ਸਰਬੱਤ ਖਾਲਸਾ ਕੀ ਹੈ, ਕੌਣ ਤੇ ਕਿਵੇਂ ਸਰਬੱਤ ਖਾਲਸਾ ਸੱਦ ਸਕਦਾ ਹੈ

ਹਰਪ੍ਰੀਤ ਸਿੰਘ ਤੇ ਅਮ੍ਰਿਤਪਾਲ ਸਿੰਘ

ਤਸਵੀਰ ਸਰੋਤ, Getty Images

    • ਲੇਖਕ, ਜਸਪਾਲ ਸਿੰਘ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

ਖਾਲਿਸਤਾਨ ਹਮਾਇਤੀ ਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਦੋ ਵਾਰ ਵੀਡੀਓ ਜਾਰੀ ਕਰਕੇ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਵਿਸਾਖੀ ਮੌਕੇ ਸਰਬੱਤ ਖਾਲਸਾ ਦਾ ਇਕੱਠ ਸੱਦੇ ਜਾਣ ਦੀ ਅਪੀਲ ਕਰ ਚੁੱਕੇ ਹਨ।

ਅਮ੍ਰਿਤਪਾਲ 18 ਮਾਰਚ ਤੋਂ ਫਰਾਰ ਹਨ। ਪੁਲਿਸ ਉਨ੍ਹਾਂ ਦੀ ਭਾਲ ਵਿੱਚ ਵੱਖ-ਵੱਖ ਥਾਵਾਂ ਉੱਤੇ ਛਾਪੇਮਾਰੀ ਕਰ ਰਹੀ ਹੈ।

23 ਫਰਵਰੀ ਨੂੰ ਅਜਨਾਲਾ ਥਾਣੇ ਦੇ ਘਿਰਾਓ ਵੇਲੇ ਹੋਈ ਹਿੰਸਾ ਨਾਲ ਜੁੜੇ ਵੱਖ-ਵੱਖ ਮਾਮਲਿਆਂ ਤਹਿਤ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਗਈ ਸੀ ਪਰ ਉਹ ਕਾਮਯਾਬ ਨਹੀਂ ਹੋ ਸਕੀ।

ਅਮ੍ਰਿਤਪਾਲ ਸਰਬੱਤ ਖਾਲਸਾ ਦਾ ਇਕੱਠ ਵਿਸਾਖੀ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸੱਦਣ ਦੀ ਮੰਗ ਕਰ ਰਹੇ ਹਨ।

ਹੁਣ ਅਸੀਂ ਜਾਣਦੇ ਹਾਂ ਕਿ ਸਰਬੱਤ ਖਾਲਸਾ ਦਾ ਸਿਧਾਂਤ ਕੀ ਹੈ, ਕੌਣ ਸਰਬੱਤ ਖਾਲਸਾ ਨੂੰ ਸੱਦ ਸਕਦਾ ਹੈ ਤੇ ਕਦੋਂ-ਕਦੋਂ ਸਰਬੱਤ ਖਾਲਸਾ ਸੱਦਿਆ ਗਿਆ ਸੀ।

ਵੀਡੀਓ ਕੈਪਸ਼ਨ, ਵੀਡੀਓ ਵੇਖੋ - ਸਰਬੱਤ ਖ਼ਾਲਸਾ ਕੀ ਹੁੰਦਾ ਹੈ, ਕੌਣ ਸੱਦਦਾ ਹੈ...ਜਾਣੋ ਹਰ ਜਵਾਬ

ਕੀ ਹੈ ਸਰਬੱਤ ਖ਼ਾਲਸਾ?

‘ਸਰਬੱਤ’ ਦਾ ਸ਼ਾਬਦਿਕ ਅਰਥ ਹੈ ‘ਸਾਰੇ’। ਸਰਬੱਤ ਖਾਲਸਾ ਤੋਂ ਭਾਵ ਸਿੱਖਾਂ ਦੇ ਜਿੰਨੇ ਵੀ ਵਰਗ ਹਨ, ਉਹ ਆਪਸੀ ਮਤਭੇਦ ਭੁਲਾ ਕੇ ਭਾਈਚਾਰੇ ਦੇ ਸਾਂਝੇ ਮੁੱਦਿਆਂ ਲਈ ਇਕੱਠੇ ਹੋਣ।

ਇਸ ਨੂੰ ਸਿੱਖ ਭਾਈਚਾਰੇ ਦਾ ਇੱਕ ਇਕੱਠ ਵੀ ਆਖਿਆ ਜਾ ਸਕਦਾ ਹੈ। ਸਰਬੱਤ ਖ਼ਾਲਸਾ ਵਿੱਚ ਦੇਸ਼ ਅਤੇ ਦੁਨੀਆ ਭਰ ਤੋਂ ਸਿੱਖ ਭਾਈਚਾਰੇ ਦੇ ਸੰਗਠਨਾਂ ਦੇ ਨੁਮਾਇੰਦੇ ਸ਼ਾਮਲ ਹੁੰਦੇ ਹਨ।

ਦਿੱਲੀ ਵਿੱਚ ਸਥਿਤ ਗੁਰਮਤਿ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਅਤੇ ਸਿੱਖ ਮਾਮਲਿਆਂ ਦੇ ਜਾਣਕਾਰ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਸਰਬੱਤ ਖਾਲਸੇ ਲਈ ਸਿੱਖ ਭਾਈਚਾਰੇ ਦੇ ਸਾਰੇ ਵਰਗਾਂ ਨੂੰ ਬੁਲਾਉਣਾ ਜ਼ਰੂਰੀ ਹੈ।

ਉਹ ਕਹਿੰਦੇ ਹਨ, “ਜੇਕਰ ਇੱਕ ਧੜਾ ਇਕੱਠ ਦਾ ਸੱਦਾ ਦਿੰਦਾ ਹੈ ਤਾਂ ਉਸ ਨੂੰ ਸਰਬੱਤ ਖ਼ਾਲਸਾ ਨਹੀਂ ਆਖਿਆ ਜਾ ਸਕਦਾ। ਇਸ ਦੇ ਵਿੱਚ ਸਿੱਖ ਪੰਥ ਦੇ ਸਾਰੇ ਧੜਿਆਂ ਨੂੰ ਸੱਦਣਾ ਜ਼ਰੂਰੀ ਹੈ।”

ਅਮ੍ਰਿਤਪਾਲ ਸਿੰਘ

ਤਸਵੀਰ ਸਰੋਤ, Getty Images

ਕੌਣ ਬੁਲਾ ਸਕਦਾ ਹੈ ਸਰਬੱਤ ਖ਼ਾਲਸਾ?

ਸਰਬੱਤ ਖ਼ਾਲਸਾ ਬੁਲਾਉਣ ਦਾ ਅਧਿਕਾਰ ਅਕਾਲ ਤਖ਼ਤ ਸਾਹਿਬ ਨੂੰ ਹੈ। ਨਰਿੰਦਰਪਾਲ ਸਿੰਘ ਕਹਿੰਦੇ ਹਨ, “ਅਕਾਲ ਤਖ਼ਤ ਸਾਹਿਬ ਦੀ ਮੋਹਰ ਹੇਠਾਂ ਹੀ ਸਰਬੱਤ ਖਾਲਸਾ ਨੂੰ ਸੱਦਿਆ ਜਾਂਦਾ ਹੈ। ਇੱਥੇ ਜ਼ਿਕਰਯੋਗ ਹੈ ਕਿ ਸਰਬੱਤ ਖਾਲਸਾ ਸੱਦਣ ਲਈ ਸਾਰੀਆਂ ਧੜਿਆਂ ਦੀ ਸਹਿਮਤੀ ਜ਼ਰੂਰੀ ਹੁੰਦੀ ਹੈ।”

ਸਰਬੱਤ ਖ਼ਾਲਸਾ ਵਿੱਚ ਜੋ ਵੀ ਫ਼ੈਸਲੇ ਹੁੰਦੇ ਹਨ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਉਸ ਦੀ ਪਾਲਣਾ ਦੇ ਹੁਕਮ ਸਮੂਹ ਸਿੱਖ ਜਗਤ ਨੂੰ ਦਿੰਦੇ ਹਨ।

ਅਕਾਲ ਤਖਤ ਸਾਹਿਬ

ਕਦੋਂ ਕਦੋਂ ਹੋਇਆ ਹੈ ਸਰਬੱਤ ਖ਼ਾਲਸਾ?

ਸਿੱਖ ਪੰਥ ਦੇ ਇਤਿਹਾਸ ਵਿੱਚ ਸਾਲ ਵਿੱਚ ਦੋ ਵਾਰ, ਵਿਸਾਖੀ ਅਤੇ ਦੀਵਾਲੀ ਦੇ ਮੌਕੇ ਇਕੱਠ ਕਰਨ ਦੀ ਰਵਾਇਤ ਰਹੀ ਹੈ। ਇਨ੍ਹਾਂ ਮੌਕਿਆਂ ਉੱਤੇ ਪੰਥਕ ਮਸਲਿਆਂ ਉੱਤੇ ਵਿਚਾਰਾਂ ਕੀਤੀਆਂ ਜਾਂਦੀਆਂ ਹਨ।

ਪ੍ਰਿੰਸੀਪਲ ਨਰਿੰਦਰਪਾਲ ਸਿੰਘ ਕਹਿੰਦੇ ਹਨ, “ਸਾਲ 1708 ਤੱਕ ਸਿੱਖਾਂ ਦੇ ਦਸਵੇਂ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਦੇ ਹੱਥਾਂ ਵਿੱਚ ਹੀ ਪੰਥ ਦੀ ਕਮਾਨ ਰਹੀ ਤੇ ਉਨ੍ਹਾਂ ਦੀ ਅਗਵਾਈ ਵਿੱਚ ਹੀ ਪੰਥਕ ਇਕੱਠ ਹੁੰਦੇ ਰਹੇ ਸਨ।”

“ਗੁਰੂ ਗੋਬਿੰਦ ਸਿੰਘ ਵੱਲੋਂ ਥਾਪੇ ਗਏ ਸਿੱਖ ਪੰਥ ਦੇ ਜਥੇਦਾਰ ਬੰਦਾ ਸਿੰਘ ਬਹਾਦਰ ਦੀ ਸਾਲ 1716 ਵਿੱਚ ਸ਼ਹਾਦਤ ਹੋ ਜਾਂਦੀ ਹੈ। ਇਸ ਮਗਰੋਂ ਪੰਥ ਦੋ ਧੜਿਆਂ ਵਿੱਚ ਵੰਡਿਆ ਜਾਂਦਾ ਹੈ।”

“ਇੱਕ ਧੜਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਮੰਨਣ ਲਗਿਆ ਸੀ ਤੇ ਖੁਦ ਨੂੰ ‘ਬੰਦਈ ਖਾਲਸਾ’ ਅਖਵਾਉਂਦਾ ਸੀ। ਦੂਜਾ ਧੜਾ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਸੀ ਜਿਸ ਨੂੰ ਤੱਤ ਖਾਲਸਾ ਕਿਹਾ ਜਾਂਦਾ ਸੀ।”

“ਸਾਲ 1723 ਵਿੱਚ ਗੁਰੂ ਗੋਬਿੰਦ ਸਿੰਘ ਦੇ ਪਤਨੀ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਦੀ ਅਗਵਾਈ ਵਿੱਚ ਭਾਈ ਮਨੀ ਸਿੰਘ ਨੇ ਸਰਬੱਤ ਖਾਲਸਾ ਸੱਦ ਕੇ ਆਪਸੀ ਸੁਲਹ ਕਰਵਾਈ ਸੀ ਤੇ ਤੱਤ ਖਾਲਸਾ ਦੇ ਸਿਧਾਂਤਾਂ ਨੂੰ ਮੰਨਿਆ ਗਿਆ ਸੀ।”

ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦੇ ਹਿਸਟੋਰੀਕਲ ਸਟੱਡੀ ਵਿਭਾਗ ਦੇ ਸਾਬਕਾ ਮੁਖੀ ਪ੍ਰੋਫੈਸਰ ਸੁਖਦਿਆਲ ਸਿੰਘ ਕਹਿੰਦੇ ਹਨ, “ਬੰਦਾ ਸਿੰਘ ਬਹਾਦਰ ਤੋਂ ਬਾਅਦ ਸਿੱਖਾਂ ਨੂੰ ਕਾਫ਼ੀ ਸੰਘਰਸ਼ ਕਰਨਾ ਪਿਆ ਸੀ। ਇਹ ਉਹ ਸਮਾਂ ਸੀ ਜਦੋਂ ਸਿੱਖਾਂ ਦੀ ਅਗਵਾਈ ਕਰਨ ਵਾਲਾ ਕੋਈ ਵੀ ਨਹੀਂ ਸੀ।”

ਪ੍ਰੋਫੈਸਰ ਸੁਖਦਿਆਲ ਸਿੰਘ ਦੱਸਦੇ ਹਨ ਕਿ ਭਾਈ ਮਨੀ ਸਿੰਘ ਦੇ ਕਹਿਣ ਉੱਤੇ ਆਪਣਾ ਲੀਡਰ ਚੁਣਨ ਦੇ ਲਈ ਸਿੱਖਾਂ ਦੇ ਵੱਖ ਵੱਖ ਧੜੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਇਕੱਠੇ ਹੋਣਾ ਸ਼ੁਰੂ ਹੋਏ ਸੀ।

“ਇਸ ਤੋਂ ਬਾਅਦ ਸਿੱਖ ਸਾਲ ਵਿੱਚ ਦੋ ਵਾਰ ਦੀਵਾਲੀ ਅਤੇ ਵਿਸਾਖੀ ਦੇ ਮੌਕੇ ਉੱਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਇਕੱਠੇ ਹੋ ਕੇ ਆਪਣੇ ਗੁਰਮਤੇ ਕਰਨ ਲੱਗੇ ਸਨ।”

Line

ਅਮ੍ਰਿਤਪਾਲ ਕੌਣ ਹੈ

ਅਮ੍ਰਿਤਪਾਲ ਸਿੰਘ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਹਨ, ਉਹ ਸਿੱਖਾਂ ਲਈ ਖੁਦਮੁਖਤਿਆਰ ਰਾਜ (ਖਾਲਿਸਤਾਨ) ਦੀ ਪ੍ਰਾਪਤੀ ਨੂੰ ਆਪਣਾ ਨਿਸ਼ਾਨਾ ਦੱਸਦੇ ਹਨ।

ਕਈ ਸਾਲ ਦੁਬਈ ਰਹਿਣ ਤੋਂ ਬਾਅਦ ਪਿਛਲੇ ਸਾਲ ਉਹ ਅਗਸਤ ਮਹੀਨੇ ਪੰਜਾਬ ਵਿੱਚ ਵਾਪਸ ਆਏ ਅਤੇ ਉਨ੍ਹਾਂ ਅਮ੍ਰਿਤ ਸੰਚਾਰ ਅਤੇ ਨਸ਼ਾ ਛੁਡਾਊ ਲਹਿਰ ਦੇ ਨਾਂ ਉੱਤੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨਾ ਸ਼ੁਰੂ ਕੀਤਾ।

ਪਰ ਉਹ ਆਪਣੇ ਗਰਮਸੁਰ ਵਾਲੇ ਭਾਸ਼ਣਾਂ ਅਤੇ ਗੁਰਦੁਆਰਿਆਂ ਵਿਚਲੇ ਬੈਂਚ ਸਾੜਨ ਤੇ ਅਜਨਾਲਾ ਥਾਣੇ ਅੱਗੇ ਹੋਈ ਹਿੰਸਾ ਕਾਰਨ ਵਿਵਾਦਾਂ ਵਿੱਚ ਆ ਗਏ।

Line

ਨਾਦਿਰ ਸ਼ਾਹ ਤੇ ਅਬਦਾਲੀ ਵੇਲੇ ਸੱਦਿਆ ਗਿਆ ਸਰਬੱਤ ਖਾਲਸਾ

ਅਕਾਲ ਤਖਤ ਸਾਹਿਬ

ਤਸਵੀਰ ਸਰੋਤ, Getty Images

ਇਰਾਨ ਦੇ ਬਾਦਸ਼ਾਹ ਨਾਦਿਰ ਸ਼ਾਹ ਨੇ 1739 ਵਿੱਚ ਭਾਰਤ ਉੱਤੇ ਹਮਲਾ ਕੀਤਾ ਸੀ। ਇਸ ਹਮਲੇ ਮਗਰੋਂ ਉਹ ਕਾਫੀ ਧਨ-ਦੌਲਤ ਆਪਣੇ ਨਾਲ ਲੈ ਕੇ ਜਾ ਰਿਹਾ ਸੀ।

ਨਰਿੰਦਰਪਾਲ ਸਿੰਘ ਅਨੁਸਾਰ ਉਸ ਵੇਲੇ ਸਿੱਖ ਪੰਥ ਦੇ ਜਥੇਦਾਰ ਨਵਾਬ ਕਪੂਰ ਸਿੰਘ ਦੀ ਅਗਵਾਈ ਵਿੱਚ ਸਿੱਖਾਂ ਦੇ ਸਾਰੇ ਧੜਿਆਂ ਨੂੰ ਸੱਦਾ ਦੇ ਕੇ ਸਰਬੱਤ ਖਾਲਸਾ ਸੱਦਿਆ ਗਿਆ ਸੀ।

ਉਹ ਕਹਿੰਦੇ ਹਨ, “ਨਵਾਬ ਕਪੂਰ ਸਿੰਘ ਦੀ ਅਗਵਾਈ ਵਿੱਚ ਸਰਬੱਤ ਖਾਲਸਾ ਨੇ ਨਾਦਿਰ ਸ਼ਾਹ ਦੇ ਨਾਲ ਟਾਕਰਾ ਕਰਨ ਦਾ ਫੈਸਲਾ ਲਿਆ ਸੀ।”

“ਨਵਾਬ ਕਪੂਰ ਸਿੰਘ ਤੋਂ ਬਾਅਦ ਸਿੱਖ ਕੌਮ ਦੇ ਜਥੇਦਾਰ ਬਣੇ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿੱਚ 1765 ਵਿੱਚ ਸਰਬੱਤ ਖਾਲਸਾ ਸੱਦਿਆ ਗਿਆ ਸੀ।”

“ਇਸ ਮੌਕੇ ਸਰਬੱਤ ਖਾਲਸਾ ਨੇ ਫੈਸਲਾ ਲਿਆ ਸੀ ਕਿ ਪੰਜਾਬ ਵਿੱਚੋਂ ਅਫ਼ਗਾਨ ਬਾਦਸ਼ਾਹ ਅਹਿਮਦਸ਼ਾਹ ਅਬਦਾਲੀ ਤੇ ਮੁਗਲਾਂ ਦੀ ਹਕੂਮਤ ਖਤ਼ਮ ਕਰਕੇ ਸਿੱਖਾਂ ਦੀ ਹਕੂਮਤ ਕਾਇਮ ਕੀਤੀ ਜਾਵੇ। ਇਸ ਮੌਕੇ ਲਾਹੌਰ ਉੱਤੇ ਕਬਜ਼ਾ ਕਰਨ ਦਾ ਮਤਾ ਪਾਸ ਕੀਤਾ ਗਿਆ ਸੀ।”

ਐੱਸਜੀਪੀਸੀ ਦੀ ਸਥਾਪਨਾ ਵੇਲੇ ਹੋਇਆ ਸਰਬੱਤ ਖਾਲਸਾ

ਪੰਥਕ ਇਕੱਠ

ਤਸਵੀਰ ਸਰੋਤ, Getty Images

ਨਰਿੰਦਰਪਾਲ ਸਿੰਘ ਕਹਿੰਦੇ ਹਨ ਕਿ ਇਸ ਇਕੱਠ ਮਗਰੋਂ 1920 ਤੱਕ ਸਰਬੱਤ ਖਾਲਸਾ ਹੋਣ ਦੀ ਕੋਈ ਜਾਣਕਾਰੀ ਨਹੀਂ ਮਿਲਦੀ ਹੈ। ਉਨ੍ਹਾਂ ਮੁਤਾਬਕ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਵੀ ਇੱਕ ਵੀ ਵਾਰ ਇਤਿਹਾਸ ਵਿੱਚ ਅਜਿਹਾ ਜ਼ਿਕਰ ਨਹੀਂ ਮਿਲਦਾ ਜਦੋਂ ਸਰਬੱਤ ਖਾਲਸਾ ਸੱਦਿਆ ਗਿਆ ਹੋਵੇ।

1920 ਵਿੱਚ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਤਾਂ ਉਸ ਵੇਲੇ ਵੀ ਸਮੁੱਚੀਆਂ ਸਿੱਖ ਪੰਥ ਦੀਆਂ ਜਥੇਬੰਦੀਆਂ ਨੂੰ ਸੱਦਿਆ ਗਿਆ ਸੀ ਜਿਸ ਨੂੰ ਸਰਬੱਤ ਖਾਲਸਾ ਕਿਹਾ ਗਿਆ ਸੀ।

ਨਰਿੰਦਰ ਪਾਲ ਸਿੰਘ ਮੁਤਾਬਕ ਸਭ ਤੋਂ ਵੱਡਾ ਜਥੇਬੰਦੀਆਂ ਦਾ ਇਕੱਠ ਜਿਸ ਨੂੰ ਸਰਬੱਤ ਖਾਲਸਾ ਵੀ ਕਹਿ ਸਕੀਏ, ਉਹ ਸਿੱਖ ਰਹਿਤ ਮਰਿਆਦਾ ਦਾ ਖਰੜਾ ਤਿਆਰ ਕਰਨ ਵੇਲੇ ਸੱਦਿਆ ਗਿਆ ਸੀ।

ਉਨ੍ਹਾਂ ਮੁਤਾਬਕ 1925 ਤੋਂ 1942 ਵਿਚਾਲੇ ਤਿਆਰ ਹੋਈ ਸਿੱਖ ਰਹਿਤ ਮਰਿਆਦਾ ਦੇ ਖਰੜੇ ਨੂੰ ਸਰਬੱਤ ਖਾਲਸਾ ਤਹਿਤ ਸੱਦੀਆਂ ਗਈਆਂ ਸਾਰੀਆਂ ਜਥੇਬੰਦੀਆਂ ਦੀ ਸਹਿਮਤੀ ਨਾਲ ਹੀ ਪ੍ਰਵਾਨਗੀ ਮਿਲੀ ਸੀ।

ਰਹਿਤ ਮਰਿਆਦਾ ਲਈ ਕਿਸੇ ਇੱਕ ਦਿਨ ਉੱਤੇ ਇਕੱਠ ਨਹੀਂ ਕੀਤਾ ਗਿਆ ਸੀ ਸਗੋਂ ਇਸ ਦੇ ਲਈ ਇੱਕ ਪ੍ਰਕਿਰੀਆ ਦੀ ਪਾਲਣਾ ਕੀਤੀ ਗਈ ਸੀ ਜੋ ਇੰਨੇ ਲੰਬੇ ਚਿਰ ਤੱਕ ਚੱਲੀ।

ਇਕੱਠ ਜਿਨ੍ਹਾਂ ਨੂੰ ਸਰਬੱਤ ਖਾਲਸਾ ਦਾ ਨਾਂ ਦੇਣ ਦੀ ਕੋਸ਼ਿਸ਼ ਹੋਈ

2015 ਵਿੱਚ ਅਕਾਲੀ ਦਲ ਦੇ ਵਿਰੋਧ ਵਿੱਚ ਅੰਮ੍ਰਿਤਸਰ ਨੇੜੇ ਚੱਬੇਵਾਲ ਵਿਖੇ ਇਕੱਠ ਕੀਤਾ ਗਿਆ ਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2015 ਵਿੱਚ ਅਕਾਲੀ ਦਲ ਦੇ ਵਿਰੋਧ ਵਿੱਚ ਅੰਮ੍ਰਿਤਸਰ ਨੇੜੇ ਚੱਬੇਵਾਲ ਵਿਖੇ ਇਕੱਠ ਕੀਤਾ ਗਿਆ ਸੀ

ਸਿੱਖ ਇਤਿਹਾਸਕਾਰ ਗੁਰਦਰਸ਼ਨ ਸਿੰਘ ਢਿੱਲੋਂ ਅਨੁਸਾਰ 1984 ਵਿੱਚ ਹਰਿਮੰਦਰ ਸਾਹਿਬ ਵਿਖੇ ਫ਼ੌਜੀ ਕਾਰਵਾਈ ਤੋਂ ਬਾਅਦ, ਕੁਝ ਗਰਮ ਖਿਆਲੀਆਂ ਨੇ ਗੁਰਬਚਨ ਸਿੰਘ ਮਾਨੋਚਾਹਲ ਦੀ ਅਗਵਾਈ ਵਿੱਚ ਵੱਡਾ ਇਕੱਠ 1986 ਨੂੰ ਅਕਾਲ ਤਖ਼ਤ ਸਾਹਿਬ ਵਿਖੇ ਬੁਲਾਇਆ ਸੀ।

ਇਸ ਇਕੱਠ ਵਿੱਚ ਖਾਲਿਸਤਾਨ ਬਣਾਉਣ ਦੀ ਮੰਗ ਦਾ ਮਤਾ ਪਾਸ ਕੀਤਾ ਗਿਆ ਸੀ। ਕਈ ਜਥੇਬੰਦੀਆਂ ਇਸ ਨੂੰ ‘ਸਰਬੱਤ ਖਾਲਸਾ’ ਮੰਨਦੀਆਂ ਹਨ।

ਇਸ ਇਕੱਠ ਲਈ ਸ਼੍ਰੋਮਣੀ ਕਮੇਟੀ ਸਮੇਤ ਕਈ ਮੁੱਖ ਸਿੱਖ ਜਥੇਬੰਦੀਆਂ ਨੂੰ ਹਿੱਸਾ ਲੈਣ ਦਾ ਸੱਦਾ ਨਹੀਂ ਦਿੱਤਾ ਗਿਆ ਸੀ।

ਨਰਿੰਦਰਪਾਲ ਸਿੰਘ ਕਹਿੰਦੇ ਹਨ ਕਿ ਇਸ ਇਕੱਠ ਨੂੰ ਸਰਬੱਤ ਖਾਲਸਾ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਸ ਇਕੱਠ ਨੇ ਸਾਰੀਆਂ ਜਥੇਬੰਦੀਆਂ ਨੂੰ ਸੱਦਾ ਦੇਣ ਦੀ ਜ਼ਰੂਰੀ ਸ਼ਰਤ ਨੂੰ ਪੂਰਾ ਨਹੀਂ ਕੀਤਾ ਸੀ।

ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਵਿਰੋਧ ਕਰਨ ਵਾਲੀਆਂ ਸਿੱਖ ਜਥੇਬੰਦੀਆਂ ਨੇ 10 ਨਵੰਬਰ 2015 ਨੂੰ ਅੰਮ੍ਰਿਤਸਰ ਨੇੜੇ ਚੱਬੇਵਾਲ ਵਿਖੇ ਲੋਕਾਂ ਦਾ ਵੱਡਾ ਇਕੱਠ ਬੁਲਾਇਆ ਜਿਸ ਨੂੰ ਵੀ ਸਰਬੱਤ ਖ਼ਾਲਸਾ ਦਾ ਨਾਮ ਦੇਣ ਦੀ ਕੋਸ਼ਿਸ਼ ਕੀਤੀ ਗਈ।

ਇਸ ਇਕੱਠ ਵਿੱਚ ਅਕਾਲ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰਾਂ ਨੂੰ ਹਟਾਉਣ ਅਤੇ ਉਨ੍ਹਾਂ ਦੇ ਸਮਾਨਾਂਤਰ ਨਵੇਂ ਜਥੇਦਾਰ ਨਿਯੁਕਤ ਕਰਨ ਦੇ ਮਤੇ ਪਾਸ ਕੀਤੇ ਗਏ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)