ਅੰਮ੍ਰਿਤਪਾਲ ਸਿੰਘ ਮਹਿਰੋਂ: 'ਕਮਲ ਕੌਰ ਭਾਬੀ' ਦੇ ਕਤਲ ਤੋਂ ਬਾਅਦ ਵਿਵਾਦਾਂ 'ਚ ਆਏ ਮਹਿਰੋਂ ਦਾ ਕੀ ਹੈ ਪਿਛੋਕੜ, ਪਿੰਡ ਵਾਲਿਆਂ ਨੇ ਕੀ ਦੱਸਿਆ

ਤਸਵੀਰ ਸਰੋਤ, BBC/amritpalsinghmehron/instagram
- ਲੇਖਕ, ਸੁਰਿੰਦਰ ਸਿੰਘ ਮਾਨ
- ਰੋਲ, ਬੀਬੀਸੀ ਪੰਜਾਬੀ ਲਈ
ਜ਼ਿਲ੍ਹਾ ਮੋਗਾ ਅਧੀਨ ਪੈਂਦੇ ਪਿੰਡ ਮਹਿਰੋਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਨਾਲ ਪਏ ਲੱਕੜ ਦੇ ਫੱਟੇ ਉੱਪਰ ਪਿੰਡ ਦੇ 10-12 ਜਣੇ ਤਾਸ਼ ਖੇਡ ਰਹੇ ਸਨ।
ਤਾਸ਼ ਦਾ ਪੱਤਾ ਸੁੱਟਣ ਦੇ ਨਾਲ ਹੀ ਇੱਕ ਬਜ਼ੁਰਗ ਇਹ ਕਹਿੰਦਾ ਸੁਣਾਈ ਦਿੱਤਾ, "ਆਪਣੇ ਅੰਮ੍ਰਿਤਪਾਲ ਵਾਲਾ ਕੰਮ ਵੀ ਟੇਢਾ ਹੀ ਹੋ ਗਿਆ ਹੈ। ਮੁੰਡਾ ਤਾਂ ਸਿਆਣਾ ਸੀ ਪਰ ਕੀ ਭਾਣਾ ਵਰਤ ਗਿਆ ਇਸ ਦਾ ਇਲਮ ਨਹੀਂ ਹੈ।"
ਜਿਵੇਂ ਹੀ ਮੈਂ ਤਾਸ਼ ਖੇਡਣ ਵਾਲੇ ਪਿੰਡ ਵਾਸੀਆਂ ਨਾਲ ਅੰਮ੍ਰਿਤਪਾਲ ਸਿੰਘ ਮਹਿਰੋਂ ਬਾਰੇ ਗੱਲ ਅੱਗੇ ਤੋਰੀ ਤਾਂ ਉਹ ਚੁੱਪ ਹੋ ਗਏ।
ਜਦੋਂ ਦੁਬਾਰਾ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇੱਕ ਬਜ਼ੁਰਗ ਨੇ ਸਿਰਫ਼ ਇਨਾਂ ਹੀ ਕਿਹਾ ਕਿ, "ਮੁੰਡਾ ਤਾਂ ਬਹੁਤ ਸਾਊ ਸੀ.... ਪਰ ਇਹ ਭਾਣਾ ਕਿਵੇਂ ਵਰਤਿਆ ਇਸ ਬਾਰੇ ਸਾਨੂੰ ਕੁਝ ਵੀ ਪਤਾ ਨਹੀਂ ਹੈ।"
ਅਸਲ ਵਿੱਚ ਅੰਮ੍ਰਿਤਪਾਲ ਸਿੰਘ ਪਿੰਡ ਮਹਿਰੋਂ ਦਾ ਵਸਨੀਕ ਹੈ ਅਤੇ ਉਸ ਨੂੰ ਪੁਲਿਸ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ 'ਕਮਲ ਕੌਰ ਭਾਬੀ' ਦੇ ਕਤਲ ਮਾਮਲੇ ਵਿੱਚ ਨਾਮਜਦ ਕੀਤਾ ਹੈ।

ਤਸਵੀਰ ਸਰੋਤ, kamalkaurbhabhi/Instagram
'ਕਮਲ ਕੌਰ ਭਾਬੀ' ਸੋਸ਼ਲ ਮੀਡੀਆ ਉੱਤੇ ਜਿਸ ਤਰ੍ਹਾਂ ਦੇ ਵੀਡੀਓਜ਼ ਪਾਉਂਦੀ ਸੀ, ਉਸ ਕਾਰਨ ਉਸ ਨੂੰ ਪਿਛਲੇ ਸਮੇਂ ਦੌਰਾਨ ਧਮਕੀਆਂ ਮਿਲੀਆਂ ਸਨ। ਸੋਸ਼ਲ ਮੀਡੀਆ ਉੱਪਰ ਉਸ ਦੇ 4 ਲੱਖ ਤੋਂ ਵੱਧ ਫਾਲੋਅਰਜ਼ ਸਨ।
ਉਸ ਦੀ ਲਾਸ਼ ਬਠਿੰਡਾ ਦੇ ਭੁੱਚੋਂ ਕਲਾਂ ਕਸਬੇ ਵਿੱਚ ਪੈਂਦੇ ਆਦੇਸ਼ ਹਸਪਤਾਲ ਦੀ ਪਾਰਕਿੰਗ ਵਿੱਚ ਖੜ੍ਹੀ ਗੱਡੀ ਵਿੱਚੋਂ 11 ਜੂਨ ਸ਼ਾਮ ਨੂੰ ਬਰਾਮਦ ਹੋਈ ਸੀ। ਕਮਲ ਕੌਰ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਲੁਧਿਆਣਾ ਤੋਂ ਇਹ ਕਹਿ ਕੇ ਘਰ ਤੋਂ ਨਿਕਲੀ ਸੀ ਕਿ ਉਹ ਆਪਣੀ ਗੱਡੀ ਦੀ ਮੁਰੰਮਤ ਕਰਾਉਣ ਲਈ ਜਾ ਰਹੀ ਹੈ।
ਅੰਮ੍ਰਿਤਪਾਲ ਮਹਿਰੋਂ ਨੇ ਕਤਲ ਤੋਂ ਬਾਅਦ ਦੋ ਵੀਡੀਓਜ਼ ਪਾ ਕੇ ਇਸ ਕਤਲ ਨੂੰ ਜਾਇਜ਼ ਠਹਿਰਾਇਆ ਸੀ ਅਤੇ ਕੋਈ ਹੋਰਾਂ ਨੂੰ ਧਮਕੀਆਂ ਦਿੱਤੀਆਂ ਸਨ। ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਦੋ ਸਾਥੀ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਹੋ ਚੁੱਕੇ ਹਨ, ਜਦਕਿ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਫਰਾਰ ਹੋਣ ਦੀ ਗੱਲ ਆਖੀ ਹੈ।
ਅੰਮ੍ਰਿਤਪਾਲ ਦੇ ਘਰ ਬਾਹਰ ਲੱਗਿਆ ਜਿੰਦਰਾ
ਅੰਮ੍ਰਿਤਪਾਲ ਸਿੰਘ ਦੇ ਪਿੰਡ ਵਿਚਲੇ ਘਰ ਨੂੰ ਬਾਹਰੋਂ ਜਿੰਦਰਾ ਲੱਗਿਆ ਹੋਇਆ ਸੀ।
ਉਨਾਂ ਦੇ ਘਰ ਦੇ ਹੀ ਨੇੜੇ ਸਾਂਝੇ ਤੌਰ 'ਤੇ ਲਗਾਈ ਗਈ ਛਬੀਲ ਉੱਪਰ ਜਲ ਵਰਤਾਉਂਦੇ ਇੱਕ ਨੌਜਵਾਨ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਉਨਾਂ ਦੇ ਘਰ ਵਿੱਚ ਕੋਈ ਵੀ ਨਹੀਂ ਹੈ।
ਪੰਜਾਬ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਨਾਲ ਜਿਸ ਜਸਪ੍ਰੀਤ ਸਿੰਘ ਨਾਂ ਦੇ ਵਿਅਕਤੀ ਨੂੰ ਕਤਲ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ, ਉਹ ਵੀ ਪਿੰਡ ਮਹਿਰੋਂ ਦਾ ਹੀ ਵਸਨੀਕ ਹੈ।
ਅੰਮ੍ਰਿਤਪਾਲ ਸਿੰਘ ਦੇ ਘਰ ਵਾਂਗ ਜਸਪ੍ਰੀਤ ਸਿੰਘ ਦੇ ਘਰ ਵਿੱਚ ਵੀ ਕੋਈ ਪਰਿਵਾਰਕ ਮੈਂਬਰ ਮੌਜੂਦ ਨਹੀਂ ਸੀ ਅਤੇ ਉਨਾਂ ਦੇ ਘਰ ਨੂੰ ਜਿੰਦਰਾ ਲੱਗਿਆ ਹੋਇਆ ਸੀ।

ਕੌਣ ਹੈ ਅੰਮ੍ਰਿਤਪਾਲ ਸਿੰਘ ਮਹਿਰੋਂ
ਅੰਮ੍ਰਿਤਪਾਲ ਸਿੰਘ ਪਿੰਡ ਮਹਿਰੋਂ ਦਾ ਵਸਨੀਕ ਹੈ ਅਤੇ ਉਹ ਪਿਛਲੇ ਕੁਝ ਸਾਲਾਂ ਤੋਂ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਰਹਿੰਦਾ ਸੀ।
ਅਸਲ ਵਿੱਚ ਅੰਮ੍ਰਿਤਪਾਲ ਸਿੰਘ ਮਹਿਰੋਂ ਸਾਲ 2022 ਵਿੱਚ ਉਸ ਵੇਲੇ ਚਰਚਾ ਵਿੱਚ ਆਇਆ ਜਦੋਂ ਦਰਬਾਰ ਸਾਹਿਬ ਅੰਮ੍ਰਿਤਸਰ ਨੇੜੇ ਬਣੀ ਹੈਰੀਟੇਜ਼ ਸਟਰੀਟ ਵਿੱਚ ਲੱਗੀਆਂ ਲੋਕ ਨਾਚ ਦੀਆਂ ਮੂਰਤੀਆਂ ਨੂੰ ਤੋੜ ਦਿੱਤਾ ਗਿਆ ਸੀ।
ਇਸ ਮੌਕੇ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ 'ਕੌਮ ਦੇ ਰਾਖੇ' ਨਾਂ ਦਾ ਇੱਕ ਸੰਗਠਨ ਵੀ ਕਾਇਮ ਕੀਤਾ ਸੀ।
ਅੰਮ੍ਰਿਤਪਾਲ ਸਿੰਘ ਮਹਿਰੋਂ ਸੋਸ਼ਲ ਮੀਡੀਆ ਉੱਪਰ ਅਕਸਰ ਹੀ 'ਵਿਵਾਦਪੂਰਨ ਬਿਆਨ ਦੇਣ ਕਾਰਨ ਚਰਚਾ ਵਿੱਚ ਰਹਿੰਦਾ ਸੀ।
ਸੋਸ਼ਲ ਮੀਡੀਆ ਉੱਪਰ ਉਸ ਦੀਆਂ ਜ਼ਿਆਦਾਤਰ ਟਿੱਪਣੀਆਂ ਸਿੱਖ ਕੌਮ ਦੇ ਮਸਲਿਆਂ ਨਾਲ ਜੁੜੀਆਂ ਹੁੰਦੀਆਂ ਸਨ।
ਪਿੰਡ ਮਹਿਰੋ ਦੇ ਵਸਨੀਕ ਮਲਕੀਤ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਜਦੋਂ ਤੋਂ ਸਿੱਖ ਧਰਮ ਦੇ ਮਾਮਲਿਆਂ ਉੱਤੇ ਬੋਲਣ ਲੱਗਿਆ ਸੀ, ਉਸ ਤੋਂ ਬਾਅਦ ਜ਼ਿਆਦਾਤਰ ਉਹ ਪਿੰਡ ਤੋਂ ਬਾਹਰ ਹੀ ਰਹਿੰਦਾ ਸੀ।
ਪੰਜਾਬ ਪੁਲਿਸ ਦੇ ਰਿਕਾਰਡ ਮੁਤਾਬਕ ਅੰਮ੍ਰਿਤਪਾਲ ਸਿੰਘ ਖਿਲਾਫ਼ ਇਸ ਤੋਂ ਪਹਿਲਾਂ ਹਿੰਸਾ ਕਰਨ ਅਤੇ ਕਥਿਤ ਤੌਰ 'ਤੇ ਇਰਾਦਾ-ਏ-ਕਤਲ ਦਾ ਇੱਕ ਮਾਮਲਾ ਦਰਜ ਹੈ।
ਪਿਛਲੇ ਸਾਲ 2024 ਵਿੱਚ ਜ਼ਿਲ੍ਹਾ ਬਰਨਾਲਾ ਦੀ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਖਿਲਾਫ਼ ਇੱਕ ਸੰਗੀਤ ਕੰਪਨੀ ਦੇ ਮਾਲਕ ਨੂੰ ਕਥਿਤ ਤੌਰ 'ਤੇ ਧਮਕਾਉਣ ਦਾ ਮਾਮਲਾ ਵੀ ਦਰਜ ਕੀਤਾ ਸੀ।

ਤਸਵੀਰ ਸਰੋਤ, amritpalsinghmehron/instagram
ਇਸੇ ਤਰ੍ਹਾਂ ਇਸੇ ਸਾਲ ਹੀ ਅੰਮ੍ਰਿਤਪਾਲ ਸਿੰਘ ਮਹਿਰੋਂ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖਿਲਾਫ਼ ਕੀਤੀ ਗਈ ਟਿੱਪਣੀ ਤੋਂ ਬਾਅਦ ਵੀ ਪੁਲਿਸ ਵੱਲੋਂ ਇੱਕ ਮਾਮਲਾ ਦਰਜ ਕੀਤਾ ਗਿਆ ਸੀ।
ਅਸਲ ਵਿੱਚ ਅੰਮ੍ਰਿਤਪਾਲ ਸਿੰਘ ਮਹਿਰੋਂ ਖਿਲਾਫ਼ ਅਪਰਾਧਿਕ ਮਾਮਲੇ ਦਰਜ ਕਰਨ ਦਾ ਮੁੱਢ ਉਸ ਵੇਲੇ ਬੱਝਾ ਸੀ ਜਦੋਂ ਉਸ ਖਿਲਾਫ਼ ਜਗਰਾਉਂ ਪੁਲਿਸ ਵੱਲੋਂ ਇੱਕ ਡੇਰੇਦਾਰ ਨੂੰ ਕਥਿਤ ਤੌਰ 'ਤੇ ਅਗਵਾ ਕਰਕੇ ਕੁੱਟਮਾਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਪਿੰਡ ਦੇ ਲੋਕਾਂ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਪਿਛਲੇ ਕਰੀਬ ਛੇ ਸਾਲਾਂ ਤੋਂ ਘਰ ਤੋਂ ਬਾਹਰ ਰਹਿ ਕੇ ਲਗਾਤਾਰ ਪੰਥਕ ਸਰਗਰਮੀਆਂ ਵਿੱਚ ਹਿੱਸਾ ਲੈ ਰਿਹਾ ਸੀ।
ਪਿੰਡ ਮਹਿਰੋਂ ਦੇ ਰਹਿਣ ਵਾਲੇ ਵਕੀਲ ਸਿੰਘ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਪਿੰਡ ਵਿੱਚ ਉਸ ਵੇਲੇ ਨਜ਼ਰ ਆਇਆ ਸੀ ਜਦੋਂ ਕਰੀਬ ਦੋ ਮਹੀਨੇ ਪਹਿਲਾਂ ਉਸ ਨੇ ਮਾਲਵਾ ਖੇਤਰ ਦੇ ਗ੍ਰੰਥੀ ਸਿੰਘਾਂ ਦੀ ਇੱਕ ਮੀਟਿੰਗ ਆਪਣੇ ਪਿੰਡ ਵਿੱਚ ਬੁਲਾਈ ਸੀ।
ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਪਿਤਾ ਬਲਜਿੰਦਰ ਸਿੰਘ ਉਰਫ਼ ਛੋਟਾ ਸਿੰਘ ਪਿਛਲੇ ਲੰਮੇ ਸਮੇਂ ਤੋਂ ਪਿੰਡ ਵਿੱਚ ਹੀ ਠੇਕੇਦਾਰੀ ਦਾ ਕੰਮ ਕਰ ਰਹੇ ਹਨ। ਉਸ ਦੇ ਮਾਤਾ ਅਤੇ ਬਾਕੀ ਪਰਿਵਾਰਿਕ ਮੈਂਬਰ ਇਸ ਵੇਲੇ ਵਿਦੇਸ਼ ਵਿੱਚ ਰਹਿ ਰਹੇ ਹਨ।
ਪਿੰਡ ਮਹਿਰੋਂ ਦੇ ਲੋਕਾਂ ਨੇ ਭਾਵੇਂ ਖੁੱਲ੍ਹ ਕੇ ਗੱਲ ਨਹੀਂ ਕੀਤੀ ਪਰ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉੱਪਰ ਕੁਝ ਲੋਕਾਂ ਨੇ ਇਨ੍ਹਾਂ ਜ਼ਰੂਰ ਕਿਹਾ ਕਿ "ਕਿਸੇ ਔਰਤ ਸਦਾ ਕਤਲ ਕਰਨਾ ਗਲਤ ਗੱਲ ਹੈ ਪਰ ਸਾਡੇ ਪਿੰਡ ਦੇ ਮੁੰਡੇ ਦਾ ਨਾਂ ਇਸ ਕਤਲ ਨਾਲ ਕਿਵੇਂ ਜੁੜ ਰਿਹਾ ਹੈ, ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।"
ਪਿੰਡ ਵਿੱਚ ਬਣੇ ਧਾਰਮਿਕ ਸਥਾਨ ਵਿੱਚ ਮੌਜੂਦ ਵਕੀਲ ਸਿੰਘ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਪਿੰਡ ਵਿੱਚ ਧਾਰਮਿਕ ਵਿਅਕਤੀ ਵਜੋਂ ਹੀ ਜਾਣਿਆਂ ਜਾਂਦਾ ਹੈ।
ਉਨ੍ਹਾਂ ਦੱਸਿਆ, "ਅੰਮ੍ਰਿਤਪਾਲ ਸਿੰਘ ਮੁਸਲਿਮ ਪਰਿਵਾਰ ਵਿੱਚ ਪੈਦਾ ਹੋਇਆ ਸੀ ਪਰ ਬਚਪਨ ਤੋਂ ਹੀ ਉਸਦੀ ਚੇਟਕ ਗੁਰੂ ਘਰ ਨਾਲ ਸੀ ਜਿਸ ਕਾਰਨ ਉਹ ਅੰਮ੍ਰਿਤ ਛੱਕ ਕੇ ਨਿਹੰਗ ਸਿੰਘ ਸਜ ਗਿਆ ਸੀ।"
ਸਿਆਸਤ ਵਿੱਚ ਦਿਲਚਸਪੀ
ਅੰਮ੍ਰਿਤਪਾਲ ਸਿੰਘ ਮਹਿਰੋਂ ਚਰਚਾ ਵਿੱਚ ਆਉਣ ਦੇ ਨਾਲ ਨਾਲ ਸਿਆਸਤ ਵਿੱਚ ਵੀ ਕਾਫੀ ਰੁਚੀ ਰੱਖਦਾ ਸੀ।
ਉਸ ਨੇ ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਤਰਨ ਤਾਰਨ ਵਿਧਾਨ ਸਭਾ ਹਲਕੇ ਤੋਂ ਸਾਬਕਾ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਟਿਕਟ ਉੱਪਰ ਚੋਣ ਵੀ ਲੜੀ ਸੀ।
ਇਹ ਵੱਖਰੀ ਗੱਲ ਹੈ ਕਿ ਇਸ ਚੋਣ ਵਿੱਚ ਉਹ ਸਫ਼ਲ ਨਹੀਂ ਹੋ ਸਕੇ ਸਨ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕੌਮੀ ਜਥੇਬੰਦਕ ਸਕੱਤਰ ਮਨਜੀਤ ਸਿੰਘ ਮੱਲਾ ਨੇ 'ਬੀਬੀਸੀ' ਨੂੰ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਧਾਰਮਿਕ ਬਿਰਤੀ ਨੂੰ ਦੇਖਦੇ ਹੋਏ ਇੱਕ ਨੌਜਵਾਨ ਆਗੂ ਵਜੋਂ ਉਨਾਂ ਨੂੰ ਪਾਰਟੀ ਦੀ ਟਿਕਟ ਦਿੱਤੀ ਗਈ ਸੀ।
ਇਹ ਚੋਣ ਹਾਰਨ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਮਹਿਰੋਂ ਅਕਸਰ ਹੀ ਸਿਆਸਤ ਵਿੱਚ ਦਾਖਲ ਹੋਣ ਦੀਆਂ ਗੱਲਾਂ ਤੋਂ ਟਾਲਾ ਵੱਟਦੇ ਨਜ਼ਰ ਆਉਂਦੇ ਸੀ।
ਭਾਵੇਂ ਉਨਾਂ ਖਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਮਾਮਲੇ ਦਰਜ ਸਨ ਪਰ ਹਾਲੇ ਤੱਕ ਪੁਲਿਸ ਵੱਲੋਂ ਉਨਾਂ ਨੂੰ ਬਕਾਇਦਾ ਤੌਰ 'ਤੇ ਕਿਸੇ ਵੀ ਮਾਮਲੇ ਵਿੱਚ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਸੀ।
ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਕੇ ਕਥਿਤ ਕਤਲ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਹੱਕ ਅਤੇ ਵਿਰੋਧ ਵਿੱਚ ਪੰਥਕ ਹਲਕਿਆਂ ਵਿੱਚ ਕਾਫੀ ਸੁਰਾਂ ਉੱਠੀਆਂ ਹਨ।
ਅੰਮ੍ਰਿਤਪਾਲ ਸਿੰਘ ਉੱਪਰ ਪੁਲਿਸ ਦਾ ਬਿਆਨ
ਜ਼ਿਲ੍ਹਾ ਬਠਿੰਡਾ ਦੀ ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਕਮਲ ਕੌਰ ਭਾਬੀ ਦੇ ਕਤਲ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੁਬਈ ਲਈ ਰਵਾਨਾ ਹੋ ਗਿਆ ਸੀ।
ਜ਼ਿਕਰਯੋਗ ਹੈ ਕਿ ਜਿਵੇਂ ਹੀ ਕਮਲ ਕੌਰ ਦੀ ਮੌਤ ਦੇ ਤਾਰ ਅੰਮ੍ਰਿਤਪਾਲ ਸਿੰਘ ਮਹਿਰੋਂ ਨਾਲ ਜੁੜੇ ਤਾਂ ਪੁਲਿਸ ਵੱਲੋਂ ਲੁੱਕ ਆਊਟ ਸਰਕੂਲਰ (ਐਲਓਸੀ) ਜਾਰੀ ਕਰ ਦਿੱਤਾ ਗਿਆ ਸੀ ਤਾਂ ਕਿ ਅੰਮ੍ਰਿਤਪਾਲ ਸਿੰਘ ਦੇਸ਼ ਛੱਡ ਕੇ ਫਰਾਰ ਨਾ ਹੋ ਸਕੇ।
ਪਰ ਪੁਲਿਸ ਮੁਤਾਬਕ ਅੰਮ੍ਰਿਤਪਾਲ ਸਿੰਘ, ਕਤਲ ਤੋਂ ਕੁਝ ਘੰਟਿਆਂ ਬਾਅਦ ਹੀ ਪੁਲਿਸ ਨੂੰ ਚਕਮਾ ਦੇ ਕੇ ਦੇਸ਼ ਛੱਡ ਚੁੱਕਿਆ ਸੀ।

ਭਾਵੇਂ ਕਮਲ ਕੌਰ ਦੇ ਕੇਸ ਦੇ ਮਾਮਲੇ ਵਿੱਚ ਅੰਮ੍ਰਿਤਪਾਲ ਸਿੰਘ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਪਰ ਉਸ ਵੱਲੋਂ ਸੋਸ਼ਲ ਮੀਡੀਆ ਉੱਪਰ ਕੁਝ ਇਨਫਲੂਐਂਸਰਜ਼ ਨੂੰ ਨਿਰੰਤਰ ਚੇਤਾਵਨੀ ਦਿੱਤੀ ਜਾ ਰਹੀ ਹੈ।
ਐਸਐਸਪੀ ਅਮਨੀਤ ਕੋਂਡਲ ਨੇ ਕਿਹਾ, "ਕਮਲ ਕੌਰ ਦੇ ਕਤਲ ਦੇ ਕੇਸ ਦੀ ਜਾਂਚ ਤਾਂ ਚੱਲ ਹੀ ਰਹੀ ਹੈ ਪਰ ਅੰਮ੍ਰਿਤਪਾਲ ਸਿੰਘ ਮਹਿਰੋਂ ਵੱਲੋਂ ਹੋਰਨਾਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਦੀ ਵੀ ਪੁਲਿਸ ਵੱਲੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।"
ਕਮਲ ਕੌਰ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਦੋ ਸਾਥੀਆਂ ਪਿੰਡ ਮਹਿਰੋਂ ਦੇ ਵਸਨੀਕ ਜਸਪ੍ਰੀਤ ਸਿੰਘ ਅਤੇ ਤਰਨ ਤਾਰਨ ਦੇ ਵਸੀਕ ਨਿਮਰਤ ਸਿੰਘ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ।
ਕਈ ਹੋਰ ਸੋਸ਼ਲ ਮੀਡੀਆ ਇਨਫਲੂਐਂਸਰਜ਼ ਨੂੰ ਵੀ ਮਿਲੀਆਂ ਧਮਕੀਆਂ
ਕਮਲ ਕੌਰ ਦੇ ਕਤਲ ਤੋਂ 5 ਦਿਨ ਬਾਅਦ ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਮਹਿਰੋਂ ਖ਼ਿਲਾਫ਼ ਇੱਕ ਹੋਰ ਪਰਚਾ ਦਰਜ ਕੀਤਾ ਹੈ।
ਇਹ ਮਾਮਲਾ ਅੰਮ੍ਰਿਤਸਰ ਦੀ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੂਥਰਾ ਨੂੰ ਕਥਿਤ ਤੌਰ ਉੱਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਕਰ ਕੇ ਦਰਜ ਕੀਤਾ ਗਿਆ।
ਇਸੇ ਦੌਰਾਨ ਸੂਬੇ ਵਿੱਚੋਂ ਕਈ ਹੋਰ ਸੋਸ਼ਲ ਮੀਡੀਆ ਇਨਫਲੂਐਂਸਰਾਂ ਨੇ ਕਥਿਤ ਤੌਰ ਉੱਤੇ ਅੰਮ੍ਰਿਤਰਪਾਲ ਮਹਿਰੋਂ ਵਲੋਂ ਧਮਕੀਆਂ ਮਿਲਣ ਦੇ ਵੀਡੀਓ ਪਾਏ ਹਨ। ਕਈ ਆਪਣੀਆਂ ਦੋਹਰੇ ਅਰਥਾਂ ਜਾਂ ਲੱਚਰਤਾ ਵਾਲੀਆਂ ਵੀਡੀਓਜ਼ ਲਈ ਮਾਫੀ ਮੰਗ ਰਹੇ ਹਨ ਅਤੇ ਕੁਝ ਨੇ ਪੰਜਾਬ ਪੁਲਿਸ ਤੱਕ ਸੁਰੱਖਿਆ ਲਈ ਪਹੁੰਚ ਕੀਤੀ ਹੈ।

ਤਸਵੀਰ ਸਰੋਤ, deep_luthra6/Insta
ਪੁਲਿਸ ਮੁਤਾਬਕ ਸੋਸ਼ਲ ਮੀਡੀਆ ਇਨਫਲੂਐਂਸਰਾਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੋਂ ਕਥਿਤ ਲੱਚਰ, ਦੋਹਰੇ ਅਰਥਾਂ ਵਾਲੀਆਂ ਪੋਸਟਾਂ ਹਟਾਉਣ, ਮੁਆਫ਼ੀ ਮੰਗਣ ਅਤੇ ਦੋਬਾਰਾ ਅਜਿਹੀਆਂ ਪੋਸਟਾਂ ਸਾਂਝੀਆਂ ਨਾ ਲਈ ਧਮਕੀਆਂ ਮਿਲੀਆਂ ਹਨ।
ਪੁਲਿਸ ਨੇ ਇਸ ਮਾਮਲੇ ਵਿੱਚ ਅੰਮ੍ਰਿਤਪਾਲ ਮਹਿਰੋਂ ਨੂੰ ਮੁੱਖ ਮੁਲਜ਼ਮ ਮੰਨਿਆ ਹੈ ਅਤੇ ਦਾਅਵਾ ਕੀਤਾ ਹੈ ਕਿ ਉਹ ਦੇਸ ਤੋਂ ਬਾਹਰ ਚਲਾ ਗਿਆ ਹੈ। ਜਿਹੜੇ ਹੋਰ ਸੋਸ਼ਲ ਮੀਡੀਆ ਇਨਫਲੂਐਂਸਰਾਂ ਨੂੰ ਧਮਕੀਆਂ ਮਿਲਣ ਦੀਆਂ ਰਿਪੋਰਟਾਂ ਹਨ, ਉਨ੍ਹਾਂ ਵਿੱਚ ਦੀਪਿਕਾ ਲੂਥਰਾ ਤੇ ਪ੍ਰੀਤੀ ਜੱਟੀ ਦਾ ਨਾਮ ਵੀ ਹੈ।
ਮਸਲੇ ਉੱਤੇ ਪ੍ਰਤੀਕਰਮ
ਪੰਜਾਬ ਵਿੱਚ ਸਮੁੱਚੇ ਮਸਲੇ ਨੂੰ ਲੈ ਕੇ ਮੁੱਖ ਤੌਰ ਉੱਤੇ ਦੋ ਤਰ੍ਹਾਂ ਦੇ ਪ੍ਰਤੀਕਰਮ ਸਾਹਮਣੇ ਆਏ ਹਨ। ਕੁਝ ਲੋਕ ਸੋਸ਼ਲ ਮੀਡੀਆ ਉੱਤੇ ਲੱਚਰਤਾ ਫੈਲਾਉਣ ਦੇ ਇਲਜ਼ਾਮ ਲਾ ਕੇ 'ਮੌਰਲ ਗਰਾਊਂਡ' ਮੁਤਾਬਕ ਸਟੈਂਡ ਲੈਂਦੇ ਹਨ। ਅਜਿਹੇ ਲੋਕ ʻਕਮਲ ਕੌਰ ਭਾਬੀʼ ਦੇ ਕਤਲ ਨੂੰ ਜਾਇਜ਼ ਦੱਸਦੇ ਹਨ।
ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਮਹਿਲ ਇੰਨਫਲੈਂਸਰ ਦਾ ਕਤਲ ਗਲਤ ਕਾਰਵਾਈ ਹੈ। ਉਹ ਲੀਗਲ ਟੀਮ ਨਾਲ ਵਿਚਾਰ ਕਰਨ ਤੋਂ ਬਾਅਦ ਇਸ ਮਾਮਲੇ ਵਿੱਚ ਕਾਰਵਾਈ ਕਰਨਗੇ।
ਰਾਜ ਲਾਲੀ ਗਿੱਲ ਨੇ ਨਾਲ ਹੀ ਇਹ ਵੀ ਸਪੱਸ਼ਟ ਕੀਤਾ, ''ਸਮਾਜ ਵਿੱਚ ਸੋਸ਼ਲ ਮੀਡੀਆ ਰਾਹੀ ਫੈਲਾਈ ਜਾ ਰਹੀ ਲੱਚਰਤਾ ਨੂੰ ਸਵਿਕਾਰ ਨਹੀਂ ਕੀਤਾ ਜਾ ਸਕਦਾ। ਅਸ਼ਲੀਲ ਭਾਸ਼ਾ ਦਾ ਬੱਚਿਆਂ ਉੱਤੇ ਬੁਰਾ ਅਸਰ ਪੈਂਦਾ ਹੈ। ਸੋਸ਼ਲ ਮੀਡੀਆ ਤੋਂ ਅਸ਼ਲੀਲ ਸਮੱਗਰੀ ਪੈਸੇ ਕਮਾਏ ਜਾ ਰਹੇ ਹਨ।''
ਸਮਾਜਿਕ ਕਾਰਕੁਨ ਅਤੇ ਵਕੀਲ ਸਿਮਰਨ ਗਿੱਲ ਕਹਿੰਦੇ ਹਨ, "ਜੇਕਰ ਮੈਂ ਵਕੀਲ ਦੇ ਤੌਰ ਉੱਤੇ ਦੇਖਾਂ ਤਾਂ ਕਿਸੇ ਵੀ ਕਤਲ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ, ਪਰ ਸੋਸ਼ਲ ਮੀਡੀਆ ਉੱਤੇ ਪਏ ਗੰਦ ਨੂੰ ਕਿਸੇ ਨੇ ਤਾਂ ਸਾਫ਼ ਕਰਨਾ ਹੀ ਸੀ। ਜਿਸ ਨੇ ਵੀ ਕੀਤਾ, ਉਨ੍ਹਾਂ ਕਰ ਦਿੱਤਾ।"

ਤਸਵੀਰ ਸਰੋਤ, SAD
ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਇੱਕ ਸਮਾਗਮ ਵਿੱਚ ਬੋਲਦਿਆਂ ਕਿਹਾ, "ਮੈਂ ਅੱਜ ਦੇ ਦਿਨ ਸਿੱਖ ਜਵਾਨੀ ਨੂੰ ਵਿਸ਼ੇਸ਼ ਅਪੀਲ ਕਰਦਾਂ ਹਾਂ ਕਿ ਅੱਜ ਸਾਡੇ ਸਮਾਜ ਦੇ ਅੰਦਰ ਸਾਨੂੰ ਗੁਰੂ ਨਾਲੋਂ ਤੋੜਨ ਲਈ ਅਸ਼ਲੀਲਤਾ ਫੈਲਾਈ ਜਾ ਰਹੀ ਹੈ। ਅਸੀਂ ਸਾਰੇ ਆਪਣੀ ਜ਼ਿੰਮੇਵਾਰੀ ਸਮਝ ਕੇ ਆਪਣੇ ਬੱਚਿਆਂ ਨੂੰ ਧਰਮ ਨਾਲ ਜੋੜੀਏ। ਲੱਚਰਤਾ ਜਾਂ ਗੁਰਮਤਿ ਦੇ ਉਲਟ ਬੱਚਿਆਂ ਨੂੰ ਸਿਖਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਉਸ ਤੋਂ ਬੱਚਿਆਂ ਨੂੰ ਬਚਾਈਏ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












