੁਕਮਨਾਮੇ ਵਿੱਚ ਅੱਗੇ ਲਿਖਿਆ ਗਿਆ, "ਇਹ ਆਦੇਸ਼ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਮਰਿਯਾਦਾ, ਸੰਵਿਧਾਨ ਅਤੇ ਉਪ ਨਿਯਮ ਨੂੰ ਚੁਣੌਤੀ ਦਿੰਦੇ ਹੋਏ ਇੱਥੋਂ ਦੀ ਪ੍ਰਬੰਧਕ ਕਮੇਟੀ ਦੇ ਅਧਿਕਾਰ ਅਤੇ ਸ਼ਕਤੀ ਵਿੱਚ ਦਖ਼ਲ ਅੰਦਾਜ਼ੀ ਸੀ।"
ਹੁਕਮਨਾਮੇ ਮੁਤਾਬਕ ਸੁਖਬੀਰ ਸਿੰਘ ਬਾਦਲ ਨੂੰ ਦੋ ਵਾਰ ਅਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਗਿਆ ਪਰ ਉਹ ਪੇਸ਼ ਨਹੀਂ ਹੋਏ।
ਲਿਖਿਆ ਗਿਆ ਹੈ ਕਿ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘ ਸਾਹਿਬਾਨ ਵੱਲੋਂ ਹੋਏ ਆਦੇਸ਼ ਦੀ ਅਣਦੇਖੀ ਕਰਨ ਦੇ ਮੁਲਜ਼ਮ ਮੰਨਦੇ ਹੋਏ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਐਲਾਨਿਆ ਗਿਆ ਹੈ।
ਗਿਆਨੀ ਰਣਜੀਤ ਸਿੰਘ ਗੌਹਰ ਨੇ ਕੀ ਕਿਹਾ

ਤਸਵੀਰ ਸਰੋਤ, SAD
ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਨੇ ਵੀ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਵਿੱਚ ਪ੍ਰਤੀਕਿਰਿਆ ਦਿੱਤੀ ਹੈ।
ਉਨ੍ਹਾਂ ਕਿਹਾ, "ਅੱਜ ਪਟਨਾ ਸਾਹਿਬ ਦੇ ਗ੍ਰੰਥੀਆਂ ਨੇ ਇੱਕ ਹੋਰ ਗਲਤ ਫਰਮਾਨ ਜਾਰੀ ਕੀਤਾ ਹੈ, ਜੋ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਪੱਤਰ ਜਾਰੀ ਕੀਤਾ ਹੈ। ਇਨ੍ਹਾਂ ਨੇ ਮੇਰੇ ਮਾਮਲੇ ਵਿੱਚ ਵੀ ਬਿਨਾ ਕੋਈ ਪੱਖ ਲਿਆ ਤੇ ਬਿਨਾ ਕੋਈ ਸੁਣਵਾਈ ਕੀਤੇ, ਇੱਕ ਖ਼ਿਲਾਫ਼ ਨਾਦਰਸ਼ਾਹੀ ਫਰਮਾਨ ਜਾਰੀ ਕੀਤਾ ਸੀ। ਜਸਟਿਸ ਰੁਪਿੰਦਰ ਸਿੰਘ ਸੋਢੀ ਦੀ ਨਿਗਰਾਨੀ ਵਿੱਚ ਜੋ ਜਾਂਚ ਕਮੇਟੀ ਬਣੀ ਸੀ, ਉਸ ਨੇ ਵੀ ਮੇਰੇ ਹੱਕ ਵਿੱਚ ਫੈਸਲਾ ਸੁਣਾਇਆ ਸੀ। ਸਾਡੀ ਸੁਪਰੀਮ ਅਕਾਲ ਤਖ਼ਤ ਸਾਹਿਬ ਨੇ ਵੀ ਮੈਨੂੰ ਨਿਰਦੋਸ਼ ਮੰਨਦੇ ਹੋਏ ਮੇਰੇ ਹੱਕ ਵਿੱਚ ਫੈਸਲਾ ਦਿੱਤਾ।"
"ਇਨ੍ਹਾਂ ਨੇ ਕਦੇ ਵੀ ਖਾਲਸਾ ਪੰਥ ਦੇ ਹੱਕ ਵਿੱਚ ਕੋਈ ਮੁੱਦਾ ਨਹੀਂ ਉਠਾਇਆ। ਮੈਂ ਕਿਸੇ ਦੇ ਵਿਰੋਧ ਜਾਂ ਪੱਖ ਵਿੱਚ ਗੱਲ ਨਹੀਂ ਕਰ ਰਿਹਾ, ਮੈਂ ਸਿਧਾਂਤਕ ਗੱਲ ਕਰ ਰਿਹਾ ਹਾਂ। ਖਾਲਸਾ ਪੰਥ ਨੂੰ ਅਗਾਹ ਕਰਨਾ ਮੇਰਾ ਫਰਜ਼ ਬਣਦਾ ਹੈ। ਮੈਂ ਖਾਲਸਾ ਪੰਥ ਨੂੰ ਬੇਨਤੀ ਕਰਦਾ ਕਿ ਇਨ੍ਹਾਂ ਨੂੰ ਪਟਨਾ ਸਾਹਿਬ ਦੇ ਗ੍ਰੰਥੀ ਰਹਿਣ ਦਾ ਕੋਈ ਹੱਕ ਨਹੀਂ ਹੈ।"
ਸੁਖਬੀਰ ਬਾਦਲ ਖ਼ਿਲਾਫ਼ ਹੁਕਮਨਾਮਾ ਜਾਰੀ ਕਰਨ ਵਾਲੇ ਪੰਜ ਸਿੰਘ ਸਹਿਬਾਨ ਕੌਣ

ਤਸਵੀਰ ਸਰੋਤ, Getty Images
ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਹੁਕਮਨਾਮਾ ਜਾਰੀ ਕਰਨ ਵਾਲੇ ਪੰਜ ਸਿੰਘ ਸਾਹਿਬਾਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰੇ ਹਨ।
ਜਿਸਦੇ ਵਿੱਚ ਐਡੀਸ਼ਨਲ ਹੈੱਡ ਗ੍ਰੰਥੀ ਭਾਈ ਦਲੀਪ ਸਿੰਘ, ਜਥੇਦਾਰ ਹੈੱਡ ਗ੍ਰੰਥੀ ਭਾਈ ਬਲਦੇਵ ਸਿੰਘ, ਐਡੀਸ਼ਨਲ ਹੈੱਡ ਗ੍ਰੰਥੀ ਗੁਰਦਿਆਲ ਸਿੰਘ, ਸੀਨੀਅਰ ਮੀਤ ਗ੍ਰੰਥੀ ਭਾਈ ਪਰਸ਼ੁਰਾਮ ਸਿੰਘ, ਮੀਤ ਗ੍ਰੰਥੀ ਭਾਈ ਅਮਰਜੀਤ ਸਿੰਘ ਸ਼ਾਮਲ ਹਨ।
ਖ਼ਬਰ ਲਿਖੇ ਜਾਣ ਤੱਕ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਜਾਰੀ ਕੀਤੇ ਗਏ ਹੁਕਮਨਾਮੇ ਉੱਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਈ ਬਿਆਨ ਨਹੀਂ ਜਾਰੀ ਕੀਤਾ ਗਿਆ।
'ਪੰਥ ਵਿੱਚ ਦੁਵਿਧਾ ਪਾਉਣ ਵਾਲੀ ਅਤੇ ਅਧਿਕਾਰਾਂ ਤੋਂ ਬਾਹਰੀ ਕਾਰਵਾਈ'

ਤਸਵੀਰ ਸਰੋਤ, sgpc
ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦੇਣ ਦੇ ਫ਼ੈਸਲੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਨੂੰ ਪੰਥ ਵਿੱਚ ਦੁਵਿਧਾ ਪਾਉਣ ਵਾਲੀ ਅਤੇ ਅਧਿਕਾਰਾਂ ਤੋਂ ਬਾਹਰੀ ਕਾਰਵਾਈ ਕਰਾਰ ਦਿੱਤਾ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਖਾਲਸਾ ਪੰਥ ਦੀਆਂ ਰਵਾਇਤਾਂ ਕੌਮ ਦੇ ਮਸਲੇ ਨਜਿੱਠਣ ਲਈ ਹਨ, ਨਾ ਕਿ ਕੌਮੀ ਸੰਕਟ ਪੈਦਾ ਕਰਨ ਲਈ।
ਉਨ੍ਹਾਂ ਕਿਹਾ, "ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਦਰਕਿਨਾਰ ਕਰਨਾ ਉਚਿਤ ਨਹੀਂ ਹੈ ਅਤੇ ਅਜਿਹੇ ਚਲਣ ਨਾਲ ਕੌਮ ਅੰਦਰ ਆਪਾ ਧਾਪੀ ਵਾਲਾ ਮਾਹੌਲ ਪੈਦਾ ਹੋਵੇਗਾ।"
ਉਨ੍ਹਾਂ ਕਿਹਾ ਕਿ ਬੇਸ਼ੱਕ ਤਖ਼ਤ ਸ੍ਰੀ ਪਟਨਾ ਸਾਹਿਬ ਦਾ ਸਿੱਖ ਜਗਤ ਅੰਦਰ ਵੱਡਾ ਸਤਿਕਾਰ ਹੈ, ਪ੍ਰੰਤੂ ਪੰਥਕ ਮਾਮਲਿਆਂ ਨੂੰ ਵਿਚਾਰਨ ਦਾ ਅਧਿਕਾਰ ਸਿਰਫ਼ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ ਨੂੰ ਦੂਜੇ ਤਖ਼ਤ ਸਾਹਿਬਾਨ ਤੋਂ ਹੀ ਚੁਣੌਤੀ ਦਿੱਤੀ ਜਾਣ ਲੱਗੀ ਤਾਂ ਇਹ ਸਿੱਖ ਪ੍ਰੰਪਰਾਵਾਂ ਦੀ ਮੌਲਿਕਤਾ ਅਤੇ ਅਮੀਰੀ ਨੂੰ ਸੱਟ ਮਾਰਨ ਤੋਂ ਘੱਟ ਨਹੀਂ ਮੰਨਿਆ ਜਾ ਸਕਦਾ।
ਧਾਮੀ ਨੇ ਕਿ ਮੌਜੂਦਾ ਮਾਮਲੇ ਦੇ ਸਬੰਧ ਵਿੱਚ ਮਿਲ ਬੈਠ ਕੇ ਹੱਲ ਵੱਲ ਤੁਰਨਾ ਚਾਹੀਦਾ ਹੈ, ਤਾਂ ਜੋ ਕੌਮ ਅੰਦਰ ਨਜ਼ਰ ਆ ਰਹੇ ਟਕਰਾਅ ਦੀ ਥਾਂ 'ਤੇ ਸਿੱਖ ਸ਼ਕਤੀ ਨੂੰ ਕੌਮੀ ਹਿੱਤਾਂ, ਕੌਮ ਦੀ ਚੜ੍ਹਦੀ ਕਲਾ ਅਤੇ ਸਿੱਖੀ ਪ੍ਰਚਾਰ ਲਈ ਵਰਤਿਆ ਜਾ ਸਕੇ।
ਪਟਨਾ ਸਾਹਿਬ ਜਾਣ ਵਾਲੀ ਐੱਸਜੀਪੀਸੀ ਦੀ ਕਮੇਟੀ ਨੇ ਕੀ ਕਿਹਾ

ਤਸਵੀਰ ਸਰੋਤ, Gurcharn Singh Grewal/FB
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਤਖ਼ਤ ਸ੍ਰੀ ਪਟਨਾ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਕਰਨ ਦੇ ਫ਼ੈਸਲੇ ਦੀ ਸਖ਼ਤ ਨਿੰਦਾ ਕੀਤੀ ਹੈ।
ਬੀਬੀਸੀ ਪੱਤਰਕਾਰ ਨਵਜੋਤ ਕੌਰ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਫ਼ੈਸਲਾ ਸਿਆਸਤ ਤੋਂ ਪ੍ਰੇਰਿਤ ਅਤੇ ਸਿੱਖਾਂ ਅੰਦਰ ਟਕਰਾਅ ਪੈਦਾ ਕਰਨ ਵਾਲਾ ਹੈ।
ਗਰੇਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਗਈ ਕਮੇਟੀ ਕਰੀਬ 20 ਦਿਨ ਪਹਿਲਾਂ ਹੀ ਪਟਨਾ ਸਾਹਿਬ ਕਮੇਟੀ ਨਾਲ ਚੱਲ ਰਹੇ ਮਨ-ਮਿਟਾਵ ਨੂੰ ਸੁਲਝਾਉਣ ਲਈ ਪਟਨਾ ਸਾਹਿਬ ਜਾ ਕੇ ਆਈ ਹੈ।
"ਕਮੇਟੀ ਦੀ ਅਗਵਾਈ ਰਘੂਜੀਤ ਸਿੰਘ ਵਿਰਕ ਕਰ ਰਹੇ ਹਨ ਅਤੇ ਇਸ ਵਿੱਚ ਗੁਰਬਚਨ ਸਿੰਘ ਕਰਮੂਵਾਲਾ ਵੀ ਮੌਜੂਦ ਸਨ।"
ਜ਼ਿਕਰਯੋਗ ਹੈ ਕਿ ਪਟਨਾ ਸਾਹਿਬ ਜਾਣ ਵਾਲੀ ਟੀਮ ਦੇ ਗੁਰਚਰਨ ਸਿੰਘ ਗਰੇਵਾਲ ਵੀ ਮੈਂਬਰ ਹਨ।
ਉਨ੍ਹਾਂ ਅੱਗੇ ਕਿਹਾ, "ਸਾਡੇ ਸਾਹਮਣੇ ਪਟਨਾ ਸਾਹਿਬ ਕਮੇਟੀ ਦੇ ਮੈਂਬਰਾਂ ਨੇ ਮੰਨਿਆ ਕਿ ਅਸੀਂ ਕਿਸੇ ਵੀ ਟਕਰਾਅ ਵਾਲੀ ਸਥਿਤੀ ਵਿੱਚ ਨਹੀਂ ਜਾਵਾਂਗੇ ਅਤੇ ਅਕਾਲ ਤਖ਼ਤ ਦੇ ਫੈਸਲੇ ਉੱਤੇ ਕਿੰਤੂ-ਪਰੰਤੂ ਨਹੀਂ ਕਰਾਂਗੇ ਪਰ ਹੁਣ ਇੱਕ ਵਾਰ ਫ਼ਿਰ ਉਨ੍ਹਾਂ ਨੇ ਇਹ ਹੁਕਮਨਾਮਾ ਲੈ ਕੇ ਗੱਲ ਨੂੰ ਵਧਾ ਦਿੱਤਾ ਹੈ।"
ਗਰੇਵਾਲ ਨੇ ਇਹ ਵੀ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਐਲਾਣਨ ਦਾ ਕੋਈ ਮਤਲਬ ਹੀ ਨਹੀਂ ਬਣਦਾ ਕਿਉਂਕਿ ਪਹਿਲਾਂ ਵੀ ਪਟਨਾ ਸਾਹਿਬ ਕਮੇਟੀ ਖ਼ਿਲਾਫ਼ ਅਕਾਲ ਤਖ਼ਤ ਤੋਂ ਜਾਰੀ ਕੋਈ ਹੁਕਮਨਾਮੇ ਜਥੇਦਾਰਾਂ ਦੀ ਅਗਵਾਈ ਵਿੱਚ ਵਿੱਚ ਜਾਰੀ ਕੀਤੇ ਗਏ ਸਨ ਨਾ ਕਿ ਸੁਖਬੀਰ ਬਾਦਲ ਦੀ।"
ਉਨ੍ਹਾਂ ਕਿਹਾ ਕਿ ਇਹ ਹੁਕਮਨਾਮਾ ਸੁਖਬੀਰ ਸਿੰਘ ਬਾਦਲ ਨੂੰ ਸਿਆਸੀ ਸੱਟ ਮਾਰਨ ਦੇ ਮਕਸਦ ਨਾਲ ਜਾਰੀ ਕੀਤਾ ਗਿਆ ਲੱਗ ਰਿਹਾ ਹੈ।
ਦੋਵਾਂ ਤਖ਼ਤਾਂ ਵਿਚਾਲੇ ਵਿਵਾਦ ਕਿਉਂ

ਤਸਵੀਰ ਸਰੋਤ, Getty Images
ਇਸ ਸਾਲ ਮਈ ਮਹੀਨੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਬਲਦੇਵ ਸਿੰਘ ਦੀ ਅਗਵਾਈ ਹੇਠ ਪੰਜ ਪਿਆਰਿਆਂ ਵੱਲੋਂ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਥਾਪੇ ਗਏ ਕੁਲਦੀਪ ਸਿੰਘ ਗੜਗੱਜ ਅਤੇ ਦਮਦਮਾ ਸਾਹਿਬ ਦੇ ਜਥੇਦਾਰ ਟੇਕ ਸਿੰਘ ਦੀ ਨਿਯੁਕਤੀ ਨੂੰ ਰੱਦ ਕੀਤਾ ਗਿਆ ਸੀ।
ਇਸੇ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਤਲਬ ਕੀਤਾ ਗਿਆ ਸੀ ।
ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪੰਜ ਸਿੰਘ ਸਹਿਬਾਨਾਂ ਵੱਲੋਂ ਜਾਰੀ ਕੀਤੇ ਗਏ ਹੁਕਮਨਾਮੇ ਵਿੱਚ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੇ ਜਥੇਦਾਰ ਬਾਬਾ ਟੇਕ ਸਿੰਘ ਨੂੰ ਕਥਿਤ ਅਤੇ ਆਪੇ ਥਾਪੇ ਜਥੇਦਾਰ ਦੱਸਦਿਆਂ ਅਸਵਿਕਾਰਿਆਂ ਕਰਾਰ ਦਿੱਤਾ ਗਿਆ ਅਤੇ ਦੋਵਾਂ ਨੂੰ ਤਨਖ਼ਾਹੀਆ ਵੀ ਐਲਾਨਿਆ ਸੀ।
ਹਾਲਾਂਕਿ ਪਟਨਾ ਸਾਹਿਬ ਵੱਲੋਂ ਜਾਰੀ ਕੀਤੇ ਗਏ ਹੁਕਮਨਾਮੇ ਨੂੰ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਅਤੇ ਟੇਕ ਸਿੰਘ ਨੇ ਨਹੀਂ ਮੰਨਿਆ ਸੀ। ਸੁਖਬੀਰ ਸਿੰਘ ਬਾਦਲ ਨੇ ਵੀ ਇਸ ਹੁਕਮਨਾਮੇ ਦਾ ਕੋਈ ਜਵਾਬ ਨਹੀਂ ਦਿੱਤਾ ਸੀ।
ਦੂਜੇ ਪਾਸੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਵਿੱਚ ਸ੍ਰੀ ਅਕਾਲ ਤਖ਼ਤ ਉੱਤੇ ਹੋਈ ਇਕੱਤਰਤਾ ਤੋਂ ਬਾਅਦ ਜਾਰੀ ਕੀਤੇ ਗਏ ਹੁਕਮਨਾਮੇ ਮੁਤਾਬਕ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰਾਂ ਨੂੰ ਤਲਬ ਕੀਤਾ ਗਿਆ ਸੀ।
ਉਦੋਂ ਤਖ਼ਤ ਸ੍ਰੀ ਪਟਨਾ ਸਾਹਿਬ ਨੇ ਅਕਾਲ ਤਖ਼ਤ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕੀਤਾ ਅਤੇ ਆਪਣੇ ਅਹੁਦੇਦਾਰਾਂ ਨੂੰ ਵੀ ਤਾਕੀਦ ਕੀਤੀ ਕਿ ਜੇ ਕੋਈ ਸ੍ਰੀ ਅਕਾਲ ਤਖ਼ਤ ਦੇ ਹੁਕਮਨਾਮੇ ਦੀ ਪਾਲਣਾ ਕਰੇਗਾ ਉਸ ਖ਼ਿਲਾਫ਼ ਮਰਿਆਦਾ ਦੇ ਆਧਾਰ ਉੱਤੇ ਕਾਰਵਾਈ ਕੀਤੀ ਜਾਵੇਗੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












