ਕਮਲ ਕੌਰ ਦਾ ਕਤਲ ਕਰਨ ਵਾਲੇ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਹੱਕ ਅਤੇ ਵਿਰੋਧ ਵਿੱਚ ਉਤਰਨ ਵਾਲੇ ਲੋਕਾਂ ਦੀਆਂ ਦਲੀਲਾਂ

ਕਮਲ ਕੌਰ ਭਾਬੀ ਅਤੇ ਅੰਮ੍ਰਿਤਪਾਲ ਸਿੰਘ ਮਹਿਰੋਂ

ਤਸਵੀਰ ਸਰੋਤ, AMRITPALSINGHMEHRO&KAMALKAURBHABHI/INSTAGRAM

    • ਲੇਖਕ, ਨਵਜੋਤ ਕੌਰ
    • ਰੋਲ, ਬੀਬੀਸੀ ਪੰਜਾਬੀ

ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ʻਕਮਲ ਕੌਰ ਭਾਬੀʼ ਦੇ ਕਤਲ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਛਿੜੀ ਬਹਿਸ ਦਾ ਅਸਰ ਜ਼ਮੀਨ ਉੱਤੇ ਵੀ ਦਿਖਣਾ ਸ਼ੁਰੂ ਹੋ ਗਿਆ ਹੈ।

ਇਸ ਕਤਲ ਨੂੰ "ਗਲੋਰੀਫਾਈ" ਕਰਨ ਵਾਲੇ ਕੁਝ ਲੋਕਾਂ ਨੇ ਲੁਧਿਆਣਾ ਦੇ ਆਲਮਗੀਰ ਗੁਰਦੁਆਰੇ ਅੱਗੇ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਦਾ ਵੱਡਾ ਹੋਰਡਿੰਗ ਲਾ ਦਿੱਤਾ ਹੈ ਜਿਸ ਵਿੱਚ ਉਸ ਨੂੰ ʻਕੌਮ ਦਾ ਹੀਰਾʼ ਅਤੇ 'ਇੱਜ਼ਤਾਂ ਦੇ ਰਾਖੇ' ਕਿਹਾ ਗਿਆ ਹੈ।

ਦੂਜੇ ਪਾਸੇ ਸੋਸ਼ਲ ਮੀਡੀਆ ਉੱਤੇ ਕਈ ਲੋਕ ਅਤੇ ਹਸਤੀਆਂ ਇਸ ਕਥਿਤ ਕਤਲ ਦੇ ਖ਼ਿਲਾਫ਼ ਆਵਾਜ਼ ਚੁੱਕ ਰਹੀਆਂ ਹਨ।

ਪੰਜਾਬ ਪੁਲਿਸ ਮੁਤਾਬਕ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਕਮਲ ਕੌਰ ਦਾ ਕਤਲ ਕੀਤਾ ਸੀ।

ਇਸ ਕਤਲ ਦਾ ਮਕਸਦ ਕਮਲ ਕੌਰ ਵੱਲੋਂ ਸੋਸ਼ਲ ਮੀਡੀਆ ਉੱਤੇ ਪਾਈਆਂ ਜਾ ਰਹੀਆਂ ਕਥਿਤ ਅਸ਼ਲੀਲ ਅਤੇ ਦੋਹਰੇ ਅਰਥਾਂ ਵਾਲੀਆਂ ਵੀਡੀਓਜ਼ ਨੂੰ ਦੱਸਿਆ ਗਿਆ ਸੀ।

ਪੁਲਿਸ ਇਸ ਮਾਮਲੇ ਵਿੱਚ ਜਸਪ੍ਰੀਤ ਸਿੰਘ ਮਹਿਰੋਂ ਅਤੇ ਨਿਮਰਤਜੀਤ ਸਿੰਘ ਨਾਂ ਦੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ, ਜਦਕਿ ਅੰਮ੍ਰਿਤਪਾਲ ਮਹਿਰੋਂ ਫਰਾਰ ਹੋ ਚੁੱਕਿਆ ਹੈ।

ਇਸ ਕਤਲ ਨੂੰ ਲੈ ਕੇ ਜਿੱਥੇ ਸੋਸ਼ਲ ਮੀਡੀਆ ਉੱਤੇ ਤਿੱਖੀ ਬਹਿਸ ਚੱਲ ਰਹੀ ਹੈ, ਉੱਥੇ ਮੁੱਖ ਸਿਆਸੀ ਪਾਰਟੀਆਂ ਨੇ ਇਸ ਮਸਲੇ ਉੱਤੇ ਚੁੱਪੀ ਵੱਟੀ ਹੋਈ ਹੋਈ ਹੈ।

ਕੁਝ ਲੋਕ ਇਸ ਕਤਲ ਨੂੰ 'ਲੱਚਰਤਾ' ਦੇ ਕਥਿਤ ਵਿਰੋਧ ਵਜੋਂ ਪੇਸ਼ ਕਰ ਰਹੇ ਹਨ ਤਾਂ ਦੂਜੇ ਪਾਸੇ ਕੁਝ ਹੋਰ ਆਪੇ ਬਣੇ 'ਨਿਹੰਗ ਸਮਾਜ ਸੁਧਾਰਕਾਂ' ਵੱਲੋਂ ਕਮਲ ਕੌਰ ਦੇ ਕਤਲ ਦੀ ਨਿੰਦਾ ਕਰ ਰਹੇ ਹਨ।

ਇਸ ਰਿਪੋਰਟ ਰਾਹੀਂ ਅਸੀਂ ਸੋਸ਼ਲ ਮੀਡੀਆ ਇਨਫਲੂਐਂਸਰ ਦੇ ਕਤਲ ਤੋਂ ਸ਼ੁਰੂ ਹੋਈ ਬਹਿਸ ਦੀਆਂ ਪਰਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ।

ਸਵਾਲ ਇਹ ਹੈ ਕਿ ਕੋਈ ਕਤਲ ਵਰਗੇ ਹਿੰਸਕ ਵਰਤਾਰੇ ਨੂੰ ਜਾਇਜ਼ ਕਿਵੇਂ ਠਹਿਰਾ ਸਕਦਾ ਹੈ।

ਆਓ ਜਾਣਦੇ ਹਾਂ ਕਿ ਪੰਜਾਬ ਦੇ ਪੰਥਕ ਆਗੂ, ਮਨੁੱਖੀ ਅਧਿਕਾਰ ਕਾਰਕੁਨ, ਵਕੀਲ ਅਤੇ ਸਮਾਜਿਕ ਕਾਰਕੁਨ ਇਸ ਮਸਲੇ ਉੱਤੇ ਕੀ ਰਾਇ ਰੱਖਦੇ ਹਨ।

ਅੰਮ੍ਰਿਤਪਾਲ ਸਿੰਘ ਮਹਿਰੋਂ

ਤਸਵੀਰ ਸਰੋਤ, amritpalsinghmehron/instagram

ਤਸਵੀਰ ਕੈਪਸ਼ਨ, ਮਹਿਰੋਂ ਨੇ ਕੰਚਨ ਕੁਮਾਰੀ ਦੇ ਆਪਣੇ ਨਾਮ ਨਾਲ 'ਕੌਰ' ਲਾਉਣ ਦੀ ਵੀ ਆਲੋਚਨਾ ਕੀਤੀ ਸੀ

ਅੰਮ੍ਰਿਤਪਾਲ ਮਹਿਰੋਂ ਦੇ ਸਮਰਥਕਾਂ ਦੀ ਦਲੀਲ

ਅੰਮ੍ਰਿਤਪਾਲ ਸਿੰਘ ਮਹਿਰੋਂ ਦਾ ਪਿਛਕੋੜ ਇੱਕ ਮੁਸਲਿਮ ਪਰਿਵਾਰ ਨਾਲ ਹੈ, ਪਰ ਉਹ ਸਿੱਖ ਧਰਮ ਨੂੰ ਮੰਨਦਾ ਹੈ ਅਤੇ ਨਿਹੰਗ ਬਾਣੇ ਵਿੱਚ ਰਹਿੰਦਾ ਹੈ। ਉਹ ਪਿਛਲੇ ਸਮੇਂ ਦੌਰਾਨ ਸੋਸ਼ਲ ਮੀਡੀਆ ਉੱਤੇ ਲੱਚਰ ਕੰਟੈਂਟ ਪਾਉਣ ਵਾਲਿਆਂ ਨੂੰ ਧਮਕਾਉਣ ਵਰਗੀਆਂ ਗਤੀਵਿਧੀਆਂ ਕਰਦਾ ਕਿਹਾ ਹੈ।

ਕਮਲ ਕੌਰ ਦੇ ਕਤਲ ਤੋਂ ਬਾਅਦ ਭਾਵੇਂ ਉਹ ਆਪ ਫਰਾਰ ਹੈ, ਪਰ ਉਸ ਦੇ ਹੱਕ ਵਿੱਚ ਕਈ ਲੋਕ ਅੱਗੇ ਆਏ ਹਨ।

ਜਿਨ੍ਹਾਂ ਲੋਕਾਂ ਨੇ ਮਹਿਰੋਂ ਦੇ ਹੱਕ ਵਿੱਚ ਬਿਆਨ ਦਿੱਤਾ ਉਨ੍ਹਾਂ ਵਿੱਚ ਸਭ ਤੋਂ ਵੱਡਾ ਨਾਂ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਦਾ ਹੈ।

ਭਾਵੇਂ ਕਿ ਉਨ੍ਹਾਂ ਦੇ ਬਿਆਨ ਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸਿੱਖਾਂ ਦੀ ਸਿਰਮੌਰ ਸੰਸਥਾ ਅਕਾਲ ਤਖ਼ਤ ਦਾ ਅਧਿਕਰਾਤ ਬਿਆਨ ਨਹੀਂ ਕਿਹਾ ਜਾ ਸਕਦਾ।

ਗਿਆਨੀ ਮਲਕੀਤ ਸਿੰਘ ਨੇ ਕਿਹਾ, "ਜੇਕਰ ਕੋਈ ਆਪਣਾ ਨਾਮ ਬਦਲ ਕੇ ਸਿੱਖ ਧਰਮ ਦਾ ਨਿਰਾਦਰ ਕਰਨ ਲਈ ਅਜਿਹਾ ਕੰਮ ਕਰੇਗਾ ਤਾਂ ਉਸਦੇ ਨਾਲ ਅਜਿਹਾ ਹੀ ਹੋਣਾ ਚਾਹੀਦਾ ਹੈ। ਇਹ ਕੋਈ ਨਵਾਂ ਕੰਮ ਨਹੀਂ ਹੋਇਆ, ਇਸਤੋਂ ਪਹਿਲਾਂ ਵੀ ਅਜਿਹਾ ਹੁੰਦਾ ਰਿਹਾ ਹੈ।"

ਇੱਕ ਹੋਰ ਮਹਿਲਾ ਵਕੀਲ ਸਿਮਰਨਜੀਤ ਕੌਰ ਗਿੱਲ ਨੇ ਕੰਚਨ ਕੁਮਾਰੀ ਦਾ ਕਤਲ ਕਰਨ ਵਾਲੇ ਅੰਮ੍ਰਿਤਪਾਲ ਸਿੰਘ ਮਹਿਰੋਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਕਾਨੂੰਨੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।

ਉਹ ਕਹਿੰਦੇ ਹਨ ਕਿ ਉਹ ਕਿਸੇ ਔਰਤ ਦੇ ਕਤਲ ਨੂੰ ਜਾਇਜ਼ ਨਹੀਂ ਮੰਨਦੇ ਪਰ ਉਹ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਹੱਕ ਵਿੱਚ ਖੜ੍ਹੇ ਹਨ।

ਉਹ ਦੱਸਦੇ ਹਨ, "ਕੰਚਨ ਕੁਮਾਰੀ ਵੱਲੋਂ ਪੈਸੇ ਕਮਾਉਣ ਲਈ ਆਪਣੀ ਅਸ਼ਲੀਲਤਾ ਨਾਲ ਭਰੀਆਂ ਵੀਡੀਓਜ਼ ਵਿੱਚ ਬੱਚਿਆਂ ਨੂੰ ਵੀ ਸ਼ਾਮਲ ਕੀਤਾ ਜਾਂਦਾ ਰਿਹਾ ਹੈ। ਜਿਸ ਦੀ ਸ਼ਿਕਾਇਤ ਮੈਂ ਪਿਛਲੇ ਸਾਲ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਕੀਤੀ ਸੀ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।"

ਇਹ ਵੀ ਪੜ੍ਹੋ

ਕਤਲ ਦੀ ਸਖ਼ਤ ਨਿੰਦਾ ਵੀ ਹੋ ਰਹੀ ਹੈ

ਇਸ ਘਟਨਾ ਨੂੰ ਮਨੁੱਖੀ ਅਧਿਕਾਰ ਕਾਰਕੁਨ ਤੇ ਪੰਜਾਬ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ ਨੇ ਮਨੁੱਖੀ ਅਧਿਕਾਰਾਂ ਦਾ ਘਾਣ ਦੱਸਿਆ ਹੈ।

ਉਹ ਕਹਿੰਦੇ ਹਨ, "ਸਮਾਜ ਵਿੱਚ ਕੋਈ ਵਿਅਕਤੀ ਆਪਣੀ ਵੀਡੀਓ ਰਾਹੀਂ ਅਸ਼ਲੀਲਤਾ ਫੈਲਾ ਰਿਹਾ ਹੈ ਤਾਂ ਉਸ ਨੂੰ ਰੋਕਣ ਲਈ ਬਹੁਤ ਸਾਰੇ ਕਾਨੂੰਨ ਹਨ। ਕਿਸੇ ਖ਼ਾਸ ਵਿਅਕਤੀ ਨੂੰ ਇਸ ਤਰ੍ਹਾਂ ਦੇ ਵੀਡੀਓ ਤੋਂ ਇਤਰਾਜ਼ ਹੈ ਤਾਂ ਉਹ ਵਿਅਕਤੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ।"

"ਪਰ ਕਿਸੇ ਵਿਅਕਤੀ ਵੱਲੋਂ ਧਰਮ ਦੀ ਆੜ ਵਿੱਚ ਕਿਸੇ ਵੀ ਵਿਅਕਤੀ ਖ਼ਾਸ ਤੌਰ ਉੱਤੇ ਇੱਕ ਲੜਕੀ ਦਾ ਕਤਲ ਕਰ ਦੇਣਾ ਮਨੁੱਖੀ ਅਧਿਕਾਰਾਂ ਦਾ ਘਾਣ ਹੈ।"

ਪ੍ਰੋਫੈਸਰ ਹਰਜੇਸ਼ਵਰ ਪਾਲ ਸਿੰਘ ਦਾ ਕਹਿਣਾ ਹੈ, "ਅੰਮ੍ਰਿਤਪਾਲ ਸਿੰਘ ਮਹਿਰੋਂ ਅਤੇ ਉਸਦੇ ਸਾਥੀਆਂ ਵੱਲੋਂ ਕੀਤਾ ਗਿਆ ਕਤਲ "ਪ੍ਰਗਟਾਵੇ ਦੀ ਆਜ਼ਾਦੀ 'ਤੇ ਹਮਲਾ" ਹੈ। ਇਸ ਕਤਲ ਨੂੰ ਕਿਸੇ ਵੀ ਹਾਲ ਵਿੱਚ ਜਾਇਜ਼ ਨਹੀਂ ਮੰਨਿਆ ਜਾ ਸਕਦਾ।"

ਹਰਜੇਸ਼ਵਰ ਪਾਲ ਸਿੰਘ ਚੰਡੀਗੜ੍ਹ ਦੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਵਿੱਚ ਇਤਿਹਾਸ ਦੇ ਸਹਾਇਕ ਪ੍ਰੋਫੈਸਰ ਹਨ।

ਬੀਬੀਸੀ ਨਾਲ ਕੀਤੀ ਗੱਲਬਾਤ ਦੌਰਾਨ ਉਨ੍ਹਾਂ ਕਿਹਾ, "ਸਮਾਜ ਵਿੱਚ ਸਭ ਨੂੰ ਆਪਣੇ ਮੁਤਾਬਕ ਖਾਣ-ਪੀਣ, ਪਹਿਨਣ ਅਤੇ ਬੋਲਣ ਦਾ ਅਧਿਕਾਰ ਹੈ।"

"ਅਸੀਂ ਕਿਸੇ ਤੋਂ ਵੀ ਉਸਦਾ ਅਧਿਕਾਰ ਨਹੀਂ ਖੋਹ ਸਕਦੇ। ਕੋਈ ਵੀ ਵਿਅਕਤੀ ਆਪਣੀ ਸੋਚ ਮੁਤਾਬਕ ਕਿਸੇ ਦਾ ਕਤਲ ਨਹੀਂ ਕਰ ਸਕਦਾ। ਪੱਛਮੀ ਦੇਸ਼ਾਂ ਵਿੱਚ ਹਰ ਤਰ੍ਹਾਂ ਦਾ ਕੰਟੈਂਟ ਹੈ, ਅੱਗੇ ਅੱਗੇ ਏਆਈ ਆ ਰਿਹਾ, ਤੁਸੀਂ ਕਿਵੇਂ ਕੰਟੈਂਟ ਨੂੰ ਸੀਮਤ ਕਰ ਲਵੋਗੇ।"

ਹਰਜੇਸ਼ਵਰ ਪਾਲ ਸਿੰਘ

ਤਸਵੀਰ ਸਰੋਤ, Harjehswarpal Singh/fb

ਉਹ ਕਹਿੰਦੇ ਹਨ ਕਿ ਸੋਸ਼ਲ ਮੀਡੀਆ ਵਰਤ ਰਹੇ ਲੋਕ ਪੈਸੇ ਅਤੇ ਧਿਆਨ ਖਿੱਚਣ ਲਈ ਅਜਿਹਾ ਕੰਟੈਂਟ ਪਰੋਸ ਰਹੇ ਹਨ ਪਰ ਉਨ੍ਹਾਂ ਨੂੰ ਰੋਕਿਆ ਨਹੀਂ ਜਾ ਸਕਦਾ। ਇਹ ਹੋ ਸਕਦਾ ਹੈ ਕਿ ਹਰ ਇੱਕ ਵਿਅਕਤੀ ਆਪਣੀ ਨਿੱਜੀ ਜ਼ਿੰਮੇਵਾਰੀ ਸਮਝਦਾ ਹੋਇਆ ਅਸ਼ਲੀਲ ਕੰਟੈਂਟ ਨਾ ਦੇਖੇ ਅਤੇ ਨਾ ਹੀ ਸਮਾਜ ਵਿੱਚ ਪਰੋਸੇ।

"ਕੰਟੈਂਟ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਕਰਨ ਲਈ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ ਤੇ ਦਰਸ਼ਕ ਅਜਿਹਾ ਕੰਟੈਂਟ ਨਾ ਦੇਖ ਕੇ ਚੰਗਾ ਕੰਟੈਂਟ ਦੇਖ ਸਕਦੇ ਹਨ। ਜੇਕਰ ਅਸੀਂ ਇਹ ਸੋਚੀਏ ਕਿ ਸਰਕਾਰ ਕੰਟੈਂਟ ਨੂੰ ਸੈਂਸਰ ਕਰੇ ਤਾਂ ਫੇਰ ਇਸ ਦਾ ਨਤੀਜਾ ਇਹ ਵੀ ਹੋ ਸਕਦਾ ਕਿ ਲੋਕਾਂ ਦੀ ਆਵਾਜ਼ ਚੁੱਕਣ ਵਾਲਾ ਕੰਟੈਂਟ ਵੀ ਸਰਕਾਰ ਰੋਕ ਦਵੇ।"

ਨਿਹੰਗ ਸਿੰਘ ਜਥੇਬੰਦੀਆਂ ਵਿੱਚੋਂ ਇੱਕ ਪ੍ਰਮੁੱਖ ਮੰਨਿਆ ਜਾਂਦਾ ਦਲ ਬੁੱਢਾ ਦਲ ਦੇ ਮੁਖੀ ਨਿਹੰਗ ਸਿੰਘ ਬਲਬੀਰ ਸਿੰਘ 96 ਕਰੋੜੀ ਨੇ ਇਸ ਕਤਲ ਦੀ ਨਿਖੇਧੀ ਕੀਤੀ ਹੈ।

ਬਲਬੀਰ ਸਿੰਘ ਨੇ ਕਿਹਾ, "ਸੋਸ਼ਲ ਮੀਡੀਆ ਉੱਤੇ ਜੋ ਲੱਚਰਤਾ ਦਿਖਾਈ ਜਾ ਰਹੀ ਹੈ ਇਸ ਤੋਂ ਬਚਣ ਦੀ ਲੋੜ ਹੈ ਸਾਡੇ ਬੱਚਿਆਂ ਨੂੰ ਨੰਗੇਜ਼ ਤੋਂ ਬਚਣਾ ਚਾਹੀਦਾ, ਮੋਬਾਇਲਾਂ 'ਤੇ ਜੋ ਗੰਦ ਫੈਲਿਆ ਹੋਇਆ ਇਸ ਤੋਂ ਬਚਣਾ ਚਾਹੀਦਾ ਤੇ ਪਰ ਨਾਲ ਹੀ ਸਾਰਿਆਂ ਨੂੰ ਜੀਣ ਦਾ ਵੀ ਹੱਕ ਹੈ। ਨਿਹੱਥੇ ਉੱਤੇ ਕਦੇ ਵੀ ਖਾਲਸਾ ਵਾਰ ਨਹੀਂ ਕਰਦਾ, ਇਸ ਦਾ ਵੀ ਧਿਆਨ ਰੱਖਣਾ ਚਾਹੀਦਾ।"

ਵੀਡੀਓ ਕੈਪਸ਼ਨ, ਕਮਲ ਕੌਰ ਦੇ ਕਤਲ ਦੇ ਕਾਰਨ ਬਾਰੇ ਪੁਲਿਸ ਨੇ ਕੀ ਦੱਸਿਆ

ਪੰਥਕ ਧਿਰਾਂ ਨੇ ਕੀ ਕਿਹਾ?

ਹੋਰ ਛੋਟੇ ਵੱਡੇ ਪੰਥਕ ਮੁੱਦੇ ਉੱਤੇ ਬੋਲਣ ਵਾਲੀ ਸ਼੍ਰੋਮਣੀ ਕਮੇਟੀ ਨੇ ਇਸ ਮਸਲੇ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ। ਬੀਬੀਸੀ ਪੰਜਾਬੀ ਨੇ ਸ਼੍ਰੋਮਣੀ ਕਮੇਟੀ ਦੇ ਕਈ ਮੌਜੂਦਾ ਅਤੇ ਸਾਬਕਾ ਅਹੁਦੇਦਾਰਾਂ ਤੱਕ ਪ੍ਰਤੀਕਰਮ ਲੈਣ ਲਈ ਪਹੁੰਚ ਕੀਤੀ ਪਰ ਉਨ੍ਹਾਂ ਨੇ ਔਨ ਰਿਕਾਰਡ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ।

ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਵੀ ਇਸ ਕਤਲ ਬਾਰੇ ਖੁੱਲ੍ਹ ਕੇ ਕੋਈ ਬਿਆਨ ਨਹੀਂ ਦਿੱਤਾ।

ਬੀਤੇ ਦਿਨੀਂ ਅਕਾਲ ਤਖ਼ਤ ਸਾਹਿਬ ਉੱਤੇ ਹੋਏ ਇੱਕ ਸਮਾਗਮ ਵਿੱਚ ਜਥੇਦਾਰ ਨੇ ਕਤਲ ਦਾ ਜ਼ਿਕਰ ਕੀਤੇ ਬਗੈਰ ਸੋਸ਼ਲ ਮੀਡੀਆ ਉੱਤੇ ਲੱਚਰਤਾ ਦੇ ਪ੍ਰਚਾਰ ਦਾ ਮੁੱਦਾ ਚੁੱਕਿਆ ਸੀ।

ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ, "ਮੈਂ ਸਿੱਖ ਜਵਾਨੀ ਨੂੰ ਵਿਸ਼ੇਸ਼ ਅਪੀਲ ਕਰਦਾਂ ਹਾਂ ਕਿ ਅੱਜ ਸਾਡੇ ਸਮਾਜ ਦੇ ਅੰਦਰ ਸਾਨੂੰ ਗੁਰੂ ਨਾਲੋਂ ਤੋੜਨ ਲਈ ਅਸ਼ਲੀਲਤਾ ਫੈਲਾਈ ਜਾ ਰਹੀ ਹੈ। ਅਸੀਂ ਸਾਰੇ ਆਪਣੀ ਜ਼ਿੰਮੇਵਾਰੀ ਸਮਝ ਕੇ ਆਪਣੇ ਬੱਚਿਆਂ ਨੂੰ ਧਰਮ ਨਾਲ ਜੋੜੀਏ। ਲੱਚਰਤਾ ਜਾਂ ਗੁਰਮਤਿ ਦੇ ਉਲਟ ਬੱਚਿਆਂ ਨੂੰ ਸਿਖਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਉਸ ਤੋਂ ਬੱਚਿਆਂ ਨੂੰ ਬਚਾਈਏ।"

ਪਰ ਬੀਬੀਸੀ ਨਾਲ ਗੱਲਬਾਤ ਦੌਰਾਨ ਅਕਾਲ ਤਖ਼ਤ ਸਾਹਿਬ ਦੇ ਇੱਕ ਬੁਲਾਰੇ ਨੇ ਕਿਹਾ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਇਸ ਬਿਆਨ ਨੂੰ ਹੀ ਅਧਿਕਾਰਤ ਮੰਨਿਆ ਜਾਵੇ।

ਇਸੇ ਦੌਰਾਨ ਫੋਨ ਉੱਤੇ ਗੱਲਬਾਤ ਕਰਦਿਆਂ ਵਿੱਚ ਸ਼੍ਰੋਮਣੀ ਕੇਮਟੀ ਦੇ ਬੁਲਾਰੇ ਗੁਰਚਰਨ ਗਰੇਵਾਲ ਅਤੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ, "ਅਸੀਂ ਇਸ ਮਾਮਲੇ ਵਿੱਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਦਿੱਤੇ ਗਏ ਬਿਆਨ ਤੋਂ ਇਲਾਵਾ ਕੁਝ ਨਹੀਂ ਕਹਿਣਾ ਚਾਹੁੰਦੇ। ਅਕਾਲ ਤਖ਼ਤ ਸਾਹਿਬ ਤੋਂ ਬਿਆਨ ਆ ਚੁੱਕਿਆ ਹੈ, ਇਸ ਬਿਆਨ ਨੂੰ ਹੀ ਮੰਨਿਆ ਜਾਵੇ।"

ਅਮਿਤੋਜ ਮਾਨ

ਤਸਵੀਰ ਸਰੋਤ, amitoj Mann/fb

ਤਸਵੀਰ ਕੈਪਸ਼ਨ, ਅਮਿਤੋਜ ਮਾਨ ਸਮਾਜਿਕ ਕਾਰਕੁੰਨ ਅਤੇ ਫਿਲਮ ਨਿਰਮਾਤਾ ਹਨ

'ਕਥਿਤ ਲੱਚਰ ਵੀਡੀਓਜ਼ ਦੇਖਣ ਵਾਲੇ ਕੌਣ'

ਸਮਾਜਿਕ ਕਾਰਕੁੰਨ ਅਤੇ ਫਿਲਮ ਨਿਰਮਾਤਾ ਅਮਿਤੋਜ ਮਾਨ ਇਸ ਮਾਹੌਲ ਦਰਮਿਆਨ ਕੰਚਨ ਕੁਮਾਰੀ ਦੇ ਕਤਲ ਅਤੇ ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਗ੍ਰਿਫ਼ਤਾਰੀ ਪਿੱਛੇ ਉਨ੍ਹਾਂ ਲੋਕਾਂ ਨੂੰ ਜ਼ਿੰਮੇਵਾਰ ਮੰਨਦੇ ਹਨ ਜੋ ਕੰਚਨ ਕੁਮਾਰੀ ਵੱਲੋਂ ਸੋਸ਼ਲ ਮੀਡੀਆ ਉੱਤੇ ਪਾਏ ਜਾਂਦੇ ਕੰਟੈਂਟ ਨੂੰ ਦੇਖਦੇ ਸਨ।

ਉਹ ਕਹਿੰਦੇ ਹਨ, "ਇਹ ਕਤਲ ਬਿਲਕੁਲ ਸਹੀ ਨਹੀਂ ਹੈ, ਕੰਚਨ ਕੁਮਾਰੀ ਦਾ ਸਮਾਜਿਕ ਬਾਈਕਾਟ ਕੀਤਾ ਜਾ ਸਕਦਾ ਸੀ ਪਰ ਜਾਨ ਤੋਂ ਮਾਰ ਦੇਣਾ ਸਹੀ ਨਹੀਂ ਹੈ ਪਰ ਇਸਦੇ ਨਾਲ ਹੀ ਇੱਕ ਵੱਡਾ ਸਵਾਲ ਹੈ ਕਿ ਅਸੀਂ ਸੋਸ਼ਲ ਮੀਡੀਆ ਉੱਤੇ ਵੱਧ ਰਹੀ ਲੱਚਰਤਾ ਨੂੰ ਰੋਕਣ ਦੀ ਥਾਂ ਅੱਗੇ ਹੋਰ ਫੈਲਾ ਕਿਉਂ ਰਹੇ ਹਾਂ?"

ਅਮਿਤੋਜ ਮਾਨ ਸਵਾਲ ਕਰਦੇ ਹਨ ਕਿ ਕੰਚਨ ਕੁਮਾਰੀ ਜੇਕਰ ਅਸ਼ਲੀਲ ਵੀਡੀਓਜ਼ ਬਣਾ ਰਹੀ ਸੀ ਤਾਂ ਉਸ ਨੂੰ ਦੇਖਣ ਵਾਲੇ 4 ਮਿਲੀਅਨ ਲੋਕ ਸਾਡੇ ਸਮਾਜ ਵਿੱਚੋਂ ਹੀ ਸਨ ਜਿਹੜੇ ਉਹ ਵੀਡੀਓਜ਼ ਦੇਖਦੇ ਅਤੇ ਅੱਗੇ ਸ਼ੇਅਰ ਕਰਦੇ ਸਨ।

"ਅੰਮ੍ਰਿਤਪਾਲ ਤਾਂ ਇੱਕ ਵਿਅਕਤੀ ਹੈ ਜਿਸ ਨੇ ਇੱਕ ਔਰਤ ਦੇ ਕਤਲ ਦੀ ਜ਼ਿੰਮੇਵਾਰੀ ਤਾਂ ਲੈ ਲਈ ਪਰ ਬਾਕੀ 4 ਮਿਲੀਅਨ ਲੋਕ ਕੀ ਇਸ ਦੇ ਪਿੱਛੇ ਜ਼ਿੰਮੇਵਾਰ ਨਹੀਂ ਹਨ ਜੋ ਅਜਿਹੀਆਂ ਵੀਡੀਓਜ਼ ਨੂੰ ਲਗਾਤਾਰ ਦੇਖ ਰਹੇ ਅਤੇ ਅੱਗੇ ਭੇਜ ਰਹੇ ਹਨ। ਉਨ੍ਹਾਂ ਦੀ ਜਵਾਬਦੇਹੀ ਕਿੱਥੇ ਹੈ।"

ਇਸ ਮਾਮਲੇ ਵਿੱਚ ਹਾਲਾਂਕਿ ਮਹਿਲਾ ਕਮਿਸ਼ਨ ਵੱਲੋਂ ਆਪਣੇ ਪੱਧਰ ਉੱਤੇ ਕੋਈ ਨੋਟਿਸ ਨਹੀਂ ਲਿਆ ਗਿਆ ਹੈ।

ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ, "ਮੈਂ ਆਉਣ ਵਾਲੇ ਦਿਨਾਂ ਵਿੱਚ ਕੇਂਦਰ ਸਰਕਾਰ ਨੂੰ ਲਿਖਤੀ ਅਪੀਲ ਕਰਾਂਗੀ ਕਿ ਸੋਸ਼ਲ ਮੀਡੀਆ ਉੱਤੇ ਸ਼ਿਕੰਜਾ ਕੱਸਿਆ ਜਾਵੇ। ਜੋ ਵੀ ਲੋਕ ਸੋਸ਼ਲ ਮੀਡੀਆ ਦੀ ਵਰਤੋਂ ਅਸ਼ਲੀਲਤਾ ਫੈਲਾਉਣ ਲਈ ਕਰ ਰਹੇ ਹਨ, ਉਨ੍ਹਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਉਹ ਸਮਾਜ ਅੱਗੇ ਕੀ ਪਰੋਸ ਰਹੇ ਹਨ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)