ਕੁੰਭ ਭਗਦੜ ਦੀ ਸੱਚਾਈ, ਸਰਕਾਰ ਨੇ ਕਿਹਾ 37 ਲੋਕਾਂ ਦੀ ਮੌਤ, ਬੀਬੀਸੀ ਦੀ ਜਾਂਚ 'ਚ ਘੱਟੋ-ਘੱਟ 82 ਮੌਤਾਂ ਦੀ ਪੁਸ਼ਟੀ

ਅਭਿਨਵ ਗੋਇਲ, ਬੀਬੀਸੀ ਪੱਤਰਕਾਰ

29 ਜਨਵਰੀ ਭਾਵ ਮੌਨੀ ਮੱਸਿਆ ਵਾਲੇ ਦਿਨ ਪ੍ਰਯਾਗਰਾਜ ਦੇ ਕੁੰਭ ਮੇਲੇ ’ਚ ਘਾਤਕ ਭਗਦੜ ਦੀਆਂ ਚਾਰ ਘਟਨਾਵਾਂ ਵਾਪਰੀਆਂ।

ਉੱਤਰ ਪ੍ਰਦੇਸ਼ ਦੀ ਸਰਕਾਰ ਮੁਤਾਬਕ ਭਗਦੜ ’ਚ 37 ਲੋਕਾਂ ਦੀ ਮੌਤ ਹੋਈ ਅਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 25-25 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ।

ਬੀਬੀਸੀ ਵੱਲੋਂ ਡੂੰਘਾਈ ਨਾਲ ਕੀਤੀ ਗਈ ਜਾਂਚ ਤੋਂ ਪਤਾ ਲੱਗਿਆ ਕਿ ਇਸ ਭਗਦੜ ’ਚ ਘੱਟ ਤੋਂ ਘੱਟ 82 ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ।

ਬੀਬੀਸੀ ਨੂੰ ਅਜਿਹੇ 26 ਪਰਿਵਾਰ ਮਿਲੇ, ਜਿਨ੍ਹਾਂ ਨੂੰ 5-5 ਲੱਖ ਰੁਪਏ ਦੇ ਨਕਦੀ ਬੰਡਲ ਤਾਂ ਦਿੱਤੇ ਗਏ, ਪਰ ਮ੍ਰਿਤਕਾਂ ਦੀ ਗਿਣਤੀ ’ਚ ਉਨ੍ਹਾਂ ਦਾ ਨਾਮ ਸ਼ਾਮਲ ਨਹੀਂ ਕੀਤਾ ਗਿਆ।

ਉੱਤਰ ਪ੍ਰਦੇਸ਼ ਸਰਕਾਰ ਨੇ ਕਿਹਾ ਕਿ ਮੇਲੇ ’ਚ 66 ਕਰੋੜ ਲੋਕ ਪਹੁੰਚੇ, 13 ਜਨਵਰੀ ਤੋਂ 26 ਫਰਵਰੀ ਤੱਕ ਚੱਲਿਆ ਇਹ ਮੇਲਾ ਲਗਭਗ 4 ਹਜ਼ਾਰ ਹੈਕਟੇਅਰ ’ਚ ਫੈਲਿਆ ਹੋਇਆ ਸੀ।

45 ਦਿਨਾਂ ਤੱਕ ਜਾਰੀ ਰਹੇ ਇਸ ਸਮਾਗਮ ’ਤੇ ਸਰਕਾਰ ਨੇ 7 ਹਜ਼ਾਰ ਕਰੋੜ ਰੁਪਏ ਖਰਚ ਕੀਤੇ। ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਯੂਪੀ ਵਿਧਾਨ ਸਭਾ ’ਚ ਕਿਹਾ, “ਕੁੰਭ ਦੇ ਸਫਲ ਪ੍ਰਬੰਧ ਦੀ ਗੂੰਜ ਦੁਨੀਆ ’ਚ ਲੰਬੇ ਸਮੇਂ ਤੱਕ ਸੁਣਾਈ ਦੇਵੇਗੀ।”

ਪਰ ‘ਸਫਲਤਾ ਦੀ ਇਸ ਗੂੰਜ’ ’ਚ ਅਜਿਹੇ ਬਹੁਤ ਸਾਰੇ ਲੋਕਾਂ ਦੀਆਂ ਆਵਾਜ਼ਾਂ ਦੱਬ ਗਈਆਂ, ਜਿੰਨ੍ਹਾਂ ਦੀ ਮੌਤ ਕੁੰਭ ਮੇਲੇ ’ਚ ਮਚੀ ਭਗਦੜ ਕਾਰਨ ਹੋਈ ਸੀ।

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ 19 ਫਰਵਰੀ ਨੂੰ ਵਿਧਾਨ ਸਭਾ ’ਚ ਦੱਸਿਆ, “29 ਦੀ ਰਾਤ ਨੂੰ ਸੰਗਮ ਨੋਜ਼ ਦੇ ਕੋਲ 1:10 ਮਿੰਟ ਤੋਂ 1:30 ਵਜੇ ਦੇ ਦੌਰਾਨ ਇਹ ਮੰਦਭਾਗੀ ਘਟਨਾ ਵਾਪਰੀ…।”

“66 ਸ਼ਰਧਾਲੂ ਇਸ ਘਟਨਾ ਦਾ ਸ਼ਿਕਾਰ ਹੋ ਗਏ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ’ਚ ਪਹੁੰਚਾਇਆ ਗਿਆ, ਜਿਨ੍ਹਾਂ ਵਿੱਚੋਂ 30 ਸ਼ਰਧਾਲੂਆਂ ਨੇ ਦਮ ਤੋੜ ਦਿੱਤਾ… 30 ’ਚੋਂ 29 ਦੀ ਪਛਾਣ ਹੋਈ।”

ਉਨ੍ਹਾਂ ਨੇ ਕਿਹਾ, “ਇੱਕ ਦੀ ਪਛਾਣ ਨਹੀਂ ਹੋ ਸਕੀ। ਉਨ੍ਹਾਂ ਦਾ ਡੀਐੱਨਏ ਸੁਰੱਖਿਅਤ ਰੱਖਿਆ ਗਿਆ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਸਥਾਨਕ ਪ੍ਰਸ਼ਾਸਨ ਵੱਲੋਂ ਕੀਤਾ ਗਿਆ… ਪ੍ਰਯਾਗਰਾਜ ’ਚ ਹੋਰ ਵੀ ਵੱਖ-ਵੱਖ ਥਾਵਾਂ ’ਤੇ ਪ੍ਰੈਸ਼ਰ ਪੁਆਇੰਟ ਬਣੇ ਸਨ।”

ਬੀਬੀਸੀ ਦੀ ਜਾਂਚ ’ਚ ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਜਿਸ ਨੂੰ ‘ਪ੍ਰੈਸ਼ਰ ਪੁਆਇੰਟ’ ਦੱਸ ਰਹੇ ਹਨ, ਉਨ੍ਹਾਂ ਥਾਵਾਂ ’ਤੇ ਵੀ ਸ਼ਰਧਾਲੂਆਂ ਦੀ ਮੌਤ ਭਗਦੜ ’ਚ ਹੋਈ ਹੈ।

19 ਫਰਵਰੀ ਨੂੰ ਵਿਧਾਨ ਸਭਾ ’ਚ ਦਿੱਤੇ ਗਏ ਆਪਣੇ ਬਿਆਨ ’ਚ ਮੁੱਖ ਮੰਤਰੀ ਆਦਿੱਤਿਆਨਾਥ ਨੇ ਕਿਹਾ, “ਕੁਝ ਲੋਕ ਜ਼ਖਮੀ ਹੋ ਰਹੇ ਸਨ, ਜਿਨ੍ਹਾਂ ’ਚੋਂ ਲਗਭਗ 30-35 ਲੋਕ ਹੋਰ ਥਾਵਾਂ ’ਤੇ ਵੀ ਜ਼ਖਮੀ ਹੋਏ। ਉਨ੍ਹਾਂ ਨੂੰ ਵੀ ਹਸਪਤਾਲ ਪਹੁੰਚਾਇਆ ਗਿਆ। ਉਨ੍ਹਾਂ ’ਚੋਂ ਵੀ 7 ਲੋਕਾਂ ਦੀ ਮੌਤ ਹੋਈ, ਜਾਂ ਤਾਂ ਹਸਪਤਾਲ ਦੇ ਰਸਤੇ ’ਚ ਜਾਂ ਫਿਰ ਹਸਪਤਾਲ ਪਹੁੰਚ ਕੇ।”

ਭਗਦੜ ਦੀਆਂ ਇਨ੍ਹਾਂ ਘਟਨਾਵਾਂ ਦੀ ਅਸਲ ਸੱਚਾਈ ਕੀ ਹੈ?

ਇਸ ਦੀ ਜਾਂਚ ਕਰਨ ਲਈ ਬੀਬੀਸੀ ਦੇ ਪੱਤਰਕਾਰ 11 ਸੂਬਿਆਂ ’ਚ ਗਏ।

50 ਤੋਂ ਵੱਧ ਜ਼ਿਲ੍ਹਿਆਂ 'ਚ ਕੀਤੀ ਗਈ ਇਸ ਪੜਤਾਲ ਵਿੱਚ ਬੀਬੀਸੀ ਨੇ 100 ਤੋਂ ਵੱਧ ਅਜਿਹੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਆਪਣਿਆਂ ਦੀ ਮੌਤ ਕੁੰਭ ਮੇਲੇ ’ਚ ਮਚੀ ਭਗਦੜ ’ਚ ਹੋਈ ਹੈ।

ਬੀਬੀਸੀ ਕੋਲ ਇਸ ਗੱਲ ਦੇ ਪੁਖ਼ਤਾ ਸਬੂਤ ਹਨ ਕਿ ਘੱਟ ਤੋਂ ਘੱਟ 82 ਲੋਕਾਂ ਦੀ ਮੌਤ ਕੁੰਭ ਮੇਲੇ ’ਚ ਮਚੀ ਭਗਦੜ ’ਚ ਹੋਈ ਸੀ। ਜਿਹੜੇ ਪਰਿਵਾਰ ਆਪਣੀ ਗੱਲ ਸਾਬਤ ਕਰਨ ਲਈ ਪੁਖ਼ਤਾ ਸਬੂਤ ਨਹੀਂ ਦੇ ਸਕੇ ਹਨ, ਉਨ੍ਹਾਂ ਨੂੰ ਬੀਬੀਸੀ ਨੇ 82 ਮ੍ਰਿਤਕਾਂ ਦੀ ਸੂਚੀ ’ਚ ਸ਼ਾਮਲ ਨਹੀਂ ਕੀਤਾ ਹੈ।

ਬੀਬੀਸੀ ਨੂੰ ਮੌਨੀ ਮੱਸਿਆ ਵਾਲੇ ਦਿਨ ਕੁੰਭ ਖੇਤਰ ’ਚ ਘੱਟ ਤੋਂ ਘੱਟ 4 ਥਾਵਾਂ ’ਤੇ ਘਾਤਕ ਭਗਦੜ ਅਤੇ ਉਨ੍ਹਾਂ ’ਚ ਲੋਕਾਂ ਦੇ ਮਰਨ ਦੇ ਸਬੂਤ ਮਿਲੇ ਹਨ।

ਮਹਾਕੁੰਭ ਦੇ ਅਧਿਕਾਰਤ ਟਵਿੱਟਰ ਹੈਂਡਲ ਨੇ ਦੱਸਿਆ, “ਮੌਨੀ ਮੱਸਿਆ ’ਤੇ ਸੰਗਮ ਦੇ ਕੰਢੇ ਵਾਪਰੀ ਘਟਨਾ ’ਚ 30 ਲੋਕਾਂ ਅਤੇ ਹੋਰ ਥਾਵਾਂ ’ਤੇ 7 ਲੋਕਾਂ, ਜਿਨ੍ਹਾਂ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਸਪਸ਼ਟ ਸਨ, ਦੀ ਦੁਖਦਾਈ ਮੌਤ ਹੋਈ ਸੀ। ਮਾਣਯੋਗ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ ਦੇ ਐਲਾਨ ਮੁਤਾਬਕ 37 ’ਚੋਂ 35 ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬੈਂਕ ਖਾਤਿਆਂ ’ਚ 25-25 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਟ੍ਰਾਂਸਫਰ ਕੀਤੀ ਜਾ ਚੁੱਕੀ ਹੈ। ਇੱਕ ਮ੍ਰਿਤਕ ਦੀ ਪਛਾਣ ਨਾ ਹੋਣ ਦੇ ਕਾਰਨ ਅਤੇ ਇੱਕ ਇੱਕ ਮ੍ਰਿਤਕ ਦੇ ਲਾਵਾਰਿਸ ਹੋਣ ਕਾਰਨ ਮੁਆਵਜ਼ਾ ਰਾਸ਼ੀ ਨਹੀਂ ਦਿੱਤੀ ਜਾ ਸਕੀ ਹੈ।”

ਇਸ ਰਿਪੋਰਟ ਦੇ ਲਿਖੇ ਜਾਣ ਤੱਕ ਉੱਤਰ ਪ੍ਰਦੇਸ਼ ਸਰਕਾਰ ਨੇ ਭਗਦੜ ’ਚ ਮਾਰੇ ਗਏ ਲੋਕਾਂ ਦੀ ਅਧਿਕਾਰਤ ਸੂਚੀ ਪ੍ਰਕਾਸ਼ਿਤ ਨਹੀਂ ਕੀਤੀ ਹੈ। ਨਾ ਹੀ ਇਹ ਜਾਣਕਾਰੀ ਜਨਤਕ ਕੀਤੀ ਹੈ ਕਿ ਕਿਹੜੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਗਿਆ ਹੈ ਅਤੇ ਉਹ ਕਿੱਥੋਂ ਦੇ ਵਸਨੀਕ ਹਨ।

ਵਿਧਾਨ ਸਭਾ ’ਚ ਮੁੱਖ ਮੰਤਰੀ ਨੇ 19 ਫਰਵਰੀ ਨੂੰ ਜੋ ਦਾਅਵਾ ਕੀਤਾ ਸੀ, ਉਸ ਦੀ ਜਾਂਚ ਕਰਨ ’ਤੇ ਬੀਬੀਸੀ ਨੂੰ ਪਤਾ ਲੱਗਿਆ ਕਿ 35 ਦੀ ਥਾਂ 36 ਅਜਿਹੇ ਪਰਿਵਾਰ ਹਨ ਜਿਨ੍ਹਾਂ ਨੂੰ ਉੱਤਰ ਪ੍ਰਦੇਸ਼ ਸਰਕਾਰ ਵੱਲੋਂ 25-25 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਮਿਲੀ ਹੈ।

ਇਨ੍ਹਾਂ 36 ਲੋਕਾਂ ਦਾ ਪੂਰਾ ਵੇਰਵਾ ਤੁਸੀਂ ਹੇਠਾਂ ਵੇਖ ਸਕਦੇ ਹੋ।

ਬੀਬੀਸੀ ਨੂੰ ਅਜਿਹੇ 26 ਹੋਰ ਪਰਿਵਾਰ ਮਿਲੇ ਜਿਨ੍ਹਾਂ ਨੇ ਸਬੂਤ ਸਮੇਤ ਦੱਸਿਆ ਕਿ ਯੂਪੀ ਸਰਕਾਰ ਵੱਲੋਂ ਉਨ੍ਹਾਂ ਨੂੰ 5 ਲੱਖ ਰੁਪਏ ਨਕਦ ਮਿਲੇ ਹਨ।

ਯੋਗੀ ਸਰਕਾਰ ਨੇ 36 ਪਰਿਵਾਰਾਂ ਨੂੰ ਤਾਂ ਡਾਇਰੈਕਟ ਬੈਨਿਫਿਟ ਟ੍ਰਾਂਸਫਰ (ਡੀਬੀਟੀ) ਜਾਂ ਚੈੱਕ ਦੇ ਜ਼ਰੀਏ 25 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ।

ਬੀਬੀਸੀ ਨੂੰ 26 ਪਰਿਵਾਰਾਂ ਤੋਂ ਕਈ ਅਜਿਹੇ ਵੀਡੀਓ ਅਤੇ ਤਸਵੀਰਾਂ ਮਿਲੀਆਂ ਹਨ, ਜਿਨ੍ਹਾਂ ’ਚ ਪੁਲਿਸ ਟੀਮਾਂ 500 ਰੁਪਏ ਦੇ ਨੋਟਾਂ ਦੇ ਬੰਡਲ ਦਿੰਦੀਆਂ ਹੋਏ ਦਿਖ ਰਹੀਆਂ ਹਨ।

ਕਈ ਪਰਿਵਾਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੀ ਮਰਜ਼ੀ ਦੇ ਵਿਰੁੱਧ ਉਨ੍ਹਾਂ ਤੋਂ ਕੁਝ ਅਜਿਹੇ ਕਾਗਜ਼ਾਂ ’ਤੇ ਦਸਤਖ਼ਤ ਕਰਵਾਏ ਗਏ ਹਨ, ਜਿਨ੍ਹਾਂ ’ਚ ‘ਅਚਾਨਕ ਸਿਹਤ ਖਰਾਬ ਹੋਣ’ ਦੇ ਕਾਰਨ ਮੌਤ ਹੋਣ ਦੀ ਗੱਲ ਪਹਿਲਾਂ ਤੋਂ ਹੀ ਲਿਖੀ ਹੋਈ ਸੀ।

ਬੀਬੀਸੀ ਨੂੰ ਆਪਣੀ ਜਾਂਚ ਦੌਰਾਨ ਕਿਤੇ ਵੀ ਇਹ ਸੰਕੇਤ ਨਹੀਂ ਮਿਲਿਆ ਕਿ 5-5 ਲੱਖ ਰੁਪਏ ਦੇ ਨੋਟਾਂ ਦੇ ਬੰਡਲ ਸਰਕਾਰੀ ਖ਼ਜ਼ਾਨੇ ’ਚੋਂ ਕਾਨੂੰਨੀ ਤਰੀਕੇ ਨਾਲ ਦਿੱਤੇ ਗਏ ਸਨ।

ਜਾਂਚ ’ਚ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ 26 ਪਰਿਵਾਰਾਂ ਨੂੰ ਦਿੱਤੀ ਗਈ ਕੁੱਲ ਮੁਆਵਜ਼ੇ ਦੀ ਰਾਸ਼ੀ 1 ਕਰੋੜ 30 ਲੱਖ ਰੁਪਏ ਕਿੱਥੋਂ ਆਈ, ਪਰ ਸਾਰੇ ਹੀ 26 ਮਾਮਲਿਆਂ ’ਚ ਉੱਤਰ ਪ੍ਰਦੇਸ਼ ਪੁਲਿਸ ਦੀ ਸ਼ਮੂਲੀਅਤ ਦੀ ਗੱਲ ਪੀੜਤ ਪਰਿਵਾਰਾਂ ਨੇ ਕਹੀ ਹੈ।

ਜ਼ਿਆਦਾਤਰ ਮਾਮਲਿਆਂ ’ਚ ਫੋਟੋਆਂ ਅਤੇ ਵੀਡੀਓ ਪਰਿਵਾਰਕ ਮੈਂਬਰਾਂ ਕੋਲ ਮੌਜੂਦ ਹਨ। ਜਿਵੇਂ-ਜਿਵੇਂ ਜਾਂਚ ਅੱਗੇ ਵਧੀ, ਬੀਬੀਸੀ ਨੂੰ 19 ਹੋਰ ਪਰਿਵਾਰ ਮਿਲੇ, ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਮਿਲੀ।

ਇਨ੍ਹਾਂ 19 ਪਰਿਵਾਰਾਂ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਮੌਤ 29 ਜਨਵਰੀ ਨੂੰ ਕੁੰਭ ਮੇਲੇ ’ਚ ਵੱਖ-ਵੱਖ ਥਾਵਾਂ ’ਤੇ ਮਚੀ ਭਗਦੜ ਦੌਰਾਨ ਹੋਈ ਸੀ। ਆਪਣੀ ਗੱਲ ਨੂੰ ਸਾਬਤ ਕਰਨ ਲਈ ਕਈ ਲੋਕ ਪੋਸਟਮਾਰਟਮ ਦੀ ਰਿਪੋਰਟ, ਕੁਝ ਲੋਕ ਹਸਪਤਾਲ ਦੇ ਮੁਰਦਾਘਰ ਦੀ ਪਰਚੀ ਅਤੇ ਕੁਝ ਲੋਕ ਮੌਤ ਦਾ ਸਰਟੀਫਿਕੇਟ ਵਰਗੇ ਸਬੂਤ ਵਿਖਾਉਂਦੇ ਹਨ।

ਇਨ੍ਹਾਂ 19 ਪਰਿਵਾਰਾਂ ’ਚੋਂ ਕਈ ਅਜਿਹੇ ਪਰਿਵਾਰ ਹਨ, ਜੋ 29 ਜਨਵਰੀ ਨੂੰ ਮੇਲੇ ’ਚ ਲਈ ਗਈਆਂ ਉਹ ਤਸਵੀਰਾਂ ਅਤੇ ਵੀਡੀਓਜ਼ ਵੀ ਵਿਖਾਉਂਦੇ ਹਨ, ਜਿਸ ’ਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੀ ਮ੍ਰਿਤਕ ਦੇਹ ਵਿਖਾਈ ਦੇ ਰਹੀ ਹੈ।

ਇਸ ਜਾਂਚ ਦੇ ਦੌਰਾਨ ਕਈ ਰੂਹ ਕੰਬਾਊ ਅਤੇ ਹੈਰਾਨ ਕਰਨ ਵਾਲੀਆਂ ਕਹਾਣੀਆਂ ਵੀ ਸਾਹਮਣੇ ਆਈਆਂ। ਕੁੰਭ ਮੇਲੇ ’ਚ ਮਚੀ ਭਗਦੜ ਕਾਰਨ ਹੋਈਆਂ 82 ਮੌਤਾਂ ਨੂੰ ਬੀਬੀਸੀ ਨੇ ਤਿੰਨ ਸ਼੍ਰੇਣੀਆਂ ’ਚ ਵੰਡਿਆ ਹੈ।

ਪਹਿਲੀ ਸ਼੍ਰੇਣੀ ਉਨ੍ਹਾਂ ਮ੍ਰਿਤਕਾਂ ਦੀ ਹੈ ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ 25-25 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਹੈ ਅਤੇ ਮ੍ਰਿਤਕਾਂ ਦਾ ਨਾਮ ਸੂਚੀ ’ਚ ਸ਼ਾਮਲ ਹੈ।

ਦੂਜੀ ਸ਼੍ਰੇਣੀ ਉਨ੍ਹਾਂ ਮ੍ਰਿਤਕਾਂ ਦੀ ਹੈ ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ 5-5 ਲੱਖ ਰੁਪਏ ਨਕਦ ਦਿੱਤੇ ਗਏ ਹਨ, ਪਰ ਉਨ੍ਹਾਂ ਦੇ ਨਾਮ ਕੁੰਭ ਭਗਦੜ ’ਚ ਮਾਰੇ ਗਏ ਲੋਕਾਂ ਦੀ ਸੂਚੀ ’ਚ ਨਹੀਂ ਹਨ।

ਤੀਜੀ ਸ਼੍ਰੇਣੀ ਉਨ੍ਹਾਂ ਮ੍ਰਿਤਕਾਂ ਦੀ ਹੈ, ਜਿਨ੍ਹਾਂ ਨੂੰ ਨਾ ਤਾਂ ਮ੍ਰਿਤਕਾਂ ਦੀ ਗਿਣਤੀ ’ਚ ਸ਼ਾਮਲ ਕੀਤਾ ਗਿਆ ਹੈ ਅਤੇ ਨਾ ਹੀ ਕੋਈ ਮਦਦ ਦਿੱਤੀ ਗਈ।

ਇਨ੍ਹਾਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 25 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਮਿਲੀ

ਜਿਨ੍ਹਾਂ 36 ਮ੍ਰਿਤਕਾਂ ਦੇ ਪਰਿਵਾਰਾਂ ਨੂੰ 25 ਲੱਖ ਰੁਪਏ ਦਾ ਮੁਆਵਜ਼ਾ ਯੂਪੀ ਸਰਕਾਰ ਵੱਲੋਂ ਮਿਲਿਆ ਹੈ, ਉਨ੍ਹਾਂ ’ਚੋਂ ਇੱਕ ਪਰਿਵਾਰ ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਦਾ ਹੈ।

47 ਸਾਲਾ ਨਨਕਨ 27 ਜਨਵਰੀ ਨੂੰ ਪਰਿਵਾਰ ਸਮੇਤ ਕੁੰਭ ਲਈ ਨਿਕਲੇ ਸਨ।

ਪਤਨੀ ਰਮਾ ਦੇਵੀ, ਵੱਡਾ ਭਰਾ ਮਸਰੂ, ਭਤੀਜਾ ਜੋਖੂ ਅਤੇ ਪਰਿਵਾਰ ਦੇ ਹੋਰ ਮੈਂਬਰ ਨਨਕਨ ਦੇ ਨਾਲ ਸਨ। ਸ਼ਾਮ ਦੇ ਲਗਭਗ 6 ਵਜੇ ਸਾਰੇ ਲੋਕ ਮੇਲੇ ਦੇ ਖੇਤਰ ’ਚ ਪਹੁੰਚ ਗਏ ਅਤੇ ਇੱਕ ਆਸ਼ਰਮ ਨੂੰ ਆਪਣਾ ਟਿਕਾਣਾ ਬਣਾਇਆ।

28 ਜਨਵਰੀ ਦੀ ਸਵੇਰ ਨੂੰ ਪਰਿਵਾਰ ਨੇ ਨੇੜੇ ਦੇ ਇੱਕ ਘਾਟ ’ਤੇ ਇਸ਼ਨਾਨ ਕੀਤਾ। ਹੁਣ ਉਡੀਕ ਮੌਨੀ ਮੱਸਿਆ ਮੌਕੇ ਗੰਗਾ ’ਚ ਇਸ਼ਨਾਨ ਕਰਨ ਦੀ ਸੀ।

ਨਨਕਨ ਦੇ ਵੱਡੇ ਭਰਾ ਮਸ਼ਰੂ ਦੱਸਦੇ ਹਨ, “28 ਜਨਵਰੀ ਦੀ ਰਾਤ ਨੂੰ ਲਗਭਗ 10 ਵਜੇ ਅਸੀਂ ਸੰਗਮ ਵੱਲ ਤੁਰੇ। ਉੱਥੇ ਪਹੁੰਚਣ ’ਚ ਸਾਨੂੰ 2 ਘੰਟੇ ਲੱਗ ਗਏ।”

“ਉਸੇ ਸਮੇਂ ਉੱਥੇ ਮਾਈਕ ’ਤੇ ਐਲਾਨ ਹੋਇਆ- ‘ਅੰਮ੍ਰਿਤ ਬਰਸ ਰਿਹਾ ਹੈ, ਸਾਰੇ ਲੋਕ ਇਸ਼ਨਾਨ ਕਰ ਲਓ’ , ਬਸ ਫਿਰ ਕੀ ਸੀ, ਲੋਕ ਤਾਂ ਪਾਗਲ ਹੀ ਹੋ ਗਏ।”

ਮਸਰੂ ਕਹਿੰਦੇ ਹਨ, “ਭੀੜ ਇੰਨੀ ਹੋ ਗਈ ਕਿ ਅਸੀਂ ਇੱਕ ਵਾਰ ਪਿੱਛੇ ਪਰਤਣ ਬਾਰੇ ਸੋਚਿਆ, ਉਸੇ ਸਮੇਂ ਨਨਕਨ ਡਿੱਗ ਗਏ ਅਤੇ ਭੀੜ ਉਨ੍ਹਾਂ ਨੂੰ ਕੁਚਲਦਿਆਂ ਅੱਗੇ ਵਧ ਗਈ।”

ਉਹ ਦੱਸਦੇ ਹਨ, “ਉੱਥੇ ਹੀ ਲਗਭਗ 30 ਮ੍ਰਿਤਕ ਦੇਹਾਂ ਪਈਆਂ ਸਨ। ਕੁਝ ਔਰਤਾਂ ਦੇ ਸਰੀਰ ’ਤੇ ਤਾਂ ਕੱਪੜੇ ਵੀ ਨਹੀਂ ਸਨ।”

ਨਨਕਨ ਦੀ ਪਤਨੀ ਰਾਮਾ ਦੇਵੀ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਉਹ ਕਹਿੰਦੇ ਹਨ, “ਭੀੜ ਇੰਨੀ ਸੀ ਕਿ ਮੇਰੇ ਕੱਪੜੇ ਤੱਕ ਖੁੱਲ ਗਏ। ਉੱਥੇ ਆਦਮੀ ਨੇ ਹੀ ਆਦਮੀ ਨੂੰ ਮਾਰ ਦਿੱਤਾ।”

ਪਰਿਵਾਰ ਗੰਗਾ ’ਚ ਇਸ਼ਨਾਨ ਕਰ ਪਾਉਂਦਾ ਉਸ ਤੋਂ ਪਹਿਲਾਂ ਹੀ ਸੰਗਮ ਨੋਜ਼ ’ਤੇ ਭਗਦੜ ਮੱਚ ਗਈ। ਕੁਝ ਹੀ ਦੇਰ ’ਚ ਭਗਦੜ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਲੱਗੀਆਂ।

ਇਨ੍ਹਾਂ ਤਸਵੀਰਾਂ ’ਚੋਂ ਇੱਕ ਤਸਵੀਰ ਨਨਕਨ ਦੀ ਵੀ ਸੀ। ਕਈ ਮ੍ਰਿਤਕ ਦੇਹਾਂ ਵਿਚਾਲੇ ਦਮ ਤੋੜ ਚੁੱਕੇ ਨਨਕਨ ਦਾ ਹੱਥ ਉਨ੍ਹਾਂ ਦੇ ਭਾਣਜੇ ਜੋਖੂ ਨੇ ਫੜ੍ਹਿਆ ਹੋਇਆ ਸੀ।

ਉਸ ਤਸਵੀਰ ਨੂੰ ਦੇਖਦਿਆਂ ਜੋਖੂ ਕਹਿੰਦੇ ਹਨ, “ਉਸ ਸਮੇਂ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਚਾਰੇ ਪਾਸੇ ਹਫੜਾ-ਦਫੜੀ ਦਾ ਮਾਹੌਲ ਸੀ।”

ਪਰਿਵਾਰ ਦਾ ਕਹਿਣਾ ਹੈ ਕਿ ਮ੍ਰਿਤਕ ਦੇਹ ਨੂੰ ਘਰ ਲਿਆਉਣ ਲਈ ਹਸਪਤਾਲ ਤੋਂ ਇੱਕ ਐਂਬੂਲੈਂਸ ਦਾ ਪ੍ਰਬੰਧ ਕੀਤਾ ਗਿਆ, ਨਾਲ ਹੀ ਅੰਤਿਮ ਸੰਸਕਾਰ ਕਰਨ ਲਈ ਉੱਥੇ ਮੌਜੂਦ ਪੁਲਿਸ ਅਧਿਕਾਰੀਆਂ ਨੇ 15 ਹਜ਼ਾਰ ਰੁਪਏ ਦਾ ਇੱਕ ਲਿਫਾਫਾ ਵੀ ਦਿੱਤਾ।

ਹੋਰਨਾਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਇਸੇ ਤਰ੍ਹਾਂ ਉਨ੍ਹਾਂ ਨੂੰ ਵੀ ਅੰਤਿਮ ਸਸਕਾਰ ਲਈ 15 ਹਜ਼ਾਰ ਰੁਪਏ ਨਕਦ ਦਿੱਤੇ ਗਏ ਸਨ।

ਨਨਕਨ ਦੇ ਪਰਿਵਾਰ ਨੂੰ ਉੱਤਰ ਪ੍ਰਦੇਸ਼ ਸਰਕਾਰ ਵੱਲੋਂ 25 ਲੱਖ ਰੁਪਏ ਦਾ ਮੁਆਵਜ਼ਾ ਮਿਲਿਆ ਹੈ।

ਰਾਮਾ ਦੇਵੀ ਦੱਸਦੇ ਹਨ ਕਿ ਨਨਕਨ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਬਰਾਬਰ-ਬਰਾਬਰ ਰਕਮ ਮਿਲੀ ਹੈ। ਉਹ ਕਹਿੰਦੇ ਹਨ, “ਮੇਰੇ ਅਤੇ ਬੱਚਿਆਂ ਦੇ ਬੈਂਕ ਖਾਤਿਆਂ ’ਚ 5-5 ਲੱਖ ਰੁਪਏ ਸਰਕਾਰ ਵੱਲੋਂ ਆਏ ਹਨ।”

ਸੰਗਮ ਨੋਜ਼ ’ਤੇ ਵਾਪਰੀ ਇਸ ਘਟਨਾ ’ਚ ਮਰਨ ਵਾਲਿਆਂ ’ਚ ਬੀਬੀਸੀ ਨੂੰ ਚਾਰ ਲੋਕ ਅਜਿਹੇ ਮਿਲੇ ਜੋ ਕਰਨਾਟਕ ਤੋਂ ਆਏ ਸਨ।

ਬੇਲਗਾਮ ਦੇ ਰਹਿਣ ਵਾਲੇ ਕੰਚਨ ਆਪਣੇ ਪਤੀ ਅਰੁਣ ਨਾਰਾਇਣ ਕੋਪਾਰਡੇ (ਉਮਰ 60 ਸਾਲ) ਦੇ ਨਾਲ ਕੁੰਭ ਆਏ ਸਨ।

ਪਰਿਵਾਰ ਦੇ ਨਾਲ ਬੇਲਗਾਮ ਤੋਂ ਹੋਰ ਕਈ ਲੋਕ ਵੀ ਆਏ ਸਨ। ਇਹ ਸਾਰੇ ਇੱਕ ਟ੍ਰੈਵਲ ਏਜੰਸੀ ਜ਼ਰੀਏ ਕੁੰਭ ਇਸ਼ਨਾਨ ਕਰਨ ਲਈ ਆਏ ਸਨ।

ਕੰਚਨ ਦੱਸਦੇ ਹਨ, “ਸਾਡੇ ਉੱਤੇ ਲੋਕ ਡਿੱਗਣ ਲੱਗੇ। ਮੇਰੇ ਪਤੀ ਦੀ ਪਿੱਠ ’ਤੇ ਪੈਰ ਰੱਖ ਕੇ ਲੋਕ ਅੱਗੇ ਵੱਧ ਰਹੇ ਸਨ। ਉਹ ਮਦਦ ਲਈ ਚੀਕ ਰਹੇ ਸਨ, ਪਰ ਕੋਈ ਸੁਣਨ ਵਾਲਾ ਨਹੀਂ ਸੀ।”

“ਕੋਈ ਉਨ੍ਹਾਂ ਦੀ ਗਰਦਨ ਨੂੰ ਜੁੱਤੇ ਨਾਲ ਦਬਾ ਕੇ ਚਲਾ ਗਿਆ ਅਤੇ ਉਨ੍ਹਾਂ ਨੇ ਮੇਰੀ ਛਾਤੀ ’ਤੇ ਹੀ ਆਪਣਾ ਸਿਰ ਛੱਡ ਦਿੱਤਾ (ਦਮ ਤੋੜ ਦਿੱਤਾ)।

ਭਗਦੜ ਵਾਲੀ ਥਾਂ ਤੋਂ ਅਰੁਣ ਦੀ ਮ੍ਰਿਤਕ ਦੇਹ ਨੂੰ ਬਚਾਅ ਟੀਮਾਂ ਹਸਪਤਾਲ ਲੈ ਗਈਆਂ, ਪਰ ਉਨ੍ਹਾਂ ਨੂੰ ਕਿਹੜੇ ਹਸਪਤਾਲ ਲਿਜਾਇਆ ਗਿਆ, ਇਸ ਦੀ ਜਾਣਕਾਰੀ ਕੰਚਨ ਨੂੰ ਨਹੀਂ ਦਿੱਤੀ ਗਈ।

ਕੰਚਨ ਕਹਿੰਦੇ ਹਨ, “ਇੱਕ ਹਸਪਤਾਲ ਤੋਂ ਦੂਜੇ ਹਸਪਤਾਲ ’ਚ ਆਪਣੇ ਪਤੀ ਦੀ ਭਾਲ਼ ’ਚ ਮੈਂ ਲਗਭਗ 35 ਕਿਲੋਮੀਟਰ ਪੈਦਲ ਤੁਰੀ। ਬਾਅਦ ’ਚ ਇੱਕ ਮੁਰਦਾਘਰ ’ਚ ਮੈਨੂੰ ਉਹ ਮਿਲੇ।”

ਕਰਨਾਟਕ ਦੀਆਂ ਬਾਕੀ ਤਿੰਨ ਮ੍ਰਿਤਕ ਦੇਹਾਂ ਦੇ ਨਾਲ ਅਰੁਣ ਦੀ ਮ੍ਰਿਤਕ ਦੇਹ ਨੂੰ ਪਹਿਲਾਂ ਐਂਬੂਲੈਂਸ ਰਾਹੀਂ ਦਿੱਲੀ ਹਵਾਈ ਅੱਡੇ ਭੇਜਿਆ ਗਿਆ। ਇੱਥੋਂ ਸਾਰੀਆਂ ਮ੍ਰਿਤਕ ਦੇਹਾਂ ਨੂੰ ਜਹਾਜ਼ ਰਾਹੀਂ ਕਰਨਾਟਕ ਪਹੁੰਚਾਇਆ ਗਿਆ।

ਕਰਨਾਟਕ ਤੋਂ ਕੁੰਭ ਆਏ ਸਾਰੇ ਮ੍ਰਿਤਕਾਂ ਨੂੰ 25 ਲੱਖ ਰੁਪਏ ਦਾ ਮੁਆਵਜ਼ਾ ਮਿਲ ਗਿਆ ਹੈ। ਮੌਤ ਦੇ ਸਰਟੀਫਿਕੇਟ ਦੇ ਮੁਤਾਬਕ, ਚਾਰਾਂ ਦੀ ਮੌਤ 29 ਜਨਵਰੀ ਨੂੰ ਕੇਂਦਰੀ ਹਸਪਤਾਲ, ਪ੍ਰਯਾਗਰਾਜ, ਮਹਾਕੁੰਭ-2025 ’ਚ ਹੋਈ।

ਉੱਤਰ ਪ੍ਰਦੇਸ਼ ਸਰਕਾਰ ਦੇ ਅਨੁਸਾਰ, ਕੁੰਭ ਭਗਦੜ ’ਚ ਇੱਕ ਮ੍ਰਿਤਕ ਦਾ ਕੋਈ ਵਾਰਸ ਨਹੀਂ ਸੀ, ਇਸ ਲਈ ਉਨ੍ਹਾਂ ਦੇ ਹਿੱਸੇ ਦਾ ਮੁਆਵਜ਼ਾ ਕਿਸੇ ਨੂੰ ਨਹੀਂ ਦਿੱਤਾ ਜਾ ਸਕਿਆ।

ਆਪਣੀ ਜਾਂਚ ’ਚ ਬੀਬੀਸੀ ਨੂੰ ਪਤਾ ਲੱਗਿਆ ਕਿ ਉਹ ਵਿਅਕਤੀ ਭਾਜਪਾ ਦੇ ਸਾਬਕਾ ਜਨਰਲ ਸਕੱਤਰ ਅਤੇ ਰਾਸ਼ਟਰੀ ਸਵੈਮ ਸੇਵਕਸੰਘ ਦੇ ਪ੍ਰਚਾਰਕ ਰਹੇ ਕੇ ਐੱਨ ਗੋਵਿੰਦਾਚਾਰੀਆ ਦੇ ਛੋਟੇ ਭਰਾ ਕੇਐੱਨ ਵਾਸੂਦੇਵਾਚਾਰੀਆ ਸਨ।

ਸੰਗਮ ਨੋਜ਼ ’ਤੇ ਭਗਦੜ ’ਚ ਮਰਨ ਵਾਲੇ ਹੋਰ ਲੋਕਾਂ ਦੀ ਤਰ੍ਹਾਂ ਕੇਐਨ ਵਾਸੂਦੇਵਾਚਾਰੀਆ ਦੇ ਮੌਤ ਪ੍ਰਮਾਣ ਪੱਤਰ ’ਚ ਵੀ ਮੌਤ ਦੀ ਥਾਂ- ਵਾਰਡ ਨੰਬਰ -7, ਫੋਰਟ ਕੈਂਟ, ਪ੍ਰਯਾਗਰਾਜ ਹੈ।

ਫੋਨ ’ਤੇ ਗੱਲਬਾਤ ਦੌਰਾਨ ਕੇਐਨ ਗੋਵਿੰਦਾਚਾਰੀਆ ਨੇ ਦੱਸਿਆ, “ਹਾਂ, ਮੇਰੇ ਛੋਟੇ ਭਰਾ ਸਨ। ਮੈਂ ਉਨ੍ਹਾਂ ਦੀ 13ਵੀਂ ’ਤੇ ਗਿਆ ਸੀ।”

ਅਸੀਂ ਜਦੋਂ ਕੇਐੱਨ ਵਾਸੂਦੇਵਾਚਾਰੀਆ ਦੇ ਘਰ ਪਹੁੰਚੇ ਤਾਂ ਸਾਡੀ ਮੁਲਾਕਾਤ ਕਿਰਨ ਮਿਸ਼ਰਾ ਨਾਲ ਹੋਈ।

ਵਾਸੂਦੇਵਾਚਾਰੀਆ ਦੇ ਨਾਲ ਪਿਛਲੇ ਤਕਰੀਬਨ ਦੋ ਦਹਾਕਿਆਂ ਤੋਂ ਸਹਾਇਕ ਵਜੋਂ ਰਹਿ ਰਹੇ ਕਿਰਨ ਦਾ ਕਹਿਣਾ ਹੈ, “ਉਹ 1990 ਤੋਂ ਵਾਰਾਣਸੀ ਦੇ ਇਸ ਘਰ ’ਚ ਰਹਿ ਰਹੇ ਸਨ। ਮੈਂ ਲਗਭਗ 20 ਸਾਲਾਂ ਤੋਂ ਉਨ੍ਹਾਂ ਦਾ ਧਿਆਨ ਰੱਖ ਰਹੀ ਸੀ। ਉਨ੍ਹਾਂ ਨੇ ਵਿਆਹ ਨਹੀਂ ਕਰਵਾਇਆ ਸੀ। ਉਹ ਇੱਕ ਸੇਵਾਮੁਕਤ ਸਕੂਲ ਪ੍ਰਿੰਸੀਪਲ ਸਨ।”

ਉਨ੍ਹਾਂ ਦੱਸਿਆ, “ਪ੍ਰਯਾਗਰਾਜ ’ਚ ਪਹਿਲਾਂ ਉਨ੍ਹਾਂ ਦੀ ਲਾਸ਼ ਨੂੰ ਲਾਵਾਰਿਸ ਐਲਾਨਿਆ ਗਿਆ ਸੀ। ਬਾਅਦ ’ਚ ਭਾਜਪਾ ਨਾਲ ਸਬੰਧਤ ਇੱਕ ਜਾਣਕਾਰ ਵਿਅਕਤੀ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਪ੍ਰਾਪਤ ਕੀਤੀ ਅਤੇ ਐਂਬੂਲੈਂਸ ਜ਼ਰੀਏ ਦੇਹ ਨੂੰ ਬਨਾਰਸ ਲੈ ਕੇ ਆਏ। ਉਨ੍ਹਾਂ ਦਾ ਅੰਤਿਮ ਸੰਸਕਾਰ ਹਰੀਸ਼ਚੰਦਰ ਘਾਟ ’ਤੇ ਹੋਇਆ।”

ਵਾਰਾਣਸੀ ’ਚ ਕੇਸਰੀਪੁਰ ਸਰਕਲ ਦੇ ਲੇਖਪਾਲ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ ਕਿ “ਸਰਕਾਰੀ ਤਫਤੀਸ਼ ਆਈ ਸੀ, ਮੈਂ ਜਾਂਚ ਕਰਕੇ ਰਿਪੋਰਟ ਦੇ ਦਿੱਤੀ ਸੀ ਕਿ ਉਨ੍ਹਾਂ ਦਾ ਕੋਈ ਵਾਰਸ ਨਹੀਂ ਹੈ।”

ਇਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਨਕਦ ਦਿੱਤੇ ਗਏ

ਹੁਣ ਗੱਲ ਦੂਜੀ ਸ਼੍ਰੇਣੀ ਦੀ।

ਇਸ ਜਾਂਚ ’ਚ ਬੀਬੀਸੀ ਨੂੰ 26 ਅਜਿਹੇ ਪਰਿਵਾਰ ਵੀ ਮਿਲੇ ਜਿਨ੍ਹਾਂ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਉਨ੍ਹਾਂ ਨੂੰ 5 ਲੱਖ ਰੁਪਏ ਨਕਦ ਦਿੱਤੇ ਹਨ।

ਇਸ ’ਚ ਉੱਤਰ ਪ੍ਰਦੇਸ਼ ਦੇ 18, ਬਿਹਾਰ ਦੇ 5, ਪੱਛਮੀ ਬੰਗਾਲ ਦੇ 2 ਅਤੇ ਝਾਰਖੰਡ ਦਾ 1 ਪਰਿਵਾਰ ਸ਼ਾਮਲ ਹੈ।

ਇਨ੍ਹਾਂ ਪਰਿਵਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਆਪਣਿਆਂ ਦੀ ਮੌਤ ਕੁੰਭ ’ਚ ਵੱਖ-ਵੱਖ ਥਾਵਾਂ ’ਤੇ ਹੋਈ ਭਗਦੜ ’ਚ ਹੋਈ ਹੈ। ਇਹ ਪਰਿਵਾਰ ਉਨ੍ਹਾਂ 36 ਪਰਿਵਾਰਾਂ ਨਾਲੋਂ ਵੱਖ ਹਨ, ਜਿਨ੍ਹਾਂ ਨੂੰ ਉੱਤਰ ਪ੍ਰਦੇਸ਼ ਸਰਕਾਰ ਨੇ ਭਗਦੜ ’ਚ ਮਾਰੇ ਗਏ ਲੋਕਾਂ ’ਚ ਗਿਣਦੇ ਹੋਏ 25 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਹੈ।

ਇਨ੍ਹਾਂ ਪਰਿਵਾਰਾਂ ਦਾ ਕਹਿਣਾ ਹੈ ਕਿ ਯੂਪੀ ਪੁਲਿਸ ਨੇ ਘਰ ਆ ਕੇ ਕੁਝ ‘ਕਾਗਜ਼ਾਂ ’ਤੇ ਅੰਗੂਠੇ ਲਗਵਾਏ ਅਤੇ ਦਸਤਖਤ ਵੀ ਕਰਵਾਏ’ ਹਨ। ਇਨ੍ਹਾਂ ਕਾਗਜ਼ਾਂ ’ਚ ਲਿਖਿਆ ਹੈ ਕਿ ‘ਅਚਾਨਕ ਸਿਹਤ ਖਰਾਬ ਹੋਣ ਕਾਰਨ’ ਮੌਤ ਹੋਈ ਹੈ। ਇਸ ਵਿੱਚ ਭਗਦੜ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ ਹੈ।

ਬੀਬੀਸੀ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਲਗਾਏ ਗਏ ਇਨ੍ਹਾਂ ਇਲਜ਼ਾਮਾਂ ਬਾਰੇ ਸਰਕਾਰ ਦਾ ਪੱਖ ਜਾਣਨ ਲਈ ਸੂਬਾ ਪੁਲਿਸ ਅਤੇ ਪ੍ਰਸ਼ਾਸਨ ਦੇ ਕਈ ਅਧਿਕਾਰੀਆਂ ਨਾਲ ਵਾਰ-ਵਾਰ ਗੱਲ ਕਰਨ ਦਾ ਯਤਨ ਕੀਤਾ, ਪਰ ਕਿਸੇ ਵੱਲੋਂ ਕੋਈ ਜਵਾਬ ਨਹੀਂ ਆਇਆ।

ਉੱਤਰ ਪ੍ਰਦੇਸ਼ ਦੇ ਡਾਇਰੈਕਟਰ ਆਫ ਇਨਫੋਰਮੇਸ਼ਨ ਵਿਸ਼ਾਲ ਸਿੰਘ ਅਤੇ ਪ੍ਰਯਾਗਰਾਜ ਦੇ ਜ਼ਿਲ੍ਹਾ ਅਧਿਕਾਰੀ ਰਵਿੰਦਰ ਕੁਮਾਰ ਮਾਂਦੜ ਨਾਲ ਵੀ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਦੇ ਵੱਲੋਂ ਕੋਈ ਜਵਾਬ ਨਹੀਂ ਮਿਲਿਆ।

42 ਸਾਲ ਦੇ ਵਿਨੋਦ ਰੁਈਦਾਸ, ਪੱਛਮੀ ਬੰਗਾਲ ’ਚ ਪੱਛਮੀ ਬਰਧਮਾਨ ਦੇ ਰਹਿਣ ਵਾਲੇ ਸਨ।

ਪਰਿਵਾਰ ਦਾ ਕਹਿਣਾ ਹੈ, “ਯੂਪੀ ਪੁਲਿਸ ਦੇ ਕੁਝ ਲੋਕ ਘਰ ਆ ਕੇ 5 ਲੱਖ ਰੁਪਏ ਦੇ ਕੇ ਗਏ ਹਨ।”

ਵਿਨੋਦ ਦੇ ਸਾਲੇ ਵੀ ਉਨ੍ਹਾਂ ਦੇ ਨਾਲ ਕੁੰਭ ਗਏ ਸਨ। ਉਨ੍ਹਾਂ ਦੱਸਿਆ, “ਅਸੀਂ 27 ਜਨਵਰੀ ਨੂੰ ਘਰੋਂ ਨਿਕਲੇ ਸੀ। ਪਹਿਲਾਂ ਬਨਾਰਸ ਗਏ ਅਤੇ ਫਿਰ ਉੱਥੋਂ ਪ੍ਰਯਾਗਰਾਜ। ਰਾਤ ਨੂੰ ਸੰਗਮ ’ਤੇ ਭਗਦੜ ’ਚ ਮੇਰੇ ਜੀਜਾ ਡਿੱਗ ਗਏ ਅਤੇ ਲੋਕ ਉਨ੍ਹਾਂ ਨੂੰ ਦੱਬਦੇ-ਕੁਚਲਦੇ ਹੋਏ ਅੱਗੇ ਵਧ ਗਏ।”

ਉਹ ਦੱਸਦੇ ਹਨ, “ਅਗਲੇ ਦਿਨ ਮੋਤੀਲਾਲ ਨਹਿਰੂ ਮੈਡੀਕਲ ਕਾਲਜ ਦੇ ਮੁਰਦਾਘਰ ਦੇ ਬਾਹਰ ਲੱਗੇ ਪੋਸਟਰ ’ਚ ਜੀਜਾ ਜੀ ਦੀ ਵੀ ਫੋਟੋ ਸੀ। ਉਨ੍ਹਾਂ ਦੇ ਮੋਢੇ ’ਤੇ ਸੱਟ ਦੇ ਨਿਸ਼ਾਨ ਸਨ। ਉਨ੍ਹਾਂ ਨੇ ਮੁਫ਼ਤ ’ਚ ਇੱਕ ਐਂਬੂਲੈਂਸ ਕਰਕੇ ਦਿੱਤੀ ਸੀ, ਜਿਸ ਰਾਹੀਂ ਮ੍ਰਿਤਕ ਦੇਹ ਨੂੰ ਅਸੀਂ ਘਰ ਲੈ ਕੇ ਆਏ।

ਇਹ ਵੀਡੀਓ ਭਗਦੜ ’ਚ ਮਾਰੇ ਗਏ ਇੱਕ ਵਿਅਕਤੀ ਦੇ ਪਰਿਵਾਰ ਨੇ ਬੀਬੀਸੀ ਨੂੰ ਭੇਜੀ ਹੈ। ਉੱਤਰ ਪ੍ਰਦੇਸ਼ ਤੋਂ ਆਏ ਕੁਝ ਅਫ਼ਸਰ ਪਰਿਵਾਰ ਨੂੰ ਇਹ ਅਖਵਾ ਰਹੇ ਹਨ ਕਿ ਉਨ੍ਹਾਂ ਨੇ 5 ਲੱਖ ਰੁਪਏ ਰਿਸੀਵ ਕੀਤੇ ਹਨ।

ਇਸੇ ਤਰ੍ਹਾਂ ਕੁਝ ਲੋਕ 5 ਲੱਖ ਰੁਪਏ ਲੈ ਕੇ ਬਿਹਾਰ ਦੇ ਗੋਪਾਲਗੰਜ ’ਚ ਤਾਰਾ ਦੇਵੀ ਦੇ ਘਰ ਵੀ ਪਹੁੰਚੇ। ਇਹ ਸਾਰੇ ਲੋਕ ਸਾਦੇ ਕੱਪੜਿਆਂ ’ਚ ਸਨ।

ਪਰਿਵਾਰ ਨੂੰ 5 ਲੱਖ ਰੁਪਏ ਦੇਣ ਤੋਂ ਬਾਅਦ ਬਕਾਇਦਾ ਇਨ੍ਹਾਂ ਲੋਕਾਂ ਨੇ ਇੱਕ ਵੀਡੀਓ ਬਣਾਇਆ। ਇਸ ਵੀਡੀਓ ’ਚ ਮ੍ਰਿਤਕ ਤਾਰਾ ਦੇਵੀ ਦੇ ਪੁੱਤਰ ਧਨੰਜੈ ਕੁਮਾਰ ਇਹ ਕਹਿੰਦੇ ਸੁਣੇ ਜਾ ਸਕਦੇ ਹਨ-

“ਮੈਂ ਧਨੰਜੈ ਕੁਮਾਰ, ਮੇਰੀ ਮਾਤਾ ਤਾਰਾ ਦੇਵੀ, ਅਸੀਂ ਕੁੰਭ ਮੇਲੇ ’ਚ ਇਸ਼ਨਾਨ ਕਰਨ ਲਈ ਗਏ ਸੀ। ਉੱਥੇ ਮੇਰੀ ਮਾਂ ਦਾ ਦੇਹਾਂਤ ਹੋ ਗਿਆ। ਇੱਥੇ ਸਾਹਿਬ ਆਏ ਸਨ। ਯੂਪੀ ਦੇ ਸਾਹਬ ਹਨ। 5 ਲੱਖ ਰੁਪਏ ਸਾਨੂੰ ਦਿੱਤੇ। ਅਸੀਂ ਪ੍ਰਾਪਤ ਕੀਤੇ ਹਨ।”

ਇਸੇ ਤਰ੍ਹਾਂ ਮ੍ਰਿਤਕ ਤਾਰਾ ਦੇਵੀ ਦੇ ਪਤੀ ਵੀ ਵੀਡੀਓ ’ਚ ਆਪਣਾ ਬਿਆਨ ਦਰਜ ਕਰਵਾਉਂਦੇ ਦਿਖਾਈ ਦਿੰਦੇ ਹਨ।

62 ਸਾਲਾ ਤਾਰਾ ਦੇਵੀ ਆਪਣੇ ਪਰਿਵਾਰ ਨਾਲ ਕੁੰਭ ਗਏ ਸਨ। ਉਨ੍ਹਾਂ ਦੇ ਨਾਲ ਇਸ ਯਾਤਰਾ ’ਤੇ ਉਨ੍ਹਾਂ ਦੇ ਗੁਆਂਢਣ ਸੁਰਸੱਤੀ ਦੇਵੀ ਵੀ ਸਨ।

ਧਨੰਜੈ ਗੋਂਡ ਦੱਸਦੇ ਹਨ, “ਭਗਦੜ ਵਾਲੀ ਥਾਂ ’ਤੇ 15-16 ਲਾਸ਼ਾਂ ਪਈਆਂ ਸਨ। ਮੈਂ ਲਾਸ਼ਾਂ ਨੂੰ ਹਟਾਉਣਾ ਸ਼ੁਰੂ ਕੀਤਾ। ਉਸ ’ਚ ਮੇਰੀ ਮੰਮੀ ਅਤੇ ਗੁਆਂਢ ’ਚ ਰਹਿਣ ਵਾਲੇ ਦਾਦੀ ਸੁਰਸੱਤੀ ਦੇਵੀ ਦੀ ਲਾਸ਼ ਪਈ ਸੀ।”

ਪਰਿਵਾਰ ਦੇ ਅਨੁਸਾਰ, ਤਾਰਾ ਦੇਵੀ ਦੀ ਮ੍ਰਿਤਕ ਦੇਹ ’ਤੇ 35 ਨੰਬਰ ਅਤੇ ਸੁਰਸੱਤੀ ਦੇਵੀ ਦੀ ਮ੍ਰਿਤਕ ਦੇਹ ’ਤੇ 46 ਨੰਬਰ ਲਿਖਿਆ ਸੀ।

ਪ੍ਰਯਾਗਰਾਜ ਦੇ ਕਈ ਚੱਕਰ ਲਗਾਉਣ ਤੋਂ ਬਾਅਦ ਮੌਤ ਦਾ ਪ੍ਰਮਾਣ ਪੱਤਰ ਬਣਿਆ, ਜਿਸਦੇ ਅਨੁਸਾਰ ਦੋਵਾਂ ਦੀ ਮੌਤ 29 ਜਨਵਰੀ ਨੂੰ ਸੈਕਟਰ-20, ਕੁੰਭ ਮੇਲਾ ਖੇਤਰ, ਝੂੰਸੀ, ਫੂਲਪੁਰ, ਪ੍ਰਯਾਗਰਾਜ ’ਚ ਹੋਈ।

ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਜੌਨਪੁਰ ’ਚ ਧਰਮਰਾਜ ਰਾਜਭਰ ਦੇ ਪਰਿਵਾਰ ਨੂੰ 10 ਲੱਖ ਰੁਪਏ ਨਕਦ ਦਿੱਤੇ ਗਏ। ਉਨ੍ਹਾਂ ਦੇ ਪਤਨੀ ਰਮਪੱਤੀ ਦੇਵੀ ਅਤੇ ਨੂੰਹ ਰੀਤਾ ਦੇਵੀ ਦੀ ਕੁੰਭ ਭਗਦੜ ’ਚ ਮੌਤ ਹੋ ਗਈ ਸੀ।

ਜਾਂਚ ਦੌਰਾਨ ਬੀਬੀਸੀ ਨੂੰ ਐਰਾਵਤ ਮਾਰਗ ’ਤੇ ਹੋਈ ਭਗਦੜ ਦਾ ਇੱਕ ਵੀਡੀਓ ਮਿਲਿਆ ਹੈ। ਇਸ ਵੀਡੀਓ ’ਚ ਰਾਜਭਰ ਪਰਿਵਾਰ, ਦੋਵੇਂ ਮ੍ਰਿਤਕ ਦੇਹਾਂ ਨੂੰ ਲੈ ਕੇ ਘਟਨਾ ਵਾਲੀ ਥਾਂ ’ਤੇ ਬੈਠਿਆ ਹੋਇਆ ਹੈ।

ਜੌਨਪੁਰ ਦੇ ਆਪਣੇ ਘਰ ’ਚ ਲਿਫਾਫੇ ’ਚ ਨੋਟਾਂ ਦੇ ਬੰਡਲ ਦੀ ਫੋਟੋ ਦਿਖਾਉਂਦੇ ਹੋਏ ਰਾਜਭਰ ਕਹਿੰਦੇ ਹਨ, “ਸਰਕਾਰ ਨੇ 25 ਲੱਖ ਮੁਆਵਜ਼ਾ ਦੇਣ ਦੀ ਗੱਲ ਕਹੀ ਸੀ, ਪਰ ਇਹ ਪੈਸਾ (5 ਲੱਖ) ਪੁਲਿਸ ਵਾਲੇ ਦੇ ਕੇ ਗਏ ਹਨ।”

ਭਗਦੜ ਵਾਲੀ ਰਾਤ ਨੂੰ ਯਾਦ ਕਰਦੇ ਹੋਏ ਉਹ ਦੱਸਦੇ ਹਨ, “ਮੇਰੀ ਪਤਨੀ ਨੇ ਮੈਨੂੰ ਆਵਾਜ਼ ਦਿੱਤੀ ਕਿ ਸੂਰਜ ਦੇ ਪਿਤਾ ਜੀ ਮੈਨੂੰ ਬਚਾਓ, ਪਰ ਮੈਂ ਕੀ ਕਰਦਾ। ਮੈਂ ਖੁਦ ਦਬਦਾ ਚਲਾ ਗਿਆ। ਮੇਰੀ ਪਤਨੀ ਰਾਧੇ-ਰਾਧੇ ਬੋਲ ਰਹੀ ਸੀ, ਪਰ ਹੌਲੀ-ਹੌਲੀ ਉਹ ਸ਼ਾਂਤ ਹੋ ਗਈ।

ਜਾਂਚ ’ਚ ਬੀਬੀਸੀ ਨੂੰ ਸੰਗਮ ਨੋਜ਼ ’ਤੇ ਹੋਈ ਭਗਦੜ ਤੋਂ ਕੁਝ ਘੰਟਿਆਂ ਬਾਅਦ ਮੇਲੇ ਦੇ ਹਸਪਤਾਲ ’ਚ ਬਣਾਇਆ ਗਿਆ ਇੱਕ ਵੀਡੀਓ ਹਾਸਲ ਹੋਇਆ।

ਇਸ ਵੀਡੀਓ ’ਚ ਜ਼ਮੀਨ ’ਤੇ ਰੱਖੀਆਂ 18 ਲਾਸ਼ਾਂ ਦਿਖਾਈ ਦੇ ਰਹੀਆਂ ਹਨ। ਜਾਂਚ ਦੌਰਾਨ 5 ਪਰਿਵਾਰਾਂ ਨੇ ਇਸ ਵੀਡੀਓ ਨੂੰ ਵੇਖ ਕੇ ਆਪਣੇ ਪਰਿਵਾਰਕ ਮੈਂਬਰ ਦੀ ਮ੍ਰਿਤਕ ਦੇਹ ਦੀ ਪਛਾਣ ਕੀਤੀ ਹੈ। ਇਨ੍ਹਾਂ ’ਚੋਂ ਇੱਕ ਮ੍ਰਿਤਕ ਦੇਹ ਝਾਰਖੰਡ ਦੇ ਸ਼ਿਵਰਾਜ ਗੁਪਤਾ ਦੀ ਵੀ ਹੈ।

ਸ਼ਿਵਰਾਜ ਦੇ ਨਾਲ ਹੀ ਹਰਿਆਣਾ ਦੇ ਰਾਮਪਤੀ ਦੇਵੀ, ਪ੍ਰਯਾਗਰਾਜ ਦੇ ਰੀਨਾ ਯਾਦਵ, ਅਸਮ ਦੇ ਨੀਤੀ ਰੰਜਨ ਪਾਲ ਅਤੇ ਜੌਨਪੁਰ ਦੇ ਮਨਿੱਤਰਾ ਦੇਵੀ ਦੀ ਮ੍ਰਿਤਕ ਦੇਹ ਪਈ ਹੈ।

ਉੱਤਰ ਪ੍ਰਦੇਸ਼ ਸਰਕਾਰ ਨੇ ਸ਼ਿਵਰਾਜ ਗੁਪਤਾ ਦੇ ਪਰਿਵਾਰ ਨੂੰ ਛੱਡ ਕੇ ਬਾਕੀ ਚਾਰਾਂ ਪਰਵਾਰਾਂ ਨੂੰ 25 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਹੈ।

ਸ਼ਿਵਰਾਜ ਦੇ ਪੁੱਤਰ ਸ਼ਿਵਮ ਗੁਪਤਾ ਨੇ ਦੱਸਿਆ, “21 ਮਾਰਚ ਨੂੰ ਯੂਪੀ ਪੁਲਿਸ ਦੇ ਇੱਕ ਅਧਿਕਾਰੀ 5 ਲੱਖ ਰੁਪਏ ਨਕਦ ਲੈ ਕੇ ਘਰ ਆਏ ਸਨ।”

5 ਲੱਖ ਰੁਪਏ ਨਕਦ ਪਾਉਣ ਵਾਲੇ ਕੁਝ ਪਰਿਵਾਰਾਂ ਨੇ ਉੱਤਰ ਪ੍ਰਦੇਸ਼ ਪੁਲਿਸ ’ਤੇ ਇਹ ਇਲਜ਼ਾਮ ਆਇਦ ਕੀਤੇ ਹਨ ਕਿ ਉਹ ਪੈਸਿਆਂ ਦੇ ਬਦਲੇ ਅਜਿਹੇ ਕਾਗਜ਼ਾਂ ’ਤੇ ਦਸਤਖਤ ਕਰਵਾ ਰਹੇ ਹਨ, ਜਿਨ੍ਹਾਂ ’ਚ ਮੌਤ ਦਾ ਕਾਰਨ ਸਿਹਤ ਦਾ ਖਰਾਬ ਹੋਣਾ ਦੱਸਿਆ ਗਿਆ ਹੈ।

ਇਸ ’ਚ ਬਿਹਾਰ ਦੇ ਗੋਪਾਲਗੰਜ ਦੇ ਸ਼ਿਵਕਲੀ ਦੇਵੀ ਅਤੇ ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਦੇ ਵੈਜੰਤੀ ਦੇਵੀ ਵਰਗੇ ਲੋਕਾਂ ਦੇ ਪਰਿਵਾਰ ਸ਼ਾਮਲ ਹਨ।

ਇਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਹੈ।

ਅਤੇ ਤੀਜੀ ਸ਼੍ਰੇਣੀ ਉਨ੍ਹਾਂ ਮ੍ਰਿਤਕਾਂ ਦੀ ਹੈ ਜਿਨ੍ਹਾਂ ਨੂੰ ਸਰਕਾਰ ਤੋਂ ਕੁਝ ਵੀ ਪ੍ਰਾਪਤ ਨਹੀਂ ਹੋਇਆ।

ਬੀਬੀਸੀ ਦੀ ਜਾਂਚ ਜਿਵੇਂ-ਜਿਵੇਂ ਅੱਗੇ ਵਧੀ, ਸਾਨੂੰ 19 ਹੋਰ ਅਜਿਹੇ ਪਰਿਵਾਰ ਮਿਲੇ ਜਿਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਮੌਤ ਕੁੰਭ ਭਗਦੜ ਦੌਰਾਨ ਹੋਈ ਸੀ।

ਇਹ ਪਰਿਵਾਰ ਉਨ੍ਹਾਂ 62 ਪਰਿਵਾਰਾਂ ਤੋਂ ਵੱਖਰੇ ਹਨ, ਜਿਨ੍ਹਾਂ ਨੂੰ ਉੱਤਰ ਪ੍ਰਦੇਸ਼ ਸਰਕਾਰ ਵੱਲੋਂ 25 ਲੱਖ ਰੁਪਏ ਦਾ ਮੁਆਵਜ਼ਾ ਜਾਂ ਰਹੱਸਮਈ ਢੰਗ ਨਾਲ 5 ਲੱਖ ਰੁਪਏ ਨਕਦ ਮਿਲੇ ਹਨ।

ਇਨ੍ਹਾਂ 19 ਪਰਿਵਾਰਾਂ ’ਚੋਂ ਇੱਕ ਪਰਿਵਾਰ ਦੇਵਰੀਆ ਦੇ ਵਸਨੀਕ ਸ਼ਿਆਮਲਾਲ ਗੋਂਡ ਦਾ ਹੈ। ਪ੍ਰਯਾਗਰਾਜ ਦੇ ਸਵਰੂਪਰਾਣੀ ਹਸਪਤਾਲ ਤੋਂ ਮਿਲੀ ਪਰਚੀ ’ਤੇ ਲਿਖਿਆ ਹੈ ਕਿ ਉਨ੍ਹਾਂ ਨੂੰ ਮ੍ਰਿਤ ਹਾਲਾਤ ’ਚ 29 ਜਨਵਰੀ ਦੀ ਸਵੇਰੇ 10:02 ’ਤੇ ਲਿਆਂਦਾ ਗਿਆ ਸੀ।

ਸ਼ਿਆਮਲਾਲ ਗੋਂਡ ਦੇ ਪੁੱਤਰ ਭਾਗੀਰਥੀ ਗੋਂਡ ਦੱਸਦੇ ਹਨ, ''ਮੇਰੇ ਪਿਤਾ ਜੀ ਦੀ ਅਣਪਛਾਤਿਆਂ 'ਚ ਸਨ। ਉਨ੍ਹਾਂ ਲੋਕਾਂ ਨੇ ਰਿਕਾਰਡ ਮੈਂਟੇਨ ਰੱਖਣ ਲਈ ਇੱਕ ਫਾਈਲ ਰੱਖੀ ਸੀ। ਜਿਸ ਸਥਿਤੀ ’ਚ ਲਾਸ਼ ਮਿਲੀ ਸੀ, ਉਸੇ ਹਾਲਤ ’ਚ ਫੋਟੋ ਖਿੱਚ ਕੇ ਰਜਿਸਟਰ ’ਚ ਪਾ ਦਿੱਤੀ ਸੀ।''

ਉਹ ਦੱਸਦੇ ਹਨ, “ਫੋਟੋ ਵੇਖ ਕੇ ਉਨ੍ਹਾਂ ਦੀ ਪਛਾਣ ਕਰਨਾ ਮੁਸ਼ਕਲ ਹੋ ਰਿਹਾ ਸੀ। ਡਿੱਗਣ ਕਾਰਨ ਉਨ੍ਹਾਂ ਦਾ ਸਿਰ ਹੇਠਾਂ ਵੱਲ ਚਲਾ ਗਿਆ ਸੀ ਅਤੇ ਛਾਤੀ ਉੱਪਰ ਵੱਲ ਨੂੰ ਆ ਗਈ ਸੀ। ਉਨ੍ਹਾਂ ਦਾ ਸਿਰ ਥੋੜ੍ਹਾ ਘੁੰਮ ਵੀ ਗਿਆ ਸੀ।”

ਭਾਗੀਰਥੀ ਦੱਸਦੇ ਹਨ, “ਉਨ੍ਹਾਂ ਨੇ ਮੈਨੂੰ ਕੁਝ ਵੀ ਲਿਖਤੀ ਨਹੀਂ ਦਿੱਤਾ। ਉਹ ਕਹਿ ਰਹੇ ਸਨ ਕਿ ਲਾਸ਼ ਲੈ ਕੇ ਜਾਓ। ਮੈਂ ਕਿਹਾ ਕਿ ਲਾਸ਼ ਤਾਂ ਮੈਂ ਲੈ ਜਾਵਾਂਗਾ ਪਰ ਤੁਸੀ ਕੋਈ ਕਾਰਵਾਈ ਨਹੀਂ ਕਰ ਰਹੇ ਹੋ, ਨਾ ਹੀ ਕੁਝ ਲਿਖਤੀ ਦੇ ਰਹੇ ਹੋ।”

ਇਸੇ ਤਰ੍ਹਾਂ ਹਰਿਆਣਾ ਦੇ ਫਰੀਦਾਬਾਦ ’ਚ ਮ੍ਰਿਤਕ ਅਮਿਤ ਕੁਮਾਰ ਦੇ ਪਰਿਵਾਰ ਦੀ ਵੀ ਕੋਈ ਪੁੱਛ-ਪੜਤਾਲ ਕਰਨ ਵਾਲਾ ਨਹੀਂ ਹੈ।

34 ਸਾਲਾ ਅਮਿਤ ਕੁਮਾਰ ਭਾਰਤੀ ਫੌਜ ’ਚ ਸੇਵਾ ਨਿਭਾ ਰਹੇ ਸਨ। 25 ਜਨਵਰੀ ਨੂੰ ਚਾਰ ਬੱਚਿਆਂ, ਪਤਨੀ ਅਤੇ ਮਾਂ ਨਾਲ ਉਹ ਘਰੋਂ ਨਿਕਲੇ।

4 ਬੱਚਿਆਂ ’ਚੋਂ ਸਭ ਤੋਂ ਵੱਡੀ ਧੀ 7 ਸਾਲਾਂ ਦੀ ਅਤੇ ਸਭ ਤੋਂ ਛੋਟਾ ਬੇਟਾ 1 ਸਾਲ ਦਾ ਹੈ। ਪਰਿਵਾਰ ਨੇ 27 ਜਨਵਰੀ ਨੂੰ ਬੇਟੇ ਦਾ ਜਨਮਦਿਨ ਕੁੰਭ ’ਚ ਹੀ ਮਨਾਇਆ ਸੀ।

ਅਮਿਤ ਕੁਮਾਰ ਦੇ ਮਾਤਾ ਸਰਿਤਾ ਦੇਵੀ ਦੱਸਦੇ ਹਨ, “28 ਜਨਵਰੀ ਦੀ ਦੁਪਹਿਰ ਨੂੰ ਹੀ ਅਸੀਂ ਸੰਗਮ ਵੱਲ ਰਵਾਨਾ ਹੋ ਗਏ ਸੀ। ਪੈਦਲ ਚੱਲਣ ਕਰਕੇ ਅਮਿਤ ਦੇ ਪੈਰ ਸੁੱਜ ਗਏ ਸਨ। ਜਦੋਂ ਮੇਰਾ ਬੇਟਾ ਭੀੜ ਦੀ ਚਪੇਟ ’ਚ ਆਇਆ ਤਾਂ ਉਹ ਉੱਠ ਹੀ ਨਹੀਂ ਸਕਿਆ।”

ਮਾਂ ਦਾ ਕਹਿਣਾ ਹੈ ਕਿ ਭਗਦੜ ’ਚ ਜ਼ਖਮੀ ਹੋਣ ਤੋਂ ਬਾਅਦ ਉਹ ਇਲਾਜ ਲਈ ਭਟਕਦੇ ਰਹੇ, ਪਰ ਜਦੋਂ ਤੱਕ ਉਹ ਹਸਪਤਾਲ ਪਹੁੰਚੇ, ਉਦੋਂ ਤੱਕ ਉਨ੍ਹਾਂ ਦੇ ਪੁੱਤਰ ਦਾ ਦੇਹਾਂਤ ਹੋ ਗਿਆ ਸੀ।

ਮੋਤੀਲਾਲ ਨਹਿਰੂ ਮੈਡੀਕਲ ਕਾਲਜ ਦੇ ਮੁਰਦਾਘਰ ਤੋਂ ਅਮਿਤ ਕੁਮਾਰ ਦੀ ਮ੍ਰਿਤਕ ਦੇਹ ਨੂੰ ਸਰਕਾਰੀ ਐਂਬੂਲੈਂਸ ਰਾਹੀਂ ਫਰੀਦਾਬਾਦ ਭੇਜਿਆ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ’ਤੇ 59 ਨੰਬਰ ਲਿਖਿਆ ਹੋਇਆ ਸੀ।

ਉਨ੍ਹਾਂ ਦੇ ਮਾਤਾ ਕਹਿੰਦੇ ਹਨ, “ਅਸੀਂ ਮਰ ਜਾਈਏ ਤਾਂ ਸਾਡੀ ਅਰਥੀ ਨੂੰ ਮੋਢਾ ਦੇਣ ਵਾਲਾ ਕੋਈ ਨਹੀਂ ਬਚਿਆ ਹੈ। ਇੱਕ ਸਹਾਰਾ ਸੀ, ਉਹ ਵੀ ਰੱਬ ਨੇ ਲੈ ਲਿਆ। ਬੱਚੇ ਫੋਨ ਲੈ ਕੇ ਮੇਰੇ ਕੋਲ ਆਉਂਦੇ ਹਨ ਕਿ ਪਾਪਾ ਨੂੰ ਫੋਨ ਕਰੋ। ਮੈਂ ਕਹਿੰਦੀ ਹਾਂ ਕਿ ਪਾਪਾ ਬਿਨਾਂ ਫੋਨ ਦੇ ਆਪਣੀ ਨੌਕਰੀ ’ਤੇ ਗਏ ਹਨ।”

ਉਹ ਕਹਿੰਦੇ ਹਨ, “ਸਭ ਤੋਂ ਛੋਟੀ ਬੇਟੀ ਗੇਟ ਮੁਹਰੇ ਬੈਠ ਜਾਂਦੀ ਹੈ ਅਤੇ ਕਹਿੰਦੀ ਹੈ ਕਿ ਸਾਰਿਆਂ ਦੇ ਪਾਪਾ ਆਉਂਦੇ ਹਨ ਪਰ ਮੇਰੇ ਪਾਪਾ ਨਹੀਂ ਆਉਂਦੇ। ਰੱਬ ਨੇ ਸਾਡੇ ਉੱਪਰ ਦੁੱਖਾਂ ਦਾ ਪਹਾੜ ਤੋੜ ਦਿੱਤਾ ਹੈ। ਅਜਿਹਾ ਸੈਲਾਬ ਆਇਆ ਕਿ ਮੇਰਾ ਸਭ ਕੁਝ ਵਹਾ ਕੇ ਲੈ ਗਿਆ।”

ਇਸੇ ਤਰ੍ਹਾਂ ਬਿਹਾਰ ਦੇ ਕੈਮੂਰ ਜ਼ਿਲ੍ਹੇ ਦੇ ਵਸਨੀਕ ਸੁਨੈਨਾ ਦੇਵੀ ਦੀ ਮੌਤ ਵੀ ਕੁੰਭ ’ਚ ਹੋਈ। ਉਨ੍ਹਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮੌਤ ਕੁੰਭ ’ਚ ਝੂੰਸੀ ਵੱਲ ਸਮੁੰਦਰਕੂਪ ਚੌਰਾਹੇ ਦੇ ਕੋਲ ਭਗਦੜ ’ਚ ਹੋਈ।

ਪਰਿਵਾਰ ਕੋਲ ਘਟਨਾ ਵਾਲੀ ਥਾਂ ਦੀ ਇੱਕ ਫੋਟੋ ਵੀ ਹੈ, ਜਿਸ ’ਚ ਸੁਨੈਨਾ ਦੇਵੀ ਦੀ ਮ੍ਰਿਤਕ ਦੇਹ ਭਗਦੜ ਵਾਲੀ ਥਾਂ ’ਤੇ ਪਈ ਹੋਈ ਹੈ।

ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ “ਪੁਲਿਸ ਵਾਲੇ ਕਈ ਵਾਰ ਘਰ 5 ਲੱਖ ਰੁਪਏ ਦੇਣ ਲਈ ਆਏ, ਪਰ ਅਸੀਂ ਲੈਣ ਤੋਂ ਮਨਾ ਕਰ ਦਿੱਤਾ।''

ਤਿੰਨ ਨਹੀਂ ਬਲਕਿ ਚਾਰ ਜਾਨਲੇਵਾ ਭਗਦੜਾਂ ਹੋਈਆਂ

ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਤੋਂ ਬਾਅਦ, ਬੀਬੀਸੀ ਨੂੰ ਪਤਾ ਲੱਗਿਆ ਕਿ ਕੁੰਭ ਖੇਤਰ ’ਚ ਸਿਰਫ ਸੰਗਮ ਨੋਜ਼, ਝੂੰਸੀ ਵੱਲ ਸਮੁੰਦਰਕੂਪ ਚੌਰਾਹਾ ਅਤੇ ਐਰਾਵਤ ਮਾਰਗ ’ਤੇ ਹੀ ਭਗਦੜ ਨਹੀਂ ਮਚੀ ਸੀ।

ਇੱਕ ਹੋਰ ਵੱਡੀ ਭਗਦੜ ਕਲਪਵਰਿਕਸ਼ ਗੇਟ ਨਜ਼ਦੀਕ ਮੁਕਤੀ ਮਾਰਗ ਚੌਰਾਹੇ ’ਤੇ ਸਵੇਰੇ ਲਗਭਗ 8 ਵਜੇ ਹੋਈ ਸੀ।

ਆਪਣੀ ਜਾਂਚ ਦੌਰਾਨ ਬੀਬੀਸੀ ਨੇ ਇੱਥੇ ਮਾਰੇ ਗਏ 5 ਲੋਕਾਂ ਦੀ ਪਛਾਣ ਕੀਤੀ।

ਇਨ੍ਹਾਂ ’ਚ ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੇ ਪੰਨੇ ਲਾਲ ਸਾਹਨੀ ਅਤੇ ਨਗੀਨਾ ਦੇਵੀ, ਸੁਲਤਾਨਪੁਰ ਜ਼ਿਲ੍ਹੇ ਦੇ ਮੀਨਾ ਪਾਂਡੇ, ਹਰਿਆਣਾ ਦੇ ਜੀਂਦ ਜ਼ਿਲ੍ਹੇ ਦੀ ਕ੍ਰਿਸ਼ਨਾ ਦੇਵੀ ਅਤੇ ਬਿਹਾਰ ਦੇ ਔਰੰਗਾਬਾਦ ਦੇ ਸੋਨਮ ਕੁਮਾਰੀ ਸ਼ਾਮਲ ਹਨ।

ਇਨ੍ਹਾਂ ’ਚੋਂ ਕਿਸੇ ਵੀ ਮ੍ਰਿਤਕ ਦੇ ਪਰਿਵਾਰ ਨੂੰ 25 ਲੱਖ ਰੁਪਏ ਮੁਆਵਜ਼ੇ ਦੀ ਰਕਮ ਨਹੀਂ ਮਿਲੀ ਹੈ।

ਪੰਜ ਪਰਿਵਾਰਾਂ ’ਚੋਂ ਸੁਲਤਾਨਪੁਰ ਦੇ ਮੀਨਾ ਪਾਂਡੇ ਅਤੇ ਹਰਿਆਣਾ ਦੇ ਕ੍ਰਿਸ਼ਨਾ ਦੇਵੀ ਨੂੰ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਕੋਈ ਵਿੱਤੀ ਮਦਦ ਨਹੀਂ ਮਿਲੀ ਹੈ।

ਦੂਜੇ ਪਾਸੇ, ਮੁਕਤੀ ਚੌਰਾਹੇ ’ਤੇ ਹੋਈ ਭਗਦੜ ’ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਨਕਦ ਦਿੱਤੇ ਗਏ ਹਨ।

ਕੁੰਭ ਮੇਲੇ ਦੀ ਅਧਿਕਾਰਤ ਵੈੱਬਸਾਈਟ ’ਤੇ ਜਾਣਕਾਰੀ ਦਿੱਤੀ ਗਈ ਹੈ ਕਿ ਮੇਲੇ ਦੇ ਖੇਤਰ ’ਚ ਇੰਟੈਲੀਜੈਂਸ ਤਕਨੀਕ ਨਾਲ ਲੈਸ 2750 ਸੀਸੀਟੀਵੀ ਕੈਮਰੇ ਅਤੇ ਉਨ੍ਹਾਂ ਦੀ ਨਿਗਰਾਨੀ ਕਰਨ ਲਈ 300 ਤੋਂ ਵੀ ਵੱਧ ਮਾਹਰ ਤੈਨਾਤ ਕੀਤੇ ਗਏ ਸਨ।

ਇਸ ਤੋਂ ਇਲਾਵਾ ਸੁਰੱਖਿਆ ਦੇ ਮੱਦੇਨਜ਼ਰ 50 ਹਜ਼ਾਰ ਤੋਂ ਵੱਧ ਜਵਾਨ, ਹਵਾ ’ਚ ਡਰੋਨ ਅਤੇ ਐਮਰਜੈਂਸੀ ਦੀ ਸਥਿਤੀ ਨਾਲ ਨਜਿੱਠਣ ਲਈ ਏਅਰ ਐਂਬੂਲੈਂਸ ਸਮੇਤ 133 ਐਂਬੂਲੈਂਸਾਂ ਤੈਨਾਤ ਕੀਤੀਆਂ ਗਈਆਂ ਸਨ।

ਇਸ ਸਭ ਦੇ ਬਾਵਜੂਦ ਵੀ ਪੀੜਤ ਪਰਿਵਾਰਾਂ ਤੱਕ ਮਦਦ ਨਹੀਂ ਪਹੁੰਚੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਮ੍ਰਿਤਕਾਂ ਦੇਹਾਂ ਨੂੰ ਲੈ ਕੇ ਭਗਦੜ ਵਾਲੀ ਥਾਂ ’ਤੇ ਸ਼ਾਮ ਦੇ 4 ਵਜੇ ਤੱਕ ਬੈਠੇ ਰਹੇ।

ਘਟਨਾ ਵਾਲੀ ਥਾਂ ’ਤੇ ਆਪਣੀ ਗੁਆਂਢਣ ਮੀਨਾ ਪਾਂਡੇ ਦੀ ਮ੍ਰਿਤਕ ਦੇਹ ਕੋਲ ਬੈਠੇ ਰਹੇ ਅਰਚਨਾ ਸਿੰਘ ਕਹਿੰਦੇ ਹਨ, “ਉੱਥੇ 8 ਲਾਸ਼ਾਂ ਪਈਆਂ ਸਨ…ਇੱਕ ਆਦਮੀ ਉੱਥੇ ਸੀ, ਉਸ ਨੇ ਕਿਹਾ ਇਹ ਮਰ ਗਈ ਹੈ ਹੁਣ ਤੁਸੀਂ ਆਪਣੀ ਜਾਨ ਬਚਾਓ।”

ਅਰਚਨਾ ਅਤੇ ਮੀਨਾ ਸੁਲਤਾਨਪੁਰ ਤੋਂ ਇੱਕਠੇ ਮੇਲੇ ’ਚ ਆਏ ਸਨ।

ਅਰਚਨਾ ਕਹਿੰਦੇ ਹਨ, “ਉਹ ਮੰਜ਼ਰ ਦੇਖਣ ਲਾਇਕ ਨਹੀਂ ਸੀ। ਜੇਕਰ ਉੱਥੇ ਕੈਮਰਾ ਲੱਗਿਆ ਹੋਵੇਗਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਉੱਥੇ ਕਿਹੋ ਜਿਹਾ ਦ੍ਰਿਸ਼ ਸੀ। ਲੱਗਿਆ ਤਾਂ ਜ਼ਰੂਰ ਹੋਵੇਗਾ। (ਫੁਟੇਜ) ਦਬਾ ਦਿੱਤੀ ਹੋਵੇਗੀ।”

ਘਟਨਾ ਵਾਲੀ ਥਾਂ ਦੀਆਂ ਤਸਵੀਰਾਂ ਵਿਖਾਉਂਦੇ ਹੋਏ ਅਰਚਨਾ ਕਹਿੰਦੇ ਹਨ, “ਉੱਥੇ ਵੀ ਅਸੀਂ ਬੋਲੇ ਹਾਂ। ਪ੍ਰੈੱਸ ਵਾਲੇ ਆਏ ਸਨ। ਸੜ ਗਈ ਲਾਸ਼, 2 ਵਜੇ ਤੋਂ ਤਾਂ ਬਦਬੂ ਮਾਰਨ ਲੱਗ ਪਈ ਸੀ। ਪੂਰਾ ਦਿਨ ਧੁੱਪ ’ਚ ਲਾਸ਼ ਪਈ ਸੀ।”

“ਤੁਸੀਂ ਆਪ ਹੀ ਸੋਚੋ 8 ਵਜੇ (ਸਵੇਰੇ) ਦੀ ਐਕਸਪਾਇਰ ਹੋਈ, ਤਿੰਨ ਵਜੇ (ਦੁਪਹਿਰ) ਤੱਕ ਉੱਥੇ ਹੀ ਪਈ ਰਹੀ। 29 ਤਾਰੀਖ਼ ਨੂੰ ਲਾਸ਼ ਧੁੱਪ ’ਚ ਪਈ ਸੀ। ਹੈਲੀਕਾਪਟਰ ਵੀ ਆਇਆ ਉੱਪਰੋਂ ਵੇਖਣ ਲਈ। ਲੋਕ ਹੱਥ ਚੁੱਕ ਕੇ ਮਦਦ ਦੀ ਗੁਹਾਰ ਲਗਾ ਰਹੇ ਸਨ, ਪਰ ਹੋਇਆ ਕੁਝ ਨਹੀਂ।”

ਅਰਚਨਾ ਨੇ ਦੱਸਿਆ ਕਿ ਪਰਿਵਾਰ ਜਿਸ ਬੋਲੇਰੋ ਕਾਰ ’ਚ ਕੁੰਭ ਗਿਆ ਸੀ, ਉਸੇ ਦੀ ਮਦਦ ਨਾਲ ਮੀਨਾ ਪਾਂਡੇ ਦੀ ਮ੍ਰਿਤਕ ਦੇਹ ਘਰ ਲਿਆਂਦੀ ਗਈ।

ਮੀਨਾ ਪਾਂਡੇ ਦੇ ਕੋਲ ਹੀ ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ਦੇ ਵਸਨੀਕ ਪੰਨੇਲਾਲ ਸਾਹਨੀ ਅਤੇ ਨਗੀਨਾ ਦੇਵੀ ਦੀ ਵੀ ਲਾਸ਼ ਪਈ ਸੀ।

ਪੰਨੇ ਲਾਲ ਸਾਹਨੀ ਦੇ ਪਤਨੀ ਕੁਸੁਮ ਦੇਵੀ ਕਹਿੰਦੇ ਹਨ, “29 ਦੀ ਸਵੇਰ ਤਕਰੀਬਨ 5 ਵਜੇ ਅਸੀਂ ਇਸ਼ਨਾਨ ਕੀਤਾ। ਲਗਭਗ 8 ਵਜੇ ਭਗਦੜ ’ਚ ਮੇਰੇ ਪਤੀ ਅਤੇ ਨਗੀਨਾ ਦੇਵੀ ਦੀ ਮੌਤ ਹੋ ਗਈ।”

ਉਹ ਕਹਿੰਦੇ ਹਨ, “ਖੱਬੇ ਪਾਸੇ ਮੇਰੇ ਪਤੀ ਅਤੇ ਸੱਜੇ ਪਾਸੇ ਨਗੀਨਾ। ਲੋਕ ਉਨ੍ਹਾਂ ਦੇ ਉੱਤੋਂ ਚੜ੍ਹ ਕੇ ਜਾ ਰਹੇ ਸਨ। ਅਸੀਂ ਉਨ੍ਹਾਂ ਦੀ ਲਾਸ਼ ਲੈ ਕੇ ਸ਼ਾਮ ਦੇ 4 ਵਜੇ ਤੱਕ ਧੁੱਪ ’ਚ ਹੀ ਬੈਠੇ ਰਹੇ। ਉੱਥੇ ਪਾਣੀ ਤੱਕ ਪਿਲਾਉਣ ਵਾਲਾ ਕੋਈ ਨਹੀਂ ਆਇਆ।”

ਕੁਸੁਮ ਅੱਗੇ ਦੱਸਦੇ ਹਨ, “ਚਾਰੇ ਪਾਸੇ 8-9 ਲਾਸ਼ਾਂ ਅਤੇ ਲੋਕਾਂ ਦਾ ਸਮਾਨ ਇੱਧਰ-ਉੱਧਰ ਡਿੱਗਿਆ ਪਿਆ ਸੀ। ਜੁੱਤੇ, ਚੱਪਲਾਂ, ਬੈਗ ਖਿੱਲਰੇ ਪਏ ਸਨ। ਪੂਰੀ ਦੇਹ ’ਤੇ ਸੱਟਾਂ ਦੇ ਨਿਸ਼ਾਨ ਸਨ।”

ਨਗੀਨਾ ਦੇਵੀ ਦੇ ਪੁੱਤਰ ਸਿਕੰਦਰ ਨਿਸ਼ਾਦ ਘਟਨਾ ਵਾਲੀ ਥਾਂ ਦੀ ਤਸਵੀਰ ਦਿਖਾਉਂਦੇ ਹੋਏ ਕਹਿੰਦੇ ਹਨ, “ਵੇਖੋ ਕਿਵੇਂ ਲੋਕ ਮਰੇ ਪਏ ਹਨ। ਉੱਥੇ ਪ੍ਰਸ਼ਾਸਨ ਵੱਲੋਂ ਮਦਦ ਲਈ ਕੋਈ ਨਹੀਂ ਆਇਆ।”

ਉਹ ਕਹਿੰਦੇ ਹਨ, “ਕਲਪਵਰਿਕਸ਼ ਗੇਟ ਦੇ ਕੋਲ ਭਗਦੜ ਮਚੀ ਸੀ। ਮੇਰੀ ਮਾਂ ਦੇ ਮੱਥੇ ’ਤੇ, ਛਾਤੀ ’ਤੇ ਅਤੇ ਹੱਥਾਂ ’ਤੇ ਸੱਟਾਂ ਦੇ ਨਿਸ਼ਾਨ ਸਨ। ਸਾਫ ਦਿਖਾਈ ਦੇ ਰਿਹਾ ਸੀ ਕਿ ਲੋਕ ਉਨ੍ਹਾਂ ਦੇ ਉੱਪਰ ਪੈਰ ਰੱਖ ਕੇ ਨਿਕਲੇ ਹਨ। ਉਨ੍ਹਾਂ ਦੀ ਮ੍ਰਿਤਕ ਦੇਹ ’ਤੇ 62 ਨੰਬਰ ਲਿਖਿਆ ਹੋਇਆ ਸੀ।”

ਜਦਕਿ ਪੰਨੇ ਲਾਲ ਸਾਹਨੀ ਦੀ ਮ੍ਰਿਤਕ ਦੇਹ ’ਤੇ 64 ਨੰਬਰ ਲਿਖਿਆ ਹੋਇਆ ਸੀ।

ਇੱਥੇ ਹੀ ਆਪਣੀ ਧੀ ਸੋਨਮ ਕੁਮਾਰੀ (ਉਮਰ 21 ਸਾਲ) ਦੀ ਮ੍ਰਿਤਕ ਦੇਹ ਲੈ ਕੇ ਬਿਹਾਰ ਦੇ ਔਰੰਗਾਬਾਦ ਦੇ ਰੰਜਨਾ ਕੁਮਾਰੀ ਵੀ ਬੈਠੇ ਸਨ।

ਰੰਜਨਾ ਕੁਮਾਰੀ ਦੱਸਦੇ ਹਨ, “ਮੇਰੀਆਂ ਤਿੰਨ ਧੀਆਂ ਹਨ। ਇੱਕ ਸੋਨਮ ਹਮੇਸ਼ਾ ਲਈ ਚਲੀ ਗਈ ਹੈ। ਅਸੀਂ ਦੋਵੇਂ ਇਸ਼ਨਾਨ ਕਰਨ ਲਈ ਜਾ ਰਹੇ ਸੀ ਕਿ ਅਚਾਨਕ ਪਿੱਛੇ ਤੋਂ ਭੀੜ ਆਈ ਅਤੇ ਅਸੀਂ ਦੋਵੇਂ ਦੱਬੇ ਗਏ।”

ਉਨ੍ਹਾਂ ਨੇ ਦੱਸਿਆ, “ਭੀੜ ’ਚ ਜਦੋਂ ਉਹ ਅੱਗੇ ਚਲੀ ਗਈ ਤਾਂ ਉਸਨੇ ਆਵਾਜ਼ ਲਗਾਈ ਕਿ ਮਾਂ ਜੀ ਬਚਾਓ… ਮੈਂ ਕਿਹਾ ਕਿ ਉੱਥੇ ਹੀ ਖੜ੍ਹੇ ਰਹੋ, ਅੱਗੇ ਨਾ ਵਧਣਾ। ਉਸ ਤੋਂ ਬਾਅਦ ਭਗਦੜ ’ਚ ਅਸੀਂ ਦੋਵੇਂ ਡਿੱਗ ਗਏ।”

“ਮੈਨੂੰ ਇੱਕ ਸੰਤ ਨੇ ਹੱਥ ਫੜ੍ਹ ਕੇ ਬਾਹਰ ਕੱਢਿਆ ਪਰ ਮੇਰੀ ਧੀ ਚੀਕਾਂ ਮਾਰਦੀ ਰਹਿ ਗਈ, ਕਿਸੇ ਨੇ ਉਸ ਨੂੰ ਨਹੀਂ ਬਚਾਇਆ।”

ਉਹ ਦੱਸਦੇ ਹਨ, “ਭਗਦੜ ਸਵੇਰੇ 8 ਵਜੇ ਦੇ ਕਰੀਬ ਹੋਈ ਸੀ। ਮੇਰੀ ਧੀ ਦੀ ਲਾਸ਼ ਹੋਰ ਤਿੰਨ ਲਾਸ਼ਾਂ ਦੇ ਹੇਠਾਂ ਦੱਬੀ ਹੋਈ ਸੀ। ਤਿੰਨੇ ਲਾਸ਼ਾਂ ਨੂੰ ਕਿਸੇ ਤਰ੍ਹਾਂ ਇੱਕ ਪਾਸੇ ਕਰਕੇ ਅਸੀਂ ਸੋਨਮ ਦੀ ਲਾਸ਼ ਨੂੰ ਬਾਹਰ ਕੱਢਿਆ। ਅਸੀਂ ਸ਼ਾਮ 4 ਵਜੇ ਤੱਕ ਉੱਥੇ ਹੀ ਬੈਠੇ ਰਹੇ, ਪਰ ਸਾਡੇ ਤੱਕ ਕੋਈ ਮਦਦ ਨਹੀਂ ਪਹੁੰਚੀ।”

ਇਸੇ ਭਗਦੜ ’ਚ ਆਪਣੀ ਜਾਨ ਗਵਾਉਣ ਵਾਲੇ ਹਰਿਆਣਾ ਦੇ ਰੋਹਤਕ ਦੇ ਕ੍ਰਿਸ਼ਣਾ ਦੇਵੀ ਦੇ ਪਰਿਵਾਰ ਨੂੰ ਵੀ ਕੋਈ ਮਦਦ ਨਹੀ ਮਿਲੀ।

ਕ੍ਰਿਸ਼ਣਾ ਦੇਵੀ ਆਪਣੀ ਨੂੰਹ ਸੁਨੀਤਾ ਦੇਵੀ ਦੇ ਨਾਲ ਕੁੰਭ ਗਏ ਸਨ।

ਸੁਨੀਤਾ ਦੇਵੀ ਕਹਿੰਦੇ ਹਨ, “ਜਿਸ ਪਾਸੇ ਵੱਲ ਅਸੀਂ ਜਾ ਰਹੇ ਸੀ, ਉੱਧਰੋਂ ਹੀ ਭੀੜ ਆਈ ਅਤੇ ਧੱਕਾ-ਮੁੱਕੀ ਹੁੰਦੇ ਹੋਏ ਅਸੀਂ ਡਿੱਗ ਗਏ। ਮੰਮੀ ਸਿੱਧੇ ਡਿੱਗੇ ਅਤੇ ਮੈਂ ਮੁੱਧੇ ਮੂੰਹ ਡਿੱਗੀ। ਮੈਂ ਬਸ ਆਵਾਜ਼ ਲਗਾ ਰਹੀ ਸੀ। ਕੋਈ ਤਾਂ ਸਾਨੂੰ ਬਚਾ ਲਓ।”

ਇਹ ਰਿਪੋਰਟ ਕਿਵੇਂ ਬਣੀ?

ਕੁੰਭ ਭਗਦੜ ’ਤੇ ਮੀਡੀਆ ਰਿਪੋਰਟਾਂ ਦੀ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ ਬੀਬੀਸੀ ਨੂੰ ਕੁਝ ਮ੍ਰਿਤਕਾਂ ਦੇ ਨਾਮ ਮਿਲੇ, ਹਾਲਾਂਕਿ ਸਰਕਾਰ ਨੇ ਕਦੇ ਵੀ ਕਿਸੇ ਮ੍ਰਿਤਕ ਦਾ ਨਾਮ ਜਨਤਕ ਨਹੀਂ ਕੀਤਾ। ਇਨ੍ਹਾਂ ਨਾਵਾਂ ਦੀ ਪੁਸ਼ਟੀ ਕਰਨ ਲਈ ਅਸੀਂ ਜ਼ਮੀਨੀ ਪੱਧਰ ’ਤੇ ਕੰਮ ਕੀਤਾ ਅਤੇ ਉਨ੍ਹਾਂ ਦੇ ਘਰਾਂ ਤੱਕ ਪਹੁੰਚੇ।

ਇਸ ਰਿਪੋਰਟ ਨੂੰ ਤਿਆਰ ਕਰਨ ਤੋਂ ਪਹਿਲਾਂ ਅਸੀਂ ਦੇਸ਼ ਭਰ ’ਚ ਫੈਲੇ 100 ਤੋਂ ਵੀ ਵੱਧ ਪਰਿਵਾਰਾਂ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 29 ਜਨਵਰੀ ਨੂੰ ਮੇਲੇ ਦੇ ਖੇਤਰ ’ਚ ਮਚੀ ਭਗਦੜ ’ਚ ਉਨ੍ਹਾਂ ਦੇ ਰਿਸ਼ਤੇਦਾਰ ਮਾਰੇ ਗਏ। ਆਪਣੇ ਦਾਅਵੇ ਦੇ ਪੱਖ 'ਚ ਉਨ੍ਹਾਂ ਨੇ ਬੀਬੀਸੀ ਨੂੰ ਠੋਸ ਸਬੂਤ ਵੀ ਵਿਖਾਏ ਹਨ।

ਬੀਬੀਸੀ ਨੂੰ ਕੁਝ ਨਾਮ ਸਥਾਨਕ ਪੱਤਰਕਾਰਾਂ ਤੋਂ ਮਿਲੇ, ਜਿਸ ਤੋਂ ਬਾਅਦ ਅਸੀਂ ਉਨ੍ਹਾਂ ਪਰਿਵਾਰਾਂ ਤੱਕ ਪਹੁੰਚ ਕੀਤੀ।

ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਅਜਿਹੀਆਂ ਮੌਤਾਂ ਦੀ ਅਸਲ ਗਿਣਤੀ ਸਾਡੀ ਇਸ ਰਿਪੋਰਟ ਤੋਂ ਕਿਤੇ ਜ਼ਿਆਦਾ ਹੋਵੇ, ਪਰ ਡੂੰਘਾਈ ਨਾਲ ਕੀਤੀ ਜਾਂਚ ਤੋਂ ਬਾਅਦ ਤਿਆਰ ਕੀਤੀ ਗਈ ਇਸ ਰਿਪੋਰਟ ’ਚ ਮਰਨ ਵਾਲਿਆਂ ਦੀ ਗਿਣਤੀ ਅਸੀਂ 82 ਇਸ ਲਈ ਦੱਸ ਰਹੇ ਹਾਂ, ਕਿਉਂਕਿ ਬੀਬੀਸੀ ਕੋਲ ਇੰਨੀਆਂ ਹੀ ਮੌਤਾਂ ਦੀ ਪੁਸ਼ਟੀ ਕਰਨ ਵਾਲੇ ਠੋਸ ਸਬੂਤ ਅਤੇ ਚਸ਼ਮਦੀਦ ਗਵਾਹ ਮੌਜੂਦ ਹਨ।

ਕ੍ਰੈਡਿਟਸ:


ਜਾਂਚ ਅਤੇ ਰਿਪੋਰਟਿੰਗ : ਅਭਿਨਵ ਗੋਇਲ
ਤਸਵੀਰਾਂ : ਦੇਵੇਸ਼ ਚੌਪੜਾ, ਗੈਟੀ
ਪ੍ਰੋਡਕਸ਼ਨ : ਕਾਜ਼ੀ ਜ਼ੈਦ
ਇਲਸਟ੍ਰੇਸ਼ਨ : ਪੁਨੀਤ ਬਰਨਾਲਾ
ਪ੍ਰਕਾਸ਼ਨ ਦੀ ਮਿਤੀ : 10 ਜੂਨ, 2025